Share on Facebook

Main News Page

ਸ੍ਰ. ਤ੍ਰਿਲੋਚਨ ਸਿੰਘ, ਸਾਬਕਾ ਮੁੱਖੀ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਮੈਂਬਰ ਪਾਰਲੀਆਮੈਂਟ ਦੇ ਨਾਮ ਖੁੱਲੀ ਚਿੱਠੀ
ੴਸਤਿਗੁਰਪ੍ਰਸਾਦਿ॥
ਪਿਆਰੇ ਵੀਰ ਤ੍ਰਿਲੋਚਨ ਸਿੰਘ ਜੀ !
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਮਿਤੀ 06.09.11 ਨੂੰ ਜ਼ੀ (ਪੰਜਾਬੀ) ਟੀ ਵੀ ਵਲੋਂ ਉਨ੍ਹਾਂ ਦੇ ਰੋਜ਼ਾਨਾ ਪ੍ਰੋਗਰਾਮ ‘ੴ ’(ਸਵੇਰੇ 5 ਤੋਂ 7 ਅਤੇ ਸ਼ਾਮ 4.30 ਤੋਂ 6.30) ਵਿੱਚ ਬਾਬਾ ਸਿਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ, ਜਿਸ ਵਿੱਚ ਆਪ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਆਪ ਜੀ ਵਲੋਂ ਦਿੱਤੇ ਗਏ ਵਿਚਾਰਾਂ ਬਾਰੇ, ਮੈਂ ਕੁਝ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ:

ਆਪ ਜੀ ਵਲੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਬਾਬਾ ਸਿਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਹੋਣਹਾਰ ਪੁੱਤਰ ਸਨ ਅਤੇ ਉਹ ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ।
ਇਹ ਗੱਲ ਬਿਲਕੁਲ ਗ਼ਲਤ ਅਤੇ ਭੁਲੇਖਾ ਪਾਊ ਹੈ। ਸਚਾਈ ਇਹ ਹੈ ਕਿ ਬਾਬਾ ਸਿਰੀ ਚੰਦ ਗੁਰੂ ਨਾਨਕ ਪਾਤਿਸ਼ਾਹ ਦੇ ਨਲਾਇਕ ਪੁੱਤਰ ਸਨ ਅਤੇ ਗੁਰੂ-ਪਿਤਾ ਦੇ ਹੁਕਮਾਂ ਤੋਂ ਬਾਹਰ ਸਨ। ਇਸ ਗੱਲ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਮਿਲਦੀ ਹੈ:

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥ ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ ਕਉਣੁ ਹਾਰੇ ਕਿਨਿ ਉਵਟੀਐ ॥੨॥ {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ 967}

(ਗੁਰੂ ਨਾਨਕ ਪਾਤਿਸ਼ਾਹ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਇਹ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਇਸ ਲਈ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਮੈਂ ਸਮਝਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਵਧੇਰੇ ਭਰੋਸੇਯੋਗ ਪ੍ਰਮਾਣ ਹੋਰ ਕੋਈ ਨਹੀਂ ਹੋ ਸਕਦਾ।

ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿਮੇਂਵਾਰੀ ਸੌਂਪ ਕੇ ਗੁਰੂ ਅੰਗਦ ਪਾਤਿਸ਼ਾਹ ਬਣਾ ਦਿੱਤਾ, ਉਸ ਵੇਲੇ ਵੀ ਸਿਰੀ ਚੰਦ ਨੇ ਇਤਰਾਜ਼ ਕੀਤਾ ਅਤੇ ਪਰਿਵਾਰ ਇਕੱਠਾ ਕਰ ਲਿਆ ਕਿ ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ, ਪਿਤਾ ਜੀ ਨੇ ਮੇਰੇ ਨਾਲ ਵਧੀਕੀ ਕੀਤੀ ਹੈ, ਪਰ ਸਤਿਗੁਰੂ ਨੇ ਸੱਭ ਦੇ ਸਾਹਮਣੇ ਇਹ ਸਪੱਸ਼ਟ ਕਰ ਦਿੱਤਾ ਕਿ ਸਿਰੀ ਚੰਦ ਕਿਸੇ ਤਰ੍ਹਾਂ ਵੀ ਗੁਰਗੱਦੀ ਦੇ ਕਾਬਲ ਨਹੀਂ ਹੈ ਅਤੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਹੀ ਇਸ ਦੇ ਯੋਗ ਹਨ। ਆਮ ਤੌਰ ਤੇ ਮੰਨਿਆਂ ਜਾਂਦਾ ਹੈ ਕਿ ਇਸੇ ਦੇ ਰੋਸ ਵੱਜੋਂ ਸਿਰੀ ਚੰਦ ਨੇ ਆਪਣੀ ਅਲੱਗ ਉਦਾਸੀ ਸੰਪਰਦਾ ਚਲਾ ਲਈ, ਹਾਲਾਂਕਿ ਇਤਿਹਾਸਕ ਪ੍ਰਮਾਣ ਇਹ ਦਸਦੇ ਹਨ ਕਿ ਇਹ ਸੰਪਰਦਾ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਹੋਂਦ ਵਿੱਚ ਆਈ।

ਅਸਲ ਵਿੱਚ ਬਾਬਾ ਸਿਰੀ ਚੰਦ ਨੇ ਵਡੇਰੀ ਉਮਰ ਵਿੱਚ ਆਕੇ ਆਪਣੀ ਗਲਤੀ ਮਹਿਸੂਸ ਕਰ ਲਈ ਸੀ। ਇਸ ਗੱਲ ਦੇ ਇਤਿਹਾਸਕ ਪ੍ਰਮਾਣ ਹਨ ਕਿ ਬਾਬਾ ਸਿਰੀ ਚੰਦ, ਗੁਰੂ ਰਾਮਦਾਸ ਪਾਤਿਸ਼ਾਹ ਅੱਗੇ ਮੱਥਾ ਟੇਕ ਗਏ ਸਨ ਅਤੇ ਮੰਨ ਗਏ ਸਨ ਕਿ ਗੁਰਗੱਦੀ ਦੇ ਸਹੀ ਵਾਰਿਸ ਤੁਸੀਂ ਹੀ ਹੋ। ਕੇਸਰ ਸਿੰਘ ਛਿੱਬਰ ਅਨੁਸਾਰ, ਉਨ੍ਹਾਂ ਨੇ ਗੁਰੂ ਰਾਮਦਾਸ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੇ ਦੋ ਪੱਗਾਂ ਭੇਜੀਆਂ, ਇਕ ਵੱਡੇ ਪੁੱਤਰ ਦੇ ਤੌਰ ਤੇ ਪ੍ਰਿਥੀ ਚੰਦ ਜੀ ਵਾਸਤੇ ਅਤੇ ਦੂਸਰੀ ਗੁਰੂ ਨਾਨਕ ਪਾਤਿਸ਼ਾਹ ਦੀ ਗੁਰਗੱਦੀ ਦੇ ਵਾਰਿਸ ਵਜੋਂ ਮਾਨਤਾ ਦੇਣ ਲਈ ਗੁਰੂ ਅਰਜਨ ਸਾਹਿਬ ਵਾਸਤੇ, ਪਰ ਉਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਸੁਆਰਥਾਂ ਲਈ ਉਦਾਸੀ ਸੰਪਰਦਾ ਕਾਇਮ ਕਰ ਲਈ। ਅੱਜ ਜੋ ਇਨ੍ਹਾਂ ਦੇ ਡੇਰਿਆਂ ਤੇ ਕਾਬਜ਼ ਹਨ, ਉਹ ਬਾਬਾ ਸਿਰੀ ਚੰਦ ਦੇ ਨਹੀਂ ਸਗੋਂ ਉਨ੍ਹਾਂ ਪੈਰੋਕਾਰਾਂ ਦੇ ਵਾਰਸ ਹਨ, ਜਿਨ੍ਹਾਂ ਆਪਣੇ ਸੁਆਰਥਾਂ ਵਾਸਤੇ ਇਹ ਦੁਕਾਨਾਂ ਚਲਾ ਲਈਆਂ।

ਉਦਾਸੀ ਲਫਜ਼ ਉਦਾਸ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਘਰ-ਬਾਰ ਤਿਆਗ ਕੇ ਦੁਨਿਆਵੀ ਸੁੱਖਾਂ ਤੋਂ ਵਿਰਕਤ ਰਹਿਣਾ। ਜਦਕਿ ਸਿੱਖ ਧਰਮ ਗ੍ਰਿਹਸਤ ਦਾ ਧਰਮ ਹੈ, ਇਥੇ ਆਪਣੇ ਗ੍ਰਿਹਸਤ ਦਾ ਫਰਜ਼ ਪਾਲਦੇ ਅਤੇ ਅਕਾਲ-ਪੁਰਖ ਵਲੋਂ ਬਖਸ਼ੇ ਹੋਏ ਦੁਨਿਆਵੀ ਸੁੱਖ ਮਾਣਦੇ ਹੋਏ, ਜੀਵਨ ਮੁਕਤਿ ਹੋਣ ਦਾ ਵਿਧਾਨ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥” {ਮਃ 5, ਪੰਨਾ 522}

ਹੇ ਨਾਨਕ ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ।2।

ਆਪ ਜੀ ਅਤੇ ਪ੍ਰੋਗਰਾਮ ਦੇ ਐਂਕਰ ਗੁਰਪ੍ਰੀਤ ਸਿੰਘ ਜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਇਸ ਗੱਲ ਦੀ ਬਹੁਤ ਵਡਿਆਈ ਕੀਤੀ ਕਿ ਬਾਬਾ ਸਿਰੀ ਚੰਦ ਨੇ 62 ਸਾਲ ਤਪੱਸਿਆ ਕੀਤੀ।

ਸਤਿਕਾਰ ਯੋਗ ਜੀਓ! ਗੁਰਬਾਣੀ ਤਾਂ ਤੱਪ ਸਾਧਨ ਆਦਿ ਜਿਹੇ ਕਰਮਾਂ ਨੂੰ ਬਿਲਕੁਲ ਰੱਦ ਕਰਦੀ ਹੈ। ਸਤਿਗੁਰੂ ਦਾ ਫੁਰਮਾਨ ਹੈ:

ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥ (ਗਉੜੀ ਮਾਲਾ ਮਹਲਾ 5, ਪੰਨਾ 216)

(ਹੇ ਭਾਈ !) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ । (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ।1।

ਗੁਰੂ ਨਾਨਾਕ ਪਾਤਿਸ਼ਾਹ ਦੇ ਤਾਂ ਪਾਵਨ ਫੁਰਮਾਨ ਹਨ ਕਿ ਸਭ ਤੋਂ ਉਪਰ ਗੁਰੂ ਦਾ ਸ਼ਬਦ ਅਤੇ ਸ਼ਬਦ ਦੀ ਵਿਚਾਰ ਹੈ। ਜਪੁ, ਤਪੁ, ਸੁਚ, ਸੰਜਮ ਆਦਿ ਕਰਮ, ਸ਼ਬਦ ਦੀ ਵਿਚਾਰ ਵਿੱਚ ਹੀ ਆ ਜਾਂਦੇ ਹਨ ਭਾਵ ਇਨ੍ਹਾਂ ਦੀ ਕੋਈ ਲੋੜ ਜਾਂ ਮਹੱਤਤਾ ਨਹੀਂ ਹੈ। ਸਤਿਗੁਰੂ ਦਾ ਉਪਦੇਸ਼ ਹੈ:

ਭਨਤਿ ਨਾਨਕੁ ਕਰੇ ਵੀਚਾਰੁ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥” ( ਧਨਾਸਰੀ ਮਹਲਾ 1, ਪੰਨਾ 661)

ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ । (ਸਿਫ਼ਤਿ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ।

ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥ ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥” ( ਪ੍ਰਭਾਤੀ ਮਹਲਾ 1, ਪੰਨਾ 1332)

(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।

ਹੇ ਨਾਨਕ ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ । (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਤਾਂ ਬਖਸ਼ਿਸ਼ ਕਰਦੇ ਹਨ ਕਿ ਗੁਰੂ ਸੇਵਾ ਭਾਵ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨਾ ਸਾਰੇ ਤਪਾਂ ਤੋਂ ਵੱਡਾ ਤੱਪ ਹੈ, ਪਾਵਨ ਗੁਰਵਾਕ ਹੈ:

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥”( ਆਸਾ ਮਹਲਾ 3, ਪੰਨਾ 423)

ਜਦਕਿ ਬਾਬਾ ਸਿਰੀ ਚੰਦ ਤਾਂ ਗੁਰੂ ਪਿਤਾ ਦੇ ਹੁਕਮਾਂ ਤੋਂ ਆਕੀ ਹੋ ਗਏ ਸਨ। ਹੁਣ ਆਪ ਹੀ ਇਸ ਗੱਲ ਦਾ ਨਿਰਣਾ ਕਰ ਲਓ ਕਿ, ਕੀ ਆਪ ਜੀ ਦੀ ਇਹ ਗੱਲ ਗੁਰਮਤਿ ਅਨੁਸਾਰੀ ਹੈ? ਉਂਝ ਵੀ ਜੇ ਆਪ ਜੀ ਦੀ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਤਾਂ ਬਾਬਾ ਸਿਰੀ ਚੰਦ ਤਾਂ ਗੁਰੂ ਨਾਨਕ ਪਾਤਿਸ਼ਾਹ ਨਾਲੋ ਵੀ ਵੱਡੇ ਹੋ ਗਏ ਕਿਉਂਕਿ ਉਨ੍ਹਾਂ ਤਾਂ ਇਕ ਦਿਨ ਵੀ ਤਪੱਸਿਆ ਨਹੀਂ ਕੀਤੀ ਅਤੇ ਬਾਬਾ ਸਿਰੀ ਚੰਦ ਨੇ 62 ਸਾਲ ਤਪੱਸਿਆ ਕੀਤੀ। ਵੈਸੇ ਆਪ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਤਿੰਨ ਵਾਰੀ ਧੰਨ ਧੰਨ ਬਾਬਾਸਿਰੀ ਚੰਦ ਅਤੇ ਇਕ ਵਾਰੀ ਧੰਨ ਗੁਰੂ ਨਾਨਕ ਆਖ ਕੇ ਇਹੀ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਆਪ ਜੀ ਨੇ ਇਹ ਵੀ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਪੁਤਰ ਬਾਬਾ ਗੁਰਦਿੱਤਾ ਜੀ ਨੂੰ ਸਿਰੀ ਚੰਦ ਜੀ ਨੂੰ ਆਪਣਾ ਵਾਰਸ ਬਨਾਉਣ ਲਈ ਦਿੱਤਾ। ਅਸਲ ਵਿੱਚ, ਸਿੱਖ ਕੌਮ ਵਿੱਚ ਭੁਲੇਖੇ ਪਾਕੇ, ਆਪਣੀ ਘੁਸਪੈਠ ਨੂੰ ਜਾਇਜ਼ ਠਹਿਰਾਉਣ ਲਈ, ਇਹ ਕਹਾਣੀ ਇਨ੍ਹਾਂ ਉਦਾਸੀਆਂ ਹੀ ਪ੍ਰਚੱਲਤ ਕੀਤੀ ਹੋਈ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਸਿੱਖ ਸਿਧਾਂਤ ਅਤੇ ਇਤਿਹਾਸ ਦੀ ਜਾਣਕਾਰੀ ਬਾਰੇ ਸ਼ਾਇਦ ਕਿਸੇ ਨੂੰ ਵੀ ਕੋਈ ਭੁਲੇਖਾ ਨਹੀਂ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਲਿਖਤ, ਮਹਾਨ ਕੋਸ਼ ਪਿਛਲੀ ਸਦੀ ਦਾ ਸਭ ਤੋਂ ਪ੍ਰਮਾਣੀਕ ਗ੍ਰੰਥ ਮੰਨਿਆਂ ਜਾਂਦਾ ਹੈ। ਇਸ ਦੇ ਪੰਨਾ 251 ਤੇ ਭਾਈ ਸਾਹਿਬ ਨੇ ਸਿਰੀ ਚੰਦ ਦੀ ਮੌਤ 15 ਅਸੂ ਸੰਮਤ 1669 (1612 ਈ.) ਨੂੰ ਚੰਬੇ ਦੀਆਂ ਪਹਾੜੀਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਹੋਈ ਲਿਖੀ ਹੈ ਅਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ 15 ਸੰਮਤ 1670(1613 ਈ.) ਨੂੰ ਪਿੰਡ ਡਰੌਲੀ ਜ਼ਿਲਾ ਫਿਰੋਜ਼ਪੁਰ ਵਿੱਚ ਹੋਇਆ।(ਮਹਾਨ ਕੋਸ਼, ਪੰਨਾ 416) ਇਸ ਤੋਂ ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ ਬਾਬਾ ਸਿਰੀ ਚੰਦ ਦੇ ਦਿਹਾਂਤ ਤੋਂ 13 ਮਹੀਨੇ ਬਾਅਦ ਹੋਇਆ। ਜੋ ਉਸ ਵੇਲੇ ਜਨਮਿਆਂ ਹੀ ਨਹੀਂ ਸੀ, ਉਸ ਨੂੰ ਕਿਸੇ ਨੂੰ ਸੌਂਪਣਾ ਜਾਂ ਉਸ ਦਾ ਗੱਦੀ ਦਾ ਵਾਰਸ ਬਣਨਾ, ਕਿਸੇ ਤਰ੍ਹਾਂ ਵੀ ਸੰਭਵ ਨਹੀਂ, ਹਾਲਾਂਕਿ ਇਨ੍ਹਾਂ ਦੇ ਇਸ ਕੂੜ ਪ੍ਰਚਾਰ ਤੋਂ ਕੌਮ ਦੇ ਬੜੇ ਉਘੇ ਵਿਦਵਾਨ ਵੀ ਭੁਲੇਖਾ ਖਾ ਗਏ ਹਨ। ਸਿਧਾਂਤਕ ਤੌਰ ਤੇ ਵੀ ਵੇਖਿਆ ਜਾਵੇ ਤਾਂ ਬਾਬਾ ਗੁਰਦਿੱਤਾ ਜੀ ਤਾਂ ਗ੍ਰਿਹਸਥੀ ਸਨ, ਉਹ ਕਿਸੇ ਉਦਾਸੀ ਸੰਪਰਦਾ ਦੇ ਮੁੱਖੀ ਕਿਵੇਂ ਹੋ ਸਕਦੇ ਹਨ। ਵੈਸੇ ਵੀ ਕੀ ਇਹ ਗੱਲ ਮੰਨਣ ਵਾਲੀ ਹੈ ਕਿ ਸਤਿਗੁਰੂ ਆਪ ਗੁਰੂ ਨਾਨਕ ਪਾਤਿਸ਼ਾਹ ਦੇ ਨਿਰਮਲ ਪੰਥ, ਜਿਸਦੀ ਉਹ ਆਪ ਉਸ ਸਮੇਂ ਅਗਵਾਈ ਕਰ ਰਹੇ ਸਨ, ਦੇ ਮੁਕਾਬਲੇ ਤੇ ਕਿਸੇ ਹੋਰ ਪੰਥ ਨੂੰ ਚਲਾਉਣ ਲਈ ਆਪਣੇ ਪੁੱਤਰ ਨੂੰ ਭੇਜਣਗੇ?

ਜਿਵੇਂ ਉਪਰ ਲਿਖਿਆ ਗਿਆ ਹੈ ਬਾਬਾ ਸਿਰੀ ਚੰਦ, ਗੁਰੂ ਰਾਮ ਦਾਸ ਜੀ ਅੱਗੇ ਮੱਥਾ ਟੇਕ ਕੇ ਇਹ ਪ੍ਰਵਾਨ ਕਰ ਗਏ ਸਨ ਕਿ ਗੁਰਗੱਦੀ ਦੇ ਅਸਲੀ ਵਾਰਸ ਸਤਿਗੁਰੂ ਹੀ ਹਨ। ਸਿਰੀ ਚੰਦ ਦੇ ਕੁਝ ਚੇਲਿਆਂ ਨੇ ਜਦੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੀਆਂ ਗੱਦੀਆਂ ਚਲਾ ਲਈਆਂ, ਤਾਂ ਬਾਬਾ ਗੁਰਦਿੱਤਾ ਜੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਸਿੱਖੀ ਮੁੱਖ ਧਾਰਾ ਵਿੱਚ ਵਾਪਸ ਲਿਅਉਣ ਲਈ ਪ੍ਰਚਾਰ ਕਰਦੇ ਰਹੇ, ਜਾਪਦਾ ਹੈ ਕਿ ਇਸੇ ਤੋਂ ਇਹ ਵੱਡਾ ਭੁਲੇਖਾ ਖੜ੍ਹਾ ਹੋ ਗਿਆ।

ਆਪ ਜੀ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਹੋਣ ਦੇ ਨਾਤੇ ਬਾਬਾ ਗੁਰਦਿੱਤਾ ਜੀ ਗੁਰਗੱਦੀ ਦੇ ਵਾਰਸ ਸਨ ਪਰ ਉਨ੍ਹਾਂ ਆਪਣਾ ਇਹ ਹੱਕ ਛੱਡ ਕੇ ਬਾਬਾ ਸਿਰੀ ਚੰਦ ਦਾ ਵਾਰਸ ਬਣ ਕੇ ਉਦਾਸੀ ਪੰਥ ਦੇ ਅਗਲੇ ਮੁਖੀ ਦੀ ਗੱਦੀ ਸੰਭਾਲੀ।

ਇਹ ਗੱਲ ਤਾਂ ਬਿਲਕੁਲ ਹੀ ਸਿਧਾਂਤਹੀਣ ਅਤੇ ਗੁਰੂ-ਘਰ ਦੀ ਮਰਯਾਦਾ ਦੇ ਉਲਟ ਹੈ। ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਦੀ ਇਹ ਗੱਦੀ ਕੋਈ ਦੁਨਿਆਵੀ ਦੌਲਤ ਜਾਂ ਜਾਇਦਾਦ ਨਹੀਂ ਜਿਸਤੇ ਕੇਵਲ ਵੱਡੇ ਪੁੱਤਰ ਦਾ ਹੀ ਹੱਕ ਹੋਵੇ, ਬਲਕਿ ਅਕਾਲ-ਪੁਰਖ ਵਲੋਂ ਕੀਤੀ ਅਧਿਆਤਮਕ ਗਿਆਨ ਦੀ ਅਲੌਕਿਕ ਬਖਸ਼ਿਸ਼ ਹੈ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਤੋਂ ਹੀ ਇਹ ਗੱਦੀ ਜ਼ਰੂਰੀ ਵੱਡੇ ਪੁੱਤਰ ਨੂੰ ਦੇਣ ਦੀ ਰਵਾਇਤ ਨਹੀਂ ਚੱਲੀ। ਗੁਰੂ ਨਾਨਕ ਪਾਤਿਸ਼ਾਹ ਨੇ ਆਪਣੇ ਦੋਹਾਂ ਪੁੱਤਰਾਂ ਵਿੱਚੋਂ ਕਿਸੇ ਨੂੰ ਵੀ ਗੁਰਗੱਦੀ ਦੇ ਕਾਬਲ ਨਹੀਂ ਸਮਝਿਆ ਅਤੇ ਗੁਰਗੱਦੀ ਇਕ ਗੁਰਸਿੱਖ ਭਾਈ ਲਹਿਣਾ ਜੀ ਨੂੰ ਦੇਕੇ ਗੁਰੂ ਅੰਗਦ ਪਾਤਿਸ਼ਾਹ ਬਣਾ ਦਿੱਤਾ। ਗੁਰੂ ਅੰਗਦ ਸਹਿਬ ਨੇ ਆਪਣੇ ਪੁੱਤਰਾਂ ਦਾਤੂ ਜੀ ਤੇ ਦਾਸੂ ਜੀ ਨੂੰ ਪਾਸੇ ਰੱਖ ਕੇ ਗੁਰੂ ਨਾਨਕ ਪਾਤਿਸ਼ਾਹ ਦੀ ਗੱਦੀ ਦਾ ਵਾਰਸ ਬਾਬਾ ਅਮਰਦਾਸ ਸਾਹਿਬ ਨੂੰ ਚੁਣਿਆ ਸੀ ਅਤੇ ਉਨ੍ਹਾਂ ਨੂੰ ਤੀਸਰੇ ਨਾਨਕ ਥਾਪਿਆ ਸੀ। ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪੁਤਰਾਂ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਦੇ ਬਜਾਏ ਆਪਣੇ ਜੁਆਈ ਰਾਮਦਾਸ ਜੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਗੱਦੀ ਦਾ ਯੋਗ ਵਾਰਸ ਚੁਣਿਆ ਸੀ। ਗੁਰੂ ਰਾਮਦਾਸ ਪਾਤਿਸ਼ਾਹ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਅਤੇ ਵਿਚਕਾਰਲੇ ਪੁੱਤਰ ਮਹਾਦੇਵ ਦੀ ਬਜਾਏ ਸਭ ਤੋਂ ਛੋਟੇ ਸਪੁੱਤਰ ਅਰਜਨ ਸਾਹਿਬ ਨੂੰ ਪੰਜਵਾਂ ਸਤਿਗੁਰੂ ਥਾਪਿਆ। ਗੁਰੂ ਅਰਜਨ ਸਾਹਿਬ ਨੇ ਆਪਣੇ ਸਪੁੱਤਰ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਿਤ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਮੇਂ ਆਪਣੇ ਪੋਤਰੇ ਹਰਿਰਾਏ ਸਾਹਿਬ ਨੂੰ ਗੁਰਗੱਦੀ ਦੇ ਵਧੇਰੇ ਯੋਗ ਪਾਇਆ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਦੀ ਬਜਾਏ ਛੋਟੇ ਸਪੁੱਤਰ ਹਰਿਕਿਸ਼ਨ ਜੀ ਨੂੰ ਗੁਰਗੱਦੀ ਤੇ ਸੁਸ਼ੋਭਿਤ ਕੀਤਾ। ਗੁਰੂ ਹਰਿਕਿਸ਼ਨ ਸਾਹਿਬ ਨੇ ਆਪਣੇ ਚਾਚਾ-ਦਾਦਾ ਤੇਗ ਬਹਾਦੁਰ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੀ ਅਲੌਕਿਕ ਗੁਰਗੱਦੀ ਦਾ ਵਾਰਸ ਚੁਣਿਆਂ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਆਪਣੇ ਸਪੁੱਤਰ ਗੋਬਿੰਦ ਰਾਏ ਜੀ ਨੂੰ ਇਹ ਮਹਾਨ ਜ਼ਿਮੇਂਵਾਰੀ ਸੌਂਪੀ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਣੇ ਚਾਰੇ ਸਪੁੱਤਰ ਧਰਮ ਤੋਂ ਵਾਰ ਕੇ, ਪੰਥ ਨੂੰ ਸਦੀਵ ਕਾਲ ਲਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ। ਆਪ ਜੀ ਦੀ ਇਹ ਗੱਲ ਗੁਰੂ ਘਰ ਦੇ ਸਿਧਾਂਤਾਂ ਅਤੇ ਇਤਿਹਾਸ ਨਾਲ ਬਿਲਕੁਲ ਮੇਲ ਨਹੀਂ ਖਾਂਦੀ।

ਆਪਣੇ ਵਿਚਾਰਾਂ ਵਿੱਚ, ਆਪ ਜੀ ਨੇ ਖੁਦ ਵੀ ਇਹ ਮੰਨਿਆਂ ਹੈ ਕਿ ਬਾਬਾ ਸਿਰੀ ਚੰਦ ਤੋਂ ਬਾਅਦ ਇਨ੍ਹਾਂ ਦੇ ਚਾਰ ਡੇਰੇ ਬਣ ਗਏ, ਹਾਲਾਂਕਿ ਆਪ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਨਾਂ ਵਿੱਚ ਬਦੋਬਦੀ ਜੋੜ ਲਿਆ ਹੈ।
ਇਹ ਚਾਰ ਡੇਰੇ ਇਸ ਵਾਸਤੇ ਬਣ ਗਏ ਸਨ ਕਿਉਂਕਿ ਗੁਰੂ ਬਣਨ ਦੇ ਚਾਹਵਾਨ ਬਹੁਤੇ ਸਨ, ਜਿਵੇਂ ਕਿ ਅੱਜ ਕੱਲ ਦੇ ਡੇਰਿਆਂ ਵਿੱਚ ਵੀ ਹੁੰਦਾ ਹੈ।

ਆਪ ਜੀ ਨੇ ਇਸ ਗੱਲ ਤੇ ਵੀ ਬੜਾ ਜ਼ੋਰ ਦਿੱਤਾ ਕਿ ਉਦਾਸੀ ਆਪਣੇ ਡੇਰਿਆਂ ਵਿੱਚ ਬਾਬਾ ਸਿਰੀ ਚੰਦ ਦੇ ਨਾਲ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਲਾਉਂਦੇ ਹਨ। ਇਸ ਰਾਹੀਂ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਗੁਰੂ ਨਾਨਕ ਪਾਤਿਸ਼ਾਹ ਨੂੰ ਹੀ ਗੁਰੂ ਮੰਨਦੇ ਹਨ ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਹੀ ਪ੍ਰਚਾਰ ਕਰ ਰਹੇ ਹਨ।

ਸਤਿਕਾਰਯੋਗ ਜੀਓ! ਗੁਰਬਾਣੀ ਤਾਂ ਹਰ ਤਰ੍ਹਾਂ ਦੀ ਬੁੱਤ ਪੂਜਾ ਦੀ ਨਿੰਦਾ ਕਰਦੀ ਹੈ। ਸਤਿਗੁਰੂ ਦਾ ਫੁਰਮਾਨ ਹੈ:

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥” {ਮਃ 1, ਪੰਨਾ 556}
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥” {ਮਹਲਾ 5, ਪੰਨਾ 1160}

ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਤਾਂ ਇਹ ਕੇਵਲ ਸਿੱਖਾਂ ਵਿੱਚ ਆਪਣੀ ਮਾਨਤਾ ਬਨਾਉਣ ਲਈ ਵਰਤ ਰਹੇ ਹਨ। ਇਸ ਦੇ ਨਾਲ ਹੀ, ਇਨ੍ਹਾਂ ਉੱਤਰ ਭਾਰਤ ਤੋਂ ਬਾਹਰਲੇ ਬਹੁਤੇ ਗੁਰਦੁਆਰੇ, ਜਿੱਥੇ ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ ਸਮੇਂ ਗਏ ਸਨ, ਵਿੱਚ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਹਨ ਅਤੇ ਕੂੜ ਪ੍ਰਚਾਰ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਉਥੇ ਆਏ ਤਾਂ ਉਨ੍ਹਾਂ ਨਾਲ ਬਾਬਾ ਸਿਰੀ ਚੰਦ ਵੀ ਸਨ, ਜਦਕਿ ਸਭ ਇਤਹਾਸਕ ਪ੍ਰਮਾਣ ਇਸ ਗੱਲ ਵਿੱਚ ਇਕ ਮਤ ਹਨ ਕਿ ਗੁਰੂ ਨਾਨਕ ਪਾਤਿਸ਼ਾਹ ਦੀਆਂ ਪ੍ਰਚਾਰ ਫੇਰੀਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਦੌਰਾਨ ਉਨ੍ਹਾਂ ਨਾਲ ਕੇਵਲ ਮਰਦਾਨਾ ਜੀ ਸਨ। ਇਸੇ ਬਹਾਨੇ ਇਨ੍ਹਾਂ ਕਈ ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਲੋਕ ਇਕ ਪਾਸੇ ਗੁਰੂ ਨਾਨਕ ਪਾਤਿਸ਼ਾਹ ਅਤੇ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾਲ ਹੀ ਬ੍ਰਾਹਮਣੀ ਦੇਵੀ ਦੇਵਤਿਆਂ ਸ਼ਿਵ, ਵਿਸ਼ਨੂ, ਸੂਰਜ, ਦੁਰਗਾ ਅਤੇ ਗਣੇਸ਼ ਦੀ ਪੂਜਾ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਪਰ ਉਸ ਦੇ ਇਲਾਹੀ ਗਿਆਨ ਨੂੰ ਅਪਨਾਉਣ, ਉਸ ਅਨੁਸਾਰ ਜੀਵਨ ਢਾਲਣ ਦੀ ਬਜਾਏ, ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਵੀ ਪੂਜਾ ਕਰਦੇ ਹਨ। ਬ੍ਰਾਹਮਣੀ ਮਤਿ ਅਨੁਸਾਰ ਹੀ, ਬਾਬਾ ਸਿਰੀ ਚੰਦ ਨੂੰ ਪ੍ਰਮਾਤਮਾ ਦਾ ਅਵਤਾਰ ਦਸਦੇ ਹਨ, ਜਦਕਿ ਗੁਰਬਾਣੀ ਦਾ ਫੁਰਮਾਣ ਹੈ ਕਿ ਪ੍ਰਮੇਸ਼ਰ ਕਦੇ ਜੂਨਾਂ ਵਿੱਚ ਨਹੀਂ ਆਉਂਦਾ:

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥”{ਰਾਗੁ ਭੈਰਉ ਮ: 5, ਪੰਨਾ 1136}

ਆਪ ਜੀ ਨੇ ਇਸ ਗੱਲ ਨੂੰ ਬਹੁਤ ਮਹੱਤਤਾ ਦਿੱਤੀ ਕਿ ਉਨ੍ਹਾਂ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਬਹੁਤ ਮਹੱਤਵਪੂਰਨ ਕਾਰਜ ਕੀਤਾ, ਜਦਕਿ ਇਹ ਗੱਲ ਵੀ ਤੱਥ ਵਿਹੂਣੀ ਹੈ। ਸਚਾਈ ਇਹ ਹੈ ਕਿ ਜਿਸ ਵੇਲੇ ਖਾਲਸਾ ਪੰਥ ਜੰਗਾਂ- ਜੁੱਧਾਂ ਵਿੱਚ ਰੁਝਾ ਹੋਇਆ ਸੀ, ਇਨ੍ਹਾਂ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਅਤੇ ਉਥੇ ਗੁਰਮਤਿ ਦੀ ਬਜਾਏ ਮਨਮਤਿ ਚਲਾ ਦਿੱਤੀ। ਇਨ੍ਹਾਂ ਗੁਰਧਾਮਾਂ ਅੰਦਰ ਹਰ ਤਰ੍ਹਾਂ ਦੇ ਬ੍ਰਾਹਮਣੀ ਕਰਮ ਕਾਂਡ ਸ਼ੁਰੂ ਕਰ ਦਿੱਤੇ, ਹੋਰ ਤਾਂ ਹੋਰ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਬਹੁਤ ਸਾਰੇ ਗੁਰਧਾਮਾਂ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ, ਜਿਨ੍ਹਾਂ ਨੂੰ ਚੁਕਾਉਣ ਵਾਸਤੇ ਸਿੱਖ ਕੌਮ ਨੂੰ ਬਹੁਤ ਔਕੜਾਂ ਸਹਿਣੀਆਂ ਪਈਆਂ। ਇਨ੍ਹਾਂ ਵਿੱਚੋਂ ਕਈ ਕਰਮਕਾਂਡਾਂ ਤੋਂ ਕੌਮ ਅੱਜ ਤਕ ਖਹਿੜਾ ਨਹੀਂ ਛੁੜਾ ਸਕੀ। ਸਿੱਖ ਕੌਮ ਵਿੱਚ ਹਰ ਤਰ੍ਹਾਂ ਦਾ ਨਸ਼ਾ ਕਰਨ ਦੀ ਮਨਾਹੀ ਹੈ ਜਦਕਿ ਆਮ ਤੌਰ ਤੇ ਇਹ ਭੰਗ, ਅਫੀਮ ਅਤੇ ਚਰਸ ਦਾ ਨਸ਼ਾ ਕਰਦੇ ਹਨ। ਇਤਨਾ ਹੀ ਨਹੀਂ, ਇਨ੍ਹਾਂ ਗੁਰਧਾਮਾਂ ਦੀ ਮਾਇਆ ਦੀ ਰੱਜ ਕੇ ਦੁਰਵਰਤੋਂ ਕੀਤੀ। ਗੁਰਧਾਮਾਂ ਦੀ ਸੌਖੀ ਮਾਇਆ ਮਿਲ ਜਾਣ ਕਾਰਨ ਇਨ੍ਹਾਂ ਦੇ ਆਚਰਣ ਵਿੱਚ ਵੀ ਵੱਡਾ ਨਿਘਾਰ ਆਇਆ। ਇਨ੍ਹਾਂ ਗੁਰਧਾਮਾਂ ਅੰਦਰ ਉਹ ਆਚਰਣ ਹੀਨ ਕੰਮ ਕੀਤੇ, ਜਿਨ੍ਹਾਂ ਨੂੰ ਕਹਿੰਦਿਆਂ ਲਿਖਦਿਆਂ ਵੀ ਸ਼ਰਮ ਆਉਂਦੀ ਹੈ। ਇਨ੍ਹਾਂ ਤੋਂ ਗੁਰਦੁਆਰੇ ਮੁਕਤ ਕਰਾਉਣ ਲਈ ਹੀ ਸਿੱਖ ਕੌਮ ਨੂੰ ਗੁਰਦੁਆਰਾ ਸੁਧਾਰ ਲਹਿਰ ਚਲਾਉਣੀ ਪਈ, ਜਿਸ ਵਿੱਚ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਸੈਂਕੜੇ ਸ਼ਹਾਦਤਾਂ ਦੇਣੀਆਂ ਪਈਆਂ। ਇਨ੍ਹਾਂ ਦੀ ਸੰਪਰਦਾ ਦੇ ਹੀ ਇਕ ਮਹੰਤ ਨਰੈਣ ਦਾਸ, ਜਿਸਨੂੰ ਆਮ ਤੌਰ ਤੇ ਸਿੱਖ ਕੌਮ ਵਿੱਚ ਮਹੰਤ ਨਰੈਣੂ ਕਹਿ ਕੇ ਯਾਦ ਕੀਤਾ ਜਾਂਦਾ ਹੈ, ਨੇ ਅੰਗ੍ਰੇਜ਼ ਸਰਕਾਰ ਦੀ ਸ਼ਹਿ ਤੇ ਨਨਕਾਣਾ ਸਾਹਿਬ ਵਿਖੇ, ਆਪਣੇ ਹਥਿਆਰ ਬੰਦ ਗੁੰਡਿਆਂ ਕੋਲੋਂ ਸੈਂਕੜੇ ਸਿੱਖਾਂ ਦਾ ਕਤਲ ਕਰਾਇਆ। ਸ਼ਾਂਤਮਈ ਸਿੱਖਾਂ ਨੂੰ ਜੰਡਾਂ ਨਾਲ ਬੰਨ ਕੇ ਕੁੱਟਿਆ ਅਤੇ ਸਾੜਿਆ ਗਿਆ, ਅਕਹਿ ਅਤੇ ਅਸਹਿ ਜ਼ੁਲਮ ਕੀਤੇ ਗਏ। ਬਾਕੀ ਗੁਰਦੁਆਰਿਆਂ ਵਿੱਚ ਵੀ ਸਿੱਖਾਂ ਨੂੰ ਲਾਸਾਨੀ ਕੁਰਬਾਨੀਆਂ ਕਰਨੀਆਂ ਪਈਆਂ। ਜਿਥੇ ਸਿੱਖ ਅਬਾਦੀ ਘੱਟ ਹੈ, ਉਥੇ ਕਈ ਇਤਿਹਾਸਕ ਸਿੱਖ ਗੁਰਦੁਆਰਿਆਂ ਤੇ ਇਹ ਅੱਜ ਵੀ ਕਾਬਜ਼ ਹਨ।

ਅੱਜ ਵੀ ਜਿਨ੍ਹਾਂ ਗੁਰਧਾਮਾਂ ਤੇ ਇਹ ਕਾਬਜ਼ ਹਨ ਜਾਂ ਜੋ ਇਨ੍ਹਾਂ ਆਪਣੇ ਡੇਰੇ ਬਣਾਏ ਹਨ, ਉਨ੍ਹਾਂ ਵਿੱਚ ਗੁਰਮਤਿ ਦਾ ਨਾਮੋ-ਨਿਸ਼ਾਨ ਨਹੀਂ ਅਤੇ ਉਥੇ ਗੁਰਮਤਿ ਸਿਧਾਤਾਂ ਦੇ ਉਲਟ ਮੂਰਤੀ ਪੁਜਾ ਸਮੇਤ ਸਾਰੇ ਕਰਮਕਾਂਡ ਕੀਤੇ ਜਾਂਦੇ ਹਨ। ਅੱਜ ਵੀ ਇਹ ਸਿੱਖ ਕੌਮ ਵਿੱਚ ਘੁਸਪੈਠ ਦਾ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਹਨ। ਆਮ ਤੌਰ ਤੇ ਸਿੱਖ ਸਿਧਾਂਤਾਂ ਦੇ ਉਲਟ, ਇਹ ਲੋਕ ਬਹੁਤੇ ਤੌਰ ਤੇ ਵਾਲਾਂ ਦੀਆਂ ਜਟਾਂ ਬਣਾ ਕੇ ਜਾਂ ਸਿਰ ਮੁਨਾ ਕੇ ਰਖਦੇ ਹਨ ਪਰ ਬਦਲੇ ਹਾਲਾਤ ਵੇਖ ਕੇ ਬਹੁਤ ਸਾਰਿਆਂ ਨੇ ਕੇਸ ਰਖਣੇ ਸ਼ੁਰੂ ਕਰ ਦਿੱਤੇ, ਤਾਂਕਿ ਸਿੱਖ ਕੌਮ ਵਿੱਚ ਮਾਨਤਾ ਪ੍ਰਾਪਤ ਕਰਨ ਵਿੱਚ ਬਹੁਤੀ ਔਕੜ ਨਾ ਆਵੇ। ਅੱਜ ਸਿੱਖ ਕੌਮ ਵਿੱਚ ਸਥਾਪਤ ਬਹੁਤ ਸਾਰੇ ਡੇਰੇ ਇਨ੍ਹਾਂ ਦੇ ਪਿਛੋਕੜ ਵਾਲੇ ਹਨ। ਇਨ੍ਹਾਂ ਵਿੱਚੋਂ ਇਕ ਪ੍ਰਮੁਖ ਗੋਬਿੰਦ ਸੱਦਨ ਦਿੱਲੀ ਹੈ। ਇਸ ਦੇ ਸਥਾਪਕ ਵਿਰਸਾ ਸਿੰਘ ਬਾਰੇ ਕਹਾਣੀ ਪ੍ਰਚਲਤ ਕੀਤੀ ਗਈ ਹੈ ਕਿ ਇਸ ਦੇ ਬਹੁਤ ਤਪੱਸਿਆ ਕਰਨ ਤੇ ਬਾਬਾ ਸਿਰੀ ਚੰਦ ਨੇ ਆਪ ਇਸ ਨੂੰ ਦਰਸ਼ਨ ਦਿੱਤੇ, ਅਤੇ ਧਰਮ ਦਾ ਮਾਰਗ ਦੱਸਿਆ। ਇਸ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਅਤੇ ਨਾਲ ਹੀ ਉੱਥੇ ਹਰ ਵੇਲੇ ਹਵਨ ਹੁੰਦੇ ਰਹਿੰਦੇ ਹਨ। ਹਿੰਦੂਤੱਵੀ ਤਾਕਤਾਂ ਦਾ ਏਜੰਟ ਬਣ ਕੇ ਇਹ ਵਿਰਸਾ ਸਿੰਘ ਸਾਰੀ ਜ਼ਿੰਦਗੀ ਸਿੱਖੀ ਨੂੰ ਹਿੰਦੂ ਧਰਮ ਦਾ ਅੰਗ ਬਨਾਉਣ ਦੀ ਕੋਸ਼ਿਸ਼ ਵਿੱਚ ਹੀ ਲੱਗਾ ਰਿਹਾ। ਵਿਰਸਾ ਸਿੰਘ ਤਾਂ ਭਾਵੇਂ ਆਪਣੀ ਉਮਰ ਭੋਗ ਕੇ ਜਾ ਚੁੱਕਾ ਹੈ ਪਰ ਆਪਣੇ ਡੇਰਿਆਂ ਦੇ ਰੂਪ ਵਿੱਚ ਜੋ ਪਾਪ ਦਾ ਬੀਜ ਉਹ ਬੀਜ ਗਿਆ ਹੈ, ਉਸ ਦਾ ਸੰਤਾਪ ਸਿੱਖ ਕੌਮ ਨੂੰ ਪਤਾ ਨਹੀਂ ਕਿਤਨੀ ਦੇਰ ਭੋਗਣਾ ਪਵੇਗਾ? ਇਨ੍ਹਾਂ ਨੂੰ ਵੱਡੀ ਸਫਲਤਾ ਉਸ ਵੇਲੇ ਮਿਲਦੀ ਹੈ, ਜਦੋਂ ਸਿਆਸੀ ਆਗੂ ਆਪਣੇ ਸਿਆਸੀ ਹਿੱਤਾਂ ਵਾਸਤੇ ਇਨ੍ਹਾਂ ਨੂੰ ਮਾਨਤਾ ਦੇਂਦੇ, ਵਿਸ਼ੇਸ਼ ਸਤਿਕਾਰ ਦੇਂਦੇ ਅਤੇ ਇਨ੍ਹਾਂ ਦੇ ਡੇਰਿਆਂ ਤੇ ਜਾਂਦੇ ਹਨ।

ਆਪ ਜੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨਗਰ ਬਾਬਾ ਸਿਰੀ ਚੰਦ ਨੇ ਵਸਾਇਆ। ਇਹ ਗੱਲ ਵੀ ਬਿਲਕੁਲ ਗਲਤ ਹੈ।

ਡੇਰਾ ਬਾਬਾ ਨਾਨਕ ਕਰਤਾਰਪੁਰ ਦਾ ਹੀ ਇਕ ਹਿੱਸਾ ਸੀ ਜੋ ਗੁਰੂ ਨਾਨਕ ਪਾਤਿਸ਼ਾਹ ਨੇ ਵਸਾਇਆ ਸੀ। ਗੁਰੂ ਨਾਨਕ ਪਾਤਿਸ਼ਾਹ ਜਿੱਥੇ ਜੋਤੀ ਜੋਤਿ ਸਮਾਏ, ਉਥੇ ਕੁਝ ਲੋਕਾਂ ਨੇ, ਉਨ੍ਹਾਂ ਦੀ ਆਗਿਆ ਵਿਰੁਧ ਗੁਰੂ ਨਾਨਕ ਪਾਤਿਸ਼ਾਹ ਦੀ ਸਮਾਧ ਬਣਾ ਲਈ, ਜੋ ਉਸ ਇਲਾਕੇ ਸਮੇਤ ਰਾਵੀ ਦਰਿਆ ਦੇ ਪ੍ਰਵਾਹ ਵਿੱਚ ਲੋਪ ਹੋ ਗਈ। ਉਸ ਬਸਤੀ ਦੀ ਜਗਾ ਨਵੀਂ ਬਸਤੀ ਬਣੀ, ਉਥੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਧਰਮ ਚੰਦ ਨੇ ਨਵੀਂ ਸਮਾਧ ਬਣਵਾਈ ਅਤੇ ਇਲਾਕੇ ਦਾ ਨਾਂ ਦੇਹਰਾ ਬਾਬਾ ਨਾਨਕ ਰੱਖਿਆ। (ਮਹਾਨ ਕੋਸ਼ ਪੰਨਾ 694)

ਆਪ ਜੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਮਹੰਤ ਬਹੁਤ ਵਿਦਵਾਨ ਹਨ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਵਿੱਚੋਂ ਕਈ ਚੰਗੇ ਵਿਦਵਾਨ ਵੀ ਹਨ ਪਰ ਉਨ੍ਹਾਂ ਦੀ ਵਿਦਵਤਾ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਬਾਰੇ ਨਹੀਂ ਬਲਕਿ ਬ੍ਰਾਹਮਣੀ ਵਿਚਾਰਧਾਰਾ ਬਾਰੇ ਹੈ। ਸਗੋਂ ਇਹ ਗੁਰਬਾਣੀ ਦੀ ਵੀ ਸਨਾਤਨੀ ਵਿਆਖਿਆ ਕਰਕੇ ਇਸ ਨੂੰ ਵੀ ਬ੍ਰਾਹਮਣੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਠਾਰਵੀਂ ਸਦੀ ਦੇ ਅੰਤ ਅਤੇ ਉਨੀਵੀਂ ਸਦੀ ਦੇ ਸ਼ੁਰੂ ਦੇ, ਇਨ੍ਹਾਂ ਦੇ ਇਕ ਵਿਦਵਾਨ ਅਨੰਦ ਘਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਜੋ ਪੂਰੀ ਤਰ੍ਹਾਂ ਹਿੰਦੂ ਵੈਦਿਕ ਗ੍ਰੰਥਾਂ ਤੇ ਅਧਾਰਤ ਹੈ, ਇਸ ਵਿੱਚ ਗੁਰਬਾਣੀ ਦਾ ਵੀ ਪੂਰੀ ਤਰ੍ਹਾਂ ਬ੍ਰਾਹਮਣੀਕਰਣ ਕੀਤਾ ਗਿਆ ਹੈ।

ਆਪ ਨੇ ਬਾਰ ਬਾਰ ਕਿਹਾ ਕਿ ਇਹ ਕਹਿੰਦੇ ਹਨ ਕਿ ਅਸੀਂ ਸਿੱਖ ਹਾਂ, ਅਸੀਂ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਰ ਰਹੇ। ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ ਹਾਂ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੂੰ ਅਪਨਾਏ ਬਿਨਾਂ ਇਹ ਕਹੇ ਕਿ ਮੈਂ ਸਿੱਖ ਹਾਂ ਤਾਂ ਕੀ ਸਾਨੂੰ ਉਸ ਨੂੰ ਸਿੱਖ ਦੇ ਤੌਰ ਤੇ ਮਾਨਤਾ ਦੇ ਦੇਣੀ ਚਾਹੀਦੀ ਹੈ? ਜੇ ਆਪ ਜੀ ਦਾ ਜੁਆਬ ‘ਹਾਂ’ ਵਿੱਚ ਹੈ ਤਾਂ ਨਾਲ ਹੀ ਇਹ ਦੱਸਣ ਦੀ ਖੇਚਲ ਕਰਨੀ ਕਿ ਕੀ ਆਪ ਪਾਸ ਰਹਿੰਦੀ-ਖੁਹੰਦੀ ਬਾਕੀ ਸਿੱਖੀ ਨੂੰ ਬਰਬਾਦ ਕਰਨ ਲਈ ਇਸ ਤੋਂ ਵਧੀਆ ਕੋਈ ਹੋਰ ਜੰਤਰ ਵੀ ਹੈ?

ਬੇਸ਼ਕ ਆਪ ਦੀ ਭਾਵਨਾ ਬਹੁਤ ਚੰਗੀ ਹੈ ਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਇਕੱਠੇ ਹੋ ਜਾਣ ਅਤੇ ਸਿੱਖ ਕੌਮ ਦੀ ਗਿਣਤੀ ਬਹੁਤ ਵੱਧ ਜਾਵੇ। ਮੈਂ ਸਮਝਦਾ ਹਾਂ ਕਿ ਇਹ ਭਾਵਨਾ ਹਰ ਸਿੱਖ ਦੀ ਹੈ, ਲੇਕਿਨ, ਇਕ ਖਾਸ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸਿੱਖ ਕੌਮ ਗਿਣਤੀ ਪ੍ਰਧਾਨ (Quantitative) ਨਹੀਂ, ਗੁਣਤਾ ਪ੍ਰਧਾਨ (Qualitative) ਧਰਮ ਹੈ। ਸਿੱਖ ਕੌਮ ਵਿੱਚ ਵਾਧਾ ਤਾਂ ਹੀ ਹੋ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਸਿਧਾਂਤਾਂ ਤੇ ਪਹਿਰਾ ਦੇਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਵੇ, ਜੇ ਗੁਰੂ ਨਾਨਕ ਪਾਤਿਸ਼ਾਹ ਦੇ ਪਾਵਨ ਸਿਧਾਂਤਾਂ ਅਨੁਸਾਰ ਜੀਵਨ ਦੀ ਢਾਲਣਾ ਹੈ, ਤਾਂ ਸਿੱਖੀ ਹੈ, ਕੇਵਲ ਗੁਰੂ ਨਾਨਕ ਪਾਤਿਸ਼ਾਹ ਦੀ ਫੋਟੋ ਜਾਂ ਮੂਰਤੀ ਪੂਜਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਬਲਕਿ ਇਹ ਦੋਨੋਂ ਕਰਮ ਗੁਰਮਤਿ ਵਿਰੋਧੀ ਹਨ।

ਆਪ ਜੀ ਦੀ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਆਗੂਆਂ ਨੇ ਕੌਮ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਇਆ, ਜਿਸ ਨਾਲ ਉਹ ਬਹੁਤ ਭਾਈਚਾਰੇ ਜੋ ਸਿੱਖੀ ਦੇ ਮਾਰਗ ਤੇ ਹੀ ਚੱਲ ਰਹੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸਨ, ਪੂਰੀ ਤਰ੍ਹਾਂ ਸਿੱਖੀ ਅਪਨਾਉਣ ਤੋਂ ਵਾਂਝੇ ਰਹਿ ਗਏ ਹਨ, ਬਲਕਿ, ਬਹੁਤੇ ਤਾਂ ਪਿੱਛੇ ਮੁੜ ਗਏ ਹਨ। ਜਿਵੇਂ ਆਪ ਜੀ ਨੇ ਸਿੰਧੀਆਂ, ਕਬੀਰ ਪੰਥੀਆਂ, ਵਣਜਾਰਿਆਂ ਆਦਿ ਬਾਰੇ ਵੀ ਆਖਿਆ। ਅਸਲ ਵਿੱਚ ਇਨ੍ਹਾਂ ਨੂੰ ਉਦਾਸੀਆਂ ਨਿਰਮਲਿਆਂ ਆਦਿ ਨਾਲ ਜੋੜਨਾ ਤਾਂ ਬਿਲਕੁਲ ਹੀ ਗ਼ਲਤ ਹੈ, ਕਿਉਂਕਿ ਇਹ ਭਾਈਚਾਰੇ ਹਨ ਅਤੇ ਉਹ ਡੇਰੇ। ਆਪ ਜੀ ਨੇ ਆਪ ਮੰਨਿਆਂ ਵੀ ਹੈ ਕਿ ਬੇਸ਼ਕ ਸ੍ਰੋਮਣੀ ਕਮੇਟੀ ਇਸ ਕਾਰਜ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਪਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵਣਜਾਰੇ ਵੀਰਾਂ ਦਾ ਜੀਵਨ ਪੱਧਰ ਉੱਚਾ ਚੁਕਣ, ਉਨ੍ਹਾਂ ਨੂੰ ਗੁਰਮਤਿ ਵਿਚਾਰਾਧਾਰਾ ਨਾਲ ਮੁੜ ਤੋਂ ਜੋੜਨ ਅਤੇ ਸਿੱਖੀ ਮੁੱਖਧਾਰਾ ਵਿੱਚ ਵਾਪਸ ਲਿਆਉਣ ਲਈ ਵੱਡੇ ਉਪਰਾਲੇ ਕਰ ਰਹੇ ਹਨ। ਇਹ ਉਪਰਾਲੇ ਬਾਕੀ ਵੀਰਾਂ ਵਾਸਤੇ ਵੀ ਕਰਨ ਦੀ ਲੋੜ ਹੈ। ਜਿਵੇਂ ਕਿ ਉਸ ਦਿਨ ਪ੍ਰੋਗਰਾਮ ਦੇ ਐਂਕਰ ਗੁਰਪ੍ਰੀਤ ਸਿੰਘ ਨੇ ਵੀ ਕਿਹਾ ਸੀ, ਜਿਨੇਂ ਕੁ ਉਹ ਗੁਰਮਤਿ ਨੂੰ ਸਮਝਦੇ ਹਨ, ਉਨ੍ਹਾਂ ਨੂੰ ਗੁਰਮਤਿ ਬਾਰੇ ਹੋਰ ਜਾਣਕਾਰੀ ਦੇ ਕੇ ਸਿੱਖੀ ਮੁੱਖਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਜੋ ਭੁਲੜ ਸਿੱਖ ਇਨ੍ਹਾਂ ਉਦਾਸੀਆਂ ਜਾਂ ਨਿਰਮਲਿਆਂ ਆਦਿ ਦੇ ਡੇਰਿਆਂ ਤੇ ਜਾਂਦੇ ਹਨ ਉਨ੍ਹਾਂ ਨੂੰ ਵੀ ਗੁਰਮਤਿ ਮਾਰਗ ਸਮਝਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਵੱਡੀ ਲੋੜ ਹੈ ਪਰ ਇਸ ਏਕਤਾ ਦੇ ਨਾਂ ਥੱਲੇ ਇਨ੍ਹਾਂ ਡੇਰਿਆਂ ਅਤੇ ਇਨ੍ਹਾਂ ਦੇ ਮਹੰਤਾਂ ਨੂੰ ਸਿੱਖੀ ਵਿੱਚ ਮਾਨਤਾ ਦੇਣਾ, ਆਤਮਘਾਤੀ ਹੋਵੇਗਾ। ਇਸ ਪ੍ਰਤੀ ਹਰ ਸਿੱਖ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਆਪ ਜੀ ਦੀਆਂ ਗੱਲਾਂ ਤੋਂ ਸਪੱਸ਼ਟ ਜਾਪਦਾ ਸੀ ਕਿ ਆਪ ਜੀ ਸ਼੍ਰੋਮਣੀ ਕਮੇਟੀ ਦੇ ਆਗੂਆਂ ਨਾਲ ਆਪਣੀ ਕਿੜ ਕੱਢਣੀ ਚਾਹੁੰਦੇ ਸੀ। ਸਾਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ, ਜ਼ਰੂਰ ਕੱਢੋ, ਪਰ ਕਿਰਪਾ ਕਰ ਕੇ ਆਪਣੀ ਕਿੱੜ ਵਾਸਤੇ ਸਿੱਖ ਸਿਧਾਂਤਾਂ ਦਾ ਮਜ਼ਾਕ ਨਾ ਉਡਾਓ।

ਇਥੇ ਇਹ ਲਿਖਦੇ ਵੀ ਬਹੁਤ ਦੁਖ ਹੁੰਦਾ ਹੈ ਕਿ ਜ਼ੀ ਪੰਜਾਬੀ ਤੇ ‘’ ਪ੍ਰੋਗਰਾਮ ਸ਼ੁਰੂ ਹੋਣ ਤੇ ਬਹੁਤ ਖੁਸ਼ੀ ਹੋਈ ਸੀ ਕਿ ਸ਼ਾਇਦ ਕੋਈ ਟੀ. ਵੀ. ਚੈਨਲ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਉਪਰਾਲਾ ਕਰ ਰਿਹਾ ਹੈ ਪਰ ਅਜਿਹੇ ਪ੍ਰੋਗਰਾਮ ਵੇਖ ਕੇ ਭਾਰੀ ਨਿਰਾਸਤਾ ਹੋਈ ਹੈ। ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਕੁਝ ਸਵੈ ਪੜਚੋਲ ਕਰਨ।

ਉਪਰ ਜੋ ਕੁਝ ਲਿਖਿਆ ਹੈ, ਉਸ ਵਿੱਚੋ ਕੋਈ ਗੱਲ ਗੁਰਮਤਿ ਅਨੁਸਾਰੀ ਨਾ ਹੋਵੇ ਤਾਂ ਮੈਂ ਉਸ ਵਾਸਤੇ ਜੁਆਬ ਦੇਹ ਹਾਂ। ਫਿਰ ਵੀ ਅਨਭੋਲ ਹੋਈਆਂ ਭੁੱਲਾਂ ਵਾਸਤੇ ਖਿਮਾਂ ਮੰਗਦਾ ਹੋਇਆ,

ਗੂਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top