Share on Facebook

Main News Page

ਸਤਾਧਾਰੀ ਸਿਆਸੀ ਪਾਰਟੀ ਦੇ ਸੰਤ ਸਮਾਜ ਨਾਲ ਹੋਏ ਨਾਪਾਕ ਗੱਠਜੋੜ ਤੋਂ ਪੰਥ ਸੁਚੇਤ ਹੋਵੇ

‘ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ, ਸਾਧ ਬਨਿ ਆਈ ॥ ਨਾਨਕ, ਸਾਧ ਪ੍ਰਭ ਭੇਦੁ ਨ ਭਾਈ ॥8॥7॥ (ਗਉੜੀ ਸੁਖਮਨੀ)’ ਗੁਰਬਾਣੀ ਵਿਚੋਂ ਅਜੇਹੇ ਅਨੇਕਾਂ ਹੋਰ ਪ੍ਰਮਾਣ ਦੇ ਕੇ ਸਿੱਖ ਧਰਮ ਵਿੱਚ ਖੁੰਬਾਂ ਵਾਂਗ ਪੈਦਾ ਹੋਏ ਸੰਤ ਬਾਬੇ ਆਪਣੇ ਆਪ ਦੀ ਤੁਲਨਾ ਪ੍ਰਭੂ ਪ੍ਰਮਾਤਮਾ ਨਾਲ ਕਰਦੇ ਹੋਏ ਆਪਣੀ ਪੂਜਾ ਪ੍ਰਤਿਸ਼ਟਾ ਕਰਵਾ ਰਹੇ ਹਨ।

ਅਜੇਹੇ ਭੇਖੀ ਸੰਤਾਂ ਦੀ ਅਲੋਚਨਾ ਕਰਨ ਵਾਲਿਆਂ ਨੂੰ ‘ਸੰਤ ਸਰਨਿ ਜੋ ਜਨੁ ਪਰੈ, ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ ਨਾਨਕਾ, ਬਹੁਰਿ ਬਹੁਰਿ ਅਵਤਾਰ ॥1॥’ (ਗਉੜੀ ਸੁਖਮਨੀ, ਤੇਰਵਾਂ ਸਲੋਕ) ਸੁਣਾ ਕੇ ਉਹ ਡਰਾਵਾ ਦਿੰਦੇ ਹਨ ਕਿ ਸੰਤਾਂ ਦੀ ਨਿੰਦਾ ਕਰਨ ਵਾਲੇ ਦਾ ਕਦੀ ਵੀ ਉਧਾਰ ਨਹੀਂ ਹੁੰਦਾ ਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਪਰ ਜਿਸ ਅਸ਼ਟਪਦੀ ਦਾ ਉਹ ਹਵਾਲਾ ਦਿੰਦੇ ਹਨ, ਉਸ ਦੀ ਅਖੀਰਲੀ ਤੁਕ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਨਿਚੋੜ ਕੱਢਿਆ ਹੈ, ‘ਨਾਨਕ, ਸਾਧ ਪ੍ਰਭ ਭੇਦੁ ਨ ਭਾਈ॥’ ਦਾ ਅੰਤ੍ਰੀਵ ਭਾਵ ਜਾਂ ਤਾਂ ਉਹ ਸਮਝਦੇ ਹੀ ਨਹੀਂ ਜਾਂ ਫਿਰ ਇਸ ਦੇ ਭਾਵ ਨੂੰ ਸੰਗਤਾਂ ਤੋਂ ਜਾਣ ਬੁੱਝ ਕੇ ਛੁਪਾ ਕੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਇਸ ਤੁਕ ਦਾ ਅਸਲੀ ਭਾਵ ਤਾਂ ਇਹ ਹੈ ਕਿ ਸਾਧ ਕੋਈ ਮਨੁਖ ਨਹੀਂ ਬਲਕਿ ਪ੍ਰਭੂ ਆਪ ਹੀ ਹੈ ਇਸ ਲਈ ਸਾਧ ਤੇ ਪ੍ਰਭੂ ਸਬਦਾਂ ਦੇ ਅਰਥਾਂ ਵਿੱਚ ਕੋਈ ਅੰਤਰ ਹੈ ਹੀ ਨਹੀਂ। ਪਰ ਜੇ ਅੱਖਰੀ ਅਰਥ ਕਰਕੇ ਇਸ ਦਾ ਇਹ ਅਰਥ ਵੀ ਕਰ ਲਈਏ ਕਿ ਖਾਸ ਲਿਬਾਸ ਪਹਿਨ ਕੇ ਬਣੇ ਸੰਤ ਪ੍ਰਭੂ ਦੇ ਤੁਲ ਹੀ ਹਨ ਤੇ ਉਨ੍ਹਾਂ ਦੋਵਾਂ ਵਿੱਚ ਕੋਈ ਅੰਤਰ ਨਹੀਂ ਹੈ, ਤਾਂ ਇਨ੍ਹਾਂ ਅਖੌਤੀ ਸੰਤਾਂ ਨੂੰ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰਨੀ ਚਾਹੀਦੀ ਹੈ ਕਿ ਪ੍ਰਭੂ ਦੇ ਗੁਣ ਕਿਹੜੇ ਹਨ ਤੇ ਉਹ ਕੀ ਕੰਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਦਰਜ਼ ਮੂਲ ਮੰਤਰ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਦਾ ਹੀ ਪ੍ਰਮਾਣ ਲੈ ਕੇ ਪ੍ਰਭੂ ਦੇ ਕੁਝ ਗੁਣਾਂ ਦੀ ਵੀਚਾਰ ਕਰਦੇ ਹਾਂ:-

= ਪ੍ਰਮੇਸ਼ਰ ਇੱਕ ਹੈ ਅਤੇ ਉਹ ਸ੍ਰਿਸ਼ਟੀ ਦਾ ਮੂਲ ਸ੍ਰੋਤ ਹੋਣ ਕਰਕੇ ਸਭ ਵਿੱਚ ਇੱਕ ਰਸ ਵਿਆਪਕ ਹੈ।

ਹੁਣ ਜੇ ਇਸ ਗੁਣ ਦੇ ਅਧਾਰ ’ਤੇ ਮੌਜੂਦਾ ਸੰਤਾਂ ਨੂੰ ਪਰਖ ਕੇ ਵੇਖੀਏ ਤਾਂ ਉਹ ਇਸ ’ਤੇ ਬਿਲਕੁਲ ਪੂਰੇ ਨਹੀਂ ਉਤਰਦੇ ਕਿਉਂਕਿ ਉਹ ਵਾਹਦ ਇੱਕੋ ‘ਇੱਕ’ ਸੰਤ ਨਹੀਂ ਬਲਕਿ ਉਨ੍ਹਾਂ ਦੀ ਗਿਣਤੀ ਇਤਨੀ ਜਿਆਦਾ ਹੋ ਗਈ ਹੈ ਕਿ ਉਹ ਖੁਦ ਵੀ ਆਪਣੀ ਗਿਣਤੀ ਆਪ ਨਹੀਂ ਕਰ ਸਕਦੇ, ਇਸੇ ਲਈ ਤਾਂ ਉਨ੍ਹਾਂ ਨੂੰ ਇੱਕ ਵਖਰਾ ਸਮਾਜ ਬਣਾਉਣਾ ਪਿਆ ਹੈ। ਬਲਕਿ ਹੁਣ ਤਾਂ ਉਨ੍ਹਾਂ ਦਾ ਸਮਾਜ ਵੀ ਬਹੁਤ ਵੱਡਾ ਹੋਣ ਕਰਕੇ ਅੱਗੋਂ ਕਈ ਹਿੱਸਿਆਂ ਅਤੇ ਫਿਰਕਿਆਂ ਵਿੱਚ ਵੰਡਿਆ ਪਿਆ ਹੈ।

ਸਤਿ ਨਾਮੁ= ਉਹ ਸਦੀਵੀ ਹੋਂਦ ਵਾਲਾ ਹੈ ਭਾਵ ਉਹ ‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ ॥1॥’ ਹੈ। ਅਤੇ ਉਸ ਦਾ ਪ੍ਰਗਟ ਸਰੂਪ ਜਗਤ ਰੂਪ ਨਾਮਣਾ ਵੀ ਸਤਿ ਸਰੂਪ ਹੈ।
ਕਰਤਾ ਪੁਰਖੁ= ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਆਪਣੀ ਹਰੇਕ ਕਿਰਤ ਵਿੱਚ ਚੇਤੰਨ ਰੂਪ ਵਿੱਚ ਹੋ ਕੇ ਸਮਾ ਰਿਹਾ ਹੈ। ‘ਸਭਨਾ ਕਰਤਾ ਏਕੁ ਤੂ, ਨਿਤ ਕਰਿ ਦੇਖਹਿ ਵੀਚਾਰੁ ॥’ (ਪੰਨਾ 1258)
ਨਿਰਭਉ = ਉਹ ਹਰ ਪ੍ਰਕਾਰ ਦੇ ਡਰ ਤੋਂ ਰਹਿਤ ਹੈ: ‘ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥1॥’ (ਪੰਨਾ 464)
ਨਿਰਵੈਰੁ = ਉਹ ਹਰ ਪ੍ਰਕਾਰ ਦੇ ਵੈਰ ਤੋਂ ਰਹਿਤ ਹੈ: ‘ਨਿਰਹਾਰੀ ਕੇਸਵ ਨਿਰਵੈਰਾ ॥’ (ਪੰਨਾ 98) ਅਤੇ ਪ੍ਰੇਮ ਸਰੂਪ ਹੈ: ‘ਪ੍ਰੇਮ ਪਰਾਇਣ ਪ੍ਰੀਤਮ ਰਾਉ ॥ (ਪੰਨਾ 222)।
ਅਕਾਲ ਮੂਰਤਿ= ਉਸ ਦੀ ਹਸਤੀ ਸਮੇਂ ਅਤੇ ਮੌਤ ਤੋਂ ਰਹਿਤ ਹੈ ਭਾਵ ਸਮੇਂ ਅਨੁਸਾਰ ਬਚਪਨ, ਜੁਆਨੀ ਅਤੇ ਬੁਢੇਪਾ ਆਉਣ ਪਿੱਛੋਂ ਮਰਦਾ ਨਹੀਂ ਹੈ। (ਨਾ ਇਹੁ ਬੂਢਾ, ਨਾ ਇਹੁ ਬਾਲਾ ॥ ਨਾ ਇਸੁ ਦੂਖੁ, ਨਹੀ ਜਮ ਜਾਲਾ ॥ ਨਾ ਇਹੁ ਬਿਨਸੈ, ਨਾ ਇਹੁ ਜਾਇ ॥ ਆਦਿ ਜੁਗਾਦੀ ਰਹਿਆ ਸਮਾਇ ॥1॥ ਪੰਨਾ 868)
ਅਜੂਨੀ= ਉਹ ਜੂਨਾਂ ਵਿੱਚ ਨਹੀਂ ਪੈਂਦਾ ਭਾਵ ਜਨਮ ਮਰਨ ਤੋਂ ਰਹਿਤ ਹੈ: ‘ਸਾਚਾ, ਮਰੈ ਨ ਆਵੈ ਜਾਇ ॥ ਨਾਨਕ, ਗੁਰਮੁਖਿ ਰਹੈ ਸਮਾਇ ॥8॥1॥’ (ਪੰਨਾ 229)
ਸੈਭੰ= ਉਹ ਆਪਣੇ ਆਪ ਤੋਂ ਹੀ ਸਵੈ ਪ੍ਰਕਾਸ਼ਮਾਨ ਹੈ। (ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਪੰਨਾ 463)॥

ਉਕਤ ਗੁਣਾਂ ਦੇ ਅਧਾਰ ’ਤੇ ਵੀ ਮੌਜੂਦਾ ਸੰਤ ਕਿਸੇ ਇੱਕ ਵੀ ਗੁਣ ’ਤੇ ਪੂਰੇ ਨਹੀਂ ਉਤਰਦੇ ਕਿਉਂਕਿ ਇਹ ਸਦੀਵੀ ਹੋਂਦ ਵਾਲੇ ਨਹੀਂ ਹਨ, ਉਹ ਸ੍ਰਿਸ਼ਟੀ ਦੇ ਰਚਨਹਾਰ ਨਹੀਂ ਹਨ। ਉਹ ਨਾ ਹੀ ਡਰ ਤੋਂ ਰਹਿਤ ਹਨ ਅਤੇ ਨਾ ਹੀ ਵੈਰ ਤੋਂ ਰਹਿਤ ਹਨ ਕਿਉਂਕਿ ਹਰ ਸੰਤ ਦਾ ਗੱਦੀ ਲੈਣ ਕਾਰਣ ਆਪਣੇ ਹੀ ਗੁਰ ਭਾਈਆਂ ਨਾਲ ਭਾਰੀ ਵੈਰ ਵਿਰੋਧ ਚੱਲ ਰਿਹਾ ਹੈ, ਇਸੇ ਕਾਰਣ ਹਮੇਸ਼ਾਂ ਡਰ ਦੇ ਮਾਰਿਆਂ ਨੂੰ ਅੰਗ ਰੱਖਿਅਕ ਰੱਖਣ ਦੀ ਭਾਰੀ ਲੋੜ ਰਹਿੰਦੀ ਹੈ। ਉਨ੍ਹਾ ਦਾ ਸਰੀਰ ਸਮੇਂ ਅਤੇ ਜਨਮ ਮਰਨ ਤੋਂ ਵੀ ਰਹਿਤ ਨਹੀਂ ਹੈ ਅਤੇ ਉਹ ਆਪਣੇ ਆਪ ਤੋਂ ਵੀ ਪੈਦਾ ਨਹੀਂ ਹੋਏ ਬਲਕਿ ਪ੍ਰਭੂ ਨੇ ਮਾਤਾ ਪਿਤਾ ਦੇ ਸੰਜੋਗ ਰਾਹੀਂ ਪੈਦਾ ਕੀਤੇ ਹਨ। ਇਸ ਗੱਲ ਨੂੰ ਜੇ ਉਹ ਖ਼ੁਦ ਵੀ ਸਵੀਕਾਰਦੇ ਹਨ ਤਾਂ ਆਪਣੇ ਆਪ ਨੂੰ ਪ੍ਰਭੂ ਜਾਂ ਗੁਰੂ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣ ਪਦ ਸਾਧ, ਸੰਤ, ਬ੍ਰਹਮਗਿਆਨੀ ਅਖਵਾਉਣ ਦੇ ਹੱਕਦਾਰ ਕਿਵੇਂ ਹੋ ਸਕਦੇ ਹਨ?

ਇਸ ਦੇ ਬਾਵਯੂਦ ਵੀ ਜੇ ਉਹ ਆਪਣੇ ਆਪ ਨੂੰ ਸੰਤ ਮਹਾਂਪੁਰਸ਼, ਬ੍ਰਹਮਗਿਆਨੀ ਅਖਵਾਉਂਦੇ ਹਨ ਤਾ ਉਨ੍ਹਾਂ ਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋਇਆ ਉਹ ਕਦੀ ਵੀ ਸਤਾਧਾਰੀਆਂ ਨਾਲ ਸਾਂਝ ਭਿਆਲੀਆਂ ਪਾ ਕੇ ਐਸ਼ੋ ਇਸ਼ਰਤ ਨਹੀਂ ਕਰਦੇ ਰਹੇ ਬਲਕਿ ਸਮਾਜ ਵਿੱਚ ਦੱਬੇ ਕੁਚਲੇ, ਕਮਜੋਰ ਤੇ ਨਿਆਸਰਿਆਂ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾੳਂਦੇ ਹੋਏ ਉਨ੍ਹਾਂ ’ਤੇ ਜ਼ੁਲਮ ਕਰਨ ਵਾਲੇ ਸਮੇਂ ਦੇ ਰਾਜਿਆਂ ਤੇ ਪ੍ਰਸ਼ਾਸ਼ਕਾਂ ਦੇ ਵਿਰੋਧ ਵਿੱਚ ਅਤੇ ਕਿਰਤੀਆਂ ਦੀ ਕਮਾਈ ਖਾਣ ਵਾਲੇ ਧਾਰਮਕ ਪੁਜਾਰੀਆਂ ਦੇ ਵਿਰੋਧ ਵਿੱਚ ਖੜ੍ਹਦੇ ਰਹੇ ਹਨ। ਇਹੋ ਕਾਰਣ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਬਾਬਰ ਦੀ ਜ਼ੇਲ੍ਹ ਵਿੱਚ ਚੱਕੀ ਪੀਹਣੀ ਪਈ, ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ’ਤੇ ਬੈਠ ਕੇ ਸਿਰ ਵਿੱਚ ਗਰਮ ਰੇਤ ਪਵਾਉਣਾ ਪਿਆ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਜ਼ੇਲ੍ਹ ਕੱਟੀ, ਗੁਰੂ ਤੇਗ ਬਹਾਦਰ ਸਹਿਬ ਜੀ ਨੇ ਸ਼ਹੀਦੀ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ। ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ ਗਿਆ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਕੀਤਾ ਗਿਆ ਹੈ: ‘ਕਿਆ ਅਪਰਾਧੁ ਸੰਤ ਹੈ ਕੀਨਾ ॥ ਬਾਂਧਿ ਪੋਟ ਕੁੰਚਰ ਕਉ ਦੀਨਾ॥’ (ਗੋਂਡ ਕਬੀਰ ਜੀਉ ਪੰਨਾ 870)’

ਸਿਰਫ ਉਸ ਸਮੇਂ ਹੀ ਨਹੀਂ ਅੱਜ ਵੀ ਵੇਖਿਆ ਜਾ ਸਕਦਾ ਹੈ ਕਿ ਜਿਸ ਜਿਸ ਨੇ ਵੀ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ਉਸ ਨੂੰ ਹੀ ਸ਼ਹੀਦੀਆਂ ਦੇਣੀਆਂ ਪਾਈਆਂ ਜਾਂ ਸਰਕਾਰ ਦੀਆਂ ਜ਼ੇਲ੍ਹਾਂ ਕੱਟਣੀਆਂ ਪਈਆਂ। ਸਭ ਤੋਂ ਨੇੜੇ ਦੀ ਉਦਾਹਰਣ ਯੋਗਾ ਗੁਰੂ ਰਾਮ ਦੇਵ ਦੀ ਹੈ। ਜਿੰਨਾਂ ਚਿਰ ਉਹ ਸਰਕਾਰਾਂ ਨਾਲ ਮਿਲ ਕੇ ਚਲਦਾ ਰਿਹਾ ਓਨਾਂ ਚਿਰ ਸਰਕਾਰਾਂ ਦਾ ਸ਼ਾਹੀ ਮਹਿਮਾਨ ਬਣ ਕੇ ਸਹੂਲਤਾਂ ਪ੍ਰਾਪਤ ਕਰਦਾ ਰਿਹਾ ਤੇ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ। ਕੋਈ ਉਸ ਵੱਲ ਅੱਖ ਚੁੱਕ ਨੇ ਵੇਖ ਸਕਿਆ। ਪਰ ਜਦੋਂ ਉਸ ਨੇ ਆਪਣੀ ਤਾਕਤ ਦਾ ਗਲਤ ਅੰਦਾਜ਼ਾ ਲਾ ਕੇ ਜਾਂ ਸਰਕਾਰ ਦੇ ਵਿਰੋਧੀਆਂ ਦੀ ਚੁੱਕ ਵਿੱਚ ਆ ਕੇ ਸਰਕਾਰੀ ਬੰਦਿਆਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਵਿਰੁਧ ਆਵਾਜ਼ ਉਠਾਈ ਤਾਂ ਝੱਟ ਉਸ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਅੱਧੀ ਰਾਤ ਨੂੰ ਉਸ ਦੇ ਸਮਰਥਕਾਂ ਨੂੰ ਰਾਮ ਲੀਲ੍ਹਾ ਗਰਾਊਂਡ ਵਿੱਚੋਂ ਭਜਾ ਦਿੱਤਾ। ਰਾਮ ਦੇਵ ਨੇ, ਇਨ੍ਹਾਂ ਸਾਧੂ ਸੰਤਾਂ ਵਲੋਂ ਮਲੀਨ ਸਮਝੀਆਂ ਜਾਂਦੀਆਂ ਔਰਤਾਂ ਦੇ ਕਪੜੇ ਪਹਿਨ ਕੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਭਿੱਜੀ ਬਿੱਲੀ ਵਾਂਗ ਫੜ ਕੇ ਉਸ ਦੇ ਹੈੱਡ ਕੁਆਟਰ ਹਰਿਦੁਆਰ ਛੱਡ ਆਏ। ਸਰਕਾਰੀ ਸਹੂਲਤਾਂ ਨਾਲ ਇਕੱਠੀ ਕੀਤੀ ਜਾਇਦਾਦ ਦੀਆਂ ਪੜਤਾਲਾਂ ਸ਼ੁਰੂ ਹੋ ਗਈਆਂ ਤੇ ਉਸ ਨੂੰ ਜ਼ੇਲ੍ਹ ਭੇਜਣ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ। ਸਰਕਾਰ ਨੇ ਜਗਤ ਗੁਰੂ ਅਤੇ ਸੰਤ ਅਖਵਾਉਣ ਵਾਲਿਆਂ ਨੂੰ ਸੰਕੇਤ ਦੇ ਦਿੱਤਾ ਕਿ ਜੇ ਉਨ੍ਹਾਂ ਗਰੀਬ ਜੰਤਾ ਦੇ ਹੱਕ ਅਤੇ ਸਰਕਾਰ ਦੇ ਵਿਰੋਧ ਵਿੱਚ ਕਦੀ ਆਵਾਜ਼ ਉਠਾਉਣ ਦੀ ਹਕਾਮਤ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਵੀ ਰਾਮ ਦੇਵ ਵਾਲਾ ਹੀ ਹੋਵੇਗਾ।

ਬਾਕੀਆਂ ਦੀ ਤਾਂ ਗੱਲ ਹੀ ਛੱਡੋ ਸਿੱਖ ਸੰਤ ਅਖਵਾਉਣ ਵਾਲੇ ਹੀ ਦੱਸਣ ਕਿ ਕਦੀ ਉਨ੍ਹਾਂ ਨੇ ਧਾਰਮਕ ਘੱਟ ਗਿਣਤੀਆਂ, ਗਰੀਬਾਂ ਮਜ਼ਲੂਮਾਂ ’ਤੇ ਸਰਕਾਰ ਅਤੇ ਬਹੁਗਿਣਤੀਆਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਅਤੇ ਉੱਚ ਵਰਗਾਂ ਵਲੋਂ ਦਲਤਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਵਿਰੁਧ ਕਦੀ ਆਵਾਜ਼ ਉਠਾਈ ਹੈ? ਉਹ ਵਿਖਾਵੇ ਵਜੋਂ ਬਾਣੀ ਤਾਂ ਪੜ੍ਹਦੇ ਹਨ ਗੁਰੂ ਨਾਨਕ ਦੀ। ਅਤੇ ਉਨ੍ਹਾਂ ਵਲੋਂ ਪ੍ਰਚਾਰਕ ਦੌਰਿਆਂ ਦੌਰਾਨ ਝੱਲੀਆਂ ਅਤਿ ਦੀਆਂ ਮੁਸਕਲਾਂ ਦਾ ਜ਼ਿਕਰ ਕਰਨ ਵਾਲੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਪੜ੍ਹਦੇ ਹਨ: ‘ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥’ ਪਰ ਇਨ੍ਹਾਂ ਦੀ ਆਪਣੀ ਖੁਰਾਕ ਕਾਜੂ ਬਦਾਮਾਂ ਤੋਂ ਬਿਨਾਂ ਇਨ੍ਹਾਂ ਨੂੰ ਅਧੂਰੀ ਜਾਪਦੀ ਹੈ। ਕਦੀ ਵੀ ਪੰਗਤ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ ਤੇ ਇਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਵੀ.ਆਈ.ਪੀ ਖਾਣਾ ਤਿਆਰ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਸਿਖਿਆ ‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥’ (ਪੰਨਾ 522) ਅਤੇ ਭਾਈ ਗੁਰਦਾਸ ਜੀ ਦੇ ਬਚਨ ‘ਸੰਕਾ ਮਨਹੁਂ ਮਿਟਾਇ ਕੈ, ਗੁਰੁ ਸਿਖਾਂ ਦੀ ਸੇਵ ਕਰੰਦਾ॥ ਕਿਰਤ ਵਿਰਤ ਕਰਿ ਧਰਮੁ ਦੀ, ਲੈ ਪਰਸਾਦ ਆਣਿ ਵਰਤੰਦਾ ॥ ਗੁਰਸਿਖਾਂ ਨੋ ਦੇਇ ਕਰਿ, ਪਿਛੋਂ ਬਚਿਆ ਆਪੁ ਖਵੰਦਾ॥’ ’ਤੇ ਇਹ ਸੰਤ ਕਦੀ ਵੀ ਅਮਲ ਨਹੀਂ ਕਰਦੇ। ਗੁਰੂ ਸਾਹਿਬ ਜੀ ਦੀ ਸਿਖਿਆ ‘ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥’ (ਪੰਨਾ 790) ਦੀ ਪੂਰੀ ਪੂਰੀ ਉਲੰਘਣਾ ਕਰਦੇ ਹੋਏ ਕਿਰਤੀ ਸਿੱਖਾਂ ਦੀ ਕਮਾਈ ਖਾ ਖਾ ਕੇ ਪੇਟ ਇਸ ਕਦਰ ਵਧਾਈ ਬੈਠੇ ਹਨ ਕਿ ਇਹ ਆਪਣੇ ਬੂਟ ਜਰਾਬਾਂ ਵੀ ਆਪ ਲਾਹ, ਪਾ ਨਹੀਂ ਸਕਦੇ ਤੇ ਇਸ ਕੰਮ ਲਈ ਇਨ੍ਹਾਂ ਨੂੰ ਦੋ ਦੋ ਸੇਵਾਦਾਰਾਂ ਦੀ ਲੋੜ ਪੈਂਦੀ ਹੈ।

ਗੁਰੂ ਸਾਹਿਬ ਜੀ ਵਲੋਂ ਸਮਾਜ ਸੁਧਾਰ ਦੇ ਮਹਾਨ ਕਾਰਜ ਕਰਦੇ ਹੋਏ ਅਛੂਤ ਕਹੇ ਜਾਂਦੇ ਕਿਰਤੀ ਲੋਕਾਂ ਨੂੰ ਗਲੇ ਲਾ ਕੇ ਆਪਣਾ ਸੰਗੀ ਸਾਥੀ ਬਣਾਇਆ ਤੇ ਜਾਤ ਅਭਿਮਾਨੀਆਂ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ: ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਪੰਨਾ 1127)। ਮੰਨੂੰ ਸਿਮ੍ਰਤੀ ਅਨੁਸਾਰ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਨੂੰ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’ (ਪੰਨਾ 473) ਆਖ ਕੇ ਮਰਦ ਦੇ ਬਰਾਬਰ ਦਾ ਮਾਨ ਸਨਮਾਨ ਦਿੱਤਾ ਪਰ ਗੁਰੂ ਸਾਹਿਬ ਜੀ ਦੀ ਸਿਖਿਆ ਨੂੰ ਪੁੱਠਾ ਗੇੜਾ ਦਿੰਦੇ ਹੋਏ ਮੰਨੂੰ ਦੇ ਇਹ ਚੇਲੇ ਉਸੇ ਔਰਤ ਦੇ ਪੇਟੋਂ ਪੈਦਾ ਹੋ ਕੇ ਵੀ ਉਸ ਨੂੰ ਮਲੀਨ ਦੱਸ ਕੇ ਧਾਰਮਕ ਸੇਵਾਵਾਂ ਤੋਂ ਦੂਰ ਰੱਖ ਰਹੇ ਹਨ ਤੇ ਕਹੇ ਜਾਂਦੇ ਦਲਤਾਂ ਲਈ ਆਪਣੇ ਡੇਰਿਆਂ ਦੇ ਲੰਗਰਾਂ ਵਿੱਚ ਵੱਖਰੀਆਂ ਪੰਗਤਾਂ ਲਾ ਕੇ ਗੁਰੂ ਸਿਧਾਂਤਾਂ ਨਾਲ ਖਿਲਵਾੜ ਕਰਦੇ ਹੋਏ ਗੁਰੂ ਸਾਹਿਬ ਜੀ ਦਾ ਮੂੰਹ ਚਿੜਾ ਰਹੇ ਹਨ। ਜੂਠੇ ਭਾਂਡੇ ਨੂੰ ਦੂਰੋਂ ਛੂਹਣ ਅਤੇ ਅਛੂਤ ਦੀ ਛਾਂ ਨਾਲ ਵੀ ਭਿੱਟੇ ਜਾਣ ਵਾਲੇ ਇਹ ਅਖੌਤੀ ਮਹਾਂਪੁਰਸ਼ ਇਹ ਵੀ ਨਹੀਂ ਦੱਸ ਸਕਦੇ ਕਿ ਮਲੀਨ ਔਰਤ ਦੇ ਪੇਟ ਵਿੱਚ 9 ਮਹੀਨੇ ਰਹਿਣ ਅਤੇ 2-3 ਸਾਲ ਉਸ ਦੀਆਂ ਛਾਤੀਆਂ ’ਚੋਂ ਦੁੱਧ ਚੁੰਘਣ ਵਾਲੇ ਉਹ ਆਪ ਪਵਿਤਰ ਕਿਸ ਤਰ੍ਹਾਂ ਬਣ ਗਏ ਹਨ?

ਉਕਤ ਸਾਰੀ ਵੀਚਾਰ ਕਰਨ ਤੋਂ ਭਾਵ ਇਹ ਦਰਸਾਉਣਾ ਹੈ ਕਿ ਇਨ੍ਹਾਂ ਅਖੌਤੀ ਸੰਤਾਂ ਦੀ ਕਰਨੀ ਤਾਂ ਗੁਰਬਾਣੀ ਦੀ ਸਿਖਿਆ ਤੋਂ ਪੂਰੀ ਤਰ੍ਹਾਂ ਉਲਟ ਹੈ: ‘ਸਾਕਤ ਕੀ ਐਸੀ ਹੈ ਰੀਤਿ ॥ ਜੋ ਕਿਛੁ ਕਰੈ ਸਗਲ ਬਿਪਰੀਤਿ ॥2॥’ (ਪੰਨਾ 195) ਗੁਰਬਾਣੀ ਤੋਂ ਉਲਟ ਰੀਤ ਕਰਨ ਵਾਲੇ ਨੂੰ ਤਾਂ ਸਿੱਖ ਕਹਿਣਾ ਵੀ ਜਾਇਜ਼ ਨਹੀਂ ਹੈ ਸਿੱਖ ਸੰਤ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਇਨ੍ਹਾਂ ਨੂੰ ਭੇਖੀ ਹੀ ਕਿਹਾ ਜਾ ਸਕਦਾ ਹੈ ਅਤੇ ਭੇਖ ਵਾਲੇ ਸੰਤਾਂ ਸਬੰਧੀ ਕਬੀਰ ਸਾਹਿਬ ਜੀ ਦੇ ਬਚਨ ਸੁਣੋ: ‘ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ॥1॥’ (ਅੰਗ 476)। ਸਿਰਫ ਐਸੇ ਠੱਗ ਕਿਸਮ ਦੇ ਸੰਤ ਹੀ ਸਰਕਾਰ ਨਾਲ ਮਿਲ ਕੇ ਚਲਦੇ ਤੇ ਭਾਰਤ ਦੇਸ਼ ਵਿੱਚ ਇਨਾਂ ਦੀ ਵੱਡੀ ਗਿਣਤੀ ਵਿੱਚ ਹੈ ਜਿਹੜੇ ਜਿਹੜੇ ਇਸ ਨਾਪਾਕ ਗੱਠਜੋੜ ਰਾਹੀਂ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਬੈਠੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੇ ਠੱਗ ਕਿਸਮ ਦੇ ਧਾਰਮਿਕ ਲੋਕਾਂ ਦੀ ਆਪਣੀ ਬਾਣੀ ਵਿੱਚ ਭਰਵੀਂ ਅਲੋਚਨਾ ਕੀਤੀ ਹੈ। ਦੁੱਖ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ ਅਖੌਤੀ ਸਿੱਖ ਸੰਤਾਂ ਨੇ ਵੀ ਪੜ੍ਹੀ ਗਈ ਬਾਣੀ ਦੀ ਲਾਜ ਨਹੀਂ ਰੱਖੀ ਤੇ ਉਨ੍ਹਾਂ ਵੀ ਕਾਬਜ਼ ਧੜੇ ਨਾਲ ਗੱਠ ਜੋੜ ਕਰਕੇ ਆਪਣੇ ਲਈ 30 ਸੀਟਾਂ ਪ੍ਰਾਪਤ ਕਰ ਲਈਆਂ। ਇਹ ਨਾਪਾਕ ਗੱਠ ਜੋੜ ਅਕਾਲੀ ਦਲ ਲਈ ਵੀ ਇਖ਼ਲਾਕੀ ਮੌਤ ਹੈ ਕਿਉਂਕਿ ਜਿਨ੍ਹਾਂ ਮਹੰਤਾਂ ਤੋਂ ਬੇਅੰਤ ਸ਼ਹੀਦੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਵਾਏ ਸਨ ਅੱਜ ਇਸ ਗੱਠਜੋੜ ਰਾਹੀਂ ਕਾਨੂੰਨੀ ਤੌਰ ’ਤੇ ਮੁੜ ਉਨ੍ਹਾਂ ਦੇ ਹੀ ਹਵਾਲੇ ਕੀਤੇ ਜਾਣ ਦਾ ਮੁੱਢ ਬੰਨ੍ਹ ਦਿੱਤਾ ਹੈ।

ਇਹ ਵੀ ਅਕਾਲ ਪੁਰਖ ਦਾ ਸਿਰਜਿਆ ਸਿਧਾਂਤ ਹੀ ਹੈ ਕਿ ਚੰਗੇ ਤੋਂ ਚੰਗੇ ਕਿਰਦਾਰ ਵਾਲਾ ਮਨੁਖ ਵੀ ਜਦੋਂ ਪੂਜਾ ਦਾ ਧਾਨ ਖਾਣ ਲੱਗ ਪਏ ਜਾਂ ਉਸ ਨੂੰ ਸਤਾ ਦੀ ਕੁਰਸੀ ਪ੍ਰਾਪਤ ਹੋਣ ਕਰਕੇ ਸਤਾ ਦਾ ਨਸ਼ਾ ਚੜ੍ਹ ਜਾਵੇ ਤਾਂ ਉਸ ਦੀ ਬੁੱਧ ਭ੍ਰਿਸ਼ਟੀ ਜਾਂਦੀ ਹੈ ਤੇ ਉਹ ਧਰਮ ਤੋਂ ਪੂਰੀ ਤਰ੍ਹਾਂ ਗਿਰ ਜਾਂਦਾ ਹੈ। ਗੁਰੂ ਰਾਮ ਦਾਸ ਜੀ ਨੇ ਚੰਗੇ ਕਿਰਦਾਰ ਵਾਲੇ ਸਿੱਖਾਂ ਨੂੰ ਮਸੰਦ ਥਾਪ ਕੇ ਉਨ੍ਹਾਂ ਦੀ ਪ੍ਰਚਾਰ ਕਰਨ ਦੀ ਅਤੇ ਸਿੱਖ ਸੰਗਤਾਂ ਤੋਂ ਦਸਵੰਧ ਦੀ ਮਾਇਆ ਇਕੱਤ੍ਰ ਕਰਕੇ ਗੁਰੂ ਘਰ ਪਹੁੰਚਾਉਣ ਦੀ ਡਿਊਟੀ ਲਾਈ। ਇਤਿਹਾਸ ਗਵਾਹ ਹੈ ਕਿ ਸ਼ੁਰੂ ਵਿੱਚ ਤਾਂ ਉਨ੍ਹਾਂ ਨੇ ਪ੍ਰਚਾਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਜਿਸ ਕਾਰਣ ਉਨ੍ਹਾਂ ਦਾ ਸਿੱਖ ਸੰਗਤਾਂ ਵਿੱਚ ਮਾਨ ਸਨਮਾਨ ਵੀ ਬਹੁਤ ਵਧਿਆ। ਪਰ ਹੌਲੀ ਹੌਲੀ ਉਨ੍ਹਾਂ ਨੇ ਦਸਵੰਧ ਦੀ ਮਾਇਆ ਗੁਰੂ ਘਰ ਪਹੁੰਚਾਉਣ ਜਾਂ ਪ੍ਰਚਾਰ ਹਿਤ ਵਰਤਣ ਦੀ ਥਾਂ ਆਪ ਹੀ ਖਾਣੀ ਸ਼ੁਰੂ ਕਰ ਦਿੱਤੀ ਜਿਸ ਕਾਰਣ ਉਹ ਆਚਰਣ ਤੇ ਇਖ਼ਲਾਕ ਦੇ ਹਰ ਪੱਖ ਤੋਂ ਇਤਨੇ ਗਿਰ ਗਏ ਕਿ ਸੁਧਾਰ ਦੀ ਕੋਈ ਗੁੰਜਾਇਸ ਨਾ ਰਹਿਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਸੁੱਟ ਕੇ ਸਾੜਨਾ ਪਿਆ। ਇਸੇ ਤਰ੍ਹਾਂ 18ਵੀਂ ਸਦੀ ਵਿੱਚ ਜਦੋਂ ਸਿੰਘ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਰਹਿ ਕੇ ਆਪਣੀ ਤੇ ਕੌਮ ਦੀ ਹੋਂਦ ਬਚਾਉਣ ਦੇ ਸੰਘਰਸ਼ ਵਿੱਚ ਜੁਟੇ ਹੋਏ ਸਨ ਤਾਂ ਗੁਰੁਦਆਰਿਆਂ ਦੀ ਸੇਵਾ ਸੰਭਾਲ ਉਦਾਸੀ ਤੇ ਨਿਰਮਲੇ ਸੰਤਾਂ ਨੇ ਕੀਤੀ।

ਪਹਿਲਾਂ ਤੋਂ ਹੀ ਹਿੰਦੂ ਫ਼ਿਲਾਸਫ਼ੀ ਦੇ ਧਾਰਣੀ ਹੋਣ ਕਰਕੇ ਅਤੇ ਕਾਫੀ ਲੰਬਾ ਸਮਾਂ ਗੁਰਦੁਆਰਿਆਂ ’ਤੇ ਕਾਬਜ਼ ਰਹਿਣ ਕਾਰਣ ਜਿਥੇ ਉਨ੍ਹਾਂ ਨੇ ਬਿਪ੍ਰਵਾਦੀ ਰੀਤੀ ਰਸਮਾਂ ਨਾਲ ਮਿਲਗੋਭਾ ਕਰਕੇ ਗੁਰੂ ਨਾਨਕ ਦੇ ਸਿਧਾਂਤ ਦਾ ਪੂਰੀ ਤਰ੍ਹਾਂ ਹੁਲੀਆ ਵਿਗਾੜ ਦਿੱਤਾ ਉੱਥੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝਣ ਲੱਗ ਪਏ ਸਨ ਤੇ ਗੁਰੂ ਦੀ ਗੋਲਕ ਖਾਣ ਕਰਕੇ ਉਨ੍ਹਾਂ ਵਿੱਚ ਵੀ ਮਸੰਦਾਂ ਵਾਂਗ ਸਾਰੀਆਂ ਇਖ਼ਲਾਕੀ ਗਿਰਾਵਟਾਂ ਆ ਗਈਆਂ ਤਾਂ 19ਵੀਂ ਸਦੀ ਦੇ ਅਖੀਰ ’ਤੇ ਇਨ੍ਹਾਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸਿੰਘਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਨੇਕਾਂ ਸ਼ਹੀਦੀਆਂ ਦੇਣੀਆਂ ਪਈਆਂ। ਇਸ ਦੇ ਫਲਸਰੂਪ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਗੁਰਦੁਆਰਾ ਐਕਟ 1925 ਰਾਹੀਂ ਇਸ ਕਮੇਟੀ ਨੂੰ ਕਾਨੂੰਨੀ ਦਰਜ਼ਾ ਹਾਸਲ ਹੋਇਆ ਤੇ 1926 ਵਿੱਚ ਪਹਿਲੀ ਵਾਰ ਸਿੱਖ ਵੋਟਰਾਂ ਰਾਹੀ ਵੋਟਾਂ ਪਾ ਕੇ ਇਸ ਦੇ ਮੈਂਬਰ ਚੁਣੇ ਗਏ। ਸ਼ੁਰੂ ਸ਼ੁਰੂ ਵਿੱਚ ਇਸ ਕਮੇਟੀ ਨੇ ਵੀ ਚੰਗੇ ਕੰਮ ਕੀਤੇ। 13 ਸਾਲਾਂ ਦੇ ਲੰਬੇ ਸਮੇਂ ਦੀ ਸੋਚ ਵੀਚਾਰ ਉਪ੍ਰੰਤ 1945 ਵਿੱਚ ਮੌਜੂਦਾ ਸਿੱਖ ਰਹਿਤ ਮਰਿਆਦਾ ਲਿਖਤੀ ਰੂਪ ਵਿੱਚ ਹੋਂਦ ਵਿੱਚ ਆਈ, ਬੇਸ਼ੱਕ ਇਸ ਵਿੱਚ ਕੁਝ ਬਿਪ੍ਰਵਾਦੀ ਪ੍ਰਭਾਵ ਹੈ ਜਿਸ ਦੇ ਸੁਧਾਰ ਦੀ ਲੋੜ ਹੈ।

ਪਰ ਜਿਸ ਤਰ੍ਹਾਂ ਮਸੰਦਾਂ ਤੇ ਮਹੰਤਾਂ ਵਿੱਚ ਗਿਰਾਵਟ ਆਈ ਉਸੇ ਤਰ੍ਹਾਂ ਮੌਜੂਦਾ ਅਕਾਲੀ ਲੀਡਰਸ਼ਿਪ ਵੀ ਗਿਰਾਵਟ ਦੀ ਸਿਖਰ ’ਤੇ ਪਹੁੰਚ ਚੁੱਕੇ ਹਨ ਤੇ ਜਦ ਤੱਕ ਇੱਕ ਪ੍ਰਵਾਰ ਦਾ ਇਸ ’ਤੇ ਕਬਜ਼ਾ ਹੈ ਉਤਨੀ ਦੇਰ ਮਸੰਦਾਂ ਵਾਂਗ ਇਨ੍ਹਾਂ ਵਿੱਚ ਕਿਸੇ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਮਹੰਤਾਂ ਦੀ ਬਚੀ ਰਹਿੰਦ ਖੂੰਹਦ ਸੰਤ ਸਮਾਜ ਦਾ ਰੂਪ ਧਾਰਨ ਕਰ ਗਈ ਹੈ ਤੇ ਉਹ ਆਰਐੱਸਐੱਸ ਦੇ ਏਜੰਟਾਂ ਦੇ ਤੌਰ ’ਤੇ ਕੰਮ ਕਰ ਰਹੀ ਹੈ। ਅਕਾਲੀ ਦਲ ਵੀ ਸਤਾ ’ਤੇ ਟਿਕੇ ਰਹਿਣ ਲਈ ਆਰ.ਐੱਸ.ਐੱਸ ਦੇ ਸਿਆਸੀ ਵਿੰਗ ਭਾਜਪਾ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਖੇਡ ਰਹੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਦਾਖ਼ਲ ਹੋਏ ਬਿਪ੍ਰਵਾਦੀ ਪ੍ਰਭਾਵ ਨੂੰ ਦੂਰ ਕਰਨ ਦੀ ਥਾਂ ਸੰਤ ਸਮਾਜ-ਅਕਾਲੀ ਦਲ ਦੇ ਨਾਪਾਕ ਗੱਠਜੋੜ ਨੇ ਉਸ ਦੇ ਚੰਗੇ ਪੱਖ ਨੂੰ ਸੁਧਾਰਨ ਦੀ ਥਾਂ ਉਸ ਨੂੰ ਪੂਰੀ ਤਰ੍ਹਾਂ ਬਿਪਰਵਾਦੀ ਰੰਗਤ ਦੇਣ ਦੀ ਤਿਆਰੀ ਕਰ ਲਈ ਹੈ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾਂ ਹੀ ਕਤਲ ਕਰ ਚੁੱਕੇ ਹਨ। ਹੁਣ ਬਾਦਲ ਦਲ ਦੇ ਇਸ ਨਾਪਾਕ ਗੱਠਜੋੜ ਸਮਝੌਤੇ ਅਧੀਨ 30 ਸੀਟਾਂ ਸੰਤ ਸਮਾਜ ਨੂੰ ਦੇ ਦਿੱਤੀਆਂ ਹਨ। ਇਸ ਤਰ੍ਹਾਂ ਅਥਾਹ ਕੁਰਬਾਨੀਆਂ ਉਪ੍ਰੰਤ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਤੌਰ ’ਤੇ ਮੁੜ ਮਹੰਤਾਂ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਜੇ ਐਸਾ ਹੋ ਗਿਆ ਤਾਂ ਜਰਾ ਸੋਚੋ ਅੱਗੇ ਕੀ ਹੋਵੇਗਾ? ਦਰਬਾਰ ਸਹਿਬ ਦੀਆਂ ਪ੍ਰਕਰਮਾਂ ਵਿੱਚ ਪਹਿਲਾਂ ਦੀ ਤਰ੍ਹਾਂ ਮੁੜ ਦੇਵੀ ਦੇਵਤਿਆਂ ਦੀ ਮੂਰਤੀਆਂ ਸਥਪਤ ਹੋ ਜਾਣਗੀਆਂ। ਇੱਥੇ ਹਵਨ ਤੇ ਸ਼ਿਵਲਿੰਗ ਪੂਜਾ ਸ਼ੁਰੂ ਹੋ ਜਾਵੇਗੀ। ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਨੂੰਹ ਰਾਣੀ ਬੀਬੀ ਹਰਸਿਮਰਤ ਕੌਰ ਪਹਿਲਾਂ ਹੀ ਇਸ ਦੀ ਮੁਹਾਰਤ ਹਾਸਲ ਕਰ ਚੁੱਕੇ ਹਨ। ਇੱਥੇ ਰਮਾਇਣ ਦੇ ਪਾਠ ਹੋਇਆ ਕਰਨਗੇ, ਸੁੱਚਾ ਸਿੰਘ ਲੰਗਾਹ ਇਸ ਵਿੱਚ ਮੁਹਾਰਤ ਕਰ ਚੁੱਕਿਆ ਹੈ। ਇੱਥੇ ਜਗਰਾਤੇ ਕਰਵਾ ਕੇ ਮਾਤਾ ਦੀਆਂ ਭੇਟਾਵਾਂ ਗਾਈਆਂ ਜਾਣਗੀਆਂ। ਅਮਰਜੀਤ ਸਿੰਘ ਚਾਵਲਾ ਇਸ ਕੰਮ ਵਿੱਚ ਕਾਫੀ ਮੁਹਾਰਤ ਹਾਸਲ ਕਰ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਜਾਂ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਇਕੱਲੇ) ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਵੇਗਾ। ਹਰਨਾਮ ਸਿੰਘ ਧੁੰਮਾ ਦਸਮ ਗ੍ਰੰਥ ਦਾ ਸੰਥਾ ਪਾਠ ਕਰਵਾਕੇ ਇਸ ਦੇ ਕਾਫੀ ਗ੍ਰੰਥੀ ਤਿਆਰ ਕਰ ਚੁੱਕਾ ਹੈ। ਸਿੱਖ ਇਤਿਹਾਸ ਹਿੰਦੀ ਅਤੇ ਗੁਰ ਬਿਲਾਸ ਪਾਤਸ਼ਾਹੀ 6ਵੀਂ ਛਪਵਾ ਕੇ ਗੁਰੂ ਸਾਹਿਬਾਨ ਦਾ ਇਤਿਹਾਸ ਤਾਂ ਪਹਿਲਾਂ ਹੀ ਕਲੰਕਤ ਕਰ ਚੁੱਕੇ ਹਨ, ਜੋ ਚੰਗਾ ਪੱਖ ਰਹਿ ਗਿਆ ਹੈ, ਨਾਨਕਸ਼ਾਹੀ ਕੈਲੰਡਰ ਦੀ ਤਰ੍ਹਾਂ ਸੋਧ ਦੇ ਨਾਮ ’ਤੇ ਉਸ ਦਾ ਵੀ ਹੁਲੀਆ ਪੂਰੀ ਤਰ੍ਹਾਂ ਵਿਗਾੜ ਦਿੱਤਾ ਜਾਵੇਗਾ।

ਜਨਵਰੀ 2010 ਵਿੱਚ ਆਰਐੱਸਐੱਸ ਦਾ ਪ੍ਰਚਾਰਕ ਰਾਮਾਕੰਤ ਤਿਵਾਰੀ ਗੁਰੂ ਗ੍ਰੰਥ ਸਹਿਬ ਵਿੱਚੋਂ ਮੁਸਲਮਾਨ ਫ਼ਕੀਰਾਂ ਦੀ ਬਾਣੀ ਕੱਢਣ ਦੀ ਸਲਾਹ (ਵੇਖੋ official RSS website www.sanghparivar.org carried an article by one Ramakant Tiwari, a known RSS preacher, which only suggested, rather explicitly stated, that Sikhs were a part of Hinduism, but asked them to remove the bani of Muslim faqirs from Sri Guru Granth Sahib ji. ਅਤੇ ਗੁਰੂ ਕੇ ਲੰਗਰ ਵਿੱਚੋਂ ਲਸਣ ਪਿਆਜ਼ ਦੀ ਵਰਤੋਂ ’ਤੇ ਪਾਬੰਦੀ ਦੀ ਮੰਗ ਕੀਤੀ ਗਈ ਹੈ: Terming onion and garlic as “impure” foods, the RSS website article raises objections to their use in the `langar' served at Harmandar Sahib.

ਇਸ ਤੋਂ ਅੱਗੇ ਜਾ ਕੇ ਹਰਿਮੰਦਰ ਸਾਹਿਬ ਨੂੰ ‘ਸ਼ਿਵਾਲਯ’ ਲਿਖ ਰਿਹਾ ਹੈ: Sikh sangat worldwide is wondering why the Badals remain silent even when official RSS website carries postings that describe Sri Harmandar Sahib as a “Shivalya”. And he presumably wrote the article after a visit to the Golden Temple! (WSN Bureau, 27January 2010)

ਇਨ੍ਹਾਂ ਦੇ ਏਜੰਡੇ ’ਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਹੋਣਗੇ ਪਰ ਹਾਲੀ ਉਨ੍ਹਾਂ ਦਾ ਜ਼ਿਕਰ ਕਰਨਾ ਲੋਕਾਂ ਨੂੰ ਭਵਿਖ ਬਾਣੀ ਜਾਪੇਗੀ। ਇਸ ਲਈ ਥੋਹੜਾ ਸਮਾਂ ਉਡੀਕੋ ਹੌਲੀ ਹੌਲੀ ਆਪੇ ਹੀ ਸਾਹਮਣੇ ਆ ਜਾਣਗੇ। ਹੁਣ ਸਿੱਖ ਕੌਮ ਲਈ ਸੋਚਣ ਦਾ ਸਮਾਂ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਕਿ ਹੁਣ ਪੰਥ ਵਿੱਚ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਕਿਸੇ ਨੂੰ ਮਸੰਦਾਂ ਵਾਂਗ ਸਾੜਨ ਦੀ ਸਮਰਥਾ ਹੈ। ਨਾ ਹੀ 19ਵੀਂ 20ਵੀਂ ਸਦੀ ਦੇ ਸਿੰਘਾਂ ਵਾਂਗ ਗੁਰਦੁਆਰਾ ਸੁਧਾਰ ਲਹਿਰ ਵਾਂਗ ਸ਼ਹੀਦੀਆਂ ਦੇ ਕੇ ਗੁਰਦੁਆਰੇ ਅੱਜ ਦੇ ਸਿਆਸੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਸਮਰਥਾ ਹੈ। ਬਹੁ ਗਿਣਤੀ ਸਿੱਖ ਇਹ ਵੀ ਸਮਝ ਰਹੇ ਹਨ ਕਿ ਨਸ਼ਿਆਂ ਤੇ ਨਿਜੀ ਸੁਆਰਥ ਪੂਰਤੀ ਦੇ ਗੁਲਾਮ ਹੋਏ ਬਹੁ ਗਿਣਤੀ ਸਿੱਖ ਵੋਟਾਂ ਰਾਹੀਂ ਇਸ ਸਿਸਟਮ ਨੂੰ ਬਦਲਣ ਦੇ ਸਮਰਥ ਨਹੀਂ ਰਹੇ ਕਿਉਂਕਿ ਚੋਣ ਸਿਸਟਮ ਸਮੇਤ ਸਾਰੇ ਨੈੱਟ ਵਰਕ ਅਤੇ ਮੀਡੀਏ ’ਤੇ ਇੱਕ ਪ੍ਰਵਾਰ ਦਾ ਕਬਜ਼ਾ ਹੋ ਚੁੱਕਾ ਹੈ। ਕੇਂਦਰ ਸਰਕਾਰ, ਗੁਰਦੁਆਰਾ ਚੋਣ ਕਮਿਸ਼ਨ ਅਤੇ ਇੱਥੋਂ ਤੱਕ ਕਿ ਅਦਾਲਤਾਂ ਵੀ ਕਾਬਜ਼ ਧੜੇ ਦੇ ਹੱਕ ਵਿੱਚ ਭੁਗਤ ਰਹੀਆਂ ਹਨ ਇਸੇ ਕਾਰਣ ਅਕਾਲੀ ਦਲ ਬਾਦਲ ਵਲੋਂ ਦੋ ਚੋਣ ਕਮਿਸ਼ਨਾਂ ਕੋਲ ਦੋ ਵੱਖ ਵੱਖ ਸੰਵਿਧਾਨ ਦੇਣ ਕਾਰਣ ਉਸ ਦੀ ਮਾਣਤਾ ਰੱਦ ਕੀਤਾ ਜਾਣ ਲਈ ਬਲਵੰਤ ਸਿੰਘ ਖੇੜਾ ਵਲੋਂ ਅਦਾਲਤ ਵਿੱਚ ਪਾਇਆ ਕੇਸ ਲੰਬੇ ਸਮੇਂ ਤੋਂ ਲਟਕ ਰਿਹਾ ਹੈ। ਵਿਰੋਧੀ ਦਲਾਂ ਵਲੋਂ ਵੋਟਾਂ ਬਣਾਉਣ ਦੇ ਢੰਗ ਅਤੇ ਗਲਤ ਬਣਾਈਆਂ ਗਈਆਂ ਵੋਟਾਂ ਦੀਆਂ ਅਨੇਕਾਂ ਸ਼ਿਕਾਇਤਾਂ ਦੇ ਕੇਸ ਗੁਰਦੁਆਰਾ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਵੋਟਾਂ ਪਾਉਣ ਦੀ ਸਿਫਾਰਸ਼ ਕਰ ਦਿੱਤੀ ਤੇ ਕੇਂਦਰ ਸਰਕਾਰ ਨੇ ਵੀ ਉਸ ਨੂੰ ਪ੍ਰਵਾਨ ਕਰ ਲਿਆ ਹੈ।

ਅੱਜ ਦੇ ਜਾਗਰੂਕ ਸਿੱਖਾਂ ਲਈ ਇਹ ਸੋਚਣ ਦਾ ਸਮਾਂ ਹੈ ਕਿ ਕੀ ਉਹ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਗੇ ਤੇ ਆਉਣ ਵਾਲੀ ਪੀੜੀ ਨੂੰ ਸ਼ਹੀਦੀਆਂ ਪਾੳਣ ਜਾਂ ਆਤਮਕ ਮੌਤ ਮਰਨ ਦਾ ਰਾਹ ਹੀ ਪੱਧਰਾ ਕਰਕੇ ਦੇਣਗੇ। ਨਹੀਂ ਨਹੀਂ ਗੁਰੂ ਦੇ ਸਿੱਖਾਂ ਨੂੰ ਤਾਂ ਐਸਾ ਨਹੀਂ ਕਰਨਾ ਚਾਹੀਦਾ, ਉਨ੍ਹਾਂ ਨੂੰ ਹਾਲਾਤਾਂ ਅੱਗੇ ਹਥਿਆਰ ਨਹੀਂ ਸੁਟਣੇ ਚਾਹੀਦੇ। ਇਸ ਲਈ ਹਰ ਗੁਰ ਸਿੱਖ ਜਿਹੜਾ ਖੁਦ ਇਸ ਵਾਪਰਨ ਵਾਲੀ ਹੋਣੀ ਨੂੰ ਸਮਝ ਚੁੱਕਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਂਢ ਗੁਆਂਢ, ਰਿਸ਼ਤੇਦਾਰਾਂ, ਮਿੱਤਰਾਂ ਤੇ ਹੋਰ ਮਿਲਣ ਵਾਲਿਆਂ ਨੂੰ ਇਹ ਗੱਲ ਸਮਝਾਉਣੀ ਆਪਣਾ ਫਰਜ਼ ਸਮਝ ਲਵੇ ਤੇ ਉਨ੍ਹਾਂ ਨੂੰ ਸਮਝਾਏ ਕਿ ਜਿਸ ਧਰਮ ਦੀ ਖ਼ਾਤਰ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀ ਕੀਤੀਆਂ, ਬਾਲ ਉਮਰ ਦੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਅਨੇਕਾਂ ਲਾਲਚਾਂ ਨੂੰ ਠੋਕਰ ਮਾਰ ਕੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਜਿਨਾਂ ਗੁਰਦੁਆਰਿਆਂ ਵਿੱਚ ਗੁਰ ਮਰਿਆਦਾ ਨੂੰ ਬਹਾਲ ਕਰਵਾਉਣ ਲਈ ਪਿਛਲੀ ਸਦੀ ਵਿੱਚ ਅਨੇਕਾਂ ਸ਼ਹੀਦੀਆਂ ਦਿੱਤੀਆਂ ਤਾਂ ਕੀ ਉਸ ਧਰਮ ਲਈ ਅਸੀਂ ਆਪਣੀ ਮਰਜ਼ੀ ਨਾਲ ਇੱਕ ਵੋਟ ਵੀ ਨਹੀਂ ਪਾ ਸਕਦੇ! ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਸ਼ਰੋਮਣੀ ਕਮੇਟੀ ਚੋਣਾਂ ਵਿੱਚ ਖ਼ਾਲਸਤਾਨ ਦਾ ਮੁੱਦਾ ਗੈਰ ਪ੍ਰਸੰਗਕ ਹੈ।

ਮੁੱਦਾ ਸਿਰਫ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦੀ ਬਹਾਲੀ ਦਾ ਹੀ ਹੋਣਾ ਚਾਹੀਦਾ ਹੈ। ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹ ਜੋ ਮਰਜ਼ੀ ਏਜੰਡਾ ਅਪਣਾਏ ਕਿਸੇ ਨੂੰ ਕੋਈ ਇਤਰਜ਼ ਨਹੀਂ ਪਰ ਇਹ ਮੁੱਦਾ ਉਠਾ ਕੇ ਨਾਪਾਕ ਗੱਠਜੋੜ ਦੀ ਜਿੱਤ ਦਾ ਰਾਹ ਪੱਧਰਾ ਨਹੀਂ ਕਰਨਾ ਚਾਹੀਦਾ। ਹਾਲੀ ਸਮਾ ਹੈ ਕਿ ਬਾਦਲ ਦਲ ਦੇ ਉਮੀਦਵਾਰ ਦੇ ਮੁਕਾਬਲੇ ਵਿੱਚ ਸਿਰਫ ਇੱਕ ਉਮੀਦਵਾਰ ਨੂੰ ਹੀ ਅਪਣਾ ਕੇ ਬਾਕੀ ਦੇ ਉਮੀਦਵਾਰ ਵਾਪਸ ਲੈ ਲਏ ਜਾਣ। ਇਸ ਨਾਲ ਨਾਰਾਜ਼ ਸਿੱਖ ਵੋਟਰਾਂ ਦਾ ਉਤਸ਼ਾਹ ਵਧੇਗਾ ਤੇ ਉਹ ਕਾਫੀ ਹੱਦ ਤੱਕ ਨਾਪਾਕ ਗੱਠਜੋੜ ਨੂੰ ਸ਼ਰੋਮਣੀ ਕਮੇਟੀ ਤੋਂ ਦੂਰ ਰੱਖਣ ਲਈ ਕਾਮਯਾਬ ਹੋ ਸਕਦੇ ਹਨ।

ਕਿਰਪਾਲ ਸਿੰਘ ਬਠਿੰਡਾ
+91 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top