Share on Facebook

Main News Page

"ਰੋਸੁ ਨ ਕੀਜੈ ਉਤਰੁ ਦੀਜੈ"- ਸਪੋਕਸਮੈਨ ਦੇ ਐਡੀਟਰ ਸਾਹਿਬ ਨੂੰ ਬਾਬੇ ਨਾਨਕ ਦੀ ਬਾਣੀ ਯਾਦ ਆਈ

ਮੈਂ ਸਪੋਕਸਮੈਨ ਅਖਬਾਰ ਨੂੰ ਇਸ ਦੀ ਉਮਰ ਜਿੰਨੇ ਸਾਲਾਂ ਅਤੇ ਦਿਨਾਂ ਤੋਂ ਮੁਲ ਲੈ ਕੇ ਅੰਗਰੇਜ਼ੀ ਦੇ ਦੋ ਹੋਰ ਅਖਬਾਰਾਂ ਸਮੇਤ ਰੋਜ਼ ਪੜ੍ਹਦਾ ਆ ਰਿਹਾ ਹਾਂ। ਪੰਜਾਬੀ ਦੇ ਰੋਜ਼ਾਨਾ ਅਖਬਾਰ ਹੋਰ ਵੀ ਹਨ। ਉਨ੍ਹਾਂ ਵਿਚ ਆਮ ਤੌਰ ਤੇ ਜਿਵੇਂ ਸਪੋਕਸਮੈਨ ਸਿੱਖ ਧਰਮ ਅਤੇ ਗੁਰੂਆਂ ਵਿਰੋਧੀ ਗਲਾਂ ਲਿਖ ਜਾਂਦਾ ਹੈ, ਇਸ ਕਿਸਮ ਦੀਆਂ ਗਲਾਂ ਨਹੀਂ ਹੁੰਦੀਆਂ, ਪਰ ਉਨ੍ਹਾਂ ਵਿਚ ਕੁੱਝ ਅਖਬਾਰ ਅਜੇਹੇ ਹਨ ਜਿਹੜੇ ਸਿਖ ਮਰਯਾਦਾ ਨੂੰ ਭੰਗ ਕਰਨ ਵਾਲੇ ਡੇਰੇਦਾਰਾਂ ਦਾ ਪਖ ਪੂਰਦੇ ਹੋਇ, ਪੰਥ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਬੜੀ ਗੁਝੀ ਤਰ੍ਹਾਂ ਸਟ ਮਾਰਦੇ ਹਨ ਜਿਸਨੂੰ ਸਧਾਰਨ ਸਿਖ ਸਮਝ ਨਹੀਂ ਸਕਦਾ। ਇਹੋ ਜਹੀਆਂ ਸਟਾਂ ਅੰਗਰੇਜ਼ੀ ਅਖਬਾਰ ਵੀ ਮਾਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਪੜ੍ਹਨ ਨਾਲ ਮੈਨੂੰ ਉਨ੍ਹਾਂ ਦੇ ਪਿਛਲਗ ਪੰਜਾਬੀ ਅਖਬਾਰ ਪੜ੍ਹਨ ਦੀ ਲੋੜ ਨਹੀਂ ਪੈਂਦੀ। ਸਪੋਕਸਮੈਨ ਸਿੱਖ ਮਰਯਾਦਾ ਨੂੰ ਸੰਭਾਲਣ ਦੀ ਗਲ ਕਰਦਾ ਹੋਇਆ ਸਿਖ ਧਰਮ ਦੇ ਪ੍ਰਵਾਣਤ ਵਿਸ਼ਵਾਸਾਂ ਬਾਰੇ ਸਧਾਰਨ ਲੋਕਾਂ ਵਿਚ ਸ਼ੰਕੇ ਖੜੇ ਕਰਦਾ ਰਹਿੰਦਾ ਹੈ ਜੋ ਅੰਗਰੇਜ਼ੀ ਦੇ ਪਿਛਲਗ ਪੰਜਾਬੀ ਅਖਬਾਰਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹਨ। ਇਸ ਲਈ ਮੈਂ ਇਸਨੂੰ ਰੋਜ਼ ਪੜ੍ਹਦਾ ਹਾਂ ਤਾਕਿ ਇਸ ਵਲੋਂ ਮਾਰੀਆਂ ਜਾਂਦੀਆਂ ਸੱਟਾਂ ਤੋਂ ਮੈਂ ਇਸਦੇ ਉਨ੍ਹਾਂ ਸ਼ਰਧਾਲੂਆਂ ਨੂੰ ਖਬਰਦਾਰ ਕਰਦਾ ਰਵ੍ਹਾਂ ਜਿਹੜੇ ਇਕ ਤਾਂ ਦੁਗਣੇ ਪੈਸੇ ਕਮਾਉਣ ਦੇ ਲਾਲਚ ਵਿਚ ਇਸਦੇ ਮਗਰ ਲਗੇ ਹੋਇ ਹਨ ਅਤੇ ਦੂਜੇ ਜਿਹੜੇ ਮਝਾਂ ਜ਼ਮੀਨਾਂ ਵਗ਼ੈਰਾ ਵੇਚ ਕੇ ਜਾਂ ਔਖੇ ਸੌਖੇ ਹੋ ਕੇ ਕਿਸੇ ਗ਼ਲਤ ਵਿਸ਼ਵਾਸ ਕਾਰਨ ‘ਉਚਾ ਦਰ ਬਾਬੇ ਨਾਨਕ ਦਾ’ ਲਈ ਇਸਨੂੰ ਇਟਾਂ, ਸਰੀਆ ਅਤੇ ਸੀਮੈਂਟ ਖਰੀਦਣ ਲਈ ਇਸਦੀ ਨਿਰਾਲੀ ਗੋਲਕ ਵਿਚ ਦਾਨ ਦੇ ਪੈਸੇ ਕਦੇ ਕਦਾਈਂ ਪਾ ਦਿੰਦੇ ਹਨ। ਇਸ ਅਖਬਾਰ ਦੇ ਪਿਛਲੇ ਅੰਕ ਕਢ ਕੇ ਵੇਖ ਲਉ ਇਹ ਦਾਨ ਲੈਣ ਅਤੇ ਦੇਣ ਦੇ ਖਿਲਾਫ ਹੀ ਬੁਝਾਰਤਾਂ ਪਾਉਂਦਾ ਰਿਹਾ ਹੈ। ਹੁਣ ਇਹ ਜੋ ਦਾਨ ਮੰਗ ਰਿਹਾ ਹੈ ਉਹ ਪਤਾ ਨਹੀਂ ਉਨ੍ਹਾਂ ਦਾਨਾਂ ਨਾਲੋਂ ਕਿਸ ਵਖਰੀ ਕਿਸਮ ਦਾ ਦਾਨ ਹੈ।

ਇਸ ਲੇਖ ਦੀ ਸੁਰਖੀ ‘ਰੋਸੁ ਨ ਕੀਜੈ ਉਤਰੁ ਦੀਜੈ’ ਮੈਂ 7-8-2011 ਨੂੰ ਸਪੋਕਸਮੈਨ ਵਿਚ ਛਪੀ ਸ: ਜੁਗਿੰਦਰ ਸਿੰਘ ਜੀ ਦੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਵਿਚੋਂ ਲਈ ਹੈ ਜਿਸ ਵਿਚ ਉਹ ਗੁਰਬਾਣੀ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਸ਼ਬਦਾਂ ਦੀਆਂ ਲਗਾਂ ਮਾਤਰਾਂ ਅਨੁਸਾਰ ਨਾ ਲਿਖਣ ਦੀ ਆਦਤ ਮੁਤਾਬਿਕ ਲਿਖਦੇ ਹਨ ‘ਰੋਸ ਨਾ ਕੀਜੈ ਉਤਰ ਦੀਜੈ’ ਦਾ ਸਿਧਾਂਤ ਸਾਡੇ ਗੁਰਦੁਆਰਿਆਂ ਵਿਚ ਕੰਮ ਕਰਦੇ ਪੁਜਾਰੀਆਂ ਤੇ ਗੋਲਕ ਦਾ ਪ੍ਰਬੰਧ ਕਰਦੇ ਸਿਆਸਤਦਾਨਾਂ ਦੀ ਸਮਝ ਵਿਚ ਕਦੋਂ ਆਵੇਗਾ?’ ਮੈਂ ਇਨ੍ਹਾਂ ਦਾ ਪੁਜਾਰੀਆਂ ਅਤੇ ਸਿਆਸਤਦਾਨਾਂ ਨੂੰ ਪਾਇਆ ਇਹ ਸੁਵਾਲ ਪੜ੍ਹ ਕੇ ਹੈਰਾਨ ਰਹਿ ਗਿਆ ਅਤੇ ਮੈਨੂੰ ਉਨ੍ਹਾਂ ਪਾਸੋਂ ਵੀ ਇਹ ਪੁਛਣ ਦਾ ਖਿਆਲ ਆ ਗਿਆ ਕਿ ਐਡੀਟਰ ਸਾਹਿਬ ਨੂੰ ਆਪ ਇਸ ਮਹਾਂ ਵਾਕ ਦੀ ਸਮਝ ਕਦੋਂ ਆਵੇਗੀ।ਮੈਂ ਅਪਣੇ ਇਕ ਲੇਖ ‘ਦੁਧ ਦਾ ਦੁਧ, ਪਾਣੀ ਦਾ ਪਾਣੀ’ ਵਿਚ ਲਿਖਿਆ ਸੀ ਕਿ (ਕਿਰਪਾਲ ਸਿੰਘ ਬਠਿੰਡਾ) ਨੇ ਜਦੋਂ ਇਤਰਾਜ਼ ਕੀਤਾ ਕਿ ਤੁਸੀਂ ਸਮੁਚੀ ਗੁਰਬਾਣੀ ਦੀ ਗਲ ਛਡ ਕੇ ਕੇਵਲ ‘ਬਾਬੇ ਨਾਨਕ’ ਦੀ ਬਾਣੀ ਨੂੰ ਹੀ ਆਪਣੀ ‘ਏਕਸ ਕੇ ਬਾਰਕ’ ਦੀ ਲਹਿਰ ਦਾ ਆਧਾਰ ਕਿਉਂ ਬਣਾ ਰਹੇ ਹੋ ਤਾਂ ਸ: ਜੁਗਿੰਦਰ ਸਿੰਘ ਜੀ ਨੇ ਗੁਰੂ ਨਾਨਕ ਵਲੋਂ ਉਚਾਰੇ ਗਏ ਮਹਾਨ ਸ਼ਬਦਾਂ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੂ ਕਹੀਐ॥’(660) ਅਤੇ ‘ਰੋਸੁ ਨ ਕੀਜੈ ਉਤਰੁ ਦੀਜੈ’(938) ਨੂੰ ਅਖੋਂ ਪਰੋਖੇ ਕਰਕੇ ਉਸਦੀ ਜਾਇਜ਼ ਪੁਛ ਦਾ ਉਤਰ ਦੇਣ ਦੀ ਬਜਾਇ ਉਸਨੂੰ ਇਹ ਕਹਿ ਕੇ ਝਾੜ ਪਾ ਦਿਤੀ ਕਿ ਜੇ ਤੂੰ ਇਸ ਤਰ੍ਹਾਂ ਦੀਆਂ ਗਲਾਂ ਕਰਨੀਆਂ ਹਨ ਤਾਂ ‘ਏਕਸ ਕੇ ਬਾਰਕ’ ਦੀ ਇਕਤਰਤਾ ਵਿਚ ਨਾ ਆਇਆ ਕਰ। ਇਸ ਤਰ੍ਹਾਂ ਦੀਆਂ ਬਹੁਤ ਮਿਸਾਲਾਂ ਹਨ ਜਦੋਂ ਇਨ੍ਹਾਂ ਨੇ ਅਪਣੀ ਕਿਸੇ ਲਿਖਤ ਜਾਂ ਕਿਰਦਾਰ ਬਾਰੇ ਉਠਾਇ ਗਏ ਸਵਾਲਾਂ ਦਾ ਉਤਰ ਦੇਣ ਦੀ ਬਜਾਇ ਰੋਸ ਹੀ ਜਤਾਇਆ। ਮੇਰਾ ਧਿਆਨ ਸਪੋਕਸਮੈਨ ਟਰਸਟ ਦੀ ਮੈਨੂੰ ਲਿਖੀ ਚਿਠੀ ਮਿਤੀ 15-6-2010 ਵਲ ਵੀ ਚਲਾ ਗਿਆ ਜਿਸ ਰਾਹੀਂ ‘ਰੋਸੁ ਨ ਕੀਜੈ ਉਤਰੁ ਦੀਜੈ’(938) ਸ਼ਬਦ ਨੂੰ ਅਖੋਂ ਪ੍ਰੋਖੇ ਕਰਕੇ ਐਡੀਟਰ ਨੇ ਮੇਰੀਆਂ ਗਲਾਂ ਦਾ ਉਤਰ ਦੇਣ ਦੀ ਬਜਾਇ ਮੇਰੀ ‘ਏਕਸ ਕੇ ਬਾਰਕ’ ਦੀ ਲਾਈਫ ਮੈਂਬਰੀ ਖਤਮ ਕਰ ਦਿਤੀ ਸੀ ਕਿਉਂਕਿ ਮੈਂ ਉਨ੍ਹਾਂ ਦੀ ਕਾਰਜਸ਼ੈਲੀ ਸਬੰਧੀ ਅਪਣੇ ਲੇਖ ‘ਦੁਧ ਦਾ ਦੁਧ, ਪਾਣੀ ਦਾ ਪਾਣੀ’ ਵਿਚ ਕੁਝ ਅਹਿਮ ਮੁਦੇ ਅੁਠਾਇ ਸਨ।ਇਸ ਸਬੰਧੀ ਮੇਰੇ ਵਲੋਂ ਉਸੇ ਦਿਨ ਲਿਖੀ ਚਿਠੀ ਦਾ ਉਤਰ ਜਿਸ ਵਿਚ ਮੈਂ ਹੇਠ ਲਿਖੀ ਸੂਚਨਾ ਉਨ੍ਹਾਂ ਪਾਸੋਂ ਮੰਗੀ ਸੀ ਉਨ੍ਹਾਂ ਨੇ ਅਜ ਤਕ ਨਹੀਂ ਦਿਤਾ।

ੳ) ਸਪੋਕਸਮੈਨ ਟਰਸਟ ਦੇ ਸੰਵਿਧਾਨ ਦੀ ਕਾਪੀ;
ਅ) ਏਕਸ ਕੇ ਬਾਰਕ ਜਥੇਬੰਦੀ ਦੇ ਸੰਵਿਧਾਨ ਦੀ ਕਾਪੀ;
ੲ) ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿਚ ਏਕਸ ਕੇ ਬਾਰਕ ਦੀ ਜਥੇਬੰਦੀ ਦਾ ਸੰਵਿਧਾਨ ਪ੍ਰਵਾਨ ਕੀਤਾ ਗਿਆ ਸੀ;
ਸ) ਏਕਸ ਕੇ ਬਾਰਕ ਜਥੇਬੰਦੀ ਦਾ ਪ੍ਰਧਾਨ ਕੌਨ ਹੈ ਅਤੇ ਉਸਦੀ ਕਾਰਜਕਾਰਨੀ ਦੇ ਮੈਂਬਰ ਕਿਹੜੇ ਕਿਹੜੇ ਹਨ;
ਹ) ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿਚ ਏਕਸ ਕੇ ਬਾਰਕ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਹੋਈ ਸੀ;
ਕ) ਏਕਸ ਕੇ ਬਾਰਕ ਜਥੇਬੰਦੀ ਦੀ ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿਚ ਮੇਰੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਲਿਆ ਗਿਆ;
ਖ) ਕੀ ਏਕਸ ਕੇ ਬਾਰਕ ਦੀ ਜਥੇਬੰਦੀ ਸਰਕਾਰ ਪਾਸ ਰਜਿਸਟਰਡ ਹੈ ? ਜੇ ਹੈ ਤਾਂ ਉਸਦਾ ਰਜਿਟ੍ਰੇਸ਼ਨ ਨੰਬਰ ਕੀ ਹੈ?
ਗ) ਮੇਰੇ ਲੇਖਾਂ ਦੇ ਏਕਸ ਕੇ ਬਾਰਕ ਜਥੇਬੰਦੀ ਦੇ ਅਨੁਸ਼ਾਸਨ ਭੰਗ ਕਰਨ ਵਾਲੇ ਜਿਹੜੇ ਹਿਸੇ ਹਨ ਉਨ੍ਹਾਂ ਦਾ ਖੁਲਾਸਾ ਮੈਨੂੰ ਦਿਤਾ ਜਾਵੇ।

ਜੇ ਐਡੀਟਰ ਨੂੰ ਬਾਬੇ ਨਾਨਕ ਦਾ ਸ਼ਬਦ ‘ਰੋਸੁ ਨ ਕੀਜੈ ਉਤਰੁ ਦੀਜੈ’(938) ਯਾਦ ਆ ਹੀ ਗਿਆ ਹੈ ਅਤੇ ਉਹ ਇਸ ਵਿਚ ਯਕੀਨ ਰਖਦੇ ਹਨ ਤਾਂ ਉਦੋਂ ਨਾ ਸਹੀ ਹੁਣ ਵੀ ਜੇ ਮੇਰੇ ਉਪਰਲੇ ਸੁਵਾਲਾਂ ਦਾ ਉਨ੍ਹਾਂ ਪਾਸ ਕੋਈ ਉਤਰ ਹੈ ਤਾਂ ਦੇਣ ਤਾਕਿ ਉਨ੍ਹਾਂ ਦੇ ਪਾਠਕ ਇਹ ਸਮਝ ਸਕਣ ਕਿ ਉਤਰ ਦੇਣ ਦੀ ਜੋ ਸਲਾਹ ਸਲਾਹ ਉਹ ਪਜਾਰੀਆਂ ਆਦਿ ਨੂੰ ਦੇ ਰਹੇ ਹਨ ਉਹ ਉਸ ਉਪਰ ਆਪ ਵੀ ਅਮਲ ਕਰਦੇ ਹਨ।

ਪੰਜਾਬੀ ਦੇ ਕਹਾਣ ‘ਛਜ ਬੋਲੇ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਿਸ ਵਿਚ ਸੌ ਛੇਕ’ ਵਾਂਗ ਜਦੋਂ ਜੁਗਿੰਦਰ ਸਿੰਘ ਦੀ ਛਾਨਣੀ ਵਿਚ ਹੀ ਕਈ ਛੇਕ ਹਨ ਅਤੇ ਉਨ੍ਹਾਂ ਨੂੰ ਖੁਦ ਉਤਰ ਦੇਣ ਦੀ ਸਮਝ ਨਹੀਂ ਆਈ ਉਹ ਪੁਜਾਰੀਆਂ ਅਤੇ ਗੋਲਕ ਦਾ ਪ੍ਰਬੰਧ ਕਰਦੇ ਸਿਆਸਤਦਾਨਾਂ ਦੀਆਂ ਛਾਨਣੀਆਂ ਦੇ ਛੇਕਾਂ ਸਬੰਧੀ ਗਲ ਕਰਦੇ ਹੋਇ ਕਿਸ ਮੂੰਹ ਨਾਲ ਪੁਛਦੇ ਹਨ ਕਿ ਉਨ੍ਹਾਂ ਨੂੰ ‘ਰੋਸੁ ਨ ਕੀਜੈ ਉਤਰੁ ਦੀਜੈ’ ਸ਼ਬਦ ਦੀ ਕਦੋਂ ਸਮਝ ਆਵੇਗੀ।

ਇਥੇ ਮੈਨੂੰ ਉਰਦੂ ਫਾਰਸੀ ਦੀ ਇਕ ਮਸ਼ਹੂਰ ਕਹਾਵਤ ਵੀ ਯਾਦ ਆ ਰਹੀ ਹੈ ਜੋ ਇਸ ਤਰ੍ਹਾਂ ਹੈ “ਦੀਗਰਾਂ ਰਾ ਨਸੀਹਤ ਖੁਦ ਮੀਆਂ ਫਜ਼ੀਹਤ” ਜਿਸ ਦਾ ਮਤਲਬ ਹੈ ਕਿ ਦੂਸਰਿਆਂ ਨੂੰ ਨਸੀਹਤਾਂ ਕਰਨ ਵਾਲੇ ਭਦਰਪੁਰਸ਼ ਆਪ ਉਸ ਉਤੇ ਅਮਲ ਨਹੀਂ ਕਰਦੇ। ਸਪੋਕਸਮੈਨ ਦੇ ਗੁਣ ਗਾਉਣ ਵਾਲੇ ਸਜਨ ਖੁਦ ਫੈਸਲਾ ਕਰ ਲੈਣ ਕਿ ‘ਰੋਸੁ ਨ ਕੀਜੈ ਉਤਰੁ ਦੀਜੈ’ ਉਤੇ ਅਮਲ ਕਰਨ ਦੀ ਸਲਾਹ ਦੇਣ ਵਾਲੇ ਸਪੋਕਸਮੈਨ ਦੇ ਭਦਰਪੁਰਸ਼ ਬਾਬੇ ਨਾਨਕ ਦੀ ਇਸ ਬਹੁਮੁਲੀ ਸਿਖਿਆ ਉਤੇ ਆਪ ਕਿਨਾਂ ਕੁ ਅਮਲ ਕਰਦੇ ਹਨ।ਇਕ ਹਕੀਮ ਨੇ ਕਈ ਦਿਨ ਪੁਛਣ ਤੋਂ ਬਾਅਦ ਅਪਣੇ ਮਰੀਜ਼ ਨੂੰ ਪਰਹੇਜ਼ ਦਸਿਆ ਕਿ ਗੁੜ ਨਾ ਖਾਇਆ ਕਰ।ਮਰੀਜ਼ ਹੈਰਾਨ ਹੋ ਕੇ ਪੁਛਣ ਲਗਾ ਹਕੀਮ ਜੀ ਜੇ ਇਹੀ ਗਲ ਸੀ ਤਾਂ ਮੈਨੂੰ ਪਹਿਲੇ ਦਿਨ ਹੀ ਦਸ ਦੇਣਾ ਸੀ।ਹਕੀਮ ਸਾਹਿਬ ਕਹਿਣ ਲਗੇ ਪਹਿਲਾਂ ਦਸੇ ਦਾ ਅਸਰ ਨਹੀਂ ਸੀ ਹੋਣਾ ਕਿਉਂਕਿ ਉਦੋਂ ਮੈਂ ਆਪ ਗੁੜ ਖਾ ਲਿਆ ਕਰਦਾ ਸੀ।ਸੋ ਐਡੀਟਰ ਸਾਹਿਬ ਤੁਹਾਡਾ ਵੀ ਪੁਜਾਰੀਆਂ ਅਤੇ ਸਿਆਸਤਦਾਨਾਂ ਉਪਰ ਕੋਈ ਅਸਰ ਨਹੀਂ ਹੋਣਾ ਕਿਉਂਕਿ ਤੁਸੀਂ ਆਪ ਉਤਰ ਨਹੀਂ ਦਿੰਦੇ ਕੇਵਲ ਰੋਸ ਹੀ ਕਰਦੇ ਰਹਿੰਦੇ ਹੋ।

ਅਪਣੀ ਡਾਇਰੀ ਦੇ ਲੇਖ ਦੇ ਪਹਿਲੇ ਹਿਸੇ ਵਿਚ ਉਨ੍ਹਾਂ ਨੇ ਇਕ ਸੰਤ ਜੀ ਦਾ ਜ਼ਿਕਰ ਕੀਤਾ ਹੈ।ਇਹ ਜ਼ਿਕਰ ਉਨ੍ਹਾਂ ਬਿਲਕੁਲ ਏਸੇ ਤਰ੍ਹਾਂ ਇਕ ਬਾਰ ਪਹਿਲਾਂ ਵੀ ਉਸ ਡੇਰੇ ਦਾ ਨਾਂ ਲੈ ਕੇ ‘ਏਕਸ ਕੇ ਬਾਰਕ’ ਦੀ ਮੀਟਿੰਗ ਵਿਚ ਕੀਤਾ ਸੀ।ਉਸ ਵੇਲੇ ਮੈਂ ਉਨ੍ਹਾਂ ਤੋਂ ਪੁਛਿਆ ਸੀ ਕਿ ਜਦੋਂ ਧੀ ਦੇ ਉਸ ਬਾਪ ਵਲ ਸੰਤ ਜੀ ਦਾ ਇਹ ਰੁਖਾ ਵਤੀਰਾ ਤੁਸੀਂ ਵੇਖਿਆ ਤੁਸੀਂ ਉਨ੍ਹਾਂ ਪਾਸੋਂ ਅਪਣੇ 5000/- ਰੁਪਏ ਵਾਪਸ ਲੈ ਕੇ ਉਸ ਬਾਪ ਨੂੰ ਕਿਉਂ ਨਾ ਦੇ ਦਿਤੇ।ਇਸਦਾ ਉਨ੍ਹਾਂ ਕੋਈ ਉਤਰ ਨਾ ਦਿਤਾ।

ਇਸੇ ਹਿਸੇ ਵਿਚ ਉਹ ਅਪਣੀ ਗਰਮ ਤਬੀਅਤ ਬਾਬਤ ਜੋ ਕਈ ਬਾਰ ਰੋਸ ਦਾ ਕਾਰਨ ਵੀ ਹੋਇਆ ਕਰਦੀ ਹੈ ਲਿਖਦੇ ਹਨ “ਮੇਰੀ ਗਰਮੀ ਇਨ੍ਹਾਂ ਧਨ-ਕੁਬੇਰਾਂ, ਮਾਇਆ ਪ੍ਰੇਮੀਆਂ, ਠਗਾਂ ਅਤੇ ਬਹਿਰੂਪੀਆਂ ਦਾ ਵਤੀਰਾ ਵੇਖ ਕੇ ਹੀ ਪੈਦਾ ਹੋਈ ਸੀ ਤੇ ਬਚਪਨ ਤੋਂ ਹੁਣ ਤਕ,ਮੈਂ ਇਨ੍ਹਾਂ ਵਲ ਵੇਖ ਵੇਖ ਕੇ, ਆਪੇ ਤੋਂ ਬੇਕਾਬੂ ਹੋ ਜਾਂਦਾ ਰਿਹਾ ਹਾਂ।ਕੋਈ ਗ਼ਰੀਬ ਜਾਂ ਭਲਾ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਉਸ ਨਾਲ ਮਾੜਾ ਸਲੂਕ ਕੀਤਾ।ਇਹ ਧਨ, ਧੌਂਸ ਅਤੇ ਆਕੜੀਆਂ ਧੌਣਾਂ ਵਾਲੇ ਹੀ ਹਨ ਜਿਨ੍ਹਾਂ ਨੂੰ ਮੇਰੇ ਅੰਦਰ ‘ਹੰਕਾਰ’ ਨਜ਼ਰ ਆਉਂਦਾ ਹੈ।” ਇਹੋ ਜਿਹਾ ਸੁਭਾਅ ਕੇਵਲ ਨਿਜੀ ਡਾਇਰੀ ਲਿਖਣ ਵਾਲੇ ਦਾ ਹੀ ਨਹੀਂ ਬਹੁਤਿਆਂ ਦਾ ਹੁੰਦਾ ਹੈ ਜੋ ਅਪਣੀ ਵਿਰੋਧਤਾ ਹੁੰਦੀ ਜਰ ਨਹੀਂ ਸਕਦੇ ਅਤੇ ਕੋਈ ਨਾ ਕੋਈ ਬਹਾਨਾ ਲਾ ਕੇ ਨੁਕਸ ਦੂਜਿਆਂ ਵਿਚ ਹੀ ਕਢਦੇ ਹਨ।ਇਹੋ ਜਿਹੇ ਆਦਮੀਆਂ ਤੋਂ ਕਿਸੇ ਚੰਗੀ ਗਲ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹੋ ਜਿਹਾਂ ਦੀ ਗਲ ਕਰਦੇ ਹੋਇ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਹਨ:-

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ (470)

ਸ਼ਰਦਾਰ ਜੁਗਿੰਦਰ ਸਿੰਘ ਜੀ ਦੇ ਇਸ ਸੁਭਾਅ ਬਾਰੇ ਕਿ ‘ਮੈਂ ਇਨ੍ਹਾਂ ਵਲ ਵੇਖ ਵੇਖ ਕੇ, ਆਪੇ ਤੋਂ ਬੇਕਾਬੂ ਹੋ ਜਾਂਦਾ ਰਿਹਾ ਹਾਂ ਹਿੰਦੁਸਤਾਨ ਦਾ ਆਖਰੀ ਮੁਗ਼ਲ ਬਾਦਸ਼ਾਹ ਜ਼ਫਰ ਵੀ ਐਸੇ ਬੰਦਿਆਂ ਬਾਬਤ ਲਿਖਦਾ ਹੈ ‘ਜ਼ਫਰ ਆਦਮੀ ਨਾ ਉਸ ਕੋ ਜਾਨੀਏਗਾ ਜਿਸੇ ਐਸ਼ ਮੇਂ ਯਾਦੇ ਖੁਦਾ ਨਾ ਰਹੀ ਔਰ ਤੈਸ਼ ਮੇਂ ਖੌਫੇ ਖੁਦਾ ਨਾ ਰਹਾ’।ਬਾਬੇ ਨਾਨਕ ਦਾ ਸ਼ਰਧਾਲੂ ਤਾਂ ਉਹੀ ਹੋ ਸਕਦਾ ਹੈ ਜੋ ਅਪਣੇ ਅਉਗਣ ਛਡ ਕੇ ਗੁਣ ਧਾਰਨ ਕਰਦਾ ਨਜ਼ਰ ਆਉਂਦਾ ਹੋਵੇ ਪਰ ਸਰਦਾਰ ਜੀ ਅਤੇ ਇਨ੍ਹਾਂ ਦੇ ਬਹੁਤੇ ਪਾਠਕ ਜੋ ਕਿਸੇ ਲਾਲਚ ਵਸ ਇਨ੍ਹਾਂ ਮਗਰ ਲਗੇ ਹੋਇ ਹਨ ਅਪਣੇ ਅਉਗਣ ਜਾਣਦੇ ਹੋਇ ਵੀ ਛਡਣ ਨੂੰ ਤਿਆਰ ਨਹੀਂ।

ਹੋਰਨਾਂ ਦੀ ਗਲ ਛਡੋ ਐਡੀਟਰ ਜਿਹੜੇ ‘ਉਚਾ ਦਰ ਬਾਬੇ ਨਾਨਕ ਦਾ’ ਬਣਾ ਕੇ ਬਾਬੇ ਨਾਨਕ ਦੀ ਬਾਣੀ ਦੀ ਖੋਜ ਕਰਨ ਦਾ ਹਰ ਵੇਲੇ ਢੋਲ ਪਿਟਦੇ ਰਹਿੰਦੇ ਹਨ ਉਹ ਆਪ ਗੁਰੂ ਸਾਹਿਬ ਦੀ ਇਸ ਸਿਖਿਆ ਤੇ ਅਮਲ ਨਹੀਂ ਕਰ ਰਹੇ।ਇਸਦਾ ਨਤੀਜਾ ਇਹ ਹੋਇਆ ਹੈ ਕਿ ਜਿਸ ਅਖਬਾਰ ਉਤੇ ਪੰਜ ਸਾਲ ਪਹਿਲਾਂ ਪੰਥ ਦੇ ਉਘੇ ਵਿਦਵਾਨਾਂ ਨੇ ਪੰਥ ਦੀ ਚੜ੍ਹਦੀ ਕਲਾ ਮੁੜ ਬਹਾਲ ਕਰਨ ਲਈ ਬੜੀਆਂ ਆਸਾਂ ਉਮੀਦਾਂ ਲਾਈਆਂ ਸਨਅਤੇ ਇਨ੍ਹਾਂ ਨਾਲ ਖੜੇ ਹੋ ਗਏ ਸਨ ਉਹ ਇਨ੍ਹਾਂ ਦੀ ਗਰਮ ਤਬੀਅਤ, ‘ਮੈਂ ਨਾ ਮਾਨੂੰ ਅਤੇ ਰੋਸ ਕਰ ਕੇ ਉਤਰ ਨਾ ਦੇਣ’ ਦੀ ਆਦਤ ਵੇਖ ਕੇ ਪਹਿਲੇ ਦੋ ਚਾਰ ਸਾਲਾਂ ਵਿਚ ਹੀ ਇਨ੍ਹਾਂ ਤੋਂ ਪਰ੍ਹਾਂ ਹੋ ਗਏ।ਜਿਹੜੇ ਵਿਅਕਤੀ ਇਨ੍ਹਾਂ ਦੀ ਗਰਮ ਤਬੀਅਤ ਅਤੇ ਅੜੀਅਲ ਸੁਭਾਅ ਕਾਰਨ ਇਨ੍ਹਾਂ ਤੋਂ ਦੂਰ ਹੋ ਗਏ ਹਨ ਉਨ੍ਹਾਂ ਵਿਚ ਨਾ ਕੋਈ ਧਨ-ਕੁਬੇਰ, ਨਾ ਕੋਈ ਠਗ, ਅਤੇ ਨਾ ਹੀ ਬਹਿਰੂਪੀਆ ਹੈ, ਫੇਰ ਉਨ੍ਹਾਂ ਨਾਲ ਗ਼ੁਸਾ ਕਿਸ ਗਲੋਂ?

ਐਡੀਟਰ ਦਾ ਇਹ ਲਿਖਣਾ ਕਿ ਕੋਈ ਗ਼ਰੀਬ ਜਾਂ ਭਲਾ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਉਸ ਨਾਲ ਮਾੜਾ ਸਲੂਕ ਕੀਤਾ ਜਚਦਾ ਨਹੀਂ ਕਿਉਂਕਿ ਕਿਰਪਾਲ ਸਿੰਘ ਵਰਗੇ ਇਕ ਗ਼ਰੀਬ ਸੁਭਾਅ ਦੇ ਬੰਦੇ ਨੂੰ ਭਰੀ ਮਹਿਫਲ ਵਿਚੋਂ ਝਾੜ ਪਾ ਕੇ ਕਢ ਦੇਣਾ ਅਤੇ ਅਪਣੇ ਇਕ ਸ਼ਰਧਾਲੂ ਨੂੰ ਇਹ ਕਹਿ ਕੇ ਬਾਹਰ ਕਢਣ ਦੀਆਂ ਧਮਕੀਆਂ ਦੇਣਾ ਕਿ ਉਹ ਸਿਖ ਪਾਰਲੀਮੈਂਟ ਪਾਰਟੀ ਵਿਚ ਕਿਉਂ ਗਿਆ, ਕੀ ਮਾੜੇ ਸਲੂਕ ਬਰਾਬਰ ਨਹੀਂ ? ਮੇਰੇ ਪਾਸ ਹੋਰ ਵੀ ਮਿਸਾਲਾਂ ਹਨ ਪਰ ਲੇਖ ਲੰਮਾਂ ਹੋਣ ਦੇ ਡਰੋਂ ਮੈਂ ਦੇ ਨਹੀਂ ਰਿਹਾ।ਇਹੋ ਜਿਹੇ ਵਤੀਰੇ ਦੇ ਬਾਵਜੂਦ ਜਿਹੜੇ ਲੋਕ ਇਨ੍ਹਾਂ ਦਾ ਪਖ ਪੂਰਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਬਾਰੇ ਅਤੇ ਇਨ੍ਹਾਂ ਵਰਗਿਆਂ ਬਾਰੇ ਵੀ ਉਪਰਲੇ ਸ਼ਬਦ ਦੇ ਅਗਲੇ ਹਿਸੇ ਵਿਚ ਗੁਰੂ ਸਾਹਿਬ ਕਹਿੰਦੇ ਹਨ ‘ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥’

ਜੇ ਸਰਦਾਰ ਜੁਗਿੰਦਰ ਸਿੰਘ ਪੁਜਾਰੀਆਂ ਅਤੇ ਸਿਆਸਤਦਾਨਾਂ ਨੂੰ ਦਿਤੀ ਸਲਾਹ ਉਤੇ ਆਪ ਅਮਲ ਕਰਨ ਲਗ ਜਾਣ ਅਤੇ ਕਬੀਰ ਸਾਹਿਬ ਦੇ ਸ਼ਬਦ ‘ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ,ਦਸਤਗੀਰੀ ਨਾਹਿ (727) ਅਨੁਸਾਰ ਅਪਣਾ ਅੰਦਰ ਫਰੋਲ ਕੇ ਸਮਝਦੇ ਹਨ ਕਿ ਉਨ੍ਹਾਂ ਦਾ ਟੀਚਾ ਸਚ ਮੁਚ ਪੰਥ ਨੂੰ ਕੁਰੀਤੀਆਂ ਤੋਂ ਦੂਰ ਕਰਨਾ ਹੈ ਤਾਂ ਇਸ ਕਹਾਣ ਮੁਤਾਬਿਕ ਕਿ “ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਜੇ ਵੇਲੇ ਸਿਰ ਇਕੱਠੇ ਕਰ ਲਏ ਜਾਣ”, ਪੰਥ ਦਰਦੀਆਂ ਨੂੰ ਹੁਣ ਵੀ ਇਕੱਠੇ ਕਰਨ ਵਲ ਧਿਆਨ ਦੇਣ ਤਾਕਿ ਸਪੋਕਸਮੈਨ ਦੇ ਨਿਤ ਘਟਦੇ ਜਾਂਦੇ ਪਾਠਕ ਇਨ੍ਹਾਂ ਨਾਲ ਜੁੜੇ ਰਹਿਣ।

ਰਘਬੀਰ ਸਿੰਘ ਢਿਲੋਂ 91 9814465012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top