Share on Facebook

Main News Page

ਗੁਰਬਾਣੀ ਦੀ ਸੋਝੀ ਤੋਂ ਬਿਨ੍ਹਾਂ ਸਾਡਾ ਨਿਆਰਾਪਨ ਕਾਇਮ ਨਹੀਂ ਰਹਿ ਸਕਦਾ: ਹਰਜਿੰਦਰ ਸਿੰਘ ‘ਸਭਰਾਅ’

18 ਸਤੰਬਰ/ਸਨਬੋਨੀਫਾਚੋ/ਇਟਲੀ: ਗੁਰਦੁਆਰਾ ਗੁਰੂ ਨਾਨਕ ਸੇਵਾ ਮਿਸ਼ਨ ਸਨਬੋਨੀਫਾਚੋ ਵਿਖੇ ਲਗਾਤਾਰ ਇਕ ਹਫਤਾ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਸੰਗਤਾਂ ਨੂੰ ਗੁਰਮਤਿ ਵੀਚਾਰਾਂ ਨਾਲ ਜੋੜਿਆ। ਹਫਤਾਵਾਰੀ ਦੀਵਾਨ ਵਿਚ (‘ਹਰਿ ਬਿਨੁ ਅਵਰ ਕ੍ਰਿਆ ਬਿਰਥੇ’ ਪੰਨਾ 216) ਗੁਰ ਸ਼ਬਦ ਦੀ ਵੀਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਕੰਮ ਕਰਨ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ ਹੈ ਅਸੀਂ ਬਦਲਵੇਂ ਰੂਪ ਵਿਚ ਉਹੀ ਕਰਮ ਕਰ ਰਹੇ ਹਾਂ ਜਿਵੇਂ ਸ਼ਰਾਧ ਪੰਡਤ ਨੂੰ ਖਵਾਏ ਜਾਂਦੇ ਸਨ ਅੱਜ ਭਾਈ ਨੂੰ ਛਕਾਏ ਜਾਂਦੇ ਹਨ ਪਰ ਭਰਮ ਤਾਂ ਉਹੋ ਹੀ ਹੈ। ਜਪ ਤਪ ਆਦਿ ਦੀ ਵੀਚਾਰਧਾਰਾ ਜੋ ਬ੍ਰਾਹਮਣੀ ਮੱਤ ਵਿਚ ਪ੍ਰਚੱਲਤ ਸੀ ਉਸੇ ਤਰ੍ਹਾਂ ਹੀ ਬਦਲਵੇਂ ਰੂਪ ਵਿਚ ਸਾਡਾ ਸਮਾਜ ਵੀ ਮੰਨ ਰਿਹਾ ਹੈ, ਇਕੋਤਰੀਆਂ, ਚਲੀਹੇ, ਆਦਿ ਜਪ ਦਾ ਹੀ ਰੂਪ ਹੈ। ਇਸੇ ਤਰ੍ਹਾਂ ਸਰੀਰ ਨੂੰ ਖਪਾਉਣਾ, ਨੰਗੇ ਪੈਰੀਂ ਰਹਿਣਾ, ਤਪ ਦਾ ਹੀ ਰੂਪ ਹੈ।ਹੋਰ ਤਾਂ ਹੋਰ ਸਾਡੇ ਗੁਰਮਤਿ ਸੋਝੀ ਤੋਂ ਵਿਰਵੇ ਲਿਖਾਰੀਆਂ ਨੇ ਅਜਿਹੀਆਂ ਕਹਾਣੀਆਂ ਪ੍ਰਚੱਲਤ ਕਰ ਦਿੱਤੀਆਂ ਜਿਵੇਂ ਗੁਰੂ ਅਮਰਦਾਸ ਜੀ ਕੇਸ ਕਿੱਲੀ ਨਾਲ ਬੰਨ੍ਹ ਕੇ ਤਪ ਕਰਦੇ ਸਨ, ਬਾਬਾ ਫਰੀਦ ਜੀ ਜੰਗਲਾਂ ਵਿਚ ਤਪ ਕਰਦੇ ਸਨ ਅਤੇ ਭੁੱਖੇ ਰਹਿੰਦੇ ਸਨ, ਅਜਿਹੀਆਂ ਸਾਖੀਆਂ ਜੋ ਗੁਰਬਾਣੀ ਵੀਚਾਰਧਾਰਾ ਨਾਲ ਮੇਲ ਨਹੀਂ ਸਨ ਖਾਂਦੀਆਂ ਸੰਗਤ ਵਿਚ ਪ੍ਰਚੱਲਤ ਕੀਤੀਆਂ ਗਈਆਂ ਜਿਸ ਕਾਰਨ ਬਹੁਤੀ ਸੰਗਤ ਇਸ ਭਰਮ ਵਿਚ ਹੀ ਹੈ ਕਿ ਸ਼ਾਇਦ ਇਹੀ ਗੁਰਮਤਿ ਹੈ।

ਗੁਰਬਾਣੀ ਨਾਲੋਂ ਸਾਖੀਆਂ ਤੇ ਇਤਬਾਰ ਵੱਧ ਕਰ ਲਿਆ ਗਿਆ ਜਿਸ ਵਜਹ ਕਰਕੇ ਗੁਰਬਾਣੀ ਦੀ ਗੱਲ ਕਰਨ ਤੇ ਕਹਿਣ ਵਾਲੇ ਸਾਡੇ ਸਮਾਜ ਵਿਚ ਕੱਟਵਪੰਥੀ ਤੇ ਤਰਕਵਾਦੀ ਮੰਨੇ ਜਾ ਰਹੇ ਹਨ ਪਰ ਜਿਨ੍ਹਾਂ ਨੇ ਗੁਰਮਤਿ ਸਿਧਾਂਤ ਦੀ ਉਲੰਘਣਾਂ ਵਾਲੇ ਕਿੱਸੇ ਕਹਾਣੀਆਂ ਪ੍ਰਚੱਲਤ ਕੀਤੀਆਂ ਉਨ੍ਹਾਂ ਨੂੰ ਪੂਰਨ ਸ਼ਰਧਾਲੂ ਕਿਹਾ ਜਾ ਰਿਹਾ ਹੈ। ਜਿੰਨਾਂ ਚਿਰ ਡੇਰਾਵਾਦ ਦਾ ਜ਼ਹਿਰ ਸਿਖ ਫੰਥ ਵਿਚ ਫੈਲਦਾ ਰਹੇਗਾ ਅਤੇ ਸੰਗਤ ਸੁਚੇਤ ਹੋ ਕੇ ਇਸ ਨੂੰ ਨਕਾਰ ਨਹੀਂ ਦਿੰਦੀ ਉਨ੍ਹਾਂ ਚਿਰ ਗੁਰਬਾਣੀ ਦੇ ਸੱਚ ਤੇ ਇਹ ਲਾਬੀ ਪਰਦਾ ਪਾਉਂਦੀ ਹੀ ਰਹੇਗੀ।ਡੇਰਾਵਾਦ ਗੁਰਮਤਿ ਦਾ ਸ਼ਰੀਕ ਹੈ ਇਹ ਗੱਲ ਸੰਗਤ ਨੂੰ ਚੰਗੀ ਤਰ੍ਹਾਂ ਬੁਝਣੀ ਚਾਹੀਦੀ ਹੈ ਅਤੇ ਗੁਰਬਾਣੀ ਨੂੰ ਆਪ ਪੜ੍ਹ ਕੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਹਿਣ ਨੂੰ ਅਸੀਂ ਨਿਆਰੇ ਹਾਂ ਪਰ ਕੀ ਅਸੀਂ ਵੀ ਤੀਰਥਾਂ, ਵਰਤਾਂ, ਮੜੀਆਂ, ਸੁੱਚ ਭਿੱਟ ਦੇ ਵਹਿਮ ਵਿਚ ਨਹੀਂ ਜਕੜੇ ਹੋਏ? ਉਂਝ ਜਦੋਂ ਇਕ ਸਿਖ ਦੂਜੇ ਸਿਖ ਨੂੰ ਜੂਠਾ ਸਮਝ ਕੇ ਉਸ ਹੱਥੋਂ ਕੋਈ ਚੀਜ਼ ਇਥੋਂ ਤਕ ਕੇ ਗੁਰੂ ਦਰਬਾਰ ਵਿਚ ਪਰਸ਼ਾਦ ਵੀ ਨਹੀਂ ਲੈਂਦਾ ਤਾਂ ਕੀ ਇਸ ਨੂੰ ਬ੍ਰਾਹਮਣਾਂ ਵਾਲਾ ਛੂਆ ਛਾਤ ਨਾ ਮੰਨਿਆ ਜਾਵੇ?

ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਰਸਾ ਨਦੀ ਪਾਰ ਕੀਤੀ ਤਾਂ ਪਹਿਲਾ ਟਿਕਾਣਾ ਉਨ੍ਹਾਂ ਨੇ ਭਾਈ ਨਿਹੰਗ ਖਾਂ ਦੇ ਘਰ ਪਿੰਡ ਕੋਟਲਾ ਵਿਚ ਕੀਤਾ, ਫਿਰ ਗਨੀ ਖਾਂ ਤੇ ਨਬੀ ਖਾਂ ਆਦਿ ਸਰਧਾਲੂਆਂ ਨੇ ਵੀ ਭੋਜਨ ਅਤੇ ਬਸਤਰ ਆਦਿਕ ਨਾਲ ਸੇਵਾ ਕੀਤੀ ਸੇਵਾ ਕੀਤੀ।ਕੀ ਅਸੀਂ ਗੁਰੂ ਸਾਹਿਬ ਨਾਲੋਂ ਜ਼ਿਆਦਾ ਪਵਿੱਤਰ ਹਾਂ ਕਿ ਕਿਸੇ ਦਾ ਹੱਥ ਲੱਗ ਜਾਣ ਤੇ ਭਿੱਟੇ ਜਾਂਦੇ ਹਾਂ? ਗੁਰੂ ਸਾਹਿਬ ਜੀ ਨੇ ਜੋ ਸਾਂਝ ਅਤੇ ਭਾਈਚਾਰਾ ਸਾਨੂੰ ਬਖਸ਼ਿਆ ਸੀ ਅਸੀਂ ਉਸਦੇ ਵੈਰੀ ਬਣੇ ਹੋਏ ਹਾਂ।ਅੱਜ ਸਾਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਗੁਰਮਤਿ ਨੂੰ ਸਹੀ ਅਰਥਾਂ ਵਿਚ ਸਮਝ ਕੇ ਜੀਵਨ ਵਿਚ ਜੀਅ ਸਕਾਂਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top