ਗੁਰੂ ਗ੍ਰੰਥ ਸਾਹਿਬ ਵਿਚਲੇ ਇਕ ਸ਼ਬਦ ਦੀ ਪਹਿਲੀ ਅਤੇ ਰਹਾਉ ਦੀ
ਪੰਗਤੀ ਇਵੇਂ ਹੈ:
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥1॥
ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ
ਕੁਸਲੁ ਭੀ ਕੈਸੇ ਹੋਈ॥1॥ਰਹਾਉ॥
॥1॥ ਲੋਕ ਜਿਊਂਦੇ ਮਾਪਿਆਂ ਦਾ ਤਾਂ ਆਦਰ-ਮਾਣ ਕਰਦੇ ਨਹੀਂ, ਪਰ ਮਰ ਗਏ ਪਿਤਰਾਂ ਨਮਿਤ ਸਰਾਧ ਕਰ
ਕੇ, ਵਧੀਆ-ਵਧੀਆ ਭੋਜਨ ਖਵਾਉਂਦੇ ਹਨ। ਵਿਚਾਰੇ ਪਿਤਰ ਭਲਾ, ਸਰਾਧਾਂ ਦਾ ਉਹ ਭੋਜਨ ਕਿਵੇਂ ਹਾਸਲ
ਕਰਨ ? ਭੋਜਨ ਤਾਂ ਸਰੀਰ ਦੀ ਖੁਰਾਕ ਹੈ, ਜੋ ਸਰੀਰ ਬਹੁਤ ਪਹਿਲਾਂ ਹੀ ਖਤਮ ਹੋ ਗਿਆ ਹੈ, ਆਪਣੇ
ਹੱਥੀਂ ਸਾੜ ਦਿੱਤਾ ਹੈ, ਫਿਰ ਉਹ ਭੋਜਨ, ਮਰ ਗਏ ਪਿਤਰ ਕਿਵੇਂ ਖਾ ਸਕਦੇ ਹਨ ? ਇਹ ਭੋਜਨ ਤਾਂ
ਕਾਂ-ਕੁੱਤੇ ਹੀ ਖਾਂਦੇ ਹਨ। (ਇਹ ਗੱਲ ਵੱਖਰੀ ਹੈ ਕਿ ਸਮੇਂ ਦੇ ਨਾਲ, ਕਾਂ-ਕੁੱਤਿਆਂ ਦੀ ਪਛਾਣ
ਬਦਲਦੀ ਰਹਿੰਦੀ ਹੈ।)
॥ਰਹਾਉ॥ ਮੈਨੂੰ ਕੋਈ ਦੱਸੇ, ਸਮਝਾਵੇ ਕਿ ਇਸ ਕਿਰਿਆ ਨਾਲ ਕੁਸਲ, ਸੁੱਖ-ਸਾਂਦ ਕਿਵੇਂ ਹੋ ਜਾਂਦੀ
ਹੈ? ਆਪਣੀ-ਆਪਣੀ ਵਾਰੀ ਸਾਰੇ ਹੀ, ਇਹ ਕਿਰਿਆ ਕਰ ਕੇ, ਇਹ ਕਹਿੰਦੇ ਕਿ ਕੁਸ਼ਲ ਹੋ ਗਿਆ ਹੈ, ਕੁਸ਼ਲ
ਹੋ ਗਿਆ ਹੈ, ਸੁੱਖ-ਸਾਂਦ ਹੋ ਗਈ ਹੈ, ਖਤਮ ਹੋ ਜਾਂਦੇ ਹਨ, ਪਰ ਇਹ ਕਿਰਿਆ ਲਗਾਤਾਰ ਜਾਰੀ ਰਹਿੰਦੀ
ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੁੱਖ-ਸਾਂਦ ਨਹੀਂ ਹੋਈ, ਜੇ ਸੁੱਖ-ਸਾਂਦ ਹੋ ਗਈ ਹੁੰਦੀ
ਤਾਂ,
ਇਹ ਕਿਰਿਆ ਮੁੜ-ਮੁੜ ਕਰਨ ਦੀ ਲੋੜ ਕਿਉਂ ਪੈਂਦੀ ?
ਪਰ ਇਸ ਵਾਰ ਤਾਂ ਜੱਗੋਂ ਬਾਹਰੀ ਹੋ ਗਈ। ਗੁਰ ਬਾਣੀ, ਧੁਰ ਕੀ ਬਾਣੀ, ਜੋ ਬਾਣੀ ਪਰਮਾਤਮਾ ਦੇ ਨਾਮ,
ਹੁਕਮ, ਨਿਯਮ-ਕਾਨੂਨ ਦੀ ਸੋਝੀ ਦਿੰਦਿਆਂ, ਪਰਮਾਤਮਾ ਨਾਲ ਇਕ-ਮਿਕ ਹੋਣ ਦੀ ਜਾਚ ਦਸਦੀ ਹੈ, ਜਿਸ
ਆਸਰੇ ਕੁਸ਼ਲ ਹੋਣਾ ਹੈ, ਸੁੱਖ-ਸਾਂਦ ਹੋਣੀ ਹੈ। ਉਸ ਦੇ ਮਹਾਨਤਮ ਰਖਿਅਕ, ਅਕਾਲ ਤਖਤ ਸਾਹਿਬ ਦੇ ਕਹੇ
ਜਾਂਦੇ “ਸਿੰਘ ਸਾਹਿਬ” ਸਿੰਘਾਂ ਦੇ ਸਾਹਿਬ, ਸਿੰਘਾਂ ਦੇ ਮਾਲਕ, ਜਥੇਦਾਰ ਦੇ ਪਿਤਰ ਹੀ, ਪਤਾ ਨਹੀਂ
ਬ੍ਰਾਹਮਣ ਵਲੋਂ ਸਿਰਜੇ, ਕਿਸ ਟ੍ਰੈਂਜ਼ਿਟ ਕੈਂਪ ਵਿਚ ਹੀ ਅਟਕੇ ਹੋਏ ਸਨ ? ਇਹ ਵੀ ਸੰਭਵ ਹੈ ਕਿ
ਕਿਸੇ ਗਾਂ ਦੀ ਪੂਛ, ਹੱਥ ਨਾ ਆਉਣ ਕਾਰਨ, ਵੇਤਰਣੀ ਨਦੀ ਵਿਚ ਹੀ ਗੋਤੇ ਖਾ ਰਹੇ ਹੋਣ।
ਉਹ ਤਾਂ ਭਲਾ ਹੋਵੇ ਬ੍ਰਾਹਮਣਾਂ ਦਾ, ਜਿਨ੍ਹਾਂ ਨੇ ਸਮਾਂ ਰਹਿੰਦੇ ਹੀ, ਜਥੇਦਾਰ ਸਾਹਿਬ ਨੂੰ ਸੂਚਤ
ਕਰ ਦਿੱਤਾ ਕਿ, ਤੁਹਾਡੇ ਪਿਤਰ ਅਜੇ ਰਸਤੇ ਵਿਚ ਹੀ ਅਟਕੇ ਹੋਏ ਹਨ। ਤੁਸੀਂ 25 ਸਤੰਬਰ ਨੂੰ (ਹਰਿਦੁਆਰ
ਪਹੁੰਚ ਕੇ ਆਖਰੀ ਸਰਾਧ ਵਾਲੇ ਦਿਨ, ਜੋ ਮੱਸਿਆ ਵਾਲੇ ਦਿਨ ਹੁੰਦਾ ਹੈ, ਜਿਸ ਬਾਰੇ ਇਹ ਪਰਚਾਰ
ਕਰ-ਕਰ ਕੇ ਕਿ, ਇਸ ਦਿਨ ਗੁਰੂ ਨਾਨਕ ਸਾਹਿਬ ਦਾ ਸਰਾਧ ਹੁੰਦਾ ਹੈ, ਗੁਰੂ ਨਾਨਕ ਸਾਹਿਬ ਦੇ ਫਲਸਫੇ
ਦੀ ਹੀ ਫੱਟੀ ਪੋਚੀ ਹੈ, ਸਦੀਆਂ ਤਕ ਸਿੱਖਾਂ ਨੂੰ ਬੁਧੂ ਬਣਾ ਕੇ ਲੁੱਟਿਆ ਹੈ। ਪਰ ਹੁਣ ਕੁਝ
ਜਾਗਰੂਕ ਸਿੱਖਾਂ ਨੇ ਇਹ ਮੰਨਣਾ ਛੱਡ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ
ਤਾਂ 1539 ਵਿਚ ਹੀ, ਅਕਾਲ ਪੁਰਖ ਨਾਲ ਇਕ-ਮਿਕ ਹੋ ਗਏ ਸਨ, ਉਨ੍ਹਾਂ ਦਾ ਸਰਾਧ ਕਰਾਉਣ ਦੀ, ਉਨ੍ਹਾਂ
ਦੀ ਗਤੀ ਕਰਵਾਉਣ ਦੀ, ਉਨ੍ਹਾਂ ਦੇ ਨਮਿਤ ਭੋਜਨ ਖਵਾਉਣ ਦੀ ਕੀ ਤੁੱਕ ਹੈ ?) ਹਰਿਦੁਆਰ ਪਹੁੰਚ ਕੇ,
ਆਪਣੇ ਪਿਤਰਾਂ ਨੂੰ ਸਵਰਗ ਦੀ ਟਿਕਟ ਦਿਵਾਉਣ ਦਾ ਉਪਰਾਲਾ ਕਰੋ। ਕਿਤੇ ਇਹ ਨਾ ਹੋਵੇ ਕਿ ਉਨ੍ਹਾਂ
ਦੀ ਗਤੀ ਕਰਵਾਏ ਬਗੈਰ ਹੀ ਤੁਸੀਂ ਵੀ ਏਥੋਂ ਤੁਰ ਜਾਵੋ, ਅਤੇ ਪਿਤਰਾਂ ਦੇ ਨਾਲ ਹੀ ਤੁਸੀਂ ਵੀ ਕਿਤੇ
ਰਾਹ ਵਿਚ ਹੀ ਅਟਕ ਜਾਵੋ। ਫਿਰ ਪਿਤਰਾਂ ਸਮੇਤ, ਤੁਹਾਡੇ ਵਰਗੇ ਅਕਿਰਤ-ਘਣ ਦੀ ਵੀ (ਦੁਰ)ਗਤੀ ਕਰਨੀ,
ਸਾਡੇ ਲਈ ਬੜੀ ਮੁਸ਼ਕਲ ਹੋ ਜਾਵਗੀ।
(ਤੁਹਾਡੇ ਇਸ ਕੁਕਰਮ ਆਸਰੇ ਹੀ ਤਾਂ ਸਿੱਖ, ਫਿਰ ਤੋਂ ਸਾਨੂੰ ਸਰਾਧ ਖਵਾਉਣੇ ਸ਼ੁਰੂ ਕਰਨਗੇ।
ਹਾਲਾਂਕਿ ਹੁਣ ਵੀ ਸਿੱਖ, ਸਾਡੇ ਕੇਸਾ ਧਾਰੀ ਭਰਾਵਾਂ ਨੂੰ ਹੀ ਸਰਾਧ ਖਵਾਉਂਦੇ ਹਨ, ਪਰ ਸਾਡਾ ਟੀਚਾ
ਹੈ ਕਿ ਛੇਤੀ ਹੀ, ਇਹ ਕੇਸਾ-ਧਾਰੀ ਅਤੇ ਸਹਿਜ-ਧਾਰੀ ਦੀ ਦੁਫੇੜ ਖਤਮ ਕਰ ਕੇ, ਸਭ ਨੂੰ ਇਕ ਸਾਰ
ਸਹਿਜ-ਧਾਰੀ ਕਰ ਦਿੱਤਾ ਜਾਵੇ।)
ਇਵੇਂ ਜਥੇਦਾਰ ਸਾਹਿਬ ਤਾਂ ਹਰਿਦੁਆਰ ਤੋਂ ਵਾਪਸ ਪਰਤ ਕੇ, ਸਭ ਕੁਸ਼ਲ-ਸਭ ਕੁਸ਼ਲ ਦਾ ਰਾਗ ਅਲਾਪਦੇ,
ਪਤਾ ਨਹੀਂ ਕਬੀਰ ਜੀ ਨੂੰ, ਇਸ ਸੁੱਖ-ਸਾਂਦ ਬਾਰੇ ਯਕੀਨ ਦੁਆ ਪਾਉਣਗੇ ਜਾਂ ਨਹੀਂ ? ਪਰ ਅਸੀਂ ਤਾਂ
ਅਕਾਲ ਤਖਤ ਤੇ ਕਬਜ਼ਾ ਕਰੀ ਬੈਠੇ “ਸਿੰਘ ਸਾਹਿਬ” ਦੇ ਗੁਲਾਮ ਹਾਂ, ਉਨ੍ਹਾਂ ਦੀ ਗੱਲ ਤਾਂ ਮੰਨਣੀ
ਹੀ ਹੈ। ਨਹੀਂ ਤਾਂ ਉਹ ਸਾਨੂੰ, ਗੁਰੂ ਨਾਨਕ ਸਾਹਿਬ ਦੇ ਪੰਥ ਵਿਚੋਂ ਛੇਕ ਦੇਣਗੇ, ਉਨ੍ਹਾਂ ਦੇ
ਹੱਥ ਵਿਚ ਤਾਕਤ ਜੋ ਹੈ। ਪਰ ਜੇ ਜਥੇਦਾਰ ਸਾਹਿਬ ਨੂੰ ਅਗਲੇ ਸਾਲ, ਇਹ ਕਿਰਿਆ ਫੇਰ ਕਰਨੀ ਪਈ ਤਾਂ
ਕਿਸ ਆਧਾਰ ਤੇ ਮੰਨਿਆ ਜਾਵੇਗਾ ਕਿ, ਇਸ ਵਾਰ ਤਾਂ ਸੁੱਖ-ਸਾਂਦ ਹੋ ਹੀ ਗਈ ਹੈ ? (ਇਹ ਤਾਂ ਅਗਲੇ
ਸਾਲ ਹੀ ਪਤਾ ਲੱਗੇਗਾ)
ਫਿਲ-ਹਾਲ ਤਾਂ ਇਹ ਹੀ ਗੱਲ ਚੰਗੀ ਹੋਈ ਹੈ ਕਿ, (ਅ)ਗਿਆਨੀ ਗੁਰਬਚਨ ਸਿੰਹੁ ਦੇ ਪਿਤਰਾਂ ਦੇ ਨਾਲ
ਹੀ ਅਗਿਆਨੀ ਇਕਬਾਲ ਸਿੰਹੁ ਦੇ ਪਿਤਰਾਂ ਦੀ ਵੀ (ਦੁਰ)ਗਤੀ ਹੋ ਗਈ ਹੈ। (ਹਾਲਾਂਕਿ ਇਸ ਕਤਾਰ ਵਿਚ
ਸ. ਬਾਦਲ ਦੇ ਉਤ੍ਰਾਖੰਡ ਵਿਚਲੇ ਚਹੇਤੇ, ਸ. ਹਰਭਜਨ ਸਿੰਘ ਚੀਮਾ ਸਮੇਤ ਕਈ ਛੁੱਟ-ਭਈਏ ਵੀ ਵੇਖੇ
ਗਏ ਹਨ, ਪਰ ਅਜੇ ਤਕ ਉਨ੍ਹਾਂ ਦੇ ਪਿਤਰਾਂ ਦੀ ਗਤੀ ਬਾਰੇ ਸੂਚਨਾ ਨਹੀਂ ਮਿਲੀ ਹੈ, ਸੂਚਨਾ ਮਿਲਣ
ਤੇ ਪਾਠਕਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਹਾਲ ਦੀ ਘੜੀ ਤਾਂ ਸਿੱਖਾਂ ਨੂੰ ਇਹੀ ਸਮਝ ਆਵੇਗਾ ਕਿ, ਵੀ. ਆਈ. ਪੀ. ਸਿੱਖਾਂ ਦੇ ਪਿਤਰਾਂ ਦੀ
ਦੁਰਗਤੀ ਕਰਨ ਲਈ ਹਰਿਦੁਆਰ ਦੇ ਬ੍ਰਾਹਮਣ ਹੀ ਅਧਿਕਾਰੀ ਹਨ। ਆਮ ਸਿੱਖਾਂ ਨੂੰ ਆਪਣੇ ਪਿਤਰਾਂ ਦੀ
ਦੁਰਗਤੀ ਕਰਵਾਉਣ ਲਈ, ਲੋਕਲ ਬਰਾਹਮਣਾਂ ਤੇ ਹੀ ਨਿਰਭਰ ਰਹਿਣਾ ਪਵੇਗਾ। (ਵੈਸੇ ਕੇਸਾ-ਧਾਰੀ ਅਤੇ
ਘੋਨ-ਮੋਨ ਬ੍ਰਾਹਮਣਾਂ ਵਿਚ ਫਰਕ ਨਹੀਂ ਕਰਨਾ ਚਾਹੀਦਾ) ਸਿੱਖਾਂ ਵਿਚੋਂ ਬਹੁਤ ਸਾਰੇ, ਇਸ ਨੂੰ
ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਕਹਿ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਉਲੰਘਣਾ ਕਰਨ
ਲਈ ਆਜ਼ਾਦ ਹੋ ਜਾਣਗੇ, ਇਵੇਂ ਸਿੱਖਾਂ ਦੀ ਇਕ ਹੋਰ ਨਵੀਂ ਨਸਲ ਪੈਦਾ ਹੋ ਜਾਵੇਗੀ, ਜੋ ਆਪਣੇ-ਆਪ
ਨੂੰ ਗੁਰ-ਸਿੱਖ ਵੀ ਅਖਵਾਉਣਗੇ ਅਤੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਮੰਨਣ ਦੀ
ਲੋੜ ਵੀ ਨਹੀਂ ਰਹਿ ਜਾਵੇਗੀ। ਕਿਉਂਕਿ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ, ਉਨ੍ਹਾਂ ਦੇ ਵੰਸ਼ਜ ਹਰ
ਸਾਲ ਬ੍ਰਾਹਮਣਾਂ ਰਾਹੀਂ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਦੀ ਦੁਰ-ਗਤੀ ਹਰ ਸਾਲ ਹੁੰਦੀ ਰਹੇਗੀ।
ਇਸ ਹਰ ਸਾਲ ਦੀ ਦੁਰ-ਗਤੀ ਤੋਂ ਇਕ ਗੱਲ ਯਾਦ ਆ ਗਈ, ਇਕ ਸ਼ਰਾਬੀ ਆਪਣੇ ਦੋਸਤ ਨੂੰ ਕਹਿ ਰਿਹਾ ਸੀ,
“ਲੋਕ ਪਤਾ ਨਹੀਂ ਕਿਵੇਂ ਕਹਿੰਦੇ ਹਨ ਕਿ ਸ਼ਰਾਬ ਨਹੀਂ ਛੱਡੀ ਜਾਂਦੀ, ਮੈਂ ਤਾਂ ਦਸ ਵਾਰ ਸ਼ਰਾਬ ਛੱਡ
ਚੁੱਕਾ ਹਾਂ”
ਪਰਮਾਤਮਾ ਹੀ ਭਲੀ ਕਰੇ, ਵਰਨਾ ਇਨ੍ਹਾਂ, ਤਖਤਾਂ ਦੇ ਮਾਲਕਾਂ
ਨੇ ਤਾਂ ਸਿੱਖਾਂ ਦੇ ਪੱਲੇ ਕੁਝ ਵੀ ਨਹੀਂ ਰਹਿਣ ਦਿੱਤਾ।