Share on Facebook

Main News Page

ਸਿੱਖੀ ਦੇ ਮਹਿਲ ਨੂੰ ਬਚਾਉਣਾ ਹੈ ਤਾਂ ਜਾਗੋ, ਹੁਣ ਵੀ ਜਾਗੋ, ਕੁੰਭਕਰਨੀ ਨੀਂਦ ਤਿਆਗੋ

ਵਾਹਿਗੁਰੂ ਜੀ ਦੀ ਆਪਾਰ ਕਿਰਪਾ ਨਾਲ ਦਾਸ ਨੇ ਪੰਜ ਛੇ ਸਾਲ ਪਹਿਲਾਂ ਸ਼ਹਿਰ ਦੀ ਨਵੀਂ ਆਬਾਦ ਹੋਈ ਅਲੀਸ਼ਾਨ ਕਾਲੋਨੀ ਵਿੱਚ ਨਵਾਂ ਮਕਾਨ ਬਣਾਇਆ ਸੀ। ਦੋ-ਮੰਜਲਾ ਨਵੇਂ ਮਕਾਨ ਦੇ ਚਾਅ ਵਿੱਚ ਅਸੀਂ ਵੀ ਬੇਪ੍ਰਵਾਹਾਂ ਵਾਂਗ ਜਿੰਦਗੀ ਗੁਜਾਰ ਰਹੇ ਸਾਂ। ਪਰ ਪਿਛਲੇ ਦੋ ਕੁ ਸਾਲਾਂ ਤੋਂ ਘਰ ਵਿੱਚ ਸਿਉਂਕ ਨੇ ਅਜਿਹਾ ਹੱਲਾ ਬੋਲਿਆ ਹੈ ਕਿ ਸ਼ਾਇਦ ਹੀ ਕੋਈ ਚੁਗਾਠ ਜਾਂ ਫਰਨੀਚਰ ਬਚਿਆ ਹੋਵੇ। ਕਹਿ ਸਕਦੇ ਹਾਂ ਕਿ ਅੱਤ ਵਾਲੀ ਗੱਲ ਹੀ ਹੋ ਗਈ ਹੈ।

ਇਹੀ ਗੱਲ ਸੋਚ ਕਿ ਮਨ ਵਿੱਚ ਖਿਆਲ ਉਠਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਪੰਜ ਸੌ ਸਾਲ ਪਹਿਲਾਂ ਸਿੱਖੀ ਦਾ ਮਹਿਲ ਉਸਾਰਿਆ ਸੀ। 239 ਸਾਲ ਦੀ ਕਰੜੀ ਮੁਸ਼ਕੱਤ ਨਾਲ ਇਸ ਮਹਿਲ ਦੀਆਂ ਨੀਹਾਂ ਪੱਕੀਆਂ ਕੀਤੀਆਂ ਸਨ। ਪਰ ਉਸਤੋਂ ਬਾਦ ਅਸੀਂ ਬੇਪ੍ਰਵਾਹਾਂ ਵਾਂਗ ਕੁੰਭਕਰਨੀ ਨੀਂਦਰ ਸੌਂ ਗਏ। ਹੁਣ ਹਾਲਾਤ ਇਹ ਹਨ ਕਿ ਗੁਰਦੁਆਰਿਆਂ ਉਪਰ ਸੋਨਾ ਲੱਗ ਚੁੱਕਾ ਹੈ। ਅਲੀਸ਼ਾਨ ਬਿਲਡਿੰਗਾਂ ਬਣ ਚੁੱਕੀਆਂ ਹਨ। ਗੁਰਦੁਆਰਿਆਂ ਦੇ ਨਾਮ ਉਪਰ ਕਰੋੜਾਂ ਰੁਪਿਆਂ ਦੀਆਂ ਜਮੀਨਾਂ ਜਾਇਦਾਦਾਂ ਹਨ। ਆਮ ਨਜਰੇ ਸਿੱਖੀ ਐਸ ਵੇਲੇ ਪੂਰੀ ਚੜ੍ਹਦੀ ਕਲਾ ਵਿੱਚ ਹੈ। ਪਰ ਸਿੱਖੀ ਨੂੰ ਅੰਦਰੋਂ ਅੰਦਰੋਂ ਬੁਰੀ ਤਰ੍ਹਾਂ ਘੁਣ ਲੱਗ ਚੁੱਕਾ ਹੈ।

ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਣ ਲਈ ਹਰ ਪਾਸਿਓਂ ਯਤਨ ਜਾਰੀ ਹਨ। ਪਹਿਲਾਂ ਕੂਕਿਆਂ ਨੇ ਆਪਣੀਆਂ ਵੱਖਰੀਆਂ ਗੱਦੀਆਂ ਲਗਾ ਲਈਆਂ। ਫਿਰ ਰਾਧਾ ਸਵਾਮੀ ਉਭਰੇ। ਨਿਰੰਕਾਰੀਏ ਆਏ। ਸਿਰਸੇ ਵਾਲੇ ਆਏ। ਹੋਰ ਤਾਂ ਹੋਰ ਸਾਡੇ ਸਿੱਖਾਂ ਵਿਚੋਂ ਹੀ ਕਈ ਕਈ ਸੰਪਰਦਾਵਾਂ ਅਤੇ ਡੇਰੇ ਅਸਥਾਪਤ ਹੋ ਗਏ। ਆਪੋ ਆਪਣੀਆਂ ਗੱਦੀਆਂ ਲੱਗ ਗਈਆਂ। ਹਰ ਡੇਰੇ ਦੀ ਆਪਣੀ ਹੀ ਮਰਿਆਦਾ ਕਾਇਮ ਹੋ ਗਈ। ਇਸ ਆਪੋ-ਧਾਪ ਵਿੱਚ ਨੌਜਵਾਨ ਪਤਿਤ ਹੋਣੇ ਸ਼ੁਰੂ ਹੋ ਗਏ। 78 ਤੋਂ ਲੈ ਕੇ 84 ਅਤੇ ਫਿਰ ਤਕਰੀਬਨ 93 ਤੱਕ ਕਈ ਅਣਹੋਣੀਆਂ ਵਾਪਰੀਆਂ। ਪਰ ਸਾਡੇ ਚਾਤਰ ਆਗੂਆਂ ਨੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਜਾਏ ਹਰ ਵਾਰੀ ਸਰਕਾਰ ਉਪਰ ਹੀ ਦੋਸ਼ ਥੋਪ ਕੇ ਸੁਰਖਰੂ ਹੋਣਾ ਬੇਹਤਰ ਸਮਝਿਆ। ਇਹਨਾਂ ਸਾਕਿਆਂ ਕਾਰਣ ਕੌਮ ਦੀ ਰਹਿੰਦੀ ਖੁੰਹਦੀ ਜਮੀਰ ਵੀ ਖਤਮ ਹੋ ਗਈ। ਵਧੀਆ ਮੌਕਾ ਤਾੜ ਕੇ ਹਿੰਦੂ ਜਥੇਬੰਦੀਆਂ ਨੇ ਇਸ ਅੱਧਮੋਈ ਹੋਈ ਕੌਮ ਨੂੰ ਆਪਣੇ ਕਲਾਵੇ ਵਿੱਚ ਲੈਣ ਬਾਰੇ ਸੋਚਿਆ।

ਕੌਮ ਦੀ ਨੁਮਾਇੰਦਾ ਪਾਰਟੀ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਕੇ ਸਿੱਖਾਂ ਨੂੰ ਸਿਆਸੀ ਮੁਹਾਜ ਤੋਂ ਵੀ ਵਾਂਝਿਆਂ ਕਰ ਦਿੱਤਾ। ਸਿਆਸੀ ਤੌਰ ਤੇ ਮਰੀ ਇਸ ਕੌਮ ਨੂੰ ਧਾਰਮਿਕ ਤੌਰ ਤੇ ਵੀ ਖਤਮ ਕਰਨ ਲਈ ਉਸਦੇ ਇਸ਼ਟ ਬਰਾਬਰ ਦਸਮਗ੍ਰੰਥ ਲਿਆ ਖੜਾ ਕੀਤਾ। ਇਹ ਗ੍ਰੰਥ ਭਾਵੇਂ ਕੁੱਝ ਕੁ ਗੁਰਦੁਆਰਿਆਂ ਵਿੱਚ ਪਹਿਲਾਂ ਹੀ ਆ ਵੜਿਆਂ ਸੀ, ਪਰ ਹੁਣ ਤਾਂ ਇਸ ਗ੍ਰੰਥ ਆਸਰਾ ਲੈਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਲੋਹੜੇ ਦੀ ਗੱਲ ਕਿ ਕੌਮ ਦੇ ਧਾਰਮਿਕ ਆਗੂ ਵੀ ਇਹਨਾਂ ਵਿਰੋਧੀ ਬਿਪਰਾਂ ਨੇ ਖਰੀਦ ਲਏ। ਹੁਕਮਨਾਮੇ ਵੀ ਉਹਨਾਂ ਦੇ ਹੈੱਡਕੁਆਟਰਾਂ ਤੋਂ ਜਾਰੀ ਹੋਣ ਲੱਗ ਪਏ। ਗੁਰਸਿੱਖਾਂ ਦੀ ਜੁਬਾਨਬੰਦੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਸੱਚ ਕਹਿਣ ਵਾਲੇ ਨਿਧੜਕ ਸਿੱਖਾਂ ਨੂੰ ਛੇਕਣ ਦੇ ਫਤਵੇ ਜਾਰੀ ਕੀਤੇ ਗਏ। ਪਰ.................. ਪਰ ਏਨਾ ਕੁੱਝ ਹੋਣ ਦੇ ਬਾਵਜੂਦ ਸਾਡੀ ਕੁੰਭਕਰਨੀ ਨੀਂਦ ਅਜੇ ਵੀ ਜਾਰੀ ਹੈ। ਅਸਲੀਅਤ ਜਾਣਦਿਆਂ ਹੋਇਆਂ ਵੀ ਸਾਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਸੋਨੇ ਦੇ ਮਹਿਲ ਵਿੱਚ ਵਾਸਾ ਕਰ ਰਹੇ ਹਾਂ। ਕੋਈ ਕਿਸੇ ਵਧੀਆ ਕੀਟਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਤਾਂ ਇਸ ਮਹਿਲ ਦੇ ......................... ਦਾ ਪੂਰਾ ਪੂਰਾ ਖਤਰਾ ਹੈ।

ਮੈਂ ਆਪਣੇ ਮਕਾਨ ਦੀ ਹਰ ਸੰਭਵ ਕੋਸ਼ਿਸ਼ ਕਰਕੇ ਸਿਉਂਕ ਕਾਰਣ ਹੋਏ ਨੁਕਸਾਨ ਦੀ ਪੂਰਤੀ ਕਰ ਹੀ ਲਈ ਹੈ। ਕੁੱਝ ਜਗ੍ਹਾ ਨਵੇਂ ਦਰਵਾਜੇ ਜਾਂ ਚੁਗਾਠਾਂ ਵੀ ਲਾਉਣੀਆਂ ਪਈਆਂ ਹਨ, ਪਰ ਗੁਰੂ ਸਾਹਿਬਾਂ ਵਲੋਂ ਬਖਸ਼ੇ ਸਿੱਖੀ ਦੇ ਇਸ ਅਲੀਸ਼ਾਨ ਮਹਿਲ ਦੀ ਦੇਖ-ਭਾਲ ਕਿਸ ਦੇ ਹਵਾਲੇ ਕਰਕੇ ਅਸੀਂ ਘੂਕ ਸੁੱਤੇ ਪਏ ਹਾਂ। ਜੇਕਰ ਇਸ ਮਹਿਲ ਨੂੰ ਬਚਾਉਣਾ ਹੈ ਤਾਂ ਜਾਗੋ, ਹੁਣ ਵੀ ਜਾਗੋ। ਕੁੰਭਕਰਨੀ ਨੀਂਦ ਤਿਆਗੋ।

ਗੁਰਮੀਤ ਸਿੰਘ ਕਾਦੀਆਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top