Share on Facebook

Main News Page

ਰਿਸ਼ੀਆਂ-ਮੁਨੀਆਂ ਦਾ ਦੇਸ਼

ਖ਼ਬਰਾਂ ਵਿਚ ਬਹੁਤ ਰੌਲਾ ਸੁਣੀਦਾ ਹੈ ਕਿ ‘ਭਾਰਤ’ ਬਹੁਤ ਤਰੱਕੀ ਦੀਆਂ ਬੁਲੰਦੀਆਂ ਛੁਹ ਰਿਹਾ ਹੈ। 15 ਅਗਸਤ ਨੂੰ ਸਲਾਮੀਆਂ ਤੇ ਸਲਾਮੀਆਂ ਹੋਣੀਆਂ। ਪੱਗਾਂ ਵਾਲੇ ਗੁਲਾਮਾਂ ਵੀ ਚੱਕਰ ਲਾ ਕੇ ਅੱਡੀਆਂ ਨੂੰ ਥੁੱਕ ਲਾਇਆ ਪਿਆ ਹੋਣਾ ਸਲੂਟ ਮਾਰਨ ਨੂੰ। ਪਰ ਬ੍ਰਾਹਮਣੀ ਮੀਡੀਏ ਦੇ ਕੂੜ ਪ੍ਰਚਾਰ ਤੋਂ ਹੱਟ ਕੇ ਗੌਰ ਨਾਲ ਦੇਖੀਏ ਤਾਂ ਇਹ ਮੁਲਖ ‘ਜੋਕਾਂ’ ਨਾਲ ਭਰਿਆ ਪਿਆ ਹੇੈ ਜਿਹੜੀਆਂ ਮਨੁੱਖਤਾ ਦਾ ਲਹੂ ਸੱਚਮੁਚ ਇੰਝ ਹੀ ਪੀ ਰਹੀਆਂ ਹਨ ਜਿਵੇਂ ਪਸ਼ੂਆਂ ਦਾ ਪੀਵੀਦਾ ਹੈ ਕਿਉਂਕਿ ਮਨੁੱਖ ਅਤੇ ਪਸ਼ੂ ਵਿਚ ਇਸ ਮੁਲਖ ਨੇ ਬਹੁਤਾ ਫਰਕ ਨਹੀਂ ਰਹਿਣ ਦਿੱਤਾ। ਖਾਣ ਪੀਣ ਤੋਂ ਲੈ ਕੇ ਰਹਿਣ-ਬਹਿਣ ਤੱਕ, ਬੋਲ ਨਾ ਸਕਣ ਯਾਨੀ ਬੇਜੁਬਾਨੇ ਹੋ ਚੁੱਕਣ ਤੋਂ ਲੈ ਕੇ ਲੁੱਟ ਕਰਵਾਉਂਣ ਤੱਕ ਮਨੁੱਖ ਦਾ ਇਹੀ ਹਾਲ ਹੈ ਕਿ ਉਸ ਦੀਆਂ ਅੱਖਾਂ ਦੇ ਸਾਹਵੇਂ ਜੋ ਮਰਜੀ ਹੁੰਦਾ ਰਹੇ ਉਸ ਦੀ ਜੁਬਾਨ ਬੰਦ ਹੋ ਕੇ ਰਹਿ ਗਈ ਹੈ। ਹਿੰਦੂ ਦੀ ਸਦੀਆਂ ਪੁਰਾਣੀ ‘ਸੰਸਕ੍ਰਿਤੀ’ ਵਿੱਚ ਤਾਂ ਇਹ ਗੱਲ ਪੜੀਦੀ ਹੈ ਕਿ ਬ੍ਰਹਾਮਣ ਨੇ ਕਿਵੇਂ ਮਨੁੱਖ ਦੀ ਜਿੰਦਗੀ ਨੂੰ ਪਸ਼ੂਆਂ ਤੋਂ ਬਦਤਰ ਕਰਕੇ ਚੰਮ ਦੀਆਂ ਚਲਾਈਆਂ ਅਤੇ ਜਾਤ ਪ੍ਰਣਾਲੀ ਰਾਹੀਂ ਮਨੁੱਖ ਨੂੰ ਕੁੱਤਿਆਂ ਤੋਂ ਵੀ ਭੈੜੀ ਤਰ੍ਹਾਂ ਦੁਰਕਾਰਿਆ ਪਰ ਅੱਜ 21ਵੀਂ ਸਦੀ ਦੇ ਬ੍ਰਹਮਣੀ ਰਾਜ ਵਿਚ ਵੀ ਮੱਨੁਖਤਾ ਦਾ ਉਹੀ ਹਾਲ ਹੈ ਜੋ ਸਦੀਆਂ ਪਹਿਲਾਂ ਸੀ।

ਅੱਜ ਵੀ ਅਰਬ ਤੋਂ ਉਪਰ ਵਾਲੀ ਅਬਾਦੀ ਤੇ ਪੰਜ ਪ੍ਰਸੈਂਟ ਸ਼ੁਧ ਬ੍ਰਹਾਮਣ ਹੀ ਰਾਜ ਕਰ ਰਿਹਾ ਹੈ ਪਰ ਜੋ ਹਾਲਾਤ ਮਨੁੱਖ ਦੇ ਉਸ ਅੱਜ ਵੀ ਬਣਾ ਦਿੱਤੇ ਹਨ ਉਹ ਦੇਖ ਕੇ ਜਾਪਦਾ ਹੀ ਨਹੀਂ ਕਿ ਮਨੁੱਖ 21ਵੀਂ ਸਦੀ ਦੇ ਦਹਾਕੇ ਵਿੱਚ ਪੈਰ ਧਰ ਚੁੱਕਾ ਹੈ। ਸਦੀਆਂ ਪਹਿਲਾਂ ਵਾਲੀ ਗਰੀਬੀ, ਭੁੱਖਮਰੀ, ਮੰਗਤਿਆਂ ਦੀਆਂ ਧਾੜਾਂ, ਬੀਮਾਰੀਆਂ ਨਾਲ ਘੁਲ ਕੇ ਮਰ ਰਹੀ, ਸੜਕਾਂ ਉਪਰ ਠਰ ਰਹੀ, ਅੰਧ ਵਿਸਵਾਸ਼ ਦਾ ਹਨੇਰਾ ਸਿਰਾਂ ਤੇ ਚੁੱਕੀ ਠੇਡੇ ਖਾ ਰਹੀ, ਜਾਤਾਂ ਦੇ ਨਾਂ ਤੇ ਵੰਡੀ ਮਨੁੱਖ ਦੇ ਹੱਥੋਂ ਹੀ ਜਲੀਲ ਹੋ ਰਹੀ ਮਨੁੱਖਤਾ ਨੂੰ ਦੇਖ ਜਾਪਦਾ ਹੈ ਇਹ ਮੁਲਖ ਹਾਲੇ ਵੀ ਮੰਨੂ ਦੇ ਜੁੱਗ ਜੀਅ ਰਿਹਾ ਹੈ।

ਇੱਕ ਘਟਨਾ ਹੈ ਕਿ ਅਸੀਂ ਗੱਡੀ ਤੇ ਸ਼ਹਿਰ ਵਲ ਜਾ ਰਹੇ ਸੀ ਸਾਡੇ ਤੋਂ ਥੋੜੇ ਫਾਸਲੇ ਤੇ ਮੋਟਰਸਾਈਕਲ ਤੇ ਇੱਕ ਮੀਆਂ ਬੀਵੀ ਜਾ ਰਹੇ ਸਨ ਜਿੰਨਾ ਨੂੰ ਅਸੀਂ ਕਰੌਸ ਕਰਨ ਲਈ ਹਾਲੇ ਬਰਾਬਰ ਵੀ ਨਹੀਂ ਸਾਂ ਆਏ ਕਿ ਇੱਕ ਕੁੱਤਾ ਮੋਟਰਸਾਈਕਲ ਅਗੇ ਆ ਗਿਆ। ਮੋਟਰਸਾਈਕਲ ਕੁੱਤੇ ਨੂੰ ਬਚਾਉਂਣ ਜਾਂ ਉਸ ਤੋਂ ਬੱਚਣ ਦੇ ਚੱਕਰ ਵਿੱਚ ਥੋੜਾ ਘੁੰਮਿਆਂ ਪਰ ਕੁੱਤਾ ਫਿਰ ਵੀ ਉਸ ਨਾਲ ਟਕਰਾ ਗਿਆ। ਮੋਟਰਸਾਈਕਲ ਡਿੱਗਣੋਂ ਤਾਂ ਬੱਚ ਗਿਆ ਪਰ ਉਸ ਦੀ ਧੁਰਲੀ ਜਿਹੀ ਵੱਜ ਗਈ। ਉਸ ਦੇ ਇੰਝ ਘੁੰਮਣ ਨਾਲ ਪਿੱਛੇ ਬੈਠੀ ਉਸ ਦੀ ਘਰਵਾਲੀ ਬਣੀ ਬਣਾਤੀ ਸੜਕ ਤੇ ਡਿੱਗ ਪਈ ਜਿਹੜੀ ਦੋਵੇਂ ਲੱਤਾਂ ਇੱਕੇ ਪਾਸੇ ਕਰਕੇ ਬੈਠੀ ਹੋਈ ਸੀ ਜੋ ਉਥੋਂ ਦਾ ‘ਰਿਵਾਜ’ ਹੈ। ਜਿਸ ਤਰੀਕੇ ਉਹ ਰਿੜੀ ਯਕੀਨਨ ਉਸ ਦਾ ਕੋਈ ਨਾ ਕੋਈ ਅੰਗ ਜਰੂਰ ਟੁੱਟਿਆ ਹੋਵੇਗਾ। ਮੈਂ ਬਥੇਰਾ ਨਾਲ ਵਾਲੇ ਨੂੰ ਕਿਹਾ ਗੱਡੀ ਰੋਕ ਪਰ ਨਾਲ ਵਾਲਾ ਕਹਿਣ ਲੱਗਾ ਭਾਅਜੀ ਇਥੇ ਕਨੇਡਾ ਵਾਲੀਆਂ ਗੱਲਾਂ ਨਾ ਕਰੋ ਲੋਕਾਂ ਨੂੰ ਕੁੱਤਾ ਥੋੜੋ ਦਿੱਸਣਾ ਉਨ੍ਹੀ ਸਾਨੂੰ ਆ ਕੇ ਫੜ ਲੈਣਾ ਕਿ ਇਨ੍ਹੀ ਸੁੱਟੀ ਹੈ। ਬੱਸ ਦੇਖੋ, ਅੱਖਾਂ ਮੀਚੋ ਤੇ ਦੌੜੌ!!!!!!

ਇੱਕ ਇੰਝ ਦੇ ਹੀ ਕੇਸ ਵਿੱਚ ਕਿਸੇ ਪੈਲਸ ਵਿਚੋਂ ‘ਰੱਜ ਕੇ’ ਨਿਕਲਿਆ ਬੰਦਾ ਸਿੱਧਾ ਗੱਡੀ ਵਿਚ ਆ ਵੱਜਾ। ਕਾਰ ਵਾਲਾ ਤਾਂ ਦੌੜ ਗਿਆ ਪਰ ਵੱਜਣ ਵਾਲੇ ਦੀਆਂ ਲੱਤਾਂ ਬਾਹਾਂ ਦਾ ਚੰਗਾ ਖਲਾਰਾ ਜਿਹਾ ਪੈ ਗਿਆ। ਉਸ ਦੇ ਵੱਡੇ-ਟੁੱਕੇ ਸਰੀਰ ਦੇ ਲਹੂ ਲੁਹਾਣ ਪੁਰਜੇ ਚੌਫਾਲ ਸੜਕ ਉਪਰ ਖਿਲਰੇ ਪਏ ਸਨ ਪਰ ਮਜਾਲ ਵਗਦੀ ਸੜਕ ਤੇ ਕਿਸੇ ਉਸ ਨੂੰ ਛੇੜਿਆ ਹੋਵੇ। ਕਾਰਨ? ਪੁਸਿਲ ਵਾਲੇ ਨੇ ਆਉਂਦਿਆਂ ਹੀ ਬਚਾਉਂਣ ਵਾਲੇ ਦੇ ਮੌਰਾਂ ‘ਚ ਡਾਂਗ ਮਾਰ ਕੇ ਪੁੱਛਣਾ, “ਮਾਰ ਤਾ ਈ ਜਵਾਈ ਅਪਣਾ? ਚਲ ਥਾਣੇ ਤੇ ਨਾਲੇ ਕੱਢ ਇਸ ਦਾ ਸਮ੍ਹਾਨ ਜਿਹੜਾ ਲੁੱਟਿਆ ਈ”!!

ਇੱਕ ਬੰਦਾ ਮੇਰੇ ਦੇਖਦਿਆਂ ਹੀ ਟਰੱਕ ਵਾਲੇ ਨੇ ਸੜਕ ਉਪਰ ਸੁੱਟਿਆ ਪਿਆ ਸੀ ਪਰ ਬਹੁਤ ਸੱਟਾਂ ਦੇ ਬਾਵਜੂਦ ਵੀ ਉਹ ਹਾਲੇ ਹੋਸ਼ ਵਿੱਚ ਸੀ ਤੇ ਉਹ ਸੜਕ ਉਪਰ ਪਿਆ ਹੀ ਘਰ ਕਿਸੇ ਨੂੰ ਫੋਨ ਕਰੀ ਜਾ ਰਿਹਾ ਸੀ ਕਿ ਮੈਂ ਕਿਥੇ ਪਿਆ ਹਾਂ ਪਰ ਨੇੜੇ ਖੜੇ ਕਿਸੇ ਉਸ ਦੀ ਫੋਨ ਕਰਨ ਵਿਚ ਵੀ ਕੋਈ ਮਦਦ ਨਾ ਕੀਤੀ । ਦੂਜੀ ਕਹਾਣੀ ਉਸ ਤੋਂ ਅਗੇ ਸ਼ੁਰੂ ਹੁੰਦੀ ਹੈ। ਜੇ ਬੰਦਾ ਸੜਕ ਤੇ ਬੱਚ ਗਿਆ ਤਾਂ ਡਾਕਟਰੀ ਜੋਕਾਂ ਨਹੀਂ ਛੱਡਣਾ। ਤਗੜਾ ਬੰਦਾ ਝਾਲ ਝੱਲ ਜੂ ਪਰ ਮਾੜਾ ਤਾਂ ਮਰ ਕੇ ਹੀ ਨਿਕਲੂ। ਉਨ੍ਹੀਂ ਛੁਰੀ ਹੀ ਅਹਿਜੀ ਫੇਰਨੀ ਹੈ ਕਿ ਘਰ ਦੇ ਹਾਲਾਤਾਂ ਹੀ ਉਸ ਨੂੰ ਜੀਂਣ ਗੋਚਰਾ ਨਹੀਂ ਛੱਡਣਾ। ਬੰਦਾ ਭਾਵੇਂ ਅੱਖਾਂ ਸਾਹਵੇਂ ਤਫੜ ਤਫੜ ਕੇ ਕਿਉਂ ਨਾ ਮਰ ਜਾਏ ਪਰ ਬਿਨਾ ਪੈਸੇ ਤੋਂ ਉਨ੍ਹੀ ਕੋਈ ਕਾਰਵਾਈ ਨਹੀਂ ਕਰਨੀ ਕਿਉਂਕਿ ਸਦੀਆਂ ਤੋਂ ਪੱਥਰ ਪੂਜ-ਪੂਜ ਉਥੇ ਦੇ ਮਨੁੱਖ ਵੀ ਪੱਥਰ ਦੇ ਹੋ ਗਏ ਹੋਏ ਨੇ! ਗੁਰੁੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਕੁਝ ਅਲਹਿਦਾ ਨਹੀਂ ਰਿਹਾ ਬਹੁਤਿਆਂ ਮਗਰ ਲੱਗ ਅਤੇ ਦਿਨ ਰਾਤ ਮੀਡੀਏ ਉਪਰ ਬ੍ਰਹਮਾਣ ਦੀਆਂ ਗੱਪਾਂ ਸੁਣ ਸੁਣ ਉਹ ਵੀ ਉਸ ਵਰਗੇ ਹੀ ਹੋ ਚੁੱਕੇ ਹੋਏ ਨੇ।

ਸਾਡੇ ਪਿੰਡ ਇੱਕ ਦਿਨ ਸਵੇਰੇ ਹੀ ਕੋਈ ਰੌਲਾ ਜਿਹਾ ਪੈ ਗਿਆ ਪਤਾ ਲੱਗਾ ਕਿ ਫਲਾਣਿਆਂ ਦਾ ਬੰਦਾ ਹਲਕ ਗਿਆ ਹੈ। ਉਹ ਲੋਕਾਂ ਅਤੇ ਘਰਵਾਲੀ ਨੂੰ ਵੱਢਣ ਪੈ ਗਿਆ। ਜਦ ਘਰਵਾਲੀ ਵਲ ਉਹ ਆਇਆ ਤਾਂ ਘਰਵਾਲੀ ਨੇ ਅੰਦਰ ਪਿਆ ਬਰਸ਼ਾ ਚੁੱਕ ਲਿਆ। ਤੁਸੀਂ ਉਸ ਔਰਤ ਦੀ ਮਾਨਸਿਕ ਪੀੜਾ ਦਾ ਕੀ ਅੰਦਾਜਾ ਲਾ ਸਕਦੇ ਹੋ ਜਦ ਇੱਕ ਪਤਨੀ ਪਤੀ ਦੇ ਢਿੱਡ ਵਿਚ ਬਰਸ਼ਾ ਗੱਡਣ ਜਾ ਰਹੀ ਸੀ? ਮੇਰੇ ਅਪਣੇ ਹੀ ਪਿੰਡ ਇਹ ਦੂਜਾ ਕੇਸ ਸੀ ਪਹਿਲਾਂ ਵੀ ਇੱਕ ਬੰਦਾ ਹਲਕ ਕੇ ਮਰ ਚੁੱਕਾ ਹੋਇਆ ਸੀ। ਜਵਾਨ ਮੁੰਡੇ ਦੇ ਸੱਕੇ ਭਰਾਵਾਂ ਉਸ ਨੂੰ ਝੱਗ ਸੁੱਟਦੇ ਨੂੰ ਸਾਰਾ ਦਿਨ ਰੱਸਿਆਂ ਨਾਲ ਬੰਨ ਛੱਡਿਆ। ਮਾਂ ਅਤੇ ਭਰਾਵਾਂ ਦੀਆਂ ਅੱਖਾਂ ਸਾਹਵੇਂ ਉਹ ਕਿੱਲੇ ਨਾਲ ਬੱਧਾ ਅਰੜਾ-ਅਰੜਾ ਕੇ ਮਰਿਆ। ਮਾਂ ਦੇ ਸਾਹਵੇਂ ਜਵਾਨ ਮੁੰਡੇ ਦਾ ਇੰਝ ਤੜਫ-ਤੜਫ ਕੇ ਮਰਨਾ ਦੇਖ ਕੰਧਾ ਕੰਬ ਉੱਠੀਆਂ। ਗੋਲੀ ਉਹ ਮਾਰ ਨਹੀਂ ਸੀ ਸਕਦੇ। ਕਿੰਝ ਮਾਰਨ ਗੋਲੀ?

ਹਰੇਕ ਪਿੰਡ ਵਿੱਚ ਅਵਾਰਾ ਹਲਕੇ ਕੁੱਤਿਆਂ ਦੀਆਂ ਪਿੰਡਾਂ ਵਿਚ ਧਾੜਾਂ ਫਿਰਦੀਆਂ ਹਨ। ਲੋਕ ਡਰਦੇ ਅਪਣੇ ਪਸ਼ੂ ਨਹੀਂ ਬਾਹਰ ਵਾਰ ਬੰਨਦੇ ਕਿ ਪਤਾ ਨਹੀਂ ਕੀਹਨੇ ਕੀਹਨੂੰ ਵੱਡ ਖੜਨਾ ਹੈ। ਕਈ ਕੇਸ ਅਜਿਹੇ ਹੋਏ ਹਨ ਕਿ ਕੁੱਤਿਆਂ ਨੇ ਮੱਝਾਂ ਨੂੰ ਵੱਢਿਆ ‘ਤੇ ਮੱਝਾਂ ਦਾ ਦੁੱਧ ਪੀਣ ਵਾਲਿਆਂ ਨੂੰ ਟੀਕੇ ਲਵਾਉਂਣੇ ਪਏ। ਕਈ ਕੇਸ ਅਜਿਹੇ ਵੀ ਹੋਏ ਹਨ ਕਿ ਜਿਥੇ ਕੁੱਤਿਆਂ ਨੇ ਬੰਦਿਆਂ ਨੂੰ ਵੱਡਿਆ ਤੇ ਅੱਗੇ ਬੰਦਿਆਂ ਨੇ ਫਿਰ ਬੰਦਿਆਂ ਨੂੰ ਵੱਡਿਆ। ਸਾਰੀ ਰਾਤ ਗਲੀਆਂ ‘ਚ ਭੌਕਦੇ ਅਤੇ ਰੋਂਦੇ ਫਿਰਦੇ ਅਵਾਰਾ ਕੁੱਤਿਆਂ ਬਾਰੇ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਇਨ੍ਹਾਂ ਦਾ ਫਸਤਾ ਕਿਉਂ ਨਹੀਂ ਵੱਢਦੇ। ਉਹ ਕਹਿਣ ਲੱਗੇ ਭਾਅਜੀ ਅੰਦਰ ਜਾਣਾ? ਕਨੂੰਨ ਹੈ ਕਿ ਜਾਨਵਰਾਂ ਨੂੰ ਤੁਸੀਂ ਮਾਰ ਨਹੀਂ ਸਕਦੇ ਇਹ ਮੇਨਕਾ ਨੇ ਬਾਕਇਦਾ ਕਨੂੰਨ ਪਾਸ ਕਰਵਾ ਦਿੱਤਾ ਹੈ! ਹੱਦ ਹੋ ਗਈ ਮੇਨਕਾ ਦਿੱਲੀ ਦੇ ਖੰਭਾਂ ਹੇਠ ਸੁਰੱਖਿਅਤ ਬੈਠੀ। ਮੁੰਡਾ ਉਸ ਦਾ ਬੰਦੇ ਖਾ ਜਾਣ ਵਰਗੀ ਅੱਗ ਵਰ੍ਹਾ ਰਿਹਾ ਇਸ ਨੂੰ ਕਿਧਰੋਂ ਪਸ਼ੂਆਂ ਦਾ ਹੇਜ ਜਾਗਿਆ ਬਈ? ਛੱਡੋ ਚਾਰ ਹਲਕੇ ਕੁੱਤੇ ਇਸ ਦੇ ਘਰ ਅੱਗੇ ਇਸ ਨੂੰ ਅਹਿਸਾਸ ਤਾਂ ਹੋਵੇ! ਤੇ ਉਹੋ ਜਿਹੇ ਅੱਗੋਂ ਅਜਿਹੇ ਮਤੇ ਪਾਸ ਕਰਨ ਵਾਲੇ। ਜਿਹੜੇ ਸਬੂਤਾ ਬੰਦਾ ਖਾ ਕੇ ਡਕਾਰ ਨਾ ਮਾਰਨ ਪਰ ਲੋਕਾਂ ਨੂੰ ਕੁੱਤਿਆਂ ਅਤੇ ਆਵਾਰਾਂ ਪਸ਼ੂਆਂ ਤੋਂ ਮਰਵਾ ਰਹੇ ਹਨ।

ਸ਼ਹਿਰ ਜਾਓ ਤਾਂ ਅਵਾਰਾ ਗਾਵਾਂ ਇੰਝ ਡੱਟ ਕੇ ਸੜਕ ਤੇ ਖੜੀਆਂ ਹੁੰਦੀਆਂ ਕਿ ਤਾਕਤ ਹੈ ਤਾਂ ਕਰ ਪਰ੍ਹਾਂ। ਪਤਾ ਨਹੀਂ ਮੈਂ ਬ੍ਰਹਾਮਣ ਜੀ ਦੀ ਗਊ ਮਾਤਾ ਹਾਂ? ਤੇ ਉਹੀ ਗਊ ਮਾਤਾ ਜਦ ਬਾਣੀਏ ਦੀ ਸਬਜੀ ਫਲਾਂ ਦੀ ਰਿਹੜੀ ਤੇ ਮੂੰਹ ਮਾਰਦੀ ਹੈ ਤਾਂ ਉਹ ਅੱਗੋਂ ਗਊ ਮਾਤਾ ਦੇ ਬੁਥਾੜੇ ਤੇ ਮਾਰਦਾ ਹੈ। ਪਰ ਬ੍ਰਹਮਣ ਜੀ ਦੀਆਂ ਇਹ ਮਤਾਵਾਂ ਜਿਥੇ ਦਿਲ ਕਰੇ ਗੋਹਾ ਕਰਕੇ ਸੜਕ ਦੇ ਵਿਚਾਲੇ ਬਿੱਦ ਕੇ ਗੰਦ ਪਾਉਂਦੀਆਂ ਹਨ ਤੇ ਉਹੀ ਗੋਹਾ ਕਈ ਮੋਟਰਸਾਈਕਲ-ਸਕੂਟਰਾਂ ਦੀਆਂ ਬਾਜੀਆਂ ਲਵਾ ਕੇ ਕਈਆਂ ਦੀ ਜਾਨ ਲੈਣ ਜਾਂ ਲੱਤਾਂ-ਬਾਹਾਂ ਤੋੜਨ ਵਿਚ ਸਹਾਇਤਾ ਕਰਦਾ ਹੈ। ਟਰੈਫਿਕ ਜਾਮ ਕਰਨ ਵਿਚ ਇਹ ‘ਮਤਾਵਾਂ’ ਬੜਾ ਅਹਿਮ ਰੋਲ ਅਦਾ ਕਰਦੀਆਂ ਹਨ ਪਰ ਮਜਾਲ ਬ੍ਰਹਮਾਣ ਦੇਵਤਾ ਦੇ ਰਾਜ ਵਿਚ ਕੋਈ ਉਸ ਦੀ ਮਾਤਾ ਨੂੰ ਝਿੜਕ ਜਾਏ ਜਾਂ ਡੰਡਾ ਮਾਰ ਜਾਏ। ਹੁਣ ਕੁਝ ਹਿੰਦੂ ਜਥੇਬੰਦੀਆਂ ਨੇ ਇਨ੍ਹਾਂ ਅਵਾਰਾ ਮਤਾਵਾਂ ਲਈ ਸ਼ਹਿਰ ਦੀ ਮਹਿੰਗੀ ਜਗ੍ਹਾ ਤੇ ਗਊਸ਼ਾਲਾ ਖੋਲੀਆਂ ਹਨ ਜਿਥੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਕਿ ਉਥੇ ਨਾਲ ਹੀ ਗਰੀਬ ਲੋਕ ਕੜਾਕੇ ਦੀ ਸਰਦੀ ਵਿਚ ਬਾਹਰ ਯੱਖ ਠੰਡੀ ਫੁੱਟਪਾਥ ਤੇ ਭੁੱਖਾ ਪਿਆ ਹੈ ਪਰ ਅੰਦਰ ਬ੍ਰਹਾਮਣ ਦੀ ਗਊਮਾਤਾ ਝੁਲ ਲੈ ਕੇ ਹਰੇ ਪੱਠਿਆਂ ਦੇ ਬੁਰਕ ਭਰ ਰਹੀ ਹੈ ਕਿਉਂਕਿ ਇਹ ਬ੍ਰਹਾਮਣ ਦੇਵਤਾ ਦੇ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੈ।

ਪੰਜਾਬ ਵਿੱਚ ਪਿੱਛੇ ਜਿਹੇ ਇਹ ਰੌਲਾ ਪੈ ਹੱਟਿਆ ਹੈ ਜਦ ਕਿਸੇ ਬੁੱਚੜਖਾਨਾ ਲਾਉਂਣਾ ਚਾਹਿਆ ਤਾਂ ਹਿੰਦੂਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ। ਜਦ ਕਿ ਬ੍ਰਹਾਮਣ ਦੇ ਅਪਣੇ ਗਰੰਥਾਂ ਵਿਚੋਂ ਇਹ ਹਵਾਲੇ ਆਮ ਮਿਲਦੇ ਹਨ ਕਿ ਬ੍ਰਹਾਮਣ ਜੀ ਗਊ ਦਾ ਮਾਸ ਕਿੰਨਾ ਪਸੰਦ ਕਰਦੇ ਸਨ ਤੇ ਬਕਾਇਦਾ ‘ਗਊ ਮੇਧ ਜੱਗ’ ਕਰਕੇ ਗਊ ਨੂੰ ਭੁੰਨ-ਭੁੰਨ ਛੱਕਦੇ ਰਹੇ ਹਨ। ਹਾਲੇ ਕੱਲ ਦੀਆਂ ਗੱਲਾਂ ਹਨ ਜਦ ਕਿਸੇ ਹਿੰਦੂ ਵਪਾਰੀ ਦੀ ਹੀ ਡਾਲਡਾ ਘਿਉ ਵਿੱਚ ਪਾਈ ਜਾਂਦੀ ਹਜਾਰਾਂ ਟੰਨ ਗਊ ਦੀ ਚਰਬੀ ਫੜੀ ਗਈ ਸੀ ਕਿਸੇ ਉਸ ਨੂੰ ਫਾਹੇ ਨਹੀਂ ਲਾਇਆ। ਜਿਹੜਾ ਮਾਸ ਨਹੀਂ ਖਾਂਦਾ ਚਲੋ ਮੰਨ ਲਿਆ ਕਿ ਉਹ ਵੈਜੀ ਹੈ ਪਰ ਜਿਹੜਾ ਖਾਣਾ ਚਾਹੁੰਦਾ ਖਾਣ ਦਿਓ ਬੰਦੇ ਤਾਂ ਨਹੀਂ ਛੱਕ ਜਾਂਦਾ ਬ੍ਰਹਾਮਣ ਵਾਂਗ। ਰਿਗ ਵੇਦ ਪੜ ਲਓ। ਬੰਦਿਆਂ ਦੀਆਂ ਬਲੀਆਂ ਦਿੰਦਾ ਰਿਹੈ ਬ੍ਰਹਾਮਣ, ਘੋੜੇ ਵੱਡ ਵੱਡ ਖਾ ਜਾਂਦਾ ਰਿਹਾ, ਗੈਂਡਾ ਅਤੇ ਸੰਢਾ ਤਾਂ ਇੰਦਰ ਦੇਵਤੇ ਦਾ ਮਨ ਭਾਉਂਦਾ ਪਕਵਾਨ ਰਿਹਾ ਨਾਲ ਘੜਾ ਸ਼ਰਾਬ ਦਾ। ਦੇਵਤਿਆਂ ਨੂੰ ਸੁਰ ਕਿਉਂ ਕਹਿੰਦੇ। ਸੁਰਾ ਪਾਨ ਕਰਨ ਕਰਕੇ ਭਾਵ ਸ਼ਰਾਬ ਪੀਣ ਕਰਕੇ! ਅਸੁਰ ਦਾ ਮੱਤਲਬ ਜਿਹੜੇ ਸ਼ਰਾਬ ਨਹੀਂ ਸਨ ਪੀਂਦੇ ਉਹ ਰਾਖਸ਼ ਹੋ ਗਏ ਤੇ ਸੁਰ ਦੇਵਤੇ? ਕਹਾਣੀ ਕਿਧਰ ਨੂੰ ਗਈ? ਪਰ ਦੇਖੋ ਕਰਾਮਾਤ ਮਿਸਰ ਜੀ ਦੀ।

ਇਥੇ ਸਭ ਕੁਝ ਉਲਟ ਹੈ ਕਿਉਂਕਿ ਇਹ ਰਿਸ਼ੀਆਂ-ਮੁਨੀਆਂ ਦਾ ਦੇਸ਼ ਜੂ ਹੈ। ਇੱਕ ਬੰਦਾ ਕਿਸੇ ਦੀ ਭੈਣ ਦੀ ਇੱਜਤ ਲੁੱਟ ਲੈਂਦਾ ਹੈ ਭਾਵ ਨੱਕ ਵੱਡ ਦਿੰਦਾ ਹੈ ਤਾਂ ਉਹ ਦੇਵਤਾ ਹੈ। ਦੂਜਾ ਜੇ ਬਦਲਾ ਲੈਣ ਲਈ ਉਸੇ ਦੀ ਔਰਤ ਚੁੱਕ ਲਏ ਪਰ ਕਹੇ ਕੁਝ ਨਾ ਉਹ ਦੈਂਤ ਹੈ। ਇੱਕ ਔਰਤ ਹਜਾਰਾਂ ਬੰਦੇ ਛੱਕ ਜਾਂਦੀ ਹੈ ਉਹ ਦੁਰਗਾ ਦਾ ਅਵਤਾਰ ਹੈ। ਉਸ ਦੇ ਨਾਂ ਦੀ ਏਅਰਪੋਰਟ ਬਣਦੀ ਹੈ। ਦੂਜੇ ਦਾ ਗੁਨਾਹ ਵੀ ਕੋਈ ਸਾਬਤ ਨਹੀਂ ਹੋਇਆ ਭੁੱਲਰ ਨੂੰ ਫਾਹੇ ਲਾਇਆ ਜਾ ਰਿਹੈ। ਇਥੇ ਕੀੜਿਆਂ, ਚੂਹਿਆਂ, ਸੱਪਾਂ ਦੀ ਪੂਜਾ ਹੈ ਪਰ ਬੰਦਿਆਂ ਰੱਬ ਦਿਆਂ ਨੂੰ ਖੁੂਹ ਦੀ ਮੌਣ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ ਕਿਉਂਕਿ ਇਹ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੈ। ਇਥੇ ਧਰਮ-ਕਰਮ ਬਹੁਤ ਹੋ ਰਹੇ ਹਨ। ਇਥੇ ਪੂਜਾ ਪਾਠ ਬਹੁਤ ਹੋ ਰਿਹਾ ਹੈ। ਇਥੇ ਤੀਰਥਾਂ ਤੇ ਭੀੜਾਂ ਲੱਗੀਆਂ ਰਹਿੰਦੀਆਂ ਹਨ। ਇਥੇ ਪਾਪ ਬਹੁਤ ਧੋਤੇ ਜਾਂਦੇ ਹਨ। ਇਥੇ ਲੋਕ ਰੱਬ ਦੇ ਬਹੁਤ ਨੇੜੇ ਹਨ। ਇਥੇ ਪੁੰਨ-ਦਾਨ ਬਹੁਤ ਹੋ ਰਿਹਾ ਹੈ। ਇਥੇ ਮੰਗਤੇ ਬਹੁਤ ਪਾਲੇ ਜਾਂਦੇ ਹਨ ਕਿਉਂਕਿ ਮੰਗਤੇ ਹੋਣਗੇ ਤਾਂ ਅਸੀਂ ਪੁੰਨੀ ਹੋਵਾਂਗੇ ਦਾਨ ਦੇ ਕੇ। ਸਾਨੂੰ ਮੰਗਤੇ ਖਤਮ ਕਰਨ ਵਿੱਚ ਨਹੀਂ ਮੰਗਤੇ ਪੈਦਾ ਕਰਨ ਵਿੱਚ ਵਿਸਵਾਸ਼ ਹੈ। ਮੰਗਤਿਆਂ ਦਾ ਹੋਣਾ ਹੀ ਸਾਡਾ ਧਰਮੀ ਹੋਣਾ ਸਾਬਤ ਕਰਦਾ ਹੈ।

‘ਸਾਡਾ ਮੁਲਖ’ ਅਮੀਰ ਹੈ ਕਿਉਂਕਿ ਇਥੇ ਇੱਕ ਡੰਗ ਦੀ ਰੋਟੀ ਤੋਂ ਵੀ ਆਤੁਰ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਮੇਰੇ ਦੁਆਲੇ ਮੰਡਰਾਉਂਦੀਆਂ ਫਿਰ ਰਹੀਆਂ ਹਨ ਸੋ ਇੰਨੀ ਭੁੱਖੀ-ਨੰਗੀ ਦੁਨੀਆਂ ਵਿੱਚ ਮੇਰੇ ਵਰਗੇ ਕੁਝ ਇਕ ਲੋਕ ਅਮੀਰ ਤਾਂ ਜਾਪਣਗੇ ਹੀ। ਨਹੀਂ? ‘ਸਾਡਾ ਮੁਲਖ’ ਤਰੱਕੀ ਦੀ ਬੁਲੰਦੀਆਂ ਛੋਹ ਰਿਹਾ ਹੈ। ਕਿਉਂਕਿ ਫੁੱਟਪਾਥਾਂ ਤੇ, ਗੰਦੀਆਂ ਝੁੱਗੀਆਂ ਵਿੱਚ ਜਾਂ ਖੁਲ੍ਹੇ ਆਸਮਾਨ ਹੇਠਾਂ ‘ਨਜਾਰੇ’ ਲੈ ਰਹੀਆਂ ਭੀੜਾਂ ਦੇ ਵਿੱਚਦੀ ਜਦ ਕੁਝ ਗਿਣਤੀ ਦੇ ਅਮੀਰਜਾਦੇ ਲੰਘਣਗੇ ਤਰੱਕੀ ਤਾਂ ਜਾਪੇਗੀ ਹੀ। ਇਧਰ ਬਾਹਰ ਦੇਖੋ ਕੋਈ ਬੰਦਾ ਅਮੀਰ ਨਹੀਂ ਜਾਪਦਾ। ਪੁਲਿਸ ਅਫਸਰ, ਮੁੱਖਮੰਤਰੀ, ਸੜਕ ਤੇ ਕੰਮ ਕਰਨ ਵਾਲਾ, ਫੈਕਟਰੀ ‘ਚ ਕੰਮ ਕਰਨ ਵਾਲਾ, ਟਰੱਕ ਚਲਾਉਣ ਵਾਲ ਕਰੀਬਨ ਇੱਕੋ ਜਿਹੇ ਘਰਾਂ ਵਿੱਚ ਹੀ ਰਹਿੰਦੇ ਜਾਪਦੇ ਹਨ ਯਾਨੀ ਸਭ ਗਰੀਬ ਹੀ ਗਰੀਬ ਤੇ ਉਧਰ ਰਿਸ਼ੀਆਂ-ਮੁਨੀਆਂ ਦਾ ਦੇਸ਼ ਅਮੀਰ ਹੀ ਅਮੀਰ। ਤਰੱਕੀ ਹੀ ਤਰੱਕੀ। ਹੈ ਕੋਈ ਸਾਨੀ ਰਿਸ਼ੀਆਂ-ਮੁਨੀਆਂ ਦੇ ਦੇਸ਼ ਦਾ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top