Share on Facebook

Main News Page

ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ

ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਾਪਿਸ ਲੈਣ ਕਾਰਨ ਅਦਾਲਤ ਨੇ ਸਹਿਜਧਾਰੀਆਂ ਨੂੰ ਸ਼੍ਰੋ:ਗੁ:ਪ੍ਰ:ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਦੇ ਦਿੱਤਾ ਹੈ । ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਦੇਣਾ ਸਿੱਖੀ ਦੀ ਪਹਿਚਾਣ ਨੂੰ ਖਤਮ ਕਰਨਾ ਹੈ । ਬਿਨ੍ਹਾਂ ਸ਼ੱਕ ਸਿੱਖ ਕੌਮ ਨੇ ਦੇਸ਼ ਦੀ ਅਜਾਦੀ ਵਿੱਚ ਰਿਕਾਰਡ ਤੋੜ ਕੁਰਬਾਨੀਆਂ ਕੀਤੀਆਂ ਸਨ । ਪਰ ਹਿੰਦੂਸਤਾਨੀ ਹਕੂਮਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਦੀ ਵੱਖਰੀ ਹੋਂਦ ਜਾਂ ਪਹਿਚਾਣ ਕਾਇਮ ਰਹੇ । ਹਿੰਦੂਸਤਾਨੀ ਸਰਕਾਰਾਂ ਆਨੇ-ਬਹਾਨੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਉਤਾਲੀਆਂ ਹੀ ਰਹਿੰਦੀਆਂ ਹਨ । ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਿੱਛੇ ਵੀ ਸਿੱਖ ਵਿਰੋਧੀ ਤਾਕਤਾਂ ਹੀ ਕੰਮ ਕਰ ਰਹੀਆਂ ਹਨ । ਸਿੱਖ ਕੌਮ ਨੇ ਦੇਸ਼ ਅਜਾਦ ਹੋਣ ਤੋਂ ਵੀ ਪਹਿਲਾਂ ਆਪਣੇ ਗੁਰੂ ਘਰਾਂ ਨੂੰ ਅੰਗਰੇਜ ਸਰਕਾਰ ਦੇ ਪਾਲਤੂ ਮਹੰਤਾਂ ਤੋਂ ਅਜਾਦ ਕਰਵਾ ਲਿਆ ਸੀ । ਪਰ ਦੁੱਖ ਦੀ ਗੱਲ ਹੈ ਕਿ ਉਸ ਸਮੇਂ ਗੁਲਾਮ ਹਿੰਦੂਸਤਾਨ ਵਿੱਚ ਸਿੱਖ ਅਜਾਦ ਸਨ ਪਰ ਅੱਜ ਅਜਾਦ ਹਿੰਦੂਸਤਾਨ ਵਿੱਚ ਸਿੱਖ ਗੁਲਾਮ ਹਨ । ਅੱਜ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਕਮੇਟੀ ਚੁਣਨ ਵਾਸਤੇ ਵੀ ਹਿੰਦੂਸਤਾਨ ਦੀਆਂ ਸਰਕਾਰਾਂ ਤੇ ਅਦਾਲਤਾਂ ਦੇ ਹੁਕਮਾਂ ਦੀ ਉਡੀਕ ਕਰਨੀ ਪੈਂਦੀ ਹੈ । ਜਿੰਨ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੱਖ ਕੌਮ ਨੇ ਬੇਹਿਸਾਬਾ ਖੂਨ ਬਹਾਇਆ ਸੀ, ਬਾਦਲ ਦੀ ਕ੍ਰਿਪਾ ਸਕਦਾ ਉਹੀ ਮਹੰਤ ਅੱਜ ਫੇਰ ਗੁਰੂ ਘਰਾਂ ਉੱਪਰ ਕਾਬਜ ਹੋ ਚੁੱਕੇ ਹਨ ।

ਡਾ: ਪਰਮਜੀਤ ਰਾਣੂ ਵਰਗਿਆਂ ਨੇ ਜੋ ਸਿੱਖੀ ਦੀ ਪਹਿਚਾਣ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਉਹ ਵੀ ਸਭ ਬਾਦਲ/ਆਰ.ਐਸ.ਐਸ. ਦੀ ਹੀ ਦੇਣ ਹੈ । ਇਹੀ ਕਾਰਨ ਹੈ ਕਿ ਅੱਜ ਸਿੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਉਹ ਲੋਕ ਅੱਗੇ ਆ ਰਹੇ ਹਨ, ਜਿੰਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ । ਜਨਮ ਸਮੇਂ ਮਨੁੱਖ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੁੰਦਾ, ਇਹ ਤਾਂ ਬਾਅਦ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ । ਕੋਈ ਵੀ ਮੁਨੱਖ ਕਿਸੇ ਵੀ ਦੁਨਿਆਵੀ ਧਰਮ ਨੂੰ ਅਪਣਾ ਸਕਦਾ ਹੈ । ਇਸ ਲਈ ਇੱਥੇ ਗੁਰੂ ਨਾਨਕ ਜੀ ਦੀ ਮਿਸਾਲ ਹੀ ਕਾਫੀ ਹੋਵੇਗੀ ਕਿ ਗੁਰੂ ਨਾਨਕ ਜੀ ਦਾ ਜਨਮ ਹਿੰਦੂ ਘਰਾਣੇ ਵਿੱਚ ਹੋਇਆ ਪਰ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨੂੰ ਛੱਡ ਕੇ ਸਿੱਖ ਧਰਮ ਦੀ ਨੀਂਹ ਰੱਖੀ । ਜੋ ਲੋਕ ਆਪਣੇ ਆਪ ਨੂੰ ਸਹਿਜਧਾਰੀ ਕਹਾ ਰਹੇ ਹਨ ਅਸਲ ਵਿੱਚ ਇਹ ਤਾਂ ਅਜੇ ਕੁੱਝ ਵੀ ਨਹੀਂ ਹਨ । ਕਿਉਂਕਿ ਜੋ ਸਿੱਖ ਹੈ ਉਹੀ ਸਿੱਖ ਹੈ ਜੋ ਸਿੱਖ ਨਹੀਂ ਉਹ ਕੁੱਝ ਹੋਰ ਹੋਵੇਗਾ । ਸਿੱਖ ਕੌਣ ਹੈ ? ਸਿੱਖ ਉਹ ਵਿਅਕਤੀ ਹੈ ਜੋ ਦਸਾਂ ਗੁਰੂਆਂ ਦੀ ਸਿੱਖਿਆ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ । ਇੱਕ ਰੱਬ ਤੋਂ ਵਗੈਰ ਹੋਰ ਕਿਸੇ ਦੇਵੀ ਦੇਵਤੇ, ਮੜੀ-ਮਸਾਣੀ, ਪੀਰ-ਫਕੀਰ ਆਦਿ ਨੂੰ ਨਹੀਂ ਮੰਨਦਾ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਦੀ ਰੀਤ ਅਨੁਸਾਰ ਖੰਡੇ ਦੀ ਪਹੁਲ ਲੈ ਕੇ ਕੁਰਹਿਤਾਂ ਤੋਂ ਬਚਿਆ ਹੋਇਆ ਰਹਿਤਾਂ ਦਾ ਧਾਰਨੀ ਹੈ । ਬੇਸ਼ੱਕ ਗੁਰਮਤਿ ਵਿੱਚ ਨਿਰੇ ਭੇਖ ਲਈ ਵੀ ਕੋਈ ਥਾਂ ਨਹੀਂ ਪਰ ਦੁਨਿਆਵੀ ਤੌਰ ਤੇ ਇੱਕ ਕੌਮ ਵੱਜੋਂ ਬਾਹਰੀ ਪਛਾਣ ਵੀ ਹੋਣੀ ਜਰੂਰੀ ਹੈ । ਜਿਵੇਂਕਿ ਆਪਣੀ ਪਛਾਣ ਲਈ ਹਰ ਇੱਕ ਸਕੂਲ ਦੀ ਆਪਣੀ ਵੱਖਰੀ ਵਰਦੀ ਹੁੰਦੀ ਹੈ । ਜੇ ਕੋਈ ਆਪਣੇ ਆਪ ਨੂੰ ਦੁਨਿਆਵੀ ਧਾਰਮਿਕ ਰੀਤਾਂ ਤੋਂ ਉੱਚਾ ਉੱਠਿਆ ਹੋਇਆ ਅਤੇ ਅਧਿਆਤਮਕਵਾਦੀ ਸਮਝਦਾ ਹੈ ਤਾਂ ਉਸਨੂੰ ਦੁਨਿਆਵੀ ਧਾਰਮਿਕ ਸੰਸਥਾਵਾਂ ਵਿੱਚ ਦਾਖਲੇ ਅਤੇ ਵੋਟ ਪਰਚੀਆਂ ਬਣਾਉਣ ਲਈ ਵੀ ਲੜਣ ਦੀ ਲੋੜ ਨਹੀਂ ਹੈ । ਪਰ ਅੱਜ ਕੱਲ੍ਹ ਉਹ ਲੋਕ ਜਿੰਨ੍ਹਾਂ ਦਾ ਕੋਈ ਅਸੂਲ ਜਾਂ ਰਹਿਤ ਹੀ ਨਹੀਂ ਹੈ, ਆਪਣੇ ਸਵਾਰਥ ਲਈ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਖਤਮ ਕਰਨ ਲਈ ਉਤਾਵਲੇ ਹੋਏ ਪਏ ਹਨ ।

ਕੌਣ ਹਨ ਇਹ ਸਹਿਜਧਾਰੀ ? ਇਹ ਨਾ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਸਿੱਖ । ਭਾਵ ਕਿ ਇਹ ਲੋਕ ਦੁਨਿਆਵੀ ਤੌਰ ਤੇ ਕਿਸੇ ਵੀ ਫਿਰਕੇ ਦੀਆਂ ਧਾਰਮਿਕ ਰੀਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ, ਪਰ ਆਪਣੇ ਆਪ ਨੂੰ ਧਰਮੀ ਅਖਵਾਕੇ ਧਾਰਮਿਕ ਸੰਸਥਾਵਾਂ ਦਾ ਲਾਭ ਵੀ ਲੈਣਾ ਚਾਹੁੰਦੇ ਹਨ । ਸਹਿਜਧਾਰੀਆਂ ਨੂੰ ਵੋਟਾਂ ਦਾ ਅਧਿਕਾਰ ਨਾ ਦੇਣ ਅਤੇ ਇੱਕ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦੇਣ ਸਬੰਧੀ ਉੱਠੇ ਵਿਵਾਦ ਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਮੁਖੀ ਡਾ: ਪਰਮਜੀਤ ਰਾਣੂ ਜੀ ਨੇ ਇੱਕ ਵਾਰ ਅਖਵਾਰੀ ਬਿਆਨ ਵਿੱਚ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖੇ ਗਏ ਮਹਾਨ ਕੋਸ਼ ਦੇ ਪੰਨਾ ਨੰ: 137 ਦੀ ਉਦਹਾਰਣ ਦਿੰਦੇ ਹੋਏ ਕਿਹਾ ਸੀ ਕਿ ਨਾਭਾ ਜੀ ਨੇ ਸਹਿਜਧਾਰੀਆਂ ਬਾਰੇ ਇਸ ਤਰ੍ਹਾਂ ਲਿਖਿਆ ਹੈ, ਸਹਿਜਧਾਰੀ ਵਿ-ਸਹਜ (ਗਯਾਨ) ਧਾਰਨ ਕਰਨ ਵਾਲਾ, ਵਿਚਾਰਵਾਨ, ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਖੰਡੇ-ਵਾਟੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਹਨ । ਜੋ ਸਿੰਘ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ, ਉਹ ਸਿੱਖ ਧਰਮ ਤੋਂ ਅਨਜਾਣ ਹਨ । ਡਾ: ਰਾਣੂ ਨੇ ਉਪਰੋਕਤ ਹਵਾਲਾ ਦਿੰਦਿਆਂ ਨਾਲ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਸੀ ਕਿ ਪਤਿਤ ਸਿਰਫ ਅੰਮ੍ਰਿਤਧਾਰੀ ਸਿੱਖ ਹੁੰਦਾ ਹੈ, ਜਿਸਨੇ ਅੰਮ੍ਰਿਤਪਾਨ ਨਹੀਂ ਕੀਤਾ ਉੇਸਨੂੰ ਪਤਿਤ ਨਹੀਂ ਕਿਹਾ ਜਾ ਸਕਦਾ । ਡਾ: ਰਾਣੂ ਜੀ ਇਹ ਵੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ, ਪਰ ਡਾ: ਰਾਣੂ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸੇ ਮਹਾਨ ਕੋਸ਼ ਦੇ ਇਸੇ ਪੰਨੇ ਤੇ ਕਈ ਥਾਂ ਹੋਰ ਅਤੇ ਇਸੇ ਪਹਿਰੇ ਵਿੱਚ ਵੀ ਸਹਿਜ ਦਾ ਅਰਥ ਗਿਆਨ ਦਿੱਤਾ ਹੋਇਆ ਹੈ । ਸਹਿਜਧਾਰੀ ਨੂੰਂ ਗਿਆਨ ਧਾਰਣ ਵਾਲਾ (ਵਿਚਾਰਵਾਨ) ਵੀ ਲਿਖਿਆ ਹੋਇਆ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 638 ਤੇ ਦਰਜ ਹੈ ਕਿ :- ਗੁਰ ਬਿਨੁ ਸਹਜੁ ਨ ਉਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨ੍ਹਾਂ ਮਨੁੱਖ ਦੇ ਅੰਦਰ ਸਹਜੁ-ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ । ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 68 ਤੇ ਸਹਿਜ ਬਾਰੇ ਪੂਰਾ ਸ਼ਬਦ ਇਸ ਤਰ੍ਹਾਂ ਦਰਜ ਹੈ :- ਸਿਰੀਰਾਗੁ ਮਹਲਾ 3 ॥ ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ ਪੜਿ ਪੜਿ ਪੰਡਿਤ ਜੋਤਕੀ ਥਕੇ, ਭੇਖੀ ਭਰਮਿ ਭੁਲਾਇ ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥1॥ ਭਾਈ ਰੇ, ਗੁਰ ਬਿਨੁ ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥1॥ ਰਹਾਉ ॥ ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ ਸਹਜੇ ਹੀ ਭਗਤਿ ਸਹਜਿ ਪਿਆਰਿ ਬੈਰਾਗਿ ॥ ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੇ ਸਹਜੈ ਜੀਵਣੁ ਬਾਦਿ ॥2॥ ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ॥ ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥3॥ ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥ ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥ ਸੋ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥4॥ ਮਾਇਆ ਵਿਚਿ ਸਹਜ ਨ ਉਪਜੈ ਮਾਇਆ ਦੂਜੈ ਭਾਇ ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥5॥ ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ ਚਉਥੇ ਪਦ ਮਹਿ ਸਹਜੁ ਹੈ ਗੁਰਮੁਖ ਪਲੈ ਪਾਇ ॥6॥ ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥7॥ ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥ ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥ ਆਪੇ ਬਖਸਿ ਮਿਲਾਇਨੁ ਪੂਰੇ ਗੁਰ ਕਰਤਾਰਿ ॥8॥ ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥ ਸਭਨਾ ਜੀਆਂ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥ ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥9॥ ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ, ਅਖੁਟ ਭਰੇ ਭੰਡਾਰ ॥ ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥10॥6॥23॥ ਗੁਰਬਾਣੀ ਅਨੁਸਾਰ ਤਾਂ ਸਹਿਜ ਅਵਸਥਾ ਬਹੁਤ ਉੱਚੀ ਅਵਸਥਾ ਹੈ ਜੋ ਗੁਰੂ ਦੀ ਸ਼ਰਨ ਪਿਆਂ ਗੁਰਮਤਿ ਅਨੁਸਾਰ ਚੱਲਦਿਆਂ ਹੀ ਪ੍ਰਾਪਤ ਹੋ ਸਕਦੀ ਹੈ ।

ਪਰ ਡਾ: ਰਾਣੂ ਵਰਗੇ ਗੁਰਮਤਿ ਦੇ ਧਾਰਨੀ ਹੋਏ ਵਗੈਰ ਹੀ ਸਹਿਜਧਾਰੀਆਂ ਦੇ ਆਗੂ ਬਣੇ ਬੈਠੇ ਹਨ । ਜੇ ਹੁਣ ਡਾ: ਰਾਣੂ ਅਨੁਸਾਰ ਦਿੱਤੀ ਦਲੀਲ ਦੀ ਗੱਲ ਕਰੀਏ ਕਿ ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਸ ਸੌਖ ਦੀ ਕੋਈ ਹੱਦ ਵੀ ਹੋ ਸਕਦੀ ਹੈ ? ਕੀ ਖੰਡੇ ਦੀ ਪਹੁਲ ਲੈਣਾ ਔਖੀ ਰੀਤ ਹੈ ? ਜੋ ਵਿਅਕਤੀ ਕੱਛ ਵੀ ਨਹੀਂ ਪਹਿਨ ਸਕਦਾ ਅਤੇ ਗਾਤਰੇ ਕ੍ਰਿਪਾਨ ਵੀ ਨਹੀਂ ਪਾ ਸਕਦਾ ਜੇ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਤਾਂ ਉਸਦਾ ਕੀ ਥੁੜਿਆ ਪਿਆ ਹੈ । ਅਜਿਹੇ ਨਾਮ ਧਰੀਕ ਸਹਿਜਧਾਰੀਆਂ ਜੋ ਕੱਛ ਪਹਿਨਣ ਨੂੰ ਹੀ ਔਖੀ ਰੀਤ ਸਮਝਦੇ ਹਨ ਤੋਂ ਗੁਰਸਿੱਖ ਬਣਨ ਦੀ ਕੀ ਆਸ ਰੱਖੀ ਜਾ ਸਕਦੀ ਹੈ । ਖੰਡੇ ਦੀ ਪਹੁਲ ਨੂੰ ਛੱਡੋ ਪਰ ਕੀ ਸਾਡੇ ਗੁਰੂ ਕੇਸਧਾਰੀ ਨਹੀਂ ਸਨ ? ਕੀ ਸਾਡੇ ਗੁਰੂ ਕੱਛ ਨਹੀਂ ਸਨ ਪਹਿਨਦੇ ? ਜਦੋਂ ਸਾਡੇ ਗੁਰੂ ਕੇਸ ਰੱਖਦੇ ਸਨ ਅਤੇ ਕੱਛ ਪਹਿਨਦੇ ਸਨ ਤਾਂ ਫਿਰ ਉੇਨ੍ਹਾਂ ਦੇ ਸਿੱਖ ਕਹਾਉਣ ਵਾਲ਼ਿਆਂ ਨੂੰ ਕੇਸ ਰੱਖਣ ਜਾਂ ਕੱਛ ਪਹਿਨਣ ਵਿੱਚ ਕੀ ਔਖਾਈ ਹੈ ? ਗੁਰ ਫਰਮਾਨ ਹੈ ਕਿ :- ਗੁਰ ਸਿਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ਨੰ: 667) ਗੁਰਸਿੱਖਾਂ ਨੂੰ ਤਾਂ ਗੁਰੂ ਹੁਕਮ ਹੈ ਕਿ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਰਸਤੇ, ਗੁਰੂ ਦੀ ਚਾਲ ਚੱਲੋ । ਇੱਥੇ ਔਖੀ ਸੌਖੀ ਰੀਤ ਦੀ ਕੋਈ ਗੱਲ ਹੀ ਨਹੀਂ ਹੈ । ਜੇ ਔਖੀ ਸੌਖੀ ਰੀਤ ਧਾਰਨ ਕਰਨ ਦਾ ਫੈਸਲਾ ਅਸੀਂ ਆਪ ਕਰਨਾ ਹੈ ਫਿਰ ਤਾਂ ਇਹ ਸਵਾਲ ਗੁਰੂ ਤੇ ਹੀ ਉੱਠੇਗਾ ਕਿ ਗੁਰੂ ਵੱਲੋਂ ਦੱਸਿਆ ਰਸਤਾ ਔਖਾ ਹੈ । ਫਿਰ ਤਾਂ ਅਸੀਂ ਗੁਰੂ ਨਾਲੋਂ ਸਿਆਣੇ ਹੋ ਗਏ । ਜਿੰਨ੍ਹਾਂ ਨੇ ਗੁਰੂ ਵੱਲੋਂ ਦੱਸੀ ਔਖੀ ਰੀਤ ਨੂੰ ਛੱਡ ਕੇ ਸੌਖੀ ਰੀਤ ਧਾਰਨ ਕਰ ਲਈ ਹੈ । ਗੁਰ ਫਰਮਾਨ ਹੈ ਕਿ :- ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆਂ ਥਾਇ ਨ ਕਾਈ ਪਾਇ ॥ ਪੰਨਾ ਨੰ: 474 ॥

ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ :- ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਤਾਂ ਸਿਰ ਨਿਵਾਉਂਦਾ ਹੈ ਅਤੇ ਕਦੇ ਉਸਦੇ ਕੀਤੇ ਉੱਤੇ ਇਤਰਾਜ ਕਰਦਾ ਹੈ, ਉਹ ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ । ਹੇ, ਨਾਨਕ ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ ਮਾਲਕ ਦੇ ਦਰ ਉੱਤੇ ਕਬੂਲ ਨਹੀਂ ਹੁੰਦੀ । ਮੇਰੇ ਖਿਆਲ ਅਨੁਸਾਰ ਤਾਂ ਉਪਰੋਕਤ ਸ਼ਬਦ ਗੁਰਮਤਿ ਦੀ ਰਹਿਤ ਨੂੰ ਔਖੀ ਕਹਿਣ ਅਤੇ ਅਪਾਣੀ ਮਨ ਮੱਤ ਅਨੁਸਾਰ ਆਪਣੇ ਆਪ ਨੂੰ ਸਹਿਜਧਾਰੀ ਕਹਾਉਣ ਵਾਲਿਆਂ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ । ਰਹੀ ਗੱਲ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਣ ਦੀ । ਗੁਰਮਤਿ ਅਨੁਸਾਰ ਸਿੱਖ ਨੇ ਤਾਂ ਨਫਰਤ ਕਿਸੇ ਵੀ ਪ੍ਰਾਣੀ ਮਾਤਰ ਨਾਲ ਨਹੀਂ ਕਰਨੀ । ਸਿੱਖ ਤਾਂ ਹੋਰ ਮੱਤਾਂ ਦੇ ਧਾਰਨੀਆਂ ਨਾਲ ਵੀ ਨਫਰਤ ਨਹੀਂ ਕਰਦਾ । ਇੱਥੇ ਸਹਿਜਧਾਰੀਆਂ ਨਾਲ ਨਫਰਤ ਦੀ ਗੱਲ ਕਰਨੀ ਢੁੱਕਵੀਂ ਹੀ ਨਹੀਂ ਹੈ । ਕਿਉਂਕਿ ਸਿੱਖ ਤਾਂ ਸਿਰਫ ਬੁਰਾਈਆਂ ਤੋਂ ਹੀ ਨਫਰਤ ਕਰਦਾ ਹੈ, ਕਿਸੇ ਕੌਮ ਜਾਂ ਫਿਰਕੇ ਤੋਂ ਨਹੀਂ । ਜੇ ਇਹਨਾਂ ਨਾਮ ਧਰੀਕ ਸਹਿਜਧਾਰੀਆਂ ਨੂੰ ਵੋਟਾਂ ਅਤੇ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਦਾ ਹੱਕ ਨਾ ਦੇਣਾ ਹੀ ਨਫਰਤ ਦੀ ਨਿਗ੍ਹਾ ਹੈ, ਫਿਰ ਤਾਂ ਹਿੰਦੂ, ਮੁਸਲਮਾਨਾਂ ਆਦਿ ਨੂੰ ਵੀ ਇਹ ਹੱਕ ਦੇ ਦੇਣਾ ਚਾਹੀਦਾ ਹੈ । ਕਿਉਂਕਿ ਸਿੱਖਾਂ ਨੂੰ ਤਾਂ ਇਹਨਾਂ ਨਾਲ ਵੀ ਕੋਈ ਨਫਰਤ ਨਹੀਂ ਹੈ । ਹਿੰਦੂ ਅਤੇ ਮੁਸਲਮਾਨ ਗੁਰੂਆਂ ਦੇ ਅਜਿਹੇ ਸ਼ਰਧਾਲੂ ਸਨ, ਜਿੰਨ੍ਹਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਹਨ । ਇੱਥੇ ਇਹ ਵੀ ਨਹੀਂ ਹੋ ਸਕਦਾ ਕਿ ਜਿਸਨੂੰ ਸਿੱਖ ਨਫਰਤ ਨਹੀਂ ਕਰਦੇ ਉਹ ਸਿੱਖਾਂ ਦੀਆਂ ਸੰਸਥਾਵਾਂ ਉੱਪਰ ਕਾਬਜ ਹੋ ਜਾਣ । ਜਾਂ ਕੀ ਅਜਿਹੇ ਲੋਕਾਂ ਨੂੰ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਹੀ ਇਹਨਾਂ ਨਾਲ ਨਫਰਤ ਕਰਨਾ ਹੈ ?

ਡਾ: ਰਾਣੂ ਜੀ ਤਾਂ ਖੁਦ ਕਹਿ ਚੁੱਕੇ ਹਨ ਕਿ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਕੁਰਹਿਤ ਕਾਰਨ ਪਤਿਤ ਹੁੰਦਾ ਹੈ। ਜਿਸਨੇ ਅੰਮ੍ਰਿਤ ਨਹੀਂ ਛਕਿਆ ਉਹ ਪਤਿਤ ਨਹੀਂ ਹੁੰਦਾ। ਫਿਰ ਕੋਈ ਖੰਡੇ ਦੀ ਪਹੁਲ ਕਿਉਂ ਲਵੇਗਾ? ਕਿਉਂਕਿ ਉਹ ਜੇ ਕੋਈ ਕੁਰਹਿਤ ਕਰੇਗਾ ਤਾਂ ਉਹ ਪਤਿਤ (ਦੋਸ਼ੀ) ਹੋ ਜਾਵੇਗਾ। ਇਹਨਾਂ ਨਾਮ ਧਾਰੀਕ ਸਹਿਜਧਾਰੀਆਂ ਨੂੰ ਇਹ ਖੁੱਲ ਹੈ ਕਿ ਉਹ ਦਾੜੀ ਕੇਸ ਕਟਵਾਉਣ, ਭਰਵੱਟੇ ਕਟਾਉਣ, ਤੰਬਾਕੂ ਪੀਣ ਭਾਵ ਕੋਈ ਮਰਜੀ ਗਲਤੀ ਕਰਨ ਉਹ ਤਾਂ ਵੀ ਪਤਿਤ ਨਹੀਂ ਹੋਣਗੇ। ਵਾਹ ਕੈਸੀ ਦਲੀਲ ਹੈ!

ਜੇ ਡਾ: ਰਾਣੂ ਦੀ ਇਸ ਦਲੀਲ ਨੂੰ ਮੰਨ ਲਈਏ ਫਿਰ ਤਾਂ ਸਿੱਖ ਦੀ ਪਛਾਣ ਹੀ ਨਹੀਂ ਰਹਿਣੀ । ਕਿਉਂਕਿ ਫਿਰ ਤਾਂ ਖੰਡੇ ਦੀ ਪਹੁਲ ਲੈਣ ਵਾਲਾ ਵੀ ਸਿੱਖ ਅਤੇ ਪਹੁਲ ਨਾ ਲੈਣ ਵਾਲਾ ਵੀ ਸਿੱਖ । ਦਾੜੀ ਕੇਸ ਕੱਟਣ ਵਾਲਾ ਵੀ ਸਿੱਖ ਅਤੇ ਨਾ ਕੱਟਣ ਵਾਲਾ ਵੀ ਸਿੱਖ । ਰਹਿਤਾਂ ਰੱਖਣ ਵਾਲਾ ਵੀ ਸਿੱਖ ਅਤੇ ਜਿਸਦਾ ਕਿਸੇ ਵੀ ਰਹਿਤ ਨਾਲ ਕੋਈ ਵਾਸਤਾ ਨਹੀਂ ਉਹ ਵੀ ਸਿੱਖ । ਡਾ: ਰਾਣੂ ਜੀ ਇਹ ਵੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ । ਕੀ ਪਨੀਰੀ ਸਾਰੀ ਉਮਰ ਪਨੀਰੀ ਹੀ ਰਹਿੰਦੀ ਹੈ ? ਪਨੀਰੀ ਤਾਂ ਕੁੱਝ ਸਮੇਂ ਲਈ ਹੀ ਹੁੰਦੀ ਹੈ । ਕੁੱਝ ਸਮੇਂ ਬਾਅਦ ਪਨੀਰੀ ਨੂੰ ਪੁੱਟ ਕੇ ਲਗਾਇਆ ਜਾਂਦਾ ਹੈ । ਫਿਰ ਹੀ ਪਨੀਰੀ ਤੋਂ ਕੋਈ ਫਸਲ ਤਿਆਰ ਹੁੰਦੀ ਹੈ। ਪਰ ਜੇ ਪਨੀਰੀ ਡਾ: ਰਾਣੂ ਜੀ ਵਾਂਗ ਅੜ ਜਾਵੇ ਤੇ ਕਹੇ ਕਿ ਮੈਂ ਪਨੀਰੀ ਹਾਂ, ਮੇਰੇ ਤੋਂ ਹੀ ਫਸਲ ਤਿਆਰ ਹੁੰਦੀ ਹੈ, ਮੈਨੂੰ ਕੋਈ ਨਾ ਪੁੱਟੋ, ਮੇਰੀ ਪਨੀਰੀ ਦੇ ਨਾਮ ਤੇ ਵੱਖਰੀ ਹੋਂਦ ਹੈ ਅਤੇ ਮੈਂ ਤਾਂ ਸਾਰੀ ਉਮਰ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ ਤੋਂ ਨਾ ਤਾਂ ਫਸਲ ਪੈਦਾ ਹੋ ਸਕਦੀ ਹੈ ਅਤੇ ਨਾ ਹੀ ਅਜਿਹੀ ਪਨੀਰੀ ਦੀ ਕਿਸੇ ਕੌਮ ਨੂੰ ਲੋੜ ਹੈ । ਜੇ ਇਸ ਪਨੀਰੀ ਨੇ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ (ਸਹਿਜਧਾਰੀਆਂ) ਨੂੰ ਚਾਹੀਦਾ ਹੈ ਕਿ ਉਹ ਕਿਸੇ ਫਸਲ (ਸੰਪੂਰਨ ਸਿੱਖ ਕੌਮ ਦੀਆਂ ਸੰਸਥਾਵਾਂ) ਵਿੱਚ ਜਾ ਕੇ ਟੰਗਾਂ ਨਾ ਅੜਾਵੇ ।

ਸਕੂਲੀ ਵਿੱਦਿਆ ਦੀ ਦਸਵੀਂ ਜਾਂ ਇਸ ਤੋਂ ਉੱਚੀਆਂ ਜਮਾਤਾਂ ਪਾਸ ਕਰਨ ਲਈ ਪਹਿਲੀ ਜਮਾਤ ਦਾ ੳ,ਅ ਪੜ੍ਹਣਾ ਲਾਜਮੀ ਹੈ । ਪਰ ਜੇ ਪਹਿਲੀ ਜਮਾਤ ਦੇ ਵਿਦਿਆਰਥੀ ਇਹ ਧਾਰ ਲੈਣ ਕੇ ਅਸੀਂ ਪਹਿਲੀ ਜਮਾਤ ਤੋਂ ਅੱਗੇ ਨਹੀਂ ਜਾਣਾ, ਪਹਿਲੀ ਜਮਾਤ ਹੀ ਵੱਡੀਆਂ ਜਮਾਤਾਂ ਦੀ ਪਨੀਰੀ ਅਤੇ ਨਾਲ ਇਹ ਵੀ ਮੰਗ ਕਰਨ ਕਿ ਸਾਨੂੰ ਵੱਡੀਆਂ ਜਮਾਤਾਂ ਦੇ ਬਾਲਗ ਵਿਦਿਆਰਥੀਆਂ ਦੀ ਤਰ੍ਹਾਂ ਵੋਟਾਂ ਦਾ ਅਧਿਕਾਰ ਦਿਓ ਜਾਂ ਸਾਨੂੰ ਸਿੱਧਾ ਕਾਲਜਾਂ ਵਿੱਚ ਦਾਖਲਾ ਦਿਉ । ਤਾਂ ਕੀ ਅਜਿਹੀ ਪਹਿਲੀ ਜਮਾਤ ਨੂੰ ਕੋਈ ਸੰਸਥਾ ਆਪਣੇ ਸਕੂਲ ਵਿੱਚ ਰੱਖੇਗੀ ? ਜਾਂ ਕੀ ਅਜਿਹੀ ਪਹਿਲੀ ਜਮਾਤ ਤੋਂ ਵੱਡੀਆਂ ਜਮਾਤਾਂ ਪਾਸ ਕਰਨ ਦੀ ਆਸ ਰੱਖੀ ਜਾ ਸਕਦੀ ਹੈ ਜੋ ਸਾਰੀ ਉਮਰ ਹੀ ਪਹਿਲੀ ਜਮਾਤ ਵਿੱਚ ਰਹਿਣਾ ਚਾਹੁੰਦੀ ਹੋਵੇ । ਮੈਂ ਤਾਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਾਉਣ ਵਾਲੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਹਿਜਧਾਰੀ ਤਾਂ ਦੁਨਿਆਵੀ ਗੱਲਾਂ ਤੋਂ ਅੱਗੇ ਲੰਘੇ ਹੋਏ, ਚੌਥੇ ਪਦ ਵਿੱਚ ਪਹੁੰਚੇ ਗੁਰਮੁਖ ਜਨ ਹੁੰਦੇ ਹਨ ਤੁਸੀਂ ਸਹਿਜਧਾਰੀ ਸਿੱਖ ਤਾਂ ਕੀ ਤੁਸੀਂ ਤਾਂ ਅਜੇ ਕੁੱਝ ਵੀ ਨਹੀਂ ਹੋਂ । ਤੁਸੀਂ ਆਪਣੀਆਂ ਮਨ-ਮਰਜੀਆਂ ਕਰੋ, ਦਾੜ੍ਹੀ-ਕੇਸ ਕੱਟੋ, ਭਰਵੱਟੇ ਕਟਾਓ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈ ਪਰ ਆਪਣੇ ਨਾਮ ਨਾਲ ਸਹਿਜਧਾਰੀ ਸਿੱਖ ਲਗਾ ਕਿ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ । ਜੇ ਤੁਸੀਂ ਸਹਿਜਧਾਰੀ ਦੇ ਅਰਥ ਇਹ ਕਰਦੇ ਹੋ ਕਿ ਹੌਲੀ-ਹੌਲੀ ਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਹ ਵੀ ਗਲਤ ਹੈ । ਕਿਉਂਕਿ ਜਿਵੇਂ ਕ੍ਰਿਪਾਨਧਾਰੀ ਜਾਂ ਬੰਦੂਕਧਾਰੀ ਉਹੀ ਹੁੰਦਾ ਹੈ, ਜਿਸਨੇ ਇਹ ਵਸਤਾਂ ਪ੍ਰਾਪਤ ਕਰਕੇ ਧਾਰਨ ਕਰ ਲਈਆਂ ਹੋਣ । ਜੇ ਕੋਈ ਵਿਅਕਤੀ ਬੰਦੂਕ ਜਾਂ ਕ੍ਰਿਪਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਬੰਦੂਕ ਜਾਂ ਕ੍ਰਿਪਾਨਧਾਰੀ ਨਹੀਂ ਕਿਹਾ ਜਾ ਸਕਦਾ । ਜੇ ਤੁਹਾਡੀ ਗੱਲ ਮੰਨ ਵੀ ਲਈਏ ਕਿ ਤੁਸੀਂ ਸਹਿਜੇ-ਸਹਿਜੇ (ਹੌਲੀ-ਹੌਲੀ) ਸਿੱਖੀ ਵੱਲ ਵੱਧ ਰਹੇ ਹੋ ਤਾਂ ਤੁਹਾਡੇ ਇਸ ਸਹਿਜ ਦੀ ਹੱਦ ਕੀ ਹੈ ? ਕੀ ਸਾਰੀ ਉਮਰ ਸਹਿਜੇ-ਸਹਿਜੇ (ਹੌਲੀ-ਹੌਲੀ) ਤੋਂ ਅੱਗੇ ਨਾ ਟੱਪਣ ਵਾਲਾ ਹੀ ਸਹਿਜਧਾਰੀ ਹੁੰਦਾ ਹੈ।

ਹਰਲਾਜ ਸਿੰਘ ਬਹਾਦਰਪੁਰ

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911
3/9/2011
Email: harlajsingh70@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top