Share on Facebook

Main News Page

ਮਾਂ

ਪਰਮਾਤਮਾ ਮਹਾਨ ਹੈ। ਉਸਦਾ ਨਿਜ਼ਾਮ ਵਿਲੱਖਣ ਹੈ, ਜੋ ਬਹੁਤੇ ਪੱਖੋਂ ਸਾਡੀ ਸਮਝ ਤੋਂ ਬਾਹਰ ਦੀ ਗਲ ਹੈ। ਛੋਟੀ ਜਿਹੀ ਵਿਚਾਰ ਕਰੀਰੇ ਤਾਂ ਇੰਨੀ ਕੁ ਸਮਝ ਆਉਂਦੀ ਹੈ ਕਿ ਕੁਦਰਤ ਜੇਕਰ ਜਨਨੀ ਨਾ ਹੁੰਦੀ ਤਾਂ ਕੁੱਝ ਵੀ ਨਾ ਹੁੰਦੀ। ਸੰਖੇਪ ਸੰਧਰਭ ਵਿਚ ਮਾਂ-ਬਾਪ ਸੰਤਾਨ ਦੇ ਜਨਕ ਹੁੰਦੇ ਹਨ। ਪਰ ਵਿਸਤ੍ਰਤ ਸੰਧਰਭ ਵਿਚ ਦੋਵੇਂ ਹੀ ਕੁਦਰਤ ਰੂਪੀ ਜਨਨੀ ਤੋਂ ਉਪਜੇ ਹਨ। ਇਸ ਲਈ ਜਨਨੀਤਵ ਨੂੰ ਲਫ਼ਜਾਂ ਦੀ ਬੰਦਿਸ਼ ਵਿਚ ਬੰਨਣਾ ਔਖਾ ਹੈ। ਹਾਂ ਮਾਂ ਬਾਰੇ ਥੋੜੀ ਜਿਹੀ ਗਲ ਜ਼ਰੂਰ ਕੀਤੀ ਜਾ ਸਕਦੀ ਹੈ।

ਕੁੱਝ ਹੀ ਸਮਾਂ ਪਹਿਲਾਂ ਮੇਰੇ ਬੀਜੀ ਮਨੁੱਖਾ ਸੰਸਾਰ ਤੋ ਵਿਦਾ ਹੋ ਗਏ! ਆਪਣੇ ਬੀਜੀ ਦੀ ਸਿਫ਼ਤ ਵਿਚ ਕੁੱਝ ਕਹਿਣ ਤੋਂ ਅਸਮਰੱਥ ਮਹਸੂਸ ਕਰਦਾ ਹਾਂ ਕਿਉਂਕਿ ਉਨ੍ਹਾਂ ਦੀ ਵੱਡੀ ਕਾਬਲਿਅਤ ਤਾਂ ‘ਮਾਂ’ ਹੋਂਣਾ ਹੀ ਸੀ। ਇਕ ਮਾਂ ਆਪਣੇ ਬੱਚੇ ਲਈ ਇਸ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੋ ਸਕਦੀ।ਇਸ ਲਈ, ਇਸ ਤੋਂ ਵੱਧ ਕੁੱਝ ਨਹੀਂ ਕਹਿ ਸਕਦਾ ਕਿ ਉਹ ਮੇਰੀ ਮਾਂ ਸੀ।

ਵਿਸ਼ਵਾਸ ਕਰਦਾ ਹਾਂ ਕਿ ਮਾਂ ਕਿਸੇ ਦੀ ਵੀ ਹੋਵੇ, ਉਹ ਬਾ-ਤੋਰ ਮਾਂ, ਚੰਗੀ ਹੀ ਹੁੰਦੀ ਹੈ। ਇਸ ਲਈ ਆਪਣੀ ਮਾਂ (ਬੀਜੀ) ਦੇ ਬਜਾਏ ਕਿਉਂ ਨਾ ਕੇਵਲ ਮਾਂ ਦੀ ਹੀ ਗਲ ਕੀਤੀ ਜਾਵੇ? ਹਾਂ ਇਹੀ ਠੀਕ ਰਹੇਗਾ। ਆਪਣੀ ਮਾਂ ਦੇ ਬਾਰੇ ਜ਼ਿਆਦਾ ਕੁੱਝ ਕਹਿਣਾ ਮੇਰੇ ਵੱਸ ਵਿਚ ਵੀ ਨਹੀਂ।

ਪਰਮਾਤਮਾ ਅਤੇ ਜੀਵਨ ਪੱਖਾਂ ਬਾਰੇ ਗੁਰਬਾਣੀ ਵਿਚ ਬੜੀਆਂ ਗਹਿਨ ਵਿਚਾਰਾਂ ਹਨ। ਸੰਸਾਰ ਦੇ ਧਾਰਮਕ ਗ੍ਰੰਥਾਂ ਵਿਚ ਪਰਮਾਤਮਾ ਨੂੰ ਅੰਤਿਮ ਨਿਰਨਾਯਕ ਕਰਕੇ ਵਿਚਾਰਿਆ ਗਿਆ ਹੈ ਜੋ ਕਿ ਮਨੁੱਖ ਦੇ ਗੁਣ ਅਤੇ ਅਵਗੁਣਾਂ ਨੂੰ ਵਿਚਾਰਦਾ ਹੈ। ਬਾਣੀ ਵਿਚ ਪਰਮਾਤਮਾ ਦੇ ਇਸ ਰੂਪ ਨੂੰ ਸੰਬੋਧਨ ਕਰਦੇ ਬਚਨ ਵਿਚਾਰਯੋਗ ਹਨ:

ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ (ਪੰਨਾ 478, ਸ਼ਬਦ ਗੁਰੁ ਗ੍ਰੰਥ ਸਾਹਿਬ ਜੀ)

ਸੰਖੇਪ ਅਰਥ:- ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ (ਮਾਫ਼) ਨਹੀਂ ਕਰਦਾ? ।1।ਰਹਾਉ।
ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ।1।
ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ।2।

ਉਪਰੋਕਤ ਬਚਨ ਕਬੀਰ ਜੀ ਦੇ ਹਨ।ਉਹ ਭਗਤ ਸਨ ਅਤੇ ਭਗਤ ਆਪਣੇ ਸਹਿਜ ਦੀ ਚਰਮ ਸੀਮਾ ਵਿੱਚ ਪਰਮਾਤਮਾ ਨੂੰ ਕੁੱਝ ਕਹਿਣ-ਸੁਣਨ ਦਾ ਸਮਰਥ ਰੱਖਦੇ ਹਨ। ਮਾਂ ਇਸਤਰੀ ਹੋਂਣ ਕਾਰਨ ਮਾਂ ਹੁੰਦੀ ਹੈ, ਅਤੇ ਮਾਂ ਦੇ ਰੂਪ ਵਿਚ ਇਸਤਰੀ ਪਰਮਾਤਮਾ ਦੀ ਉਹ ਦੇਣ ਹੈ ਜੋ, ਆਪਣੇ ਗੁਣਾਂ ਕਾਰਣ, ਪਰਮਾਤਮਾ ਦੂਆਰਾ ਮਨੁੱਖ ਨੂੰ ਦਿੱਤੀ ਪਿਆਰ ਦੀ ਦਾਤ ਦਾ ਸਬੂਤ ਸਥਾਪਤ ਹੁੰਦੀ ਹੈ।

ਪਰਮਾਤਮਾ ਨਿਆਂ ਕਰਦਾ ਹੈ ਜਿਸ ਕਾਰਣ ‘ਚੰਗਾ’ ਸਹੀ ਅਤੇ ‘ਬੁਰਾ’ਗਲਤ ਹੋ ਨਿਬੜਦਾ ਹੈ।ਪਰ ਕਬੀਰ ਜੀ ਦਾ ਸਹਿਜ ਪਰਮਾਤਮਾ ਨੂੰ ਵੀ ਸਵਾਲ ਕਰਦਾ ਹੈ ਕਿ ਪਰਮਾਤਮਾ ਤੂ ਵੀ ਮਾਂ ਵਰਗਾ ਕਿਉਂ ਨਹੀਂ ਹੋ ਜਾਂਦਾ? ਮਾਂ ਬੱਚੇ ਨੂੰ ਤਰਾਜੂ ਵਿਚ ਨਹੀਂ ਤੋਲਦੀ ਸਿਰਫ਼ ਉਸ ਨੂੰ ਪਾਲਦੀ-ਪੋਸਦੀ ਹੈ। ਉਸਦਾ ‘ਮਾਤ੍ਰਤਵ’ ਇਤਨਾ ਮਹਾਨ ਹੈ ਕਿ ਕਬੀਰ ਜੀ ਉਸ ਦੀ ਵਰਤੋਂ ਰਾਹੀਂ ਪਰਮਾਤਮਾ ਨੂੰ ਆਪਣੀ ਇਸ ਰਚਨਾ (ਮਾਂ) ਵਰਗਾ ਹੋਣ ਦੀ ਬੇਨਤੀ ਕਰਦੇ ਹਨ। ਇਹ ਬੇਨਤੀ ਗੁਰਬਾਣੀ ਅੰਦਰ ਮਾਂ ਦੇ ਮਾਤ੍ਰਤਵ ਭਾਵ ਦੀ ਮਹਾਨਤਾ ਦਾ ਵਿਲੱਖਣ ਪ੍ਰਗਟਾਵਾ ਹੈ।ਪਰਮਾਤਮਾ ਦੇ ਅਨੰਤ ਗੁਣਾ ਵਿਚੋਂ ਮਾਂ ਵੀ ਇਕ ਐਸਾ ਗੁਣ ਹੈ ਜਿਸ ਨੂੰ ਕਹਿਣਾ ਔਖਾ ਹੈ। ਕਬੀਰ ਜੀ ਦੇ ਬਚਨ ਗਹਿਰੇ ਹਨ।

ਜੇ ਕਰ ਕੋਈ ਮਹਸੂਸ ਕਰ ਸਕੇ, ਤਾਂ ਮਾਂ ਦੇ ਹੱਥ ਮਨੁੱਖ ਦੇ ਸਰੀਰ ਤੇ ਪਰਮਾਤਮਾ ਦੇ ਪਿਆਰ ਦਾ ਸਪਰਸ਼ ਹੁੰਦੇ ਹਨ। ਉਸ ਦਿਆਂ ਬਾਹਾਂ ਦੇ ਅੰਦਰ ਪਰਮਾਤਮਾ ਦੀ ਬਖਸ਼ੀ ਕੋਮਲਤਾ ਹੁੰਦੀ ਹੈ। ਮਾਂ ਦੇ ਰੂਪ ਵਿਚ ਪਰਮਾਤਮਾ ਵਲੋਂ ਬਖ਼ਸ਼ੀ ਨਿਗਾਹ ਵਰਗੀ ਨਿਗਾਹ ਕਿਸੇ ਹੋਰ ਦੀ ਨਹੀਂ ਹੁੰਦੀ। ਮਾਂ ਬੰਦ ਅੱਖੀਂ ਵੀ ਬੱਚੇ ਨੂੰ ਸਪਰਸ਼ ਰਾਹੀਂ ਪਛਾਂਣ ਲੇਂਦੀ ਹੈ। ਉਹ ਉਸਦੀ ਖ਼ੁਸ਼ਬੂ ਨੂੰ ਪਛਾਂਣ ਲੇਂਦੀ ਹੈ। ਪਤਾ ਨਹੀਂ ਕਈਂ ਕਿਵੇਂ ਉਸਦੇ ਜਿਉਂਦਿਆਂ ਹੀ ਇਨ੍ਹਾਂ ਗੁਣਾਂ ਦੀ ਛਾਂ ਤੋਂ ਦੂਰ ਜਾ ਵੱਸਦੇ ਹਨ? ਜੇ ਸਮਝ ਸਕੀਏ, ਤਾਂ ਮਾਂ ਕੁਦਰਤ ਦੇ ਅੰਦਰ ਪਰਮਾਤਮਾ ਦੇ ਭਾਣੇ ਦੀ ੳਹ ਬਣਤਰ ਹੈ ਜੋ ਇਕ ਮਨੁੱਖ ਦੇ ਜੀਵਨ ਵਿਚ ਕਦੇ ਵੀ ਅਪ੍ਰਸੰਗਿਕ ਨਹੀਂ ਹੁੰਦੀ।

ਮੈਨੂੰ ‘ਉਸਦੇ’ ਚਲੇ ਜਾਣ ਦੇ ਸੰਧਰਭ ਵਿਚ ਭਾਣਾ ਮੰਨਣ ਦਾ ਬਲ ਜੀਵਨ ਭਰ ਮੰਗਦੇ ਰਹਿਣਾ ਪਵੇਗਾ!

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top