Share on Facebook

Main News Page

ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ? ਬੇਦੀ ਬਾਬੇ!!

ਗੁਰਬਾਣੀ ਦੀ ਪੰਕਤੀ, “ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥” ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦਾ ਦੂਸਰਾ ਪੁਤਰ ਬਾਬਾ ਲਖਮੀ ਦਾਸ ਵੀ ਨਾ ਤਾਂ ਪਿਤਾ ਦਾ ਆਗਿਆਕਾਰੀ ਸੀ, ਅਤੇ ਨਾ ਹੀ ਉਸ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਫਲਸਫੇ (ਸਿੱਖੀ) ਨੂੰ ਅਪਨਾਇਆ। ਇਸ ਦੇ ਬਾਰੇ ਇਕ ਕਹਾਣੀ ਬਣੀ ਹੋਈ ਹੈ, ਕਿ ਇਹ ਸ਼ਿਕਾਰ ਖੇਡਦਾ ਸੀ, ਅਤੇ ਇਸ ਦੇ ਵੱਡੇ ਭਰਾ ਬਾਬਾ ਸਿਰੀ ਚੰਦ ਡੇਰਾ ਬਾਬਾ ਨਾਨਕ ਦੇ ਜੰਗਲਾ ਵਿੱਚ ਤੱਪ ਕਰਦੇ ਸਨ। ਉਨ੍ਹਾਂ ਜੰਗਲਾਂ ਵਿੱਚ ਕਈ ਖਤਰਨਾਕ ਜਾਨਵਰ ਸਨ, ਜਿਨ੍ਹਾਂ ਕਾਰਨ ਬਾਬਾ ਸਿਰੀ ਚੰਦ ਦੀ ਭਗਤੀ ਵਿੱਚ ਵਿਘਨ ਪੈਂਦਾ ਸੀ, ਨਾਲੇ ਕਈ ਵਾਰੀ ਇਹ ਜਾਨਵਰ ਲੋਕਾਂ ਦੀਆਂ ਫਸਲਾਂ ਆਦਿ ਉਜਾੜ ਜਾਂਦੇ ਸਨ। ਇਕ ਵਾਰੀ ਬਾਬਾ ਸਿਰੀ ਚੰਦ ਨੇ ਲਖਮੀਂ ਦਾਸ ਨੂੰ ਆਖਿਆ, ਕਿ ਤੂੰ ਲੋਕਾਂ ਦੀ ਭਲਾਈ ਵਾਸਤੇ ਇਨ੍ਹਾਂ ਜਾਨਵਰਾਂ ਨੂੰ ਮਾਰ ਦੇ, ਹਿੰਦੂ ਧਰਮ ਸ਼ਾਸਤਰ ਵੀ ਲੋਕਾਂ ਦੀ ਭਲਾਈ ਲਈ ਐਸਾ ਕਰਨ ਦੀ ਇਜਾਜ਼ਤ ਦੇਂਦੇ ਹਨ। ਇਸ ਨੇ ਜਦ ਉਨ੍ਹਾਂ ਜਾਨਵਰਾਂ ਨੂੰ ਮਾਰਿਆ, ਨਾਲ ਕਈ ਛੋਟੀ ਉਮਰ ਦੇ ਜਾਨਵਰਾਂ ਨੂੰ ਵੀ ਮਾਰ ਦਿੱਤਾ।

ਇਸ ਦੇ ਭਰਾ ਬਾਬਾ ਸਿਰੀ ਚੰਦ ਨੇ ਇਸ ਨੂੰ ਆਖਿਆ ਕਿ ਇਨ੍ਹਾਂ ਛੋਟੀ ਉਮਰ ਦੇ ਜਾਨਵਰਾਂ ਨੂੰ ਮਾਰ ਕੇ ਤੂੰ ਵੱਡਾ ਪਾਪ ਕੀਤਾ ਹੈ, ਤੈਨੂੰ ਅਕਾਲ-ਪੁਰਖ ਦੀ ਦਰਗਾਹ ਵਿੱਚ ਆਪਣੇ ਇਨ੍ਹਾਂ ਕਰਮਾਂ ਦਾ ਲੇਖਾ ਦੇਣਾ ਪਵੇਗਾ। ਇਸ ਤੇ ਇਹ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਪਤਨੀ ਧਨਵੰਤੀ ਅਤੇ ਛੋਟੇ ਜਿਹੇ ਪੁੱਤਰ ਧਰਮ ਚੰਦ ਨੂੰ ਨਾਲ ਲੈ ਕੇ, ਘੋੜੇ ਤੇ ਚੜ੍ਹਕੇ ਪਰਿਵਾਰ ਸਮੇਤ, ਉਸੇ ਵੇਲੇ ਲੇਖਾ ਦੇਣ ਲਈ ਸੱਚਖੰਡ ਨੂੰ ਤੁਰ ਪਿਆ। ਜਦੋਂ ਇਹ ਅਕਾਸ਼ ਵਿੱਚ ਉਡਿਆ ਜਾ ਰਿਹਾ ਸੀ ਤਾਂ ਬਾਬਾ ਸਿਰੀ ਚੰਦ ਨੇ ਆਖਿਆ, ਕਿ ਪੁੱਤਰ ਦਾ ਤਾਂ ਕੋਈ ਕਸੂਰ ਨਹੀਂ, ਉਸ ਨੂੰ ਕਿਉਂ ਨਾਲ ਲਿਜਾ ਰਿਹਾ ਹੈ। ਨਾਲੇ ਜੇ ਪੁੱਤਰ ਨੂੰ ਵੀ ਨਾਲ ਲੈ ਗਿਆ ਤਾਂ ਅੱਗੋਂ ਪਿਤਾ ਗੁਰੂ ਨਾਨਕ ਸਾਹਿਬ ਦੀ ਬੰਸ ਕਿਵੇਂ ਚਲੇਗੀ? ਉਸ ਨੇ ਜਾਦੂਈ ਤਰੀਕੇ ਨਾਲ ਬਾਂਹ ਲੰਬੀ ਕਰਕੇ ਅਕਾਸ਼ ਵਿੱਚ ਉੱਡੇ ਜਾਂਦੇ ਲਖਮੀ ਦਾਸ ਦੀ ਪਤਨੀ ਤੋਂ ਪੁੱਤਰ ਧਰਮ ਚੰਦ ਖੋਹ ਲਿਆ।

ਬਾਲਕ ਕਿਉਂ ਕਿ ਛੋਟਾ ਜਿਹਾ ਸੀ, ਉਸ ਨੂੰ ਮਾਂ ਦੇ ਦੁੱਧ ਦੀ ਲੋੜ ਸੀ, ਬਾਬਾ ਸਿਰੀ ਚੰਦ ਨੇ ਆਪਣੇ ਪੈਰ ਦੇ ਅੰਗੂਠੇ ਵਿਚੋਂ ਦੁੱਧ ਚੁੰਘਾ ਕੇ ਉਸ ਨੂੰ ਪਾਲਿਆ। ਇਹ ਅਤੇ ਐਸੀਆਂ ਹੋਰ ਕਈ ਕਰਾਮਾਤੀ ਕਹਾਣੀਆਂ ਬਾਬਾ ਸਿਰੀ ਚੰਦ ਅਤੇ ਲਖਮੀ ਦਾਸ ਦੀਆਂ ਕਰਾਮਾਤਾਂ ਵਿਖਾ ਕੇ, ਉਨ੍ਹਾਂ ਦੀ ਵਡਿਆਈ ਬਨਾਉਣ ਵਾਸਤੇ ਘੜੀਆਂ ਜਾਪਦੀਆਂ ਹਨ। ਅੱਜ ਉਸ ਪੁਤਰ ਧਰਮ ਚੰਦ ਦੀਆ ਅਗਲੀਆਂ ਪੁਸ਼ਤਾਂ ਦੱਸ ਕੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ ਬੰਸ ਕਹਿਕੇ, ਇਨ੍ਹਾਂ ਬੇਦੀਆਂ ਦੇ ਨਾਂ ਤੇ ਕਈ ਸੰਤ ਬਾਬੇ ਬਣੀ ਬੈਠੇ ਹਨ ਅਤੇ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਜਾਂ ਹੋਰ ਕਿਸੇ ਗੁਰੂ ਸਹਿਬਾਨ ਨੇ ਆਪ ਆਪਣੇ ਜੀਵਨ ਕਾਲ ਵਿੱਚ ਕੋਈ ਕਰਾਮਾਤ ਨਹੀਂ ਵਿਖਾਈ, ਇਹ ਕਹਾਣੀ ਸਤਿਗੁਰੂ ਦੇ ਆਪਣੇ ਸਥਾਪਤ ਕੀਤੇ ਗੁਰਮਤਿ ਸਿਧਾਂਤਾਂ ਦੇ ਉਲਟ ਹੈ। ਗੁਰਬਾਣੀ ਦਾ ਫੁਰਮਾਣ ਹੈ:

ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥2॥” {ਪੰਨਾ 650}

ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ ! "ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ"-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ ।2।

ਇਨ੍ਹਾਂ ਦੇ ਸੁਆਰਥ ਸਾਂਝੇ ਹੋਣ ਕਾਰਨ, ਉਦਾਸੀ ਅਤੇ ਬੇਦੀ ਬਾਬੇ ਨਾਲ ਨਾਲ ਚਲਦੇ ਰਹੇ। ਬੇਦੀਆਂ ਦੇ ਪ੍ਰਮੁਖ ਡੇਰੇ ਊਨਾਂ ਵਿੱਖੇ ਅਜ ਵੀ ਬਾਬਾ ਸਿਰੀ ਚੰਦ ਦੀ ਫੋਟੋ(ਪੇਂਟਿੰਗ) ਲੱਗੀ ਹੋਈ ਹੈ। ਇਨ੍ਹਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਨੂੰ ਹੀ ਗੁਰਗੱਦੀ ਨਹੀਂ ਸੀ ਦਿੱਤੀ, ਬਲਕਿ ਤਿੰਨ ਗੱਦੀਆਂ ਦਿੱਤੀਆਂ ਸਨ, ਬਾਬਾ ਸਿਰੀ ਚੰਦ ਨੂੰ ਸਾਧੂ ਰੂਪ ਉਦਾਸੀ ਦੀ, ਬਾਬਾ ਲਖਮੀ ਦਾਸ ਨੂੰ ਸੇਲੀ ਟੋਪੀ ਦੇ ਕੇ ਗ੍ਰਿਹਸਤੀ ਦੀ ਅਤੇ ਗੁਰੂ ਅੰਗਦ ਪਾਤਿਸ਼ਾਹ ਨੂੰ ਸਿੱਖ ਸੰਗਤ ਦੀ। ਇਹ ਕਹਾਣੀਆਂ ਸਿੱਖ ਕੌਮ ਵਿੱਚ ਵੱਡੇ ਭੁਲੇਖੇ ਪਾਕੇ, ਕੇਵਲ ਆਪਣੀਆਂ ਗੱਦੀਆਂ ਨੂੰ ਮਾਨਤਾ ਦਿਵਾਉਣ ਲਈ ਘੜੀਆਂ ਗਈਆਂ ਹਨ। ਇਨ੍ਹਾਂ ਬੇਦੀਆਂ ਦੇ ਇਕ ਵਡੇਰੇ ਜੀਤ ਸਿੰਘ ਨੇ ਅਠ੍ਹਾਂਰਵੀਂ ਸਦੀ ਦੇ ਮੱਧ ਤੋਂ ਬਾਅਦ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਆਪਣੇ ਨਾਂ ਨਾਲ ਸਿੰਘ ਸ਼ਬਦ ਜੋੜਿਆ। ਇਸੇ ਦਾ ਪੁੱਤਰ ਸਾਹਿਬ ਸਿੰਘ ਬੇਦੀ ਸੀ। ਉਸ ਸਮੇਂ ਦੇ ਸਿੱਖ ਰਜਵਾੜੇ ਸਾਹਿਬ ਸਿੰਘ ਬੇਦੀ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਵਿੱਚੋਂ ਹੀ ਇਕ ਰਾਜਾ ਉਮੇਧ ਸਿੰਘ ਨੇ ਇਸ ਨੂੰ ਊਨੇ ਵਿੱਚ ਵੱਡੀ ਜਗੀਰ ਦਿੱਤੀ। ਇਥੇ ਊਨੇ ਵਿੱਚ ਹੀ ਹੁਣ ਇਨ੍ਹਾਂ ਦਾ ਸਭ ਤੋਂ ਵੱਡਾ ਡੇਰਾ ਹੈ।

ਕਿਹਾ ਜਾਂਦਾ ਹੈ ਕਿ 1801 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜ ਐਲਾਨਿਆ ਤਾਂ ਉਸ ਵੇਲੇ ਮਹਾਰਾਜੇ ਨੂੰ ਗੱਦੀ ਦਾ ਤਿਲਕ ਦੇਣ ਵਾਲੇ ਬ੍ਰਾਹਮਣਾ ਦੀ ਅਗਵਾਈ ਇਸੇ ਸਾਹਿਬ ਸਿੰਘ ਨੇ ਕੀਤੀ, ਜਿਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਊਨਾਂ ਦੇ 78 ਪਿੰਡਾਂ ਦੀ ਜਗੀਰ ਇਸ ਨੂੰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਤਾਂ ਸਾਹਿਬ ਸਿੰਘ ਬੇਦੀ ਨੇ ਆਪਣੇ ਆਪ ਨੂੰ ਗੁਰੂ ਦੇ ਤੌਰ ਤੇ ਹੀ ਸਥਾਪਤ ਕਰ ਲਿਆ ਸੀ। ਅਸਲ ਵਿੱਚ ਇਨ੍ਹਾਂ ਰਾਜਿਆਂ, ਮਹਾਰਾਜਿਆਂ ਨੂੰ ਨਾ ਤਾਂ ਧਰਮ ਦੀ ਕੋਈ ਜਾਨਕਾਰੀ ਸੀ ਅਤੇ ਨਾਹੀ ਸਿੱਖੀ ਦੀ ਸੋਝੀ। ਇਨ੍ਹਾਂ ਦਾ ਆਪਣੀ ਜਨਤਾ ਨੂੰ ਧਰਮੀ ਦਿੱਖਣ ਦਾ ਇਹੀ ਸਾਧਨ ਸੀ, ਜਾਂ ਐਸੇ ਲੋਕਾਂ ਦੇ ਸਤਿਕਾਰ ਦਾ ਵਿਖਾਵਾ ਕਰਨਾ ਜਾਂ ਗੁਰਦੁਆਰਿਆਂ ਨੂੰ ਦਾਨ ਦੇਣਾ, ਇਮਾਰਤਾਂ ਬਨਵਾਉਣੀਆਂ, ਸੋਨੇ ਦੇ ਕਲਸ਼ ਆਦਿ ਚੜਾਉਣੇ। ਇਸ ਤੋਂ ਬਾਅਦ ਇਸ ਦਾ ਪੁੱਤਰ ਬਿਕਰਮ ਸਿੰਘ ਤੇ ਅਗੋਂ ਉਸ ਦਾ ਪੁੱਤਰ ਖੇਮ ਸਿੰਘ ਬੇਦੀ ਆਪਣਾ ਗੁਰੂਡੰਮ ਚਲਾਉਂਦੇ ਰਹੇ। ਇਸ ਖੇਮ ਸਿੰਘ ਬੇਦੀ ਨੇ, ਸਿੰਘ ਸਭਾ ਲਹਿਰ ਸਮੇਂ ਸਿੱਖਾਂ ਨੂੰ ਹਿੰਦੂ ਧਰਮ ਦੇ ਗਲਬੇ ਵਿੱਚ ਹੀ ਗਲਤਾਨ ਕਰਣ ਲਈ, ‘ਹਮ ਹਿੰਦੂ ਹੈ’ ਵਰਗੀ ਗੈਰ ਸਿਧਾਂਤਕ ਅਤੇ ਪੰਥ ਮਾਰੂ ਕਿਤਾਬ ਲਿਖਵਾਈ, ਜਿਸ ਦੇ ਜੁਆਬ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ,‘ਹਮ ਹਿੰਦੂ ਨਹੀਂ’ ਕਿਤਾਬ ਲਿੱਖ ਕੇ ਢੁਕਵਾਂ ਜੁਆਬ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਨੇ ਇਸ ਗੁਰੂਡੰਮ ਨੂੰ ਕਾਫੀ ਠੱਲ ਪਾਈ।

ਇਸ ਤਰ੍ਹਾਂ ਸਿੱਖ ਕੌਮ ਵਿੱਚ ਸੰਪਰਦਾਈ ਡੇਰਾਵਾਦ ਦੀ ਸ਼ੁਰੂਆਤ ਇਨ੍ਹਾਂ ਉਦਾਸੀਆਂ ਅਤੇ ਬੇਦੀ ਬਾਬਿਆਂ ਨੇ ਕੀਤੀ। ਉਦਾਸੀਆਂ ਨੂੰ ਬਾਬਾ ਸਿਰੀ ਚੰਦ ਦੇ ਨਾਂ ਤੇ ਅਤੇ ਬੇਦੀਆਂ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਦੇ ਨਾਂ ਤੇ ਸਿੱਖਾਂ ਵਲੋਂ ਬਹੁਤ ਮਾਨਤਾ ਅਤੇ ਸਤਿਕਾਰ ਮਿਲਦਾ ਰਿਹਾ ਹੈ, ਪਰ ਸੁਆਲ ਤਾਂ ਇਹ ਹੈ ਕਿ ਜਦ ਇਨ੍ਹਾਂ ਪੁੱਤਰਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਮਤਿ ਫਲਸਫੇ ਨੂੰ ਹੀ ਨਹੀਂ ਅਪਣਾਇਆਂ ਅਤੇ ਸਤਿਗੁਰੂ ਨੇ ਇਨ੍ਹਾਂ ਨੂੰ ਸਿੱਖੀ ਤੋਂ ਹੀ ਬੇਦਖਲ ਕਰ ਦਿੱਤਾ ਤਾਂ ਅੰਸ ਬੰਸ ਦੀ ਗੱਲ ਹੀ ਕਿੱਥੇ ਰਹਿ ਗਈ? ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਪਾਤਿਸ਼ਾਹ ਨੂੰ ਗੁਰਗੱਦੀ ਦੇ ਕੇ ਇਹ ਸਪਸ਼ਟ ਕਰ ਦਿੱਤਾ ਕਿ ਸਤਿਗੁਰੂ ਦੇ ਅੰਸ-ਬੰਸ ਤਾਂ ਉਹ ਹਨ, ਜੋ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਂਦੇ ਹਨ। ਅੱਜ ਵੀ ਜੇ ਕੋਈ ਨਿਰੋਲ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ, ਆਪਣੀਆਂ ਅਲੱਗ ਮਰਿਯਾਦਾ ਤਿਆਗ ਕੇ, ਇਕ ਗੁਰਸਿੱਖ ਦੇ ਤੌਰ ਤੇ ਖਾਲਸਾ ਪੰਥ ਦਾ ਅੰਗ ਬਣ ਕੇ ਚਲਨਾ ਚਾਹੇ ਤਾਂ ਉਸਨੂੰ ਇਕ ਗੁਰਸਿੱਖ ਦੇ ਤੌਰ ਤੇ ਪ੍ਰਵਾਨ ਕਰ ਲੈਣਾ ਚੰਗੀ ਗੱਲ ਹੈ, ਪਰ ਕਿਸੇ ਵਿਅਕਤੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਸਮਝ ਕੇ ਗੁਰੂ ਜਾਂ ਸੰਤ ਮਹੰਤ ਆਦਿ ਦਾ ਵਿਸ਼ੇਸ਼ ਸਤਿਕਾਰ ਦੇ ਕੇ ਦੇਹਧਾਰੀ ਗੁਰੂਡੰਮ ਨੂੰ ਪ੍ਰਫੁਲਤ ਕਰਨਾ, ਮੂਲੋਂ ਗੈਰ ਸਿਧਾਂਤਕ ਹੈ ਅਤੇ ਪੰਥ ਲਈ ਘਾਤਕ ਹੈ।

ਇਕ ਕਮਾਲ ਇਨ੍ਹਾਂ ਦੋਹਾਂ ਨੇ ਕੀਤੀ ਹੈ, ਕਿ ਆਪੂ ਬਣਾਏ ਝੂਠੇ ਇਤਿਹਾਸ ਅਤੇ ਕਰਾਮਾਤਾਂ ਦੀਆਂ ਝੂਠੀਆਂ ਫੋਟੋਆਂ ਬਣਾ ਕੇ, ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਛਪਾ ਕੇ ਘਰ ਘਰ ਪਹੁੰਚਾ ਦਿੱਤਾ ਹੈ, ਜਿਸ ਨਾਲ ਕਈ ਭੋਲੇ-ਭਾਲੇ ਲੋਕਾਂ ਨੂੰ ਪੂਰਾ ਝੂਠ ਵੀ ਸੱਚ ਜਾਪਣ ਲੱਗ ਪੈਂਦਾ ਹੈ। ਬਿਲਕੁਲ ਉਂਝ, ਜਿਵੇਂ ਹਿੰਦੂਆਂ ਨੇ ਆਪਣੇ ਫਰਜ਼ੀ ਦੇਵੀ ਦੇਵਤਿਆਂ ਨੂੰ ਫੋਟੋਆਂ, ਮੂਰਤੀਆਂ ਅਤੇ ਫਿਲਮਾਂ ਰਾਹੀਂ ਦੁਨੀਆਂ ਵਿੱਚ ਪ੍ਰਵਾਨ ਕਰਾ ਲਿਆ ਹੈ। ਅਨਜਾਨ ਸਿੱਖ ਫੋਟੋਆਂ ਤੋਂ ਹੀ ਭੁਲੇਖੇ ਖਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਬਹੁਤੀ ਮਾਨਤਾ ਜਾਂ ਤਾਂ ਭੋਲੇ ਭਾਲੇ, ਗੁਰਮਤਿ ਸਿਧਾਤਾਂ ਤੋਂ ਅੰਜਾਨ ਸਿੱਖ ਦੇਂਦੇ ਆਏ ਹਨ ਅਤੇ ਜਾਂ ਆਪਣੇ ਰਾਜਨੀਤਿਕ ਸੁਆਰਥਾਂ ਲਈ ਸਿਆਸੀ ਆਗੂ ਦੇਂਦੇ ਆਏ ਹਨ ਅਤੇ ਅੱਜ ਵੀ ਦੇਂਦੇ ਹਨ। ਜੇ ਸਿੱਖੀ ਦੇ ਨਿਰਮਲ ਸਰੂਪ ਨੂੰ ਬਚਾ ਕੇ ਰਖਣਾ ਹੈ ਤਾਂ ਐਸੇ ਲੋਕਾਂ ਦੀਆਂ ਗੱਦੀ ਦਾਰੀਆਂ ਨੂੰ ਪੂਰਨ ਰੂਪ ਵਿੱਚ ਰੱਦ ਕਰਨਾ ਜ਼ਰੂਰੀ ਹੈ।

ਰਾਜਿੰਦਰ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top