Share on Facebook

Main News Page

ਕੌਮ ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ ਦੇਖਣਾ ਛੱਡੋ

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼ੁੱਕਰਵਾਰ ਮਿਤੀ 16 ਸਤੰਬਰ 2011 ਨੂੰ ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੁਣ ਸਾਰਾ ਦਾਰੋਮਦਾਰ ਸਿੱਖ ਸੰਗਤਾਂ ਵਲੋਂ ਐਤਵਾਰ 18 ਸਤੰਬਰ 2011 ਨੂੰ ਕੀਤੀ ਜਾਣ ਵਾਲੀ ਵੋਟਿੰਗ ਉੱਪਰ ਆ ਗਿਆ ਹੈ... ਸ਼੍ਰੋਮਣੀ ਕਮੇਟੀ ਜਿਸਦਾ ਕੰਮ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਸਿੱਖੀ ਦਾ ਦੇਸ਼ਾਂ-ਵਿਦੇਸ਼ਾਂ ਵਿੱਚ ਯੋਗ ਪ੍ਰਚਾਰ ਦਾ ਯਤਨ ਕਰਨਾ ਅਤੇ ਸਭ ਤੋਂ ਵਧ ਦੇਸ਼-ਵਿਦੇਸ਼ ਵਿੱਚ ਵਾਪਰਦੇ ਸਿੱਖ-ਪੰਥ ਨੂੰ ਦਰਪੇਸ਼ ਮਸਲਿਆਂ 'ਤੇ ਯੋਗ ਅਗਵਾਈ ਦੇਣਾ ਵੀ ਹੈ | ਇਸ ਸੰਸਥਾ ਦੇ ਕਾਰਜ-ਖੇਤਰ ਨੂੰ ਦੇਖਦਿਆਂ ਹੋਈਆਂ ਹੀ ਇਸਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸਦੀ ਚੋਣ ਲੋਕਤੰਤਰੀ ਪ੍ਰਣਾਲੀ ਰਾਹੀਂ ਪਿਛਲੇ ਲਗਭਗ ਅੱਸੀ ਸਾਲਾਂ ਤੋਂ ਹੁੰਦੀ ਆ ਰਹੀ ਹੈ|

ਅਸਲ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਸਮੂੰਹ ਸੰਸਾਰ ਦੀਆਂ ਸੰਗਤਾਂ ਦੁਆਰਾ ਦਸਵੰਧ ਅਤੇ ਸ਼ਰਧਾ ਵਜੋ ਭੇਟਾ ਕੀਤਾ ਜਾਂਦਾ ਅਰਬਾਂ-ਖਰਬਾਂ ਰੁਪਿਆ ਇਸੇ ਸੰਸਥਾ ਦੇ ਹੱਥਾਂ ਵਿਚ ਜਾਂਦਾ ਹੈ | ਸਿੱਖਾਂ ਦੇ ਮੁੱਖ ਇਤਿਹਾਸਿਕ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧ ਤੋਂ ਇਲਾਵਾ ਸਿੱਖ-ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਯੂਨੀਵਰਸਿਟੀ, ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਕਿੱਤਾ-ਮੁਖੀ ਵਿਦਿਅਕ ਅਦਾਰੇ, ਸਕੂਲ, ਹਸਪਤਾਲ ਇਤਿਆਦਿਕ ਇਸੇ ਸੰਸਥਾ ਦੇ ਪ੍ਰਬੰਧ ਹੇਠ ਹੀ ਹਨ | ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤਿਆਰੀ ਦੇ ਨਾਲ ਹੀ ਨਾਲ ਸਿੱਖ ਧਾਰਮਿਕ ਲਿਟਰੇਚਰ ਅਤੇ ਪੰਜਾਬੀ/ਹਿੰਦੀ ਵਿੱਚ ਛਪਦੀਆਂ ਧਾਰਮਿਕ ਮੈਗਜ਼ੀਨਾਂ ਦੀ ਛਪਾਈ, ਸੁਯੋਗ ਪ੍ਰਚਾਰਕਾਂ ਦੀ ਤਿਆਰੀ ਤੇ ਨਿਯੁਕਤੀ ਅਤੇ ਸਭ ਤੋਂ ਵਧ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਅਕਾਲ ਤਖ਼ਤ ਦਾ ਪ੍ਰਬੰਧ ਵੀ ਇਸੇ ਕਮੇਟੀ ਦੇ ਹੀ ਅਧੀਨ ਹੈ | ਇੰਨੇ ਵਿਸ਼ਾਲ ਸ੍ਰੋਤਾਂ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਸਿੱਖ ਧਰਮ ਪ੍ਰਚਾਰ ਅਤੇ ਸਮੂੰਹ ਲੋਕ-ਸੇਵਾ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਖੜ੍ਹੀ ਕੀਤੀ ਜਾ ਸਕਦੀ ਹੈ|

ਪਰ ਅੱਜ ਸਿੱਖ ਕੌਮ ਦਾ ਇਹੀ ਪੈਸਾ ਅਤੇ ਇਸ ਦੇ ਪ੍ਰਬੰਧਨ ਤੋਂ ਮਿਲਣ ਵਾਲੀ ਸਿੱਧੀ-ਅਸਿੱਧੀ ਵਿਸ਼ਾਲ ਰਾਜਨੀਤਿਕ ਸ਼ਕਤੀ ਹੀ ਇਸ ਸੰਸਥਾ ਦੇ ਨਾਲ-ਨਾਲ ਸਮੁੱਚੇ ਸਿੰਖ ਪੰਥ ਦੇ ਨਿਘਾਰ ਦਾ ਕਾਰਨ ਬਣਿਆ ਹੋਇਆ ਹੈ ! ਗੁਰੂਦੁਆਰੇ ਇਕ ਪ੍ਰਕਾਰ ਨਾਲ ਪੈਸੇ ਦੀ ਅੰਨ੍ਹੀ ਲੁੱਟ ਦੇ ਅਸਥਾਨ ਬਣੇ ਹੋਏ ਹਨ ਅਤੇ ਇਸ ਤੋਂ ਵੀ ਅਗਾਂਹ ਇਸ ਸੰਸਥਾ ਵਿੱਚ ਆਈ ਗਿਰਾਵਟ ਕਾਰਨ ਅੱਜ ਹਾਲਤ ਇਹ ਹਨ ਕਿ ਸਮੁੱਚੇ ਸਿੱਖ-ਸਿਧਾਂਤ ਹੀ ਨਿਘਾਰ ਵਲ ਹਨ, ਸਿੱਖ ਨੌਜਵਾਨੀ ਬੇਰੋਜ਼ਗਾਰ ਤੇ ਨਸ਼ਿਆਂ ਵਿੱਚ ਗਲਤਾਨ ਹੋਈ ਪਤਿਤਪੁਣੇ ਦੀ ਦਲਦਲ ਵਿਚ ਫਸੀ ਹੋਈ ਹੈ ਅਤੇ ਦੇਸ਼ ਵਿਦੇਸ਼ ਵਿੱਚ ਸਿਧਾਂਤਕ ਮੁੱਦਿਆਂ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਖੰਡ-ਪਾਠਾਂ ਦੀ ਬੁਕਿੰਗ ਦੀ ਬਲੈਕ, ਚੰਦੋਏ ਖ਼ਰੀਦ ਘੋਟਾਲਾ, ਨਸ਼ਿਆਂ ਦੀ ਵਰਤੋਂ, ਦਰਬਾਰ ਸਾਹਿਬ ਕੰਪਲੈਕਸ ਅੰਦਰ ਦੁਰਾਚਾਰ ਤੇ ਸੈਕਸ ਸਕੈਂਡਲ, ਦਰਬਾਰ ਸਾਹਿਬ ਟਾਸਕ-ਫੋਰਸ ਦੀ ਭਰਤੀ ਵਿੱਚ ਘੁਟਾਲਾ, ਕਕਾਰਾਂ ਦੀ ਖ਼ਰੀਦ ਵਿੱਚ ਕੀਤੇ ਵੱਡੇ ਹੇਰ-ਫ਼ੇਰ, ਕਮੇਟੀ ਪ੍ਰਧਾਨ ਦੇ ਤੇਲ ਦੇ ਖਰਚਿਆਂ ਦੇ ਨਾਮ 'ਤੇ ਕੀਤਾ ਗਿਆ ਕਰੋੜਾਂ ਦਾ ਗਬਨ ਇਤਿਆਦਿਕ ਦੇ ਸਾਹਮਣੇ ਆਉਣ ਨਾਲ ਸਮੁੱਚੀ ਕੌਮ ਜਿੱਥੇ ਹੋਈ ਸ਼ਰਮਸ਼ਾਰ ਹੋਈ ਹੈ ਉੱਥੇ ਜੱਗ ਹਸਾਈ ਦੀ ਪਾਤਰ ਵੀ ਬਣੀ ਹੈ |

ਇਹਨਾਂ ਸਭ ਕਾਰਨਾਂ ਦੇ ਚਲਦੇ ਇਸ ਵਾਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਕੇਵਲ ਗੁਰਦੁਆਰਾ ਪ੍ਰਬੰਧਨ ਨੂੰ ਚੁਣਨ ਦਾ ਇੱਕ ਜ਼ਰੀਆ ਹੀ ਨਹੀਂ ਰਹਿ ਗਈਆਂ ਬਲਕਿ ਸਿੱਖ ਕੌਮ ਦੇ ਲਈ ਇੱਕ ਅਜਿਹਾ ਚਣੋਤੀ ਭਰਿਆ ਮੁਕਾਮ ਬਣ ਆ ਖੜ੍ਹੀਆਂ ਹਨ ਜਿਸ ਵਿੱਚ ਸਮੂੰਹ ਸਿੱਖ ਸੰਗਤ ਨੇ ਆਪਣੇ ਵਿਸ਼ਵਾਸ਼ ਤੇ ਧਰਮ ਦਾ ਭਵਿੱਖ ਤੈਅ ਕਰਨਾ ਹੈ | ਹੁਣ ਇਹ ਅਜਿਹਾ ਮੀਲ-ਪੱਥਰ ਹੋਣਗੀਆਂ ਜਿੱਥੋਂ ਇਹ ਨਿਰਣਾ ਲਿਆ ਜਾਵੇਗਾ ਕਿ ਸਿੱਖ ਧਰਮ ਪੂਰੀ ਤਰ੍ਹਾਂ ਦੁਰਗਤੀ ਦੀ ਡੂੰਘੀ ਖੱਡ ਵਿੱਚ ਡਿੱਗ ਜਾਏਗਾ ਜਾਂ ਖੁੱਦ ਨੂੰ ਸਿੱਖ ਅਖਵਾਉਣ ਵਾਲੇ ਨਾਨਕ-ਨਾਮ-ਲੇਵਾ ਅਧੋਗਤੀ ਦੀ ਇਸ ਸਥਿਤੀ ਵਿੱਚ ਪਹਿਲਾਂ ਵਾਪਰੇ ਘੱਲੂਘਾਰਿਆਂ ਵਾਂਗ ਕੌਮ ਨੂੰ ਮੁੜ੍ਹ ਕੁਕਨੁਸ ਵਾਂਗੂੰ ਉਬਾਰ ਲੈਣਗੇ...

ਇਹਨਾਂ ਚੋਣਾਂ ਉੱਤੇ ਇੱਕਲੇ ਸਿੱਖ ਜਗਤ ਦੀਆਂ ਹੀ ਨਹੀਂ ਬਲਕਿ ਅਨਮਤੀਆਂ ਦੇ ਸੂਝਵਾਨਾਂ ਦੀ ਆਣ ਨਜ਼ਰਾਂ ਵੀ ਟਿਕੀਆਂ ਹਨ ਜੋ ਦੇਖਣਾ ਚਾਹੁੰਦੇ ਹਨ ਕਿ ਇੱਕ ਕੌਮ ਵਜੋ ਸਿੱਖਾਂ ਵਿੱਚ ਕਿੰਨੀ ਵਿਚਾਰਕ ਸੂਝ ਤੇ ਚੇਤਨਤਾ ਬਚੀ ਹੈ ਅਤੇ ਦਰਪੇਸ਼ ਮਸਲਿਆਂ ਨਾਲ ਨਜਿੱਠਣ ਵਿੱਚ ਸਿੱਖ ਕਿੰਨੇ ਕੁ ਸਮਰਥ ਹਨ ! ਸੋ ਇਸ ਵਾਰ ਚੋਣਾਂ ਵਿੱਚ ਵੋਟਿੰਗ ਲਈ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਨਿਜੀ ਸੁਆਰਥਾਂ, ਵਕਤੀ ਲਾਲਚਾਂ, ਪਾਰਟੀ / ਵਿਚਾਰਕ / ਜਜ਼ਬਾਤੀ ਨੇੜਤਾਵਾਂ ਨੂੰ ਲਾਂਭੇ ਰੱਖ ਕੇ ਪੰਥ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਣ ਅਤੇ ਕੌਮ ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ ਦੇਖਣਾ ਛੱਡ ਕੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਕੇ ਪੰਥ ਦੇ ਹੱਕ ਵਿੱਚ ਫੈਸਲਾ ਦੇਣ...

ਅੰਤ ਵਿੱਚ ਸਿਰਫ ਦੋ ਸਤਰਾਂ ਕਹਿ ਕੇ ਸਮਾਪਤ ਕਰਾਂਗਾ:

ਮਿੱਟੀ ਦੇ ਵਿੱਚ ਪਗੜੀ ਰੋਲਣ, ਕੀ ਸਿੱਖੀ ਸ਼ਾਨ ਬਚਾਵਣਗੇ?
ਲਾਣ ਮੋਰਚੇ ਫਰਾਂਸ ਨੂੰ ਲੈ ਕੇ, ਘਰ ਵਿੱਚ ਸਿੱਖੀ ਖਾਵਣਗੇ |
ਲੱਗੀ ਸਿਉਂਕ ਪੰਥ ਨੂੰ ਭਾਰੀ, ਅੰਦਰੋਂ ਅੰਦਰੀਂ ਮਿਟਾਵਣਗੇ |
ਓਏ ਸਿੱਖੋ ਹੁਣ ਤੇ ਜਾਗੋ, ਠੱਗ ਘਰ ਲੁੱਟ ਲੈ ਜਾਵਣਗੇ |
-੦-੦-੦-

ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top