Share on Facebook

Main News Page

ਦੇਸ਼ ਦੀ ਆਜ਼ਾਦੀ ਦੀ ਅਲੰਬਰਦਾਰ ਸਿੱਖ ਮਾਨਸਿਕਤਾ ਵਿਚੋਂ 'ਰਾਜ ਦਾ ਸੰਕਲਪ' ਮਨਫ਼ੀ ਕਿਉਂ ਹੈ?

ਪਿਛਲੇ ਕੁਝ ਸਮੇਂ ਦੌਰਾਨ ਸਿੱਖ ਕੌਮ ਨੇ ਅੱਧੀ ਦਰਜਨ ਦੇ ਕਰੀਬ ਸ਼ਤਾਬਦੀਆਂ ਮਨਾਈਆਂ ਹਨ ਪਰੰਤੂ 'ਰਾਜ ਦੇ ਸਿੱਖ ਸੰਕਲਪ ਜਾਂ ਮਾਡਲ' ਸਬੰਧੀ ਭਰਵੀਂ ਬਹਿਸ ਇਸ ਸਮੇਂ ਦੌਰਾਨ ਸਿੱਖ ਵਿਚਾਰ ਦਾ ਹਿੱਸਾ ਨਹੀਂ ਬਣੀ। ਉਂਝ ਜੇ ਇਤਿਹਾਸਕ ਤੌਰ 'ਤੇ ਵੇਖਿਆ ਜਾਵੇ ਤਾਂ ਰਾਜ ਜਾਂ ਇਸ ਨਾਲ ਸਬੰਧਿਤ ਸੰਕਲਪਾਂ ਜਿਵੇਂ ਪ੍ਰਭੂਸੱਤਾ, ਕਾਨੂੰਨ ਪ੍ਰਬੰਧ, ਪ੍ਰਸ਼ਾਸਨ, ਨਿਆਂ ਪ੍ਰਬੰਧ ਆਦਿ ਸਬੰਧੀ ਗਿਆਨ ਪਰੰਪਰਾ ਕਦੇ ਵੀ ਸਿੱਖ ਵਿਚਾਰਧਾਰਾ ਦਾ ਅੰਗ ਨਹੀਂ ਬਣੀ। ਭਾਵੇਂ ਮੌਜੂਦਾ ਰਾਜ ਪ੍ਰਬੰਧ ਦਾ ਜਨਮ ੧੬੪੮ ਵਿਚ ਯੂਰਪ ਵਿਚ ਹੋਈ ਵੈਸਟਫਲੀਆ ਸੰਧੀ ਤੋਂ ਹੋਇਆ ਮੰਨਿਆ ਜਾਂਦਾ ਹੈ ਪਰੰਤੂ ਪੱਛਮ ਕੋਲ ਢਾਈ ਹਜ਼ਾਰ ਸਾਲ ਤੋਂ ਵੀ ਪੁਰਾਣੀ ਰਾਜਨੀਤਕ ਦਰਸ਼ਨ ਦੀ ਗਿਆਨ ਪਰੰਪਰਾ ਮੌਜੂਦ ਸੀ। ਸੁਕਰਾਤ, ਪਲੈਟੋ, ਅਰਸਤੂ ਆਦਿ ਗਰੀਕ ਦਾਰਸ਼ਨਿਕਾਂ ਤੋਂ ਸ਼ੁਰੂ ਗਿਆਨ ਪਰੰਪਰਾ ਅਤੇ ਬਾਅਦ ਵਿਚ ਦੂਜੇ ਯੂਰਪੀਅਨ ਦਾਰਸ਼ਨਿਕਾਂ ਵਲੋਂ ਵਿਕਸਿਤ ਕੀਤੇ ਰਾਜਨੀਤਕ ਦਰਸ਼ਨ ਦੇ ਅਧਿਐਨ ਤੋਂ ਪੱਛਮੀ ਲੋਕਤੰਤਰਿਕ ਰਾਜਨੀਤਕ ਵਿਵਸਥਾ ਵਲੋਂ ਮੌਜੂਦਾ ਸਮੇਂ ਦੌਰਾਨ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਣ ਤੋਂ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ।

ਸਾਡੇ ਆਪਣੇ ਇਤਿਹਾਸਕ ਵਿਰੋਧੀ ਕੋਲ ਭਾਵੇਂ ਪੱਛਮੀ ਰਾਜਨੀਤਕ ਦਰਸ਼ਨ ਵਰਗੀ ਅਮੀਰ ਗਿਆਨ ਪਰੰਪਰਾ ਨਹੀਂ ਸੀ ਪਰੰਤੂ ਮਨੂੰ ਅਤੇ ਕੌਟਲਿਆ ਵਰਗੇ ਦਾਰਸ਼ਨਿਕਾਂ ਅਤੇ ਮਹਾਤਮਾ ਗਾਂਧੀ ਜਿਹੇ ਆਪਣੇ ਰਾਜਨੀਤਕ ਚਿੰਤਕਾਂ ਨੂੰ ਸੰਸਾਰ ਪੱਧਰ ਦੇ ਰਾਜਨੀਤਕ ਚਿੰਤਕਾਂ ਵਿਚ ਉਚੇ ਪੱਧਰ ਦੀ ਥਾਂ ਦਿਵਾਉਣ ਲਈ ਇਹ ਅੱਜ ਵੀ ਪਬਾਂ ਭਾਰ ਹੈ। ਪੱਛਮੀ ਵਿਦਵਾਨਾਂ ਹੈਨਰੀ ਮੈਨ ਅਤੇ ਟੀ.ਐਚ. ਗਰੀਨ ਵਲੋਂ ਪੁਰਾਤਨ ਭਾਰਤੀ ਰਾਜ ਵਿਵਸਥਾਵਾਂ ਨੂੰ ਗ਼ੈਰ-ਜ਼ਿੰਮੇਵਾਰ ਟੈਕਸ ਇਕੱਠਾ ਕਰਨ ਵਾਲੀਆਂ ਮਸ਼ੀਨਾਂ ਜਾਂ ਵਿਵਸਥਾਵਾਂ ਕਹਿਣ ਤੋਂ ਵੱਟ ਖਾਧੇ ਹਿੰਦੂ ਬੁਧੀਜੀਵੀ ਅੱਜ ਵੀ ਪੁਰਾਤਨ ਹਿੰਦੂ ਦਰਸ਼ਨ ਅਤੇ ਰਾਜਨੀਤਕ ਵਿਵਸਥਾਵਾਂ ਦਾ ਪੱਛਮੀ ਰਾਜਨੀਤਕ ਦਰਸ਼ਨ ਅਤੇ ਵਿਵਸਥਾਵਾਂ ਨਾਲ ਤੁਲਨਾਤਮਕ ਅਧਿਐਨ ਕਰਨ ਤੋਂ ਪਿਛਾਂਹ ਨਹੀਂ ਹਟਦੇ। ਇਨ੍ਹਾਂ ਵਲੋਂ ਹਿੰਦੂ ਦਰਸ਼ਨ ਅਤੇ ਰਾਜਨੀਤਕ ਵਿਵਸਥਾਵਾਂ ਦੀ ਅਮੀਰੀ ਸਾਬਤ ਕਰਨ ਲਈ ਕਿਤਾਬਾਂ ਅਤੇ ਖੋਜ ਪੱਤਰ ਅੱਜ ਵੀ ਛਾਪੇ ਜਾ ਰਹੇ ਹਨ।

ਮੌਜੂਦਾ ਭਾਰਤੀ ਰਾਜਨੀਤਕ ਵਿਵਸਥਾ ਅਧੀਨ ਸਮਾਜਕ, ਰਾਜਨੀਤਕ, ਆਰਥਕ ਅਤੇ ਧਾਰਮਕ ਗ਼ੁਲਾਮੀ ਹੰਢਾ ਰਹੀ ਸਿੱਖ ਕੌਮ ਦੀ ਬੌਧਿਕ ਗ਼ੁਲਾਮੀ ਦਾ ਪੱਧਰ ਵੀ ਅਕਾ ਦੇਣ ਵਾਲਾ ਹੈ। ਜੇ ਇਹ ਮੰਨ ਲਿਆ ਜਾਵੇ ਕਿ ਭਾਰਤੀ ਰਾਜ ਅੰਦਰਲੇ ਸਿੱਖ ਬੌਧਿਕ ਵਰਗ ਉੱਪਰ ਭਾਰਤੀ ਰਾਜਨੀਤਕ ਸ਼ਕਤੀ ਦਾ ਕੋਈ ਅਦਿੱਖ ਡਰ ਭਾਰੂ ਹੈ ਤਾਂ ਵੀ ਪਿਛਲੇ ਪੰਜ ਸੌ ਸਾਲਾਂ ਦੌਰਾਨ ਵਿਕਾਸ ਕਰ ਰਹੇ ਸਿੱਖ ਰਾਜਨੀਤਕ ਦਰਸ਼ਨ ਅਤੇ ਵਿਵਸਥਾਵਾਂ ਦਾ ਭਾਰਤੀ ਰਾਜ ਤੋਂ ਬਾਹਰਲੇ ਸਿੱਖ ਬੌਧਿਕ ਗਰੁੱਪਾਂ ਵਲੋਂ ਕੀਤਾ ਕੋਈ ਵਿਸ਼ਲੇਸ਼ਣ ਸਾਹਮਣੇ ਨਹੀਂ ਆਇਆ। ਸਿੱਖ ਰਾਜਨੀਤਕ ਦਰਸ਼ਨ ਜਿਹੇ ਵਿਸ਼ੇ ਉਪਰ ਕਦੇ ਵੀ ਕੋਈ ਬਹਿਸ ਨਹੀਂ ਛਿੜੀ। ਰਾਜ ਦੇ ਸਿੱਖ ਸੰਕਲਪ, ਗੁਰਬਾਣੀ ਅੰਦਰਲੇ ਰਾਜ ਦੇ ਮਾਡਲ, ਸਿੱਖ ਵਿਚਾਰਧਾਰਾ ਅਨੁਸਾਰ ਰਾਜ ਦਾ ਰੂਪ ਕਿਹੋ ਜਿਹਾ ਹੋਵੇ ਜਾਂ ਸਿੱਖ ਰਾਜ ਪ੍ਰਬੰਧ ਅਧੀਨ ਸਿੱਖ ਨਿਆਂ ਪ੍ਰਬੰਧ, ਕਾਨੂੰਨ ਪ੍ਰਬੰਧ, ਸਿੱਖ ਆਰਥਿਕ ਵਿਵਸਥਾ ਅਤੇ ਸਿੱਖ ਪ੍ਰਸ਼ਾਸਨਿਕ ਵਿਵਸਥਾ ਕਿਹੋ ਜਿਹੀ ਸੀ ਦਾ ਵਿਸ਼ਲੇਸ਼ਣ ਜਾਂ ਤੁਲਨਾਤਮਕ ਅਧਿਐਨ ਕਰਦੇ ਖੋਜ ਪੱਤਰ ਜਾਂ ਕਿਤਾਬਾਂ ਅਜੇ ਵੀ ਨਜ਼ਰ ਨਹੀਂ ਆਉਂਦੀਆਂ। ਹੋਰ ਤਾਂ ਹੋਰ ਮੌਜੂਦਾ ਸਮੇਂ ਦੌਰਾਨ ਸਾਹਮਣੇ ਆ ਰਹੀਆਂ ਸਿੱਖ ਲਿਖਤਾਂ ਦੇ ਟੈਕਸਟ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਥਾਪਤ ਕੀਤੇ ਗਏ ਸਿੱਖ ਰਾਜ ਦੀ ਯਾਦ ਦਾ ਨਾਂ-ਮਾਤਰ ਜਲੌਅ ਵੀ ਨਜ਼ਰ ਨਹੀਂ ਆਉਂਦਾ।

ਦੁਨੀਆਂ ਅੰਦਰ ਰਾਜਨੀਤਕ ਤੌਰ 'ਤੇ ਚੇਤੰਨ ਅਤੇ ਰਾਜ ਪ੍ਰਾਪਤੀ ਲਈ ਸੰਘਰਸ਼ਸ਼ੀਲ ਕੌਮਾਂ ਦਾ ਸਾਹਿਤਵੀ ਇਨ੍ਹਾਂ ਕੌਮਾਂ ਦੀ ਰਾਜਨੀਤਕ ਇੱਛਾ ਨੂੰ ਪ੍ਰਗਟਾਉਂਦਾ ਹੈ। ਸਿੱਖਾਂ ਨੇ ਇਸ ਪੱਧਰ ਉਪਰ ਵੀ ਮਾਰ ਖਾਧੀ ਹੋਈ ਹੈ। ਜੇ ਕੁਝ ਪੁਰਾਤਨ ਲਿਖਤਾਂ ਨੂੰ ਛੱਡ ਦੇਈਏ ਤਾਂ ਮੌਜੂਦਾ ਸਮੇਂ ਸਿੱਖਾਂ ਦੀ ਰਾਜਨੀਤਕ ਇੱਛਾ ਨੂੰ ਪ੍ਰਗਟਾਉਂਦਾ ਸਾਹਿਤ ਕਿਧਰੇ ਨਜ਼ਰ ਨਹੀਂ ਪੈਂਦਾ। ਸਾਹਿਤ ਦੇ ਵੱਖ-ਵੱਖ ਰੂਪਾਂ ਜਿਵੇਂ ਕਵਿਤਾ ਵਿਚ ਪ੍ਰੋ. ਪੂਰਨ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ, ਨਾਵਲ ਵਿਚ ਜਸਵੰਤ ਸਿੰਘ ਕੰਵਲ ਆਦਿ ਥੋੜ੍ਹਾ ਬਹੁਤ ਸਿੱਖ ਇਛਾਵਾਂ ਦਾ ਪ੍ਰਗਟਾਅ ਕਰਦੇ ਹਨ ਪਰੰਤੂ ਕਹਾਣੀ, ਨਾਟਕ ਵਰਗੇ ਮਹੱਤਵਪੂਰਨ ਸਾਹਿਤ ਰੂਪਾਂ ਵਿਚ ਸਿੱਖਾਂ ਦੇ ਪੱਲੇ ਕੁਝ ਵੀ ਨਹੀਂ ਹੈ। ਜਰਮਨ ਅਤੇ ਰੂਸੀ ਕੌਮ ਨੇ ਸਾਇੰਸ ਅਤੇ ਤਕਨੀਕੀ ਵਿਕਾਸ ਨੂੰ ਕੌਮੀ ਰਾਸ਼ਟਰਵਾਦ ਨਾਲ ਜੋੜ ਕੇ ਅਥਾਹ ਵਿਕਾਸ ਕੀਤਾ ਹੈ। ਸਾਇੰਸ, ਤਕਨੀਕੀ ਵਿਕਾਸ ਅਤੇ ਕੌਮੀ ਰਾਸ਼ਟਰਵਾਦ ਦੇ ਆਪਸੀ ਸਬੰਧ ਦਾ ਸੁਪਨਾ ਆਮ ਸਿੱਖ ਤਾਂ ਕੀ ਸਿੱਖਾਂ ਦੇ ਕਿਸੇ ਵਡੇ ਲੀਡਰ ਨੇ ਵੀ ਨਹੀਂ ਲਿਆ ਹੋਣਾ। ਦੂਜੇ ਸਮਾਜਕ ਵਿਗਿਆਨਾਂ ਜਿਵੇਂ ਅਰਥ ਵਿਗਿਆਨ, ਸਮਾਜਕ ਵਿਗਿਆਨ, ਭਾਸ਼ਾ ਵਿਗਿਆਨ ਵਰਗੇ ਮਹੱਤਵਪੂਰਨ ਖੇਤਰਾਂ ਵਿਚ ਨਿਰੋਲ ਸਿੱਖ ਵਿਚਾਰਧਾਰਾ ਨੂੰ ਸਮਰਪਤ ਵਿਅਕਤੀਆਂ ਦੇ ਦਰਸ਼ਨ ਹਾਲਾਂ ਕੌਮ ਨੇ ਨਹੀਂ ਕੀਤੇ ਹਨ।

ਅਜਿਹੀਆਂ ਸਥਿਤੀਆਂ ਵਿਚ ਕੌਮੀ ਮਾਨਸਿਕਤਾ ਅੰਦਰੋਂ 'ਰਾਜ' ਦੀ ਇੱਛਾ ਤਾਂ ਕੀ ਸੰਕਲਪ ਤਕ ਦਾ ਗੁਆਚ ਜਾਣਾ ਲਾਜ਼ਮੀ ਹੈ। ਉਂਝ ਜੇ ਗਹੁ ਨਾਲ ਵਾਚਿਆ ਜਾਵੇ ਤਾਂ ਕੌਮੀ ਮਾਨਸਿਕਤਾ ਵਿਚੋਂ ਰਾਜ ਦੇ ਸੰਕਲਪ ਦੇ ਮਨਫ਼ੀ ਹੋਣ ਦੀ ਪ੍ਰਕ੍ਰਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਹੀ ਸ਼ੁਰੂ ਹੋ ਗਈ ਸੀ। ਇਹ ਖੋਜ ਦਾ ਵਿਸ਼ਾ ਹੈ ਕਿ ਇਸ ਕਾਲ ਦੌਰਾਨ ਜਦੋਂ ਸਿੱਖਾਂ ਕੋਲ ਰਾਜ ਦੀ ਪ੍ਰਭੂਸੱਤਾ ਸੀ ਤਾਂ ਸਿੱਖਾਂ ਨੇ ਰਾਜਨੀਤਕ, ਆਰਥਕ, ਪ੍ਰਸ਼ਾਸਨਿਕ, ਨਿਆਂਇਕ, ਕਾਨੂੰਨੀ, ਸਾਹਿਤਕ ਅਤੇ ਭਾਸ਼ਾਈ ਪੱਧਰ ਉਤੇ ਕਿੰਨਾ ਅਤੇ ਕਿਵੇਂ ਵਿਕਾਸ ਕੀਤਾ ਸੀ। ਵੈਸੇ ਮਹਾਰਾਜਾ ਰਣਜੀਤ ਸਿੰਘ ਦੇ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਵਿਭਾਗ ਜਿਹੇ ਮਹੱਤਵਪੂਰਨ ਅਹੁਦਿਆਂ ਉਪਰ ਗ਼ੈਰਸਿੱਖਾਂ ਦਾ ਬਿਰਾਜਮਾਨ ਹੋਣਾ ਸਿੱਖਾਂ ਦੀ ਉਸ ਸਮੇਂ ਦੀ ਰਾਜਨੀਤਕ ਪਰਪੱਕਤਾ ਉਪਰ ਸ਼ੱਕ ਕਰਨ ਲਈ ਕਾਫ਼ੀ ਹੈ। ਬ੍ਰਿਟਿਸ਼ ਕਾਲ ਦੌਰਾਨ ਉਭਰੀ ਅਕਾਲੀ ਲੀਡਰਸ਼ਿਪ, ਸਿੱਖਾਂ ਦੀ ਕੌਮੀ ਮਾਨਸਿਕਤਾ ਵਿਚੋਂ 'ਰਾਜ' ਕਰਨ ਦੀ ਇੱਛਾ ਦੇ ਗ਼ਾਇਬ ਹੋ ਜਾਣ ਦਾ ਨਮੋਸ਼ੀਜਨਕ ਪ੍ਰਗਟਾਵਾ ਹੀ ਸੀ। ਰਾਜ ਦੇ ਸੰਕਲਪ ਦੇ ਕੌਮੀ ਚੇਤੰਨਤਾ ਵਿਚੋਂ ਮੱਧਮ ਪੈ ਜਾਣ ਕਰਕੇ ਹੀ ਅਕਾਲੀ ਦਲ ਅੱਜ ਵੀ ਪ੍ਰਸੰਗਿਕ ਹੈ।ਪਰੰਤੂ ਕੀ ਸਿੱਖ ਰਾਜ ਅਤੇ ਸਿੱਖ ਪ੍ਰਭੂਸੱਤਾ ਦਾ ਸੁਪਨਾ ਲੈਣ ਵਾਲੀਆਂ ਧਿਰਾਂ ਨੂੰ 'ਰਾਜ ਦੇ ਸੰਕਲਪ' ਨੂੰ ਸਿੱਖ ਮਾਨਸਿਕਤਾ ਦਾ ਅਟੁਟ ਅੰਗ ਬਣਾਉਣ ਲਈ 'ਅਕਾਲੀ ਦਲ ਦੀ ਮੌਤ' ਦਾ ਇੰਤਜ਼ਾਰ ਕਰਨਾ ਜ਼ਰੂਰੀ ਹੈ। ਉਸ ਇਤਿਹਾਸਕ ਦੁਸ਼ਮਣ ਜਿਸ ਕੋਲ ਰਾਜ ਦੀ ਅਥਾਹ ਸ਼ਕਤੀ ਹੈ ਨੇ ਆਪਣੇ ਬੀਬੇ ਬੱਚੇ ਨੂੰ ਆਪਣੀਆਂ ਰਾਜਨੀਤਕ ਇਲਾਜ ਪ੍ਰਣਾਲੀਆਂ ਰਾਹੀਂ ਸਹਿਜੇ ਕਿਤੇ ਕੁਦਰਤੀ ਮੌਤ ਮਰਨ ਨਹੀਂ ਦੇਣਾ।

ਬਿਕਰਮਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top