Share on Facebook

Main News Page

ਪੰਥਕ ਅਤੇ ਸੰਪ੍ਰਦਾਈ ਬਨਾਮ ਸਿੱਖ ਰਹਿਤ ਮਰਯਾਦਾ ਦਰਸ਼ਨ

ਸਿੱਖ ਰਹਿਤ ਮਰਯਾਦਾ-ਦਰਸ਼ਨ, ਚਾਰ ਸ਼ਬਦਾਂ ਦਾ ਸੁਮੇਲ ਹੈ।

  1. ਸਿੱਖ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦੇ ਅਰਥ ਹਨ ਚੇਲਾ, ਸ਼ਗਿਰਦ, ਸਿੱਖਣ ਵਾਲਾ ਅਤੇ ਸਿਖਿਆ। ਸਿੱਖ-ਸਿੱਖਣ ਵਾਲਾ (ਸੋ ਗੁਰੂ ਸੋ ਸਿਖੁ ਕਥੀਅਲੇ-503) ਸਿੱਖ-ਸਿਖਿਆ (ਸਤਿਗੁਰ ਸਾਚੀ ਸਿਖ ਸੁਣਾਈ-117) ਸਿੱਖੁ-ਮਜਹਬ ਜਾਂ ਧਰਮ ਜੋ ਗੁਰੂ ਨਾਨਕ ਸਾਹਿਬ ਤੋਂ ਚਲਿਆ, ਗੁਰੂ ਨਾਨਕ ਸਾਹਿਬ ਜੀ ਦੇ ਸੱਚ ਧਰਮ ਦਾ ਪਾਂਧੀ (ਗੁਰੁ ਸਤਿਗੁਰ ਕਾ ਜੋ ਸਿਖੁ ਅਖਾਏ-305)

  2. ਰਹਿਤ - ਮਰਯਾਦਾ ਅਤੇ ਰਹਿਣੀ (ਮੁਖ ਤੇ ਪੜਤਾ ਟੀਕਾ ਸਹਿਤ॥ਹਿਰਦੈ ਰਾਮੁ ਨਹੀਂ ਪੂਰਨ ਰਹਿਤ-887) ਰਹਿਣੀ ਰਹਿ ਸੋਈ ਸਿੱਖ ਮੇਰਾ (ਰਹਿਤਨਾਮਾ)

  3. ਮਰਯਾਦਾ - ਕਨੂੰਨ ਅਤੇ ਰਹਿਣ ਸਹਿਣ ਦੇ ਨਿਯਮ

  4. ਦਰਸ਼ਨ - ਇਹ ਵੀ ਸੰਸਕ੍ਰਿਤ ਦਾ ਲਫਜ਼ ਹੈ, ਫਲਸਫਾ, ਸਿਧਾਂਤ ਅਤੇ ਮੱਤ।

ਦੁਨੀਆਂ ਵਿੱਚ ਅਨੇਕਾਂ ਮੱਤ ਮਤਾਂਤਰ ਹਨ ਅਤੇ ਉਨ੍ਹਾਂ ਦੀ ਮਰਯਾਦਾ (ਨਿਯਮ) ਵੀ ਸਭ ਦੇ ਵੱਖਰੇ-ਵੱਖਰੇ ਹਨ। ਪੰਥਕ ਅਨੇ ਸੰਪ੍ਰਦਾਈ ਦੋ ਵੱਖਰੇ ਸ਼ਬਦ ਹਨ। ਪੰਥਕ-ਸਿੱਖ ਪੰਥ ਵਾਲੀ। ਸੰਪ੍ਰਦਾਈ-ਵੱਖ-ਵੱਖ ਸੰਪ੍ਰਦਾਵਾਂ ਅਤੇ ਡੇਰਿਆਂ ਦੀ। ਇਵੇਂ ਹੀ ਸਿੱਖ ਵੀ ਇੱਕ ਮੱਤ ਹੈ ਅਤੇ ਇਸ ਦੇ ਆਪਣੇ ਵੱਖਰੇ ਨਿਯਮ ਹਨ ਜੋ ਪਵਿਤ੍ਰ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਦੇ ਅਧਾਰਤ ਹੋਣੇ ਚਾਹੀਦੇ ਹਨ।

ਸਿੱਖ ਮੱਤ ਦੇ ਬਾਨੀ ਬਾਬਾ ਨਾਨਕ ਜੀ ਅਤੇ ਬਾਕੀ ਨੌਂ ਉਨ੍ਹਾਂ ਦੇ ਜਾਂਨਸ਼ੀਨ ਸਨ। ਬਾਕੀ ਮੱਤਾਂ ਨਾਲੋਂ ਸਿੱਖ ਮੱਤ ਦੀ ਇਹ ਵਿਲੱਖਣਤਾ ਹੈ ਕਿ ਇਸ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਉਨ੍ਹਾਂ ਭਗਤਾਂ ਅਤੇ ਮਹਾਂਪੁਰਖਾਂ ਦੀ ਰਚਨਾ ਵੀ ਅੰਕਿਤ ਹੈ ਜੋ ਦੂਜੇ ਮੱਤਾਂ ਨਾਲ ਸਬੰਧਤ ਹੁੰਦੇ ਹੋਏ ਵੀ ਸੱਚ ਹੱਕ ਦੇ ਧਾਰਨੀ ਸਨ। ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਾਤਸ਼ਾਹ ਤੱਕ ਸਿੱਖਾਂ ਦੀ ਰਹਿਤ ਮਰਯਾਦਾ, ਗੁਰੂਆਂ-ਭਗਤਾਂ ਦੀ ਪਵਿੱਤਰ ਬਾਣੀ ਅਨੁਸਾਰ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਤੱਕ ਸਿੱਖ ਕੌਮ ਦੀ ਟੱਕਰ ਮੁਗਲੀਆ ਹਕੂਮਤ ਨਾਲ ਰਹੀ ਜੋ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦੀ ਸੀ। ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਜੰਗਲਾਂ-ਬੇਲਿਆਂ ਵਿੱਚ ਵੀ ਰਹਿਣਾ ਪਿਆ। ਉਸ ਵੇਲੇ ਸਿੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਬਹਾਨੇ ਉਦਾਸੀ ਅਤੇ ਨਿਰਮਲੇ ਸਾਧੂ ਧਰਮ ਅਸਥਾਨਾਂ ਤੇ ਕਾਬਜ ਹੋ ਗਏ। ਫਿਰ ਮਹਾਂਰਾਜੇ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਇਕੱਠੀਆਂ ਕਰਕੇ, ਇੱਕ ਵਿਸ਼ਾਲ ਸਿੱਖ ਰਾਜ ਕਾਇਮ ਕੀਤਾ। ਉਸ ਵੇਲੇ ਵੀ ਮਹਾਂਰਾਜੇ ਨੂੰ ਮੁਗਲ ਪਠਾਨਾਂ ਨਾਲ ਜੰਗ ਯੁੱਧ ਕਰਨੇ ਪਏ। ਮਹਾਂਰਾਜਾ ਬੜਾ ਫਰਾਕ ਦਿਲ ਸੀ, ਉਸ ਨੇ ਆਪਣੇ ਰਾਜ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈਆਂ ਨੂੰ ਸ਼ਾਮਲ ਕੀਤਾ ਹੋਇਆ ਸੀ। ਇਸ ਫਰਾਕ ਦਿਲੀ ਦਾ ਨਾਜਾਇਜ਼ ਫਾਇਦਾ ਉਠਾ ਕੇ, ਡੋਗਰੇ ਅਤੇ ਕੇਸਾਧਾਰੀ ਸਨਾਤਨੀ ਸਾਧ-ਸੰਤ ਸਿੱਖ ਧਰਮ ਅਸਥਾਨਾਂ ਤੇ ਕਾਬਜ ਹੋ ਗਏ ਅਤੇ ਬਹੁਤ ਸਾਰੀਆਂ ਬ੍ਰਾਹਮਣੀ ਰੀਤਾਂ ਸਿੱਖ ਮਰਯਾਦਾ ਵਿੱਚ ਦਾਖਲ ਕਰ ਦਿੱਤੀਆਂ।

ਫਿਰ ਕਿਤੇ ਸਿੰਘ ਸਭਾ ਵੇਲੇ ਜਾ ਕੇ, ਸੂਝਵਾਨ ਸਿੱਖਾਂ ਨੇ ਸੋਚ ਸਮਝ ਕੇ ਅਤੇ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਿੱਖ ਸੰਪ੍ਰਦਾਵਾਂ ਦੀ ਰਾਇ ਲੈ ਕੇ “ਬਿਖਰੇ ਪਏ ਪੁਰਾਤਨ ਰਹਿਤਨਾਮਿਆਂ” ਦਾ ਮੰਥਨ ਕਰਕੇ “ਸਿੱਖ ਰਹਿਤ ਮਰਯਾਦਾ” ਤਿਆਰ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਅਧਾਰਤ ਹੋਣੀ ਚਾਹੀਦੀ ਸੀ ਪਰ ਸੰਤ-ਮੱਤ ਭਾਰੂ ਹੋਣ ਕਰਕੇ ਨਾਂ ਹੋ ਸੱਕੀ। ਫਿਰ ਵੀ ਡੇਰਿਆਂ ਦੀ ਵੱਖ-ਵੱਖ ਮਰਯਾਦਾਵਾਂ ਨਾਲੋਂ ਇਹ ਬਹੁਤ ਚੰਗੀ ਸੀ, ਏਕਤਾ ਨੂੰ ਮੁੱਖ ਰੱਖ ਕੇ ਹੀ ਐਸਾ ਕੀਤਾ ਗਿਆ। ਸਿੱਖਾਂ ਨੇ ਸੋਚਿਆ ਕਿ ਪਹਿਲਾਂ ਗੁਰਧਾਮ ਡੇਰਾਵਾਦੀਆਂ ਅਤੇ ਅੰਗ੍ਰੇਜਾਂ ਦੇ ਪਿੱਠੂਆਂ ਤੋਂ ਅਜ਼ਾਦ ਕਰਵਾ ਲਈਏ ਅਤੇ ਪ੍ਰਬੰਧ ਸੰਭਾਲ ਕੇ “ਸਿੱਖ ਰਹਿਤ ਮਰਯਾਦਾ” ਇੱਕਸਾਰ ਲਾਗੂ ਕਰ ਦੇਵਾਂਗੇ ਪਰ ਉਦਾਸੀ, ਨਿਰਮਲਿਆਂ ਅਤੇ ਹੋਰ ਡੇਰੇਦਾਰਾਂ ਨੇ ਗੁਰੂ ਪੰਥ ਨੂੰ ਪਿੱਠ ਦੇ ਕੇ, ਆਪੋ ਆਪਣੇ ਡੇਰੇ ਵਿੱਚ ਡੇਰਾਵਾਦੀ ਮਰਯਾਦਾ ਲਾਗੂ ਰੱਖੀ। ਜਦ ਸ੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖ ਤਖਤਾਂ ਦਾ ਪ੍ਰਬੰਧ ਇਸ ਦੇ ਹੱਥ ਆ ਗਿਆ ਪਰ ਭਾਣਾਂ ਇਹ ਵਰਤਿਆ ਕਿ ਇਨ੍ਹਾਂ ਡੇਰਿਆਂ ਅਤੇ ਸੰਪ੍ਰਦਾਵਾਂ ਤੋਂ ਪੜ੍ਹੇ ਪਾਠੀ, ਗ੍ਰੰਥੀ, ਰਾਗੀ ਅਤੇ ਢਾਡੀ ਗੁਰਦੁਆਰਿਆਂ ਵਿੱਚ ਸੇਵਾ ਨਿਭਾਉਂਦੇ ਸਨ, ਜੋ ਡੇਰਾਵਦੀ ਮਰਯਾਦਾ ਹੀ ਪਾਲਦੇ ਰਹੇ। ਸਿੱਖ ਸ਼ਰਧਾਲੂਆਂ ਨੂੰ ਕੇਵਲ ਪਾਠ, ਕੀਰਤਨ, ਕਥਾ ਅਤੇ ਢਾਡੀ ਵਾਰਾਂ, ਪੈਸੇ ਭੇਟਾ ਦੇ ਕੇ ਕਰਾਉਣ ਤੱਕ ਹੀ ਸੀਮਤ ਕਰ ਦਿੱਤਾ। ਬਹੁਤੇ ਸਿੱਖ, ਧਰਮ, ਗਿਆਨ ਅਤੇ ਮਰਯਾਦਾ ਪੱਖੋਂ, ਆਪ ਪਾਠ “ਕਰਨ” ਦੀ ਬਜਾਏ “ਕਰੌਣ” ਕਰਕੇ ਅਗਿਆਨੀ ਹੋ, ਕਰਮਕਾਂਡਾਂ ਦੇ ਭੰਬਲ ਭੂਸਿਆਂ ਵਿੱਚ ਫਸ ਗਏ, ਗੋਲਕਾਂ ਦੇ ਪੈਸੇ ਨੇ ਪ੍ਰਬੰਧਕਾਂ ਦਾ ਮਨ ਵੀ ਬੇਈਮਾਨ ਕਰ ਦਿੱਤਾ ਅਤੇ ਸ੍ਰੋਮਣੀ ਕਮੇਟੀ ਦੀਆਂ ਵੀ ਚੋਣਾਂ ਹੋਣ ਲੱਗ ਪਈਆਂ। ਅਕਾਲੀ ਦਲ ਜੋ ਸਿੱਖਾਂ ਦੀ ਪੁਲੀਟੀਕਲ ਜਮਾਤ ਸੀ ਉਸ ਵਿੱਚ ਵੀ ਮਾਇਅਧਾਰੀ ਅਤੇ ਚੌਧਰੀ ਟਾਈਪ ਲੀਡਰ ਘੁਸੜ ਗਏ ਅਤੇ ਸ਼੍ਰੋਮਣੀ ਕਮੇਟੀ ਦਾ ਵਿਸ਼ਾਲ ਪੈਸਾ, ਇਹ ਮਕਾਰੀ ਲੀਡਰ, ਧਰਮ ਦੀ ਥਾਂ ਰਾਜਨੀਤੀ ਲਈ ਇਸਤੇਮਾਲ ਕਰਨ ਲੱਗ ਪਏ। ਸਿੱਖ ਤਖਤਾਂ ਦੇ ਜਥੇਦਾਰ (ਸਿੰਘ ਸਾਹਿਬਾਂਨ) ਵੀ ਪਾਰਟੀਬਾਜੀ ਦਾ ਸਿ਼ਕਾਰ ਹੋ ਗਏ। ਇਸ ਕਰਕੇ “ਸਿੱਖ ਰਹਿਤ ਮਰਯਾਦਾ” ਸੰਪੂਰਨ ਤੌਰ ਤੇ ਗੁਰਦੁਆਰਿਆਂ ਵਿੱਚ ਲਾਗੂ ਨਾਂ ਹੋ ਸੱਕੀ।

ਅਗਿਆਨੀ (ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਹੀਣੇ ਸਿੱਖ) ਤਮਾਮ ਡੇਰਿਆਂ ਅਤੇ ਸੰਪ੍ਰਾਦਵਾਂ ਦੀ ਦਲ-ਦਲ ਵਿੱਚ ਫਸ ਗਏ। ਅੱਜ ਜੇ ਸਿੱਖ ਕੌਮ ਵਿੱਚ ਏਕਤਾ ਦੀ ਥਾਂ ਫੁੱਟ ਹੈ ਤਾਂ ਇਸ ਦਾ ਕਾਰਨ ਸਿੱਖ “ਇੱਕ ਰਹਿਤ ਮਰਯਾਦਾ” ਦੇ ਧਾਰਨੀ ਨਹੀਂ ਹਨ। ਐਸੇ ਬਿਖੜੇ ਸਮੇਂ ਜੇ ਮਰਯਾਦਾ ਦੀ ਪਾਲਨਾਂ ਤੇ ਪ੍ਰਚਾਰ ਕੀਤਾ ਹੈ ਤਾਂ ਉਹ ਕੁਝ ਜਾਗਰੂਕ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਮਿਸ਼ਨਰੀ ਸਿੱਖਾਂ ਨੇ ਕੀਤਾ ਹੈ ਪਰ ਗੁਰਦੁਆਰਿਆਂ ਉੱਤੇ, ਡੇਰਿਆਂ ਨਾਲ ਸਬੰਧਤ, ਮਿਲਗੋਭਾ ਮਰਯਾਦਾ ਦੇ ਧਾਰਨੀ, ਪ੍ਰਬੰਧਕ ਹਨ ਜੋ ਮਿਸ਼ਨਰੀ ਪ੍ਰਚਾਰਕਾਂ ਨੂੰ ਨਾਸਤਕ ਕਹਿ ਕੇ ਸਿੱਖ ਸੰਗਤਾਂ ਨੂੰ ਭੜਕਾਉਂਦੇ ਰਹਿੰਦੇ ਹਨ। ਹੁਣ ਭਲੇ ਨੂੰ ਮੀਡੀਏ ਨੇ ਗੁਰਬਾਣੀ ਦਾ ਅਸਲੀ ਗਿਆਨ ਘਰ-ਘਰ ਪੁਜਦਾ ਕਰ ਦਿੱਤਾ ਹੈ, ਇਸ ਕਰਕੇ ਸੰਗਤਾਂ ਇਨ੍ਹਾਂ ਮਹੰਤਾਂ ਰੂਪੀ ਪ੍ਰਬੰਧਕਾਂ ਤੋਂ ਸੁਚੇਤ ਹੋ ਰਹੀਆਂ ਹਨ। ਜਿਸ ਦਾ ਨਤੀਜਾ ਵਿਚਾਰਵਾਨ ਜਥੇਬੰਦੀਆਂ ਅਤੇ ਪੰਥ ਦਰਦੀ ਸੱਜਨ ਆਪੋ ਆਪਣੇ ਤੌਰ ਤੇ ਵੀ-ਇਕਾ ਬਾਣੀ, ਇਕੁ ਗੁਰੁ, ਇਕੋ ਸਬਦਿ ਵੀਚਾਰੁ॥ ਦੇ ਸਿਧਾਂਤ ਅਨੁਸਾਰ “ਪੰਥਕ ਰਹਿਤ ਮਰਯਾਦਾ” ਬਾਰੇ ਸੰਗਤਾਂ ਨੂੰ ਸੁਚੇਤ ਕਰ ਰਹੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਪੰਜਾਬੀ “ਸਹਿਤਕਾਰ ਪ੍ਰੋ.ਸੁਰਜੀਤ ਸਿੰਘ ਨਨੂੰਆਂ” ਜੋ ਆਪਣੀ ਕ੍ਰਿਤ ਕਮਾਈ ਕਰਦਾ ਹੋਇਆ, ਇਸ ਪਾਸੇ ਤੁਰ ਪਿਆ। ਇਸ ਵੀਰ ਨੇ ਸਭ ਤੋਂ ਵੱਡਾ ਕੰਮ ਜੋ ਕੀਤਾ ਹੈ, ਉਹ ਇਹ ਹੈ ਕਿ ਵੱਖ-ਵੱਖ ਡੇਰਿਆਂ, ਟਕਸਾਲਾਂ-ਸੰਪ੍ਰਦਾਵਾਂ ਦੀ ਮਰਯਾਦਾ ਇਕੱਠੀ ਕਰਕੇ, ਇੱਕ ਪੁਸਤਕ ਦਾ ਰੂਪ ਦਿੱਤਾ, ਜਿਸ ਵਿੱਚ “ਸਿੱਖ ਰਹਿਤ ਮਰਯਾਦਾ” ਵੀ ਅੰਕਤ ਕਰਨ ਦੇ ਨਾਲ-ਨਾਲ ਡੇਰਿਆਂ, ਟਕਸਾਲਾਂ, ਸਿੱਖ-ਤਖਤਾਂ, ਸਿੱਖ-ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਮੁਖੀਆਂ ਜਾਂ ਉਨ੍ਹਾਂ ਨਾਲ ਸਬੰਧਤ ਪ੍ਰਬੰਧਕਾਂ ਤੋਂ ਇਸ ਪੁਸਤਕ (ਸਿੱਖ ਰਹਿਤ ਮਰਯਾਦਾ ਦਰਸ਼ਨ) ਬਾਰੇ ਸੰਦੇਸ਼ ਅਤੇ ਰਾਵਾਂ ਲਿਖਤੀ ਰੂਪ ਵਿੱਚ ਲਈਆਂ। ਲੇਖਕ ਨੇ ਜਿੱਥੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੀ ਮਰਯਾਦਾ ਬਾਰੇ ਪੁਰਾਤਨ ਗ੍ਰੰਥਾਂ ਅਤੇ ਰਹਿਤਨਾਮਿਆਂ ਦੇ ਹਵਾਲੇ ਦਿੱਤੇ ਹਨ ਓਥੇ ਡੇਰਿਆਂ ਅਤੇ ਟਕਸਾਲਾਂ ਵਿੱਚ ਅਜੋਕੀ ਕੀ ਮਰਯਾਦਾ ਚੱਲ ਰਹੀ ਹੈ? ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।

ਸਿੱਖ ਤਖਤਾਂ ਅਤੇ ਜਥੇਦਾਰਾਂ ਦਾ ਜਿਕਰ ਕਰਦੇ ਹੋਏ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਬਾਰੇ ਲਿਖਿਆ ਹੈ ਕਿ ਉਹ ਅਕਾਲ ਤਖਤ ਤੇ ਪੇਸ਼ ਨਹੀਂ ਹੋਏ, ਵਿਸ਼ੇਸ਼ ਵਿਚਾਰਨਯੋਗ ਹੈ ਕਿਉਂਕਿ ਜਦ ਵੀ ਅਕਾਲ ਤਖਤ ਜਾਂ ਸਿੱਖਾਂ ਦੇ ਕੇਂਦਰੀ ਅਸਥਾਨਾਂ ਤੇ ਡੇਰੇਦਾਰ ਮਹੰਤਾਂ ਅਤੇ ਵਕਤੀਆ ਸਰਕਾਰਾਂ ਦਾ ਕਬਜ਼ਾ ਹੋਇਆ, ਓਥੋਂ ਗਲਤ ਫੈਸਲੇ ਹੋਏ ਜੋ ਜਾਗਰੂਕ ਸਿੱਖਾਂ ਨੇ ਕਦੇ ਵੀ ਪ੍ਰਵਾਨ ਨਹੀਂ ਕੀਤੇ। ਭਾਂਵੇ ਉੇਹ ਮਹੰਤ ਨਰੈਣੂ ਤੇ ਭਾਵੇਂ ਉਹ ਅੰਗ੍ਰੇਜਾਂ ਦੇ ਥਾਪੇ, ਉਨ੍ਹਾਂ ਦੇ ਪਿੱਠੂ ਅਖੌਤੀ ਜਥੇਦਾਰ ਅਰੂੜ ਸਿੰਘ ਦੇ ਸਨ, ਜਿਨ੍ਹਾਂ ਨੇ ਪੰਥ ਦੀਆਂ ਸਿਰਮੌਰ ਵਿਦਵਾਨ ਹਸਤੀਆਂ, ਸਿੰਘ ਸਭਾ ਦੇ ਮੋਢੀਆਂ ਗਿ. ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਜੀ ਨੂੰ ਪੰਥ ਚੋਂ ਛੇਕ ਦਿੱਤਾ ਸੀ। ਲੇਖਕ ਨੇ ਇਸ ਪੁਸਤਕ ਵਿੱਚ ਦੇਹਧਾਰੀ ਗੁਰੂ ਅਤੇ ਸ਼ਬਦ ਗੁਰੂ ਦੇ ਫਰਕ ਦਾ ਵੀ ਜਿਕਰ ਕੀਤਾ ਹੈ। ਦੇਹਧਾਰੀ ਗੁਰੂਡੰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਸਭ ਤੋਂ ਪਹਿਲੇ ਨਾਮਧਾਰੀ ਅਤੇ ਨੀਲਧਾਰੀ ਬਾਣੇ (ਨੌਸ਼ਹਿਰੇ ਵਾਲੇ) ਵਿਅਕਤੀ ਹਨ। ਲੇਖਕ ਨੇ ਭਗਤ ਅਤੇ ਗੁਰੂ ਦੇ ਰੁਤਬੇ ਬਾਰੇ ਵੀ ਲਿਖਿਆ ਹੈ ਜਿਵੇਂ ਭਗਤ ਬਾਬਾ ਰਵਿਦਾਸ ਜੀ ਨਾਲ ਸਬੰਧਤ ਸਿੱਖ ਭਾਈਚਾਰਾ, ਗੁਰੂ ਸਿਧਾਂਤਾਂ ਤੋਂ ਦੂਰ ਹੋ ਕੇ ਭਗਤ ਨੂੰ ਸਤਿਗੁਰੂ ਅਤੇ ਸਤਿ ਸ੍ਰੀ ਅਕਾਲ ਦੇ ਨਾਅਰੇ ਦੀ ਥਾਂ-ਜੋ ਬੋਲੇ ਸੋ ਨਿਰਭੈ॥ਬੋਲੋ ਰਵਿਦਾਸ ਗੁਰੂ ਕੀ ਜੈ॥ ਦੀ ਵੱਖਰੀ ਮਰਯਾਦਾ ਚਲਾਉਂਦਾ ਹੈ ਜਦ ਕਿ “ਸਿੱਖ ਰਹਿਤ ਮਰਯਾਦਾ” ਅਨੁਸਾਰ ਕਿਸੇ ਗੁਰ ਵਿਅਕਤੀ ਦੀ ਨਹੀਂ ਸਗੋਂ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਅਕਾਲ ਪੁਰਖ ਦੀ ਜੈ ਹੈ।

ਐਸ ਵੇਲੇ ਸਿੱਖ ਪੰਥ ਕਈ ਡੇਰਿਆਂ, ਟਕਸਾਲਾਂ ਅਤੇ ਜਥੇਬੰਦੀਆਂ ਵਿੱਚ ਬਿਖਰਿਆ ਪਿਆ ਹੈ ਜਿਸ ਦਾ ਵੱਡਾ ਇੱਕ ਕਾਰਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਂ ਮੰਨਣਾ ਅਤੇ ਦੂਜਾ ਸਭ ਨੇ ਆਪਣੀ-ਆਪਣੀ ਵੱਖਰੀ ਮਰਯਾਦਾ ਕਾਇਮ ਕਰਕੇ ਪੰਥਕ ਮਰਯਾਦਾ ਨੂੰ ਤਿਆਗਣਾ ਹੈ। ਜਰਾ ਸੋਚੋ! ਜੇ ਇੱਕ ਦੇਸ਼ ਦਾ ਇੱਕ ਕਨੂੰਨ, ਇੱਕ ਧਰਮ ਦਾ ਇੱਕ ਬਾਨੀ, ਇੱਕ ਗ੍ਰੰਥ, ਇੱਕ ਨਿਸ਼ਾਨ ਤੇ ਵਿਧਾਨ ਹੈ ਤਾਂ ਸਿੱਖ ਧਰਮ ਦਾ ਵੀ ਇੱਕ ਬਾਨੀ, ਇੱਕ ਗ੍ਰੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ (ਸਿੱਖ ਰਹਿਤ ਮਰਯਾਦਾ) ਹੈ। ਕੀ ਇੱਕ ਦੇਸ਼ ਦੇ ਦੋ ਵਿਧਾਨ, ਦੋ ਨਿਸ਼ਾਨ ਜਾਂ ਇੱਕ ਧਰਮ ਦੇ ਦੋ ਵਿਧਾਨ ਅਤੇ ਦੋ ਨਿਸ਼ਾਨ ਹੋ ਸਕਦੇ ਹਨ? ਜਵਾਬ ਹੈ ਕਦਾਚਿੱਤ ਨਹੀਂ। ਇਵੇਂ ਹੀ ਸਿੱਖਾਂ ਦਾ ਵੀ ਇੱਕ ਸ਼ਬਦ ਗੁਰੂ, ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੈ। ਪ੍ਰੋ. ਨਨੂੰਆਂ ਜੀ ਨੇ ਸਭ ਤਰ੍ਹਾਂ ਦੇ ਸਿੱਖਾਂ ਦਾ ਧਿਆਨ ਇਸ ਪੁਸਤਕ ਵਿੱਚ ਖਿਚਿਆ ਹੈ। ਜੋ ਜੋ ਵੀ ਸਿੱਖ ਇਸ ਪੁਸਤਕ ਨੂੰ ਗਹੁ ਨਾਲ ਪੜ੍ਹੇਗਾ ਪਹਿਲੇ ਤੇ ਵੱਖ-ਵੱਖ ਰੰਗ-ਬਰੰਗੀਆਂ ਅਤੇ ਹਾਸੇ-ਮਜਾਕ ਦਾ ਵਿਸ਼ਾਂ ਬਣੀਆਂ ਕੌਤਕੀ ਮਰਯਾਦਾਵਾਂ ਤੇ ਹੱਸੇਗਾ ਅਤੇ ਸੋਚੇਗਾ ਸਿੱਖ ਲੀਰੋ-ਲੀਰ ਕਿਉਂ ਹੋਏ ਪਏ ਹਨ?

ਪ੍ਰੋ. ਨਨੂੰਆਂ ਜੀ ਨੇ ਵੱਖ-ਵੱਖ ਪ੍ਰਕਾਰ ਦੇ ਸਿੱਖ ਜਿਵੇਂ ਕੂਕੇ (ਨਾਮਧਾਰੀ), ਨੀਲਧਾਰੀ, ਉਦਾਸੀ, ਨਿਰਮਲੇ, ਸੰਪ੍ਰਦਾਈ, ਨਿਹੰਗ ਸਿੰਘ, ਨਾਨਕਸਰਈਏ, ਟਕਸਾਲੀ ਅਤੇ ਅਖੰਡਕੀਰਤਨੀਏਂ ਆਦਿ ਸਿੱਖਾਂ ਦਾ ਉਨ੍ਹਾਂ ਦੀ ਰੰਗ ਬਰੰਗੀ ਅਤੇ ਕਰਮਕਾਂਡੀ ਮਰਯਾਦਾ ਸਹਿਤ ਜਿਕਰ ਕਰਦਿਆਂ, ਡੇਰੇਦਾਰਾਂ ਨੂੰ ਤਿੰਨ ਤਰ੍ਹਾਂ ਨਾਲ ਬਿਆਨ ਕੀਤਾ ਹੈ ਜਿਵੇਂ ਰਾਧਾ ਸੁਆਮੀ, ਨਿਰੰਕਾਰੀ, ਆਸ਼ੂਤੋਸ਼, ਡੇਰਾ ਬੱਲਾਂ ਅਤੇ ਸੌਧਾ ਸਾਧ ਸਿਰਸਾ ਵਾਲੇ ਕਿਸੇ ਨਾਂ ਕਿਸੇ ਰੂਪ ਵਿੱਚ ਗੁਰਬਾਣੀ ਨੂੰ ਵਰਤਦਿਆਂ, ਰੱਬ ਨੂੰ ਮਿਲਣ ਦਾ ਵੱਖਰਾ ਰਾਹ, ਦੇਹਧਾਰੀ ਗੁਰੂ ਰਾਹੀਂ ਦਸਦੇ ਹਨ ਅਤੇ ਨਿਸ਼ਚੇ ਹੀ ਇਨ੍ਹਾਂ ਦੀ ਮਰਯਾਦਾ ਸਨਾਤਨ ਮੱਤ ਦੇ ਨੇੜੇ ਹੁੰਦੀ ਹੈ।

ਦੂਜੀ ਤਰ੍ਹਾਂ ਦੇ ਡੇਰੇਦਾਰ ਜੋ ਆਪਣੇ ਨਾਂ ਨਾਲ ਭਾਈ, ਬਾਬਾ ਅਤੇ ਸੰਤ ਲਫਜ਼ ਵਰਤੇ ਹਨ ਪਰ ਇਹ ਵੀ “ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ” ਨੂੰ ਨਹੀਂ ਮੰਨਦੇ ਸਗੋਂ ਡੇਰਾਵਾਦੀ ਮਰਯਾਦਾ ਦੇ ਧਾਰਨੀ ਹੁੰਦੇ ਹਨ। ਤੀਜੀ ਤਰ੍ਹਾਂ ਦੇ ਡੇਰੇਦਾਰ ਜੋ ਆਪਣੇ ਆਪ ਨੂੰ ਅੰਮ੍ਰਿਤਧਾਰੀ ਪੂਰਨ ਸਿੱਖ ਦਰਸਾਉਂਦੇ ਹਨ, ਜੋ ਦੇਹਧਾਰੀ ਵਿਅਕਤੀ ਨੂੰ ਗੁਰੂ ਨਹੀਂ ਮੰਨਦੇ ਜਿਵੇਂ ਟਕਸਾਲੀ ਅਤੇ ਅਖੰਡ ਕੀਰਤਨੀਏਂ। ਇਹ ਸਿੱਖ, ਰਹਿਤ ਮਰਯਾਦਾ ਧਾਰਨ ਦਾ, ਦਾਅਵਾ ਤਾਂ ਕਰਦੇ ਹਨ ਪਰ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਪੂਰਨ ਤੌਰ ਤੇ ਇਨ੍ਹਾਂ ਦੀਆਂ ਜਥੇਬੰਦੀਆਂ ਵਿੱਚ ਵੀ ਲਾਗੂ ਨਹੀਂ। ਇਸ ਤੋਂ ਇਲਾਵਾ ਊਟ-ਪਟਾਂਗੀ-ਭੇਖਧਾਰੀ ਡੇਰੇਦਾਰ, ਹਰ ਗਲੀ, ਮੁਹੱਲੇ, ਪਿੰਡ ਅਤੇ ਸ਼ਹਿਰ ਵਿੱਚ ਅੰਨ੍ਹੀ ਸ਼ਰਧਾ ਵਾਲਿਆਂ ਨੂੰ ਲੁੱਟਣ ਲਈ ਆਪੋ-ਆਪਣੀਆਂ ਲੋਟੂ ਦੁਕਾਨਾਂ ਖੋਲੀ ਫਿਰਦੇ ਹਨ। ਪ੍ਰੋ. ਨਨੂੰਆਂ ਨੇ ਵੰਣਗੀ ਮਾਤਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਡੇਰੇਦਾਰਾਂ ਦਾ ਸੰਖੇਪ ਵਰਣਨ ਕਰਦੇ ਹੋਏ, “ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ” ਵੀ ਇਸ ਪੁਸਤਕ ਵਿੱਚ ਛਾਪੀ ਹੈ ਅਤੇ ਸਿੱਖ ਜਥੇਬੰਦੀਆਂ ਦੇ ਮੁਖੀਆਂ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਟਕਸਾਲੀਆਂ ਅਤੇ ਡੇਰੇਦਾਰਾਂ ਦੀਆਂ ਰਾਵਾਂ ਅਤੇ ਵਿਚਾਰ–ਸੰਦੇਸ਼ ਲੈ ਕੇ ਇਸ ਪੁਸਤਕ ਵਿੱਚ ਤਸਵੀਰਾਂ ਸਮੇਤ ਛਾਪਣ ਵਿੱਚ ਵੀ ਕਾਮਯਾਬ ਰਿਹਾ ਹੈ। ਕੁਝਕੁ ਛਪਾਈ ਅਤੇ ਸਿਧਾਂਤਕ ਤਰੁੱਟੀਆਂ ਨੂੰ ਛੱਡ ਕੇ, ਲੇਖਕ ਇਸ ਪੁਸਤਕ ਰਾਹੀਂ ਸਮੁੰਚੇ ਸਿੱਖ ਪੰਥ ਦੀ “ਮਰਯਾਦਾ” ਨੂੰ ਇੱਕ ਕਰਨ ਦਾ ਸੁਨੇਹਾ ਦੇਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਿਹਾ ਹੈ।

ਜੇ ਸਾਰੇ ਜਾਗਰੂਕ ਸਿੱਖ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ, ਮਜ਼ੂਦਾ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਦਾ ਮੰਥਨ ਕਰਕੇ ਅਤੇ ਇਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ, ਅਧੁਨਿਕ ਤਰੀਕੇ ਨਾਲ ਐਸੀ ਮਰਯਾਦਾ ਤਿਆਰ ਕਰਨੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ, ਹਰ ਦੇਸ਼, ਇਲਾਕੇ, ਮੌਸਮ, ਮਨੁੱਖਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਅਪਣਾਈ ਜਾ ਸੱਕੇ। ਜੇ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਇਲੱਲੇ ਸਿੱਖਾਂ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਅਨੁਸਾਰ-ਇਕਾ ਬਾਣੀ ਇਕੁ ਗੁਰ ਇਕੋ ਸ਼ਬਦਿ ਵੀਚਾਰ॥ ਵਾਲੀ ਮਰਯਾਦਾ ਹੀ ਅਪਨਾਣੀ ਚਾਹੀਦੀ ਹੈ। ਹੁਣ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ। ਉਸ ਵਿੱਚ ਵੀ ਸਿਧਾਂਤਕ ਮਰਯਾਦਾ ਦੇ ਧਾਰਨੀ ਗੁਰਸਿੱਖਾਂ ਨੂੰ ਇਸ ਦੇ ਮੈਂਬਰ ਬਣਨਾ ਚਾਹੀਦਾ ਹੈ ਅਤੇ ਵੋਟਰ ਵੀ ਮਰਯਾਦਾ ਤੋਂ ਜਾਣੂੰ ਅਤੇ ਧਾਰਨੀ ਹੋਣੇ ਚਾਹੀਦੇ ਹਨ। ਸੋ ਐਸ ਵੇਲੇ “ਸਿੱਖ ਰਹਿਤ ਮਰਯਾਦਾ” ਤੇ ਗੋਸਟੀਆਂ ਕਰਨੀਆਂ, ਸਮੀਖਿਆਵਾਂ ਕਰਨੀਆਂ ਅਤੇ ਸੈਮੀਨਾਰ ਕਰਾਉਣੇ ਪੰਥਕ ਏਕਤਾ ਦੇ ਰਾਹ ਦਰਸਾਰੇ ਬਣ ਸਕਦੇ ਹਨ।

ਅਖੀਰ ਤੇ ਮੈਂ ਸਹਿਤਕ ਵਿਦਵਾਨਾਂ ਅਤੇ ਪ੍ਰੇਮੀਆਂ ਨੂੰ ਪੁਰਜੋਰ ਬੇਨਤੀ ਕਰਦਾ ਹਾਂ ਕਿ ਇਕੱਲੇ ਦੁਨੀਆਵੀ ਸਹਿਤ ਤੇ ਹੀ ਨਾਂ ਲਿਖੀ ਤੇ ਗਾਈ ਜਾਣ, ਧਾਰਮਿਕ, ਰੂਹਾਨੀ ਅਤੇ ਅਗਾਂਹਵਧੂ ਸਿਧਾਂਤਕ ਸਹਿਤ ਵੱਲ ਵੀ, ਕਲਮਾਂ ਦੀ ਮੁਹਾਰ ਮੋੜਨ ਤਾਂ ਕਿ ਜਨਤਾ ਵਿੱਚ ਰੱਬੀ ਅਤੇ ਦੁਨੀਆਵੀ ਗਿਆਨ ਵੰਡਿਆ ਜਾ ਸੱਕੇ। ਸਾਨੂੰ ਸਰਬਸਾਂਝੇ ਵਿਗਿਆਨਮਈ ਧਰਮ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਜਿਸ ਵਿੱਚ ਸਰਬੱਤ ਦਾ ਭਲਾ ਹੁੰਦਾ ਹੋਵੇ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top