Share on Facebook

Main News Page

ਗੁਰਦੁਆਰਾ ਚੋਣਾਂ ਵਿਚ ਲੋਕਤੰਤਰ ਦੇ ਫੇਲ ਹੋ ਜਾਣ ਤੋਂ ਬਾਅਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ ਪ੍ਰਾਪਤ ਜਿੱਤ ਦੇ ਵਿਸ਼ਲੇਸਨ ਅਜੇ ਕੀਤੇ ਜਾਣੇ ਹਨ। ਇਕ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਜ਼ਰੂਰ ਰੜਕਦੀ ਰਹੇਗੀ ਕਿ ‘ਜਿਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੈਂਬਰਾਂ ਸਿਰ ਗੁਰਦੁਆਰਾ ਸੁਧਾਰ ਦਾ ਸੇਵਾ ਵਰਗਾ ਕੰਮ ਹਿੱਸੇ ’ਚ ਆਉਂਦਾ ਹੈ ਉਹਨਾਂ ਚੋਣਾਂ ਵਿਚ ਚੋਣ ਬੂਥਾਂ ’ਤੇ ਕਬਜ਼ੇ ਕਰਨ, ਗੈਰਕਾਨੂੰਨੀ ਢੰਗ ਨਾਲ ਵੋਟਾਂ ਦੇ ਭੁਗਤਾਨ, ਸਿੱਖ ਵਿਰੋਧੀ ਤਾਕਤਾਂ ਦਾ ਸਹਾਰਾ ਲੈਣ ਅਤੇ ਆਪਣੇ ਮੁਕਾਬਲੇ ’ਚ ਖੜੇ ਸਿੱਖ ਉਮੀਦਵਾਰਾਂ ’ਤੇ ਗੋਲੀ ਚਲਾ ਕੇ ਫੱਟੜ ਕਰਨ ਵਰਗੀਆਂ ਘਟਨਾਵਾਂ ਦਾ ਪੈਦਾ ਹੋਣਾ ਪੰਜਾਬ ਦੇ ਭਵਿੱਖ ਦੀ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ?

ਪੰਜਾਬ ’ਚ ਇਹੋ ਜਿਹੀਆਂ ਘਟਨਾਵਾਂ ਪਹਿਲੀ ਵਾਰ ਹੋਈਆਂ ਹਨ ਇਸ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਲਈ ਹਿੰਸਾ ਦੀ ਵਰਤੋਂ ਕਰਕੇ ਕਬਜ਼ੇ ਕਰਨ ਦਾ ਰਾਹ ਵੀ ਖੁੱਲ ਦਾ ਦਿੱਸ ਰਿਹਾ ਹੈ। ਘਟਨਾਵਾਂ ਤੋਂ ਫੌਰੀ ਬਾਅਦ ਆਏ ਪ੍ਰਤੀਕਰਮ ਵਿਚ ਜਿਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਅਸਲ ਵਿਚ ਇਹ ਚੋਣਾਂ ਧਾਰਮਿਕ ਨਾ ਹੋ ਕੇ ਉਹਨਾਂ ਲੋਕਾਂ ਵੱਲੋਂ ਲੜੀਆਂ ਗਈਆਂ ਹਨ ਜੋ ਲੋਕ ਸਿੱਧੇ ਰੂਪ ਵਿਚ ਸਿਆਸਤ ਨਾਲ ਸਬੰਧ ਰੱਖਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਸਮੇਤ ਸਾਰੀਆਂ ਚੋਣ ਲੜ ਰਹੀਆਂ ਪਾਰਟੀਆਂ ਪੰਜਾਬ ਦੀ ਸਿਆਸਤ ’ਚ ਪੂਰੀ ਤਰ੍ਹਾਂ ਸਰਗਰਮ ਹਨ ਇਹ ਹੀ ਕਾਰਨ ਹੈ ਕਿ ਇਹ ਚੋਣਾਂ ਭਾਵੇਂ ਧਾਰਮਿਕ ਸਨ ਪਰ ਇਹਨਾਂ ਦਾ ਸਾਰਾ ਵਰਤਾਰਾ ਸਿਆਸੀ ਢੰਗ ਤਰੀਕੇ ਵਾਂਗੂ ਹੀ ਵਰਤਾਇਆ ਗਿਆ। ਤਕਰੀਬਨ ਸਾਰੀਆਂ ਹੀ ਪਾਰਟੀਆਂ ਦਾ ਮੁੱਖ ਮਨੋਰਥ ਗੁਰਦੁਆਰਾ ਪ੍ਰਬੰਧ ’ਚ ਸੇਵਾ ਵਜੋਂ ਦਾਖਲ ਨਾ ਹੋ ਕੇ ਸਿਆਸਤ ਵਜੋਂ ਦਾਖਲ ਹੋਣਾ ਮੰਨਿਆ ਗਿਆ ਹੈ। ਇਹਨਾਂ ਚੋਣਾਂ ’ਚ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕੀਤੇ ਜਾਣ ਦਾ ਕਾਰਨ ਵੀ ਇਹ ਸਿੱਧ ਕਰਦਾ ਹੈ ਕਿ ਚੋਣ ਲੜ ਰਹੀਆਂ ਸਬੰਧਤ ਧਿਰਾਂ ਦੇ ਮਨ ’ਚ ਸਿੱਖ ਧਰਮ ਨੂੰ ਮਜ਼ਬੂਤ ਕਰਨ ਦੀ ਥਾਂ ਗੁਰੂ ਗੋਲਕ ਦੇ ਪੈਸੇ ’ਤੇ ਕਬਜ਼ਾ ਕਰਨਾ ਵਧੇਰੇ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਹਰੀਆਂ ਪੰਥਕ ਧਿਰਾਂ ’ਚ ਏਕਾ ਨਾ ਹੋਣ ਅਤੇ ਕੁਝ ਗਰੁੱਪਾਂ ’ਚ ਏਕਤਾ ਕੀਤੇ ਜਾਣ ਤੋਂ ਬਾਅਦ ਵੀ ਲਾਲਚ ਵੱਸ ਦੂਜੀਆਂ ਪਾਰਟੀਆਂ ’ਚ ਚਲੇ ਜਾਣਾ ਵੀ ‘ਲੋਭੀ ਭੁੱਖ’ ਦੀ ਗੱਲ ਦਿਲੋਂ ਬਾਹਰ ਲਿਆ ਕੇ ਰੱਖ ਦੇਣ ਲਈ ਕਾਫੀ ਹੈ। ਇਸ ਵਰਤਾਰੇ ਵਿਚ ਪੰਥਕ ਮੋਰਚੇ ਦੇ ਨਾਲ-ਨਾਲ ਆਪਣੇ ਤੌਰ ’ਤੇ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਮੁੱਖ ਆਗੂ ਭਾਈ ਰਾਮ ਸਿੰਘ ਸਮੇਤ ਸੈਂਕੜੇ ਵਰਕਰ ਅਤੇ ਉਮੀਦਵਾਰ ਵੀ ਸ਼ਾਮਲ ਹਨ।

ਹੁਣ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੱਤਾ ਦਾ ਦੁਰਉਪਯੋਗ ਕਰਨ ਦਾ ਮੌਕਾ ਤਾਂ ਹੀ ਮਿਲ ਸਕਿਆ ਹੈ ਜੇ ਉਸ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਸੀ ਕਿ ਉਸ ਦੀਆਂ ਵਿਰੋਧੀ ਧਿਰਾਂ ’ਚ ਇਕੱਠੇ ਹੋ ਕੇ ਲੜਣ ਦੀ ਸਮਰੱਥਾ ਨਹੀਂ ਹੈ। ਸੱਤਾ ਦੀ ਦੁਰਵਰਤੋਂ ਕਰਨ ਦੇ ਇਸ ਢੰਗ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਜਿਸ ਨੂੰ ਟਰਾਇਲ ਵਜੋਂ ਇਹਨਾਂ ਚੋਣਾਂ ’ਚ ਵਰਤ ਕੇ ਦੇਖ ਲਿਆ ਗਿਆ ਹੈ। ਸੰਭਵ ਹੈ ਕਿ ਕੁਝ ਮਹੀਨਿਆਂ ਤੱਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਢੰਗ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾਵੇ। ਗੈਰਬਾਦਲੀ ਸਿੱਖ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਇਸ ਹਿੰਸਾ ’ਤੇ ਫਿਕਰਮੰਦ ਹੋਣ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਸਦਾ ਵਾਸਤੇ ਹਿੰਸਕ ਬਣਨੋਂ ਰੋਕਣ ਲਈ ਜ਼ਰੂਰੀ ਹੈ ਕਿ ਉਹ ਸਾਂਝੇ ਤੌਰ ’ਤੇ ਕੋਈ ਅਜਿਹਾ ਉਪਾਅ ਲੱਭਣ ਜਿਸ ਨਾਲ ਸੱਤਾ ’ਤੇ ਕਬਜ਼ੇ ਲਈ ਆਮ ਵੋਟਰਾਂ ਦਾ ਖੂਨ ਡੁਲਣੋਂ ਰੁਕ ਸਕੇ।

ਸਿੱਖ ਜਥੇਬੰਦੀਆਂ ਜੇ ਸੱਚੇ ਦਿਲੋਂ ਇਸ ਗੱਲ ਦੀਆਂ ਹਾਮੀ ਹਨ ਕਿ ਪੰਜਾਬ ’ਚ ਸਿੱਖ ਧਰਮ ਦੀ ਮੁੜ ਚੜ੍ਹਦੀ ਕਲਾ ਹੋਵੇ ਤਾਂ ਉਹਨਾਂ ਲਈ ਇਹ ਚੋਣਾਂ ਵੱਡਾ ਸਬਕ ਲੈ ਕੇ ਆਈਆਂ ਹਨ। ਇਹਨਾਂ ਜਥੇਬੰਦੀਆਂ ਨੇ ਆਪਣੇ ਅੱਖੀਂ ਦੇਖ ਹੀ ਲਿਆ ਹੈ ਕਿ ਗੁਰਦੁਆਰਾ ਪ੍ਰਬੰਧ ਜਿਹੇ ਧਾਰਮਿਕ ਕਾਰਜ ਲਈ ਉਸ ਦੇ ਵਿਰੋਧੀ ਦਲ ਨੇ ਲਾ-ਕਾਨੂੰਨੀ ਤਹਿਤ ਜਿੱਥੇ ਪਤਿਤ ਅਤੇ ਗੈਰਸਿੱਖਾਂ ਨੂੰ ਆਪਣੇ ਹੱਕ ’ਚ ਵਰਤ ਲਿਆ ਹੈ ਉਥੇ ਡੇਰੇਦਾਰ ਸਾਧਾਂ ਅਤੇ ਡੇਰਾ ਸਰਸਾ ਦੇ ਚੇਲਿਆਂ ਨੇ ਵੀ ਪੰਥਕ ਧਿਰਾਂ ਨੂੰ ਸਿੱਖ ਗੁਰਧਾਮਾਂ ਤੋਂ ਪਾਸੇ ਧੱਕਣ ਲਈ ਕਾਮਯਾਬੀ ਪ੍ਰਾਪਤ ਕੀਤੀ ਹੈ। ਇਸ ਸਮੇਂ ਸਿੱਖ ਕੌਮ ਲਈ ਕਥਿਤ ਸੰਤ ਸਮਾਜ ਦਾ ਬਾਦਲ ਦਲ ਨਾਲ ਰਲੇਵਾਂ ਹੋ ਜਾਣਾ ਵੀ ਘਾਤਕ ਸਿੱਧ ਹੋ ਰਿਹਾ ਹੈ। ਜਾਣੇ-ਅਣਜਾਣੇ ਸਿੱਖ ਕੌਮ ਦਾ ਬਹੁਤਾ ਹਿੱਸਾ ਬਦਕਿਸਮਤੀ ਨਾਲ ਸਾਧ-ਸਮਾਜ ਨੂੰ ਸਿੱਖ ਪ੍ਰਚਾਰਕਾਂ ਜਾਂ ਮਹਾਂਪੁਰਖਾਂ ਵਜੋਂ ਤਸਲੀਮ ਕਰਨ ਲੱਗ ਗਿਆ ਹੈ। ਯਕੀਨਨ ਇਹ ਸਿੱਖ ਵੋਟਾਂ ਸਗੋਂ ਭੁੱਲ-ਭੁਲੇਖੇ ਵਿਚ ਹੀ ਉਹਨਾਂ ਲੋਕਾਂ ਦੀ ਝੋਲੀ ’ਚ ਜਾ ਪਈਆਂ ਹਨ ਜਿਨ੍ਹਾਂ ਨੇ ਕੌਮ ਦੀਆਂ ਜੜ੍ਹਾਂ ’ਚ ‘ਸਿੳਂਕ ਦੇ ਬੱਚੇ’ ਪਾਲਣੇ ਛੱਡ ਦਿੱਤੇ ਹੋਏ ਹਨ। ਹੁਣ ਜ਼ਰੂਰੀ ਹੈ ਕਿ ਅਸੀਂ ਆਪਣੇ ਸਿੱਖ ਭਰਾਵਾਂ ਦੇ ਘਰਾਂ ਤੱਕ ਇਹ ਗੱਲ ਪੁਜਦੀ ਕਰ ਦੇਈਏ ਕਿ ਉਹ ਕਥਿਤ ‘ਸੰਤ-ਸਮਾਜ’ ਵੱਲੋਂ ਸਿਆਸਤ ’ਚ ਕੁੱਦ ਪੈਣ ਤੋਂ ਬਾਅਦ ਕੌਮ ਦੇ ਭਵਿੱਖ ਬਾਰੇ ਸੋਚ ਕੇ ਆਪਣੇ ਹੱਥੀਂ ਸਿੱਖ ਧਰਮ ਦਾ ਭੋਗ ਪਾ ਦੇਣ ਦਾ ਕੰਮ ਨਾ ਕਰਨ। ਇਸ ਸਮੇਂ ਸਗੋਂ ਸਾਰਾ ‘ਸਿੱਖ ਸਮਾਜ’ ਇਹ ਸਮਝੇ ਕਿ ਕਥਿਤ ‘ਸੰਤ ਸਮਾਜ’ ਭਵਿੱਖੀ ਸਮੇਂ ’ਚ ਮਜ਼ਬੂਤ ਹੋ ਕੇ ਕਿਹੋ ਜਿਹੇ ਕਰਮ ਕਰਨ ਵੱਲ ਵਧ ਸਕਦਾ ਹੈ।

ਇਹਨਾਂ ਚੋਣਾਂ ਵਿਚ ਜਦੋਂ ਅਸੀਂ ਆਪਣੇ ਅੱਖੀਂ ਹੀ ਲੋਕਤੰਤਰੀ ਢੰਗ ਤਰੀਕਿਆਂ ਦਾ ਹੋ ਰਿਹਾ ਘਾਣ ਦੇਖ ਚੁੱਕੇ ਹਾਂ ਤਾਂ ਪੰਥ ਦਾ ਦਰਦ ਰੱਖਣ ਵਾਲੀਆਂ ਸਭ ਸਿੱਖ ਸੁਸਾਇਟੀਆਂ, ਰਾਜਨੀਤਕ ਪਾਰਟੀਆਂ ਅਤੇ ਸਿੱਖ ਸਭਾਵਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਜੇ ਇਹ ਸਭ ਸੰਗਠਨਾਂ ਨਾਲ ਜੁੜੇ ਸਿੱਖ ਆਪਣੀ ਕੌਮ ਨੂੰ ਜਿਊਂਦਾ ਰੱਖਣ ਦੇ ਹਾਮੀ ਹਨ ਤਾਂ ਜ਼ਰੂਰੀ ਹੈ ਕਿ ਇਸ ਸਮੇਂ ਹੋਏ ਹਿੰਸਕ ਨਾਚ ਨੂੰ ਕੌਮ ਦੀ ਕਿਸਮਤ ਵਿਚ ਸਦਾ ਲਈ ਲਿਖੇ ਜਾਣ ਤੋਂ ਰੋਕਣ ਲਈ ਚੌਧਰ ਦੀ ਭੁੱਖ ਅੱਜ ਹੀ ਛੱਡ ਦੇਣ। ਇਹ ਜ਼ਰੂਰੀ ਹੋ ਗਿਆ ਹੈ ਕਿ ਸਭ ਮਿਲ ਕੇ ਕੌਮ ’ਚ ਏਕਤਾ ਅਤੇ ¦ਮੇ ਸਿੱਖ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਬਚਾਉਣ ਲਈ ਸਰਬ ਸਾਂਝੀ ਵਿਉਂਤਬੰਦੀ ਉਲੀਕਣ ਦਾ ਉਪਰਾਲਾ ਕਰਨ।

ਗੁਰਸੇਵਕ ਸਿੰਘ ਧੌਲਾ 94632-16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top