Share on Facebook

Main News Page

ਨਾਉ ਫਕੀਰੈ ਪਾਤਸਾਹ

ਗੁਰੁ ਸਾਹਿਬ ਜੀ ਨੇ ਪਾਵਨ ਬਾਣੀ ਵਿਚ ਧਰਮ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਕੇ, ਜੀਵਨ ਜੀਉਣ ਦੀ ਠੀਕ ਰਾਹ ਦੱਸੀ ਆਪ ਜੀ ਨੇ ਉਤੱਮ ਕਰਮ ਕਰਨ ਵਾਲੇ ਨੂੰ ਹੀ ਧਰਮੀ ਪੁਰਸ਼ ਕਿਹਾ। ਜੇ ਜਿੰਦਗੀ ਵਿਚ ਸ਼ੁਭ ਕਰਮ ਨਹੀ ਤਾਂ ਤੂੰ ਕਿਸੇ ਵੀ ਤਰ੍ਹਾਂ ਧਰਮੀ ਨਹੀਂ। ਇਹ ਗਲ ਕਾਜੀਆਂ, ਮੁਲਾਣਿਆਂ, ਜੋਗੀਆਂ ਨੂੰ ਸਤਿਗੁਰੂ ਜੀ ਨੇ ਜਗ੍ਹਾ ਜਗ੍ਹਾ ਜਾ ਕੇ ਸਮਝਾਈ, ਤੇ ਘਰ ਬਾਰ ਤਿਆਗ ਕੇ ਗਏ ਹੋਇਆਂ ਨੁੰ ਯਤਨ ਕਰਕੇ ਘਰ ਨੂੰ ਵਾਪਸ ਮੋੜ ਕੇ ਵੀ ਲਿਆਦਾਂ “ਘਾਲ ਖਾਇ ਕਿਛੁ ਹਥਹੁ ਦੇਇ” ਇਹ ਉਪਦੇਸ਼ ਦੇ ਕੇ ਜਾਗਰੂਕ ਕੀਤਾ।

ਪਰ ਅੱਜ ਦਾ ਦੁਖਾਂਤ ਇਹ ਹੈ, ਜਿੰਨਾ ਕੰਮਾ ਤੋਂ ਸਤਿਗੁਰੂ ਜੀ ਨੇ ਰੋਕਿਆ, ਅੱਜ ਉਹਨਾਂ ਸਾਰਿਆ ਕੰਮਾਂ ਦਾ ਠੇਕਾ ਪੰਥ ਵਿਚ ਆਪੂੰ ਬਣੇ ਘੜੰਮ ਚੌਧਰੀਆਂ ਨੇ ਲੈ ਲਿਆ ਹੈ। ਇਹਨਾਂ ਲੋਕਾਂ ਨੇ ਜਿਵੇਂ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਵਿਗਾੜ ਕੇ ਪੇਸ਼ ਕੀਤਾ, ਪੜ ਸੁਣ ਕੇ ਇਹਨਾਂ ਦੀ ਸੋਚ ਦਾ ਦੀਵਾਲੀਆਪਣ ਸਹਜੇ ਹੀ ਸਾਮ੍ਹਣੇ ਆ ਜਾਂਦਾ ਹੈ। ਇਸੇ ਤਰ੍ਹਾਂ ਇਕ ਭਾਈ ਸੁਖਮਨੀ ਸਾਹਿਬ ਦੀ ਬਾਣੀ ਦੀਆਂ ਵਿਸ਼ੇਸ਼ਤਾਈਆਂ ਲੱਭਣ ਪਿਆ, ਤਾਂ ਉਸਨੂੰ ਸੁਖਮਨੀ ਦੀਆਂ ਚੌਵੀ ਅਸ਼ਟਪਦੀਆਂ ਵਿਚੋ ਨੌ ਵਿਸ਼ੇਸ਼ਤਾਈਆਂ ਮਿਲੀਆਂ। ਕਲਿਯੁਗ ਨੂੰ ਇਵੇਂ ਬਿਆਨ ਕੀਤਾ, ਇਹਨਾਂ ਸਾਧਾਂ ਨੇ, ਜਿਵੇਂ ਊਹ ਕੋਈ ਬੰਦਾ ਹੋਵੇ, ਸਾਹਮਣੇ ਆ ਕੇ ਖਲੋ ਗਿਆ ਮਹਾਂਪੁਰਸ਼ਾਂ ਦੇ। ਵੈਸੇ ਇਹਨਾਂ ਬਾਬਿਆ ਦੀਆਂ ਕਹਾਣੀਆਂ ਬਹੁਤ ਰੋਮਾਂਚਕ ਹਨ। ਇਹਨਾਂ ਨੂੰ ਇਕ ਜਰੂਰੀ ਸਲਾਹ ਹੈ, ਉਹ ਵੀ ਫਰੀ, ਲੳ ਨੋਟ ਕਰੋ ਤੁਸੀਂ, ਕਹਾਣੀਆਂ ਤਾਂ ਚੰਗੀਆਂ ਬਣਾ ਲੈਂਦੇ ਹੋ, ਸਟੇਜਾਂ ਤੇ ਐਕਟਿੰਗ ਜਿਵੇਂ ਹੰਝੂ ਵਹਾਉਣਾ, ਕਿੱਦਾਂ ਲੋਕਾਂ ਨੂੰ ਜਾਲ ਚ’ਫਸਾਉਣਾ। ਮੈਂ ਸੁਣਿਆ ਏ ਇਹ ਸਭ ਕੰਮ ਚੰਗਾ ਆਉਂਦਾ ਤੁਹਾਨੂੰ, ਐਂ ਕਰੋ, ਤੁਸੀ ਨਾਟਕਾਂ, ਫਿਲਮਾਂ ਵਿੱਚ ਕੈਰੀਅਰ ਅਪਨਾ ਲਉ, ਇਸ ਦਾ ਬਹੁਤ ਫਾਇਦਾ ਹੈ। ਇਕ ਤਾਂ ਆ ਪੈਸੇ ਚੰਗੇ ਬਣ ਜਾਣਗੇ, ਕਿੳਕਿ ਤੁਹਾਨੂੰ ਜਰੂਰਤ ਬਹੁਤ ਹੈ ਨਾ, ਏ ਸੀ ਲਵਾ ਲਿਉ, ਤੁਹਾਨੂੰ ਕਾਰਾਂ ਵੀ ਚਾਹੀਦੀਆਂ ਨੇ, ਉਹ ਵੀ ਮਿਲ ਜਾਣਗੀਆਂ, ਹਾਂ ਸੱਚ ਰਹੀ ਗੱਲ ਐਸ਼ਪ੍ਰਸਤੀ ਦੀ, ਉਹ ਇਵੇਂ ਆ ਕੇ ਬਈ ਲੁਕਣ ਛਿਪਣ ਦੀ ਤਾਂ ਜਰੂਰਤ ਨਹੀਂ, ਕਿਉਂਕਿ……ਹੈ ਨਾ ਜਮਾਂ ਈ ਫਾਇਦੇ ਦੀ ਗਲ।

ਇਹ ਸਾਰਾ ਕੁਝ ਤਾਂ ਹੀ ਕਿਹਾ, ਕਿਉਂਕਿ ਤੁਹਾਨੂੰ ਪੈਸੇ ਜੁ ਚਾਹੀਦੇ ਆ, ਜਿਸ ਦੀ ਖਾਤਰ ਤੁਸੀਂ ਕੌਮ ਨੂੰ ਵੇਚ ਰਹੇ ਹੋ। ਕਿਉਂ ਠੀਕ ਹੈ ਨਾ। ਨਾਲੇ ਕੌਮ ਦਾ ਵੀ ਭਲਾ ਹੋ ਜਾਊਗਾ। ਜਦੋਂ ਤੁਸੀਂ ਚਲੇ ਗਏ ਤਾਂ ਕੌਮ ਦੀ ਲਾਇਫ ਵਧ ਜੂ। ਇਸ ਭਾਈ ਨੇ ਇਹ ਵੀ ਲਿਖਿਆ, ਕਹਿੰਦਾ 40 ਦਿਨ ਨੇਮ ਨਾਲ ਪਾਠ ਕੀਤਿਆਂ ਤਨ ਦੇ ਰੋਗ ਵੀ ਦੂਰ ਹੁੰਦੇ, ਨੇਮ ਵੀ ਪਤਾ ਨੀ ਕੀ ਹੈ। ਨਾਲੇ ਕੋਈ ਪੁੱਛੇ ਭਲਿਆ ਮਾਣਸਾ, ੳਇ ਆ ਕਿੰਨੇ ਮਹਾਂਪੁਰਸ਼ ਬੀਮਾਰੀਆਂ ਨਾਲ ਮਰ ਗਏ, ਉਹਨਾਂ ਨੂੰ ਵੀ ਦੱਸ ਦੇਣਾ ਸੀ ਬਚ ਈ ਜਾਂਦੇ। ਪਰ ਚਲੋ ਕੋਈ ਨਾ ਜੋਕਾਂ ਘਟੀਆਂ। ਅੱਛਾ ਸੱਚ ਇਕ ਗੱਲ ਮੈਨੂੰ ਹੋਰ ਦੱਸੋ ੳਇ ਫਿਰ ਹਸਪਤਾਲ ਕਿਉਂ ਬਣਾ ਰਹੇ ਹੋ, ਦੋਗਲੇ ਇੰਨੇ ਹਨ ਕਿ ਕਹਿੰਦੇ ਹਨ ਦਵਾਈ ਵੀ ਨਹੀਂ ਛੱਡਣੀ, ਪਰ ਆਸਰਾ ਬਾਣੀ ਦਾ ਲੈਣਾ ਹੈ। ਬੰਦਾ ਪੁੱਛੇ, ਤੁਹਾਡੇ ਮਹਾਂਪੁਰਸ਼ਾਂ ਨੂੰ ਆਸਰਾ ਨਹੀਂ ਸੀ। ਹਾਂ ਸੱਚ ਮੈਂ ਸੁਣਿਆ ਤੁਸੀਂ ਕਹਿੰਦੇ ਹੋ ਵਿਆਹ ਨਹੀਂ ਕਰਵਾਇਆ, ਅਸੀ ਬਿਹੰਗਮ ਹਾਂ। ਕਦੀ ਬਾਣੀ ਵੱਲ ਧਿਆਨ ਦਿੱਤਾ ਕੀ ਕਹਿੰਦੀ ਹੈ, ਲੈ ਸੁਣੋ ਫਿਰ - ਬਿੰਦੁ ਰਾਖਿ ਜੌ ਤਰੀਐ ਭਾਈ ਖੁਸਰੈ ਕਿਉ ਨ ਪਰਮਗਤਿ ਪਾਈ॥(324) ਖੁਸਰੇ ਵੀ ਤਾਂ ਫਿਰ ਬ੍ਰਹਮਗਿਆਨੀ ਹੀ ਹਨ, ਝੂਠ ਵਾਲਾ ਤਾਂ ਤੁਸੀਂ ਜਮਾ ਈ ਸਿਰਾ ਕਰਾ ਦਿੰਦੇ ਹੋ।

ਅੱਛਾ ਸੱਚ ਇਕ ਗੱਲ ਹੋਰ ਪਤਾ ਲੱਗੀ ਹਵਨ ਵੀ ਕਰਵਾਉਂਦੇ ਹੋ ਤੁਸੀਂ। “ਵਾ ਬਈ ਵਾ”। ਵੈਸੇ ਇਕ ਹਵਨ ਇਹ ਬਹੁਤ ਤਕੜਾ ਕਰ ਰਹੇ ਨੇ, ਜਿਸ ਵਿਚ ਇਹਨਾਂ ਸਾਰੀ ਕੌਮ ਨੂੰ ਸੁੱਟ ਕੇ ਇਹਨਾਂ ਦੇ ਬਜੁਰਗ, ਗੰਗੂ, ਚੰਦੂ, ਸੁੱਚਾਨੰਦ, ਪੰਮੇ ਪਰੋਹਿਤ ਵਰਗੇ, ਜੋ ਸਿੱਖੀ ਦੇ ਦੁਸ਼ਮਨ ਸਨ, ਤੇ ਉਹਨਾਂ ਦੀ ਔਲਾਦਾਂ ਜੋ ਕਿਸੇ ਨਾ ਕਿਸੇ ਰੂਪ 'ਚ ਅੱਜ ਮੌਜੂਦ ਹੈ, ਉਸ ਨੂੰ ਖੁਸ਼ ਕਰਨਾ ਹੈ। ਲੂਣ ਖਾ ਕੇ ਹਰਾਮ ਕਰਨਾ ਤਾਂ ਸ਼ੁਰੂ ਤੋਂ ਆਦਤ ਹੈ, ਇਹਨਾ ਲੋਕਾਂ ਦੀ। ਇਹਨਾਂ ਦੁਆਰਾ ਲਿਖੀਆ ਕਹਾਣੀਆਂ ਨਿਰਾ ਈ ਕੁਫਰ ਦੀਆਂ ਬੋਰੀਆਂ ਹਨ।

ਹਾਂ ਸੱਚ, ਇਕ ਕਹਾਣੀ ਲਿਖੀ, ਕਹਿੰਦੇ ਕਿ ਇਕ ਵਾਰੀ ਕਸ਼ਮੀਰ (ਪੰਜਵੇ ਗੁਰੁ ਜੀ ਦੇ ਸਮੇ) ਕਿਸੇ ਘਰ ਵਿਚ ਚੋਰੀ ਹੋ ਗੀ। ਉਥੋਂ ਦੇ ਰਾਜੇ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਰਾਤ 12 ਵਜੇ ਤੋਂ ਬਾਅਦ ਕੋਈ ਵੀ ਘਰੋ ਬਾਹਰ ਨਾ ਨਿਕਲੇ, ਜਿਸ ਨੂੰ ਵੇਖ ਲਿਆ, ਉਸ ਨੂੰ ਫਾਂਸੀ ਦੇ ਦਿਤੀ ਜਾਵੇਗੀ। ਕਹਿੰਦੇ ਇਕ ਰਾਤ ਇਕ ਨੌਜਵਾਨ ਨੂੰ ਰਾਤ 12:30 ਹੋ ਗਏ (ਕੀ ਪੰਜਵੇ ਗੁਰੂ ਸਾਹਿਬ ਵੇਲੇ ਘੜੀ ਹੈ ਗੀ ਸੀ, ਨਾਲੇ ਰਾਜਾ ਕੌਣ ਸੀ) ਤੇ ਉਹ ਵਾਪਸ ਆ ਰਿਹਾ ਸੀ, ਉਸਨੂੰ ਪੁਲਿਸ ਨੇ ਪਕੜ ਲਿਆ। ਰਾਜੇ ਨੇ ਕਿਹਾ ਸੂਲੀ ਤੇ ਚੜਾ ਦਿਉ, ਤੇ ਨਾਲ ਜੀ ਤੇਰਾ ਸੱਜਣ ਮਿੱਤਰ ਹੈ ਕੋਈ ਜੇ ਮਿਲਣਾ ਈ ਤਾਂ ਦੱਸ। ਤਾਂ ਉਹ ਨੌਜਵਾਨ ਕਹਿਣ ਲੱਗਾ, ਕਿ ਭਾਈ ਮਾਧੋਦਾਸ ਜਿੰਨਾ ਦੀ ਮੈ ਸੰਗਤ ਕਰਦਾ ਹਾਂ, ਉਹਨਾਂ ਨੂੰ ਮਿਲਾ ਦਿੳ। ਮਾਧੋਦਾਸ ਨੂੰ ਬੁਲਾ ਕਿ ਲਿਆਦਾਂ ਗਿਆ। ਮਾਧੋਦਾਸ ਨੇ ਕਿਹਾ ਇਹ ਚੋਰ ਨਹੀਂ ਹੈ। ਇਹ ਤਾਂ ਸਤਸੰਗੀ ਹੈ। ਇਸ ਨੂੰ ਬਖਸ਼ ਦਿਉ, ਰਾਜਾ ਕਹਿੰਦਾ ਨਹੀਂ ਸਜਾ ਤਾਂ ਮਿਲੇਗੀ ਹੀ। ਮਾਧੋਦਾਸ ਨੇ ਕਿਹਾ ਠੀਕ ਹੈ, ਤੁਸੀ ਆਪਣਾ ਕੰਮ ਕਰੋ ਤੇ ਮੈਂ ਆਪਣਾ, ਇੰਨੇ ਨੂੰ ਉਹ ਚੌਕੜੀ ਮਾਰ ਕੇ ਬੈਠ ਗਿਆ। ਤੇ ਬਿਰਤੀ ਲਾ ਲਈ, ਬੇਨਤੀ ਕੀਤੀ ਰੋਜ ਦਾ ਸੰਗੀ ਹੈ ਕਿਰਪਾ ਕਰੋ ਬੋਹੜੋ, ਨਹੀਂ ਤਾਂ ਲਾਜ ਲੱਗ ਜਾਵੇਗੀ (ਕਿਸ ਨੂੰ ਲਾਜ ਲੱਗੇਗੀ ਸੋਚਣ ਦੀ ਲੋੜ ਹੈ, ਕਿਉਂਕਿ ਸਿੱਖ ਤਾਂ ਹੁਣ ਤੱਕ ਕੁਰਬਾਨ ਬਹੁਤ ਹੋਏ ਨੇ, ਕੀ ਕੁਰਬਾਨ ਹੋਣਾ ਲਾਜ ਲੱਗਣੀ ਹੈ) ਅੱਗੇ ਕਹਿੰਦਾ ਉਹਨਾਂ ਸਮਿਆਂ 'ਚ ਸੂਲੀ ਲੱਕੜ ਦੀ ਹੁੰਦੀ ਸੀ। ਜਦੋਂ ਭਗਤੀ ਕੀਤੀ ਤਾਂ ਸੂਲੀ ਹਰੇ ਭਰੇ ਪੌਧੇ ਦਾ ਰੂਪ ਧਾਰਨ ਕਰ ਗਈ। ਇਹ ਸਾਰਾ ਨਜਾਰਾ ਵੇਖ ਕੇ, ਰਾਜਾ ਤੇ ਸਿਪਾਹੀ ਹੈਰਾਨ ਰਹਿ ਗਏ, ਤੇ ਮਾਧੋਦਾਸ ਦੇ ਪੈਰੀਂ ਪੈ ਗਏ। ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ – "ਮੇਰੇ ਮਾਧਉ ਜੀ ਸਤਿਸੰਗ ਮਿਲੇ ਸੁ ਤਰਿਆ॥"(495)।

ਹੁਣ ਇਹਨਾਂ ਲੋਕਾਂ ਨੂੰ ਕੋਈ ਆਖੇ, ਕਿ ਪਿਛਲੇ ਕੁੱਝ ਸਮੇਂ ਤੋਂ ਸਿੱਖ ਨੌਜਵਾਨ ਪ੍ਰੋ. ਦਵਿੰਦਰਪਾਲ ਸਿੰਘ, ਸ੍ਰ. ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੇਆਣਾ, ਇਹਨਾਂ ਦੀ ਫਾਂਸੀ ਵੀ ਰੋਕ ਲਵੋ, ਨਹੀਂ ਤਾ ਸੂਲੀ ਹੀ ਤੋੜ ਦਿਉ। ਨਾਲੇ ਕਿਤਾਬ ਦੀ ਭੂਮੀਕਾ ਤੇ ਅਸੀਸੜੀਆ ਤਾਂ ਸਿੰਘ ਸਾਹਿਬ ਜਥੇਦਾਰ ਜੀ ਨੇ ਦਿੱਤੀਆਂ ਹਨ। ਜਥੇਦਾਰ ਜੀ, ਇਹਨੂੰ ਕਹੁ ਜੋੜ ਲੈ ਬਿਰਤੀ, ਹੁਣ ਬਚਾ ਲੋ ਜੂ ਕਿ ਜਾਂ ਕੋਈ ਵੀ ਬ੍ਰਹਿਮਗਿਆਨੀ ਜਾਂ ਸੰਤ ਕੌਮ ਵਿੱਚ ਬਿਰਤੀ ਵਾਲਾ ਨਹੀਂ ਰਿਹਾ। ਕਿਸੇ ਦੀ ਵੀ ਬਿਰਤੀ ਨਹੀਂ ਜੁੜਦੀ ਹੁਣ। ਨਿਰੇ ਝੂਠ ਨਾਲ ਕਿਤਾਬਾਂ ਇਸ ਤਰ ਭਰ ਦਿੱਤੀਆਂ। ਇਹ ਲੋਕ ਨਿਰਮਲ ਪੰਥ ਨੂੰ ਰਸਾਤਲ ਵੱਲ ਲੈ ਕੇ ਜਾ ਰਹੇ ਹਨ।

ਅੱਜ ਲੋੜ ਹੈ, ਸਮੇਂ ਦੀ ਨਜਾਕਤ ਨੂੰ ਵੇਖਦਿਆਂ ਸਿੱਖੀ ਦੇ ਪ੍ਰਚਾਰ ਲਈ ਹੰਭਲਾ ਮਾਰਨ ਦਾ। ਸੂਝਵਾਨ ਪ੍ਰਚਾਰਕਾਂ ਦੀ, ਇਕ ਮੰਚ 'ਤੇ ਇਕੱਠੇ ਹੋ ਕੇ, ਯਤਨ ਕਰ ਕੇ, ਜਾਗ੍ਰਿਤੀ ਦੀ। ਇਹਨਾਂ ਦੇ ਪਾਏ ਹੋਏ ਮਖੌਟਿਆਂ ਨੂੰ ਲਾਹ ਕੇ ਸੁੱਟਣ ਦੀ। ਇਹਨਾਂ ਬਾਰੇ ਤਾਂ ਆਖੀਰ ਤੇ ਇਹਨਾਂ ਹੀ ਕਹਾਂਗਾ-

ਸਲੋਕ ਮ:2॥ ਨਾਉ ਫਕੀਰੈ ਪਾਤਸਾਹ ਮੂਰਖ ਪੰਡਿਤ ਨਾਉ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥ ਇਲਤ ਚਉਧਰੀ ਕਾ ਨਾਉ ਕੂੜੀ ਪੂਰੇ ਥਾਉ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਇਹ ਨਿਆਉ॥

ਗੁਰੂ ਪੰਥ ਦਾ ਦਾਸ

ਗੁਰਸ਼ਰਨ ਸਿੰਘ
ਫੋਨ: 808-791-5039 (ਨਾਗਪੁਰ)
+91-99148604539 (ਪੰਜਾਬ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top