Share on Facebook

Main News Page

ਗੁਰਮਤਿ ਕਿਸੇ ਸੰਤ ਸਮਾਜ ਨੂੰ ਪ੍ਰਵਾਨਗੀ ਨਹੀਂ ਦਿੰਦੀ

ਪੰਜਾਬ ਅੰਦਰ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ੇ ਕਰਨ ਦੀ ਦੌੜ ਵਿਚ ਇੱਕ ਨਵੀਂ ਸੰਤ ਸਮਾਜ ਨਾਮ ਦੀ ਸੰਸਥਾ ਨੇ ਵੀ ਬਾਹਾਂ ਚਾੜ੍ਹ ਲਈਆਂ ਹਨ। ਇਹ ਸੰਸਥਾ ਪਹਿਲਾਂ ਤਾਂ ਅਪਣੇ ਆਪ ਨੂੰ ਧਾਰਮਿਕ ਸੰਸਥਾ ਕਹਿ ਕੇ ਸੰਬੋਧਨ ਕਰਦੀ ਸੀ ਪਰ ਹੁਣ ਗੋਲਕ ਦੇ ਲ਼ਾਲਚ ਨੇ ਇਨ੍ਹਾਂ ਦਾ ਸਹੀ ਰੂਪ ਸਾਹਮਣੇ ਲੈ ਹੀ ਆਦਾਂ ਹੈ। ਇਹ ਹੁਣ ਤੀਹ ਸੀਟਾਂ ਤੇ ਬਾਦਲ ਧੜੇ ਦੇ ਅਧੀਨ ਹੋ ਕਰ ਕੇ ਮਾਯਾ ਦੀ ਦੱਲ ਦੱਲ ਵਿਚ ਧੱਸੇ ਸ੍ਰੋ: ਕਮੇਟੀ ਦੇ ਗੁਰਦੁਆਰਾ ਪ੍ਰਬੰਧ ਦੇ ਕਾਰਗੁਜਾਰ ਬਣਨਗੇ। ਗੁਰਮਤ ਅਨੁਸਾਰ ਕੋਈ ਵੀ ਸੰਤ ਅਪਣਾ ਮਾਯਾ ਤੋਂ ਤਯਾਗ ਵਾਲਾ ਗੁਣ ਨਹੀਂ ਛੱਡਦਾ ਭਾਵੇ ਲੱਖਾਂ ਅਸੰਤਾਂ (ਮਾਯਾਧਾਰੀਆਂ) ਵਿਚ ਵਿਚਰਦਾ ਹੋਵੇ। ਭਗਤ ਕਬੀਰ ਜੀ ਨੇ ਇਸ ਨਿਯਮ ਨੂੰ ਪੰਨਾ 1373 ਤੇ ਦਰਜ਼ ਇਸ ਸ਼ਲੋਕ ਰਾਹੀਂ ਦਰਸਾਇਆ ਹੈ।

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ

ਅਰਥ ਬੜੇ ਹੀ ਸਿਧੇ ਤੇ ਸਪਸ਼ਟ ਹਨ ਤੇ ਅਨਪੜ੍ਹ ਸਿੱਖ ਵੀ ਇਸ ਗਲ ਨੂੰ ਸਮਝ ਸਕਦਾ ਹੈ। ਫਿਰ ਗੁਰਮਤ ਦੇ ਆਸ਼ੇ ਤੋਂ ਉਲਟ ਇਹ ਮੰਡਲੀ ਅਪਣੇ ਆਪ ਨੂੰ ਕਿਸ ਅਧਾਰ ਤੇ ਸੰਤ ਅਖਵਾ ਸਕਦੀ ਹੈ ਪਾਠਕ ਜਨ ਆਪ ਹੀ ਵਿਚਾਰ ਕਰ ਲੈਣ।

ਸੰਤਾਂ ਦੇ ਬੱਗ ਨਹੀਂ ਹੁੰਦੇ: ਸ਼ਾਯਦ ਕੁਝ ਸ਼ਰਦਾਵਾਨ ਪਾਠਕਾਂ ਨੂੰ ਇਹ ਗੱਲ ਥੋੜੀ ਚੁਭਵੀਂ ਵੀ ਲਗੇ ਕਿ ਸੰਤਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਬੜੇ ਮਹਾਂਪੁਰਖ ਹੁੰਦੇ ਹਨ। ਦਾਸ ਦੀ ਉਨ੍ਹਾਂ ਸਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਦੇ ਅਧਾਰ ਤੇ ਇਹ ਫੈਸਲਾ ਲਈਏ ਕਿ ਅਸਲੀ ਸੰਤ ਕੌਣ ਹੈ। ਉਸ ਦੀ ਪਹਿਚਾਨ ਕੀ ਹੁੰਦੀ ਹੈ ਤੇ ਸਮਾਜ ਲਈ ਉਹ ਕੀ ਫ਼ਾਯਦਾ ਕਰਦੇ ਹਨ।

ਸੰਤਾ ਦੀ ਗਿਣਤੀ ਕਿਤਨੀ ਕੁ ਹੈ: ਭਗਤ ਕਬੀਰ ਜੀ ਕਾਸ਼ੀ ਦੇ ਵਾਸੀ ਸਨ ਅਤੇ ਕਾਸ਼ੀ ਸੰਤਾਂ ਦਾ ਗੜ੍ਹ ਮੰਨਿਆਂ ਜਾਂਦਾ ਸੀ। ਸਾਰੇ ਅਖੋਤੀ ਸੰਤਾਂ ਨੂੰ ਉਨ੍ਹਾਂ ਨੇ ਬੜੇ ਕਰੀਬ ਤੋਂ ਜਾਣਿਆ ਅਤੇ ਪੰਨਾ 1376 ਤੇ ਸ਼ਲੋਕ ਨ: 224 ਵਿਚ ਇਹ ਗਾਥਾ ਬਿਆਨ ਕਰ ਦਿੱਤੀ।

ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥ ਅੰਕਸੁ ਗ੍ਹਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥224॥

ਕਹਣ ਤੋਂ ਭਾਵ ਕਿ ਕਲਿਯੁਗੀ ਜੀਵਾਂ ਦੇ ਮਨ ਨੇ ਅਗਿਆਨਤਾ (ਕਜਲੀ ਬਨੁ) ਵਸ ਹੋ ਕੇ ਮਾਯਾ ਵਿਚ ਫੱਸ ਕੇ ਹਾਥੀ (ਕੁੰਚਰੁ) ਦੇ ਅਕਾਰ ਦਾ ਹਉਮੇ ਰੂਪ ਧਾਰ ਲਇਆ ਹੈ। ਜਿਨਾਂ ਦੇ ਸਿਰ ਉਤੇ ਬ੍ਰਹਮ ਗਿਆਨ ਰੂਪੀ ਰਤਨ ਅੰਕੁਸ਼ ਹੈ (ਅੰਕਸੁ ਗ੍ਹਾਨੁ ਰਤਨੁ ਹੈ) ਉਹ ਤਾਂ ਕਰੋੜਾਂ ਵਿਚੋਂ ਕੋਈ ਮਸਾਂ ਇਕ ਅੱਧਾ ਹੀ ਹੈ। ਅਤੇ ਉਹ ਹੀ ਗੁਰਮਤ ਅਨੁਸਾਰ (ਬਿਰਲਾ ਸੰਤੁ) ਸੰਤ ਹੈ। ਇਸ ਅਨੁਸਾਰ ਪੂਰੇ 2 ਕਰੋੜ ਦੀ ਸਿੱਖਾਂ ਦੀ ਜਨਸੰਖਆ ਵਿਚੋਂ ਕੋਈ ਇਕ ਜਾਂ ਦੋ ਤੋਂ ਵੱਧ ਸੰਤ ਨਹੀ ਹਨ।

ਸੰਤਾ ਦੀ ਪਹਿਚਾਣ: ਅਤੇ ਜੇ ਭਗਤ ਕਬੀਰ ਜੀ ਨੂੰ ਪੁਛੀਏ ਕਿ ਇਹ ਜੋ ਬਾਕੀ ਸਭ ਸੰਤ ਕਹਾਵਣ ਵਾਲੇ ਕੌਣ ਹਨ ਤਾਂ ਉਹ ਇਸ ਦਾ ਵੀ ਉੱਤਰ ਦਿਂਦੇ ਹੋਏ ਇਸ ਤਰ੍ਹਾਂ ਦਾ ਇਸ਼ਾਰਾ ਕਰਦੇ ਹਨ।

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥

ਭਾਵ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਭਰਮਉਣ ਲਈ ਧਾਰਮਿਕ ਚ੍ਹਿਨਾਂ ਵਾਲਾ ਪਹਿਰਾਵਾ ਜਿਵੇਂ ਕਿ (ਸਾਡੇ ਤਿੰਨ ਗਜ਼ ਦੀਆਂ ਧੋਤੀਆ, ਤਗ (ਪਿੰਡੇ ਤੇ ਜਨੇਉ), ਗਲਾਂ ਉਤੇ ਜਪਮਾਲੀਆ, ਅਤੇ ਹਥਾਂ ਵਿਚ ਲਿਸ਼ਕਦੇ ਲੋਟੇ) ਤਾਂ ਜ਼ਰੂਰ ਧਾਰਣ ਕੀਤਾ ਹੈ। ਪਰ ਮਾਇਆ ਨੇ ਉਨਾਂ ਨੂੰ ਠੱਗ ਲਇਆ ਹੈ ।ਉਨ੍ਹਾਂ ਨੂੰ ਬਾਨਾਰਸ ਦੇ ਠੱਗ ਹੀ ਜਾਣੋ ਕੋਈ ਸੰਤ ਵਾਲਾ ਗੁਣ ਇਨ੍ਹਾਂ ਵਿਚ ਨਹੀਂ। ਪਾਠਕ ਸਜਣ ਗੁਰਬਾਣੀ ਦੇ ਮੁਖ ਵਾਕਾਂ ਅਨੁਸਾਰ ਆਪ ਇਹ ਫੈਸਲਾ ਲੈਣ ਕਿ ਇਹ ਕੌਣ ਹਨ ਸੰਤ ਜਾਂ ਅਸੰਤ (ਮਾਇਯਾ ਦੇ ਠਗੇ ਹੋਏ)।

ਗੁਰਮਤ ਅਤੇ ਸੰਤ ਸਮਾਜ: ਇਹ ਦੋਵੇਂ ਆਪਾ ਵਿਰੋਧੀ ਸ਼ਬਦ ਹਨ। ਕਿਉਂਕਿ ਸੰਤ ਕਿਸੇ ਇਕ ਸਮਾਜ ਦੇ ਆਗੂ ਨਹੀਂ ਹੁੰਦੇ ਤੇ ਨਾਂ ਹੀ ਸੰਤਾਂ ਦਾ ਕੋਈ ਸਮਾਜ਼ ਹੁੰਦਾ ਹੈ। ਸੰਤ ਤਾਂ ਸਭ ਨੂੰ ਹੀ ਅਪਣੀ ਬੁੱਕਲ ਵਿਚ ਲੈਂਦੇ ਹਨ। ਸਮਾਜ਼ ਦੀਆਂ ਵੰਡੀਆਂ ਨੂੰ ਮਿਟਾ ਕੇ ਸਰਬ ਸਾਂਝੇ ਇਨਸਾਨੀ ਪਰੀਵਾਰਿ ਦੀ ਸਿਰਜਨਾ ਕਰਦੇ ਹਨ। ਸਾਰੀ ਇਨਸਾਨੀਅਤ ਨੂੰ ਸਾਂਝਾ ਉਪਦੇਸ਼ ਦੇਂਦੇ ਹਨ। ਇਨਾਂ ਵਿਰਲੇ ਸੰਤਾਂ ਬਾਰੇ ਗੁਰਬਾਣੀ ਵਿਚ ਕੁਝ ਇਸ ਤਰਾਂ ਦੇ ਮੁਖ ਵਾਕ ਦਰਜ਼ ਹਨ:

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥ ਪੰਨਾ 97
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਪੰਨਾ 671

ਪਰ ਜਦੋਂ ਦਿਖਾਵੇ ਦੇ ਸੰਤ, ਸਮੂਹ ਬਣਾ ਕੇ ਫਿਰਦੇ ਹਨ ਤਾਂ ਦਸਮ ਪਾਤਸ਼ਾਹ ਨੂੰ ਤ੍ਵ ਪ੍ਰਸਾਦਿ ਸਵੱਈਆਂ ਦੇ ਪਹਿਲੇ ਹੀ ਸਵੱਈਏ ਵਿਚ ਇਹ ਫੈਸਲਾ ਦੇਣਾ ਪਇਆ।

ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥ ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥

ਭਾਵ ਇਹ ਕਿ ਐਸੇ ਸੰਤ ਸੱਮੂਹ ਮਾਯਾ ਤੋਂ ਅਗੇ ਨਹੀਂ ਦੇਖ ਸਕਦੇ ਇਹ ਗੁਰਮਤ ਦੇ ਉੱਕੇ ਹੀ ਧਾਰਨੀ ਨਹੀਂ ਹੁੰਦੇ। ਪਾਠਕ ਸੱਜਣ ਇਸ ਵਿਸ਼ੇ ਦਾ ਵੀ ਆਪ ਹੀ ਫੈਸਲਾ ਕਰ ਲੈਣ ਕਿ ਸਚਾਈ ਕੀ ਹੈ।

ਸਹਿਜਧਾਰੀ ਪੂਰਨ ਅਤੇ ਪਤਿਤ ਸਿੱਖ: ਹਾਲ ਵਿਖੇ ਸੰਤ ਸਮਾਜ, ਸ੍ਰੋ: ਕਮੇਟੀ ਅਤੇ ਅਕਾਲੀ ਦੱਲ ਵਲੋਂ ਇਹ ਬਿਆਨ ਦਿੱਤਾ ਗਇਆ ਹੈ ਕਿ ਸਹਿਜਧਾਰੀ ਨਾਮਕ ਨਾਂ ਦੀ ਸਿੱਖੀ ਵਿਚ ਕੋਈ ਹੋਂਦ ਹੀ ਨਹੀਂ ਸਿਰਫ ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ। (Chandigarh, September 2: The SAD, the Sant Samaj as well as the SGPC today claimed the term Sehajdhari did not exist in Sikhism and that Sikhs were either ‘puran’ or ‘patit’, meaning those that followed the ‘rehat maryada’ (Sikh code of conduct) and those who did not, but believed in the Sikh tenets.)  ਪੂਰਨ ਓਹ ਜੋ ਰਹਿਤ ਮਰਿਆਦਾ ਨੂੰ ਮੰਨਦੇ ਹਨ ਅਤੇ ਪਤਿਤ ਜੋਂ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ।

ਜਦਕਿ ਸ੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਹਜ ਸ਼ਬਦ (260 ਵਾਰੀ), ਸਹਜੁ (65 ਵਾਰੀ), ਸਹਜਿ (402 ਵਾਰੀ), ਦਰਜ਼ ਹੋਇਆ ਮਿਲਦਾ ਹੈ। ਇਹ ਇਕ ਬਹੁਤ ਹੀ ਉਤਮ ਅਵਸਥਾ ਦਾ ਵਾਚਕ ਹੈ ਅਤੇ ਗੁਰ ਅਮਰਦਾਸ ਜੀ ਨੇ ਤਾਂ ਅਨੰਦ ਦੀ ਪ੍ਰਾਪਤੀ ਸਹਿਜ ਅਵਸਥਾ ਤੋਂ ਹੀ ਦੱਸੀ ਹੈ। ਅੰਨਦ ਸਾਹਿਬ ਦੀ ਪਵਿਤ੍ਰ ਬਾਣੀ ਵਿਚ ਪੰਨਾ 917 ਓਹ ਲਿਖਦੇ ਹਨ:

ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ

ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਹਿਜ (ਜਾਗ੍ਰਤ) ਅਵਸਥਾ ਵਿਚ ਹੋ ਕੇ ਹੀ ਸਤਿਗੁਰ ਨੂੰ ਪਾਇਆ ਜਾ ਸਕਦਾ ਹੈ। ਇਸ ਅਵਸਥਾ ਤੇ ਪਹੁੰਚਣਾ ਹੀ ਸਿੱਖ ਦਾ ਮਨੋਰਥ ਹੈ। ਸੂਝਵਾਨ ਸਿੱਖ ਸਾਧਾਰਨ ਪਾਠ ਸ਼ਬਦ ਦੀ ਜਗਹ ਸਹਿਜ ਪਾਠ ਸ਼ਬਦ ਵਰਤਦੇ ਹਨ ਤੇ ਪਰ ਇਹ ਕੀ ਗੱਲ ਬਣੀ ਕਿ ਸਹਿਜਧਾਰੀ ਸ਼ਬਦ ਦੀ ਹੋਂਦ ਹੀ ਨਹੀਂ।

ਇਸ ਹੀ ਪ੍ਰਕਾਰ ਪੂਰਨ ਅਤੇ ਪਤਿਤ ਸਿੱਖਾਂ ਦੇ ਬਾਰੇ ਵੀ ਬੜਾ ਭੁਲੇਖਾ ਪਾਇਆ ਹੋਇਆ ਹੈ। ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਫੇਰ ਦਮਦਮੀ ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ ਸਾਰੇ ਹੀ ਪਤਿਤ ਸਿੱਖ ਹੋਏ। ਸੰਤ ਸਮਾਜ ਵੀ ਉਨ੍ਹਾਂ ਵਿਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿਚ। ਅਤੇ ਜੋ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਦਾ ਵੀ ਦਾਅਵਾ ਕਰਦੇ ਹਨ, ਨੇ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ, 1008 ਅਖਵਾਉਣ ਵਾਲੇ ਸਭ ਹੀ ਪਤਿਤ ਹਨ। ਕਿਉਂਕਿ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿਚ ਇਸ ਦੀ ਮਨਾਹੀ ਹੈ। ਸਿਰਫ ਮਿਸ਼ਨਰੀ ਕਾਲੇਜ਼ ਵਾਲੇ ਅਤੇ ਕੁਝ ਹੋਰ ਸਿਖ ਹੀ ਪੂਰਣ ਸਿੱਖ ਹੋਏ।

ਗੁਰਮਤ ਅਤੇ ਪੂਰਨ ਸਿੱਖ: ਗੁਰਮਤ ਓਸ ਪ੍ਰਾਣੀ ਨੂੰ ਪੂਰਨ ਮੰਨਦੀ ਹੈ ਜੋ ਗੁਰਬਾਣੀ ਦੇ ਗਿਆਨ ਨੂੰ ਸੱਚ ਮੰਨ ਕੇ ਹੁਕਮ ਨੂੰ ਬੁਝ ਕੇ ਆਤਮਾ ਦੀ ਰਹਿਤ ਜਾਣ ਕੇ ਮਨ ਚਿਤ ਨੂੰ ਇਕ ਕਰ ਕੇ ਜੀਵਨ ਮੁਕਤ ਹੋ ਕੇ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ।ਓਹ ਕਿਸੇ ਵੀ ਡੇਰੇ ਜਾਂ ਸ੍ਰੋ: ਕਮੇਟੀ ਦਾ ਮਰਿਯਾਦਾ ਦੀ ਗੁਲਾਮ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਿੱਖ ਤਾਂ ਕੋਈ ਵਿਰਲਾ ਹੀ ਹੈ। ਪੰਨਾ 495 ਤੇ ਇਸ ਤਰਾਂ ਦੇ ਪੂਰਨ ਸਿੱਖ ਦਾ ਜਿਕਰ ਕੀਤਾ ਹੈ। ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥1॥ ਰਹਾਉ ॥

ਅਸੀਂ ਸਭ ਨੇ ਇਹੇ ਜਿਹੇ ਹੀ ਸਿੱਖ ਬਣਨ ਦਾ ਟੀੱਚਾ ਰਖਣਾ ਹੈ। ਗੋਲਕ ਤੇ ਕਾਬਜ ਹੋਣ ਵਾਸਤੇ ਜਾਂ ਝੂਠੀ ਚੌਧਰ ਵਾਸਤੇ ਸਿੱਖੀ ਦਾ ਭੇਖ ਨਹੀਂ ਧਾਰਨਾ। ਇਸ ਵਿਚ ਸਤਿਗੁਰ ਦੀ ਕੋਈ ਵਡਿਆਈ ਨਹੀਂ ਹੈ।

ਨਿਸ਼ਕਰਸ: ਇਹ ਗੱਲ ਵਿਚਾਰਣ ਯੋਗ ਹੈ ਕਿ ਪਿਛੋਕੜ ਵਿਚ ਹੋਈਆਂ ਗਲਤੀਆਂ ਨੂੰ ਅਸੀਂ ਸਮੇਂ ਸਮੇਂ ਸਿਰ ਮਿਲ ਬੈਠ ਕੋ ਪੰਥਕ ਪੱਧਰ ਤੇ ਨਹੀ ਸੁਧਾਰਿਆ। ਸਨ 1945 ਵਿਚ ਜਾਰੀ ਹੋਈ ਪੰਥਕ ਰਹਿਤ ਮਰਿਆਦਾ ਵਿਚ ਕਾਫੀ ਤਰੁਟੀਆਂ ਸਨ ਜਿਨਾਂ ਵਿਚ ਵਿਚਾਰਵਾਨ ਹੋ ਕੋ ਸਮੇ ਦੀ ਨਜ਼ਾਕਤ ਨੂੰ ਸਮੱਝ ਕੇ ਸੁਧਾਰ ਹੋਣਾ ਜ਼ਰੂਰੀ ਸੀ ਅਤੇ ਇਸ ਮਰਿਆਦਾ ਦਾ ਲਾਗੂ ਹੋਣਾ ਜ਼ਰੂਰੀ ਸੀ। ਪਿਛਲੇ ਸਾਲ ਹੀ ਸਭ ਨੇ ਦੇਖਿਆ ਹੋਵੇਗਾ ਕਿ ਵਿਦੇਸ਼ ਵਿਚ ਇਸ ਮਰਿਅਦਾ ਤੋਂ ਹੀ ਨਾਖੁਸ਼ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਟੇਜ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਸੀ। ਪੰਥ ਦੇ ਸਾਂਝੇ ਪ੍ਰਚਾਰ ਦੀ ਕਮੀਂ ਅਤੇ ਸ੍ਰੋ: ਕਮੇਟੀ ਤੇ ਬਾਦਲ ਧੜੇ ਦੇ ਪੋਲਿਟੀਕਲ ਦਵਾਬ ਬਣਾਏ ਰਖਣ ਕਰ ਕੇ, ਦੂਰ ਦ੍ਰਿਸਟੀ ਦੀ ਕਮੀ ਕਾਰਣ ਅਕਾਲ ਪੁਰਖ ਦੇ ਭਾਣੇ ਅੰਦਰ ਇਹ ਵਿਧ੍ਰੋਹ ਚੌਕਸੀ ਦੇ ਰੂਪ ਵਿਚ ਸਾਹਮਣੇ ਆਇਆ ਹੈ ਇਸ ਨੂੰ ਗੁਰਮਤ ਅਨੁਸਾਰ ਨਜਿੱਠ ਕੇ ਅਗੇ ਵੱਧਣਾ ਚਾਹੀਦਾ ਹੈ।

ਭੁਲ ਚੁੱਕ ਮੁਆਫ਼
ਗੁਰਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top