Share on Facebook

Main News Page

ਅਖੇ, ਗੁਰੂ ਅਮਰਦਾਸ ਜੀ ਨੇ ਅਪਣੇ ਕਮਰੇ ਦੇ ਬਾਹਰ ਲਿਖਵਾ ਦਿਤਾ ਸੀ ਕਿ ਜੋ ਕੋਈ ਵੀ ਇਸ ਦਰਵਾਜੇ ਨੂੰ ਖੋਲੇਗਾ ਉਸ ਦਾ ਬੰਸ ਨਾਸ਼ ਹੋ ਜਾਵੇਗਾ

(ਧਰਮ ਪ੍ਰਚਾਰ ਦੇ ਨਾਮ ਤੇ ਲਖਾਂ ਕਰੋੜਾਂ ਰੁਪਿਆ ਬਰਬਾਦ ਕਰਨ ਵਾਲੀ ਸ਼੍ਰੋਮਣੀ ਕਮੇਟੀ, ਸਿੱਖ ਇਤਿਹਾਸ ਨੂੰ ਮਿੱਟੀ ਵਿਚ ਰੋਲਣ ਲਈ ਕਮਰ ਕੱਸਾ ਕਰ ਚੁਕੀ ਹੈ।)

ਖਾਲਸਾ ਜੀ! ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਦੇ ਨਾਮ ਤੇ ਸਿੱਖਾਂ ਨੂੰ, ਉਹ ਵਿਕ੍ਰਤ ਇਤਿਹਾਸ ਪੇਸ਼ ਕਰ ਰਹੀ ਹੈ ਜਿਸਦਾ ਨਾਂ ਕੋਈ ਪ੍ਰਮਾਣ ਹੈ ਤੇ ਨਾਂ ਹੀ ਕੋਈ ਪ੍ਰਮਾਣਿਕ ਸ੍ਰੋਤ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਾਸਿਕ ਕਿਤਾਬ "ਗੁਰਮਤਿ ਪ੍ਰਕਾਸ਼" ਦਾ ਅਗਸਤ 2011 ਦਾ ਅੰਕ 5ਵਾਂ ਪੜ੍ਹਿਆ, ਜੋ ਅਲੂਲ ਜਲੂਲ ਇਤਿਹਾਸ ਅਤੇ ਲੇਖਾਂ ਨਾਲ ਭਰਿਆ ਹੋਇਆ ਹੈ। ਇਹ ਕਿਤਾਬ ਅਕਸਰ "ਅਖੌਤੀ ਦਸਮ ਗ੍ਰੰਥ" ਦਾ ਪ੍ਰਚਾਰ ਕਰਦੀ ਹੈ, ਲੇਕਿਨ ਪੇਜ ਨ.49 ਤੇ ਲਿਖੀਆ ਗੁਰੂ ਅਮਰ ਦਾਸ ਜੀ ਬਾਰੇ, ਸਿੱਖ ਇਤਿਹਾਸ ਪੜ੍ਹ ਕੇ ਤੇ ਇਸ ਕਿਤਾਬ ਦੇ ਸੰਪਾਦਕ ਦੇ "ਗੁਰਮਤਿ ਗਿਆਨ" ਤੇ ਤਰਸ ਆਂਉਦਾ ਹੈ। ਇਹੋ ਜਹੇ ਗੁਰਮਤਿ ਤੇ ਸਿਧਾਂਤ ਪੱਖੋ ਕੋਰੇ ਲੋਕਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਸ ਯੋਗਤਾ ਦੇ ਅਧਾਰ ਤੇ ਇਸ ਕਿਤਾਬ ਦਾ ਸੰਪਾਦਕ ਬਣਾਇਆ ਹੋਇਆ ਹੈ। ਜੋ ਐਰਾ ਗੈਰਾ ਸਿਧਾਂਤ ਹੀਣ ਇਤਿਹਾਸ ਨੂੰ ਬਿਨਾਂ "ਮੋਡਰੇਟ" ਕੀਤਿਆਂ ਛਾਪੀ ਜਾ ਰਹੇ ਨੇ।

ਇਸ ਲੇਖ ਵਿਚ ਲਿਖਿਆ ਹੋਇਆ ਹੈ ਕਿ:

"ਇਥੇ ਆ ਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਕੇ, ਉਸ ਨੂੰ ਬਾਹਰੋਂ ਬੰਦ ਕਰਵਾ ਦਿੱਤਾ ਸੀ ਅਤੇ ਆਪ ਨੇ ਅਪਣੀ ਸੰਗਤ ਨੂੰ ਉਸ ਕਮਰੇ ਦਾ ਬੂਹਾ ਨਾਂ ਖੋਲਣ ਦਾ ਆਦੇਸ਼ ਕਰਦਿਆਂ ਕਮਰੇ ਦੇ ਬਾਹਰ ਲਿਖਵਾ ਦਿਤਾ ਸੀ ਕਿ ਜੋ ਕੋਈ ਵੀ ਇਸ ਦਰਵਾਜੇ ਨੂੰ ਖੋਲੇਗਾ ਉਸ ਦਾ ਬੰਸ ਨਾਸ਼ ਹੋ ਜਾਵੇਗਾ।"

ਕਰੋੜਾਂ ਰੁਪਿਆ ਖਰਚ ਕਰਕੇ ਕੀ ਇਹੋ ਜਹਿਆ ਸਿੱਖ ਇਤਿਹਾਸ ਸਿੱਖਾਂ ਨੂੰ ਸਿਖਾਇਆ ਤੇ ਪੜ੍ਹਾਇਆ ਜਾ ਰਿਹਾ ਹੈ? ਗੁਰਦੁਆਰਿਆਂ ਦੇ ਬਾਹਰ ਬੋਰਡ ਲਾ ਲਾ ਕੇ ਇਹੋ ਜਿਹਾ ਇਤਿਹਾਸ ਪਤਾ ਨਹੀ ਕਦੋਂ ਤੋਂ ਭੋਲੇ ਭਾਲੇ ਸਿੱਖ ਸ਼ਰਧਾਲੂਆਂ ਦੇ ਮੰਨ ਵਿਚ ਭਰਿਆ ਜਾ ਰਿਹਾ ਹੈ।

ਕੀ ਉਹ ਮਹਾਨ ਸਿੱਖ ਗੁਰੂ ਜੋ "ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥" ਦੇ ਸਿਧਾਂਤ ਤੇ ਚਲ ਕੇ ਸਿੱਖਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇੰਦਾ ਹੋਵੇ:

ਪਉੜੀ ॥ ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ॥੧੯॥ ਅੰਕ 556

ਕੀ ਉਹ ਗੁਰੂ ਅਪਣੇ ਸਿੱਖਾਂ ਪ੍ਰਤੀ ਇਨਾਂ ਕੌੜਾ ਵੀ ਹੋ ਸਕਦਾ ਹੈ ? ਸਿਰਫ ਉਸ ਦਾ ਦਰਵਾਜਾ ਖੋਲਣ ਦੀ ਸਜਾ , ਉਹ ਅਪਣੇ ਸਿੱਖ ਨੂੰ ਬੰਸ ਨਾਸ਼ ਹੋ ਜਾਂਣ ਦਾ ਸ਼ਰਾਪ (ਜੋ ਸਿੱਖ ਸਿਧਾਂਤ ਹੀ ਨਹੀ ਹੈ) ਦੇਂਦਾ ਹੋਵੇ।
ਇਸ ਇਤਿਹਾਸ ਵਿਚ ਅਗੇ ਹੋਰ ਬਹੁਤ ਕੁਝ ਸਿਧਾਂਤ ਹੀਣ ਗਪੋੜ ਮਾਰ ਗਏ ਹਨ। ਇਕ ਥਾਂ ਤੇ "ਕਿੱਲੀ ਸਾਹਿਬ" ਗੁਰਦਵਾਰੇ ਦਾ ਇਤਿਹਾਸ ਲਿਖਿਆ ਹੈ ਕੇ:

"ਗੁਰਦਆਰਾ ਚੁਬਾਰਾ ਸਾਹਿਬ ਦੇ ਬਾਹਵਾਰ ਇਕ ਦੀਵਾਰ "ਤੇ ਗੁਰੂ ਅਮਰਦਾਸ ਜੀ ਦੀ ਯਾਦਗਾਰ ਲਕੜੀ ਦੀ ਉਹ ਕਿੱਲੀ ਅਜੇ ਵੀ ਦਿਖਾਈ ਦਿੰਦੀ ਹੈ, ਜਿਸ ਤੇ ਹੁਣ ਚਾਂਦੀ ਲਗਾ ਦਿਤੀ ਗਈ ਹੈ। ਇਤਿਹਾਸਿਕ ਸ੍ਰੋਤ ਗਵਾਹੀ ਭਰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਇਸੇ ਕਿੱਲੀ ਨੂੰ ਫੜ ਕੇ, ਖਲੋ ਕੇ ਇਕ ਅਕਾਲ ਪੁਰਖ ਦੀ ਉਸਤੱਤ ਵਿਚ ਲੀਨ ਹੋਇਆ ਕਰਦੇ ਸੀ।"

ਖਾਲਸਾ ਜੀ! ਕੀ ਇਸ ਨੂੰ ਸਿਧਾਂਤ ਤੇ ਅਧਾਰਿਤ ਇਤਿਹਾਸ ਕਹਿਆ ਜਾ ਸਕਦਾ ਹੈ? ਇਕ ਪਾਸੇ ਤੇ ਗੁਰੂ ਇਹੋ ਜਹੇ ਕਰਮਕਾਂਡਾ ਤੇ ਪਾਖੰਡਾਂ ਦਾ ਖੰਡਨ ਅਪਣੀ ਬਾਣੀ ਵਿਚ ਕਰਦੇ ਹਨ, ਤੇ ਦੂਜੇ ਪਾਸੇ ਕਿਲੀ ਫੜ ਕੇ, ਖੜੇ ਹੋ ਕੇ ਧਿਆਨ ਤੇ ਸੰਜਮੁ (ਤੱਪਸਿਆ) ਕਰ ਰਹੇ ਨੇ?

ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ॥ ਅੰਕ 75

ਖਾਲਸਾ ਜੀ! ਸ਼੍ਰੋਮਣੀ ਕਮੇਟੀ ਜੋ ਆਪਹੁਦਰੀਆਂ ਇਤਿਹਾਸਕ ਪੁਸਤਕਾਂ ਛਾਪਣ ਵਿਚ ਪਹਿਲਾਂ ਹੀ ਬਦਨਾਮ ਹੈ। ਹੁਣ ਅਪਣੀ ਮਾਸਿਕ ਪੁਸਤਕ "ਗੁਰਮਤਿ ਪ੍ਰਕਾਸ਼" ਨੂੰ ਇਸ ਦਾ ਅਧਾਰ ਬਣਾਂ ਰਹੀ ਹੈ। ਜੋ ਲਖਾਂ ਦੀ ਤਾਦਾਤ ਵਿਚ ਲੋਕਾਂ ਦੇ ਘਰਾਂ ਵਿਚ ਪੁੱਜ ਰਹੀ ਹੈ। ਮਾਰਚ 2002 ਵਿਚ ਆਰ. ਐਸ. ਐਸ. ਦੇ ਖਿਲਾਫ ਇਸ ਕਿਤਾਬ ਦਾ ਪੂਰਾ ਦਾ ਪੂਰਾ ਅੰਕ ਛਾਪਿਆ ਗਇਆ ਸੀ। ਅਸੀ ਉਸ ਕਿਤਾਬ ਦੀਆਂ ਕੁਝ ਕਾਪੀਆਂ ਧਰਮ ਪ੍ਰਚਾਰ ਕਮੇਟੀ ਕੋਲੋਂ ਲੈਣ ਲਈ ਇਕ ਬੰਦਾ ਭੇਜਿਆ। ਅਸੀ ਸੋਚਿਆ ਸੀ ਕੇ 1 ਰੁਪਏ ਦੀ ਇਹ ਕੀਤਾਬ ਹੈ ਤੇ ਇਸ ਨੂੰ ਵੱਡੇ ਪੱਧਰ ਤੇ ਵੰਡਾਂ ਗੇ ਤੇ ਆਰ. ਐਸ .ਐਸ ਦੇ ਪਾਜ ਖੁਲਣਗੇ। ਲੇਕਿਨ ਉਸ ਵੇਲੇ ਦੇ ਸਟਾਫ ਨੇ ਇਹ ਕਹਿ ਕੇ ਮਨਾਂ ਕਰ ਦਿਤਾ ਕੇ ਉਹ ਅੰਕ ਖਤਮ ਕਰ ਦਿਤਾ ਗਇਆ ਹੈ।

ਅਸੀ ਉਹ ਕਿਤਾਬ ਹੋਰ ਪਬਲਿਸ਼ ਨਹੀ ਕਰ ਸਕਦੇ। ਕਿਉਕੇ ਉਸ ਤੋਂ ਬਾਦ ਆਰ.ਐਸ.ਐਸ ਦਾ ਦਬਦਬਾ ਸ਼੍ਰੋਮਣੀ ਕਮੇਟੀ ਵਿਚ ਕਾਇਮ ਹੋ ਚੁਕਾ ਸੀ। ਕੁਝ ਕੁ ਦਿਨ ਬਾਦ ਉਸ ਨੂੰ ਛਾਪਣ ਵਾਲੇ ਸੰਪਾਦਕ ਨੂੰ ਵੀ ਨੌਕਰੀ ਤੋਂ ਕਡ੍ਹ ਦਿਤਾ ਗਇਆ ਸੀ। ਹੇਡ ਕਵਾਟਰ ਦੇ ਆਦੇਸ਼ ਨਾਲ "ਗੁਰਮਤਿ ਪ੍ਰਕਾਸ਼" ਦਾ ਉਹ ਅੰਕ ਸ਼ਾਇਦ "ਡਿਮੋਲਿਸ਼" ਕਰ ਦਿਤਾ ਗਇਆ ਸੀ। ਹੁਣ ਤੇ ਲਗਦਾ ਹੈ ਕੇ ਜਾਣ ਬੂਝ ਕੇ ਕੁਝ ਗੁਪਤ ਆਦੇਸ਼ਾਂ ਕਰਕੇ ਇਹੋ ਜਿਹਾ ਇਤਿਹਾਸ ਅਤੇ ਲੇਖ ਆਏ ਦਿਨ ਇਸ ਕਿਤਾਬ ਵਿਚ ਛਾਪੇ ਜਾ ਰਹੇ ਨੇ। ਇਸ ਕਿਤਾਬ ਵਿਚ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਨਾਂ ਤੇ ਆਮ ਗਲ ਹੈ।

ਪੰਥ ਦੇ ਵਿਦਵਾਨਾਂ, ਪਾਠਕਾਂ ਤੇ ਜਾਗਰੂਕ ਧਿਰਾਂ ਨੂੰ ਇਸ ਕਿਤਾਬ (ਜੋ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਘਰਾਂ ਵਿਚ ਪਹੁੰਚਦੀ ਹੈ) ਦੀ ਘੋਖ ਤੇ ਪੜਚੋਲ ਆਪ ਕਰਨੀ ਪਵੇਗੀ। ਅਤੇ ਇਸ ਕਿਤਾਬ ਦੇ ਹਰ ਇਕ ਅੰਕ ਨੂੰ ਧਿਆਨ ਨਾਲ ਪੜ੍ਹ ਕੇ ਉਸ ਤੇ ਬਾਰੀਕ ਨਿਗਾਹ ਰਖਣੀ ਪਵੇਗੀ। ਨਹੀ ਤੇ ਇਹੋ ਜਿਹਾ ਸਿਧਾਂਤ ਹੀਣ ਇਤਿਹਾਸ ਤੇ ਮਨਘੜੰਤ ਲਿਟਰੇਚਰ ਭੋਲੇ ਭਾਲੇ ਸਿੱਖਾਂ ਨੂੰ ਪੰਹੂਚਦਾ ਰਹੇਗਾ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top