ਬੀਤੇ
ਕਈ ਦਹਾਕਿਆਂ ਤੋਂ ਇਹ ਚਰਚਾ ਸੁਣੀਂਦੀ ਚਲੀ ਆ ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ
ਹੈ ਪਰ ਉਸਨੂੰ ਸੰਭਾਲਿਆ ਨਹੀਂ। ਮੰਨਿਆ ਜਾਂਦਾ ਹੈ ਕਿ ਸਿੱਖਾਂ ਦਾ ਮੁਢਲਾ ਇਤਿਹਾਸ ਗ਼ੈਰ-ਸਿੱਖਾਂ
ਵਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨਿਜ ਸੁਆਰਥ ਦੇ ਵਹਿਣ ਵਿੱਚ ਵਹਿ, ਸਿੱਖ ਇਤਿਹਾਸ ਨਾਲ ਇਨਸਾਫ
ਨਹੀਂ ਕੀਤਾ। ਉਨ੍ਹਾਂ ਨਿਜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨਾਲ ਕਈ ਅਜਿਹੀਆਂ ਘਟਨਾਵਾਂ ਜੋੜ
ਦਿੱਤੀਆਂ ਜੋ ਨਾ ਤਾਂ ਸਿੱਖ ਮਾਨਸਿਕਤਾ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਕਸੌਟੀ ਪੁਰ
ਪੂਰੀਆਂ ਉਤਰਦੀਆਂ ਹਨ। ਜਿਸ ਕਾਰਣ ਸਦਾ ਹੀ ਇਹ ਲੋੜ ਮਹਿਸੂਸ ਕੀਤੀ ਜਾਂਦੀ ਚਲੀ ਆਈ ਕਿ ਸਿੱਖ
ਇਤਿਹਾਸ ਮੁੜ ਕੇ ਲਿਖਵਾਇਆ ਜਾਏ।
ਸਿੱਖ ਇਤਿਹਾਸ ਵਿਗਾੜਨ ਦੀ ਗਲ: ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ
ਗ਼ੈਰ-ਸਿੱਖਾਂ ਨੇ ਹੀ ਸਮੇਂ ਦੇ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਆਪਣੀ ਸੁਆਰਥ-ਪੂਰਣ ਸੋਚ ਦੇ
ਆਧਾਰ ਤੇ ਵਿਗਾੜਿਆ ਹੈ। ਪ੍ਰੰਤੂ ਜੇ ਨਿਰਪਖਤਾ ਨਾਲ ਵਿਚਾਰਿਆ ਅਤੇ ਘੋਖਿਆ ਜਾਏ ਤਾਂ ਇਹ ਕੇਵਲ
ਅਧੂਰੀ ਸੱਚਾਈ ਹੀ ਨਜ਼ਰ ਆਇਗੀ। ਇਸਦਾ ਕਾਰਣ ਇਹ ਹੈ ਕਿ ਜੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ
ਦੇ ਲਿਖੇ ਸਿੱਖ ਇਤਿਹਾਸ ਦੀ ਵੀ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ
ਆਉਂਦੀ ਹੈ ਕਿ ਉਨ੍ਹਾਂ ਵਿਚੋਂ ਵੀ ਕਈਆਂ ਨੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ
ਹੋਈ।
ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵਲੋਂ ਸਿੱਖ ਇਤਿਹਾਸ ਇਸ
ਕਾਰਣ ਵਿਗਾੜਿਆ ਚਲਿਆ ਆ ਰਿਹਾ ਹੈ, ਕਿਉਂਕਿ ਉਹ ਆਪਣੇ-ਆਪਨੂੰ ਸਿੱਖ ਇਤਿਹਾਸ ਦੇ ਸਭ ਤੋਂ ਵੱਧ
ਖੋਜੀ ਤੇ ਜਾਣਕਾਰ ਸਾਬਤ ਕਰਨ ਦੀ ਲਾਲਸਾ ਤੋਂ ਮੁਕੱਤ ਹੋਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਦਾ
ਇਕੋ-ਇੱਕ ਉਦੇਸ਼ ਇਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਵਿਰੋਧੀ ਵਿਦਵਾਨ ਜਾਂ ਦੂਸਰੇ ਇਤਿਹਾਸਕਾਰ
ਨੂੰ ਆਪਣੇ ਨਾਲੋਂ ‘ਘਟੀਆ’ ਵਿਦਵਾਨ ਸਾਬਤ ਕਰ ਸਕਣ? ਕਈ ਤਾਂ ਆਪਣੇ ਆਸ-ਪਾਸ ਚਲ ਰਹੀ ਲਹਿਰ ਦੇ
ਪ੍ਰਭਾਵ ਹੇਠ ਆ ਨਾ ਕੇਵਲ ਸਿੱਖ ਇਤਿਹਾਸ ਨੂੰ, ਸਗੋਂ ਸਿੱਖ ਦਰਸ਼ਨ (ਫਿਲਾਸਫੀ) ਤੱਕ ਨੂੰ ਵੀ
ਵਿਗਾੜ ਅਤੇ ਇਸ ਰੂਪ ਵਿੱਚ ਢਾਲਕੇ ਪੇਸ਼ ਕਰਦੇ ਚਲੇ ਆ ਰਹੇ ਹਨ, ਕਿ ਉਸਦਾ ਮੂਲ ਸਿੱਖ ਫਿਲਾਸਫੀ
ਨਾਲ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਰਹਿ ਜਾਂਦਾ।
ਇਸ ਸੰਬੰਧ ਵਿੱਚ ਕਿਸੇ ਇੱਕ ਵਿਦਵਾਨ ਜਾਂ ਇਤਿਹਾਸਕਾਰ ਦਾ ਹਵਾਲਾ ਦੇਣਾ ਠੀਕ ਨਹੀਂ ਹੋਵੇਗਾ। ਜੇ
ਵੱਖ-ਵੱਖ ਦੋ-ਚਾਰ ਸਿੱਖ ਇਤਿਹਾਸਕਾਰਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਲਈਆਂ ਜਾਣ ਤਾਂ ਸਥਿਤੀ
ਆਪਣੇ-ਆਪ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਜੇ ਪੁਸਤਕਾਂ ਪੜ੍ਹਨ ਦੀ ਜ਼ਹਿਮਤ ਤੋਂ ਬਚਿਆ ਰਹਿਣਾ
ਹੈ ਤਾਂ ਸਮੇਂ-ਸਮੇਂ ਰੋਜ਼ਾਨਾਂ, ਸਪਤਾਹਿਕ, ਮਾਸਿਕ ਆਦਿ ਅਖਬਾਰਾਂ-ਮੈਗਜ਼ੀਨਾਂ ਦੇ ਧਾਰਮਕ-ਇਤਿਹਾਸਕ
ਐਡੀਸ਼ਨਾਂ ਅਤੇ ਪੰਨਿਆਂ ਆਦਿ ਵਿੱਚ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਛੱਪੇ ਮਜ਼ਮੂਨ ਪੜ੍ਹ ਕੇ
ਹੀ ਨਿਰਣਾ ਕੀਤਾ ਜਾ ਸਕਦਾ ਹੈ।
ਕੁਝ ਸਮਾਂ ਹੋਇਐ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਮੌਕੇ ਇੱਕ ਮਾਸਿਕ ਦਾ ਵਿਸ਼ੇਸ਼ ਅੰਕ ਪੜ੍ਹਨ
ਦਾ ਅਵਸਰ ਮਿਲਿਆ। ਇਸ ਵਿੱਚ ਛੱਪੇ ਇੱਕ ਲੇਖ ਦੇ ਵਿਦਵਾਨ ਲੇਖਕ ਨੇ ਲਿਖਿਆ ਸੀ ਕਿ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਲਈ ਵਰਤਾਏ ਕੌਤਕ ਸਮੇਂ ਬਕਰੇ ਝਟਕਾਏ ਸਨ, ਜਦਕਿ ਇੱਕ
ਹੋਰ ਵਿਦਵਾਨ ਨੇ ਆਪਣੇ ਲੇਖ ਵਿੱਚ ਇਹ ‘ਭੇਦ’ ਖੋਲ੍ਹਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ
ਰਚਾਏ ਕੌਤਕ ਵਿੱਚ ਪਾਸ ਹੋਏ ਸਿੱਖਾਂ ਦੇ ਸਿਰਾਂ ਨੂੰ ਲਾਹ ਕੇ ਇੱਕ-ਦੂਜੇ ਦੇ ਧੜ ਨਾਲ ਬਦਲ ਕੇ
ਜੋੜ ਦਿੱਤਾ ਅਤੇ ਉਨ੍ਹਾਂ ਵਿੱਚ ਨਵਾਂ ਜੀਵਨ ਫੂਕਿਆ ਸੀ।
ਜ਼ਰਾ-ਕੁ ਇਨ੍ਹਾਂ ਵਿਦਵਾਨਾਂ ਵਲੋਂ ਦਿੱਤੀ ਗਈ ‘ਜਾਣਕਾਰੀ’ ਨੂੰ ਘੋਖਿਆ ਜਾਏ ਤਾਂ ਇਉਂ ਜਾਪੇਗਾ
ਜਿਵੇਂ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖਾਲਸਾ ਸਿਰਜਨਾ’ ਦੇ ਉਦੇਸ਼ ਨਾਲ ਵਰਤਾਏ ਗਏ
ਕੌਤਕ ਦੇ ਮੌਕੇ ਦੇ ਚਸ਼ਮਦੀਦ ਗੁਆਹ ਵਜੋਂ ਉਥੇ ਮੌਜੂਦ ਸਨ, ਉਸ ਸਮੇਂ ਜੋ ਕੁਝ ਵਾਪਰਿਆ ਉਹ ਸਭ
ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ। ਜਦਕਿ ਇਸਦੇ ਵਿਰੁਧ ਸਿੱਖ ਇਤਿਹਾਸ ਗੁਆਹ ਹੈ ਕਿ
ਸੰਗਤਾਂ ਦੇ ਸਾਹਮਣੇ ਹੋਈ ਪ੍ਰੀਖਿਆ ਦੌਰਾਨ ਸੀਸ-ਭੇਂਟ ਕਰਨ ਲਈ ਨਿਤਰੇ ਪੰਜਾਂ ਸਿੱਖਾਂ ਨੂੰ ਗੁਰੂ
ਸਾਹਿਬ ਪਰਦੇ ਪਿੱਛੇ ਲੈ ਗਏ ਸਨ। ਪਰਦੇ ਪਿੱਛੇ ਪੰਜਾਂ ਪਿਆਰਿਆਂ ਦੇ ਨਵੇਂ ਸਰੂਪ ਵਿੱਚ ਬਾਹਰ ਆਉਣ
ਤੱਕ, ਜੋ ਕੁਝ ਵੀ ਵਾਪਰਿਆ ਉਸ ਬਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ
ਕਿਸੇ ਨੂੰ ਕੁਝ ਵੀ ਪਤਾ ਨਹੀਂ ਲਗਾ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਤੇ ਕਦੀ ਵੀ ਕਿਸੇ ਸਾਹਮਣੇ
ਇਹ ਖੁਲਾਸਾ ਸੀ ਨਹੀਂ ਕੀਤਾ ਕਿ ਪਰਦੇ ਪਿੱਛੇ ਉਨ੍ਹਾਂ ਨਾਲ ਕੀ ਬੀਤੀ ਸੀ? ਫਿਰ ਵੀ ਪਤਾ ਨਹੀਂ
ਕਿਉਂ ਇਹ ਵਿਦਵਾਨ ਇਤਿਹਾਸਕਾਰ ਮੌਕੇ ਦੇ ਹੀ ਨਹੀਂ, ਸਗੋਂ ਚਸ਼ਮਦੀਦ ਗੁਆਹ ਬਣਨ ਦੀ ਕੌਸ਼ਿਸ਼ ਕਰਦਿਆਂ
ਨਵੀਆਂ ਤੋਂ ਨਵੀਆਂ ਕਹਾਣੀਆਂ ਘੜ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ?
ਇਸੇ ਤਰ੍ਹਾਂ ਇਸੇ ਮਾਸਿਕ ਵਿੱਚ ਛੱਪੇ ਇੱਕ ਹੋਰ ਮਜ਼ਮੂਨ ਵਿੱਚ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੁ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ‘ਤੀਸਰ ਪੰਥ’ ਚਲਾਉਣ ਦਾ
ਸੰਕਲਪ ਕੀਤਾ ਅਤੇ ਉਸੇ ਸੰਕਲਪ ਦੀ ਪੂਰਤੀ ਉਨ੍ਹਾਂ ਖਾਲਸਾ ਦੇ ਰੂਪ ਵਿੱਚ ‘ਸੰਤ ਸਿਪਾਹੀ’ ਦੀ
ਸਿਰਜਨਾ ਕਰ ਕੇ ਕੀਤੀ। ਇਹ ਪੜ੍ਹਨ ਤੋਂ ਇਉਂ ਜਾਪਿਆ ਜਿਵੇਂ ਇਹ ਵਿਦਵਾਨ-ਇਤਿਹਾਸਕਾਰ ਸ੍ਰੀ ਗੁਰੂ
ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਣ
ਵਿੱਚ ਬਾਕੀ ਗੁਰੂ ਸਾਹਿਬਾਨ ਵਲੋਂ ਪਾਏ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਹਾਦਤਾਂ, ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਹਮਲਿਆਂ ਦੇ
ਦਿੱਤੇ ਗਏ ਮੂੰਹ-ਤੋੜ ਜਵਾਬ ਆਦਿ ਦੇ ਕਾਰਜਾਂ ਨੂੰ ਕੋਈ ਮਹਤਵ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ
ਨੂੰ ਖਾਲਸਾ (ਸੰਤ-ਸਿਪਾਹੀ) ਸਿਰਜਨਾਂ ਦੇ ਕਾਰਜ ਦੀ ਸੰਪੂਰਨਤਾ ਦੀ ਕੜੀ ਦਾ ਅੰਗ ਹੀ ਸਵੀਕਾਰ ਕਰਦੇ
ਹਨ। ਉਹ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਖਾਲਸਾ ਸਿਰਜਣਾ ਦਾ ਸੰਕਲਪ ਕੇਵਲ ਚਵ੍ਹੀ ਵਰ੍ਹਿਆਂ
ਵਿੱਚ ਹੀ ਸੰਪੂਰਣ ਨਹੀਂ ਹੋਇਆ। ਅਸਲ ਵਿੱਚ ਇਸਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਿਆ
ਸੀ, ਜਿਸਨੂੰ ਦੂਸਰੇ ਗੁਰੂ ਸਾਹਿਬਾਨ ਨੇ ਆਪਣੇ ਕਾਰਜਾਂ ਤੇ ਕੁਰਬਾਨੀਆਂ ਰਾਹੀਂ ਸੰਪੂਰਨਤਾ ਤੱਕ
ਪਹੁੰਚਾਣ ਵਿੱਚ ਆਪਣੀ ਭੂਮਿਕਾ ਨਿਭਾਹੀ।
ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਵੀ ਉਦਾਹਰਣਾਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ
ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਵੀ ਆਪਣੀ ਸੌੜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨੂੰ
ਵਿਗਾੜਨ ਤੇ ਉਸਦੀ ਸੱਚਾਈ ਪ੍ਰਤੀ ਸ਼ੰਕਾਵਾਂ ਪੈਦਾ ਕਰਨ ਵਿੱਚ ਦੂਸਰਿਆਂ ਨਾਲੋਂ ਕੋਈ ਘਟ ਭੂਮਿਕਾ
ਅਦਾ ਨਹੀਂ ਕੀਤੀ।
ਸਿੱਖ ਇਤਿਹਾਸ ਦੇ ਪੁਨਰ ਲੇਖਨ ਦੀ ਸੋਚ: ਦਸਿਆ ਜਾਂਦਾ ਹੈ ਕਿ ਕੁਝ ਹੀ ਸਮਾਂ ਪਹਿਲਾਂ ਇਹ ਸੁਣਨ
ਵਿੱਚ ਆਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਸਹਿਤ ਕੁਝ ਹੋਰ ਸਿੱਖ ਸੰਸਥਾਵਾਂ ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ‘ਸਿੱਖ
ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾਉਣ ਪ੍ਰਤੀ ਪਹਿਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਉਦੇਸ਼ ਨਾਲ,
ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ‘ਹਾਇਰ’ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਲਖਾਂ
ਰੁਪਏ ਪੇਸ਼ਗੀ ਵਜੋਂ ਅਦਾ ਕਰ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿਮੇਂਦਾਰੀ ਸੌਂਪਣੀ ਵੀ
ਸ਼ੁਰੂ ਕਰ ਦਿੱਤੀ ਹੈ।
ਜਦੋਂ ਇਹ ਗਲ ਸੁਣਨ ਵਿੱਚ ਆਈ ਉਸੇ ਸਮੇਂ ਕਈ ਸਿੱਖ ਵਿਦਵਾਨਾਂ ਵਲੋਂ ਇਹ ਸੁਆਲ ਉਠਾਇਆ ਜਾਣ ਲਗਾ
ਕਿ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ
ਸੌਂਪੀ ਜਾ ਰਹੀ ਹੈ, ਕੀ ਉਸਦੇ ਸੰਬੰਧ ਵਿੱਚ ਗਰੰਟੀ ਪ੍ਰਾਪਤ ਕਰ ਲਈ ਗਈ ਹੈ ਕਿ ਉਹ ਸਿੱਖ ਇਤਿਹਾਸ
ਨਾਲ ਇਨਸਾਫ ਕਰੇਗਾ ਅਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਕੀ ਉਹ ਸੱਚਮੁੱਚ ਵਿਸ਼ਵਾਸਪਾਤ੍ਰ
ਵਿਦਵਾਨ ਹੈ ਕਿ ਜਿਤਨੀ ਕੀਮਤ ਉਹ ਆਪਣੀ ਰਚਨਾ ਲਈ ਪੇਸ਼ਗੀ ਵਜੋਂ ਵਸੂਲ ਕਰ ਰਿਹਾ ਹੈ, ਉਤਨੇ ਮੁਲ
ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ
ਰਕਮ ਉਹ ਵਾਪਸ ਕਰ ਦੇਵੇਗਾ?
ਸੁਆਲ ਉਠਾਣ ਵਾਲੇ ਵਿਦਵਾਨਾਂ ਦਾ ਮਤ ਸੀ ਕਿ ਇਹ ਗਲ ਤਾਂ ਕਸੌਟੀ ਤੇ ਪੂਰੀ ਉਤਰਦੀ ਹੈ ਕਿ ਸਿੱਖਾਂ
ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਪੁਰੀ ਸੱਚਾਈ ਹੈ ਕਿ ਵਧੇਰੇ ਕਰ ਅਰੰਭਕ
ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ਤੇ ਲਿਖਿਆ
ਗਿਆ। ਦੂਸਰੇ ਪਾਸੇ ਇਸ ਸੱਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ
ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਵੀ ਆਪਣੇ ਤੋਂ ਪਹਿਲਾਂ ਲਿਖੇ
ਇਤਹਿਾਸ ਦਾ ਹੀ ਸਹਾਰਾ ਲਿਆ ਅਤੇ ਉਸਦੇ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ
ਇਲਾਵਾ ਉਹ ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਜਿਸਦਾ ਨਤੀਜਾ ਇਹ ਹੋਇਆ ਕਿ
ਸਿੱਖ ਇਤਿਹਾਸ ਮੁੱਢ ਤੋਂ ਹੀ ਆਪਣੀ ਸੱਚਾਈ ਦਾ ਆਧਾਰ ਗੁਆਉਂਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਲਿਖਵਾ ਰਹੀਆਂ
ਹਨ, ਉਨ੍ਹਾਂ ਸ਼ਾਇਦ ਇਹ ਗਲ ਸਵੀਕਾਰ ਕਰ ਲਈ ਹੋਈ ਹੈ ਕਿ ਜਿਸ ਵਿਦਵਾਨ ਪਾਸੋਂ ਉਹ ਇਹ ਇਤਿਹਾਸ
ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ ਅਤੇ ਇਤਿਹਾਸਕ ਸੱਚਾਈ ਨੂੰ ਹੀ
ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਨੂੰ ਸ਼ੰਕਾ ਹੈ ਕਿ ਇਹ ਵਿਦਵਾਨ ਸ਼ਾਇਦ ਸਿੱਖ
ਇਤਿਹਾਸ ਨਾਲ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਲਗਭਗ ਸਾਰੇ ਹੀ ਵਿਦਵਾਨ,
ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਤ
ਹਨ। ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿਦਵਾਨਾਂ ਵਲੋਂ ਲਿਖਿਆ
ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸ ਤੋਂ ਉਹ ਪ੍ਰੇਰਿਤ ਹਨ।
ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ
ਤੋਂ ਲਿਖਵਾਉਣ ਅਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼
ਲਈ ਕਠੋਰ ਨੀਤੀ ਅਪਣਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ
ਠੀਕ ਤਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ
ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।
ਪਹਿਲੀ ਟੀਮ ਉਹ ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ
ਕਰ ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਗਏ ਕੰਮ ਦੀ ਜਾਂਚ-ਪੜਤਾਲ ਕਰ ਲਿਖੇ
ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ
ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਤਿੰਨਾਂ ਪੜਾਵਾਂ ਤੋਂ ਪਾਰ ਹੋਣ ਤੋਂ
ਬਾਅਦ ਹੀ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।
…ਅਤੇ ਅੰਤ ਵਿੱਚ : ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ
ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ ਹਨ, ਜਿਨ੍ਹਾਂ
ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ
ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ
ਦੀ ਬਜਾਏ ਆਪਣੇ-ਆਪਨੂੰ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜ ਪੰਥ ਵਿੱਚ ਨਵਾਂ
ਭੰਬਲਭੂਸਾ ਪੈਦਾ ਕਰ ਦਿੱਤਾ ਹੈ।