Share on Facebook

Main News Page

ਕਹਾਣੀ ਤੇ ਬਾਣੀ

ਛੋਟੇ ਹੁੰਦਿਆਂ ਦਾਰਾ ਸਿੰਘ ਦੀ ਬਣਾਈ ਹੋਈ ਇੱਕ ਫਿਲਮ ਦੇਖੀ ਸੀ ਜਿਸ ਦਾ ਨਾਮ ਸੀ ਧੰਨਾ ਭਗਤ ਉਸ ਬਾਅਦ ਕਈ ਲੋਕਾਂ ਕੋਲੋਂ ਰਾਗੀਆਂ, ਢਾਡੀਆਂ, ਕਈ ਸਾਧਾਂ ਕੋਲੋਂ ਇਹ ਕਹਾਣੀ ਸੁਣੀ ਕਿ ਭਗਤ ਧੰਨਾ ਜੀ ਆਪਣੇ ਪਸ਼ੂਆਂ ਚਰਾਉਣ ਲਈ ਖੇਤਾਂ ਵਿਚ ਲੈਕੇ ਜਾਂਦੇ ਸਨ ਤਾਂ ਰਸਤੇ ਵਿੱਚ ਇਕ ਮੰਦਰ ਸੀ ਉਥੇ ਇੱਕ ਪੰਡਤ ਮੂਰਤੀ ਦੀ ਪੂਜਾ ਕਰਦਾ ਸੀ ਅਤੇ ਪਦਾਰਥਾਂ ਦੇ ਭੋਗ ਲਗਵਾਂਦਾ ਸੀ। ਧੰਨਾ ਇਹ ਸਭ ਕੁਝ ਦੇਖਦਾ ਸੀ ਇਕ ਦਿਨ ਉਸ ਨੇ ਭੋਲੇ ਭਾਅ ਪੰਡਤ ਨੂੰ ਪੁਛ ਲਿਆ, ਕਿ ਤੁਸੀਂ ਇਹ ਕੀਹ ਕਰਦੇ ਹੋ? ਤਾਂ ਉਸ ਪੰਡਤ ਨੇ ਨੇ ਦੱਸਿਆ ਇਹ ਮੂਰਤੀ ਭਗਵਾਨ ਦੀ ਹੈ ਜਿਹੜਾ ਬੰਦਾ ਭਗਵਾਨ ਦੀ ਪੂਜਾ ਕਰਦਾ ਹੈ ਭੋਗ ਲਗਵਾਂਦਾ ਹੈ ਭਗਵਾਨ ਜੀ ਉਸ ਦੇ ਕੰਮ ਸਵਾਰਦੇ ਹਨ, ਜਦੋਂ ਧੰਨੇ ਨੇ ਇਹ ਉਪਦੇਸ਼ ਸੁਣਿਆ ਤਾਂ ਉਸ ਦੇ ਮਨ ਖਿਆਲ ਆਇਆ ਕਿ ਮੇਰੇ ਬਹੁਤ ਸਾਰੇ ਪਸ਼ੂ ਹਨ ਜ਼ਮੀਨ ਹੈ ਹੋਰ ਬਹੁਤ ਸਾਰੇ ਕੰਮ ਹਨ ਪਰ ਸਾਰੇ ਕੰਮਾਂ ਵਿੱਚ ਹੱਥ ਵਟਾਉਣ ਵਾਲਾ ਕੋਈ ਵੀ ਨਹੀ ਹੈ। ਕਿਉਂ ਨਾ ਮੈਂ ਇਸ ਭਗਵਾਨ ਦੀ ਮਦਦ ਲਵਾਂ ਤਾਂ ਉਸ ਨੇ ਪੰਡਤ ਨੂੰ ਕਿਹਾ ਕਿ ਮੈਂ ਵੀ ਭਗਵਾਨ ਦੀ ਪੂਜਾ ਕਰਾਂ ਤਾਂ ਉਹ ਮੇਰੇ ਵੀ ਕੰਮ ਸਵਾਰੇਗਾ? ਪੰਡਤ ਨੇ ਕਿਹਾ ਹਾਂ ਜਰੂਰ ਸਵਾਰੇਗਾ ਧੰਨਾ ਕਹਿਣ ਲੱਗਿਆ ਮੈਂ ਵੀ ਪੂਜਾ ਕਰਾਂਗਾ ਹੁਣ ਮੁਸ਼ਕਲ ਇਹ ਬਣੀ ਕਿ ਬਾਹਮਨ ਅਨੁਸਾਰ ਧੰਨਾ ਉਥੇ ਮੰਦਰ ਵਿੱਚ ਪੂਜਾ ਨਹੀ ਕਰ ਸਕਦਾ। ਉਸ ਨੇ ਖਹਿੜਾ ਛਡਾਉਣ ਲਈ ਧੰਨੇ ਨੂੰ ਇੱਕ ਪੱਥਰ ਦੇ ਦਿੱਤਾ ਧੰਨਾ ਪੱਥਰ ਘਰ ਲੈ ਆਇਆ ਉਸ ਨੂੰ ਭੋਗ ਲਗਾਉਣ ਲਗਾ। ਹੁਣ ਸਮੱਸਿਆ ਇਹ ਬਣੀ ਕਿ ਪੱਥਰ ਰੋਟੀ ਕਿਵੇਂ ਖਾਵੇ ਧੰਨੇ ਨੇ ਵੀ ਪ੍ਰਣ ਕਰ ਲਿਆ ਕਿ ਜਿੰਨੀ ਦੇਰ ਤੱਕ ਇੱਹ ਭਗਵਾਨ (ਪੱਥਰ) ਰੋਟੀ ਨਹੀ ਖਾਵੇਗਾ ਮੈਂ ਵੀ ਨਹੀ ਖਾਵਾਂਗਾ। ਜਦੋਂ ਬਹੁਤ ਸਾਰਾ ਸਮਾਂ ਬਤੀਤ ਹੋ ਗਿਆ ਤਾਂ ਭਗਵਾਨ ਨੇ ਪ੍ਰਸੰਨ ਹੋ ਕੇ ਆਪਣੇ ਹੱਥ ਬਾਹਰ ਕੱਢੇ ਧੰਨੇ ਨੇ ਉਹ ਹੱਥ ਬੰਨ੍ਹ ਲਏ ਤੇ ਆਖਿਆ ਸਾਰਾ ਬਾਹਰ ਨਿਕਲ ਤਾਂ ਭਗਵਾਨ ਨੂੰ ਮਜ਼ਬੂਰ ਹੋ ਕੇ ਬਾਹਰ ਨਿਕਲਨਾ ਪਿਆ ਇਹ ਕਹਾਣੀ ਉਦੋਂ ਬੜੀ ਚੰਗੀ ਤੇ ਸੱਚੀ ਲਗਦੀ ਸੀ। ਪਰ ਜਦੋਂ ਗੁਰਬਾਣੀ ਦਾ ਅਧਿਐਨ ਕੀਤਾ ਤਾਂ ਗੁਰਬਾਣੀ ਗੁਰੂੁ ਦੇ ਕੁਝ ਬਚਨ ਸਾਹਮਣੇ ਆਏ-

ਮਃ 1 ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥ {ਪੰਨਾ 556

ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ(ਨਾਰਦ ਤੋ ਭਾਵ ਬ੍ਰਾਹਮਣ ਹੈ) ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹੋ?

ਗੁਰੁ ਅਰਜਨ ਸਾਹਿਬ ਜੀ ਦੇ ਬਚਨ ਵੀ ਵੀਚਾਰਨਯੋਗ ਹਨ:

ਮਹਲਾ 5 ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ, ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥2॥ {ਪੰਨਾ 1160}

ਭਾਵ- ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ । ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ।1।ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।1।ਰਹਾਉ।ਅੰਨ੍ਹਾ(ਅਗਿਆਨੀ) ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ । ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ।2।

ਭਗਤ ਕਬੀਰ ਜੀ ਦੇ ਵੀ ਪਾਵਨ ਬਚਨ ਹਨ:

ਕਬੀਰ ਠਾਕੁਰੁ ਪੂਜਹਿ ਮੋਲਿ ਲੇ, ਮਨ ਹਠਿ ਤੀਰਥ ਜਾਹਿ ॥ ਦੇਖਾ ਦੇਖੀ ਸਾਂਗੁ ਧਰਿ, ਭੂਲੇ ਭਟਕਾ ਖਾਹਿ ॥135॥ ਕਬੀਰ ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ ॥ ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ ॥136॥ ਕਬੀਰ ਕਾਗਦ ਕੀ ਓਬਰੀ, ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ, ਪੰਡਿਤ ਪਾੜੀ ਬਾਟ ॥ 137{ਪੰਨਾ 1371}

ਅਰਥ:- ਹੇ ਕਬੀਰ ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ, (ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਅਨੰਦ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ।

ਹੇ ਕਬੀਰ ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ । ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ)

ਹੇ ਕਬੀਰ ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ । (ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ।137।

ਹੁਣ ਵੀਚਾਰੋ ਕਿ ਇਹਨਾਂ ਸ਼ਲੋਕਾਂ ਦੇ ਹੁੰਦਿਆਂ ਕੋਈ ਸਿੱਖ ਜੋ ਇਸ ਬਾਣੀ ਵਿਚ ਸ਼ਰਧਾ ਰੱਖਦਾ ਹੋਵੇ ਇਹ ਨਹੀਂ ਆਖ ਸਕਦਾ ਹੈ ਕਿ ਮੂਰਤੀ ਦੀ ਰਾਹੀਂ ਪਰਮਾਤਮਾ ਦੀ ਪੂਜਾ ਹੋ ਸਕਦੀ ਹੈ, ਜਾਂ, ਮੂਰਤੀ-ਪੂਜਾ ਭੀ ਇਕ ਠੀਕ ਰਸਤਾ ਹੈ ਜਿਸ ਰਸਤੇ ਤੇ ਤੁਰ ਕੇ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ।

ਕਰਮ ਕਰਤ ਬਧੇ ਅਹੰਮੇਵ ॥ ਮਿਲਿ, ਪਾਥਰ ਕੀ ਕਰਹੀ ਸੇਵ ॥3॥ {ਪੰਨਾ 324}

ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ, ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ।3।

ਭਗਤ ਨਾਮਦੇਵ ਜੀ ਦੇ ਹੇਠ ਲਿਖੇ ਬਚਨ ਪੜੋ

ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥3॥ ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥4॥1॥ {ਪੰਨਾ 525}

(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਮਿਲ ਪਏ (ਦੁੱਖਾਂ ਸੁਖਾਂ ਬਾਰੇ) ਉਸ ਦੇ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ (ਤੇ ਉਹ ਆਪਣੇ ਹੀ ਘੜੇ ਹੋਏ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ ਫਿਰਦਾ) । (ਮੈਨੂੰ ਗੁਰੂ ਨੇ ਸੂਝ ਬਖ਼ਸ਼ੀ ਹੈ) ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ।3।

(ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ । ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ ।4।1।

ਇਸ ਤਰਾਂ ਦੇ ਉਪਦੇਸ਼ ਦੇ ਹੁੰਦਿਆਂ ਹੁਣ ਅਸੀ ਸੋਚੀਏ ਕਿ ਅਸੀ ਭਗਤ ਜੀ ਬਚਨਾਂ ਤੇ ਵਿਸ਼ਵਾਸ਼ ਕਰਨਾ ਹੈ ਜਾਂ ਲੋਕਾਂ ਦੀਆਂ ਘੜੀਆਂ ਕਹਾਣੀਆਂ ਤੇ?

ਅੱਜ ਬਹੁਤਾਤ ਵਿਚ ਸਿੱਖਾਂ ਨੇ ਗੁਰੁ ਉਪਦੇਸ਼ ਦੇ ਉਲਟ ਚਲਦਿਆਂ (ਗੁਰੂ ਦੀ ਅਸਲੀ ਮੂਰਤੀ “ਗੁਰ ਮੂਰਤਿ ਗੁਰ ਸ਼ਬਦ ਹੈ” ਨੂੰ ਛੱਡ ਕੇ) ਗੁਰੁ ਸਾਹਿਬ ਜੀ ਦੀਆਂ ਹੀ ਮੂਰਤੀਆਂ ਬਣਾ ਦਿਤੀਆਂ ਹਨ। ਮੂਰਤੀ ਚਾਹੇ ਪੱਥਰ ਦੀ ਹੋਵੇ ਜਾਂ ਸੋਨੇ_ਚਾਂਦੀ ਦੀ ਜਾਂ ਕਾਗਜ ਦੀ ਹੈ ਤਾਂ ਮੂਰਤੀ ਹੀ, ਇਸ ਲਈ ਆਓ ਗੁਰਮਤਿ ਨੂੰ ਸਮਝ ਗੁਰੁ ਦੇ ਸਨਮੁਖ ਹੋਈਏ।

ਇਕ ਪਾਸੇ ਅਨੇਕ ਕਹਾਣੀਆਂ ਹਨ, ਇਕ ਪਾਸੇ ਬਾਣੀ ਹੈ ਹੁਣ ਦੱਸੋ ਕਿ ਬਾਣੀ ਮੰਨਣੀ ਚਾਹੀਦੀ ਹੈ ਜਾਂ ਕਹਾਣੀ?

ਪ੍ਰਕਾਸ਼ ਸਿੰਘ
(ਗੁਰਮਤਿ ਪ੍ਰਚਾਰਕ) ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦ ਇਨਕਲੇਵ, ਦਿੱਲੀ (ਇੰਡੀਆ)
ਫੋਨ ਨੰ: 93110 91313
ਈ ਮੇਲ: psgiani@khalsa.com,psgiani@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top