Share on Facebook

Main News Page

ਸਾਡੀ ਵੀ ਆਪਣੀ ਪਾਰਲੀਮੈਂਟ ਹੈਗੀ!!

ਕਹਿਣ ਨੂੰ ਤਾਂ ਅਸੀਂ ਬੜਾ ਹੁੱਬ-ਹੁੱਬ ਕੇ ਕਹਿੰਨੇ ਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈਗੀ। ਚਿੱਤ ਰਾਜ਼ੀ ਰੱਖਣ ਲਈ ਇਹ ਭਰਮ ਮਾੜਾ ਨਹੀਂ ਕਿ ਦੁਨੀਆਂ ‘ਚ ਕੋਈ ਸੋਚੂਗਾ ਹੀ ਕਿ ਜੇ ਪਾਰਲੀਮੈਂਟ ਆਪਣੀ ਹੈ ਤਾਂ ਜ਼ਰੂਰ ਆਪਣਾ ਆਜ਼ਾਦ ਮੁਲਕ ਵੀ ਹੋਣਾ; ਕਿਉਂਕਿ ਉਦਾਂ ਤਾਂ ਪਾਰਲੀਮੈਂਟ ਬਣਦੀ ਨਹੀਂ ਪਰ ਇਹ ਤਾਂ ਆਪਾਂ ਹੀ ਜਾਣਦੇ ਆਂ ਕਿ ਜੇ ਕਿਤੇ ਇਕ ਇੰਚ ਜ਼ਮੀਨ ‘ਤੇ ਵੀ ਆਪਣਾ ਰਾਜ ਹੁੰਦਾ ਤਾਂ ਕਾਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਢਹਿੰਦਾ। ਇਹ ਪਾਰਲੀਮੈਂਟ ਵਾਲਾ ਲਫ਼ਜ਼ ਸਾਡੇ ਸਿੱਖ ਲੀਡਰਾਂ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਐਸਾ ਘੁਸੇੜ ਲਿਆ ਕਿ ਸਾਰੀਆਂ ਖੇਡਾਂ ਜੋ ਸਿਆਸੀ ਬੰਦੇ ਸਿਆਸਤ ਵਿਚ ਖੇਲ੍ਹਦੇ ਆ, ਉਹਤੋਂ ਵੱਧ ਗੁਰਦੁਆਰਾ ਪ੍ਰਬੰਧ ਵਿਚ ਬੜੇ ਖੁੱਲ੍ਹ ਕੇ ਅਤੇ ਬੇ-ਹਯਾ ਹੋ ਕੇ ਸਿੱਖ ਬਾਣੇ ਵਿਚ ਕਰਦੇ ਆ। ਮੈਂ ਸਿਰਫ਼ ਇਕ ਵਾਰ 1996 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਥੋੜ੍ਹਾ ਨੇੜਿਓਂ ਦੇਖੀਆਂ ਸੀ ਤਾਂ ਸਾਰੇ ਭਰਮ ਭੁਲੇਖੇ ਨਿਕਲ ਗਏ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਦੀ ਭਾਵਨਾ ਤਾਂ ਪੂਰੀ ਤਰ੍ਹਾਂ ਗਾਇਬ ਸੀ। ਬੱਸ, ਇਕੋ ਚੌਧਰਪੁਣਾ ਹੀ ਦਿਖਾਈ ਦਿੱਤਾ ਸੀ। ਹੱਦ ਹੋ ਗਈ ਸੀ ਜਦੋਂ ਸ਼ਰਾਬ ਦੀਆਂ ਪੇਟੀਆਂ ਅਤੇ ਡੋਡੇ ਪਿੰਡ ਦੀਆਂ ਪੰਚਾਇਤਾਂ ਨੂੰ ਵੋਟਾਂ ਹੱਕ ‘ਚ ਭੁਗਤਾਉਣ ਲਈ ਉਮੀਦਵਾਰਾਂ ਨੇ ਭੇਜੀਆਂ। ਨਾਲ ਦੀ ਨਾਲ ਪੈਸੇ ਵੀ। ਲੱਗਦਾ ਈ ਨਹੀਂ ਸੀ ਕਿ ਇਹ ਗੁਰਦੁਆਰਾ ਚੋਣਾਂ ਹਨ, ਸਗੋਂ ਪੂਰੀ ਤਰ੍ਹਾਂ ਪਾਰਲੀਮੈਂਟ ਚੋਣਾਂ ਹੀ ਲੱਗਦੀਆਂ ਸਨ ਕਿਉਂਕਿ ਚੋਣ ਪ੍ਰਚਾਰ ਵਿਚ ਵੀ ਚਿੱਕੜ ਦੂਜੇ ਉਤੇ ਸੁੱਟਣ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਗਈ। ਆਮ ਸਿੱਖ ਮੱਥੇ ‘ਤੇ ਹੱਥ ਮਾਰ ਕੇ ਸੋਚਦਾ ਸੀ ਕਿ ਇਨ੍ਹਾਂ ਬੰਦਿਆਂ ਨੇ ਹੀ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਹੈ?

ਚੋਣਾਂ ਪੱਖੋਂ ਤਾਂ ਸ਼੍ਰੋਮਣੀ ਕਮੇਟੀ ਸੌ ਫੀਸਦੀ ਪਾਰਲੀਮੈਂਟ ਹੀ ਲੱਗਦੀ ਆ ਪਰ ਕੰਮ-ਕਾਰ ਪੱਖੋਂ ਦੇਖੀਏ ਤਾਂ ਪਾਰਲੀਮੈਂਟ ਦਾ ਤਾਂ ਇਹਦੇ ‘ਤੇ ਪਰਛਾਵਾਂ ਵੀ ਨਹੀਂ ਪਿਆ ਹੋਇਆ। ਆਪਾਂ ਟੀ.ਵੀ. ‘ਤੇ ਪਾਰਲੀਮੈਂਟ ਦੀ ਕਾਰਵਾਈ ਹੁੰਦੀ ਦੇਖੀਦੀ ਆ ਕਿ ਕਿੱਦਾਂ ਬਿਗਾਨੇ ਪੁੱਤ (ਵਿਰੋਧੀ ਪਾਰਟੀਆਂ ਜਿੱਦਾਂ ਦੀਆਂ ਵੀ ਹੈਗੀਆਂ) ਹੁਕਮਰਾਨਾਂ ਦੇ ਨਾਸੀਂ ਧੂੰਆਂ ਕਢਵਾ ਦਿੰਦੇ ਹਨ, ਜਦੋਂ ਪੋਤੜੇ ਫੋਲ ਕੇ ਸਾਹਮਣੇ ਰੱਖਦੇ ਹਨ, ਭੱਜਿਆਂ ਰਾਹ ਨਹੀਂ ਲੱਭਦਾ ਫਿਰ ਬਚਣ ਦਾ। ਬਲੀ ਦੇਣੀ ਹੀ ਪੈਂਦੀ ਹੈ ਕਲਮਾਡੀ ਵਰਗਿਆਂ ਦੀ, ਭਾਵੇਂ ਮਜਬੂਰਨ ਹੀ ਸਹੀ। ਉਥੇ ਤਾਂ ‘ਕੈਗ’ (ਆਡਿਟ) ਅਤੇ ਸੁਪਰੀਮ ਕੋਰਟ ਦੀ ਰਿਪੋਰਟ ਵੀ ਵਾਹਣੀਂ ਪਾ ਦਿੰਦੀ ਹੈ ਮਨਮੋਹਨ ਸਿੰਘ ਹੁਰਾਂ ਨੂੰ।

ਹੁਣ ਆਪਣੀ ਮਿੰਨੀ ਪਾਰਲੀਮੈਂਟ ਵੱਲ ਵੀ ਜ਼ਰਾ ਨਿਗਾਹ ਮਾਰ ਲਈਏ। ਇਜਲਾਸ ਇਹਦੇ ਵੀ ਹੰਦੇ ਨੇ; ਮਸਲੇ ਇੱਥੇ ਵੀ ਵਿਚਾਰੇ ਜਾਂਦੇ ਆ ਪਰ ਬੋਲਣ ‘ਤੇ ਪਾਬੰਦੀ ਲੱਗੀ ਹੁੰਦੀ ਆ, ਸੰਗਤਾਂ ਵੱਲੋਂ ਚੁਣੇ ਇਨ੍ਹਾਂ ਮੈਂਬਰਾਂ ਉਤੇ। ਇਨ੍ਹਾਂ ਮੈਂਬਰਾਂ ਨੂੰ ਸਾਰੀਆਂ ਨਸੀਹਤਾਂ ਕੀਤੀਆਂ ਹੁੰਦੀਆਂ ਕਿ ਬੀਬੇ ਬਣ ਕੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਕਿੱਦਾਂ ਬੈਠੀਦਾ; ਕੁਣਕਾ ਜਿੰਨਾ ਮਰਜ਼ੀ ਛਕੀ ਜਾਓ, ਕੋਈ ਨੀ ਪੁੱਛਦਾ; ਬੱਸ ਇਕ ਜ਼ਮੀਰ ‘ਤੇ ਜ਼ਰਾ ਕਾਬੂ ਰੱਖਿਓ, ਤੇ ਦੇਖੇ ਨੂੰ ਅਣਦੇਖਿਆ ਜਾਣ ਕੇ ਜਦੋਂ ਜੈਕਾਰਾ ਬੁਲਾਇਆ ਜਾਵੇ ਤਾਂ ਬੱਸ, ਸਾਰੇ ਜ਼ੋਰ ਨਾਲ ਸਤਿ ਸ੍ਰੀ ਅਕਾਲ ਹੀ ਕਹਿਣਾ; ਦੂਜੇ ਦੇ ਹਿੱਸੇ ਦੇ ਕੁਣਕੇ ਦੀ ਵੀ ਗੱਲ ਨਹੀਂ ਕਰਨੀ ਕਿ ਕਿੱਥੇ ਕਿੱਥੇ ਗਿਆ; ਨਹੀਂ ਤਾਂ ਝੀਂਡੇ ਵਾਂਗੂ ਖਿੱਚ ਕੇ ਪਾਰਲੀਮੈਂਟ ਹਾਊਸ ‘ਚੋਂ ਬਾਹਰ ਬਿਠਾ ਦਿਆਂਗੇ ਕਿਉਂਕਿ ਉਹ ਵੀ ਤਾਂ ਇਹੋ ਕਹੀ ਜਾਂਦਾ ਹੈ ਕਿ ਕੁਣਕਾ ਸਾਡੇ ਹਰਿਆਣੇ ਦਾ, ਤੇ ਛਕੀ-ਛਕਾਈ ਜਾਂਦਾ ਮੱਕੜ! ਇਹ ਕਿੱਥੋਂ ਦਾ ਇਨਸਾਫ਼ ਆ ਬਈ!!

ਪਾਰਲੀਮੈਂਟ ਵਿਚ ਆਪਣੀ ਖਲਕਤ ਲਈ ਆਪ ਕਾਨੂੰਨ ਬਣਾਏ ਜਾਂਦੇ ਨੇ ਬਿਨਾ ਕਿਸੇ ਬਾਹਰੀ ਦਖਲ ਦੇ; ਬਿੱਲ ਪੇਸ਼ ਹੁੰਦੇ; ਹਰ ਮੁੱਦੇ ‘ਤੇ ਬਹਿਸ ਹੁੰਦੀ ਹੈ, ਸੋਧਾਂ ਹੁੰਦੀਆਂ ਅਤੇ ਕਾਨੂੰਨ ਬਣਦਾ ਹੈ ਪਰ ਸਾਡੀ ਮਿਨੀ ਪਾਰਲੀਮੈਂਟ ਵਿਚ ਬਹਿਸ ਨਾਂ ਦੀ ਕੋਈ ਚੀਜ਼ ਹੈ ਈ ਨਹੀਂ। ਇੱਥੇ ਦੇ ਕਾਨੂੰਨ ਦੀ ਸਾਰੀ ਕਾਰਵਾਈ ਅੱਜ-ਕੱਲ੍ਹ ਪੂਨੇ ਦੇ ਆਰ.ਐਸ.ਐਸ. ਹੈਡ-ਕੁਆਰਟਰ ਵਿਚ ਕੀਤੀ ਜਾਂਦੀ ਹੈ ਅਤੇ ਰਹਿੰਦੀ ਕਸਰ ਚੌਕ ਮਹਿਤਾ ਵਿਚ ਪੂਰੀ ਕਰ ਲਈ ਜਾਂਦੀ ਹੈ। ਚਾਰ ਕੁ ਬਿਪਰਨ ਬਿਰਤੀ ਵਾਲੇ ਸਿੱਖ ਮੋਹਤਬਰਾਂ ਜਿਹੜੇ ਮੈਂਬਰ ਨਹੀਂ ਹੁੰਦੇ, ਪਰ ਤਾਕਤ ਸਾਰੀ ਉਨ੍ਹਾਂ ਕੋਲ ਹੁੰਦੀ ਹੈ, ਨਾਲ ਸਲਾਹ-ਮਸ਼ਵਰਾ ਕਰਕੇ ਲਿਫ਼ਾਫੇ ‘ਚ ਬੰਦ ਕਰਕੇ ਕਿਸੇ ਖਾਸ ਪਿਆਦੇ ਰਾਹੀਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੇ ‘ਮੋਹਰੇ’ (ਪ੍ਰਧਾਨ) ਕੋਲ ਭੇਜ ਦਿੱਤਾ ਜਾਂਦਾ ਹੈ ਜੋ ਆਪਣੀਆਂ ਐਨਕਾਂ ਵਿਚੋਂ ਨੱਚਦੀਆਂ ਅੱਖਾਂ ਨਾਲ ਖਚਰਾ ਜਿਹਾ ਹਾਸਾ ਬੁੱਲਾਂ ‘ਤੇ ਲਿਆ ਕੇ ਸਾਰੇ ਬੀਬੇ ਬੱਚਿਆਂ ਨੂੰ ਸੁਣਾ ਦਿੰਦਾ ਹੈ, ਤੇ ਨਾਲ ਹੀ ਜੈਕਾਰੇ ਛੱਡਣ ਵਾਲੇ ਜੈਕਾਰਾ ਗੁੰਜਾ ਦਿੰਦੇ ਹਨ, ਤੇ ਬੀਬੇ ਬੱਚੇ (ਮੈਂਬਰ) ‘ਸਤਿ ਸ੍ਰੀ ਅਕਾਲ’ ਬੋਲ ਦਿੰਦੇ ਹਨ, ਤੇ ਮਿਨੀ ਪਾਰਲੀਮੈਂਟ ਦੀ ਕਾਰਵਾਈ ਪੂਰੀ ਹੋ ਗਈ। ਜੇ ਕਦੇ ਕੋਈ ਮੈਂਬਰ ਜਮੀਰ ਦੀ ਆਵਾਜ਼ ਸੁਣ ਕੇ ਕਹਿ ਦੇਵੇ ਕਿ ਆਹ ਤਾਂ ਸਿੱਧੀ ਪੰਥ ਨੂੰ ਢਾਹ ਲਾਉਣ ਵਾਲੀ ਲਿਫ਼ਾਫ਼ੇ ‘ਚੋਂ ਕਾਰਵਾਈ ਨਿਕਲੀ ਹੈ ਤਾਂ ਜਮੂਰਾ ਬਣਿਆ ਪ੍ਰਧਾਨ ਬੜਾ ਨਿਲੱਜ ਹੋ ਕੇ ਕਹਿ ਦਿੰਦੈ, ਉਪਰ ਵਾਲੇ ਵੱਡੇ ਪ੍ਰਧਾਨ ਦਾ ਇਹੋ ਹੁਕਮ ਹੈ!

ਸਿੱਖਾਂ ਦੀ ਮਿਨੀ ਪਾਰਲੀਮੈਂਟ ਅਖਵਾਉਂਦੀ ਇਸ ਸ਼੍ਰੋਮਣੀ ਕਮੇਟੀ ਦੇ ਕਿਸੇ ਇਜਲਾਸ ਵਿਚ ਕਿਸੇ ਘਪਲੇ-ਘੁਟਾਲੇ ਬਾਰੇ ਬਹਿਸ ਹੁੰਦੀ ਕਿਸੇ ਨੇ ਨਹੀਂ ਦੇਖੀ-ਸੁਣੀ। ਜੇ ਅਸੀਂ ਇਹ ਸੋਚੀਏ ਕਿ ਗੁਰਦੁਆਰਿਆਂ ਵਿਚ ਘਪਲੇ-ਘੁਟਾਲੇ ਕਿੱਥੋਂ ਆ ਗਏ ਤਾਂ ਬਹਿਸ-ਮੁਬਾਹਿਸਾ ਵੀ ਕਾਹਦਾ? ਅੰਦਰਖਾਤੇ ਕਿਹੜਾ ਘੁਟਾਲੇ ਨਹੀਂ ਹੋਇਆ ਇਸ ਕਮੇਟੀ ਵਿਚ? ਚੜ੍ਹਾਵੇ ਦੀ ਭਾਨ ਸ਼ੇਵ ਕਰਨ ਵਾਲੇ ਬਲੇਡ ਬਣਾਉਣ ਵਾਲੀ ਕੰਪਨੀ ਨੂੰ ਵੇਚਣ ਵਿਚ ਹੀ ਇਕ ਸਾਲ ‘ਚ ਲੱਖਾਂ ਰੁਪਏ ਦੀ ਹੇਰਾ-ਫੇਰੀ ਹੋਈ, ਬਾਕੀ ਕੜਾਹ ਪ੍ਰਸਾਦਿ ਅਤੇ ਕਾਰ ਸੇਵਾ ਦੇ ਠੇਕਿਆਂ ਦੀ ਤਾਂ ਗੱਲ ਹੀ ਵੱਖਰੀ ਹੈ। ਇਹ ਜ਼ਿਕਰ ਤਾਂ ਕੀਤਾ ਹੈ ਕਿ ਸਿੱਖ ਸੰਗਤਾਂ ਨੂੰ ਥੋੜ੍ਹਾ ਚਾਨਣ ਹੋਵੇ ਕਿ ਭਾਨ ਵਰਗੀ ਨਿਗੂਣੀ ਜਿਹੀ ਚੀਜ਼ ਅਤੇ ਕੜਾਹ ਪ੍ਰਸ਼ਾਦਿ ਵਰਗੀ ਪਵਿੱਤਰ ਵਸਤੂ ਵੀ ਇੱਥੇ ਘੁਟਾਲਿਆਂ ‘ਚ ਘਿਰੀ ਹੁੰਦੀ ਹੈ, ਹੋਰ ਵੱਡੀਆਂ ਦੇ ਤਾਂ ਕਹਿਣੇ ਹੀ ਕੀ?

ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਚੁਣੇ ਮੈਂਬਰਾਂ ਨੇ ਦੇਣੀ ਹੁੰਦੀ ਹੈ ਪਰ ਉਹ ਆਪ ਅਣਜਾਣ ਜਾਂ ਜਾਣਬੁੱਝ ਕੇ ਅਣਜਾਣ ਬਣੇ ਹੁੰਦੇ ਹਨ ਜਾਂ ਬਣਾ ਦਿੱਤੇ ਜਾਂਦੇ ਹਨ। ਮੇਰਾ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣ ਵਾਲੇ ਸਾਰੇ ਵੋਟਰ ਇਹ ਕੁਝ ਪਸੰਦ ਨਹੀਂ ਕਰਦੇ ਹੋਣੇ, ਤੇ ਉਹ ਜ਼ਰੂਰ ਇਸ ਗੰਧਲੇ ਸਿਸਟਮ ਤੋਂ ਛੁਟਕਾਰਾ ਚਾਹੁੰਦੇ ਹੋਣਗੇ; ਤਾਂ ਫਿਰ ਹੁਣ ਇਸ ਤੋਂ ਵਧੀਆ ਮੌਕਾ ਨਹੀਂ ਆਉਣਾ ਨਿਜਾਤ ਪਾਉਣ ਦਾ, ਕਿਉਂਕਿ ਮਿੰਨੀ ਸਿੱਖ ਪਾਰਲੀਮੈਂਟ ਦੀਆਂ ਚੋਣਾਂ ਜੁ ਹੋ ਰਹੀਆਂ ਹਨ।

ਜਗਤ ਵਿਚ ਸਭ ਤੋਂ ਵੱਧ ਗਿਣਤੀ ਇਸਾਈ ਧਰਮ ਮੰਨਣ ਵਾਲਿਆਂ ਦੀ ਹੈ। ਇਸਾਈ ਧਰਮ ਵਿਚ ਸਭ ਤੋਂ ਉਚਾ ਧਾਰਮਿਕ ਅਹੁਦਾ ਪੋਪ ਦਾ ਹੈ। ਪੋਪ ਬਣਨ ਲਈ ਉਸ ਇਨਸਾਨ ਨੂੰ ਬੜੇ ਕਰੜੇ ਇਮਤਿਹਾਨਾਂ ਵਿਚੋਂ ਗੁਜ਼ਰਨਾ ਪੈਂਦਾ ਏ, ਤੇ ਇਸ ਪਦਵੀ ‘ਤੇ ਨਿਯੁਕਤੀ ਲਈ ਵੱਖ-ਵੱਖ ਮੁਲਕਾਂ ਦੀਆਂ ਪ੍ਰਵਾਨਿਤ ਇਸਾਈ ਸੰਸਥਾਵਾਂ ਦੀ ਸਹਿਮਤੀ ਜਰੂਰੀ ਹੈ। ਇਸ ਅਹੁਦੇ ‘ਤੇ ਪਹੁੰਚ ਕੇ ਉਹ ਇਸਾਈਅਤ ਦੇ ਨਾਲ-ਨਾਲ ਸੰਸਾਰ ਭਾਈਚਾਰੇ ਦਾ ਵੀ ਮੁਦੱਈ ਬਣਦਾ ਹੈ, ਉਹ ਕਿਸੇ ਵੀ ਮੁਲਕ ਬਾਰੇ ਫਿੱਕਾ ਬੋਲਣ ਤੋਂ ਗੁਰੇਜ਼ ਹੀ ਕਰਦਾ ਹੈ।

ਸਿੱਖਾਂ ਦੀ ਆਦਤ ਹੈ ਕਿ ਆਪਣਾ ਮੁਕਾਬਲਾ ਚੋਟੀ ਦੀ ਕਿਸੇ ਸ਼ਖ਼ਸੀਅਤ ਜਾਂ ਵਿਅਕਤੀ ਨਾਲ ਕਰਦੇ ਹਨ ਤਾਂ ਕਿ ਰੋਅਬ-ਦਾਅਬ ਹੋਰ ਵਧੇ। ਕੁਝ ਵਰ੍ਹੇ ਪਹਿਲਾਂ ਲੰਮਾ ਸਮਾਂ ਚਲੇ ਆਉਂਦੇ ਸ਼੍ਰੋਮਣੀ ਕਮੇਟੀ ਦੇ ਇਕ ਪ੍ਰਧਾਨ ਨੂੰ ਜਦੋਂ ਸਿੱਖਾਂ ਦਾ ਪੋਪ ਕਹਿ ਕੇ ਵਡਿਆਇਆ ਗਿਆ ਤਾਂ ਉਸ ਨੂੰ ਭਰਮ ਹੋ ਗਿਆ ਕਿ ਉਸ ਤੋਂ ਵੱਡੀ ਕੋਈ ਸ਼ਖ਼ਸੀਅਤ ਹੁਣ ਹੈ ਨਹੀਂ, ਪਰ ਉਹਦੇ ਖੰਭ ਕੱਟਣ ਲੱਗਿਆਂ ਨੇ ਪੋਪ ਵਰਗੇ ਉਚ ਅਹੁਦੇ ਦਾ ਖਿਆਲ ਹੀ ਨਾ ਰੱਖਿਆ। ਉਸ ਤੋਂ ਬਾਅਦ ਫਿਰ ਜਿੰਨੇ ਵੀ ਸਿੱਖਾਂ ਦੇ ਪੋਪ ਬਣੇ, ਬੱਸ ਇਕੋ ਗੁਣ ਹੀ ਪਰਖਿਆ, ਉਹ ਸੀ ਵਫਾਦਾਰੀ ਦਾ, ਤੇ ਉਹਦਾ ਨਾਮ ਲਿਫ਼ਾਫ਼ੇ ‘ਚ ਬੰਦ ਕਰਕੇ ਮਿਨੀ ਪਾਰਲੀਮੈਂਟ ਵਿਚ ਖੁੱਲ੍ਹਣ ਨੂੰ ਭੇਜਿਆ ਜਾਂਦਾ ਹੈ, ਤੇ ਉਹਦੇ ਗਲ ਵਿਚ ਪੋਪ ਦੀ ਨਿਯੁਕਤੀ ਦੇ ਸਿਰੋਪੇ ਪਾ ਦਿੱਤੇ ਜਾਂਦੇ ਨੇ। ਫਿਰ ਉਹ ਲਿਫ਼ਾਫੇ ‘ਚ ਨਾਂ ਪਾਉਣ ਵਾਲਿਆਂ ਦੀ ਐਨੀ ਵਫਾਦਾਰੀ ਨਿਭਾਉਂਦਾ ਹੈ ਕਿ ਗੁਰੂ ਦੀ ਗੋਲਕ ਉਨ੍ਹਾਂ ਦਾ ਰਾਜ ਭਾਗ ਬਣਾਈ ਰੱਖਣ ਲਈ ਉਨ੍ਹਾਂ ਦੇ ਹਵਾਲੇ ਕਰ ਦਿੰਦਾ ਹੈ, ਤੇ ਲੋੜ ਪੈਣ ‘ਤੇ ਬਾਬੇ ਨਾਨਕ ਦੇ ਨਿਰਾਲੇ ਪੰਥ ਦੀਆਂ ਧੱਜੀਆਂ ਉਡਾਉਣ ‘ਚ ਵੀ ਪਿੱਛੇ ਨਹੀਂ ਰਹਿੰਦਾ। ਸਿੱਖਾਂ ਲਈ ਸਵਾਲ ਹੈ ਕਿ ਇਹੋ ਜਿਹਾ ਪ੍ਰਧਾਨ ਬਣਾਉਣਾ ਜਾਂ ਗੁਰਮਤਿ ‘ਤੇ ਖੜ੍ਹਨ ਵਾਲਾ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਾਲਾ।

ਸਿੱਖ ਧਰਮ ਹੋਰ ਗੱਲਾਂ ਵਿਚ ਤਾਂ ਵਿਲੱਖਣ ਹੈ ਹੀ, ਗੁਰੂ ਸਾਹਿਬਾਨ ਨੇ ਇਕ ਹੋਰ ਨਿਵੇਕਲੀ ਖਾਸੀਅਤ ਇਹ ਪਾਈ ਕਿ ਸਿੱਖ ਪੰਥ ਸਮੂਹਿਕ ਰੂਪ ਵਿਚ ਆਰਥਿਕ ਤੌਰ ‘ਤੇ ਵੀ ਆਤਮ ਨਿਰਭਰਤਾ ਬਣਾਈ ਰੱਖੇ। ਇਸੇ ਲਈ ਦਸਵੰਧ ਦਾ ਸਿਧਾਂਤ ਦਿੱਤਾ। ਗੁਰੂ ਸਾਹਿਬਾਨ ਦੇ ਵੇਲਿਆਂ ਵਿਚ ਹੀ ਲੋਕ ਭਲਾਈ ਦੇ ਕਈ ਕੰਮ ਸ਼ੁਰੂ ਹੋਏ ਜਿਵੇਂ ਦਵਾਖਾਨੇ, ਸਰਾਂਵਾਂ, ਪੀਣ ਵਾਲੇ ਪਾਣੀ ਲਈ ਖੂਹ, ਬਉਲੀਆਂ ਬਣਾਈਆਂ ਜੋ ਮੌਕੇ ਦੇ ਹਾਕਮ ਨਹੀਂ ਸੀ ਕਰ ਸਕੇ। ਇਸੇ ਕਰਕੇ ਪੇਂਡੂ ਤਬਕਾ ਸਿੱਖੀ ਵੱਲ ਜ਼ਿਆਦਾ ਪ੍ਰੇਰਿਤ ਹੋ ਗਿਆ। ਜਦੋਂ ਇਸ ਰਕਮ ਵਿਚ ਵਾਧਾ ਹੋਇਆ ਹੋਵੇਗਾ ਤਾਂ ਗੁਰੂ ਸਾਹਿਬ ਨੇ ਸਿਆਣਾ ਜਾਣ ਕੇ ਆਪ ਹੀ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਇਸ ਦਾ ਹਿਸਾਬ-ਕਿਤਾਬ ਰੱਖਣ ਲਈ ਜ਼ਿੰਮੇਵਾਰੀ ਦੇ ਦਿੱਤੀ ਤਾਂ ਸਮੇਂ ਨਾਲ ਪ੍ਰਿਥੀ ਚੰਦ ਵਿਚ ਮਾਇਆ ਮੋਹ ਭਾਰੂ ਹੁੰਦਾ ਗਿਆ ਅਤੇ ਧਾਰਮਿਕ ਬਿਰਤੀ ਮਨਫੀ ਹੋ ਗਈ। ਇੰਨਾ ਹੀ ਨਹੀਂ, ਗੁਰਮਤਿ ਨੂੰ ਵੀ ਪਿੱਠ ਦੇ ਕੇ ਗੁਰੂ ਨਾਲ ਸ਼ਰੀਕੇਬਾਜ਼ੀ ਵਿਚ ਪੈ ਕੇ ਦੁਸ਼ਮਣੀ ਪਾਲ ਲਈ। ਗੁਰੂਆਂ ਵੱਲੋਂ ਮੁਕੱਰਰ ਕੀਤੇ ਧਾਰਮਿਕ ਬੰਦਿਆਂ (ਮਸੰਦਾਂ) ਨੂੰ ਰਿਸ਼ਵਤ ਦੇ ਕੇ ਆਪਣੇ ਹੱਕ ਵਿਚ ਭੁਗਤਾਉਣ ਦੀਆਂ ਮੰਦੀਆਂ ਚਾਲਾਂ ਵੀ ਚੱਲੀਆਂ। ਮੌਕੇ ਦੇ ਹਾਕਮਾਂ ਨਾਲ ਗੰਢ-ਤੁੱਪ ਦਾ ਰਿਵਾਜ਼ ਪਾ ਕੇ ਸਿੱਖੀ ਵਿਰੁਧ ਕਾਰਵਾਈਆਂ ਕੀਤੀਆਂ। ਦਰਅਸਲ ਪ੍ਰਿਥੀਏ ਤੋਂ ਹੀ ਗੁਰੂ ਕੀ ਗੋਲਕ ਉਤੇ ਕਬਜ਼ਾ ਕਰਨ ਦੀ ਕੁਰੁਚੀ ਵਾਲਾ ਤਬਕਾ ਸਿੱਖਾਂ ਵਿਚੋਂ ਹੀ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਸਿੱਖ ਕੌਮ ਦਾ ਪਿੱਛਾ ਨਹੀਂ ਛੱਡ ਰਿਹਾ।

ਜਦੋਂ ਮਹੰਤ ਨਰਾਇਣ ਦਾਸ ਦੀ ਗੱਲ ਤੁਰਦੀ ਹੈ ਤਾਂ ਸਾਡੇ ਸਾਹਮਣੇ ਉਹਦਾ ਪਾਲਿਆ ਬਦਮਾਸ਼ਾਂ, ਇਖਲਾਕ ਤੋਂ ਡਿੱਗੇ ਨਸ਼ਈ ਤੇ ਵਿਭਚਾਰੀ ਬੰਦਿਆਂ ਦੀ ਗੁਰਮਤਿ ਵਿਰੋਧੀ ਜੁੰਡਲੀ ਅਤੇ ਉਹ ਹਰ ਮਾੜਾ ਸਮਾਜਕ ਅਨਸਰ ਦਿਖਾਈ ਦਿੰਦਾ ਹੈ ਜਿਸ ਨੇ ਪਵਿੱਤਰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਬੇਹੁਰਮਤੀ ਕੀਤੀ ਸੀ। ਉਸ ਜੁੰਡਲੀ ਤੋਂ ਮੁਕਤੀ ਲਈ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕਿਉਂਕਿ ਹੋਰ ਕੋਈ ਚਾਰਾ ਰਹਿ ਹੀ ਨਹੀਂ ਸੀ ਗਿਆ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਿਹੜੇ ਉਮੀਦਵਾਰ ਵੱਡੀ ਅਤੇ ਹੁਕਮਰਾਨ ਪਾਰਟੀ ਨੇ ਖੜ੍ਹੇ ਕੀਤੇ ਨੇ, ਉਨ੍ਹਾਂ ਬਾਰੇ ਚੰਡੀਗੜ੍ਹ ਤੋਂ ਛਪਦੀ ਇਕ ਅਖ਼ਬਾਰ ਨੇ ਖੁਲਾਸਾ ਕੀਤਾ ਹੈ ਕਿ ਕਿੰਨਿਆਂ ਉਤੇ ਨਸ਼ਾ ਕਰਨ ਦੇ ਦੋਸ਼ ਹਨ? ਕਿੰਨੇ ਅਪਰਾਧੀ ਅਤੇ ਬਦਮਾਸ਼ੀ ਬਿਰਤੀ ਵਾਲੇ ਹਨ? ਕਿੰਨਿਆਂ ਉਤੇ ਸਿੱਖੀ ਤੋਂ ਮੁਨਕਰ ਹੋਣ ਦੇ ਦੋਸ਼ ਹਨ? ਜੇ ਹੁਣ ਸਿੱਖਾਂ ਨੇ ਇਨ੍ਹਾਂ ਨੂੰ ਆਪ ਹੀ ਚੁਣ ਕੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਭੇਜਣਾ ਹੈ ਤਾਂ ਕਰੀਬ ਇਕ ਸਦੀ ਪਹਿਲਾਂ ਇਹੋ ਜਿਹੇ ਬੰਦੇ ਹੀ ਮਹੰਤ ਨਰਾਇਣ ਦਾਸ ਦੇ ਨਾਲ ਸਨ। ਫਿਰ ਕਾਹਨੂੰ ਭਾਈ ਲਛਮਣ ਸਿੰਘ ਵਰਗੇ ਜ਼ਿੰਦਾ ਸੜ ਗਏ, ਇਨ੍ਹਾਂ ਤੋਂ ਗੁਰਦੁਆਰਿਆਂ ਦਾ ਛੁਟਕਾਰਾ ਕਰਾਉਣ ਹਿੱਤ? ਜਿਹੜਾ ਵੀ ਸਿੱਖ ਵੋਟਰ ਸ਼੍ਰੋਮਣੀ ਕਮੇਟੀ ਚੋਣ ਵਿਚ ਵੋਟ ਪਾਵੇ, ਉਹ ਆਪਣੇ ਹਿਰਦੇ ਵਿਚ ਜ਼ਰੂਰ ਅਰਦਾਸ ਦੇ ਇਹ ਬੋਲ ਸੁਣੇ ਕਿ ਜਿਹੜੇ ਗੁਰਦੁਆਰਿਆਂ ਦੀ ਮੁਕਤੀ ਲਈ ਜ਼ਿੰਦਾ ਸਾੜੇ ਗਏ ਤੇ ਕੁਰਬਾਨੀਆਂ ਦਿੱਤੀਆਂ। ਫਿਰ ਕਿਸੇ ਦੀ ਵੋਟ ਵੀ ਮਹੰਤ ਨਰਾਇਣ ਦਾਸ ਦੀ ਸੋਚ ਨੂੰ ਨਹੀਂ ਪਵੇਗੀ। ਫਿਰ ਵੀ ਜਿਹੜਾ ਅਰਦਾਸ ਦੀ ਭਾਵਨਾ ਤੋਂ ਮੁਨਕਰ ਹੋ ਕੇ ਵੋਟ ਪਾਊਗਾ, ਉਹ “ਸਿੱਖ ਸ਼ਹਾਦਤਾਂ” ਦਾ ਭਗੌੜਾ ਹੀ ਹੋਵੇਗਾ।

ਜਿੱਥੇ ਵੋਟ ਸਿਆਸਤ ਭਾਰੂ ਹੋ ਜਾਵੇ, ਉਥੇ ਚੰਗੇ-ਬੁਰੇ ਦਾ ਫਰਕ ਵੀ ਗਾਇਬ ਹੋ ਜਾਂਦਾ ਹੈ ਕਿਉਂਕਿ ਜਿੱਤ ਗਿਣਤੀ ਦੀ ਜੋ ਹੋਣੀ ਹੋਈ। ਸ਼੍ਰੋਮਣੀ ਕਮੇਟੀ ਵੀ ਇਸ ਤੋਂ ਕਿਵੇਂ ਬਚੀ ਰਹਿ ਸਕਦੀ ਹੈ? ਕਹਿਣ ਨੂੰ ਇਹ ਸਿੱਖ ਮਿਨੀ ਪਾਰਲੀਮੈਂਟ ਹੈ, ਪਰ ‘ਸਿੱਖ ਦੀ ਪਰਿਭਾਸ਼ਾ’, ਪਈ ਸਿੱਖ ਕੌਣ ਹੈ, ਦਾ ਇਹਨੂੰ ਪਤਾ ਨਹੀਂ। ਉਹ ਜਾਣਨ ਲਈ ਹਾਈ ਕੋਰਟ ਵਿਚ ਗੈਰ-ਸਿੱਖ ਜੱਜਾਂ ਕੋਲ ਜਾਣਾ ਪਿਆ। ਫਿਰ ਵਿੰਗੇ-ਟੇਢੇ ਤਰੀਕੇ ਵਰਤ ਕੇ ਗੈਰ-ਸਿੱਖਾਂ ਦੀਆਂ ਹੀ ਵੋਟਾਂ ਬਣਾ ਦਿੱਤੀਆਂ ਗਈਆਂ ਤਾਂ ਕਿ ਇਸ ‘ਤੇ ਜੱਫਾ ਪੱਕਾ ਰਹੇ। ਫਿਰ ਇਨ੍ਹਾਂ ਗੈਰ-ਸਿੱਖ ਵੋਟਰਾਂ ਨੂੰ ਇਵਜ਼ਾਨੇ ਵਿਚ ਖੁਸ਼ ਵੀ ਗੁਰਮਤਿ ਸਿਧਾਂਤਾਂ ਦੀ ਬਲੀ ਦੇ ਕੇ ਕੀਤਾ ਜਾਂਦਾ ਹੈ।

ਜਿਹੜੇ ਸਿੱਖ ਲੀਡਰਾਂ ਨੇ 1925 ਦੇ ਗੁਰਦੁਆਰਾ ਐਕਟ ਮੁਤਾਬਿਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਕਮੇਟੀ ਦੀ ਚੋਣ ਸਿੱਖ ਵੋਟਾਂ ਨਾਲ ਕਰਨ ਦੀ ਵਕਾਲਤ ਕੀਤੀ ਸੀ, ਉਨ੍ਹਾਂ ਨੂੰ ਇਹ ਖੁਆਬ ਵੀ ਨਹੀਂ ਹੋਣਾ ਕਿ ਗੈਰ-ਸਿੱਖ ਵੀ ਵੋਟਾਂ ਪਾ ਸਕਣਗੇ। ਇਥੇ ਉਸ ਵਕਤ ਦੀ ਘਟਨਾ ਬਿਆਨ ਕੀਤੀ ਜਾ ਰਹੀ ਹੈ ਜਦੋਂ ਗੁਰਦੁਆਰਾ ਬਿੱਲ, ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਪਾਸ ਹੋ ਗਿਆ ਸੀ। ਇਸ ਬਿੱਲ ਦੀ ਹਿੰਦੂ ਕੌਂਸਲਰਾਂ ਨੇ ਮੁਖਾਲਫਤ ਕੀਤੀ ਸੀ। ਇਕ ਸਿੱਖ ਕੌਂਸਲਰ ਨੇ ਇਸ ਬਿੱਲ ਦੇ ਪਾਸ ਹੋਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਸਿੱਖਾਂ ਦੀ ਜਿੱਤ ਕਿਹਾ ਤਾਂ ਇਸ ‘ਤੇ ਪੰਜਾਬ ਦੇ ਇਕ ਮੁਸਲਮਾਨ ਵਜ਼ੀਰ (ਵਜ਼ੀਰੇ-ਏ-ਤਾਲੀਮ), ਸ਼ਾਇਦ ਨਾਮ ਮੀਆਂ ਫ਼ਜ਼ਲੀ ਹੁਸੈਨ ਸੀ, ਨੇ ਜੋ ਟਿੱਪਣੀ ਕੀਤੀ ਜੋ ਅੱਜ ਸੌ ਫੀਸਦ ਸੱਚੀ ਲੱਗਦੀ ਹੈ। ਉਸ ਨੇ ਕਿਹਾ ਕਿ ਸਿੱਖ ਭਰਾਵੋ, ਮੁਬਾਰਕ ਹੈ ਤੁਹਾਨੂੰ ਗੁਰਦੁਆਰਾ ਐਕਟ ਪਰ ਜਿਸ ਨੂੰ ਤੁਸੀਂ ਜਿੱਤ ਕਹਿੰਦੇ ਹੋ, ਉਸੇ ਜਿੱਤ ਵਿਚ ਕਿਤੇ ਹਾਰ ਵੀ ਛੁਪੀ ਬੈਠੀ ਹੈ। ਹੁਣ ਅੱਗੇ ਤੋਂ ਕੋਈ ਵੀ ਗੈਰ-ਸਿੱਖ, ਸਿੱਖੀ ਭੇਸ ਵਿਚ ਤੁਹਾਡੇ ਗੁਰਦੁਆਰਿਆਂ ‘ਤੇ ਵੋਟਾਂ ਨਾਲ ਜਿੱਤ ਕੇ ਕਾਬਜ਼ ਹੋ ਸਕਦਾ ਹੈ। ਉਦੋਂ ਕਾਨੂੰਨ ਵੀ ਉਨ੍ਹਾਂ ਦੇ ਪੱਖ ਵਿਚ ਹੋਵੇਗਾ ਤੇ ਇਹੋ ਜਿਹੇ ਮਾੜੇ ਪ੍ਰਬੰਧਕਾਂ ਕੋਲੋਂ ਤੁਸੀਂ ਗੁਰਦੁਆਰਿਆਂ ਨੂੰ ਕਿੱਦਾਂ ਬਚਾ ਸਕੋਗੇ? ਕਿੰਨੀ ਸੱਚਾਈ ਆ ਉਸ ਮੁਸਲਮਾਨ ਵਜ਼ੀਰ ਦੀ ਗੱਲ ਵਿਚ? ਹੁਣ ਜਿੰਨੀ ਘੁਸਪੈਠ ਗੈਰ-ਸਿੱਖ ਸਗੋਂ ਸਿੱਖ ਵਿਰੋਧੀ ਅਨਸਰਾਂ ਦੀ ਸੰਤ ਬਾਣਿਆ ਰਾਹੀਂ ਹੋਣ ਜਾ ਰਹੀ ਹੈ, ਇਸ ਤੋਂ ਬਚਾ ਸੱਚੀਂ ਬੜਾ ਔਖਾ ਹੈ।

ਇਕ ਗੱਲ ਵਿਦੇਸ਼ਾਂ ਵਿਚ ਵੱਸੇ ਸਿੱਖ ਭਾਈਚਾਰੇ ਬਾਰੇ ਵੀ ਸਾਂਝੀ ਕਰ ਹੀ ਲਈਏ। ਇਸ ਮਿਨੀ ਸਿੱਖ ਪਾਰਲੀਮੈਂਟ ਤੋਂ ਸੇਧ ਲੈ ਕੇ ਤਕਰੀਬਨ ਹਰ ਗੁਰਦੁਆਰੇ ਵਾਲਿਆਂ ਨੇ ਆਪਣੀ ਪਾਰਲੀਮੈਂਟ ਬਣਾ ਲਈ ਹੈ, ਤੇ ਹਰ ਹਾਲਤ ਵਿਚ ਇਸ ਪਾਰਲੀਮੈਂਟ ਤੋਂ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਕਈਆਂ ਨੇ ਤਾਂ ਅੰਦਰਖਾਤੇ ਸੰਗਤਾਂ ਦੀ ਸੇਵਾ ਨਾਲ ਬਣਾਏ ਗੁਰਦੁਆਰੇ ਨੂੰ ਆਪਣੇ ਨਾਂ ਕਰਵਾ ਕੇ ਪ੍ਰਾਈਵੇਟ ਪ੍ਰਾਪਰਟੀ ਰਜਿਸਟਰ ਕਰਵਾਈ ਹੋਈ ਹੈ, ਤੇ ਫਿਰ ਆਪਣੀ ਮਨਮਰਜ਼ੀ ਦੇ ਮਨਮਤੀਏ ਸਾਧਾਂ-ਸੰਤਾਂ ਨੂੰ ਸੱਦ ਕੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕਰਦੇ ਹਨ। ਅਮਰੀਕਾ ਵਿਚ ਤਾਂ ਇਹ ਹਾਲ ਹੋ ਗਿਆ ਹੈ ਕਿ ਜਿੰਨਾ ਵੱਡਾ ਗੁਰਦੁਆਰਾ, ਉਤਨੇ ਵੱਧ ਕੋਰਟ ਕੇਸ। ਸੰਗਤਾਂ ਦੀ ਕਿਰਤ ਕਮਾਈ ਨੂੰ ਕਬਜ਼ਾ ਬਰਕਰਾਰ ਰੱਖਣ ਲਈ ਬੇਝਿਜਕ ਹੋ ਕੇ ਵਰਤਿਆ ਜਾਂਦਾ ਹੈ।


ਇੱਥੇ ਇਕ ਅਮਰੀਕਨ ਵਕੀਲ ਦੀ ਟਿੱਪਣੀ ਧਿਆਨ ਦੇਣ ਯੋਗ ਹੈ। ਆਪਸ ਵਿਚ ਗੱਲਾਂ ਕਰਦਿਆਂ ਜਦੋਂ ਇਕ ਵਕੀਲ ਨੇ ਦੂਜੇ ਵਕੀਲ ਨੂੰ ਪੁੱਛਿਆ ਕਿ ਤੇਰੇ ਸਭ ਤੋਂ ਵਧੀਆ ਗਾਹਕ ਕੌਣ ਹਨ, ਤਾਂ ਜਵਾਬ ਸੀ, ‘ਸਿੱਖ।’ ਉਹਨੇ ਇਹ ਵੀ ਕਿਹਾ ਕਿ ਇਹ ‘ਬਲੱਡੀ ਡੌਗਜ਼’ ਗੁਰਦੁਆਰਿਆਂ ਦੇ ਕੇਸਾਂ ਵਿਚ ਰੱਜ ਕੇ ਪੈਸਾ ਦਿੰਦੇ ਆ, ਤੇ ਆਪਣੇ ਹੀ ਧਰਮ ਵਿਰੁਧ ਝੂਠ ਬੋਲਣ ਲਈ ਮਜਬੂਰ ਕਰਦੇ ਹਨ। ਹੁਣ ਆਪੇ ਹੀ ਅੰਦਾਜ਼ਾ ਲਾ ਲਈਏ ਕਿ ਕੋਰਟਾਂ ‘ਚ ਕੇਸ ਕਰਨ ਵਾਲੀਆਂ ਕਮੇਟੀਆਂ ਜਿੱਥੇ ਸੰਗਤ ਦਾ ਪੈਸਾ ਬਰਬਾਦ ਕਰਦੀਆਂ ਹਨ, ਉਥੇ ਸਮੁੱਚੀ ਸਿੱਖ ਕੌਮ ਨੂੰ ਕੁੱਤੇ ਵੀ ਕਹਾਉਂਦੀਆਂ ਹਨ। ਜਦੋਂ ਗੁਰਦੁਆਰਿਆਂ ਦੀ ਪ੍ਰਬੰਧਕ ਤਬਦੀਲੀ ਨੂੰ ਰਾਜ ਪਲਟੇ ਵਰਗੇ ਨਾਂ ਦਿੱਤੇ ਜਾਣ ਤਾਂ ਸਮਝੋ ਕਿ ਸੇਵਾ-ਸੰਭਾਲ ਗਾਇਬ ਹੋਣ ਲੱਗ ਪਈ ਹੈ ਅਤੇ ਸਿਆਸਤ ਭਾਰੂ। ਗੁਰਦੁਆਰਾ ਤਾਂ ਰੂਹਾਨੀਅਤ ਦਾ ਘਰ ਹੈ, ਨਾ ਕਿ ਆਮਦਨ-ਖਰਚ ਰੱਖਣ ਵਾਲਾ ਵਪਾਰਕ ਅਦਾਰਾ ਜਿੱਥੇ ਹਰ ਧਾਰਮਿਕ ਅਤੇ ਸਮਾਜਕ ਰਸਮ ਦੇ ਰੇਟ ਲਿਖ ਕੇ ਪ੍ਰਚਾਰੇ ਜਾਣ। ਜੇ ਸਿਰਫ਼ ਪ੍ਰਬੰਧ ਵਿਚ ਆਮਦਨ ਵਧਾਉਣ ਬਾਰੇ ਹੀ ਕਮੇਟੀਆਂ ਨੇ ਧਿਆਨ ਦੇਣਾ ਹੈ ਤਾਂ ਇਸ ਪੱਖੋਂ ਤਾਂ ਗੁਰੂ ਜੀ ਦੇ ਵਕਤ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਬੜਾ ਬਾ-ਕਮਾਲ ਪ੍ਰਬੰਧ ਕੀਤਾ ਹੋਇਆ ਸੀ। ਉਹ ਖੁਦ ਹਿਸਾਬ ਕਿਤਾਬ ਰੱਖਦਾ ਸੀ, ਪਰ ‘ਗੁਰੂ ਦੀ ਰਹਿਮਤ’ ਉਹਦੇ ਪ੍ਰਬੰਧ ਵਿਚੋਂ ਮਨਫ਼ੀ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਉਹਨੂੰ ਮੂੰਹ ਨਹੀਂ ਸੀ ਲਾਇਆ, ਤੇ ਅੱਜ ਸਿੱਖ ਜਗਤ ਵਿਚ ਪ੍ਰਿਥੀ ਚੰਦ ਦਾ ਨਾਂ ਖਲਨਾਇਕ ਕਰਕੇ ਜਾਣਿਆ ਜਾਂਦਾ ਹੈ।

ਬਾਹਰਲੇ ਗੁਰਦੁਆਰਿਆਂ ਦੀਆਂ ਕਈ ਕਮੇਟੀਆਂ ਦੇ ਪ੍ਰਧਾਨ ਅਤੇ ਮੈਂਬਰ ਨਾ ਤਾਂ ਗੁਰਮਤਿ ਦੇ ਧਾਰਨੀ ਹਨ ਅਤੇ ਨਾ ਹੀ ਗੁਰਦੁਆਰੇ ਵਿਚ ਗੁਰਮਤਿ ਦੀ ਕੋਈ ਗੱਲ ਹੋਣ ਦਿੰਦੇ ਹਨ। ਇਹ ਤਾਂ ਉਲਟਾ ਗੁਰਸਿੱਖ ਵੀਰਾਂ-ਭੈਣਾਂ ਦਾ ਗੁਰਦੁਆਰਿਆਂ ਵਿਚ ਦਾਖਲਾ ਬੰਦ ਕਰਵਾ ਦਿੰਦੇ ਹਨ। ਗੁਰਦੁਆਰਾ ਪ੍ਰਬੰਧ ‘ਤੇ ਕਾਬਜ਼ ਰਹਿਣ ‘ਤੇ ਉਤਾਰੂ ਕੁਝ ਲੋਕ ਗੁਰਦੁਆਰਿਆਂ ਵਿਚ ਲੜਾਈ ਦਾ ਮਾਹੌਲ ਪੈਦਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕ-ਦੂਜੇ ਨੂੰ ਮਾਈਕਾਂ, ਚਿਮਟਿਆਂ ਨਾਲ ਲਹੂ ਲੁਹਾਣ ਕਰ ਦਿੰਦੇ ਹਨ ਅਤੇ ਗਾਲ ਮੰਦਾ ਬੋਲਣ ਲੱਗਿਆਂ ਇਹ ਵੀ ਚੇਤਾ ਨਹੀਂ ਰੱਖਦੇ ਕਿ ਜਾਹਰਾ ਗੁਰੂ ਗੁਰੂ ਗੰਰਥ ਸਾਹਿਬ ਦੀ ਹਜ਼ੂਰੀ ਵਿਚ ਹਨ। ਇਹੋ ਕੁਝ ਪਿੱਛੇ ਜਿਹੇ ਨਿਊ ਯਾਰਕ ਦੇ ਇਕ ਗੁਰਦੁਆਰੇ ਵਿਚ ਵਾਪਰਿਆ। ਉਦੋਂ ਗੁਆਂਢੀ ਅਮਰੀਕਨ ਨੇ ਇਸ ਘਟਨਾ ‘ਤੇ ਜੋ ਟਿੱਪਣੀ ਕੀਤੀ, ਉਹ ਵਾਕਿਆ ਹੀ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਉਸ ਦਾ ਕਹਿਣਾ ਸੀ ਕਿ ‘ਇਨ੍ਹਾਂ ਸਾਰੇ ਬਾਂਦਰ ਮੂੰਹਿਆਂ ਨੂੰ ਇਕੱਠੇ ਕਰਕੇ ਸ਼ਿੱਪ ਉਤੇ ਚੜ੍ਹਾ ਕੇ ਐਟਲਾਂਟਿਕ ਵਿਚ ਡੁਬੋ ਦਿੱਤਾ ਜਾਵੇ।’ ਨਮੋਸ਼ੀ ਵਾਲੀਆਂ ਇਹੋ ਜਿਹੀਆਂ ਗੱਲਾਂ ਉਨ੍ਹਾਂ ਚੰਦ ਕੁ ਲੋਕਾਂ ਕਰਕੇ ਸੁਣਨ ਨੂੰ ਮਿਲਦੀਆਂ ਹਨ ਜੋ ਗੁਰਦੁਆਰਿਆਂ ਉਤੇ ਚੌਧਰਪੁਣੇ ਲਈ ਜੱਫਾ ਮਾਰੀ ਰੱਖਣਾ ਚਾਹੁੰਦੇ ਹਨ।

ਇਨ੍ਹਾਂ ਬਾਹਰਲੇ ਗੁਰਦੁਆਰਿਆਂ ਦੀ ਇਹ ਗੱਲ ਮਾੜੀ ਜਿਹੀ ਇਸ ਕਰਕੇ ਸਾਂਝੀ ਕੀਤੀ ਹੈ ਕਿ ਜਿੰਨੀ ਦੇਰ ਸ਼੍ਰੋਮਣੀ ਕਮੇਟੀ ਵਿਚ ਨਿਘਾਰ ਵਾਲੀਆਂ ਗੱਲਾਂ ਹੋਣਗੀਆਂ, ਉਨਾ ਚਿਰ ਬਾਹਰ ਦਾ ਮਾਹੌਲ ਵੀ ਠੀਕ ਨਹੀਂ ਹੋਣਾ; ਕਿਉਂਕਿ ਸਾਡੀਆਂ ਚੰਗੀਆਂ-ਮੰਦੀਆਂ ਤਾਰਾਂ ਉਥੇ ਹੀ ਜੁੜਦੀਆਂ ਰਹਿਣਗੀਆਂ। ਇਸੇ ਕਰਕੇ ਹਰ ਸਿੱਖ ਜਿੱਥੇ ਵੀ ਰਹਿੰਦਾ ਹੈ, ਉਹ ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਨੂੰ ਜਿਵੇਂ ਵੀ ਹੋ ਸਕਦਾ, ਜ਼ਰੂਰ ਪ੍ਰਭਾਵਿਤ ਕਰੇ ਤਾਂ ਕਿ ਮਸੰਦ-ਸੋਚ ਅਤੇ ਬਿਪਰਵਾਦ ਦਾ ਗੁਰਦੁਆਰਿਆਂ ਵਿਚੋਂ ਪਹਿਰਾ ਨਿਕਲ ਸਕੇ।

ਮਝੈਲ ਸਿੰਘ ਸਰਾਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top