ਨਵੇਂ
ਘਰ ਦੀ ਖੁਸ਼ੀ ਵਿੱਚ ਸ਼ਰਧਾਲੂ ਨੇ ਬਾਬਿਆਂ ਨੂੰ ਚਰਨ ਪਾਉਣ ਲਈ ਸੱਦਿਆ ਹੋਇਆ ਸੀ। ਸੇਵਕ, ਸਮੇਤ
ਪ੍ਰਵਾਰ ਦੇ ਖੁਸ਼ੀ ਵਿੱਚ ਖੀਵਾ ਹੋਇਆ ਅੱਗੇ-ਪਿੱਛੇ ਫਿਰ ਰਿਹਾ ਸੀ। ਤਰ੍ਹਾਂ-ਤਰ੍ਹਾਂ ਦੇ ਪਕਵਾਨਾ
ਦੀ ਮਹਿਕ ਘਰ ਦੀਆਂ ਤਿੱਖੀਆਂ ਲਾਇਟਾਂ ਵਿੱਚ ਘੁਲ ਕੇ ਕਿਸੇ ਸਵਰਗ ਵਰਗਾ ਨਜਾਰਾ ਪੇਸ਼ ਕਰ ਰਹੀ
ਸੀ। ਬਾਬਾ ਜੀ ਦੀ ਰੱਜਵੀਂ ਸੇਵਾ ਕੀਤੀ ਸੇਵਕ ਪ੍ਰਵਾਰ ਨੇ। ਬਾਬਾ ਜੀ ਕਿਉਂਕਿ ਪ੍ਰਗਟ ਮਾਇਆ ਨੂੰ
ਹੱਥ ਨਹੀ ਸਨ ਲਾਉਂਦੇ ਇਸ ਲਈ ਸੇਵਕ ਨੇ ਇਸ ਨਾਗਣੀ ਨੂੰ ਚਿੱਟੇ ਦੁੱਧੀਆ ਲਫਾਫੇ ਵਿੱਚ ਗੁਪਤ ਕਰਕੇ
ਬਾਬਿਆਂ ਦੇ ਗੋਡੇ ਹੇਠ ਰੱਖ ਦਿੱਤਾ।
ਬਾਬਾ ਜੀ ਨਿਹਾਲੋ-ਨਿਹਾਲ ਹੋਏ ਖੁਸ਼ੀਆਂ ਬਖਸ਼ ਰਹੇ ਸਨ ਤੇ ਸੇਵਕ ਨੂੰ ਸਮੇਤ ਪਤਨੀ ਥਾਪੜੇ ਦੇ ਰਹੇ
ਸਨ। ਆਖਰ ਸੇਵਕ ਨੇ ਸਾਰਾ ਘਰ ਦਿਖਾਇਆ। ਵਾਸ਼ਰੂਮਾਂ ਵਿੱਚ ਵੀ ਬਾਬਿਆਂ ਦੇ ਚਰਨ ਪਵਾ ਕੇ
‘ਪਵਿਤੱਰ’ ਕੀਤੇ, ਹੋ ਸਕਦਾ ਮਾੜੀਆਂ ਚੀਜਾਂ ਵਾਸ਼ਰੂਮਾਂ ਵਿੱਚ ਹੀ ਡੇਰੇ ਜਮਾ ਲੈਣ ਸੋ ਸੇਵਕ ਨੇ
ਵਾਸ਼ਰੂਮ ਵੀ ‘ਪਵਿਤੱਰ’ ਕਰਾ ਲਏ। ਘਰ ਦੇਖਦਿਆਂ ਬਾਬਾ ਜੀ ਕੁੱਝ ਪ੍ਰੇਸ਼ਾਨ ਜਿਹੇ ਲਗ ਰਹੇ ਸਨ।
ਆਖਰ ਉਹਨੀਂ ਸੇਵਕ ਨੂੰ ਕੋਲੇ ਸੱਦਿਆ ਅਤੇ ਬੱਚਨ ਕੀਤਾ,
“ਦੇਖ ਬਈ ਗੁਰਮੱਖਾ, ਤੇਰਾ ਘਰ ਬਹੁਤ ਸੋਹਣਾ ਪਰ ਤੂੰ ਸਭ ਪਾਸੇ ਗੁਰਬਾਣੀ ਟੰਗੀ ਫਿਰਦਾਂ ਗੁਰੁ
ਮਹਾਰਾਜ ਦੇ ਸਰੂਪ ਦੇ ਦਰਸ਼ਨ ਹੀ ਨਹੀ ਹੋਏ। ਤੈਨੂੰ ਪਤਾ ਜਿਥੇ ਗੁਰੂ ਨਾ ਹੋਵੇ ਉਹ ਘਰ ਭੁਤ ਘਰਾਂ
ਵਰਗੇ ਹੁੰਦੇ। ਹਾਂਅ!
ਬਾਬਾ ਜੀ ਨੇ ਸ਼ਰਧਾਲੂ ਵਲੋਂ ਖਾਸ-ਖਾਸ ਥਾਵਾਂ ਤੇ ਗੁਰਬਾਣੀ ਫਰੇਮ ਕਰਕੇ ਟੰਗੀ ਵਲ ਇਸ਼ਾਰਾ
ਕਰਦਿਆਂ ਕਿਹਾ।
“ਨਾਲੇ ਹੋਰ ਸੁਣ! ਛੱਤੀ ਚੀਜਾਂ ਘਰ ਵਿੱਚ ਬਣਦੀਆਂ, ਤੁੜਕੇ ਲਗਦੇ, ਪ੍ਰਸ਼ਾਦੇ ਪੱਕਦੇ, ਇੰਝ ਧੂੰਏਂ
ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ, ਸਮਝੇ?
ਸੇਵਕ ਨੇ ਸੱਤ ਬੱਚਨ ਕਰਦਿਆਂ ਹੁਕਮ ਮੰਨਣ ਦਾ ਵਚਨ ਦਿੱਤਾ।
ਬਾਅਦ ਵਿੱਚ ਬਾਬੇ ਦਾ ਇੱਕ ਖਾਸ ਚੇਲਾ ਬਾਬਿਆਂ ਨੂੰ ਸਹਿਜ ਜਿਹੇ ਪੁੱਛਦਾ ਹੈ, “ਬਾਬਿਉ ਗੁਰਬਾਣੀ
ਵੀ ਤਾਂ ਗੁਰੂ ਹੀ ਹੈ, ਨਾਲੇ ਬਾਬੇ ਨਾਨਕ ਨੂੰ ਨਾ ਧੂੰਏਂ ਜਾਂ ਤੜਕਿਆਂ ਦੀ ਸਮੈਲ ਆਵੇਗੀ” ?
“ਤੂੰ ਗਧਾ ਹੀ ਰਿਹਾ! ਸਮਝ ਮੈ ਕੀ ਕਹਿ ਰਿਹਾਂ? ਉਹ ਤੇਰੀ ਲਗਦੀ ਕੋਈ ਪੰਗਤੀ ਜੇ ਉਹਨਾ ਚੋਂ ਕਿਸੇ
ਦੀ ਸਮਝ ਆ ਗਈ ਤਾਂ ਤੈਨੂੰ ਮੈਂਨੂੰ ਘਰੇ ਕੋਈ ਕਿਉਂ ਵਾੜੂ? ਮੂਰਤੀ ਨੇ ਕਿਹੜਾ ਬੋਲਣਾ ਭਾਵੇਂ
ਸਦੀਆਂ ਟੰਗੀ ਰਹੇ! ਅਪਣਾ ‘ਵੱਡਾ ਭਾਈ’ ਮੂਰਖ ਸੀ ਜਿਸ ਪੱਥਰਾਂ ਦੇ ਗੁੰਗ ਵੱਟੇ ਹਜਾਰਾਂ ਸਾਲਾਂ
ਤੋਂ ਲੋਕਾਂ ਨੂੰ ਖੇਡਣ ਨੂੰ ਦੇ ਛੱਡੇ ਤੇ ਮੌਜਾਂ ਕੀਤੀਆਂ?
ਚੇਲਾ ਧੰਨ ਬਾਬਾ ਜੀ-ਧੰਨ ਬਾਬਾ ਜੀ ਕਰਦਾ ਪੈਂਰੀ ਡਿੱਗ ਪਿਆ ਤੇ ਬਾਬਾ ਫੌਜਾ ਸਿੰਘ ਸ਼ਰਧਾਲੂ ਵਲੋਂ
ਗੁਰਬਾਣੀ ਲਾਹਕੇ ਮੂਰਤੀਆਂ ਟੰਗਦਿਆਂ ਦੇਖ ਹਉਕੇ ਭਰਨ ਲਗਿਆ।