Share on Facebook

Main News Page

ਕੀ ਜ਼ਿਆਦਾ ਬੱਚੇ ਪੈਦਾ ਕਰਕੇ, ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ?: ਤੱਤ ਗੁਰਮਤਿ ਪਰਿਵਾਰ

ਸਿੱਖ ਸਮਾਜ ਵਿਚ ਦਿਨੋਂ ਦਿਨ ਕੇਸ ਕਤਲ ਕਰਵਾਏ ਜਾਣ ਦੀ ਵੱਧਦੀ ਪ੍ਰਵੀਰਤੀ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਸਿੱਖ ਕੌਮ ਦੇ ਕੇਂਦਰ ਮੰਨੇ ਜਾਂਦੇ ਪੰਜਾਬ ਵਿਚ ਇਸ ਪ੍ਰਵੀਰਤੀ ਦਾ ਭਾਰੂ ਹੋਣਾ ਇਸ ਦਾ ਲਖਾਇਕ ਹੈ। ਇਸ ਪ੍ਰਵਿਰਤੀ ਕਾਰਨ ਸਾਬਤ ਸੂਰਤ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਸ ਮੰਦ ਪ੍ਰਚਲਨ ਦੀ ਸਿੱਖ ਚਿੰਤਕਾਂ ਵਲੋਂ ਵੱਖ-ਵੱਖ ਪੱਖੋਂ ਪੜਚੋਲ ਕੀਤੀ ਗਈ ਅਤੇ ਸਿੱਖਾਂ ਦੀ ਗਿਣਤੀ ਵਧਾਉਣ ਦੇ ਕਈ ਤਰੀਕੇ ਵੀ ਦੱਸੇ ਜਾਂਦੇ ਰਹੇ ਹਨ। ਐਸੇ ਹੀ ਕੁਝ ਸੁਹਿਰਦ ਪੰਥਦਰਦੀ ਚਿੰਤਕਾਂ ਦਾ ਮੱਤ ਹੈ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਇਕ ਕਾਰਨ ‘ਛੋਟੇ ਪਰਿਵਾਰ’ ਦਾ ਸੰਕਲਪ ਹੈ, ਜਿਸ ਅਨੁਸਾਰ ‘ਇਕ ਜਾਂ ਦੋ ਸੰਤਾਨ’ ਪੈਦਾ ਕਰਨ ਦਾ ਰੁਝਾਨ ਭਾਰੂ ਹੋ ਗਿਆ ਹੈ। ਇਨ੍ਹਾਂ ਚਿੰਤਕਾਂ ਦਾ ਮੰਨਣਾ ਹੈ ਕਿ ਜੇ ਸਿੱਖ ਜ਼ਿਆਦਾ ਬੱਚੇ ਪੈਦਾ ਕਰਨਾ ਸ਼ੁਰੂ ਕਰ ਦੇਣ ਤਾਂ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਕੁਝ ਮਹੀਨੇ ਪਹਿਲਾਂ ਦਿਲੀ ਕਮੇਟੀ ਵਿਚ ‘ਧਰਮ ਪ੍ਰਚਾਰ ਕਮੇਟੀ’ ਦੇ ਚੇਅਰਮੈਨ ਅਤੇ ਜਾਗਰੂਕ ਮੰਨੇ ਜਾਂਦੇ ਵੀਰ ਤਰਸੇਮ ਸਿੰਘ ਜੀ ‘ਖਾਲਸਾ’ ਨੇ ਪੰਥਕ ਮਹੀਨਾਵਾਰ ਪਰਚੇ ‘ਇੰਡੀਆ ਅਵੇਅਰਨੈੱਸ’ ਦੇ ਇਕ ਅੰਕ ਵਿਚ ਇਕ ਲੇਖ ਰਾਹੀਂ ਕਾਫੀ ਗਿਣਤੀਆਂ ਮਿਣਤੀਆਂ ਲਾਉਣ ਤੋਂ ਬਾਅਦ ਇਹ ਨਤੀਜਾ ਦਰਸਾਇਆ ਸੀ ਕਿ ਜੇ ਸਿੱਖ ਜ਼ਿਆਦਾ ਬੱਚੇ ਪੈਦਾ ਕਰਨਾ ਸ਼ੁਰੂ ਕਰ ਦੇਣ ਤਾਂ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।

ਅੱਜ ਦੇ ਲੇਖ ਵਿਚ ਅਸੀਂ ਇਸ ‘ਮੱਤ’ ਦੀ ਸੁਹਿਰਦ ਪੜਚੋਲ ਕਰਨ ਦਾ ਯਤਨ ਕਰਾਂਗੇ ਕਿ ਕੀ ਇਹ ਸੋਚ ਸਹੀ ਅਤੇ ਕਾਰਗਰ ਹੈ ?

ਹਰ ਸੁਚੇਤ ਅਤੇ ਨਿਰਪੱਖ ਚਿੰਤਕ ਇਸ ਗੱਲ ਨੂੰ ਤਾਂ ਮੰਨਦਾ ਹੈ ਕਿ ਸਿੱਖੀ ਵਿਚ ਘਾਟ ਆਉਣ ਦਾ ਸਭ ਤੋਂ ਵੱਡਾ ਕਾਰਨ ਆਮ ਸਿੱਖਾਂ ਦਾ ‘ਗੁਰਬਾਣੀ ਸਿਧਾਂਤਾਂ’ ਤੋਂ ਅੰਜਾਣ ਹੋਣਾ ਜਾਂ ‘ਟੁੱਟ ਜਾਣਾ’ ਹੈ। ਗੁਰਬਾਣੀ ਦੇ ‘ਸੰਦੇਸ਼’ ਨੂੰ ਧਾਰਨ ਕਰਨ ਦੀ ਥਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਰਮਕਾਂਡੀ (ਰਸਮੀ) ਵਰਤੋਂ, ਇਸ ਪਤਨ ਦਾ ਮੁੱਖ ਕਾਰਨ ਹੈ। ਇਸ ਵਿਚ ਜ਼ਹਿਰ ਵਾਂਗੂ ਫੈਲ ਚੁੱਕੇ ‘ਡੇਰਾਵਾਦੀ ਕਲਚਰ’ ਦਾ ਵੀ ਵੱਡਾ ਹੱਥ ਹੈ, ਜੋ ਨਿੱਤ ਸਿੱਖ ਸਮਾਜ ਨੂੰ ਬ੍ਰਾਹਮਣਵਾਦ ਦਾ ਜ਼ਹਿਰ ਮਿੱਠੇ ਵਿਚ ਲਪੇਟ ਕੇ ਖੁਆਈ ਜਾ ਰਿਹਾ ਹੈ। ਅਫਸੋਸ! ਇਹ ਹੈ ਕਿ ਸਿੱਖਾਂ ਦੇ ਕੇਂਦਰੀ ਸਥਾਨਾਂ ਤੇ ਇਹੀ ਡੇਰਾਵਾਦੀ (ਸੰਪਰਦਾਈ) ਤਬਕਾ ਕਾਫੀ ਸਮੇਂ ਤੋਂ ਕਾਬਜ਼ ਹੈ। ਕੌਮ ਦੇ ‘ਆਗੂ’ ਅਸਲ ਵਿਚ ਪੰਥ ਵਿਰੋਧੀ ਤਾਕਤਾਂ ਦੇ ‘ਹੱਥ ਠੋਕੇ’ ਬਣ ਚੁੱਕੇ ਹਨ।

ਕੇਸਾਂ ਦਾ ਕਤਲ ਕਰਵਾਉਣ ਵਾਲੇ, ਸਿੱਖ ਪਰਿਵਾਰਾਂ ਵਿਚੋਂ ਹੀ ਹਨ। ਜੇ ਜ਼ਿਆਦਾ ਬੱਚੇ ਪੈਦਾ ਕਰ ਵੀ ਲਏ ਜਾਣ ਤਾਂ ਕੀ ਗਾਰੰਟੀ ਹੈ ਕਿ ਉਹ ਵਧੀ ਹੋਈ ਆਬਾਦੀ ਕੇਸ ਕਤਲ ਨਹੀਂ ਕਰਵਾਏਗੀ ? ਕਿਉਂਕਿ ਕੇਸ ਕਤਲ ਕਰਵਾਉਣ ਪਿੱਛੇ ਜਿਹੜੇ ਕਾਰਨ ਹਨ, ਉਹ ਤਾਂ ਖਤਮ ਨਹੀਂ ਹੋ ਰਹੇ। ਉਨ੍ਹਾਂ ਦੀ ਪੜਚੋਲ ਕਰਕੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਅੱਜ ਆਮ ਸਿੱਖ ਪਰਿਵਾਰ ਵਿਚ ‘ਗੁਰਮਤਿ’ ਦੀ ਥਾਂ ‘ਕਰਮਕਾਂਡੀ’ ਮਾਹੋਲ ਜ਼ਿਆਦਾ ਹੈ, ਜੋ ਨੋਜਵਾਨ ਪੀੜੀ ਨੂੰ ਸਿੱਖੀ ਤੋਂ ਬਾਗੀ ਕਰਕੇ ਇਸ ਗਲਤ ਰਾਹ ਤੇ ਤੌਰ ਰਿਹਾ ਹੈ। ਜਦੋਂ ਤੱਕ ਇਹ ਮਾਹੌਲ ਨਹੀਂ ਸੁਧਾਰਿਆ ਜਾਂਦਾ, ਗਿਣਤੀ ਵਧਾਉਣ ਦਾ ਕੀ ਫਾਈਦਾ ? ਜਿਹੜੇ ਵੀ ਬੱਚੇ ਪੈਦਾ ਹੋਣਗੇ, ਉਹ ਗਲਤ ਮਾਹੋਲ ਕਾਰਨ ਗਲਤ ਰਾਹ ਤੇ ਹੀ ਤੁਰਨਗੇ।

ਜ਼ਿਆਦਾ ਪੈਦਾਇਸ਼ ਰਾਹੀਂ ਗਿਣਤੀ ਵਧਾਉਣ ਦੀ ਸੋਚ ਮੁਸਲਿਮ ਜਗਤ ਬਾਰੇ ਫੈਲਾਏ ਭਰਮ ਤੋਂ ਜ਼ਿਆਦਾ ਪ੍ਰੇਰਿਤ ਲਗਦੀ ਹੈ। ਪਰ ਸਚਾਈ ਇਹ ਹੈ ਕਿ ਆਮ ਹਿੰਦੁਸਤਾਨੀ ਵਾਂਗੂ ਮੁਸਲਿਮ ਜਗਤ ਵਿਚ ਵੀ ਜ਼ਿਆਦਾ ਬੱਚੇ ਪੈਦਾ ਕਰਨ ਦਾ ਰੁਝਾਣ ਅਨਪੜ੍ਹ ਲੋਕਾਂ ਵਿਚ ਹੀ ਹੈ। ਮੁਸਲਿਮ ਸਮਾਜ ਦਾ ਪੜ੍ਹਿਆ-ਲਿਖਿਆ ਸੁਚੇਤ ਤਬਕਾ ‘ਛੋਟੇ ਪਰਿਵਾਰ’ ਵਿਚ ਹੀ ਵਿਸ਼ਵਾਸ਼ ਰੱਖਦਾ ਹੈ। ਉੱਥੇ ਵੀ ਵੱਧ ਬੱਚੇ ਪੈਦਾ ਕਰਨ ਪਿੱਛੇ ਕਾਰਨ ਅਨਪੜ੍ਹਤਾ ਅਤੇ ਅਗਿਆਨਤਾ ਹੀ ਹੈ, ਨਾ ਕਿ ‘ਧਰਮ’ ਫੈਲਾਉਣ ਦੀ ਸੋਚ।

ਆਪਣੇ ‘ਮੱਤ’ ਨੂੰ ਫੈਲਾਉਣ ਦੀ ਜੇ ਪ੍ਰੇਰਣਾ ਲੈਣੀ ਬਣਦੀ ਹੈ ਤਾਂ ਉਹ ਇਸਾਈ ਪ੍ਰਚਾਰਕਾਂ ਤੋਂ। ‘ਇਸਾਈ ਮੱਤ’ ਅੱਜ ਦੇ ਸੰਸਾਰ ਦੇ ਦੋ ਵੱਡੇ (ਗਿਣਤੀ ਪੱਖੋਂ) ‘ਮੱਤਾਂ’ ਵਿਚੋਂ ਇਕ ਹੈ। ਪਰ ਹਰ ਇਕ ਸੁਚੇਤ ਮਨੁੱਖ ਜਾਣਦਾ ਹੈ ਕਿ ਮੂਲ ਰੂਪ ਵਿਚ ਇਸਾਈ ਬਹੁਲਤਾ ਵਾਲੇ ਪੱਛਮੀ ਦੇਸ਼ਾਂ ਵਿਚ ਬੱਚੇ ਪੈਦਾ ਕਰਨ ਦਾ ਰੁਝਾਨ ਬਹੁਤ ਘੱਟ ਹੈ। ਇਸਾਈ ਮੱਤ ਦੀ ਵੱਡੇ-ਵੱਡੇ (ਖੇਤਰਫਲ ਪੱਖੋਂ) ਦੇਸ਼ਾਂ ਦੀ ਆਬਾਦੀ ਬਹੁਤ ਘੱਟ ਹੈ। ਪਰ ਫੇਰ ਵੀ ਇਸਾਈ ਪ੍ਰਚਾਰਕਾਂ ਨੇ ਆਪਣੇ ਸਿਰੜ ਅਤੇ ਸਿਦਕ ਕਾਰਨ ਅਤੇ ਇਸਾਈ ਜਗਤ ਵਲੋਂ ਮਿਲਦੇ ਸਹਿਯੋਗ ਕਾਰਨ ਸਾਰੇ ਵਿਸ਼ਵ ਦੇ ਕੋਨੇ-ਕੋਨੇ ਤੱਕ ਫੈਲਾ ਦਿੱਤਾ ਹੈ। ਅਸੀਂ ਚੰਗੇ ਪਾਸੋਂ ਸੇਧ ਲੈਣ ਦੀ ਥਾਂ ਗਲਤ ਪਾਸੋਂ ਸੇਧ ਕਿਉਂ ਲੈਣਾ ਚਾਹੁੰਦੇ ਹਾਂ ?

ਜ਼ਿਆਦਾ ਬੱਚੇ ਪੈਦਾ ਕਰਨ ਦੀ ਪ੍ਰੇਰਣਾ ਵਾਲੇ ਚਿੰਤਕ ਕੀ ਇਹ ਭੁੱਲ ਗਏ ਹਨ ਕਿ ਕੌਮ ਦੇ ਪੀੜਿਤ ਤਬਕੇ (84 ਦੇ ਕਤਲੇਆਮ ਪੀੜਿਤ, ਧਰਮੀ ਫੌਜੀ, ਸੰਘਰਸ਼ ਵਿਚ ਸ਼ਹੀਦ ਆਦਿ) ਤਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੌਮ ਵਲੋਂ ਉਨ੍ਹਾਂ ਦੀ ਸੰਭਾਲ ਲਈ ਤਾਂ ਕੋਈ ਸੁਚੱਜਾ ਉਪਰਾਲਾ ਕੀਤਾ ਨਹੀਂ ਗਿਆ। ਕੌਮ ਦਾ ਕਿਸਾਨ ਤਬਕਾ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰ ਰਿਹਾ ਹੈ। ਕੌਮ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀ ਮਾਰ ਕਾਰਨ, ਨਿਰਾਸ਼ਤਾ ਦੇ ਆਲਮ ਵਿਚ ਨਸ਼ਿਆਂ ਦੇ ਸਮੁੰਦਰ ਵਿਚ ਗਰਕ ਹੋ ਰਹੀ ਹੈ। ਇਨ੍ਹਾਂ ਨੂੰ ਸੰਭਾਲਣ ਲਈ ਤਾਂ ਕੌਮ ਨੇ ਕੇਂਦਰੀ ਤੌਰ ਤੇ ਕੋਈ ਪ੍ਰਬੰਧ ਨਹੀਂ ਕੀਤਾ। ਗੋਲਕਾਂ ਤੇ ਕਾਬਜ਼ ਸਾਰੇ ਪ੍ਰਬੰਧਕ ਭ੍ਰਿਸ਼ਟ ਹੋ ਚੁੱਕੇ ਹਨ। ਇਨ੍ਹਾਂ ਪ੍ਰਬੰਧਕਾਂ ਨੂੰ ਗੁਰਦੁਵਾਰਿਆਂ ਤੇ ਸੋਨਾ ਅਤੇ ਸੰਗਮਰਮਰ ਥੱਪਣਾ, ਵੱਡੇ-ਵੱਡੇ ਕੀਰਤਨ ਦਰਬਾਰ ਅਤੇ ਸਮਾਗਮ ਰੱਚ ਕੇ ਕੀਤੀ ਜਾ ਰਹੀਆਂ ਤੋਤਾਰਟਨੀਆਂ ਹੀ ਅਸਲ ਪ੍ਰਚਾਰ ਜਾਪਦਾ ਹੈ। ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ (ਦੋ ਵੱਡੀਆਂ ਸੰਸਥਾਵਾਂ) ਤਾਂ ਉਨ੍ਹਾਂ ਡੇਰੇਦਾਰਾਂ ਨਾਲ ਰਲ-ਗੱਡ ਹੋਈਆਂ ਪਈਆਂ ਹਨ, ਜੋ ਕੌਮ ਦੇ ਸਿਧਾਂਤਕ ਨਿਘਾਰ ਦਾ ਵੱਡਾ ਕਾਰਨ ਹਨ। ਐਸੇ ਗਲਤ ਮਾਹੋਲ ਕਾਰਨ ਜਦੋਂ ਅਸੀਂ ਮੌਜੂਦਾ ਸਿੱਖ ਆਬਾਦੀ ਨੂੰ ਸਹੀ ਰਾਹ ਤੁਰਨ ਲਈ ਨਹੀਂ ਪ੍ਰੇਰ ਪਾ ਰਹੇ, ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਕਿਵੇਂ ਕਾਰਗਰ ਸਿੱਧ ਹੋ ਸਕਦਾ ਹੈ ? ਐਸੇ ਗਲਤ ਮਾਹੌਲ ਵਿਚ ਜਿਤਨੇ ਵੀ ਹੋਰ ਬੱਚੇ ਪੈਦਾ ਕਰੀ ਜਾਵੋ, ਤੁਰਨਾ ਤਾਂ ਉਨ੍ਹਾਂ ਉਸੇ ਰਾਹ ਹੈ। ਲੋੜ ਹੈ ਮਾਹੋਲ ਨੂੰ ‘ਗੁਰਮਤਿ’ ਦੀ ਰੌਸ਼ਨੀ ਵਿਚ ਸੁਧਾਰਨ ਦੀ, ਨਾ ਕਿ ‘ਹਵਾ ਵਿਚ ਤੀਰ’ ਮਾਰਨ ਵਾਂਗੂ ਨਤੀਜੇ ਸੋਚੇ ਬਿਨਾਂ ਸੁਝਾਅ ਦੇਣ ਦੀ।

ਅੱਜ ਦੇ ਮਹਿੰਗਾਈ ਦੇ ਸਮੇਂ ਵਿਚ ਇਕ ਜਾਂ ਦੋ ਬੱਚਿਆਂ ਦਾ ਪਾਲਨ-ਪੋਸ਼ਣ ਸਹੀ ਤਰੀਕੇ ਕਰਨਾ ਮੁਸ਼ਕਿਲ ਹੁੰਦਾ ਹੈ। ਜ਼ਿਆਦਾ ਬੱਚਿਆਂ ਵਾਲਾ ਪਰਿਵਾਰ ਪਛੜ ਜਾਂਦਾ ਹੈ। ਐਸੇ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਮੁਸੀਬਤ ਤਾਂ ਹੋ ਸਕਦਾ ਹੈ, ਸੌਗਾਤ ਨਹੀਂ। ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕੌਮੀ ਤੌਰ ਤੇ ਲੋੜਵੰਦ ਤਬਕੇ ਦੀ ਸੰਭਾਲ ਦਾ ਕੋਈ ਪੁੱਖਤਾ ਇੰਤਜ਼ਾਮ ਕਰਨ ਦੀ ਇੱਛਾ-ਸ਼ਕਤੀ ਹੀ ਖਤਮ ਹੋਵੇ।

ਜ਼ਿਆਦਾ ਬੱਚੇ ਪੈਦਾ ਕਰਨ ਦੇ ਇਸ ਸੁਝਾਅ ਦਾ ਇਕ ਹੋਰ ਪੱਖ ਵੀ ਸੁਹਿਰਦ ਵਿਚਾਰ ਮੰਗਦਾ ਹੈ। ‘ਗੁਰਮਤਿ’ ਲਿੰਗ ਵਿਤਕਰੇ ਦੀ ਵਿਰੋਧਤਾ ਕਰਦੀ ਹੈ ਪਰ ਗੁਰਮਤਿ ਤੋਂ ਭਟਕ ਜਾਣ ਕਾਰਨ ਸਿੱਖ ਸਮਾਜ ਵਿਚ ‘ਲਿੰਗ ਵਿਤਕਰੇ’ ਵਾਲਾ ਵਿਗਾੜ ਵੀ ਪੈਦਾ ਹੋ ਗਿਆ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਕੌਮ ਦੇ ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਵਿਖੇ ਅੱਜ ਵੀ ਕਾਬਜ਼ ਕੇਸਾਧਾਰੀ ਬ੍ਰਾਹਮਣਾਂ ਦੀ ਸੰਪਰਦਾਈ ਸੋਚ ਸਦਕਾ ਬੀਬੀਆਂ ਨੂੰ ‘ਕੀਰਤਨ’ ਕਰਨ ਦੀ ਇਜਾਜ਼ਤ ਨਹੀਂ ਹੈ। ਪੰਜਾਬ ਵਿਚ ਲਿੰਗ–ਅਨੁਪਾਤ ਸ਼ਰਮਨਾਕ ਹੱਦ ਤੱਕ ਘੱਟ ਹੈ। ਐਸੇ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਕੀ ਇਸਤਰੀ ਨੂੰ ‘ਬੱਚੇ ਪੈਦਾ ਕਰਨ ਦੀ ਮਸ਼ੀਨ’ ਵਾਂਗੂ ਪੇਸ਼ ਕਰਨਾ ਨਹੀਂ ਹੈ?

ਗੁਰਮਤਿ ਦਾ ਮੁੱਖ ਸੰਕਲਪ ‘ਸਰਬੱਤ ਦਾ ਭਲਾ’ ਹੈ। ਇਸ ਲਈ ਜ਼ਰੂਰੀ ਹੈ ਕਿ ਸਿੱਖ ਹਰ ਮਨੁੱਖੀ ਸਮੱਸਿਆ ਦਾ ਸਮਾਧਾਨ ਕਰਨ ਵਾਲੇ ਤਬਕੇ ਦੇ ਤੌਰ ਤੇ ਸਾਹਮਣੇ ਆਉਣ, ਨਾ ਕਿ ਸਮਾਜ ਲਈ (ਮਨੁੱਖਤਾ ਲਈ) ਖੁਦ ਇਕ ਸਮੱਸਿਆ ਬਣ ਜਾਣ। ਵੱਧਦੀ ਆਬਾਦੀ ਇਸ ਸਮੇਂ ਪੂਰੇ ਵਿਸ਼ਵ ਲਈ ਇਕ ਮੁਸੀਬਤ ਅਤੇ ਚੁਨੌਤੀ ਹੈ। ਉਸ ਸੰਧਰਭ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਜਿੱਥੇ ਇਸ ਸਮੱਸਿਆ ਵਿਚ ਭਾਗੀਦਾਰ ਬਣਨਾ ਹੈ, ਉਥੇ ਗੁਰਮਤਿ ਦੇ ਮੁਢਲੇ ਸੰਕਲਪ ‘ਸਰਬੱਤ ਦਾ ਭਲਾ’ ਦੇ ਵੀ ਉਲਟ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top