Share on Facebook

Main News Page

ਇਕ ‘ਵਿਚਾਰਕ ਮੁਲਾਕਾਤ’ ਭਗਤ ਸਿੰਘ ਨਾਲ

ਭਾਰਤ ਦਾ ਸਵਤੰਤ੍ਰਤਾ ਅੰਦੋਲਨ ਭਾਰਤ ਦੇ ਇਤਿਹਾਸ ਦਾ ਇਕ ਮਹੱਤਵਪੂਰਣ ਘਟਨਾਕ੍ਰਮ ਸੀ ਜਿਸ ਨੇ ਵਰਤਮਾਨ ਭਾਰਤੀ ਪ੍ਰਜਾਤੰਤਰ ਨੂੰ ਅਧਾਰ ਪ੍ਰਧਾਨ ਕੀਤਾ। ਮੋਟੇ ਤੌਰ ਤੇ ਇਹ ਸਾਰੇ ਭਾਰਤਵਾਸੀਆਂ ਦਾ ਇਕ ਸਾਂਝਾ ਸੰਘਰਸ਼ ਸੀ। ਪ੍ਰੰਤੂ ਇਸ ਸੰਘਰਸ਼ ਵਿੱਚ ਜੂਝਣ ਵਾਲੇ ਭਾਰਤੀਆਂ ਵਿਚੋਂ ਕੁੱਝ ਕਿਰਦਾਰਾਂ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਣ ਸੀ। ਇਹ ਕਿਰਦਾਰ ਆਜ਼ਾਦੀ ਦੇ ਅੰਦੋਲਨ ਦੀ ਹੀ ਸੰਤਾਨ ਸਨ। ਐਸੀਆਂ ਸੰਤਾਨਾਂ ਦੀ ਲੰਭੀ ਫ਼ੇਰਹਿਸਤ ਵਿਚੋਂ ਜਿੱਥੇ ਇਕ ਪਾਸੇ ਗਾਂਧੀ ਜੀ ਨੂੰ ਲੋਕਾਂ ਨੇ ‘ਬਾਪੂ ਜੀ’ ਦੇ ਸੰਬੋਧਨ ਨਾਲ ਪੁਕਾਰਿਆ, ਉੱਥੇ ਹੀ ਦੂਜੇ ਪਾਸੇ ਭਗਤ ਸਿੰਘ ਜੀ ਨੂੰ ਦੇਸ਼ ਨੇ ‘ਸ਼ਹੀਦੇ-ਏ-ਆਜ਼ਮ’ ਦੇ ਰੂਪ ਵਿੱਚ ਸਵੀਕਾਰ ਕੀਤਾ।

ਇਸ ਵਿਚ ਸ਼ੱਕ ਨਹੀਂ ਕਿ ਭਗਤ ਸਿੰਘ ਸਵਤੰਤਰਤਾ ਸੰਗ੍ਰਾਮ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕ੍ਰਾਂਤੀਕਾਰੀ ਮੰਨੇ ਜਾਂਦੇ ਹਨ। ਉਨ੍ਹਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ। ਆਜ਼ਾਦੀ ਦੀ ਲੜਾਈ ਦੇ ਇਸ 23 ਸਾਲਾ ਕਿਰਦਾਰ ਵਿੱਚ 1925-35 ਵਿਚਲੇ ਸਮੇਂ ਦੇ ਭਾਰਤੀਆਂ ਦੇ ਕੁੱਝ ਜਵਾਨ ਸੀਨਿਆਂ ਦੀ ਧੜਕਨ ਅੱਜ ਵੀ ਸੁਣੀ ਜਾ ਸਕਦੀ ਹੈ। ਇਸ ਵਿੱਚ ਸਾਨੂੰ ਉਸ ਵੇਲੇ ਦੇ ਭਾਰਤ ਦੀਆਂ ਰਗਾਂ ਵਿੱਚ ਕਿਧਰੇ ਦੌੜ ਰਹੇ ਖ਼ੂਨ ਦੀ ਤਪਿਸ਼ ਮਹਿਸੂਸ ਹੁੰਦੀ ਹੈ।

ਐਸੇ ਮਹਾਨ ਕ੍ਰਾਂਤੀਕਾਰੀ ਨਾਲ ਐਸੀ ਮੁਲਾਕਾਤ ਦਾ ਮੌਕਾ ਬੜਾ ਮਹੱਤਵਪੂਰਣ ਸੀ। ਭਗਤ ਸਿੰਘ ਈਸ਼ਵਰ ਵਿੱਚ ਵਿਸ਼ਵਾਸ ਨਾ ਹੋਣ ਕਰਕੇ ਨਾਸਤਿਕ ਜਾਣੇ ਜਾਂਦੇ ਹਨ। ਚੂੰਕਿ ਮੇਰਾ ਈਸ਼ਵਰ ਵਿੱਚ ਵਿਸ਼ਵਾਸ ਹੈ, ਇਸ ਲਈ ਭਗਤ ਸਿੰਘ ਦੇ ਨਾਲ ‘ਵਿਚਾਰਕ ਮੁਲਾਕਾਤ’ ਦੀ ਭਾਵਨਾ ਹੋਰ ਜ਼ਿਆਦਾ ਮਹੱਤਵਪੂਰਣ ਹੋ ਗਈ ਤਾਂ ਕਿ ਆਪਣੀ ਆਸਤਿਕਤਾ ਨੂੰ ਉਨ੍ਹਾਂ ਦੀ ਨਾਸਤਿਕਤਾ ਦੇ ਪਰਿਪੇਖ ਵਿੱਚ ਸਮਝ/ਪਰਖ ਸਕਾਂ। ਇਸ ਮੁਲਾਕਾਤ ਵਿੱਚ ਮੈਂ ਭਗਤ ਸਿੰਘ ਜੀ ਨੂੰ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਭਗਤ ਸਿੰਘ ਜੀ ਨੇ ਬੜੀ ਉਦਾਰਤਾ ਨਾਲ ਦਿੱਤਾ। ਪਾਠਕਾਂ ਦੀ ਜਾਣਕਾਰੀ ਲਈ ਮੈਂ ਭਗਤ ਸਿੰਘ ਜੀ ਨਾਲ ਆਪਣੀ ਮੁਲਾਕਾਤ ਦਾ ਬਿਓਰਾ ਇਸ ਪ੍ਰਕਾਰ ਦੇ ਰਿਹਾ ਹਾਂ:-

ਮੇਰਾ ਪਹਿਲਾ ਸਵਾਲ : - ਭਗਤ ਸਿੰਘ ਜੀ ਕੀ ਤੁਸੀਂ ਈਸ਼ਵਰ ਵਿੱਚ ਵਿਸ਼ਵਾਸ ਕਰਦੇ ਹੋ ?
ਭਗਤ ਸਿੰਘ : “ਮੈਂ ਤਾਂ ਉਸ ਸਰਬ-ਸ਼ਕਤੀਮਾਨ ਪਰਮ ਆਤਮਾ ਦੇ ਅਸਿਤੱਤਵ ਤੋਂ ਹੀ ਇਨਕਾਰ ਕਰਦਾ ਹਾਂ”

(2) ਸਵਾਲ: ਇਸ ਅਵਿਸ਼ਵਾਸ ਦਾ ਕਾਰਣ ?
ਭਗਤ ਸਿੰਘ : “ਮੈਂ ਇਸ ਤੋਂ ਕਿਉਂ ਇਨਕਾਰ ਕਰਦਾ ਹਾਂ ਇਸ ਨੂੰ ਬਾਅਦ ਵਿੱਚ ਦੇਖਾਂਗੇ”

(3) ਸਵਾਲ : ਚਲੋ ਫ਼ਿਲਹਾਲ ਇਤਨਾ ਹੀ ਦੱਸ ਦਿਓ, ਜਿਵੇਂ ਤੁਹਾਡੇ ਕੁੱਝ ਸਾਥੀ ਕਹਿੰਦੇ ਹਨ, ਕਿ ਈਸ਼ਵਰ ਵਿੱਚ ਤੁਹਾਡੇ ਅਵਿਸ਼ਵਾਸ ਦਾ ਕਾਰਣ ਤੁਹਾਡਾ ਅਹੰਕਾਰ ਹੈ। ਇਸ ਸਮੱਸਿਆ ਦੇ ਸੰਧਰਭ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?
ਭਗਤ ਸਿੰਘ : “ਇਕ ਨਵੀਂ ਸਮੱਸਿਆ ਉੱਠ ਖੜੀ ਹੋਈ ਹੈ- ਕੀ ਮੈਂ ਕਿਸੇ ਅਹੰਕਾਰ ਦੇ ਕਾਰਣ ਸਰਵਸ਼ਕਤੀਮਾਨ, ਸਰਵਵਿਆਪੀ ਤੇ ਸਰਵਗਿਆਨੀ ਈਸ਼ਵਰ ਦੀ ਹੋਂਦ ਉੱਤੇ ਵਿਸ਼ਵਾਸ ਨਹੀਂ ਕਰਦਾ ਹਾਂ? ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮੈਨੂੰ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪਵੇਗਾ। ਲੇਕਿਨ ਆਪਣੇ ਦੋਸਤਾਂ ਨਾਲ ਗੱਲਬਾਤ ਦੌਰਾਨ ਮੈਨੂੰ ਐਸਾ ਮਹਿਸੂਸ ਹੋਇਆ ਕਿ ਮੇਰੇ ਕੁੱਝ ਦੋਸਤ - ਜੇਕਰ ਮਿੱਤਰਤਾ ਦਾ ਮੇਰਾ ਦਾਅਵਾ ਗ਼ਲਤ ਨਾ ਹੋਵੇ- ਮੇਰੇ ਨਾਲ ਆਪਣੇ ਥੋੜ੍ਹੇ ਜਿਹੇ ਸੰਮਪਰਕ ਵਿੱਚ ਇਸ ਨਤੀਜੇ ਤੇ ਪੁੱਜਣ ਲਈ ਉਤਸਕ ਹਨ ਕਿ ਮੈਂ ਈਸ਼ਵਰ ਦੀ ਹੋਂਦ ਨੂੰ ਨੱਕਾਰ ਕੇ ਕੁੱਝ ਜ਼ਰੂਰਤ ਤੋਂ ਜ਼ਿਆਦਾ ਅੱਗੇ ਜਾ ਰਿਹਾ ਹਾਂ ਅਤੇ ਮੇਰੇ ਘਮੰਡ ਨੇ ਕੁੱਝ ਹਦ ਤਕ ਮੈਨੂੰ ਇਸ ਅਵਿਸ਼ਵਾਸ ਲਈ ਉਕਸਾਇਆ ਹੈ। ਜੀ ਹਾਂ, ਇਹ ਇਕ ਗੰਭੀਰ ਸਮੱਸਿਆ ਹੈ। ਮੈਂ ਐਸੀ ਕੋਈ ਸ਼ੇਖੀ ਨਹੀਂ ਮਾਰਦਾ ਕਿ ਮੈਂ ਮਨੁੱਖੀ ਕਮਜ਼ੋਰੀਆਂ ਤੋਂ ਬਹੁਤ ਉੱਪਰ ਹਾਂ। ਮੈਂ ਇਕ ਮਨੁੱਖ ਹਾਂ, ਤੇ ਇਸ ਤੋਂ ਜ਼ਿਆਦਾ ਕੁੱਝ ਨਹੀਂ। ਕੋਈ ਵੀ ਇਸ ਤੋਂ ਜ਼ਿਆਦਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇਕ ਕਮਜ਼ੋਰੀ ਮੇਰੇ ਅੰਦਰ ਵੀ ਹੈ। ਅਹੰਕਾਰ ਮੇਰੇ ਸੁਭਾਅ ਦਾ ਅੰਗ ਹੈ। ਆਪਣੇ ਕਾਮਰੇਡਾਂ ਵਿੱਚ ਮੈਨੂੰ ਇਕ ਬੇਲਗਾਮ ਆਦਮੀ ਕਿਹਾ ਜਾਂਦਾ ਸੀ। ਇਥੋਂ ਤੱਕ ਮੇਰੇ ਦੋਸਤ ਸ੍ਰੀ ਬੀ.ਕੇ.ਦੱਤ ਵੀ ਮੈਨੂੰ ਕਦੇ ਕਦੇ ਐਸਾ ਕਹਿੰਦੇ ਸੀ। ਕਈ ਮੌਕਿਆਂ ਤੇ ਆਪਣੀ ਮਰਜ਼ੀ ਤੇ ਚਲਣ ਵਾਲਾ ਕਹਿ ਕੇ ਮੇਰੀ ਨਿੰਦਾ ਵੀ ਕੀਤੀ ਗਈ। ਕੁੱਝ ਦੋਸਤਾਂ ਨੂੰ ਇਹ ਸ਼ਿਕਾਇਤ ਹੈ, ਅਤੇ ਗੰਭੀਰ ਰੂਪ ਨਾਲ ਹੈ, ਕਿ ਮੈਂ ਅਣਚਾਹੇ ਹੀ ਆਪਣੇ ਵਿਚਾਰ ਉਨ੍ਹਾਂ ਤੇ ਥੋਪਦਾ ਹਾਂ ਅਤੇ ਆਪਣੇ ਪ੍ਰਸਤਾਵਾਂ ਨੂੰ ਮੰਨਵਾ ਲੈਂਦਾ ਹਾਂ। ਇਹ ਗੱਲ ਕੁੱਝ ਹੱਦ ਤੱਕ ਸਹੀ ਹੈ। ਇਸ ਤੋਂ ਮੈਂ ਇਨਕਾਰ ਨਹੀਂ ਕਰਦਾ। ਇਸ ਨੂੰ ਅਹੰਕਾਰ ਵੀ ਕਿਹਾ ਜਾ ਸਕਦਾ ਹੈ। ਜਿੱਥੋਂ ਤੱਕ ਦੂਜੇ ਪ੍ਰਚਲਿਤ ਮਤਾਂ ਦੇ ਮੁਕਾਬਲੇ ਸਾਡੇ ਆਪਣੇ ਮਤ ਦਾ ਸਵਾਲ ਹੈ, ਮੈਨੂੰ ਨਿਸਚੈ ਹੀ ਆਪਣੇ ਮਤ ਤੇ ਮਾਣ ਹੈ। ਲੇਕਿਨ ਇਹ ਵਿਅਕਤੀਗਤ ਨਹੀਂ ਹੈ। ਐਸਾ ਹੋ ਸਕਦਾ ਹੈ ਕਿ ਇਹ ਕੇਵਲ ਆਪਣੇ ਵਿਸ਼ਵਾਸ ਪ੍ਰਤੀ ਨਿਆਂਚਿੱਤ ਮਾਣ ਹੋਵੇ ਅਤੇ ਇਸ ਨੂੰ ਘਮੰਡ ਨਹੀਂ ਕਿਹਾ ਜਾ ਸਕਦਾ। ਘਮੰਡ ਜਾਂ ਸਹੀ ਸ਼ਬਦਾਂ ਵਿੱਚ 'ਹੰਕਾਰ' ਤਾਂ ਆਪਣੇ ਪ੍ਰਤੀ ਗ਼ੈਰ ਵਾਜਿਬ ਮਾਣ ਦੀ ਅਧਿਕਤਾ ਹੈ। ਤਾਂ ਫਿਰ ਕੀ ਇਹ ਗ਼ੈਰਵਾਜਿਬ ਘਮੰਡ ਹੈ ਜਿਹੜਾ ਕਿ ਮੈਨੂੰ ਨਾਸਤਿਕਤਾ ਵਲ ਲੈ ਗਿਆ, ਜਾਂ ਇਸ ਵਿਸ਼ੇ ਦਾ ਖ਼ੂਬ ਸਾਵਧਾਨੀ ਨਾਲ ਅਧਿਐਨ ਕਰਣ ਅਤੇ ਉਸ ਤੇ ਖ਼ੂਬ ਵਿਚਾਰ ਕਰਣ ਦੇ ਬਾਦ ਮੈਂ ਈਸ਼ਵਰ ਉੱਤੇ ਅਵਿਸ਼ਵਾਸ ਕੀਤਾ? ਇਹ ਉਹ ਸਵਾਲ ਹੈ ਜਿਸ ਬਾਰੇ ਮੈਂ ਇਥੇ ਗੱਲ ਕਰਣਾ ਚਾਹੁੰਦਾ ਹਾਂ। ਲੇਕਿਨ ਪਹਿਲੇ ਮੈਂ ਇਹ ਸਾਫ਼ ਕਰ ਦਿਆਂ ਕਿ ਆਤਮ- ਅਭਿਮਾਨ ਅਤੇ ਹੰਕਾਰ ਦੋ ਅਲੱਗ ਅਲੱਗ ਗੱਲਾਂ ਹਨ। ਇੱਥੇ ਮੈਂ ਇਕ ਗੱਲ ਸਪਸ਼ਟ ਕਰ ਦੇਣਾਂ ਚਾਹੁੰਦਾ ਹਾਂ ਕਿ ਇਹ ਹੰਕਾਰ ਨਹੀਂ ਹੈ ਜਿਸ ਨੇ ਮੈਨੂੰ ਨਾਸਤਿਕਤਾ ਦੇ ਸਿਧਾਂਤ ਨੂੰ ਅਪਨਾਉਂਣ ਲਈ ਪ੍ਰੇਰਿਤ ਕੀਤਾ। ਨਾ ਤਾਂ ਮੈਂ ਇਕ ਪ੍ਰਤੀਦਵੰਧੀ ਹਾਂ ਨਾ ਹੀ ਇਕ ਅਵਤਾਰ ਅਤੇ ਨਾ ਹੀ ਸਵਯੰ ਪਰਮ ਆਤਮਾ। ਇਕ ਗੱਲ ਨਿਸਚਿਤ ਹੈ, ਇਹ ਹੰਕਾਰ ਨਹੀਂ ਹੈ ਜੋ ਮੈਨੂੰ ਇਸ ਤਰ੍ਹਾਂ ਸੋਚਣ ਵੱਲ ਲੈ ਗਿਆ”

(4) ਸਵਾਲ : ਤੁਹਾਡੇ ਕੁੱਝ ਮਿੱਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਆਪ ਆਪਣੀ ਪ੍ਰਸਿੱਧੀ ਦੇ ਹੁੰਦਿਆਂ ਹੰਕਾਰੀ ਹੋ ਈਸ਼ਵਰ ਉੱਤੇ ਵਿਸ਼ਵਾਸ ਕਰਣਾ ਛੱਡ ਚੁੱਕੇ ਹੋ। ਇਸ ਸਬੰਧ ਵਿਚ ਤੁਹਾਡਾ ਕੀ ਕਹਿਣਾ ਹੈ ?
ਭਗਤ ਸਿੰਘ : “ਮੇਰੇ ਇਨ੍ਹਾਂ ਦੋਸਤਾਂ ਅਨੁਸਾਰ, ਦਿੱਲੀ ਬੰਬ ਕੇਸ ਅਤੇ ਲਾਹੌਰ ਸਾਜ਼ਿਸ਼ ਕੇਸ ਦੌਰਾਨ ਮੈਨੂੰ ਜੋ ਗ਼ੈਰ ਜ਼ਰੂਰੀ ਮਾਣ ਮਿਲਿਆ, ਸ਼ਾਇਦ ਉਸ ਕਾਰਣ ਮੈਂ ਬੇਮਤਲਬੀ ਅਭਿਮਾਨੀ ਹੋ ਗਿਆ ਹਾਂ। ਤਾਂ ਫ਼ਿਰ ਆਓ, ਦੇਖੀਏ ਕਿ ਕੀ ਇਹ ਪੱਖ ਸਹੀ ਹੈ। ਮੇਰਾ ਨਾਸਤਿਕਤਾਵਾਦ ਕੋਈ ਹਾਲ ਦੀ ਉੱਤਪਤੀ ਨਹੀਂ ਹੈ। ਮੈਂ ਤਾਂ ਈਸ਼ਵਰ ਉੱਤੇ ਵਿਸ਼ਵਾਸ ਉਦੋਂ ਛੱਡ ਦਿਤਾ ਸੀ ਜਦੋਂ ਮੈਂ ਅਪ੍ਰਸਿੱਧ ਨੌਜਵਾਨ ਸੀ, ਜਿਸ ਦੀ ਹੋਂਦ ਬਾਰੇ ਮੇਰੇ ਉਪਰੋਕਤ ਦੋਸਤਾਂ ਨੂੰ ਕੁੱਝ ਪਤਾ ਵੀ ਨਹੀਂ ਸੀ। ਘੱਟ-ਤੋਂ-ਘੱਟ ਇਕ ਕਾਲਜ ਦਾ ਵਿਦਿਆਰਥੀ ਤਾਂ ਐਸੇ ਕਿਸੇ ਅਨੁਚਿਤ ਹੰਕਾਰ ਨੂੰ ਨਹੀਂ ਪਾਲ-ਪੋਸ ਸਕਦਾ ਜਿਹੜਾ ਉਸ ਨੂੰ ਨਾਸਤਿਕਤਾ ਵੱਲ ਲੈ ਜਾਏ। ਹਾਲਾਂਕਿ ਮੈਂ ਕੁੱਝ ਅਧਿਆਪਕਾਂ ਦਾ ਚਹੇਤਾ ਸੀ ਅਤੇ ਕੁੱਝ ਦੂਜਿਆਂ ਨੂੰ ਮੈਂ ਚੰਗਾ ਨਹੀਂ ਲਗਦਾ ਸੀ, ਪਰ ਮੈਂ ਕਦੇ ਬਹੁਤ ਮਿਹਨਤੀ ਤੇ ਪੜਾਕੂ ਵਿਦਿਆਰਥੀ ਨਹੀਂ ਰਿਹਾ। ਹੰਕਾਰ-ਜੈਸੀ ਭਾਵਨਾ ਵਿੱਚ ਫ਼ਸਣ ਦਾ ਤਾਂ ਕੋਈ ਮੌਕਾ ਹੀ ਨਾ ਮਿਲ ਸਕਿਆ”

(5) ਸਵਾਲ : ਜੇ ਐਸਾ ਹੀ ਹੈ ਤਾਂ ਕ੍ਰਿਪਾ ਕਰਕੇ ਇਹ ਦੱਸੋ ਕਿ ਈਸ਼ਵਰ ਉੱਤੇ ਅਵਿਸ਼ਵਾਸ ਤੁਹਾਨੂੰ ਕਦੋਂ ਹੋਇਆ ?
ਭਗਤ ਸਿੰਘ : “1926 ਦੇ ਅਖ਼ੀਰ ਤਕ ਮੈਨੂੰ ਇਸ ਗਲ ਦਾ ਵਿਸ਼ਵਾਸ ਹੋ ਗਿਆ ਕਿ ਇਕ ਸਰਬ ਸ਼ਕਤੀਮਾਨ ਪਰਮ-ਆਤਮਾ ਦੀ ਗਲ- ਜਿਸ ਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ, ਦਿੱਘ-ਦਰਸ਼ਨ ਅਤੇ ਸੰਚਾਲਨ ਕੀਤਾ ਇਕ ਕੋਰੀ ਬਕਵਾਸ ਹੈ”

(6) ਸਵਾਲ : ਅਸਹਿਯੋਗ ਅੰਦੋਲਨ ਦੇ ਦਿਨਾਂ ਵਿੱਚ ਈਸ਼ਵਰ ਸਬੰਧੀ ਤੁਹਾਡੀ ਮਾਨਤਾ ਕੀ ਸੀ ?
ਭਗਤ ਸਿੰਘ : “ਅਸਹਿਯੋਗ ਅੰਦੋਲਨ ਦੇ ਦਿਨਾਂ ਵਿੱਚ ਮੈਂ ਰਾਸ਼ਟਰੀ ਕਾਲਜ ਵਿੱਚ ਦਾਖ਼ਲਾ ਲਿਆ। ਇੱਥੇ ਆ ਕੇ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ, ਇੱਥੋਂ ਤਕ ਕਿ ਈਸ਼ਵਰ ਬਾਰੇ ਵਿੱਚ ਉਦਾਰਤਾ ਪੂਰਵਕ ਸੋਚਣਾ, ਵਿਚਾਰਨਾ ਅਤੇ ਉਸ ਦੀ ਅਲੋਚਨਾ ਕਰਣੀ ਸ਼ੁਰੂ ਕੀਤੀ। ਪਰ ਅੱਜੇ ਵੀ ਮੈਂ ਪੱਕਾ ਆਸਤਿਕ ਸੀ। ਉਸ ਵੇਲੇ ਤਕ ਮੈਂ ਆਪਣੇ ਬਿਨਾਂ ਕੱਟੇ ਅਤੇ ਸੰਵਾਰੇ ਹੋਏ ਲੰਮੇ ਬਾਲਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ, ਹਾਂਲਾਂਕਿ ਮੈਨੂੰ ਕਦੇ ਵੀ ਸਿੱਖ ਜਾਂ ਦੂਜੇ ਧਰਮਾਂ ਦੀ ਪੋਰਾਣਿਕਤਾ ਅਤੇ ਸਿਧਾਂਤਾਂ ਵਿੱਚ ਵਿਸ਼ਵਾਸ ਨਹੀਂ ਹੋ ਸਕਿਆ ਸੀ। ਕਿੰਤੂ ਮੇਰਾ ਈਸ਼ਵਰ ਦੀ ਹੋਂਦ ਵਿੱਚ ਦ੍ਰਿੜ੍ਹ ਵਿਸ਼ਵਾਸ ਸੀ”

(7) ਸਵਾਲ : 1926 ਦੇ ਅਖੀਰ ਵਿੱਚ ਨਾਸਤਿਕ ਹੋਣ ਤੋਂ ਲਗ ਭਗ ਤਿੰਨ ਸਾਲ ਪਹਿਲਾਂ 1923 ਵਿੱਚ ਤੁਸੀ ਆਸਤਿਕ ਹੁੰਦੇ ਹੋਏ ਵੀ ਦੇਸ਼ ਪ੍ਰੇਮ ਅਤੇ ਬਲਿਦਾਨ ਦੀ ਭਾਵਨਾ ਨਾਲ ਭਰੇ ਹੋਏ ਸੀ। 1926 ਤੋਂ ਪਹਿਲੇ ਜਦੋਂ ਤੁਸਾਂ ਆਜ਼ਾਦੀ ਦੀ ਲਡਾਈ ਵਿੱਚ ਜ਼ੁਲਮ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਉਸ ਵਕਤ ਤੁਸੀਂ ਆਸਤਿਕ ਹੀ ਸੀ। ਕੀ ਉਸ ਵੇਲੇ ਤੁਹਾਡੀ ਆਸਤਿਕ ਹੋਣ ਦੀ ਭਾਵਨਾ ਨੇ ਤੁਹਾਡੇ ਦੇਸ਼ ਪ੍ਰੇਮ ਅਤੇ ਸਮਾਜ ਭਲੇ ਦੀ ਚਾਹ ਦੀ ਰਾਹ ਵਿੱਚ ਕੋਈ ਰੋੜਾ ਅਟਕਾਇਆ ਸੀ ?
ਭਗਤ ਸਿੰਘ .........

(8) ਸਵਾਲ : ਕਿਹਾ ਜਾਂਦਾ ਹੈ ਅਤੇ ਤੁਸੀਂ ਮੰਨਦੇ ਵੀ ਹੋ ਕਿ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਤੁਹਾਡੇ ਆਦਰਸ਼ ਹਨ ਜੋ ਕਿ ਇਕ ਆਸਤਿਕ ਸਨ ਅਤੇ ਨਾਲ ਨਾਲ ਮਹਾਨ ਦੇਸ਼ ਭਗਤ ਵੀ। ਉਨ੍ਹਾਂ ਤੋਂ ਇਲਾਵਾ ਕਿਹੜੇ ਵਿਅਕਤੀ ਵਿਸ਼ੇਸ਼ ਕੋਲੋਂ ਤੁਹਾਨੂੰ ਆਜ਼ਾਦੀ ਵਾਸਤੇ ਲੜਣ ਦੀ ਪ੍ਰੇਰਣਾ ਮਿਲੀ ? ਉਨ੍ਹਾਂ ਦਿਨਾਂ ਬਾਰੇ ਵੀ ਕੁੱਝ ਦੱਸੋ।
ਭਗਤ ਸਿੰਘ : “ਉਨ੍ਹਾਂ ਦਿਨਾਂ ਵਿੱਚ ਮੈਂ ਪੂਰਾ ਭਗਤ ਸੀ। ਬਾਅਦ ਵਿੱਚ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕੀਤਾ। ਜਿੱਥੋਂ ਤਕ ਧਾਰਮਿਕ ਰੂੜੀਵਾਦ ਦਾ ਸਵਾਲ ਹੈ, ਉਹ ਇਕ ਉਦਾਰਵਾਦੀ ਵਿਅਕਤੀ ਹਨ। ਉਨ੍ਹਾਂ ਦੀ ਹੀ ਸਿੱਖਿਆ ਕੋਲੋਂ ਮੈਨੂੰ ਸਵਤੰਤਰਤਾ ਦੇ ਮਕਸਦ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਣ ਦੀ ਪ੍ਰੇਰਨਾ ਮਿਲੀ। ਕਿੰਤੂ ਉਹ ਨਾਸਤਿਕ ਨਹੀਂ ਹਨ। ਉਨ੍ਹਾਂ ਦਾ ਈਸ਼ਵਰ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ। ਉਹ ਮੈਨੂੰ ਪ੍ਰਤੀਦਿਨ ਪੂਜਾ ਅਰਚਨਾ ਲਈ ਉਤਸ਼ਾਹਿਤ ਕਰਦੇ ਰਹਿੰਦੇ ਸੀ। ਇਸ ਤਰ੍ਹਾਂ ਮੇਰਾ ਪਾਲਣ ਪੋਸਣ ਹੋਇਆ”

(9) ਸਵਾਲ : ਮਤਲਬ ਕਿ ਤੁਹਾਡੇ ਜਿਹੇ ਮਹਾਨ ਕ੍ਰਾਂਤੀਕਾਰੀ ਦੇ ਕਿਰਦਾਰ ਨੂੰ ਘੜਣ ਵਿੱਚ ਆਸਤਿਕਾਂ ਦਾ ਬੜਾ ਹੀ ਵੱਡਾ ਯੋਗਦਾਨ ਰਿਹਾ ਹੈ। ਕੀ ਈਸ਼ਵਰ ਜੈਸੀ, ਬਾ-ਕੌਲ ਤੁਹਾਡੇ, ਇਕ “ਕੋਰੀ ਬਕਵਾਸ” ਉੱਤੇ ਯਕੀਨ ਕਰਣ ਵਾਲੇ ਉਦਾਰਵਾਦੀ ਵੀ ਦੇਸ਼ ਅਤੇ ਸਮਾਜ ਦਾ ਭਲਾ/ਨਿਰਮਾਣ ਕਰਣ ਵਿੱਚ ਸਹਿਯੋਗੀ ਅਤੇ ਪ੍ਰੇਰਨਾ ਦਾਇਕ ਹੋ ਸਕਦੇ ਹਨ ?
ਭਗਤ ਸਿੰਘ ........

(10) ਸਵਾਲ : ਕੁੱਝ ਲੋਕ ਮੰਨਦੇ ਹਨ ਕਿ ਧਰਮ ਆਪਣੇ ਆਗਾਜ਼ ਤੋਂ ਹੀ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਈਸ਼ਵਰ ਦੇ ਵਿਚਾਰ ਨੂੰ ਇਸ ਦੀ ਉੱਤਪਤੀ ਤੋਂ ਹੀ ਸੋਸ਼ਣ ਕਰਣ ਵਾਲੇ ਸ਼ਾਤਰ ਦਿਮਾਗ ਬੰਦਿਆਂ ਦਾ ਕੰਮ ਮੰਨਦੇ ਹਨ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ?
ਭਗਤ ਸਿੰਘ : “ਕੁੱਝ ਉਗਰ ਪਰਿਵਰਤਨਕਾਰੀਆਂ ( Radicals ) ਦੇ ਉਲਟ ਮੈਂ ਇਸ ਦੀ ਉੱਤਪਤੀ ਦਾ ਸ਼ਰੇਯ ( Credit ) ਉਨ੍ਹਾਂ ਸ਼ੋਸ਼ਕਾਂ ਦੀ ਕਾਬਲੀਅਤ ਨੂੰ ਨਹੀਂ ਦਿੰਦਾ ਜੋ ਪਰਮਾਤਮਾ ਦੀ ਹੋਂਦ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਆਪਣੇ ਅਧਿਕਾਰ ਹੇਠ ਚਾਹੁੰਦੇ ਸੀ ਅਤੇ ਉਨ੍ਹਾਂ ਤੋਂ ਆਪਣੀ ਖ਼ਾਸ ਸਥਿਤੀ ਦਾ ਅਧਿਕਾਰ ਅਤੇ ਅਨੁਮੋਦਨ (ਅਪਪਰੋਵੳਲ) ਚਾਹੁਂਦੇ ਸੀ”

(11) ਸਵਾਲ :ਆਪ ਜੀ ਦਾ ਉੱਤਰ ਨਾਸਤਕ ਤਰਕਸ਼ੀਲਾਂ ਲਈ ਅਤਿਅੰਤ ਮਹੱਤਵਪੁਰਣ ਹੈ। ਇਸ ਦਾ ਮਤਲਬ ਕਿ ਤੁਸੀਂ ਧਰਮ ਅਤੇ ਈਸ਼ਵਰ ਉੱਤੇ ਵਿਸ਼ਵਾਸ ਨੂੰ ਇਸ ਦੇ ਮੁੱਢ ਤੋਂ ਬੁਰਾ ਨਹੀਂ ਮੰਨਦੇ ਬਲਕਿ ਇਹ ਮੰਨਦੇ ਹੋ ਕਿ ਚੰਗੀ ਮਨਸ਼ਾ ਲੈ ਕੇ ਚੱਲਣ ਵਾਲੇ ਧਰਮ ਅਤੇ ਈਸ਼ਵਰ ਦੀ ਉੱਤਪਤੀ ਦੇ ਵਿਚਾਰਾਂ ਨੂੰ ਬਾਦ ਵਿੱਚ ਸ਼ੋਸ਼ਣ ਕਰਣ ਵਾਲੇ ਲੋਕਾਂ ਨੇ ਆਪਣੇ ਪ੍ਰਭੂਤਵ ਨੂੰ ਸਥਾਪਤ ਕਰਨ ਲਈ ਇਸਤੇਮਾਲ ਕੀਤਾ। ਤੁਹਾਡੇ ਇਸ ਉੱਤਰ ਵਿੱਚ ਧਰਮ ਘਟ ਅਤੇ ਰਾਜਵਰਗ ਜ਼ਿਆਦਾ ਦੋਸ਼ੀ ਨਜ਼ਰ ਆਉਂਦਾ ਹੈ। ਜੇ ਐਸਾ ਹੈ ਤਾਂ ਈਸ਼ਵਰ ਨੂੰ ਘੜਣ ਪਿੱਛੇ ਮਨੁੱਖ ਦੀ ਮਨਸ਼ਾ ਚੰਗੀ ਸੀ ਜਾਂ ਫਿਰ ਬੁਰੀ ?
ਭਗਤ ਸਿੰਘ : “ਈਸ਼ਵਰ ਦੀ ਉੱਤਪਤੀ ਬਾਰੇ ਮੇਰਾ ਆਪਣਾ ਵਿਚਾਰ ਇਹ ਹੈ ਕਿ ਮਨੁੱਖ ਨੇ ਆਪਣੀਆਂ ਹੱਦਾਂ, ਕਮਜ਼ੋਰੀਆਂ ਅਤੇ ਕਮੀਆਂ ਨੂੰ ਸਮਝਣ ਤੋਂ ਬਾਦ, ਪਰੀਖਿਆ ਦੀ ਘੜੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਣ, ਆਪਣੇ ਆਪ ਨੂੰ ਉੱਤਸ਼ਾਹਿਤ ਕਰਣ, ਸਾਰੇ ਖ਼ਤਰਿਆਂ ਨੂੰ ਮਰਦਾਨਗੀ ਨਾਲ ਝੱਲਣ ਅਤੇ ਅਮੀਰੀ ਅਤੇ ਐਸ਼ ਵਿੱਚ ਉਸ ਦੇ ਵਿਸਫ਼ੋਟ ਨੂੰ ਬੰਨ੍ਹਣ ਲਈ- ਈਸ਼ਵਰ ਦੀ ਕਾਲਪਨਿਕ ਹੋਂਦ ਦੀ ਰਚਨਾ ਕੀਤੀ”

(12) ਸਵਾਲ : ਜੇ ਕਰ ਐਸਾ ਹੈ ਤਾਂ ਇਹ ਇਕ ਚੰਗਾ ਵਿਚਾਰ ਹੀ ਕਿਹਾ ਜਾ ਸਕਦਾ ਹੈ। ਕੀ ਤੁਹਾਡੇ ਕੁੱਝ ਦੇਸ਼ ਭਗਤ ਸਾਥੀ ( ਕ੍ਰਾਂਤੀਕਾਰੀ) ਇਸ ਵਿਚਾਰ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਕਰ ਸਕੇ ?
ਭਗਤ ਸਿੰਘ : “ਕਾਕੋਰੀ ਦੇ ਪ੍ਰਸਿੱਧ ਸਾਰੇ ਚਾਰ ਸ਼ਹੀਦਾਂ ਨੇ ਆਪਣੇ ਅੰਤਿਮ ਦਿਨ ਭਜਨ-ਪ੍ਰਾਰਥਨਾ ਵਿੱਚ ਗੁਜ਼ਾਰੇ ਸਨ। ਰਾਮ ਪ੍ਰਸਾਦ ਬਿਸਮਿਲ ਇਕ ਰੂੜੀਵਾਦੀ ਆਰੀਆ ਸਮਾਜੀ ਸਨ।ਸਮਾਜਵਾਦ ਅਤੇ ਸਾਮਯਵਾਦ ਵਿੱਚ ਆਪਣੇ ਵਿਸ਼ਾਲ ਅਧਿਐਨ ਦੇ ਬਾਵਜੂਦ, ਰਾਜਿੰਦਰ ਲਾਹਿੜੀ 'ਉਪਨਿਸ਼ਦ' ਅਤੇ ਗੀਤਾ ਦੇ ਸਲੋਕਾਂ ਦੇ ਉਚਾਰਣ ਦੀ ਆਪਣੀ ਅਭਿਲਾਸ਼ਾ ਨੂੰ ਦਬਾ ਨਾ ਸਕੇ। ਮੈਂ ਉਨ੍ਹਾਂ ਸਾਰਿਆਂ ਵਿੱਚੋਂ ਇਕ ਹੀ ਬੰਦੇ ਨੂੰ ਦੇਖਿਆ ਜੋ ਕਦੇ ਪ੍ਰਾਰਥਨਾ ਨਹੀਂ ਕਰਦਾ ਸੀ ਅਤੇ ਕਹਿੰਦਾ ਸੀ "ਦਰਸ਼ਨ ਸ਼ਾਸਤਰ, ਮਨੁੱਖ ਦੀ ਕਮਜ਼ੋਰੀ ਜਾਂ ਗਿਆਨ ਦੇ ਸੀਮਿਤ ਹੋਣ ਦੇ ਕਾਰਣ ਪੈਦਾ ਹੁੰਦਾ ਹੈ" ਉਹ ਵੀ ਅਜੀਵਨ ਨਿਰਵਾਸਣ ਦੀ ਸਜ਼ਾ ਭੋਗ ਰਿਹਾ ਹੈ ਪ੍ਰੰਤੂ ਉਸ ਨੇ ਵੀ ਈਸ਼ਵਰ ਦੀ ਹੋਂਦ ਨੂੰ ਨਿਕਾਰਣ ਦੀ ਕਦੇ ਹਿੰਮਤ ਨਹੀਂ ਕੀਤੀ”

(13) ਸਵਾਲ: ਹੁਣ ਇਹ ਦੱਸੋ ਕਿ ਆਮ ਸੰਧਰਭ ਵਿੱਚ ਕੀ ਈਸ਼ਵਰ ਦੇ ਵਿਚਾਰ ਦੀ ਮਨੁੱਖ ਦੇ ਜੀਵਨ ਵਿੱਚ ਕੋਈ ਉਪਯੋਗਿਤਾ ਹੈ ?
ਭਗਤ ਸਿੰਘ : “ਜਦ ਉਸ ਦੀ ਉਗਰਤਾ ਅਤੇ ਵਿਅਕਤੀਗਤ ਨਿਯਮਾਂ ਦੀ ਚਰਚਾ ਹੁੰਦੀ ਹੈ ਤਾਂ ਉਸ ਦਾ ਉਪਯੋਗ ਇਕ ਡਰਾੳਂੁਣ ਵਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਤਾਂ ਕਿ ਮਨੁੱਖ ਸਮਾਜ ਲਈ ਇਕ ਖ਼ਤਰਾ ਨਾ ਬਣ ਜਾਏ। ਜਦ ਉਸ ਦੇ ਅਭਿਭਾਵਕ (Parental) ਗੁਣਾਂ ਦੀ ਵਿਆਖਿਆ ਹੂੰਦੀ ਹੈ ਤਾਂ ਉਸ ਦਾ ਉਪਯੋਗ ਇਕ ਪਿਤਾ, ਮਾਤਾ, ਭਾਈ, ਭੈਣ, ਦੋਸਤ ਅਤੇ ਸਹਾਇਕ ਦੀ ਤਰ੍ਹਾਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਦ ਮਨੁੱਖ ਆਪਣੇ ਸਾਰੇ ਦੋਸਤਾਂ ਦੇ ਵਿਸ਼ਵਾਸਘਾਤ ਤੇ ਉਨ੍ਹਾਂ ਦੁਆਰਾ ਤਿਆਗ ਦੇਣ ਤੋਂ ਅਤਿਅੰਤ ਦੁਖੀ ਹੋਵੇ ਤਾਂ ਉਸ ਨੂੰ ਇਸ ਵਿਚਾਰ ਨਾਲ ਤਸੱਲੀ ਮਿਲ ਸਕਦੀ ਹੈ ਕਿ ਇਕ ਸਦਾ ਸੱਚਾ ਦੋਸਤ ਉਸ ਦੀ ਸਹਾਇਤਾ ਕਰਣ ਲਈ ਹੈ, ਉਸ ਨੂੰ ਸਹਾਰਾ ਦੇਵੇ ਗਾ, ਜੋ ਕਿ ਸਰਬ ਸ਼ਕਤੀਮਾਨ ਹੈ ਅਤੇ ਕੁੱਝ ਵੀ ਕਰ ਸਕਦਾ ਹੈ। ਅਸਲ ਵਿੱਚ ਆਦਮ ਕਾਲ ਵਿੱਚ ਇਹ ਸਮਾਜ ਲਈ ਉਪਯੋਗੀ ਸੀ। ਮੁਸੀਬਤ ਵਿੱਚ ਪਏ ਮਨੁੱਖ ਲਈ ਈਸ਼ਵਰ ਦੀ ਕਲਪਨਾ ਸਹਾਇਕ ਹੁੰਦੀ ਹੈ”

(14) ਸਵਾਲ : ਤੁਹਾਡੇ ਕਥਨ ਵਿੱਚ ਈਸ਼ਵਰ ਦੇ ਵਿਚਾਰ ਦੀ ਸਮਾਜਿਕ ਉਪਯੋਗਿਤਾ ਸਿਧ ਹੁੰਦੀ ਹੈ ਤਾਂ ਫਿਰ ਤੁਸੀ ਐਸੇ ਉਪਯੋਗੀ ਵਿਚਾਰ ਦੀ ਨਿਰੰਤਰਤਾ ਦੇ ਵਿਸ਼ੇ ਵਿੱਚ ਕੀ ਕਹਿਣਾ ਚਾਹੁੰਦੇ ਹੋ ?
ਭਗਤ ਸਿੰਘ : “ਸਮਾਜ ਨੂੰ ਇਸ ਈਸ਼ਵਰ ਦੇ ਵਿਸ਼ਵਾਸ ਦੇ ਖਿਲਾਫ਼ ਉਸੇ ਤਰ੍ਹਾਂ ਲੜਨਾ ਪਵੇਗਾ ਜਿਵੇਂ ਕਿ ਮੂਰਤੀ-ਪੂਜਾ ਅਤੇ ਧਰਮ ਸਬੰਧੀ ਨੀਵੇਂ ਵਿਚਾਰਾਂ ਦੇ ਖਿਲਾਫ਼ ਲੜਣਾ ਪਿਆ ਸੀ। ਇਸ ਤਰ੍ਹਾਂ ਮਨੁੱਖ ਜਦ ਆਪਣੇ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕਰਣ ਲਗੇ ਅਤੇ ਯਥਾਰਥ ਵਾਦੀ ਬਣ ਜਾਏ ਤਾਂ ਉਸ ਨੂੰ ਈਸ਼ਵਰੀ ਸ਼ਰਧਾ ਨੂੰ ਇਕ ਪਾਸੇ ਸੁੱਟ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੇ ਦੁਖਾਂ ਪਰੇਸ਼ਾਨੀਆਂ ਦਾ ਮਰਦਾਨਗੀ ਨਾਲ ਸਾਮ੍ਹਣਾ ਕਰਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਹਾਲਾਤ ਉਸ ਨੂੰ ਪਟਕ ਸਕਦੇ ਹਨ”

(15) ਸਵਾਲ: ਤੁਸੀਂ ਇੱਥੇ ਇਕ ਉਪਯੋਗੀ ਰੱਬੀ ਵਿਚਾਰ ਦਾ ਅੰਤ ਇਸ ਲਈ ਚਾਹੁੰਦੇ ਹੋ ਕਿ ਇਸ ਵਿਚਾਰ ਦਾ ਇਸਤੇਮਾਲ ਰਾਜਵਰਗ ਨੇ, ਜਿਵੇਂ ਕਿ ਤੁਸੀ ਪਿੱਛੇ ਕਿਹਾ ਹੈ, ਬਾਦ ਵਿੱਚ ਆਪਣੇ ਹਿੱਤਾਂ ਲਈ ਕੀਤਾ।ਤੁਹਾਡੇ ਵਿਚਾਰਾਂ ਅਨੁਸਾਰ ਤਾਂ ਸ਼ੋਸ਼ਕ ਰਾਜਵਰਗ ਦੀ ਰਾਜਨੀਤੀ ਨੇ ਰੱਬੀ ਵਿਚਾਰ ਦੇ ਚੰਗੇ ਆਗਾਜ਼ ਨੂੰ ਵੀ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ ਹੈ।ਤੁਸੀਂ ਇੱਥੇ ਈਸ਼ਵਰ ਦੇ ਵਿਚਾਰ ਦੇ ਵਿਗਾੜ ਵਿੱਚ ਸੁਧਾਰ ਨਹੀਂ ਬਲਕਿ ਉਸ ਦਾ ਨਾਸ਼ ਚਾਹੁੰਦੇ ਹੋ। ਪਰ ਜੇ ਰਾਜਨੀਤੀ ਦੀ ਗਲ ਕਰੀਏ, ਤਾਂ ਤੁਸੀ ਸੰਸਾਰ ਵਿੱਚ ਰਾਜਨੀਤਕ ਸੁਧਾਰ ਚਾਹੁੰਦੇ ਹੋ ਪਰ ਰਾਜਨੀਤੀ ਦਾ ਨਾਸ਼ ਨਹੀਂ।ਐਸਾ ਕਿਉਂ? ਸ਼ੌਸ਼ਣ ਦੇ ਪਿੱਛੇ ਆਰਥਕ ਹਿਤ ਵੀ ਮੁੱਡਲੀ ਭੂਮਿਕਾ ਨਿਭਾਉਂਦੇ ਹਨ ਪਰ ਤੁਸੀ ਅਰਥ ਵਿਵਸਥਾ ਵਿਚ ਸੁਧਾਰ ਚਾਹੋਗੇ ਜਾਂ ਉਨਾਂ ਦਾ ਸਮੂਲ ਨਾਸ਼? ਕੀ ਆਪ ਜੀ ਨੇ ਇਸ ਬਾਰੇ ਵਿਚਾਰ ਕੀਤਾ ਹੈ?
ਭਗਤ ਸਿੰਘ : ........

(16) ਸਵਾਲ : ਇਸ ਵਿੱਚ ਅੱਗੇ ਵਧਣ ਤੋਂ ਪਹਿਲੇ ਮੈਂ ਆਪ ਜੀ ਨੂੰ ਇਕ ਵੱਖਰਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਵਿਚਾਰਾਂ ਦਾ ਆਧਾਰ ਕੀ ਬਣਿਆ ?
ਭਗਤ ਸਿੰਘ : “ਯਥਾਰਥਵਾਦ ਸਾਡਾ ਆਧਾਰ ਬਣਿਆ”

(17) ਸਵਾਲ : ਇਸ ਆਧਾਰ ਨੂੰ ਲੈ ਕੇ ਤੁਸੀਂ ਰੂੜੀਗਤ ਵਿਸ਼ਵਾਸਾਂ ਬਾਰੇ ਕੀ ਕਹਿਣਾ ਚਾਹੋਗੇ?
ਭਗਤ ਸਿੰਘ : “ਹਰ ਮਨੁੱਖ ਨੂੰ, ਜੋ ਵਿਕਾਸ ਲਈ ਖੜਾ ਹੈ, ਰੂੜੀਗਤ ਵਿਸ਼ਵਾਸਾਂ ਦੇ ਹਰ ਪਹਿਲੂ ਦੀ ਆਲੋਚਨਾ ਅਤੇ ਉਨ੍ਹਾਂ ਉਤੇ ਅਵਿਸ਼ਵਾਸ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਚੁਨੌਤੀ ਦੇਣੀ ਹੋਵੇ ਗੀ। ਹਰ ਪ੍ਰਚੱਲਿਤ ਮਤ ਦੀ ਹਰ ਗਲ ਨੂੰ ਹਰ ਕੋਨੇ ਤੋਂ ਤਰਕ ਦੀ ਕਸੌਟੀ ਤੇ ਕਸਣਾ ਹੋਵੇਗਾ।

ਜੇਕਰ ਕਾਫ਼ੀ ਤਰਕ ਦੇ ਬਾਦ ਵੀ ਉਹ ਕਿਸੇ ਸਿਧਾਂਤ ਜਾਂ ਦਰਸ਼ਨ ਦੇ ਪ੍ਰਤੀ ਪ੍ਰੇਰਿਤ ਹੁੰਦਾ ਹੈ ਤਾਂ ਉਸਦੇ ਵਿਸ਼ਵਾਸ ਦਾ ਸੁਆਗਤ ਹੈ। ਉਸ ਦਾ ਤਰਕ ਝੂਠਾ, ਭਰਮਿਤ ਜਾਂ ਛਲਾਵਾ ਤੇ ਕਦੇ-ਕਦੇ ਮਿੱਥਿਆ ਹੋ ਸਕਦਾ ਹੈ ਲੇਕਿਨ ਉਸ ਨੂੰ ਸੁਧਾਰਿਆ ਜਾ ਸਕਦਾ ਹੈ,ਕਿਉਂ ਕਿ ਵਿਵੇਕ ਉਸ ਦੇ ਜੀਵਨ ਦਾ ਦਿਸ਼ਾਸੂਚਕ ਹੈ। ਪਰ ਨਿਰਾ ਵਿਸ਼ਵਾਸ ਅਤੇ ਅੰਧ ਵਿਸ਼ਵਾਸ ਖ਼ਤਰਨਾਕ ਹੈ। ਇਹ ਦਿਮਾਗ ਨੂੰ ਮੂੜ੍ਹ ਤੇ ਮਨੁੱਖ ਪ੍ਰਤੀਕ੍ਰਿਆਵਾਦੀ ਬਣਾ ਦਿੰਦਾ ਹੈ। ਜਿਹੜਾ ਮਨੁੱਖ ਆਪਣੇ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ ਉਸ ਨੂੰ ਸਾਰੇ ਪ੍ਰਾਚੀਨ ਵਿਸ਼ਵਾਸਾਂ ਨੂੰ ਚੁਨੌਤੀ ਦੇਣੀ ਹੋਵੇਗੀ। ਜੇ ਕਰ ਉਹ ਤਰਕ ਦਾ ਵਾਰ ਨਾ ਸਹਿ ਸਕੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਗੇ। ਉਸ ਵੇਲੇ ਉਸ ਵਿਅਕਤੀ ਦਾ ਪਹਿਲਾ ਕੰਮ ਹੋਵੇਗਾ, ਤਮਾਮ ਪੁਰਾਣੇ ਵਿਸ਼ਵਾਸਾਂ ਨੂੰ ਧਾਰਾਸ਼ਾਹੀ ਕਰਕੇ ਨਵੇਂ ਦਰਸ਼ਨ ਦੀ ਸਥਾਪਨਾ ਲਈ ਜਾਗ੍ਹਾ ਸਾਫ਼ ਕਰਨਾ”

(18) ਸਵਾਲ : ਤਾਂ ਕੀ ਪਹਿਲੀਆਂ ਸੱਭਿਆਤਾਵਾਂ ਦੇ ਸਾਰੇ ਵਿਸ਼ਵਾਸ ਕਿਸੇ ਕੰਮ ਦੇ ਨਹੀਂ?
ਭਗਤ ਸਿੰਘ :”ਇਹ ਤਾਂ ਨੱਕਾਰਾਤਮਕ ਪੱਖ ਹੋਇਆ। ਇਸ ਤੋਂ ਬਾਦ ਸਹੀ ਕੰਮ ਸ਼ੁਰੂ ਹੋਵੇਗਾ ਜਿਸ ਵਿੱਚ ਪੁਨਰ ਨਿਰਮਾਣ ਲਈ ਪੁਰਾਣੇ ਵਿਸ਼ਵਾਸਾਂ ਦੀਆਂ ਕੁੱਝ ਗੱਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ”

(19) ਸਵਾਲ : ਇਸ ਦਾ ਮਤਲਬ ਤੁਸੀਂ ਕੁੱਝ ਪੁਰਾਣੇ ਵਿਸ਼ਵਾਸਾਂ ਨੂੰ ਲੋੜਵੰਦ ਸਮਝਦੇ ਹੋ। ਇੱਥੇ ਆਪ ਜੀ ਦਾ ਮਤਲਬ ਕਿਹੜੇ ਵਿਸ਼ਵਾਸਾਂ ਨਾਲ ਹੈ ?
ਭਗਤ ਸਿੰਘ : ..........

(20) ਸਵਾਲ : ਖ਼ੈਰ ਇਹ ਦਸੋ ਏਸ਼ਿਆਈ ਦਰਸ਼ਨ ਦੇ ਸਕਾਰਾਤਮਕ ਪੱਖ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਭਗਤ ਸਿੰਘ : “ਜਿਥੋਂ ਤੱਕ ਮੇਰਾ ਸਬੰਧ ਹੈ, ਮੈਂ ਸ਼ੁਰੂ ਤੋਂ ਮੰਨਦਾ ਹਾਂ ਕਿ ਇਸ ਦਿਸ਼ਾ ਵਿੱਚ ਮੈਂ ਅੱਜੇ ਕੋਈ ਵਿਸ਼ੇਸ਼ ਅਧਿਐਨ ਨਹੀਂ ਕਰ ਸਕਿਆ ਹਾਂ। ਏਸ਼ਿਆਈ ਦਰਸ਼ਨ ਨੂੰ ਪੜ੍ਹਣ ਦੀ ਮੇਰੀ ਬੜੀ ਲਾਲਸਾ ਸੀ ਪਰ ਐਸਾ ਕਰਣ ਦਾ ਮੈਨੂੰ ਕੋਈ ਸੰਜੋਗ ਜਾਂ ਮੌਕਾ ਨਹੀਂ ਮਿਲਿਆ ਕਿੰਤੂ ਜਿੱਥੋਂ ਤੱਕ ਇਸ ਵਿਵਾਦ ਦੇ ਨਕਾਰਾਤਮਕ ਪੱਖ ਦੀ ਗੱਲ ਹੈ ਮੈਂ ਪ੍ਰਾਚੀਨ ਵਿਸ਼ਵਾਸਾਂ ਦੀ ਦ੍ਰਿੜ੍ਹਤਾ ਤੇ ਸਵਾਲ ਉਠਾਉਣ ਦੇ ਸਬੰਧ ਵਿੱਚ ਆਸ਼ਵਸਤ ਹਾਂ”

(21) ਸਵਾਲ : ਜ਼ਾਹਿਰ ਹੈ, ਆਪ ਜੀ ਨੂੰ ਏਸ਼ਿਆਈ ਦਰਸ਼ਨ ਦੇ ਸਕਾਰਾਤਮਕ ਪੱਖ ਦੇ ‘ਸ਼ਿਖਰ’ (ਨਾਨਕ ਦਰਸ਼ਨ) ਨੂੰ ਆਪ ਪੜਨ/ਸਮਝਣ ਦਾ ਸੰਜੋਗ ਜਾਂ ਮੋਕਾ ਮਿਲਦਾ ਤਾਂ ਗਲ ਹੋਰ ਹੁੰਦੀ।ਖ਼ੈਰ,ਤੁਸੀਂ ਈਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਕਿਸ ਤੇ ਵਿਸ਼ਵਾਸ ਕਰਦੇ ਹੋ?
ਭਗਤ ਸਿੰਘ : “ਅਸੀਂ ਪ੍ਰਕਰਤੀ (Nature) ਵਿੱਚ ਵਿਸ਼ਵਾਸ ਕਰਦੇ ਹਾਂ ਤੇ ਸਾਰੀ ਪ੍ਰਗਤੀ ਦਾ ਮਕਸਦ ਮਨੁੱਖ ਦੁਆਰਾ, ਆਪਣੀ ਸੇਵਾ ਲਈ, ਪ੍ਰਕਰਤੀ ਤੇ ਜਿੱਤ ਪਾਉਣਾ ਹੈ। ਇਸ ਨੂੰ ਦਿਸ਼ਾ ਦੇਣ ਲਈ ਪਿੱਛੇ ਕੋਈ ਚੇਤਨ ਸ਼ਕਤੀ ਨਹੀਂ ਹੈ। ਇਹ ਹੀ ਸਾਡਾ ਦਰਸ਼ਨ ਹੈ”

(22) ਸਵਾਲ: ਨਾਸਤਕ ਤਾਂ ਈਸ਼ਵਰ ਤੇ ਵਿਸ਼ਵਾਸ ਨੂੰ ਨੱਕਾਰਾਤਮਕ ਕਹਿੰਦੇ ਹਨ। ਕੀ ਈਸ਼ਵਰ ਪ੍ਰਤੀ ਵਿਸ਼ਵਾਸ ਸਕਾਰਾਤਮਕ ਤੌਰ ਤੇ ਕੁਝ ਕਰ ਸਕਦਾ ਹੈ?
ਭਗਤ ਸਿੰਘ : “ਵਿਸ਼ਵਾਸ ਦੁੱਖਾਂ ਨੂੰ ਹਲਕਾ ਕਰ ਦੇਂਦਾ ਹੈ, ਇਥੋਂ ਤਕ ਕਿ ਉਨ੍ਹਾਂ ਨੂੰ ਸੁਖਦਾਈ ਬਣਾ ਸਕਦਾ ਹੈ। ਈਸ਼ਵਰ ਤੋਂ ਮਨੁੱਖ ਨੂੰ ਬਹੁਤ ਜ਼ਿਆਦਾ ਹੌਸਲਾ ਦੇਣ ਵਾਲਾ ਇਕ ਆਧਾਰ ਮਿਲ ਸਕਦਾ ਹੈ ‘ਉਸਦੇ’ ਬਿਨਾਂ ਮਨੁੱਖ ਨੂੰ ਆਪ ਆਪਣੇ ਉਤੇ ਨਿਰਭਰ ਹੋਣਾ ਪੈਂਦਾ ਹੈ”

(23) ਸਵਾਲ: ਤੁਹਾਡੀ ਗੱਲ ਠੀਕ ਹੈ। ਆਮ ਦਿਮਾਗ ਦੇ ਬੰਦੇ,ਜੋ ਕਿ ਸੰਸਾਰ ਵਿੱਚ ਬਹੁਸੰਖਿਅਕ ਹਨ ਇਹੀ ਕਰ ਸਕਦੇ ਹਨ। ਖ਼ੈਰ ਤੁਸੀਂ ਆਪਣੇ ਉੱਪਰ ਚਲ ਰਹੇ ਮੁਕੱਦਮੇ ਅਤੇ ਉਸਦੇ ਅੰਤ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਭਗਤ ਸਿੰਘ : “ਪਹਿਲੇ ਹੀ ਚੰਗੀ ਤਰ੍ਹਾਂ ਪਤਾ ਹੈ ਕਿ (ਮੁਕੱਦਮੇ ਦਾ) ਕੀ ਫ਼ੈਸਲਾ ਹੋਵੇਗਾ। ਇਕ ਹਫ਼ਤੇ ਵਿੱਚ ਹੀ ਫ਼ੈਸਲਾ ਸੁਣਾ ਦਿੱਤਾ ਜਾਵੇਗਾ। ਮੈਂ ਆਪਣਾ ਜੀਵਨ ਇਕ ਮਕਸਦ ਲਈ ਕੁਰਬਾਨ ਕਰਣ ਜਾ ਰਿਹਾ ਹਾਂ, ਇਸ ਵਿਚਾਰ ਦੇ ਇਲਾਵਾ ਹੋਰ ਕੀ ਹੌਸਲਾ ਹੋ ਸਕਦਾ ਹੈ? ਈਸ਼ਵਰ ਵਿੱਚ ਵਿਸ਼ਵਾਸ ਰੱਖਣ ਵਾਲਾ ਹਿੰਦੂ ਪੁਨਰਜਨਮ ਤੇ ਇਕ ਰਾਜਾ ਹੋਂਣ ਦੀ ਆਸ ਕਰ ਸਕਦਾ ਹੈ, ਇਕ ਮੁਸਲਮਾਨ ਜਾਂ ਈਸਾਈ ਸਵਰਗ ਵਿੱਚ ਵਿਆਪਤ ਸਮਰਿਧੀ ਦੇ ਆਨੰਦ ਦੀ ਅਤੇ ਆਪਣੇ ਕਸ਼ਟਾਂ ਅਤੇ ਬਲੀਦਾਨ ਲਈ ਇਨਾਮ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਕਰਾਂ ? ਮੈਂ ਜਾਣਦਾ ਹਾਂ ਕਿ ਜਿਸ ਪਲ ਰੱਸੀ ਦਾ ਫ਼ੰਦਾ ਮੇਰੀ ਗਰਦਨ ਉੱਤੇ ਲਗੇ ਗਾ ਅਤੇ ਮੇਰੇ ਪੈਰਾਂ ਹੇਠੋਂ ਤਖ਼ਤਾ ਹਟੇਗਾ, ਉਹੀ ਪੂਰਣ ਵਿਰਾਮ ਹੋਵੇਗਾ-ਉਹੀ ਅੰਤਮ ਪਲ ਹੋਵੇਗਾ।ਮੈਂ, ਜਾਂ ਸੰਖੇਪ ਵਿਚ ਅਧਿਆਤਮਿਕ ਸ਼ਬਦਾਵਲੀ ਦੀ ਵਿਆਖਿਆ ਅਨੁਸਾਰ, ਮੇਰੀ ਆਤਮਾ ਸਭ ਉੱਥੇ ਹੀ ਸਮਾਪਤ ਹੋ ਜਾਏਗੀ। ਅੱਗੇ ਕੁੱਝ ਨਹੀਂ ਰਹੇਗਾ।ਇਕ ਛੋਟੀ ਜਿਹੀ ਜੂਝਦੀ ਹੋਈ ਜਿੰਦਗੀ, ਜਿਸ ਦੀ ਕੋਈ ਐਸੀ ਗੌਰਵਸ਼ਾਲੀ ਪਰਣਿਤੀ ਨਹੀ ਹੈ, ਆਪਣੇ ਵਿਚ ਆਪ ਇਕ ਇਨਾਮ ਹੋਵੇਗੀ- ਜੇਕਰ ਮੇਰੇ ਵਿਚ ਉਸ ਨੂੰ ਇਸ ਨਿਗਾਹ ਨਾਲ ਦੇਖਣ ਦੀ ਹਿੰਮਤ ਹੋਵੇ। ਇਹੀ ਸਭ ਕੁਝ ਹੈ। ਬਿਨਾਂ ਕਿਸੇ ਸਵਾਰਥ ਦੇ,ਇਥੇ ਜਾਂ ਇਸ ਤੋਂ ਬਾਦ ਦੇ ਇਨਾਮ ਦੀ ਇੱਛਾ ਦੇ ਬਿਨਾਂ ਮੈ ਨਿਰਲੇਪ ਭਾਵ ਨਾਲ ਆਪਣੇ ਜੀਵਨ ਨੂੰ ਆਜ਼ਾਦੀ ਦੇ ਮਕਸਦ ਤੇ ਸਮਰਪਿਤ ਕਰ ਦਿਤਾ ਹੈ ਕਿਉਂਕਿ ਮੈਂ ਹੋਰ ਕੁੱਝ ਕਰ ਹੀ ਨਹੀਂ ਸਕਦਾ ਸੀ”

(24) ਸਵਾਲ: ਆਪਣੇ ਜੀਵਨ ਦੇ ਅੰਤ ਦੇ ਸੰਬਧ ਵਿਚ ਤੁਹਾਡੀ ਇਹ ਭਾਵਨਾ ਕਮਾਲ ਦੀ ਹੈ।ਅੱਛਾ ਇਹ ਦੱਸੋ ਕਿ ਭਾਰਤ ਉੱਤੇ ਵਿਦੇਸ਼ੀ ਹਕੂਮਤ ਦਾ ਆਧਾਰ ਧਰਮ ਹੈ? ਕੀ ਇਸ ਦਾ ਦੋਸ਼ ਲੋਕਾਂ ਦੀ ਆਸਤਿਕਤਾ ਉੱਤੇ ਹੈ ਜਾਂ ਫਿਰ ਉਨਾਂ ਦੀ ਕਮਜੋਰੀ ਤੇ?
ਭਗਤ ਸਿੰਘ: “ਮੈ ਤੁਹਾਨੂੰ ਦੱਸ ਦਿਆਂ ਕਿ ਅੰਗ੍ਰੇਜ਼ਾਂ ਦੀ ਹਕੂਮਤ ਇੱਥੇ ਇਸ ਲਈ ਨਹੀਂ ਹੈ ਕਿ ਈਸ਼ਵਰ ਚਾਉਂਦਾ ਹੈ, ਬਲਕਿ ਇਸ ਲਈ ਕਿ ਉਨ੍ਹਾਂ ਕੋਲ ਤਾਕਤ ਹੈ ਅਤੇ ਸਾਡੇ ਵਿਚ ਉਨ੍ਹਾਂ ਦਾ ਵਿਰੋਧ ਕਰਣ ਦੀ ਹਿੰਮਤ ਨਹੀਂ। ਉਹ ਸਾਨੂੰ ਆਪਣੇ ਅਧਿਕਾਰ ਵਿਚ ਪਰਮਾਤਮਾ ਦੀ ਮਦਦ ਨਾਲ ਨਹੀਂ ਰੱਖੇ ਹੋਏ ਹਨ ਬਲਕਿ ਬੰਦੂਕਾਂ, ਰਾਇਫਲਾਂ, ਬੰਬ ਤੇ ਗੋਲੀਆਂ, ਪੁਲਿਸ ਅਤੇ ਸੈਨਾ ਦੇ ਸਹਾਰੇ ਰੱਖੇ ਹੋਏ ਹਨ। ਇਹ ਸਾਡੀ ਉਦਾਸੀਨਤਾ ਹੈ ਕਿ ਉਹ (ਅੰਗ੍ਰੇਜ਼) ਸਮਾਜ ਵਿਰੁਧ ਸਭ ਤੋਂ ਨੱਖਿਧ ਅਪਰਾਦ- ਇਕ ਦੇਸ਼ ਦਾ ਦੂਜੇ ਦੇਸ਼ ਦਾ ਅਤਿਆਚਾਰ ਪੁਰਣ ਸ਼ੋਸ਼ਣ-ਸਫਲਤਾ ਪੁਰਵਕ ਕਰ ਰਹੇ ਹਨ”

(25) ਸਵਾਲ: ਚੂੰਕਿ ਤੁਸੀ ਈਸ਼ਵਰ ਨੂੰ ਤਾਂ ਮੰਨਦੇ ਹੀ ਨਹੀ ਇਸ ਲਈ ਤੁਹਾਡੇ ਵਿਚਾਰ ਈਸ਼ਵਰ ਨੂੰ ਕਸੂਰਵਾਰ ਨਹੀਂ ਠਹਰਾੳਂੁਦੇ ਬਲਕਿ ਇਸ ਦੇ ਉਲਟ ਤੁਹਾਡਾ ਗਿਲਾ ਉਨਾਂ ਸ਼ੇਸ਼ਕ ਧਾਰਨਾਵਾਂ ਨਾਲ ਹੈ ਜਿਹੜੀਆਂ ਕਿ ਈਸ਼ਵਰ ਦੇ ਨਾਮ ਤੇ ਘੜੀਆਂ ਗਈਆਂ ਹਨ।ਇਸਦੇ ਨਾਲ ਹੀ ਇਕ ਬੇਹੱਦ ਮਹੱਤਵਪੁਰਨ ਗਲ ਕਿ ਤੁਸੀ ਪ੍ਰਕਿਰਤੀ ਵਿਚ ਪੁਰਣ ਵਿਸ਼ਵਾਸ ਰੱਖਦੇ ਹੋ ਇਸ ਲਈ ਇਸ ਗਲ ਤੋਂ ਬੇਸ਼ਕ ਸਹਿਮਤ ਹੀ ਹੋਵੋਗੇ ਕਿ ਮਨੁੱਖ ਵੀ ਤੁਹਾਡੇ ਇਸ ‘ਪੁਰਨ ਵਿਸ਼ਵਾਸ’ (ਪ੍ਰਕਿਰਤੀ) ਦਾ ਹਿੱਸਾ ਮਾਤਰ ਹੀ ਹੈ।
ਇਸ ਲਈ ਮਾਨਵਤਾ ਦੇ ਇਤਹਾਸ/ਵਰਤਮਾਨ ਵਿਚ ਹਰ ਘਟਨਾਕ੍ਰਮ,ਆਪ ਜੀ ਦੇ ਮੁਤਾਬਕ, ਜੇਕਰ ਰੱਬੀ ਹੁਕਮ ਨਾ ਵੀ ਹੋਵੇ ਪ੍ਰਕਰਤਿਕ (ਕੁਦਰਤੀ/Natural) ਤਾਂ ਹੈ ਹੀ। ਮਨੁੱਖ ਦੇ ਚੇਤਨ (Conciousness) ਵਿਚ ਘਟਣ ਵਾਲਿਆਂ ਵਿਚਾਰਾਂ ਵੀ ਤਾਂ ਕੁਦਰਤੀ ਹੀ ਹਨ ਕਿਉਂਕਿ ਪਧਾਰਥ ਤੋਂ ਹੀ ਚੇਤਨ ਬਣਿਆ ਹੈ।ਇਸ ਨੁੱਕਤੇ ਨਿਗਾਹ ਨਾਲ ਵਿਚਾਰਕ ਆਸਤਿਕਤਾ ਜਾਂ ਨਾਸਤਿਕਤਾ ਵੀ ਬੇਸ਼ੱਕ ਕੁਦਰਤੀ ਗਲਾਂ ਹਨ। ਕੋਈ ਇਨ੍ਹਾਂ ਨੂੰ ਸਹੀ ਜਾਂ ਗਲਤ,ਵਿਵੇਕਸ਼ੀਲ ਜਾਂ ਅਵਿਵੇਕਸ਼ੀਲ, ਤਰਕਸ਼ੀਲ ਜਾਂ ਅਤਰਕਸ਼ੀਲ ਕਹਿ ਸਕਦਾ ਹੈ ਪਰ ਗ਼ੈਰ ਕੁਤਰਤੀ ਬਿਲਕੁਲ ਨਹੀਂ।ਹੁਣ ਇਸ ਲਈ ਨਿੰਦਾ ਦਾ ਪਾਤਰ ਕੋਂਣ ਹੈ ਧਰਮ ਦੇ ਵਿਚਾਰ ਜਾਂ ਫਿਰ ਆਪ ਜੀ ਦਾ ‘ਯਥਾਰਥਵਾਦੀ ਵਿਸ਼ਵਾਸ’ (ਕੁਦਰਤ) ਜਿਸ ਨੇ ਮਨੁਖ ਨੂੰ ਜਨਮ ਦਿੱਤਾ ਹੈ?
ਭਗਤ ਸਿੰਘ:......

(26) ਸਵਾਲ: ਬਾਕੋਲ ਤੁਹਾਡੇ ਈਸ਼ਵਰ ਚੂੰਕਿ ਹੈ ਹੀ ਨਹੀਂ, ਇਸ ਲਈ ਉਸ ਤੋਂ ਸਵਾਲ ਪੁੱਛਣਾਂ ਜਾਂ ਗਿਲਾ ਕਰਣਾ ਬੇਕਾਰ ਹੈ। ਪ੍ਰਕਰਤੀ ਚੂੰਕਿ ਹੈ ਅਤੇ ਉਸ ਵਿਚ ਤੁਹਾਡਾ ਦ੍ਰਿੜ ਵਿਸ਼ਵਾਸ ਵੀ, ਇਸ ਲਈ ਕੀ ਇਹ ਸਵਾਲ ਇਸ ਹੋਂਦ ਰੱਖਣ ਵਾਲੀ ਪ੍ਰਕਿਰਤੀ ਤੋਂ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਉਸਨੇ ਆਖ਼ਰ ਮਨੁਖ ਨੂੰ ਪੈਦਾ ਹੀ ਕਿਉਂ ਕੀਤਾ? ਪ੍ਰਕਿਰਤੀ ਅੰਦਰ ਮਨੁੱਖਤਾ ਦੇ ਸੰਧਰਭ ਵਿਚ ਅੰਤਹੀਣ ਪੀੜਾ, ਬੀਮਾਰੀ ਅਤੇ ਸ਼ੋਸ਼ਣ ਦਾ ਸਿਲਸਿਲਾ ਬਣਿਆ ਹੀ ਕਿਉਂ ਹੈ? ਸ਼ਮਾਜ ਸ਼ਾਸਤਰੀ, ਵਿਗਆਨ ਤੇ ਵਿਗਿਆਨਿਕ ਇਹ ਤਾਂ ਦੱਸ ਸਕਦੇ ਹਨ ਕਿ ਇਹ ਸਭ ਕਿਵੇਂ ਹੋਇਆ ਅਤੇ ਹੁੰਦਾ ਹੈ ਪਰ ਤਰਕ ਇਹ ਸਵਾਲ ਪੁੱਛਦਾ ਹੈ ਕਿ ਪ੍ਰਕਿਰਤੀ ਇਹ ਸਭ ਕਰ ਹੀ ਕਿਉਂ ਰਹੀ ਹੈ? ਜੇਕਰ ਪ੍ਰਕਰਤੀ ਹੈ, ਅਤੇ ਕੇਵਲ ਉਸ ਵਿਚ ਆਪ ਜੀ ਦਾ ਵਿਸ਼ਵਾਸ ਵੀ, ਤਾਂ ਇਹ ਗਲ ਪੱਕੀ ਹੈ ਕਿ ਪ੍ਰਕਰਤੀ ਵਿਚ ਘੱਟਣ ਵਾਲਾ ਹਰ ਪਲ, ਹਰ ਘਟਨਾਕ੍ਰਮ ਪ੍ਰਕਰਤਿਕ ਹੀ ਹੈ ਅਤੇ ਇਹ ਠੀਕ ਵੈਸੇ ਹੀ ਵਾਪਰਿਆ, ਵਾਪਰ ਰਿਹਾ ਅਤੇ ਵਾਪਰੇਗਾ ਜੈਸਾ ਕਿ ਇਸ ਨੂੰ ਵਾਪਰਣਾ ਚਾਹੀਦਾ ਹੈ। ਫ਼ਿਰ ਤਾਂ ਇਸ ਵਿਚ ਦੋਸ਼ ਧਰਮ ਦਾ ਨਹੀ ਬਲਕਿ ਇਹ ਪ੍ਰਕਿਰਤੀ ਦੀ ਚਾਲ ਹੋ ਜੋਕਿ ਆਪ ਹਰ ਵਾਪਰਣ ਵਾਲੀ ਘਟਨਾ ਦਾ ‘ਵਿਗਿਆਨਿਕ ਆਧਾਰ’ ਹੈ।ਇਸ ਵਿਸ਼ੇ ਤੇ ਤੁਹਾਡਾ ਕੀ ਮਤ ਹੈ?
ਭਗਤ ਸਿੰਘ:.........

(27) ਸਵਾਲ: ਕੁਦਰਤ ਵਿਚ (ਪ੍ਰਕਰਤੀ ਵਿਚ) ਗ਼ੈਰ ਕੁਦਰਤੀ (ਅਪ੍ਰਕਿਰਤਕ) ਵਰਗੀ ਕੋਈ ਵੀ ਗਲ ਹੋ ਹੀ ਨਹੀਂ ਸਕਦੀ।ਕੋਈ ਵੀ ਵਿਚਾਰ ਕੁਦਰਤੀ ਤਾਣੇ-ਬਾਣੇ ਦੇ ਬਾਹਰੋਂ ਨਹੀਂ ਆਉਂਦਾ।ਹਾਂ ਆਪਣੇ ਆਪਣੇ ਸੰਧਰਭਾਂ ਵਿੱਚ ਸਾਡੇ ਲਈ ਹਰ ਗਲ ਚੰਗੀ ਜਾਂ ਬੁਰੀ, ਮਾਫ਼ਿਕ ਜਾਂ ਨਾ-ਮਾਫ਼ਿਕ, ਆਰਾਮ ਵਾਲੀ ਜਾਂ ਬੇ-ਆਰਾਮੀ ਵਾਲੀ ਅਤੇ ਸਹੀ ਜਾਂ ਗਲਤ ਹੋ ਸਕਦੀ ਹੈ।
ਭਾਰਤ ਦੀ ਗੁਲਾਮੀ ਕੁਦਰਤ ਦੇ ਇਕ ਪੱਖ ( ਅੰਗ੍ਰੇਜ਼ੀ ਹੁਕਮਰਾਨ ਅਤੇ ਉਨ੍ਹਾਂ ਦੇ ਹਮਾਇਤੀ ) ਦੇ ਸੰਧਰਭ ਵਿੱਚ 'ਚੰਗੀ' ਸੀ ਪਰ ਇਸ ਦੇ ਨਾਲ ਹੀ ਇਹ ਗੁਲਾਮੀ ਕੁਦਰਤ ਦੇ ਦੂਜੇ ਪੱਖ ( ਹਿੰਦੁਸਤਾਨੀ ਜਨਤਾ ) ਦੇ ਸੰਧਰਬ ਵਿੱਚ 'ਬੁਰੀ' ਸੀ। ਭਾਰਤ ਦੀ ਆਜ਼ਾਦੀ ਦੀ ਲੜਾਈ ਇਕ ਪ੍ਰਕ੍ਰਿਤਿਕ ਘਟਨਾ ਸੀ ਜਿਸ ਵਿੱਚ ਪ੍ਰਕਿਰਤੀ ਦੇ ( ਇਨਸਾਨੀ ਫਿਤਰਤ ਦੇ ) ਦੋ ਪੱਖ ਇਕ ਦੂਜੇ ਨਾਲ ਭਿੜੇ ਸੀ ਜਿਸ ਵਿੱਚ ਜਿੱਤ ਆਖਰ ਚੰਗੇ ਸੰਧਰਭ ਦੀ ਹੋਈ। ਇਸ ਤਰਕ ਦੇ ਆਧਾਰ ਤੇ ਕੀ ਇੰਝ ਨਹੀਂ ਲਗਦਾ ਕਿ ਆਸਤਿਕ ਅਤੇ ਨਾਸਤਿਕ ਪੱਖ ਦੋਵੇਂ ਹੀ ਕੁਦਰਤੀ ਵਿਚਾਰਕ ਪੱਖ ਹਨ ਅਤੇ ਦੋਵੇਂ ਹੀ ਵੱਖ ਵੱਖ ਸੰਧਰਭਾਂ ਵਿੱਚ ਬੁਰੇ ਵੀ ਹੋ ਸਕਦੇ ਹਨ। ਇਸ ਸੂਰਤ ਵਿੱਚ ਕਿਰਦਾਰ ਤੋਂ ਹੀਣ ਬੁਰੇ ਨਾਸਤਕਾਂ ਵਾਸਤੇ ਤੁਹਾਡੇ ਵਿਚਾਰ ਕੀ ਹਨ? ਕੀ ਨਾਸਤਿਕਤਾ ਉਨ੍ਹਾਂ ਨੂੰ ਬੁਰਾ ਬਣਾਉਂਦੀ ਹੈ ਜਿਵੇਂ ਕਿ, ਬਾ-ਕੋਲ ਕੁੱਝ ਨਾਸਤਕਾਂ ਦੇ, ਆਸਤਿਕਤਾ ਬੰਦਿਆਂ ਨੂੰ ਬੁਰਾ ਬਣਾਉਂਦੀ ਹੈ?
ਭਗਤ ਸਿੰਘ : .......
............
ਉਪਰੋਕਤ ਸੰਵਾਦ ਸਬੰਧੀ ਵਿਸ਼ੇਸ਼ ਨੋਟ:- ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ, ਆਪਣੀ ਪੁਸਤਕ ‘ਸਿੱਖੀ ਦਾ ਦਰਸ਼ਨ’ ਛੱਪਣ ਉਪਰੰਤ ਦਾਸ ਨੂੰ ਦੇਸ਼-ਵਿਦੇਸ਼ ਵੱਸਦੇ ਕੁੱਝ ‘ਤਰਕਸ਼ੀਲ ਨਾਸਤਕ’ ਵੀਰਾਂ ਨਾਲ ਲੰਬੇ ਸੰਵਾਦ ਕਰਨੇ ਪਏ ਸਨ ਜਿਨ੍ਹਾਂ ਬਾਰੇ ਤਸਕਰਾ ਇੱਕ ਵੱਖਰੀ ਪੁਸਤਕ ਦਾ ਵਿਸ਼ਾ ਬਣ ਗਿਆ ਹੈ। ਖ਼ੈਰ, ਆਪਣੀਆਂ ਉਨ੍ਹਾਂ ਚਰਚਾਵਾਂ ਦੌਰਾਨ ਮੇਰੀ ਜਿਗਿਆਸਾ ਨਾਸਤਕ ਕਹੀ ਜਾਂਦੀ ਭਗਤ ਸਿੰਘ ਜੀ ਵਰਗੀ ਸ਼ਖਸੀਅਤ ਨਾਲ ਵਿਚਾਰ ਕਰਨ ਦੀ ਹੋਈ। ਚੁੰਕਿ ਸਮਾਂ ਆਪ ਅਜ਼ਾਦ ਹੋ ਕੇ ‘ਅੱਜ’ ਅਤੇ ‘ਕਲ’ ਨੂੰ ਆਪਣੀ-ਆਪਣੀ ਥਾਂਈ ਬੰਨ ਕੇ ਰੱਖਦਾ ਹੈ ਇਸ ਲਈ ਦਾਸ ਨੂੰ ਭਗਤ ਸਿੰਘ ਜੀ ਦੀ ਮਸ਼ਹੂਰ ਫ਼ਲਸਫ਼ਾਨਾ ਲਿਖਤ “ਮੈਂ ਨਾਸਤਕ ਕਿਉਂ ਹਾਂ?” ਦੇ ਮਾਰਫ਼ਤ ਉਨ੍ਹਾਂ ਦੇ ਨਾਲ ਉਪਰੋਕਤ ਵਿਚਾਰਕ ਮੁਲਾਕਾਤ ਕਰਨੀ ਪਈ ਜੋ ਕਿ ਉਨ੍ਹਾਂ ਨੇ 5-6 ਅਕਤੁਬਰ, 1930 ਵਿਚ ਫ਼ਾਂਸੀ ਚੜਨ ਤੋਂ ਪਹਿਲਾਂ ਲਿਖੀ ਸੀ।

ਦਾਸ ਨੇ ਉਸ ‘ਲਿਖਤ’ ਦੇ ਹਿੰਦੀ ਰੂਪਾਂਤਰ ( ਪੰਨਾਂ 406 ਤੋਂ 418, ਭਗਤ ਸਿੰਘ ਔਰ ਉਨਕੇ ਸਾਥੀਯੋਂ ਕੇ ਦਸਤਾਵੇਜ਼, ਰਾਜਕਮਲ ਪੇਪਰਬੈਕਸ, 2007 ) ਤੋਂ ਲਾਭ ਉਠਾਇਆ ਅਤੇ ਪੂਰੀ ਇਮਾਨਦਾਰੀ ਨਾਲ ਭਗਤ ਸਿੰਘ ਜੀ ਦੇ ਆਪਣੇ ਲਿਖੇ ਹੋਏ ਲੋੜਿੰਦੇ ਅੰਸ਼ਾ ਦਾ ਪੰਜਾਬੀ ਰੂਪਾਂਤਰ ਪਾਠਕਾਂ ਸ੍ਹਾਮਣੇ ਰੱਖਿਆ ਹੈ। ਕੁੱਝ ਥਾਂ, ਵਧੇਰੀ ਸਪਸ਼ਟਤਾ ਲਈ, ਬਰੈਕਟਾਂ ਵਿੱਚ ਅੰਗ੍ਰੇਜ਼ੀ ਦੇ ਲਫ਼ਜ਼ ਵਰਤੇ ਹਨ। ਕਿਸੇ ਥਾਂ ਹੋਈ ਕਿਸੇ ਸੰਭਾਵਤ ਭੁੱਲ-ਚੂਕ ਲਈ ਛਿਮਾ ਦਾ ਜਾਚਕ ਰਹਾਂਗਾ।ਇਸ ਵਿਚਾਰਕ ਮੁਲਾਕਾਤ ਦੌਰਾਨ ਦਾਸ ਨੂੰ, ਜ਼ਹਿਨ ਵਿਚ ਉੱਠੇ ਜਿਹੜੇ ਸਵਾਲਾਂ ਦਾ ਜਵਾਬ ਭਗਤ ਸਿੰਘ ਜੀ ਦੀ ‘ਲਿਖਤ’ ਪਾਸਿਯੋਂ ਨਹੀਂ ਮਿਲਿਆ, ਉਹ ਸਵਾਲ ਵੀ ਪਾਠਕਾਂ ਦੇ ਸ੍ਹਾਮਣੇ ਜਾਣਕਾਰੀ ਲਈ ਰੱਖੇ ਹਨ।

ਆਸ ਹੈ ਕਿ ਇਹ ਮੁਲਾਕਾਤ ਪਾਠਕਾਂ ਲਈ ਦਿਲਚਸਪ ਹੋਵੇਗੀ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਸੱਜਣਾ/ਨੋਜਵਾਨਾਂ ਵਾਸਤੇ ਜੋ ਕਿ ਆਸਤਿਕਤਾ ਅਤੇ ਨਾਸਤਿਕਤਾ ਵਿਚਲੇ ਤਰਕਸ਼ੀਲ ਸੰਵਾਦ ਦੇ ਰੂਹ-ਬਾ-ਰੂਹ ਹੁੰਦੇ ਰਹਿੰਦੇ ਹਨ।

ਹਰਦੇਵ ਸਿੰਘ, ਜੰਮੂ
094191-84990


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top