Share on Facebook

Main News Page

ਕੜਵਾ-ਚੌਥ

ਗਰਮੀ ਗਈ। ਪਤਝੱੜ ਆ ਗਈ ਸੀ। ਬਾਹਰ ਪੱਤੇ ਉਡਦੇ ਫਿਰਦੇ ਦੇਖ ਬਾਬਾ ਫੌਜਾ ਸਿੰਘ ਵੀ ‘ਤੰਗਲੀ’ ਫੜ ਪੱਤੇ ਹੂੰਝਣ ਡਹਿ ਪਿਆ। ਕੁਦਰਤੀ ਉਸ ਦੀ ਗੁਆਂਢਣ ਬੀਬੀ ਵੀ ਸਫਾਈ ਕਰ ਰਹੀ ਉਸ ਦੀ ਨਜਰੀ ਪਈ। ਮਹਿੰਦੀ ਨਾਲ ਰੰਗੇ ਹੱਥ ਦੇਖ ਬਾਬੇ ਉਸ ਨੂੰ ਪੁੱਛ ਹੀ ਲਿਆ ਕਿ ਬੀਬਾ ਸਗੋਂ ਕਿਤੇ ਵਿਆਹ ਚਲੀਂ? ਮਹਿੰਦੀ ਦਾ ਬੜਾ ਬੁਰਾ ਹਾਲ ਕੀਤਾ ਪਿਆ!

ਨਹੀ ਭਾਅਜੀ! ਅੱਜ ਕਰਵਾ ਚੌਥ ਹੈ ਨਾ। ਸੁਹਾਗਣਾ ਦਾ ਦਿਨ! ਉਸ ਬੜੀ ਖੁਸ਼ ਹੋ ਕੇ ਦੱਸਿਆ।

ਵਾਕਿਆ ਹੀ ਬੜਾ ਖੁਸ਼ੀ ਦਾ ਦਿਨ ਹੈ ਬਈ ਪਰ ਬੀਬਾ ਬੰਦਾ ਤੇਰਾ ਕਿਥੇ ਹੈ ਦਿੱਸਦਾ ਨਹੀ। ਬਾਬੇ ਨੂੰ ਕਹਾਣੀ ਦਾ ਪਤਾ ਸੀ ਉਸ ਜਾਣ ਕੇ ਪੁੱਛਿਆ।

ਇਥੇ ਕਿਤੇ ਧੱਕੇ ਖਾਂਦਾ ਫਿਰਦਾ ਹੋਣਾ, ਕਿਤੇ ਲਫੰਗਿਆ ਨਾਲ ਖਾਕ ਛਾਣਦਾ ਨਸ਼ੇੜੀ ਕਿਸੇ ਥਾਂ ਦਾ!! ੳੁਸ ਦਾ ਨਾਂ ਲੈਂਦਿਆਂ ਜਿਵੇਂ ਉਸ ਦੀ ਮਹਿੰਦੀ ਵਿਚੋਂ ਅੱਗ ਨਿਕਲਨ ਲੱਗ ਪਈ ਹੋਵੇ।

ਬੀਬਾ ਦਾ ਜਵਾਬ ਸੁਣਕੇ ਬਾਬਾ ਕਦੇ ਉਸ ਦੀ ਮਹਿੰਦੀ ਵਲ ਦੇਖਦਾ ਹੈ ਤੇ ਕਦੇ ਉਸ ਦੇ ਸੁਹਾਗਣ ਹੋਣ ਲਈ ਸਿਰ ਦੇ ਚੀਰ ਵਿਚ ਭੁੱਕੇ ਹੋਏ ਸੰਧੂਰ ਵਲ।

ਪਰ ਬੀਬਾ ਤੇਰਾ ‘ਕਰਵਾ ਚੌਥ’ ਕੋਈ ਕਰਾਮਾਤ ਨਹੀ ਕਰਦਾ ਕਿ ਉਸ ਦੀ ਲੰਮੀ ਉਮਰ ਹੋਣ ਲਈ ਉਹ ਸ਼ਰਾਬ ਛੱਡ ਦਏ?

ਪਰ ਕਰਵਾ ਚੌਥ ਦਾ ਸ਼ਰਾਬ ਨਾਲ ਕੀ ਸਬੰਧ? ਬੀਬਾ ਨੂੰ ਜਾਪਿਆ ਬਾਬੇ ਮੈਨੂੰ ਟਿੱਚਰ ਕੀਤੀ।

ਬਾਬੇ ਨੂੰ ਉਸ ਦਾ ਜਵਾਬ ਸੁਣ ਕੇ ਪਿੱਛਲੇ ਸਾਲ ਦੀ ਬੇਸਮਿੰਟ ਵਾਲੀ ਬੀਬੀ ਦਾ ਰੱਖਿਆ ਵਰਤ ਯਾਦ ਆ ਗਿਆ। ਕੋਈ 12 ਕੁ ਵੱਜੇ ਸਨ ਕਿ ਹੇਠੋਂ ਠਾਹ ਠਾਹ ਹੋਣ ਦੀ ਅਵਾਜ ਆਈ। ਚੰਗਾ ਰੌਲਾ ਰੱਪਾ। ਛੋਟੀ ਕੁੜੀ ਦਾ ਚੀਖ-ਚਿਹਾੜਾ ਅੱਲਗ। ਪਟਾਕੇ ਪੈਂਦੇ ਸੁਣ ਬਾਬੇ ਦੀ ਪਤਨੀ ਹੇਠਾਂ ਦੌੜੀ ਗਈ। ਬੰਦਾ ਸਾਹੋ ਸਾਹੀ ਤੇ ਘਰਵਾਲੀ ਦਾ ਸੰਧੂਰ ਜਿਹਾ ਖਿਲਰਿਆ ਫਿਰੇ।

ਗੱਲ ਕੀ ਸੀ। ਵਰਤ ਦੇ ਚੱਕਰ ਵਿਚ ਪਤਨੀ ਤਾਂ ਤੜਕਿਓਂ ਹੀ ਪਰੌਠਿਆਂ ਨਾਲ ਲਿਹੜ ਕੇ ਸੌਂ ਗਈ ਸੀ ਪਰ ਜਦ ਪਤੀ ਉਠਿਆ ਤਾਂ ਚੁਲ੍ਹਾ ਠੰਡਾ। ਉਸ ਅਵਾਜਾਂ ਮਾਰੀਆਂ, ਹਾਲ ਦੁਹਾਈ ਪਾਈ ਕਿ ਟਰੱਕ ਦੇ ਲੰਮੇ ਗੇੜਿਆਂ ਦੀ ਬੇਹੀਆਂ ਖਾ ਖਾ ਬੁਰਾ ਹਾਲ ਹੋਇਆ ਰਹਿੰਦਾ ਅੱਜ ਤਾਂ ਕੋਈ ਤਾਜਾ ਕੁਝ ਹੋ ਜੇ। ਪਰ ਪਤਨੀ ਸਾਹਿਬਾਂ ਤਾਂ ਲਿਹੜੀ ਪਰੌਠਿਆਂ ਦੀ ਪਤੀ ਦੀ ਲੰਮੀ ਉਮਰ ਲਈ ਦੇਹ ਘਰਾੜੇ ਤੇ ਘਰਾੜਾ ਮਾਰ ਰਹੀ ਸੀ। ਉਸ ਦੇ ਪੰਜਾਬੀ ਗਾਇਕਾਂ ਦੇ ਬੇਸੁਰੇ ਗਾਣਿਆਂ ਵਰਗੇ ਘਰਾੜਿਆਂ ਉਸ ਨੂੰ ਚਿਹ ਚ੍ਹਾੜ ਦਿੱਤੀ। ਉਸ ਸੁੱਤੀ ਪਈ ਹੀ ਢਾਹ ਲਈ।ਲੰਮੀ ਉਮਰ ਵਾਲਾ ਸੰਧੂਰ-ਮਹਿੰਦੀ ਸਭ ਉਸ ਖਲਾਰ ਮਾਰੇ।

ਉਹ ਉਂਝ ਹੀ ਖਿਲਰੀ-ਪੁਲਰੀ ਬਾਹਰ ਨੂੰ ਨੱਠ ਤੁਰੀ ਕਿ ਤੇਰੇ ਵਰਗੇ ਕੁੱਤੇ ਬੰਦੇ ਨਾਲ ਮੈਂ ਰਹਿਣਾ ਹੀ ਨਹੀ। ਬਾਬੇ ਦੀ ਪਤਨੀ ਨੇ ਘੇਰ-ਘੱਪ ਕੇ ਉਸ ਨੂੰ ਬੈਠਾਇਆ ਤਾਂ ਪਤੀ ਨੱਠ ਤੁਰਿਆ। ਉਹ ਜਿਉਂ ਨਿਕਲਿਆ ਦੇਰ ਰਾਤ ਘਰ ਆਇਆ। ਪੈਰ ਉਸ ਦੇ ਥਿੜਕ ਰਹੇ ਸਨ, ਮੂੰਹ ਉਸ ਦੇ ਵਿਚੋਂ ਸ਼ਰਾਬ ਦੇ ਫਰਾਟੇ ਆ ਰਹੇ ਸਨ। ਵੱਜਦਾ ਕੰਧਾਂ ‘ਚ ਉਹ ਹਾਲੇ ਤੱਕ ਜ਼ਹਿਰ ਉਗਲ ਰਿਹਾ ਸੀ। ਉਸ ਦੇ ਮੁੜਨ ਤੱਕ ਪਤਨੀ ਉਸ ਦੀ ਕਈ ਵਾਰ ਉਪਰ ਗੇੜਾ ਮਾਰ ਚੁੱਕੀ ਸੀ ਕਿ ਉਸ ਦਾ ਘਰਵਾਲਾ ਨਹੀ ਮੁੜਿਆ। ਨਾ ਉਹ ਫੋਨ ਚੁੱਕਦਾ ਸੀ।

ਹਾਲੇ ਇਕ ਦਿਨ ਪਹਿਲਾਂ ਹੀ ਉਹ ਬਾਬੇ ਦੀ ਪਤਨੀ ਨੂੰ ਦੱਸ ਰਹੀ ਸੀ ਕਿ ਕੱਲ ਨੂੰ ਕਰਵਾ ਚੌਥ ਹੈ ਇਸ ਲਈ ਉਸ ਨੇ 20 ਡਾਲਰ ਦੀ ਮਹਿੰਦੀ ਲਾਈ, 30 ਡਾਲਰ ਦੇ ਵਾਲ ਬਣਾਏ ਅਤੇ 40 ਡਾਲਰ ਵਿਚ ਮੂੰਹ ਬਣਾਇਆ! ਹਾਲੇ ਖਾਣ-ਪੀਣ, ਮੱਠੇ, ਲੱਡੂ, ਫੈਣੀਆਂ ਹੋਰ ਨਿੱਕਸੁਕ ਵੱਖਰਾ। ਪਰ ਅੱਜ ਸਵੇਰੇ ਸਵੇਰ ਹੀ ਕਰਵਾ ਚੌਥ ਉਸਦਾ ‘ਕੜਵੇ-ਚੌਥ’ ਵਿਚ ਬਦਲ ਗਿਆ ਜਦ ਭੁੱਖਾ ਪਤੀ ਉਸ ਉਪਰ ਗਰਜਿਆ। ਉਸ ਦੇ ਬਣਾਏ ਵਾਲ ਅਤੇ ਮੂੰਹ ਪਤੀ ਨੇ ਦੇਖਣ ਤੋਂ ਪਹਿਲ਼ਾਂ ਹੀ ਖਲਾਰ ਦਿੱਤੇ ਸਨ।

ਬਾਬੇ ਉਸ ਨੂੰ ਦੱਸਿਆ ਕਿ ਬੀਬਾ ਤੂੰ ਚੰਗੀ ਉਸ ਦੀ ਲੰਮੀ ਉਮਰ ਕੀਤੀ ਬੰਦਾ ਹੀ ਘਰੋਂ ਦੌੜਾ ਦਿੱਤਾ।ਜੇ ਇੰਝ ਉਮਰ ਲੰਮੀ ਹੁੰਦੀ ਤਾਂ ਪਤਨੀਆਂ ਦੇ ਬੰਦੇ ਮਰਨੇ ਹੀ ਨਹੀ ਸਨ ਧਰਤੀ ਤੋਂ।

ਪਰ ਭਾਅਜੀ ਇੰਨੀ ਦੁਨੀਆਂ ਹੁਣ ਤੱਕ ਰੱਖਦੀ ਰਹੀ ਮੂਰਖ ਥੋੜੋਂ ਸੀ?

ਮੂਰਖ ਕਿਸੇ ਦੇ ਮੂੰਹ ਤੇ ਥੋੜੋਂ ਲਿਖ ਹੋ ਜਾਂਦਾ ਕੰਮਾ ਤੋਂ ਹੀ ਪਤਾ ਚਲਦਾ। ਪਰ ਚਲ ਅਪਣੇ ਬਾਬਾ ਜੀ ਨੂੰ ਹੀ ਪੁੱਛ ਲੈਂਦਾ ਹਾਂ।

ਕੀ ਕਹਿੰਦੇ ਨੇ ਬਾਬਾ ਜੀ?

ਬਾਬਾ ਜੀ ਕਹਿੰਦੇ, ‘ਅੰਨ ਛੋਡਿ ਕਰੇ ਪਖੰਡ, ਨ ਉਹ ਸੁਹਾਗਣ, ਨ ਉਹ ਰੰਡ॥ ਹੁਣ ਬੀਬਾ ਤੂੰ ਦੱਸਦੇ ਤੁੰ ਅੰਨ ਛੱਡ ਕੇ ਕੀ ਬਣੀ? ਸੁਹਾਗਣ ਜਾਂ ਰੰਡੀ? ਕੁਝ ਵੀ ਨਹੀ! ਤਾਂ ਫਿਰ ਕੀ?

ਉਸ ਨੂੰ ਕੋਈ ਜਵਾਬ ਨਾ ਆਇਆ ਉਹ ਡੋਰ ਵਿੱਚਦੀ ਬਾਹਰ ਚੜ੍ਹੇ ਹੋਏ ਚੰਦ ਵਲ ਦੇਖਣ ਲੱਗ ਪਈ ਜਿਸ ਨੂੰ ਦੇਖ ਕੇ ਉਸ ਨੇ ਵਰਤ ਤੋੜਨਾ ਸੀ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top