Share on Facebook

Main News Page

ਕੀ ਸਿਮਰਨਜੀਤ ਸਿੰਘ ਮਾਨ, ਸਪੋਕਸਮੈਨ ਦਾ ਸੌਦਾ ਸੰਪਾਦਕ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਸੱਚਮੁੱਚ ਹੀ ਬਾਦਲ ਵਿਰੋਧੀ ਹਨ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣੇ ਹੋਈਆਂ ਚੋਣਾਂ ਵਿੱਚ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋ:ਗੁ:ਪ੍ਰ: ਕਮੇਟੀ ਉੱਪਰ ਪਹਿਲਾਂ ਨਾਲੋਂ ਵੀ ਮਜਬੂਤ ਕਬਜਾ ਕਰਕੇ ਆਪਣੀ ਤਾਕਤ ਵਿਖਾ ਦਿੱਤੀ ਹੈ ।

ਇਹਨਾਂ ਚੋਣਾਂ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਸ਼੍ਰੋ:ਗੁ:ਪ੍ਰ:ਕਮੇਟੀ ਵਿੱਚ ਸਿੱਖਾਂ ਕੋਲ ਅੱਜ ਤੱਕ ਬਾਦਲ ਦਾ ਬਦਲ ਨਹੀਂ ਹੈ । ਪਰ ਸ੍ਰ: ਸਿਮਰਨਜੀਤ ਸਿੰਘ ਮਾਨ ਅਤੇ ਰੋਜਾਨਾ ਸਪੋਕਸਮੈਨ ਦੇ ਸੰਪਾਦਕ ਜੋ ਆਪਣੇ ਆਪ ਨੂੰ ਬਾਦਲ ਵਿਰੋਧੀ ਹੋਣ ਦਾ ਢੰਡੋਰਾ ਪਿਟਦੇ ਨਹੀਂ ਥਕਦੇ ਦਾ ਇਨ੍ਹਾਂ ਚੋਣਾਂ ਵਿੱਚ ਕੀ ਰੋਲ ਰਿਹਾ ਹੈ, ਇਸ ਸਬੰਧੀ ਜੋ ਵਿਚਾਰ ਮੇਰੇ ਮਨ ਵਿੱਚ ਆਏ ਉਹਨਾਂ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਮਾਨ ਦਲ ਦੇ ਵਰਕਰਾਂ ਅਤੇ ਸਪੋਕਸਮੈਨ ਦੇ ਪਾਠਕਾਂ ਨੂੰ ਮੇਰੇ ਇਹ ਵਿਚਾਰ ਪੜ੍ਹ ਕੇ ਗੁੱਸਾ ਵੀ ਆਵੇਗਾ । ਇਸ ਲਈ ਉਨ੍ਹਾਂ ਤੋਂ ਮੈਂ ਪਹਿਲਾਂ ਹੀ ਖਿਮਾ ਮੰਗਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਮੇਰੇ ਇਹਨਾਂ ਵਿਚਾਰਾਂ ਨੂੰ ਠੰਡੇ ਦਿਮਾਗ ਨਾਲ ਪੜ੍ਹਣ ਦੀ ਕੋਸ਼ਿਸ਼ ਕਰਨ । ਕਿਉਂਕਿ ਮੈਨੂੰ ਵੀ ਪਹਿਲਾਂ-ਪਹਿਲਾਂ ਮਾਨ ਸਾਹਿਬ ਅਤੇ ਸਪੋਕਸਮੈਨ ਨੂੰ ਮਾੜਾ ਕਹਿਣ ਵਾਲੇ ਚੰਗੇ ਨਹੀਂ ਸਨ ਲੱਗਦੇ ਹੁੰਦੇ ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਨੂੰ ਜਿਤਾਉਣ ਤੋਂ ਬਾਅਦ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਿ ਸ਼੍ਰੋ:ਗੁ:ਪ੍ਰ:ਕਮੇਟੀ ਦੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਧੱਕੇਸ਼ਾਹੀ ਹੋਈ ਹੈ । ਇਸ ਲਈ ਕਦੇ ਉਹ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਕਹਿ ਰਹੇ ਹਨ ਕਿ ਉਹ ਵਿਦੇਸ਼ਾਂ ਵਿੱਚ ਰੋਸ ਵਿਖਾਵੇ ਕਰਨ । ਕਦੇ ਯੂ.ਐਨ.ਓ. ਨੂੰ ਭਾਰਤ ਦੀ ਮਾਨਤਾ ਰੱਦ ਕਰਨ ਲਈ ਕਹਿ ਰਹੇ ਹਨ । ਮਾਨ ਸਾਹਿਬ ਹੁਣ ਅਜਿਹੇ ਬਿਆਨ ਦੇ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ ? ਮੇਰੇ ਖਿਆਲ ਅਨੁਸਾਰ ਮਾਨ ਸਾਹਿਬ ਨੇ ਬਾਦਲ ਸਾਹਿਬ ਨੂੰ ਜਿਤਾਉਣ ਦਾ ਫੈਸਲਾ ਕੀਤਾ ਸੀ ਉਸ ਵਿੱਚ ਉਹ ਹੱਦ ਤੋਂ ਵੀ ਵੱਧ ਸਫਲ ਹੋਏ ਹਨ । ਇਸ ਲਈ ਉਨ੍ਹਾਂ ਨੂੰ ਹੁਣ ਵਿਦੇਸ਼ੀ ਸਿੱਖਾਂ ਜਾਂ ਯੂ.ਐਨ.ਓ. ਨੂੰ ਅਜਿਹੇ ਬਿਆਨ ਦੇਣ ਦੀ ਥਾਂ ਪੰਜਾਬ ਵਿਚਲੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ । ਜਿੰਨ੍ਹਾਂ ਨੇ ਬਿਨ੍ਹਾਂ ਸੋਚੇ ਸਮਝੇ ਮਾਨ ਸਾਹਿਬ ਦੀ ਸੋਚ ਤੇ ਪਹਿਰਾ ਦੇ ਕੇ ਬਾਦਲ ਸਾਹਿਬ ਦੇ ਹੱਥ ਮਜਬੂਤ ਕੀਤੇ ਹਨ । ਮਾਨ ਸਾਹਿਬ ਦੇ ਪਾਰਟੀ ਵਰਕਰਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਬਾਦਲ ਦੇ ਕੱਟੜ ਵਿਰੋਧੀ ਹਨ, ਪਰ ਸਦਕੇ ਜਾਈਏ ਮਾਨ ਸਾਹਿਬ ਦੀ ਸੋਚ ਤੇ ਜਿਨ੍ਹਾਂ ਨੇ ਬਾਦਲ ਦਲ ਦੇ ਕੱਟੜ ਵਿਰੋਧੀ ਆਪਣੇ ਵਰਕਰਾਂ ਨੂੰ ਵੀ ਟੇਢੇ ਢੰਗ ਨਾਲ ਬਾਦਲ ਸਾਹਿਬ ਦੇ ਹੱਕ ਵਿੱਚ ਭੁਗਤਾ ਦਿੱਤਾ । ਪੰਜਾਬ ਵਿੱਚ ਵਾਰ-ਵਾਰ ਸਰਕਾਰ ਬਣਨ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਤੇ ਪੱਕੇ ਤੌਰ ਤੇ ਕਾਬਜ ਚੱਲੇ ਆ ਰਹੇ ਬਾਦਲ ਸਾਹਿਬ ਦੀ ਤਾਕਤ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ ।

ਇੱਕ ਪਾਸੇ ਇਨੀ ਤਾਕਤ ਹੋਣ ਦੇ ਬਾਵਜੂਦ ਬਾਦਲ ਸਾਹਿਬ ਆਪਣੀਆਂ ਹਮ-ਖਿਆਲ ਪਾਰਟੀਆਂ ਨਾਲ ਸਮਝੌਤੇ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਸਮਝੌਤੇ ਕਰਦੇ ਵੀ ਹਨ । ਭਾਵੇਂਕਿ ਇਹ ਸਮਝੌਤੇ ਬੇ-ਅਸੂਲੇ ਹੀ ਹੁੰਦੇ ਹਨ । ਪਰ ਆਪਣੀ ਕੁਰਸੀ (ਕਬਜੇ) ਨੂੰ ਕਾਇਮ ਰੱਖਣ ਲਈ ਉਹ ਸਭ ਕੁੱਝ ਕਰਨ ਲਈ ਤਿਆਰ ਹੁੰਦੇ ਹਨ । ਭਾਰੂ ਹੋਣ ਦੇ ਬਾਵਜੂਦ ਵੀ ਆਪਣੇ ਉਮੀਦਵਾਰ ਖੜ੍ਹੇ ਕਰਨ ਸਮੇਂ ਕੋਈ ਕਾਹਲ ਨਹੀਂ ਕਰਦੇ ਅਤੇ ਐਨ ਆਖਰੀ ਦਿਨਾਂ ਤੱਕ ਨਾਮਾਂ ਦੀ ਸੂਚੀ ਜਾਰੀ ਕਰਦੇ ਹਨ । ਦੂਜੇ ਪਾਸੇ ਮਾਨ ਸਾਹਿਬ ਹਨ ਜੋ ਕਿ ਆਪਣੀ ਪਾਰਟੀ ਦੇ ਲੀਡਰਾਂ ਨੂੰ ਜਿਤਾਉਣਾ ਤਾਂ ਦੂਰ ਰਿਹਾ ਖੁਦ ਵੀ ਨਹੀਂ ਜਿੱਤ ਸਕਦੇ । ਹਰ ਚੋਣ ਵਿੱਚ ਬਿਨ੍ਹਾਂ ਕਿਸੇ ਪਾਰਟੀ ਨਾਲ ਸਮਝੌਤਾ ਕੀਤਿਆਂ ਸਾਰੀਆਂ ਸੀਟਾਂ ਉੱਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਖੜ੍ਹੇ ਕਰਨ ਦੀ ਲਿਸਟ ਸਭ ਤੋਂ ਪਹਿਲਾਂ ਹੀ ਜਾਰੀ ਕਰ ਦਿੰਦੇ ਹਨ । ਇਸ ਤਰ੍ਹਾਂ ਕਰਕੇ ਇਹ ਚੰਗੀ ਇੱਜਤ ਮਾਣ ਵਾਲੇ ਗੁਰਸਿੱਖਾਂ (ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਵਰਗਿਆਂ) ਨੂੰ ਵੀ ਖੂੰਜੇ ਲਾ ਚੁੱਕੇ ਹਨ । ਭਾਈ ਦਲਜੀਤ ਸਿੰਘ ਬਿੱਟੂ ਨਾਲ ਵੀ ਇਹਨਾਂ ਨੇ ਚੰਗੀ ਨਹੀਂ ਕੀਤੀ । ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਮਾਨ ਸਾਹਿਬ ਕੋਲ ਆਪਣੀਆਂ ਵੋਟਾਂ ਹੀ ਨਹੀਂ ਹਨ ਤਾਂ ਫਿਰ ਉਹ ਆਪਣੀ ਪਾਰਟੀ ਦੇ ਆਗੂਆਂ ਨੂੰ ਥੋਕ ਵਿੱਚ ਟਿਕਟਾਂ ਕਿਉਂ ਵੰਡਦੇ ਹਨ । ਪਹਿਲਾਂ ਤਾਂ ਮਾਨ ਸਾਹਿਬ ਦੀ ਇਸ ਸੋਚ ਉੱਤੇ ਤਰਸ ਆਉਂਦਾ ਹੁੰਦਾ ਸੀ, ਪਰ ਹੁਣ ਹੋਈਆਂ ਸ਼੍ਰੋ:ਗੁ:ਪ੍ਰ: ਕਮੇਟੀ ਦੀਆਂ ਚੋਣਾਂ ਵਿੱਚ ਮਹਿਸੂਸ ਹੋਇਆ ਹੈ ਕਿ ਮਾਨ ਸਾਹਿਬ ਅਣਜ਼ਾਣ ਨਹੀਂ ਹਨ । ਉਹ ਸਭ ਕੁੱਝ ਸੋਚ ਕੇ ਹੀ ਕਰ ਰਹੇ ਹਨ । ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਮੇਰੀ ਪਾਰਟੀ ਦੇ ਵਰਕਰ ਭੁੱਲ ਕੇ ਵੀ ਬਾਦਲ ਸਾਹਿਬ ਨੂੰ ਵੋਟਾਂ ਨਹੀਂ ਪਾਉਣਗੇ ਅਤੇ ਆਪ ਜਿੱਤਣ ਦੇ ਸਮਰਥ ਵੀ ਨਹੀਂ ਹਨ । ਇਸ ਲਈ ਜੇ ਮੈਂ ਹਰ ਚੋਣ ਵਿੱਚ ਸਾਰੀਆਂ ਸੀਟਾਂ ਉੱਪਰ ਆਪਣੇ ਬੰਦੇ ਨਾ ਖੜ੍ਹੇ ਕੀਤੇ ਤਾਂ ਹੋ ਸਕਦੈ ਕਿ ਉਹ ਬਾਦਲ ਦੇ ਵਿਰੋਧੀਆਂ ਦਾ ਸਾਥ ਦੇ ਕੇ ਬਾਦਲ ਦੇ ਉਮੀਦਵਾਰਾਂ ਨੂੰ ਹਰਾ ਦੇਣ । ਇਸ ਲਈ ਮਾਨ ਸਾਹਿਬ ਪਹਿਲਾਂ ਹੀ ਬਿਆਨ ਦੇ ਦਿੰਦੇ ਹਨ ਕਿ ਸਾਰੀਆਂ ਸੀਟਾਂ ਉੱਪਰ ਚੋਣ ਲੜਾਂਗੇ, ਕਿਸੇ ਨਾਲ ਕੋਈ ਸਮਝੌਤਾ ਵੀ ਨਹੀਂ ਕਰਾਂਗੇ । ਮਾਨ ਸਾਹਿਬ ਅਜਿਹਾ ਬਿਆਨ ਦੇ ਕੇ ਬਾਦਲ ਸਾਹਿਬ ਦੀ ਅਸਿੱਧੇ ਢੰਗ ਨਾਲ ਸਿੱਧੇ ਰੂਪ ਵਿੱਚ ਮੱਦਦ ਕਰ ਜਾਂਦੇ ਹਨ । ਗੁਰੂ ਘਰਾਂ ਦੀ ਸਟੇਜ ਤੇ ਮਾਨ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਜਾਂਦਾ । ਸ਼੍ਰੋ:ਗੁ:ਪ੍ਰ: ਕਮੇਟੀ ਜਾਂ ਪੰਜਾਬ ਵਿਧਾਨ ਸਭਾ ਵਿੱਚ ਸਾਡੀ ਵਿਰੋਧੀ ਧਿਰ ਵੱਜੋਂ ਕੋਈ ਥਾਂ ਨਹੀਂ ਹੈ । ਗੱਲਾਂ ਫਿਰ ਵੀ ਖਾਲਿਸਤਾਨ ਬਣਾਉਣ ਦੀਆਂ ਕਰਨੀਆਂ ।

ਮੇਰਾ ਮਤਲਬ ਇਹ ਨਹੀਂ ਕਿ ਖਾਲਿਸਤਾਨ ਨਾ ਬਣੇ, ਸਾਡੀ ਕੌਮ ਵੱਖਰੀ ਹੈ ਤੇ ਸਾਡਾ ਆਪਣਾ ਵੱਖਰਾ ਦੇਸ਼ ਵੀ ਹੋਣਾ ਚਾਹੀਦਾ ਹੈ । ਪਰ ਜੇ ਮਾਨ ਸਾਹਿਬ ਦੇ ਖਾਲਿਸਤਾਨ ਵਿੱਚ ਪ੍ਰਧਾਨ ਮੰਤਰੀ ਬਾਦਲ ਹੀ ਹੋਣਗੇ ਤਾਂ ਅਜਿਹੇ ਖਾਲਿਸਤਾਨ ਬਿਨ੍ਹਾਂ ਕੀ ਥੁੜਿਆ ਪਿਆ ਹੈ । ਜਾਂ ਕੀ ਪੰਜਾਬ ਜਾਂ ਹਿੰਦੂਸਤਾਨ ਦਾ ਨਾਮ ਖਾਲਿਸਤਾਨ ਰੱਖਣ ਨਾਲ ਹੀ ਸਾਰੇ ਮਸਲੇ ਹੱਲ ਹੋ ਜਾਣਗੇ ? ਖਾਲਿਸਤਾਨ ਦੇ ਨਾਮ ਤੇ ਸਾਡੇ ਕਿੰਨੇ ਵੀਰ ਸ਼ਹੀਦ ਹੋ ਗਏ, ਕਿੰਨੇ ਹੀ ਜੇਲ੍ਹਾਂ ਵਿੱਚ ਸੜ ਰਹੇ ਹਨ ਜਿੰਨ੍ਹਾਂ ਦੀ ਅਸੀਂ ਕਦੇ ਸਾਰ ਵੀ ਨਹੀਂ ਲਈ । ਪਰ ਹੁਣ ਅਸੀਂ ਖਾਲਿਸਤਾਨ ਦੇ ਮੁੱਦਿਆਂ ਤੇ ਚੋਣ ਲੜ ਕੇ ਖਾਲਿਸਤਾਨ ਬਣਾਵਾਂਗੇ ਭਾਵੇਂ ਸੀਟਾਂ ਸਾਨੂੰ ਚਾਰ ਵੀ ਨਾ ਮਿਲਣ । ਸਾਡੇ ਗੁਰੂ ਘਰਾਂ ਉੱਤੇ ਆਰ.ਐਸ.ਐਸ. ਕਾਬਜ ਹੋ ਚੁੱਕੀ ਹੈ, ਗੁਰੂ ਘਰਾਂ ਦਾ ਪ੍ਰਬੰਧ ਅਸੀਂ ਸਾਂਭ ਨਹੀਂ ਸਕਦੇ ਜਾਂ ਸਾਨੂੰ ਕੋਈ ਸਾਂਭਣ ਨਹੀਂ ਦੇ ਰਿਹਾ, ਗੱਲਾਂ ਫਿਰ ਵੀ ਖਾਲਿਸਤਾਨ ਬਣਾਉਣ ਦੀਆਂ ਕਰ ਰਹੇ ਹਾਂ । ਇਸ ਲਈ ਮਾਨ ਸਾਹਿਬ ਨੂੰ ਤਾਂ ਹੁਣ ਕੁੱਝ ਨਹੀਂ ਕਹਿ ਸਕਦੇ ਹੁਣ ਤਾਂ ਮਾਨ ਸਾਹਿਬ ਦੇ ਵਰਕਰਾਂ ਨੂੰ ਹੀ ਬੇਨਤੀ ਕਰ ਸਕਦੇ ਹਾਂ ਤਾਂਕਿ ਉਹ ਅੱਗੇ ਤੋਂ ਆਪਣੀ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨ । ਇਹ ਨਾ ਹੋਵੇ ਕਿ ਉਨ੍ਹਾਂ ਵੱਲੋਂ ਬਾਦਲ ਦੇ ਵਿੱਰੁਧ ਲਾਇਆ ਗਿਆ ਜੋਰ ਹੀ ਬਾਦਲ ਦੇ ਹੱਕ ਵਿੱਚ ਭੁਗਤ ਜਾਵੇ ।

ਇਹੀ ਹਾਲ ਰੋਜਾਨਾ ਸਪੋਕਸਮੈਨ (ਸ਼ੋਸ਼ਾਮੈਨ) ਦੇ ਸੌਦਾ ਸੰਪਾਦਕ ਸਾਹਿਬ ਦਾ ਹੈ । ਜੋ ਹਰ ਨਿੱਕੀ ਜਿਹੀ ਗੱਲ ਨੂੰ ਪਹਾੜ ਬਣਾ ਕੇ ਉਛਾਲਦਾ ਹੈ ।

- ਬਾਦਲ ਦਲ ਦਾ ਵਿਰੋਧ ਕਰਨ ਦਾ ਵਿਖਾਵਾ ਕਰਕੇ ਬਾਦਲ ਵਿਰੋਧੀਆਂ ਦੀ ਹਮਾਇਤ ਹਾਸਲ ਕਰ ਲੈਂਦਾ ਹੈ, ਪਰ ਲੈ ਦੇ ਕੇ ਆਖਿਰ ਨੂੰ ਟੇਢੇ ਢੰਗ ਨਾਲ ਬਾਦਲ (ਪੰਥ ਵਿਰੋਧੀ ਸ਼ਕਤੀਆਂ) ਦੀ ਹੀ ਹਮਾਇਤ ਕਰ ਜਾਂਦਾ ਹੈ । ਇਸ਼ਤਿਹਾਰਾਂ ਦੀ ਸੌਦੇਬਾਜੀ ਕਰਕੇ ਇਹ ਬਾਦਲ ਦੇ ਇੱਕਠਾਂ ਵਿੱਚ ਚਾਰ ਕਿਲੋਮੀਟਰ ਦੇ ਲੱਗੇ ਟ੍ਰੈਫਿਕ ਜਾਮਾਂ ਨੂੰ ਚਾਲੀ-ਚਾਲੀ ਕਿਲੋਮੀਟਰ ਦੇ ਜਾਮ ਵੀ ਲਿਖ ਦਿੰਦਾ ਹੈ

- ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ) ਦਾ ਵਿਰੋਧ ਕਰਕੇ ਇਸਨੇ ਅਖੌਤੀ ਦਸ਼ਮ ਗ੍ਰੰਥ ਦੇ ਵਿਰੋਧੀਆਂ ਦੀ ਹਮਾਇਤ ਵੀ ਹਾਸਿਲ ਕਰ ਲਈ ਪਰ ਜਦੋਂ ਕਦੇ ਬਚਿੱਤਰ ਨਾਟਕ ਦੇ ਵਿਰੋਧ ਵਿੱਚ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਡੱਟ ਕੇ ਸਟੈਂਡ ਲਿਆ ਤਾਂ ਸੌਦਾ ਸੰਪਾਦਕ ਨੇ ਪ੍ਰੋ: ਦਰਸ਼ਨ ਸਿੰਘ ਨੂੰ ਖੂੰਜੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ

- ਆਰ.ਐਸ.ਐਸ. ਦੇ ਇਸ਼ਾਰੇ ਤੇ ਜਦੋਂ ਬਾਦਲ ਸਾਹਿਬ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀ ਯੋਜਨਾ ਬਣਾਈ ਤਾਂ ਸਪੋਕਸਮੈਨ ਦੇ ਸੌਦਾ ਸੰਪਾਦਕ ਨੇ ਸਭ ਤੋਂ ਵੱਧ ਰੌਲਾ ਪਾਇਆ ਤੇ ਨਾਲ ਹੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਲੇਖ ਅਤੇ ਸੰਪਾਦਕੀਆਂ ਵੀ ਲਿਖੀਆਂ । ਬਾਅਦ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਹੋਈ ਸੋਧ ਤੇ ਵਧਾਈ ਦੇ ਇਸ਼ਤਿਹਾਰ ਵੀ ਛਾਪੇ

- ਸ਼੍ਰੋ:ਗੁ:ਪ੍ਰ: ਕਮੇਟੀ ਚੋਣਾਂ ਤੋਂ ਪਹਿਲਾਂ ਬਾਦਲ ਵਿਰੋਧੀਆਂ ਦੀ ਮੱਦਦ ਕਰਨ ਦਾ ਰੌਲਾ ਵੀ ਪਾਇਆ ਪਰ ਚੋਣਾਂ ਮੌਕੇ ਮੱਦਦ ਕਰਨੀ ਤਾਂ ਦੂਰ ਰਹੀ, ਉਲਟਾ ਸੰਪਾਦਕੀਆਂ ਵਿੱਚ ਬਾਦਲ ਵਿਰੋਧੀਆਂ ਨੂੰ ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ ਅਤੇ ਗੁਰਦੁਆਰਾ ਚੋਣਾਂ ਵਿੱਚ ਵੋਟਾਂ ਕਿਸਨੂੰ ਪਾਈਏ ਜਾਂ ਨਾ ਪਾਈਏ, ਆਦਿ ਲਿਖ ਕੇ ਆਮ ਵੋਟਰਾਂ ਨੂੰ ਚੋਣਾਂ ਤੋਂ ਦੂਰ ਰਹਿਣ ਦੀਆਂ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਤਾਂਕਿ ਸਪੋਕਸਮੈਨ ਦੇ ਪਾਠਕ ਬਾਦਲ ਦੇ ਵਿਰੁੱਧ ਚੋਣਾਂ ਵਿੱਚ ਨਾ ਕੁੱਦ ਪੈਣ

ਇਸ ਸੌਦਾ ਸੰਪਾਦਕ ਦੀਆਂ ਅਜਿਹੀਆਂ ਦੋਗਲੀਆਂ ਨੀਤੀਆਂ ਦਾ ਲਾਭ ਹਮੇਸ਼ਾ ਹੀ ਸਿੱਖ ਵਿਰੋਧੀ ਤਾਕਤਾਂ ਨੂੰ ਮਿਲਦਾ ਰਿਹਾ ਹੈ । ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ) ਦਾ ਵਿਰੋਧ ਕਰਦਾ-ਕਰਦਾ ਇਹ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਕਲੀ ਕਹਿਣ ਲੱਗ ਪਿਆ । ਇਹ ਗੱਲ ਜਿੱਥੇ ਪੂਰੀ ਸਿੱਖ ਕੌਮ ਲਈ ਮਾੜੀ ਸੀ, ਉੱਥੇ ਦਸ਼ਮ ਗ੍ਰੰਥੀਆਂ ਦੇ ਹੱਕ ਵਿੱਚ ਵੀ ਭੁਗਤੀ । ਜਿਸ ਤੇ ਉਹ ਕਹਿਣ ਲੱਗੇ ਕਿ ਦੇਖੋ ਜਿਹੜੇ ਦਸ਼ਮ ਗ੍ਰੰਥ ਦੇ ਵਿਰੋਧੀ ਹਨ, ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੱਦ ਕਰਨਗੇ । ਇਸੇ ਤਰ੍ਹਾਂ ਡੇਰਾਵਾਦ ਦਾ ਵਿਰੋਧ ਕਰਦੇ-ਕਰਦੇ ਇਸਨੇ ਆਪਣਾ ਵੱਖਰਾ ਡੇਰਾ (ਬਿਜਨਸ ਕੇਂਦਰ) ਉੱਚਾ ਦਰ ਬਾਬੇ ਨਾਤਨਕ ਦਾ ਵੀ ਬਣਾ ਧਰਿਆ । ਜਿਸ ਵਿੱਚ ਵੱਡੇ ਅਮੀਰਾਂ ਨੂੰ ਵੱਡੀਆਂ ਰਿਆਇਤਾਂ ਹੋਣਗੀਆਂ, ਗਰੀਬਾਂ ਵਾਸਤੇ ਕੁੱਝ ਵੀ ਨਹੀਂ ਹੋਵੇਗਾ । ਸ਼ੁਰੂ ਤੋਂ ਦਾਨ ਦਸਵੰਧ ਦਾ ਵਿਰੋਧ ਕਰਦੇ-ਕਰਦੇ ਨੇ ਹੁਣ ਦਸਵੰਧ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ ।

ਦਾਨ-ਦਸਵੰਧ ਦੇ ਵਿਰੋਧ ਵਿੱਚ ਗੁਰਸਿੱਖ ਲੇਖਕ ਇੰਦਰ ਸਿੰਘ ਘੱਗਾ ਜੀ ਨੇ ਇੱਕ ਵਧੀਆ ਕਿਤਾਬ ਲਿਖੀ ਹੈ :- ਦਾਨ ਦਸਵੰਧ ਜਾਂ ਵਪਾਰ । ਪਰ ਇਹ ਸੰਪਾਦਕ ਉਸ ਲੇਖਕ ਦੇ ਲੇਖ ਵੀ ਛਾਪਦਾ ਹੈ (ਜੋ ਚੰਗੀ ਗੱਲ ਹੈ) ਅਤੇ ਦਾਨ-ਦਸਵੰਧ ਦਾ ਵਪਾਰ ਵੀ ਵੱਡੀ ਪੱਧਰ ਤੇ ਕਰ ਰਿਹਾ ਹੈ । ਕੀ ਇਸਨੇ ਆਪਣੇ ਅਖਬਾਰ ਦੇ ਲੇਖਕ ਦੀ ਇਹ ਕਿਤਾਬ ਨਹੀਂ ਪੜ੍ਹੀ ? ਜਨਵਰੀ 2011 ਵਿੱਚ ਪੁਲਿਸ ਵੱਲੋਂ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਭਾਈ ਸ਼ਮਿੰਦਰ ਸਿੰਘ ਸ਼ੇਰਾ ਦੀ ਇਸ ਸੌਦਾ ਸੰਪਾਦਕ ਦੇ ਅਖਬਾਰ ਵਿੱਚ ਇੱਕ ਵੀ ਖਬਰ ਨਹੀਂ ਛਪੀ (ਭਾਈ ਸ਼ਮਿੰਦਰ ਸਿੰਘ ਸ਼ੇਰਾ ਦੀ ਪੂਰੀ ਕਹਾਣੀ ਫਰਵਰੀ 2011 ਦੇ ਖਾਲਸਾ ਫਤਿਹਨਾਮਾ ਵਿੱਚ ਪੜ੍ਹੀ ਜਾ ਸਕਦੀ ਹੈ) ਅਸਲ ਵਿੱਚ ਇਹ ਸੌਦਾ ਸੰਪਾਦਕ ਇੱਕ ਵਧੀਆ ਬਿਜਨਸ ਮੈਨ ਹੈ ਜੋ ਆਪਣੀ ਦੁਕਾਨ ਬਾਦਲ ਦੇ ਵਿਰੋਧੀਆਂ ਦੀ ਹਮਾਇਤ ਨਾਲ ਚਲਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਹੀ ਖੂੰਜੇ ਲਾ ਰਿਹਾ ਹੈ । ਸਪੋਕਸਮੈਨ ਦੇ ਹਮਾਇਤੀਆਂ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਸੌਦਾ ਸੰਪਾਦਕ ਦੀਆਂ ਚਾਲਾਂ ਨੂੰ ਸਮਝਣ । ਕਿਉਂਕਿ ਇਹ ਵੀ ਸ੍ਰ: ਸਿਮਰਨਜੀਤ ਸਿੰਘ ਮਾਨ ਵਾਂਗ ਬਾਦਲ ਵਿਰੋਧੀ ਆਪਣੇ ਪਾਠਕਾਂ ਨੂੰ ਟੇਢੇ ਮੇਢੇ ਢੰਗ ਨਾਲ ਬਾਦਲ ਦੇ ਹੱਕ ਵਿੱਚ ਹੀ ਭੁਗਤਾ ਦਿੰਦਾ ਹੈ ।

ਇਹਨਾਂ ਚੋਣਾਂ ਵਿੱਚ ਕੇਂਦਰ ਦੀ ਕਾਂਗਰਸ ਨੇ ਵੀ ਬਾਦਲ ਵਿਰੋਧੀਆਂ ਦਾ ਸਾਥ ਨਹੀਂ ਦਿੱਤਾ । ਬਾਦਲ ਵਿਰੋਧੀ ਦਲਾਂ ਉੱਤੇ ਕਾਂਗਰਸ ਦੇ ਏਜੰਟ ਹੋਣ ਦਾ ਤਵਾ ਤਾਂ ਲੱਗਦਾ ਰਿਹਾ । ਜਿਸਦਾ ਇਨ੍ਹਾਂ ਨੂੰ ਨੁਕਸਾਨ ਵੀ ਹੋਇਆ ਪਰ ਕਾਂਗਰਸ ਨੇ ਹਮਾਇਤ ਨਹੀਂ ਕੀਤੀ । ਜਿਸ ਕਾਰਨ ਬਾਦਲ ਵਿਰੋਧੀਆਂ ਨੂੰ ਕਾਂਗਰਸੀ ਪੱਖੀ ਹੋਣ ਦਾ ਲਾਭ ਨਹੀਂ ਮਿਲਿਆ, ਘਾਟਾ ਜਰੂਰ ਪਿਆ ਹੈ । ਕਾਂਗਰਸੀਆਂ ਨੇ ਵੋਟਾਂ ਮਾਨ ਦਲ ਨੂੰ ਵੱਡੀ ਪੱਧਰ ਤੇ ਪਾਈਆਂ ਹਨ ਪਰ ਬਾਦਲ ਮੱਕੜ ਜੂੰਡਲੀ ਨੇ ਮਾਨ ਨੂੰ ਕਦੇ ਵੀ ਕਾਂਗਰਸ ਦਾ ਏਜੰਟ ਨਹੀਂ ਕਿਹਾ । ਸ਼੍ਰੋ:ਗੁ:ਪ੍ਰ: ਕਮੇਟੀ ਦੀਆਂ ਚੋਣਾਂ 2 ਸਾਲ ਲੇਟ ਹੋ ਗਈਆਂ ਤਾਂ ਬਾਦਲ ਸਾਹਿਬ ਚੁੱਪ ਰਹੇ । ਪਰ ਜਦੋਂ ਹੁਣ ਸਹਿਜਧਾਰੀਆਂ ਦੇ ਮੁੱਦੇ ਤੇ ਚੋਣਾਂ ਕੁੱਝ ਸਮੇਂ ਲਈ ਅੱਗੇ ਪਾਏ ਜਾਣ ਦੀ ਸੰਭਾਵਨਾ ਬਣੀ ਤਾਂ ਬਾਦਲ ਸਾਹਿਬ ਨੇ ਚੀਕ ਚਿਹਾੜਾ ਪਾ ਦਿੱਤਾ ਕਿ ਕਾਂਗਰਸ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ । ਇੱਥੇ ਗੱਲ ਕਿਸੇ ਸਿੱਖ ਮਸਲੇ ਦੀ ਨਹੀਂ ਸੀ, ਗੱਲ ਤਾਂ ਸ਼੍ਰੋ: ਕਮੇਟੀ ਦਾ ਕਬਜਾ ਹੱਥੋਂ ਨਿਕਲਣ ਦੀ ਸੀ । ਕਿਉਂਕਿ ਜੇਕਰ ਸ੍ਰੋ: ਕਮੇਟੀ ਦੀਆਂ ਚੋਣਾਂ ਵਿਧਾਨ ਸਭਾ ਤੋਂ ਬਾਅਦ ਹੁੰਦੀਆਂ ਤਾਂ ਬਾਦਲ ਸਾਹਿਬ ਸੱਤਾ ਦਾ ਡੰਡਾ ਕਿਵੇਂ ਵਰਤਦੇ, ਜੇ ਸਹਿਜਧਾਰੀਆਂ ਦੀਆਂ ਵੋਟਾਂ ਬਣ ਜਾਂਦੀਆਂ ਤਾਂ ਵੀ ਬਾਦਲ ਨੂੰ ਹੀ ਨੁਕਸਾਨ ਹੋਣਾ ਸੀ । ਕਿਉਂਕਿ ਹੁਣ ਤਾਂ ਬਾਦਲ ਸਾਹਿਬ ਨੇ ਪੂਰੀ ਗਿਣੀ ਮਿਥੀ ਸਾਜਿਸ਼ ਅਧੀਨ 90 ਪ੍ਰਤੀਸ਼ਤ ਵੋਟਾਂ ਆਪਣੇ ਅਕਾਲੀ ਵਰਕਰਾਂ ਦੀਆਂ ਹੀ ਬਣਾਈਆਂ ਹੋਈਆਂ ਸਨ । ਬਾਦਲ ਸਾਹਿਬ ਦਾ ਚੀਕ ਚਿਹਾੜਾ ਸੁਣ ਕੇ ਕੇਂਦਰ ਦੀ ਕਾਂਗਰਸ ਨੇ ਸੋਚਿਆ ਕਿ ਆਪਣਾ ਭਗਤ ਦੁਖੀ ਹੋ ਰਿਹਾ ਹੈ ਤਾਂ ਉਹਨਾਂ ਨੇ ਇਹ ਮਾਮਲਾ ਉੱਥੇ ਹੀ ਦੱਬ ਦਿੱਤਾ ਅਤੇ ਚੋਣਾਂ ਉਸੇ ਤਾਰੀਖ ਤੇ ਕਰਵਾਉਣ ਦੀ ਹਾਂ ਕਰ ਦਿੱਤੀ । ਇਸ ਤੋਂ ਸਿੱਧ ਹੁੰਦਾ ਹੈ ਕਿ ਬਾਦਲ ਹੀ ਸਭ ਤੋਂ ਵੱਡਾ ਕਾਂਗਰਸੀ ਹੈ । ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੱਧ ਚਾਹੁੰਦੀ ਹੈ । ਕਿਉਂਕਿ ਕੇਂਦਰ ਦੀ ਕਾਂਗਰਸ ਨੂੰ ਪਤਾ ਹੈ ਕਿ ਬਾਦਲ ਉਨ੍ਹਾਂ ਦਾ ਵਿਰੋਧੀ ਨਹੀਂ, ਸਿਰਫ ਵਿਰੋਧੀ ਹੋਣ ਦਾ ਵਿਖਾਵਾ ਹੀ ਕਰਦਾ ਹੈ । ਬਾਦਲ ਨੇ ਆਪਣੇ ਅੰਧ-ਵਿਸ਼ਵਾਸ਼ੀ ਅਕਾਲੀ ਵਰਕਰਾਂ ਨੂੰ ਇੱਕੋ-ਪਾਠ ਪੜ੍ਹਾਇਆ ਅਤੇ ਦ੍ਰਿੜ ਕਰਾਇਆ ਹੋਇਆ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ । ਇਸਨੇ ਅਕਾਲ-ਤਖਤ ਸਾਹਿਬ ਤੇ ਹਮਲਾ ਕੀਤਾ ਸੀ ਅਤੇ ਦਿੱਲੀ ਵਿੱਚ ਸਿੱਖ ਮਾਰੇ ਸਨ । ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਲੱਡੂ ਵੰਡੇ ਸਨ ਅਤੇ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਬਾਰੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਇਹ ਹਮਲਾ ਅਸੀਂ ਪ੍ਰੈਸ਼ਰ ਨਾਲ ਕਰਵਾਇਆ ਸੀ । ਇਸ ਗੱਲ ਤੇ ਬਾਦਲ ਸਾਹਿਬ ਚੁੱਪ ਹਨ । ਕਿਉਂਕਿ ਅਡਵਾਨੀ ਨਾਲ ਉਨ੍ਹਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ।

- ਮਾਰਚ 2000 ਵਿੱਚ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਖੇ ਸਿੱਖਾਂ ਦਾ ਕਤਲੇਆਮ ਹੋਇਆ ਬਾਦਲ ਤੇ ਭਾਜਪਾਈਆਂ ਨੇ ਇਸ ਕਤਲੇਆਮ ਦੇ ਕਿਹੜੇ ਦੋਸ਼ੀਆਂ ਨੂੰ ਸਜ਼ਾ ਕਰਵਾਈ ਅਤੇ ਕਿੰਨੇ ਪੀੜਤਾਂ ਦੀ ਸਹਾਇਤਾ ਕੀਤੀ?

- ਦਿੱਲੀ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਤਾਂ ਜਦੋਂ ਬਾਦਲ ਦੇ ਰਿਸ਼ਤੇਦਾਰਾਂ ਭਾਜਪਾਈਆਂ ਦੀ ਕੇਂਦਰ ਵਿੱਚ ਸਰਕਾਰ ਸੀ ਤਾਂ ਉਸ ਸਮੇਂ ਇਹਨਾਂ ਨੇ ਕਿੰਨੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ?

- ਜਾਂ ਪੰਜਾਬ ਵਿੱਚ ਆਪਣੀ ਸਰਕਾਰ ਹੁੰਦੇ ਹੋਏ ਕਿੰਨੇ ਪੀੜਤਾਂ ਨੂੰ ਰਾਹਤ ਦਿੱਤੀ?

- ਪੰਜਾਬ ਜਾਂ ਸਿੱਖਾਂ ਨਾਲ ਹੋਏ ਧੱਕੇ ਦੇ ਵਿੱਰੁਧ ਇਸਨੇ ਕੇਂਦਰ ਦੀ ਸਰਕਾਰ ਵਿਰੁੱਧ ਕਦੇ ਵੀ ਡੱਟ ਕੇ ਕੋਈ ਕਾਨੂੰਨੀ ਲੜਾਈ ਨਹੀਂ ਲੜੀ, ਪੰਜਾਬ ਦੇ ਹੱਕਾਂ ਲਈ ਲੜਣ ਵਾਲੇ ਸਿੰਘਾਂ ਜਾਂ ਧਰਮੀ ਫੌਜੀਆਂ ਦੀ ਸਹਾਇਤਾ ਲਈ ਕਦੇ ਕੁੱਝ ਨਹੀਂ ਕੀਤਾ । ਹਾਂ ਘੱਟ ਗਿਣਤੀਆਂ ਦੇ ਦੁਸ਼ਮਣਾਂ ਨਰਿੰਦਰ ਮੋਦੀ ਅਤੇ ਸਵਾਮੀ ਰਾਮਦੇਵ ਦੇ ਹੱਕ ਵਿੱਚ ਡੱਟ ਕੇ ਜਰੂਰ ਖੜ੍ਹ ਜਾਂਦਾ ਹੈ

- ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਮੁਹੰਮਦ ਇਜਹਾਰ ਆਲਮ ਸਾਬਕਾ ਪੁਲਿਸ ਅਫਸਰ ਨੂੰ ਅਖੌਤੀ ਅਕਾਲੀ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਮਲੇਰਕੋਟਲਾ ਦਾ ਇੰਚਾਰਜ ਬਣਾਇਆ । ਹਾਲੇ ਵੀ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿੰਦੇ ਨੂੰ ਸ਼ਰਮ ਨਹੀਂ ਆਉਂਦੀ

ਇਸ ਲਈ ਬਾਦਲ ਸਾਹਿਬ ਸਿੱਖਾਂ ਦਾ ਕਾਂਗਰਸ ਨਾਲੋਂ ਵੀ ਵੱਡਾ ਦੁਸ਼ਮਣ ਹੈ ਜੋ ਸਿੱਖਾਂ ਦੇ ਜਖਮਾਂ ਨੂੰ ਉਚੇੜ-ਉਚੇੜ ਕੇ ਲਾਹਾ ਲੈਂਦਾ ਰਹਿੰਦਾ ਹੈ । ਘੱਟ ਗਿਣਤੀਆਂ ਦਾ ਠੇਕੇਦਾਰ ਕਹਾਉਣ ਵਾਲਾ ਬਾਦਲ ਗੁਜਰਾਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਦੇ ਹੋਏ ਕਤਲਾਂ ਦੇ ਵਿਰੁੱਧ ਬੋਲਣ ਦੀ ਥਾਂ ਹਰ ਸਮੇਂ ਨਿਰਦੋਸ਼ਾਂ ਦੇ ਕਾਤਲ ਨਰਿੰਦਰ ਮੋਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ । ਸਿੱਖਾਂ ਜਾਂ ਮੁਸਲਮਾਨਾਂ ਦੇ ਹੋਏ ਕਤਲਾਂ ਦਾ ਇਸਨੂੰ ਕੋਈ ਦੁੱਖ ਨਹੀਂ ਹੈ । ਸਿੱਖ ਕੌਮ ਤੇ ਹੋਇਆ ਹਮਲਾ ਤਾਂ ਬਾਦਲ ਸਾਹਿਬ ਨੂੰ ਇੱਕ ਤੋਹਫੇ ਵਾਂਗ ਮਿਲਿਆ ਹੈ । ਜਿਸਦੇ ਆਸਰੇ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ । ਕੋਈ ਬਾਦਲ ਸਾਹਿਬ ਨੂੰ ਪੁੱਛੇ ਕਿ ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ਹੀ ਪਰ ਤੁਸੀਂ ਸਿੱਖੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੇ ਸਿੱਖ, ਸਿੱਖੀ ਅਤੇ ਪੰਜਾਬ ਨਾਲ ਕੀ ਨਹੀਂ ਕੀਤਾ ਜਾਂ ਤੁਸੀਂ ਸਿੱਖ, ਸਿੱਖੀ ਅਤੇ ਪੰਜਾਬ ਲਈ ਕੀ ਕੀਤਾ ਹੈ । ਠੀਕ ਹੈ ਕਿ ਅੱਜ ਲੋਕ ਅੱਖਾਂ ਬੰਦ ਕਰਕੇ ਬਾਦਲ ਸਾਹਿਬ ਦੇ ਮਗਰ ਲੱਗੇ ਹੋਏ ਹਨ, ਪਰ ਜਲਦੀ ਹੀ ਸਮਾਂ ਆਵੇਗਾ ਕਿ ਇਹੀ ਲੋਕ ਬੀਤੇ ਸਮੇਂ ਤੇ ਪਛਤਾਵਾ ਕਰਨਗੇ ਅਤੇ ਇਸ ਗੱਲ ਤੇ ਵੀ ਸ਼ਰਮ ਮਹਿਸੂਸ ਕਰਿਆ ਕਰਨਗੇ ਕਿ ਅਸੀਂ ਕਦੇ ਬਾਦਲ ਦਲ ਦੇ ਵਰਕਰ ਰਹੇ ਹਾਂ । ਜਦੋਂ ਕਦੇ ਸਿਆਣੇ ਪੰਥਕ ਵਿਦਵਾਨ ਸਿੱਖ ਵਿਰੋਧੀਆਂ ਦਾ ਲੇਖਾ ਜੋਖਾ ਕਰਨਗੇ ਤਾਂ ਪੰਥ ਦੇ ਗੱਦਾਰਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਪਹਿਲੇ ਨੰਬਰ ਤੇ ਆਵੇਗਾ ਸਿਮਰਨਜੀਤ ਸਿੰਘ ਮਾਨ ਅਤੇ ਜੋਗਿੰਦਰ ਸਿੰਘ (ਸੌਦਾ ਸੰਪਾਦਕ) ਵੀ ਇਸਦੇ ਨਾਲ ਹੋਣਗੇ । ਇਸ ਲਈ ਸਿਮਰਨਜੀਤ ਸਿੰਘ ਮਾਨ, ਰੋਜਾਨਾ ਸਪੋਕਸਮੈਨ ਅਤੇ ਬਾਦਲ ਦੇ ਹਮਾਇਤੀਆਂ ਨੂੰ ਅੰਧ-ਵਿਸ਼ਵਾਸ਼ ਵਾਲੀ ਐਨਕ ਲਾਹ ਕੇ ਦੇਖਣਾ ਚਾਹੀਦਾ ਹੈ ਕਿ ਸਿਮਰਨਜੀਤ ਸਿੰਘ ਮਾਨ, ਸਪੋਕਸਮੈਨ ਦਾ ਸੌਦਾ ਸੰਪਾਦਕ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਸੱਚਮੁੱਚ ਹੀ ਬਾਦਲ ਦੇ ਵਿਰੋਧੀ ਹਨ ਜਾਂ ਬਾਦਲ ਦੇ ਅਸਲੀ ਮਿੱਤਰ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911

ਮਿਤੀ :- 1/10/2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top