Share on Facebook

Main News Page

ਦੁਨੀਆਂ ਦੇ ਅਤਿ ਆਧੁਨਿਕ ਧਰਮ ਨੂੰ ਕਦੋਂ ਤੱਕ ਰਾਜਨੀਤਿਕ ਬਰੇਕਾਂ ਲੱਗੀਆਂ ਰਹਿਣਗੀਆਂ
ਆਖਰ ਕਦੋਂ ਤੱਕ ਸਿੱਖਾਂ ਦਾ ‘ਸ਼ੋਸ਼ਣ’ ਹੁੰਦਾ ਰਹੇਗਾ

ਕਾਫੀ ਉਡੀਕ ਦੇ ਬਾਅਦ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਇਹ ਲਿਖਤ ਤੁਹਾਡੇ ਹੱਥ ਵਿੱਚ ਪਹੁੰਚਣ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰੀ ਲਈ ਉਮੀਦਵਾਰ ਕਈ ਵਾਰ ਤੁਹਾਡੇ ਦਰਵਾਜੇ ’ਤੇ ਦਸਤਕ ਦੇ ਚੁੱਕੇ ਹੋਣਗੇ ਜਾਂ ਇੱਕ ਅੱਧੇ ਦਿਨ ਵਿੱਚ ਆਉਣ ਵਾਲੇ ਹੋਣਗੇ। ਖੈਰ, ਹਰ ਪੰਜ ਸਾਲ ਬਾਅਦ ਹੋਣ ਵਾਲੀ ਚੋਣ ਕਈ ਵਾਰ 20-20 ਸਾਲ ਤੱਕ ਵੀ ਨਹੀਂ ਹੋਈ। ਇਸ ਵਾਰ ਇਹ ਚੋਣ 2 ਸਾਲ ਲੇਟ ਭਾਵ ਕਰੀਬ 7 ਸਾਲ ਬਾਅਦ ਹੋ ਰਹੀ ਹੈ। ਕਈ ਲੋਕ ਸੋਚਦੇ ਹਨ ਕਿ ਇਹ ਕਿਹੜੀਆਂ ਚੋਣਾਂ ਹਨ ਜਿਨ੍ਹਾਂ ਵਿੱਚ ਸਿਰਫ ਸਿੱਖ ਹੀ ਭਾਗ ਲੈ ਸਕਦੇ ਹਨ? ਵਾਕਈ ਅਜਿਹੀਆਂ ਕੋਈ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਭਾਗ ਨਾ ਲੈ ਸਕਦਾ ਹੋਵੇ। ਪਰ ਕਿਉਂਕਿ ਸਿੱਖ ਸ਼ੁਰੂ ਤੋਂ ਹੀ ਨਾਬਰਾਬਰੀ, ਜਾਤ ਪਾਤੀ ਵਿਤਕਰਾ, ਜਬਰਦਸਤੀ ਧਰਮ ਪਰਿਵਰਤਨ, ਜਰਵਾਣਿਆਂ ਦੁਆਰਾ ਆਮ ਲੋਕਾਂ ਦੀਆਂ ਬਹੂ ਬੇਟੀਆਂ ਅਤੇ ਘਰਾਂ ਨੂੰ ਲੁੱਟਣ ਦੇ ਖਿਲਾਫ਼ ਲੜਾਈ ਲੜਦੇ ਆ ਰਹੇ ਸਨ, ਇਸ ਲਈ ਚਲਾਕ ਅੰਗਰੇਜ਼ ਨੇ ਸਿੱਖਾਂ ਨੂੰ ਪਾੜਨ ਲਈ ਅਤੇ ਥੱਲੇ ਲਾਉਣ ਲਈ ਇਨ੍ਹਾਂ ਚੋਣਾਂ ਵਿੱਚ ਉਲਝਾ ਕੇ ਰੱਖ ਦਿੱਤਾ।

ਇੱਕ ਸਿੱਖ ਕੌਮ ਹੀ ਅਜਿਹੀ ਕੌਮ ਸੀ ਜੋ ਗੁਰੂ ਕਾਲ ਤੋਂ ਬਾਅਦ ਆਪਣੇ ਜਥੇਦਾਰ (ਧਾਰਮਿਕ ਆਗੂ) ਦੇ ਹੁਕਮ ’ਤੇ ਫੁੱਲ ਚੜ੍ਹਾਉਂਦੀ ਸੀ ਤੇ ਜਿੱਧਰ ਨੂੰ ਹੁਕਮ ਹੁੰਦਾ ਉੱਧਰ ਨੂੰ ਹੀ ਚੜ੍ਹਾਈ ਕਰ ਦਿੱਤੀ ਜਾਂਦੀ ਸੀ। ਇਸ ਨਾਲ ਗੁਰੂ ਕ੍ਰਿਪਾ ਅਨੁਸਾਰ ਬੇਹਿਸਾਬੀ ਕਾਮਯਾਬੀ ਪਹਿਲਾਂ ਹੀ ਮਿੱਥ ਲਈ ਜਾਂਦੀ ਸੀ ਤੇ ਦੁਨੀਆਂ ਨੂੰ ਦਿਖਾ ਦਿੱਤਾ ਜਾਂਦਾ ਸੀ ਕਿ ਏਕੇ ਵਿੱਚ ਕਿੰਨੀ ਬਰਕਤ ਹੁੰਦੀ ਹੈ। ਅੰਗਰੇਜ਼ ਕਿਉਂਕਿ ਪਹਿਲਾਂ ਦੱਖਣ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਤੇ ਸਾਰੇ ਭਾਰਤ ਭਰ ਵਿੱਚ ਅੰਗਰੇਜ਼ਾਂ ਨੂੰ ਕਬਜ਼ਾ ਕਰਨ ਵਿੱਚ ਬਹੁਤੀ ਮੁਸ਼ਕਲ ਪੇਸ਼ ਨਹੀਂ ਆਈ ਪਰ ਜਿਉਂ ਹੀ ਇਹ ਦਿੱਲੀ ਤੋਂ ਪੰਜਾਬ ਵਿੱਚ ਦਾਖਲ ਹੋਇਆ ਤਾਂ ਇਸਦਾ ਸਾਹਮਣਾ ਗੁਰੂ ਦੇ ਸਿੱਖਾਂ ਨਾਲ ਹੋਇਆ ਜਿਸ ਵਿੱਚ ਹਰ ਰੋਜ਼ ਸੈਂਕੜੇ ਕਿਲੋਮੀਟਰ ਪੈਂਡਾ ਤਹਿ ਕਰਨ ਵਾਲੇ ਅੰਗਰੇਜ਼ ਨੂੰ ਇੱਕ ਇੱਕ ਇੰਚ ਤੁਰਨਾ ਮੁਸ਼ਕਲ ਹੋ ਗਿਆ। ਪੂਰੇ ਭਾਰਤ ’ਤੇ ਕਬਜ਼ਾ ਕਰਨ ਲਈ ਅੰਗਰੇਜਾਂ ਨੂੰ ਕੁੱਝ ਮਹੀਨੇ ਲੱਗੇ ਪਰ ਇਕੱਲੇ ਪੰਜਾਬ ਵਿੱਚ ਦਾਖਲ ਹੋਣ ਲਈ ਹੀ ਕਈ ਸਾਲ ਲੱਗ ਗਏ। ਕਈ ਭਿਆਨਕ ਯੁੱਧ ਹੋਏ ਜਿਸ ਵਿੱਚ ਸਿੱਖਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਸਿਦਕ ਦੇ ਪੱਕੇ, ਗਿਣਤੀ ਪੱਖੋਂ ਬਹੁਤ ਥੋੜ੍ਹੇ ਅਤੇ ਸੀਮਿਤ ਸਾਧਨਾਂ ਨਾਲ ਹੀ ਸਿੱਖਾਂ ਨੇ ਅੰਗਰੇਜਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ। ਇਸ ਤੋਂ ਅੰਗਰੇਜ ਨੇ ਸਿੱਖਾਂ ਦੀ ਤਾਕਤ ਨੂੰ ਭਾਂਪਿਆ। ਅੰਗਰੇਜਾਂ ਨੇ ਹੌਲੀ ਹੌਲੀ ਸਿੱਖਾਂ ਵਿੱਚੋਂ ਕਈ ਗਦਾਰ ਕਿਸਮ ਦੇ ਸਿੱਖਾਂ ਨੂੰ ਚੁਣਿਆ ਤੇ ਇਨ੍ਹਾਂ ਗਦਾਰਾਂ ਦੁਆਰਾ ਦੱਸੀਆਂ ਸਿੱਖੀ ਨੀਤੀਆਂ ਅਨੁਸਾਰ ਪੰਜਾਬ ਉੱਪਰ ਕਾਬਜ਼ ਹੋ ਗਿਆ। ਬਾਅਦ ਵਿੱਚ ਅੰਗਰੇਜਾਂ ਨੇ ਉਨ੍ਹਾਂ ਗੱਦਾਰ ਸਿੱਖਾਂ ਨੂੰ ਵੱਡੀਆਂ ਵੱਡੀਆਂ ਜਾਗੀਰਾਂ ਨਾਲ ਨਿਵਾਜਿਆ। ਲੰਬਾ ਸਮਾਂ ਰਾਜ ਕਰਨ ਬਾਅਦ ਅਤੇ ਸਿੱਖਾਂ ਦੇ ਲਗਾਤਾਰ ਹੋ ਰਹੇ ਵਿਰੋਧ ਕਾਰਨ ਉਸਨੇ ਸਿੱਖਾਂ ਨਾਲ ਨਕਲੀ ਨੇੜਤਾ ਵਧਾਉਣ ਦਾ ਡਰਾਮਾ ਵੀ ਕੀਤਾ। ਸਿੱਖਾਂ ਨੂੰ ਕਈ ਤਰ੍ਹਾਂ ਨਾਲ ਭਰਮਾਇਆ। ਭਾਰਤ ਉੱਪਰ ਸਦੀਵੀ ਕਬਜ਼ੇ ਲਈ ਅੰਗਰੇਜਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਤੇ ਉਸਨੇ ਗੁਰਦੁਆਰਾ ਸੁਧਾਰ ਕਮੇਟੀ ਦੇ ਨਾਮ ’ਤੇ ਸਿੱਖਾਂ ਨੂੰ ਪਾੜਨ ਲਈ ਗੁਰਦੁਆਰਾ ਐਕਟ ਬਣਾਇਆ। ਬੱਸ ਉਸ ਦਿਨ ਤੋਂ ਹੀ ਸਿੱਖਾਂ ਵਿੱਚ ਪਾਟੋਧਾੜ ਵੱਧ ਗਈ ਤੇ ਸਿੱਖਾਂ ਦੇ ਇੱਕ ਦਲ ਤੋਂ ਬਾਅਦ ਦੂਜਾ ਦਲ, ਦੂਜੇ ਦਲ ਤੋਂ ਬਾਅਦ ਤੀਜਾ ਦਲ ਤੇ ਉਸ ਤੋਂ ਬਾਅਦ ਅਨੇਕਾਂ ਦਲ ਹੋਂਦ ਵਿੱਚ ਆਏ। ਅੰਗਰੇਜਾਂ ਦੀ ਇਸ ਨੀਤੀ ਨਾਲ ਸਿੱਖ ਖੱਖੜੀਆਂ ਕਰੇਲੇ ਹੋ ਗਏ।

ਸਿੱਖਾਂ ਨੂੰ ਅੰਗਰੇਜ਼ ਦੀ ਇਹ ਚਾਲ ਸਮਝ ਨਾ ਆਈ ਤੇ ਇਲੈਕਸ਼ਨ ਰੂਪੀ ਇੱਕ ਹੋਰ ਗੁਲਾਮੀ ਗਲ ਵਿੱਚ ਪਵਾ ਬੈਠੇ। ਇੱਕ ਹਿਸਾਬ ਨਾਲ ਸਿੱਖਾਂ ਦੀ ਇਹ ਇਲੈਕਸ਼ਨ ਹੀ ਗਲਤ ਹੈ। ਜੇਕਰ ਇਲੈਕਸ਼ਨ ਸਿਸਟਮ ਠੀਕ ਹੁੰਦਾ ਤਾਂ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ‘ਸਿਲੈਕਸ਼ਨ’ ਕਰਨ ਦੀ ਬਜਾਏ ‘ਇਲੈਕਸ਼ਨ’ ਕਰਵਾਉਣੀ ਸੀ। ਜਦ ਕਿਸੇ ਗੁਰੂ ਸਾਹਿਬਾਨ ਨੇ ਇਲੈਕਸ਼ਨ ਨਹੀਂ ਕਰਵਾਈ ਤਾਂ ਸਿੱਖ ਕਿਉਂ ਹੁਣ ਤੱਕ ਇਸ ਗੁਲਾਮੀ ਨੂੰ ਆਪਣੇ ਗਲ ਨਾਲ ਬੰਨ੍ਹ ਕੇ ਬੈਠੇ ਹੋਏ ਹਨ। ਆਜ਼ਾਦੀ ਘੋਲ ਵਿੱਚ ਵੀ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਪਰ ਸਭ ਤੋਂ ਵੱਧ ਗੁਲਾਮੀ ਦੀਆਂ ਜੰਜੀਰਾਂ ਵੀ ਸਿੱਖਾਂ ਦੇ ਗਲ ਵਿੱਚ ਹੀ ਪਾਈਆਂ। ਆਪਣੀ ਜਥੇਬੰਦੀ ਬਣਾਉਣ ਲਈ ਵੀ ਇਹ ਚੋਣਾਂ ਇੱਕ ਗੁਲਾਮੀ ਦੀ ਜੰਜੀਰ ਹੈ ਜਿਸ ਲਈ ਸਿੱਖਾਂ ਨੂੰ ਹਰ ਵਾਰ ਅੰਗਰੇਜਾਂ ਦੀ ਤਰਜ਼ ’ਤੇ ਕੇਂਦਰ ਸਰਕਾਰ ਦੇ ਮੂੰਹ ਵੱਲ ਝਾਕਣਾ ਪੈਂਦਾ ਹੈ, ਕੇਂਦਰ ਚਾਹਵੇ ਤਾਂ ਸਿੱਖਾਂ ਦੀਆਂ ਚੋਣਾਂ ਕਰਵਾ ਦੇਵੇ, ਨਾ ਚਾਹਵੇ ਤਾਂ ਸਿੱਖ ਜੋ ਮਰਜ਼ੀ ਕਰ ਲੈਣ, ਉਨ੍ਹਾਂ ਦੀ ਕਮੇਟੀ ਨਹੀਂ ਬਣ ਸਕਦੀ ਭਾਵੇਂ ਇਸ ਦੇ ਪੁਰਾਣੇ ਕਿਤਨੇ ਵੀ ਮੈਂਬਰ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹੋਣ ਜਾਂ ਅਸਤੀਫਾ ਦੇ ਗਏ ਹੋਣ।

ਕੁੱਝ ਵੀ ਹੋਵੇ, ਸਿੱਖਾਂ ਦੀ ਇਹ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਂਕੜੇ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿੱਚ ਆਈ ਹੈ ਇਸ ਲਈ ਇਸਦੇ ਰੱਖ ਰਖਾਵ ਲਈ ਅਜਿਹਾ ਸਿਸਟਮ ਹੋਣਾ ਚਾਹੀਦਾ ਹੈ ਜਿਸ ਲਈ ਸਿੱਖਾਂ ਨੂੰ ਕੇਂਦਰ ਦੇ ਇਸ਼ਾਰਿਆਂ ਵੱਲ ਨਾ ਝਾਕਣਾ ਪਵੇ, ਕਿਸੇ ਉੱਪਰ ਨਿਰਭਰ ਨਾ ਹੋਣਾ ਪਵੇ, ਕੇਂਦਰ ਸਰਕਾਰ ਦੇ ਬਣਾਏ (ਬਣਾਏ ਸ਼ਬਦ ਸ਼ਾਇਦ ਗਲਤ ਹੈ, ‘ਥੋਪੇ’ ਸ਼ਬਦ ਜ਼ਿਆਦਾ ਵਧੀਆ ਰਹੇਗਾ) ਚੋਣ ਕਮਿਸ਼ਨ ਅੱਗੇ ਸਮਰਪਿਤ ਹੋਣ ਦੀ ਥਾਂ ਸਿੱਖਾਂ ਨੂੰ ਜਿਤਨੀ ਜਲਦੀ ਹੋ ਸਕੇ, ਇਸ ਗੁਲਾਮੀ ਤੋਂ ਖਹਿੜਾ ਛੁਡਾ ਲੈਣਾ ਚਾਹੀਦਾ ਹੈ। ਸਿੱਖਾਂ ਨੂੰ ਆਪ ਹੀ ਕੋਈ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਬਿਨ੍ਹਾਂ ਕਿਸੇ ਰਾਜਨੀਤਿਕ ਦਖਲ ਅੰਦਾਜ਼ੀ ਤੋਂ ਆਪਣੀ ਪ੍ਰਬੰਧਕੀ ਕਮੇਟੀ ਆਪ ਬਣਾ ਸਕਣ। ਅੰਗਰੇਜ਼ਾਂ ਨੇ ਸਿੱਖਾਂ ਨੂੰ ਸੰਗਲ ਪਾਉਣ ਲਈ ਹੀ ਇਨ੍ਹਾਂ ਚੋਣਾਂ ਵਰਗੇ ਫਿੱਕੇ ਲੱਡੂਆਂ ਵਿੱਚ ਉਲਝਾਇਆ ਸੀ ਪਰ ਆਜ਼ਾਦੀ ਮਿਲਣ ਬਾਅਦ ਵੀ ਸਿੱਖਾਂ ਦੇ ਗਲੋਂ ਇਹ ਗੁਲਾਮੀ ਦਾ ਸੰਗਲ ਨਹੀਂ ਟੁੱਟਿਆ, ਆਖਰ ਕਿਧਰੇ ਸਿੱਖ ਹੀ ਇਸ ਲਈ ਦੋਸ਼ੀ ਹਨ। ਸਭ ਤੋਂ ਵੱਧ ਦੋਸ਼ੀ ਹੈ ਇੱਥੋਂ ਦੀ ਰਾਜਨੀਤਿਕ ਪਹੁੰਚ। ਜਦ ਤੱਕ ਇਸ ਸੁਧਾਰਵਾਦੀ ਕਮੇਟੀ ਨੂੰ ਰਾਜਨੀਤਿਕ ਪਾਰਟੀਆਂ ਦੇ ਗਲਬੇ ਹੇਠੋਂ ਨਹੀਂ ਕੱਢਿਆ ਜਾਂਦਾ, ਇਹ ਆਜ਼ਾਦ ਨਹੀਂ ਹੋ ਸਕਦੀ ਤੇ ਇਹ ਸਿੱਖ ਧਰਮ ਦੇ ਸੁਧਾਰ ਵੱਲ ਵੀ ਕੋਈ ਕਦਮ ਨਹੀਂ ਪੁੱਟ ਸਕਦੀ।

ਇਹੀ ਕਾਰਨ ਹੈ ਕਿ ਜਦ ਤੋਂ ਇਹ ਐਕਟ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਸਿੱਖੀ ਗਿਰਾਵਟ ਵੱਲ ਜਾ ਰਹੀ ਹੈ ਤੇ ਦੁਨੀਆਂ ਦਾ ਅਤਿ ਆਧੁਨਿਕ ਧਰਮ ਵੀ ਬਾਕੀ ਧਰਮਾਂ ਦੇ ਪਿੱਛੇ ਹੀ ਖੜ੍ਹਾ ਦਿਖਾਈ ਦੇਣ ਲੱਗ ਪਿਆ ਹੈ, ਬਲਕਿ ਬਾਕੀ ਧਰਮਾਂ ਵਾਲੇ ਸਿੱਖਾਂ ਨੂੰ ਉਨ੍ਹਾਂ ਦੀ ਦਾੜ੍ਹੀ ਕੇਸ ਰੱਖੇ ਹੋਣ ਕਰਕੇ ਹੀ ਟਿੱਚਰਾਂ ਕਰਕੇ ਪੁਰਾਤਨਵਾਦੀ ਕਹਿ ਕੇ ਚਿੜਾਉਂਦੇ ਹਨ। ਉਹ ਆਪ ਪਾਖੰਡ ਤੇ ਕਰਮਕਾਂਡ ਪੁਰਾਤਨਵਾਦੀ ਕਰਦੇ ਹਨ ਤੇ ਸਿਰਫ ਦਾੜ੍ਹੀ ਕੇਸ ਕਟਵਾ ਕੇ ਹੀ ਆਧੁਨਿਕ ਬਣਨ ਦਾ ਭਰਮ ਪਾਲਦੇ ਹਨ ਜਦਕਿ ਸਿੱਖ ਪਾਖੰਡ ਜਾਂ ਕਰਮਕਾਂਡ ਕੁੱਝ ਨਹੀਂ ਕਰਦੇ ਪਰ ਦਾਤੇ ਦੀ ਦਾਤ, ਦਾੜ੍ਹੀ ਕੇਸਾਂ ਕਰਕੇ ਹੀ ਇਨ੍ਹਾਂ ਨੂੰ ਪੁਰਾਤਨਵਾਦੀ ਕਹਿ ਦਿੱਤਾ ਜਾਂਦਾ ਹੈ। ਹਾਂ ਜੇਕਰ ਇਹ ਕਮੇਟੀ ਰਾਜਨੀਤਿਕ ਗਲਬੇ ਤੋਂ ਮੁਕਤ ਹੋਵੇ ਤੇ ਇਹ ਆਜ਼ਾਦ ਹੋ ਕੇ ਆਪਣਾ ਕਾਰਜ ਕਰੇ ਤਾਂ ਹਰ ਸਿੱਖ ਨੂੰ ਇਤਨੀ ਕੁ ਟ੍ਰੇਨਿੰਗ ਦਿੱਤੀ ਜਾਵੇ ਕਿ ਇਹ ਕਿਸੇ ਵੀ ਐਰੇ ਗੈਰੇ ਦੇ ਸਵਾਲਾਂ ਦੇ ਜਵਾਬ ਦੇ ਕੇ ਚੁੱਪ ਕਰਵਾ ਦੇਵੇ। ਪਰ ਅੱਜ ਸਿੱਖੀ ਦੇ ਪ੍ਰਚਾਰ ਦੀ ਘਾਟ ਕਾਰਨ ਬਹੁਤੇ ਸਿੱਖ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਹਨ ਇੱਥੋਂ ਤੱਕ ਕਿ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਗੁਰਮਤਿ ਬਾਰੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ।

ਚਲੋ ਜਦ ਤੱਕ ਇਹ ਸੰਗਲ ਸਿੱਖਾਂ ਦੇ ਗਲ ਵਿੱਚ ਪਿਆ ਹੋਇਆ ਹੈ ਉਦੋਂ ਤੱਕ ਅਸੀਂ ਇੱਥੇ 18 ਸਤੰਬਰ ਨੂੰ ਹੋ ਰਹੀਆਂ ਚੋਣਾਂ ਦੇ ਸਬੰਧ ਵਿੱਚ ਕੁੱਝ ਵਿਚਾਰਾਂ ਕਰਾਂਗੇ ਜਿਸ ਨਾਲ ਸਾਡੇ ਸੂਝਵਾਨ ਵੋਟਰ ਕੁੱਝ ਵਿਚਾਰ ਕੇ ਵੋਟ ਪਾ ਸਕਣ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਦੱਸ ਦੇਈਏ ਕਿ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਸਾਲ ਵਿੱਚ ਇੱਕ ਲੱਖ ਰੁਪੈ ਆਪਣੇ ਹਲਕੇ ਲਈ ਅਖਤਿਆਰੀ ਫੰਡ ਮਿਲਦਾ ਹੈ ਜਿਸ ਵਿੱਚੋਂ ਉਸਨੇ ਅੱਧਾ ਗੁਰਦੁਆਰਿਆਂ, ਧਰਮਸ਼ਾਲਾਵਾਂ ਆਦਿ ਲਈ ਦਰੀਆਂ, ਬਰਤਨ, ਟਾਟ, ਧਾਰਮਿਕ ਕਿਤਾਬਾਂ ਆਦਿ ਲਈ ਖਰਚ ਕਰਨਾ ਹੁੰਦਾ ਹੈ ਤੇ ਬਾਕੀ ਅੱਧੇ ਫੰਡ ਦੀ ਰਾਸ਼ੀ ਗਰੀਬ ਬੱਚਿਆਂ ਦੀ ਫੀਸ, ਗਰੀਬ ਬੱਚਿਆਂ ਨੂੰ ਕਿਤਾਬਾਂ, ਕਿਸੇ ਲੋੜਵੰਦ ਲਈ ਵਰਦੀ ਜਾਂ ਕਿਸੇ ਗਰੀਬ ਵਿਅਕਤੀ ਦੇ ਇਲਾਜ਼ ਲਈ ਲਾਈ ਜਾ ਸਕਦੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਹੁਣ ਤੱਕ ਬਣੀਆਂ ਕਮੇਟੀਆਂ ਦੇ ਇਨ੍ਹਾਂ ਮੈਂਬਰਾਂ ਨੇ ਕਦੇ ਕੋਈ ਪੈਸਾ ਕਿਧਰੇ ਲਾਇਆ ਵੀ ਹੈ? ਇਸਦਾ ਜਵਾਬ ਬੜਾ ਹੀ ਖਤਰਨਾਕ ਹੈ। ਕਈ ਮੈਂਬਰਾਂ ਨਾਲ ਗੱਲਬਾਤ ਕੀਤੀ ਪਰ ਸਿੱਟਾ ਉਮੀਦ ਨਾਲੋਂ ਵੀ ਮਾੜਾ ਮਿਲਿਆ।

ਇੱਕ ਮੈਂਬਰ ਨੇ ਦੱਸਿਆ ਕਿ ਫੰਡ ਕਦੇ ਮਿਲਦਾ ਹੈ ਕਦੇ ਨਹੀਂ ਮਿਲਦਾ, ਕਦੇ ਕਦੇ ਤਾਂ ਮੀਟਿੰਗ ਵਿੱਚ ਗਿਆਂ ਦੇ ਹੀ ਦਸਤਖਤ ਕਰਵਾ ਲਏ ਜਾਂਦੇ ਹਨ ਤੇ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡਾ ਫੰਡ ‘ਫਲਾਣੇ ਫਲਾਣੇ’ (ਲੰਗਰਾਂ, ਮੀਟਿੰਗਾਂ, ਜਾਂ ਕਿਸੇ ਹੋਰ ਧਾਰਮਿਕ ਕਾਰਜ ’ਤੇ) ਥਾਂ ’ਤੇ ਖਰਚ ਹੋ ਗਿਆ ਹੈ ਤੇ ਉਹ ਚੁੱਪ ਚਾਪ ਦਸਤਖਤ ਕਰਕੇ ਵਾਪਸ ਆ ਜਾਂਦੇ ਹਨ ਤੇ ਕਈ ਵਾਰ ਫੰਡ ਮਿਲਿਆ ਉਹ ਖਰਚ ਕਰ ਦਿੱਤਾ। ਇੱਕ ਲੱਖ ਰੁਪੈ ਦਾ ਮਾਜਨਾ ਹੀ ਕੀ ਹੈ? ਰਾਮਪੁਰਾ ਨਾਲ ਸਬੰਧਤ ਇੱਕ ਮੈਂਬਰ ਨੇ ਦੱਸਿਆ ਕਿ ਅਖਤਿਆਰੀ ਫੰਡ ਤਾਂ ਮਿਲਦਾ ਹੈ ਪਰ ਹਲਕੇ ਵਿੱਚ ਜਾਣ ਲਈ ਨਾ ਤੇਲ, ਨਾ ਕਾਰ, ਨਾ ਮੋਬਾਈਲ। ਸਭ ਪੱਲਿਓਂ ਹੀ ਖਰਚ ਕਰਨਾ ਪੈਂਦਾ ਹੈ, ਬਸ ਸੇਵਾ ਹੀ ਕਰਦੇ ਹਾਂ। ਇੱਕ ਹੋਰ ਮੈਂਬਰ ਨੇ ਕਿਹਾ ਕਿ ਅੱਧਾ ਫੰਡ ਜੋ ਗੁਰੂ ਘਰਾਂ ਨੂੰ ਦੇਣਾ ਹੁੰਦਾ ਹੈ ਉਹ ਤਾਂ ਦੇ ਦਿੰਦੇ ਹਾਂ ਪਰ ਜੋ ਅੱਧਾ ਫੰਡ ਹੋਰ ਥਾਵਾਂ (ਗਰੀਬਾਂ,ਮਰੀਜਾਂ ਆਦਿ) ’ਤੇ ਲਾਉਣਾ ਹੁੰਦਾ ਹੈ ਉਹ ਕਦੇ ਵੀ ਨਹੀਂ ਲਾਇਆ ਕਿਉਂਕਿ ਜੇਕਰ ਇੱਕ ਬੱਚੇ ਦੀ ਫੀਸ ਭਰ ਦਿੱਤੀ ਤਾਂ ਬਾਕੀ ਦੇ ਦਸ ਨਾਰਾਜ਼ ਹੋ ਜਾਂਦੇ ਹਨ। ਇੱਕ ਪਿੰਡ ਵਿੱਚ ਗੁਰਦੁਆਰਾ ਤਾਂ ਇੱਕ ਹੀ ਹੁੰਦਾ ਹੈ ਪਰ ਬੱਚੇ ਤਾਂ ਸੈਂਕੜੇ ਹੁੰਦੇ ਹਨ ਇਸ ਲਈ ਬੱਚਿਆਂ ਵਾਲੇ ਪਾਸੇ ਘੱਟ ਹੀ ਧਿਆਨ ਦੇਈਦਾ ਹੈ। ਇੱਕ ਹੋਰ ਬਾਦਲ ਪੱਖੀ ਮੈਂਬਰ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਕੋਈ ਘਾਟ ਨਹੀਂ ਜਿੱਥੇ ਵੀ ਕਿਸੇ ਢਾਡੀ ਜਾਂ ਰਾਗੀ ਦੀ ਮੰਗ ਆਉਂਦੀ ਹੈ ਤਾਂ ਝੱਟ ਭੇਜ ਦਿੰਦੇ ਹਾਂ। ਉਸ ਦੀ ਨਜ਼ਰ ਵਿੱਚ ਸਿਰਫ ਰਾਗੀ ਤੇ ਢਾਡੀ ਭੇਜਣਾ ਹੀ ਧਰਮ ਪ੍ਰਚਾਰ ਹੈ। ਉਹ ਇਹ ਵੀ ਨਹੀਂ ਮੰਨਦਾ ਕਿ ਅੰਮ੍ਰਿਤਸਰ ਗਿਆ ਕੋਈ ਯਾਤਰੀ ਕਮਰੇ ’ਚ ਰਹਿਣ ਤੋਂ ਬਗੈਰ ਵਾਪਸ ਆਇਆ ਹੋਵੇ।

ਆਮ ਕਰਕੇ ਸਿੱਖਾਂ ਅਤੇ ਹੋਰ ਲੋਕਾਂ ਦੀ ਇਹੀ ਸ਼ਿਕਾਇਤ ਆਮ ਰਹੀ ਹੈ ਕਿ ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਕਿਸੇ ਵੀ ਸਰਾਂ ਵਿੱਚ ਕਮਰਾ ਨਹੀਂ ਮਿਲਦਾ। ਪਹਿਲਾਂ ਤਾਂ ਇਹੀ ਸਮਝਿਆ ਜਾਂਦਾ ਸੀ ਕਿ ਉੱਥੋਂ ਦੇ ਮੁਲਾਜ਼ਮ ਜਾਣ ਬੁੱਝ ਕੇ ਕਮਰਾ ਨਹੀਂ ਦਿੰਦੇ। ਇਹ ਵੀ ਸਹੀ ਹੈ ਲੇਕਿਨ ਇੱਕ ਮੈਂਬਰ ਨੇ ਖੁਲਾਸਾ ਕੀਤਾ ਹੈ ਕਿ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹੀ ਕਈ ਕਈ ਕਮਰਿਆਂ ’ਤੇ ਕਬਜ਼ੇ ਕੀਤੇ ਹੋਏ ਹਨ ਤੇ ਉਹ ਚਾਬੀਆਂ ਆਪਣੇ ਖੀਸੇ ਵਿੱਚ ਪਾ ਕੇ ਚਲਦੇ ਬਣਦੇ ਹਨ, ਮਹੀਨੇ ਬਾਅਦ ਹੀ ਜਾ ਕੇ ਖੋਲ੍ਹਦੇ ਹਨ। ਉਸਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਹ ਸ਼ਿਕਾਇਤਾਂ ਕੀਤੀਆਂ ਵੀ ਹਨ ਪਰ ਕੋਈ ਸੁਣਵਾਈ ਨਹੀਂ ਹੁੰਦੀ। ਹੁਣ ਇਹ ਸੁਆਲ ਉਠਦਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਗੱਲ ਸੁਣਨੀ ਹੀ ਨਹੀ ਤਾਂ ਇਸ ਸਿਸਟਮ ਨੂੰ ਸੁਧਾਰਵਾਦੀ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਕਮੇਟੀ ਦਾ ਗਠਨ ਸਿੱਖੀ ਵਿੱਚ ਪ੍ਰਪੱਕ ਕਰਨ ਲਈ, ਪ੍ਰਚਾਰ ਅਤੇ ਇਸਦੇ ਸਿਧਾਂਤਾਂ ’ਤੇ ਪਹਿਰਾ ਦੇਣ ਲਈ ਕੀਤਾ ਜਾਂਦਾ ਹੈ।

ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੁਆਰਾ ਚੋਣ ਪ੍ਰਚਾਰ ਕਰਨ ਦਾ ਢੰਗ ਅਤੇ ਲੋਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਬਾਰੇ। ਕਈ ਉਮੀਦਵਾਰਾਂ ਨਾਲ ਜਾ ਕੇ ਉਨ੍ਹਾਂ ਦੁਆਰਾ ਕੀਤਾ ਜਾ ਰਿਹਾ ਪ੍ਰਚਾਰ, ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਮੰਗਾਂ ਅਤੇ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਵਾਅਦਿਆਂ ਬਾਰੇ ਸੁਣਿਆ। ਤੁਸੀਂ ਹੈਰਾਨ ਰਹਿ ਜਾਓਗੇ ਕਿ ਇਨ੍ਹਾਂ ਮੰਗਾਂ, ਪ੍ਰਚਾਰ ਤੇ ਵਾਅਦੇ ਆਪਸ ਵਿੱਚ ਮੇਲ ਹੀ ਨਹੀਂ ਖਾਂਦੇ। ਤੇ ਜੇਕਰ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਮੰਗਾਂ ਵੱਲ ਧਿਆਨ ਮਾਰਿਆ ਜਾਵੇ ਤਾਂ ਲਗਦਾ ਹੈ ਕਿ ਉਨ੍ਹਾਂ ਦਾ ਖੂਨ ਵੀ ਬਿੱਲਕੁੱਲ ਠੰਢਾ ਹੋ ਚੁੱਕਾ ਹੈ ਤੇ ਜ਼ਮੀਰ ਵੀ ਬੱਸ ਆਖਰੀ ਸਾਹਾਂ ’ਤੇ ਹੈ। ਚਲਾਕ ਰਾਜਨੀਤਿਕ ਨੇਤਾ ਇਸੇ ਉਡੀਕ ਵਿੱਚ ਹੈ ਕਿ ਕਦੋਂ ਇਨ੍ਹਾਂ ਦੀ ਜ਼ਮੀਰ ਮਰੇ ਤੇ ਉਹ ਆਪਣੀ ਮਨ ਮਰਜ਼ੀ ਕਰੇ। ਪ੍ਰਚਾਰ ਦੌਰਾਨ ਉਮੀਦਵਾਰ ਦੁਆਰਾ ਸ਼੍ਰੋਮਣੀ ਕਮੇਟੀ ਦੇ ਗਠਨ, ਗਠਨ ਲਈ ਦਿੱਤੀਆਂ ਕੁਰਬਾਨੀਆਂ ਅਤੇ ਪਿਛਲੇ ਸਿੱਖਾਂ ਦੁਆਰਾ ਘਾਲੀਆਂ ਘਾਲਨਾਵਾਂ ਦਾ ਜਿਕਰ ਪਹਿਲਾਂ ਕੀਤਾ ਜਾਂਦਾ ਹੈ। ਇਹ ਬੜੇ ਫਖਰ ਨਾਲ ਕਿਹਾ ਜਾਂਦਾ ਹੈ ਕਿ ਇਹ ਕਮੇਟੀ ਸਿਰਫ ਸਿੱਖਾਂ ਦੀ ਬਣੀ ਹੈ ਤੇ ਅਜਿਹੀਆਂ ਕਮੇਟੀਆਂ ਸਿਰਫ ਸ਼ੇਰਾਂ ਤੇ ਦਲੇਰਾਂ ਦੀਆਂ ਬਣਦੀਆਂ ਹਨ, ਗੈਰਾਂ ਦੀਆਂ ਨਹੀਂ। ਲੋਕ ਬੜੇ ਖੁਸ਼ ਹੁੰਦੇ ਹਨ। ਜਦ ਗੱਲ ਆਉਂਦੀ ਹੈ ਸਵਾਲ ਜਵਾਬ ਦੀ ਤਾਂ ਲੋਕਾਂ ਦੀ ਸਭ ਤੋਂ ਅਹਿਮ, ਸਿਰਕੱਢ ਤੇ ਵੱਡੀ ਮੰਗ ਹੁੰਦੀ ਹੈ ਕਿ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਜਾਣ ’ਤੇ ਸਰਾਂ ਵਿੱਚ ਕਮਰਾ ਨਹੀਂ ਮਿਲਦਾ। ਭਾਵ ਐਸ਼ੋ ਆਰਾਮ ਹੀ ਹੁਣ ਮੁੱਖ ਟੀਚਾ ਹੈ। ਘਰੋਂ ਬਾਹਰ ਇੱਕ ਰਾਤ ਵੀ ਉਹ ਪੂਰੇ ਸੁੱਖ ਨਾਲ ਕੱਟਣਾ ਚਾਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਮੰਗ ਕੋਈ ਬਹੁਤੀ ਵੱਡੀ ਮੰਗ ਨਹੀਂ। ਕਮਰਾ ਨਾ ਵੀ ਹੋਵੇ ਤਾਂ ਸਰ ਸਕਦਾ ਹੈ, ਇੱਕ ਰਾਤ ਤਾਂ ਕਿਤੇ ਵੀ ਗੁਜ਼ਾਰੀ ਜਾ ਸਕਦੀ ਹੈ, ਨਾਲੇ ਦਰਬਾਰ ਸਾਹਿਬ ਤਾਂ ਰਾਤ ਗੁਜ਼ਾਰਨੀ ਕੋਈ ਔਖੀ ਨਹੀਂ ਉੱਥੇ ਤਾਂ ਸਾਰੀ ਸਾਰੀ ਰਾਤ ਪਾਠ, ਸੇਵਾ ਤੇ ਲੰਗਰ ਆਦਿ ਚਲਦੇ ਰਹਿੰਦੇ ਹਨ, ਕਿਤੇ ਵੀ ਸਮਾਂ ਗੁਜ਼ਾਰਿਆ ਜਾ ਸਕਦਾ ਹੈ।

ਜੇਕਰ ਲੋਕਾਂ ਵਿੱਚ ਸਿੱਖੀ ਸਪਿਰਟ ਖਤਮ ਹੋ ਗਿਆ ਹੈ ਤਾਂ ਹੀ ਤਾਂ ਇਹ ਘਟੀਆ ਮੰਗਾਂ ਰੱਖੀਆਂ ਜਾ ਰਹੀਆਂ ਹਨ। ਹਿਸਾਬ ਲਗਾਓ ਜਦ ਉੱਥੇ ਇੱਕ ਹਰਮਿੰਦਰ ਸਾਹਿਬ ਦੀ ਇਮਾਰਤ ਹੀ ਹੋਵੇਗੀ, ਆਸ ਪਾਸ ਪੱਕਾ ਫਰਸ਼ ਵੀ ਨਹੀਂ ਹੋਵੇਗਾ, ਥੋੜ੍ਹੀ ਜਿਹੀ ਹਵਾ ਨਾਲ ਹੀ ਧੂੜ ਮਿੱਟੀ ਉਡਦੀ ਹੋਵੇਗੀ ਉਸ ਸਮੇਂ ਕੀ ਹਾਲ ਹੁੰਦਾ ਹੋਵੇਗਾ? ਉਸ ਸਮੇਂ ਕਾਬਲ ਕੰਧਾਰ ਤੋਂ ਵੀ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਸਨ ਤੇ ਉਹ ਤਾਂ ਕਈ ਕਈ ਦਿਨ, ਹਫਤੇ ਉੱਥੇ ਰਹਿੰਦੇ ਸਨ, ਫਿਰ ਉਹ ਕਿਸ ਤਰ੍ਹਾਂ ਰਹਿੰਦੇ ਹੋਣਗੇ? ਕੀ ਉਹ ਵੀ ਕਮਰਿਆਂ ਵਿੱਚ ਸੌਂਦੇ ਸਨ? ਨਹੀਂ। ਉਨ੍ਹਾਂ ਵਿੱਚ ਸਿੱਖੀ ਸਪਿਰਟ ਸੀ, ਸੇਵਾ ਭਾਵਨਾ ਸੀ, ਉਹ ਹਰ ਪਲ ਗੁਰੂ ਚਰਨਾਂ ਵਿੱਚ ਸੇਵਾ ਕਰਕੇ ਗੁਜ਼ਾਰਨਾ ਆਪਣੇ ਵੱਡੇ ਭਾਗ ਸਮਝਦੇ ਸਨ। ਪਰ ਹੁਣ ਸਿਰਫ ‘ਮੱਥਾ ਟੇਕਣਾ’ ਤੇ ਵੱਧ ਤੋਂ ਵੱਧ ਮਾਇਆ ਅਰਦਾਸ ਕਰਵਾਉਣੀ ਹੀ ਵੱਡੇ ਭਾਗ ਸਮਝੇ ਜਾਂਦੇ ਹਨ। ਇਸੇ ਕਰਕੇ ਸਾਡੀ ਸੋਚ ਇਤਨੀ ਹੇਠਾਂ ਡਿੱਗ ਪਈ ਹੈ ਕਿ ਅਸੀਂ ਕਮੇਟੀ ਮੈਂਬਰ ਉਮੀਦਵਾਰਾਂ ਕੋਲੋਂ ਕੋਈ ਚੰਗੀ ਮੰਗ ਵੀ ਨਹੀਂ ਮੰਗਦੇ। ਜੇਕਰ ਉਮੀਦਵਾਰਾਂ ਦੇ ਵਾਅਦਿਆਂ ਦੀ ਗੱਲ ਕਰੀਏ ਤਾਂ ਇਥੇ ਵੀ ਉਨ੍ਹਾਂ ਵਿੱਚ ਬਹੁਤੀ ਪਾਏਦਾਰ ਸਮਝ ਨਹੀਂ ਦੇਖੀ ਗਈ। ਪਹਿਲੀ ਗੱਲ ਤਾਂ ਬਾਦਲ ਪੱਖੀ ਉਮੀਦਵਾਰ ਵਾਅਦੇ ਕਰਦੇ ਹੀ ਨਹੀਂ ਕਿਉਂਕਿ ਉਨ੍ਹਾਂ ਪਤਾ ਹੀ ਹੈ ਕਿ ਜਿੱਤ ਉਨ੍ਹਾਂ ਦੀ ਹੀ ਹੋਣੀ ਹੈ, ਮੁਕਾਬਲਾ ਬਹੁਤ ਦੂਰ ਦੀ ਗੱਲ ਹੈ ਤਾਂ ਕੋਈ ਅਜਿਹਾ ਵਾਅਦਾ ਕਿਉਂ ਕਰੀਏ ਜਿਸ ਲਈ ਬਾਅਦ ਵਿੱਚ ਜੁਆਬਦੇਹ ਹੋਣਾ ਪਵੇ, ਫਿਰ ਵੀ ਉਹ ਗੁਰਦੁਆਰਿਆਂ ਉੱਪਰ ਹੀ ਪੈਸਾ ਲਗਾ ਕੇ ਵਧੀਆ ਬਣਾਉਣ ਦੇ ਵਾਅਦੇ ਹੀ ਕਰਦੇ ਹਨ, ਤੇ ਕਹਿੰਦੇ ਹਨ ਕਿ ਅੰਮ੍ਰਿਤਸਰ ਸਾਹਿਬ ਹੁਣ ਆਮ ਕਮਰੇ ਨਹੀਂ ਏ ਸੀ ਕਮਰੇ ਮਿਲਿਆ ਕਰਨਗੇ।

ਹੁਣ ਭਾਵੇਂ ਕਿਤਨੇ ਵੀ ਸਿੱਖ ਪਹੁੰਚ ਜਾਣ ਕਮਰਿਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਹੁਣ ਲੰਗਰ ਹਾਲ ਵੀ ਏ.ਸੀ. ਕਰ ਦਿੱਤੇ ਜਾਣਗੇ। ਵਿਦਿਅਕ ਖੇਤਰ ਵਿੱਚ ਹੋਰ ਕੰਮ ਕੀਤੇ ਜਾਣਗੇ। ਭਾਵ ਕਿ ਹੁਣ ਸੁੱਖ ਸਹੂਲਤਾਂ ਹੀ ਮੁੱਖ ਮੁੱਦਾ ਰਹਿ ਗਿਆ ਹੈ, ਸਿੱਖੀ ਨੂੰ ਸਮਰਪਿਤ ਤੇ ਸੁਧਾਰਕ ਗਿਆਨੀ ਦਿੱਤ ਸਿੰਘ ਵਰਗਿਆਂ ਦੁਆਰਾ ਸ਼ੁਰੂ ਕੀਤਾ ਸਿੱਖੀ ਸੁਧਾਰ ਦਾ ਕੰਮ ਕਿਧਰੇ ਪਿੱਛੇ ਹੀ ਰਹਿ ਗਿਆ ਹੈ। ਪੰਥਕ ਉਮੀਦਵਾਰਾਂ ਨੇ ਤਾਂ ਹਾਲੇ ਪ੍ਰਚਾਰ ਸ਼ੁਰੂ ਹੀ ਨਹੀਂ ਕੀਤਾ। ਇਸ ਪ੍ਰਚਾਰ ਦੌਰਾਨ ਨਾ ਤਾਂ ਨੌਜਵਾਨਾਂ ਲਈ ਕੋਈ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ, ਜਿਹੜੇ ਦਲਿਤ ਸਿੱਖੀ ਛੱਡ ਕੇ ਡੇਰਿਆਂ ਦੇ ਪ੍ਰਭਾਵ ਹੇਠ ਆ ਗਏ ਹਨ, ਨਾ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੋਈ ਪ੍ਰੋਗਰਾਮ ਹੈ, ਦਲਿਤ ਬੱਚਿਆਂ ਦੀ ਪੜ੍ਹਾਈ ਲਈ ਕੋਈ ਪ੍ਰੋਗਰਾਮ ਨਹੀਂ ਜਿਸ ਕਾਰਨ ਉਹ ਸਿੱਖੀ ਪ੍ਰਤੀ ਖਿੱਚੇ ਆਉਣ, ਕਹਿਣ ਨੂੰ ਤਾਂ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੀ ਪੜ੍ਹਾਈ ਸਸਤੀ ਹੈ ਪਰ ਬਹੁਤਿਆਂ ਕਾਲਜਾਂ ਦੀ ਫੀਸ ਆਮ ਕਾਲਜ਼ਾਂ ਨਾਲੋਂ ਵੀ ਵੱਧ ਹੈ, ਅਤਿ ਆਧੁਨਿਕ ਧਰਮ ਦੇ ਬਹੁਤੇ ਵਿਦਿਅਕ ਅਦਾਰਿਆਂ ਦੀ ਹਾਲੇ ਤੱਕ ਵੈਬਸਾਈਟ ਹੀ ਨਹੀਂ ਬਣਾਈ ਗਈ ਜਦਕਿ ਕਈ ਛੋਟੇ ਛੋਟੇ ਨਿੱਜੀ ਪ੍ਰਾਈਵੇਟ ਸਕੂਲਾਂ ਦੀਆਂ ਵਧੀਆ ਵਧੀਆ ਵੈਬਸਾਈਟਾਂ ਬਣੀਆਂ ਹੋਈਆਂ ਹਨ।

ਨੌਜਵਾਨ ਬੱਚੇ ਬੱਚੀਆਂ ਲਈ ਉਨ੍ਹਾਂ ਦੇ ਭਵਿੱਖ ਬਾਰੇ ਕੁੱਝ ਵੀ ਸੇਧ ਦਿੰਦਾ ਕੋਈ ਅਜਿਹਾ ਕੇਂਦਰ ਨਹੀਂ ਜਿੱਥੇ ਉਹ ਆਪਣੇ ਭਵਿੱਖ ਬਾਰੇ ਕੋਈ ਯੋਜਨਾ ਬਣਾ ਸਕਣ। ਚਾਹੀਦਾ ਤਾਂ ਇਹ ਸੀ ਕਿ ਸਿੱਖ ਬੱਚਿਆਂ ਲਈ ਹਰ ਕਾਲਜ਼ ਜਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਿਦਿਅਕ ਪੱਧਰ ’ਤੇ ਭਵਿੱਖ ਦੀਆਂ ਯੋਜਨਾਵਾਂ ਦੱਸਣ ਸਮਝਾਉਣ ਲਈ ਕੇਂਦਰ ਖੋਲ੍ਹੇ ਜਾਣ। ਸਿੱਖੀ ਸਿਧਾਂਤਾਂ ਉੱਪਰ ਡੱਟ ਕੇ ਪਹਿਰਾ ਦਿੱਤਾ ਜਾਵੇ। ਕੇਸਧਾਰੀ ਦਲਿਤਾਂ ਅਤੇ ਗਰੀਬ ਬੱਚਿਆਂ ਨੂੰ ਬਿੱਲਕੁੱਲ ਮੁਫਤ ਪੜ੍ਹਾਈ ਕਰਵਾਈ ਜਾਵੇ ਤਾਂ ਕਿ ਉਹ ਇਸੇ ਬਹਾਨੇ ਸਿੱਖੀ ਨਾਲ ਜੁੜੇ ਰਹਿਣ। ਨਾਲੇ ਦਲਿਤ ਸਿੱਖ ਹੀ ਸਿੱਖੀ ਦੀ ਬਹੁਤ ਵੱਡੀ ਜਾਇਦਾਦ ਹਨ ਜਿਸਨੂੰ ਗੁਰੂ ਸਾਹਿਬਾਨਾਂ ਨੇ ਹਰ ਜੰਗ ਯੁੱਧ ਵਿੱਚ ਮੂਹਰੇ ਰੱਖਿਆ ਸੀ ਪਰ ਹੁਣ ਇਨ੍ਹਾਂ ਦਲਿਤ ਸਿੱਖਾਂ ਦੇ ਮਨ ਵਿੱਚ ਕਿਧਰੇ ਬਿਗਾਨੇਪਣ ਦੀ ਭਾਵਨਾ ਪ੍ਰਗਟ ਹੋ ਗਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਵੱਡੇ ਵੱਡੇ ਡੇਰੇਦਾਰਾਂ ਨੇ ਇਸ ਸੰਪਤੀ ਨੂੰ ਸਮਝ ਲਿਆ ਹੈ ਅਤੇ ਗੁਰੂ ਸਾਹਿਬਾਂ ਦੀ ਸਭ ਤੋਂ ਪਿਆਰੀ ਇਸ ਸੰਪਤੀ ਨੂੰ ਹਾਈਜੈਕ ਕਰ ਲਿਆ ਹੈ। ਵੈਸੇ ਤਾਂ ਹੁਣ ਕਹਿੰਦੇ ਕਹਾਉਂਦੇ ਸਿੱਖਾਂ ਦੇ ਬੱਚੇ ਵੀ ‘ਸਿੱਖ’ ਨਹੀਂ ਰਹੇ ਪਰ ਇਨ੍ਹਾਂ ਦਲਿਤਾਂ ਦੇ ਬੱਚੇ ਵੀ ਹੀਣਭਾਵਨਾ ਵੱਸ ਸਿੱਖੀ ਤੋਂ ਮੁਨਕਰ ਹੋ ਰਹੇ ਹਨ।

ਸਾਡੀ ਤਾਂ ਸਿੱਖਾਂ ਨੂੰ ਇਹੋ ਹੀ ਅਪੀਲ ਹੈ ਕਿ ਉਹ ਸਰਸਰੀ ‘ਹਾਂ-ਹਾਂ’ ਕਹਿਣ ਨਾਲੋਂ ਥੋੜ੍ਹਾ ਬਹੁਤ ਉਮੀਦਵਾਰਾਂ ਬਾਰੇ ਜਾਣਕਾਰੀ ਹਾਸਲ ਕਰ ਲੈਣ ਅਤੇ ਸਿੱਖੀ ਨੂੰ ਸਮਰਪਿਤ ਉਮੀਦਵਾਰਾਂ ਨੂੰ ਪਰਖ ਕੇ ਹੀ ਆਪਣਾ ਕੀਮਤੀ ਵੋਟ ਪਾਉਣ। ਬਾਕੀ ਵਿਧਾਨ ਸਭਾ, ਲੋਕ ਸਭਾ ਆਦਿ ਦੀਆਂ ਵੋਟਾਂ ਤਾਂ ਮਿਥੇ ਸਮੇਂ ਭਾਵ ਹਰ ਪੰਜ ਸਾਲ ਬਾਅਦ ਪੈ ਜਾਂਦੀਆਂ ਹਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਪਤਾ ਨਹੀਂ ਕਿਤਨੇ ਸਾਲ ਕੋਈ ਬਾਤ ਹੀ ਨਾ ਪੁੱਛੇ। ਇਸ ਲਈ ਸਾਵਧਾਨ! ਸਾਵਧਾਨ! ਸਾਵਧਾਨ!

ਅਵਤਾਰ ਸਿੰਘ ਤੁੰਗਵਾਲੀ
98557-58064


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top