Share on Facebook

Main News Page

ੴ ਤੇ ਵਾਹਿਗੁਰੂ

ਮੈਂ ਇਕ ਦਿਨ ਇਕ ਪ੍ਰੌੜ੍ਹ ਵਿਦਵਾਨ ਬੀਬੀ ਦਾ ਜੋ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਵਿਚ ਸਿੱਖ ਫਿਲੌਸਫੀ ਦੇ ਪ੍ਰੋਫੈਸਰ ਹਨ ਲੈਕਚਰ ਸੁਣਿਆਂ ਜਿਸ ਦੇ ਅੰਤ ਵਿਚ ਇਕ ਵਿਦਵਾਨ ਸਜਣ ਨੇ ਉਨ੍ਹਾਂ ਤੇ ਸੁਵਾਲ ਕਰ ਦਿਤਾ ਕਿ ‘ੴ ’ ਤੇ  ‘ਵਾਹਿਗੁਰੂ’ ਵਿਚ ਕੀ ਫਰਕ ਹੈ ਅਤੇ ਲੋਕ ‘ੴ’ ਦੀ ਬਜਾਇ ‘ਵਾਹਿਗੁਰੂ’ ਸ਼ਬਦ ਦਾ ਜ਼ਿਆਦਾ ਇਸਤੇਮਾਲ ਕਿਉਂ ਕਰਦੇ ਹਨ? ਮੇਰੇ ਦਿਮਾਗ਼ ਵਿਚ ਚਿਰਾਂ ਤੋਂ ਘੁੰਮ ਰਹੇ ਵਾਹਿਗੁਰੂ ਦੇ ਸ਼ਬਦ ਦਾ ਅਰਥ ਤੇ ਇਸ ਸ਼ਬਦ ਦੀਆਂ ਗੁਰਦੁਆਰਿਆਂ ਅਤੇ ਕਈ ਹੋਰ ਸਿੱਖ ਸਮਾਗਮਾਂ ਵਿਚ ਲਾਈਆਂ ਜਾ ਰਹੀਆਂ ਵਖ ਵਖ ਧੁਨੀਆਂ ਬਾਰੇ ਵਿਚਾਰ ਨੇ ਫੇਰ ਜ਼ੋਰ ਫੜ ਲਿਆ। ਮੈਂ ਗੁਰਬਾਣੀ ਦਾ ਕੋਈ ਵਿਦਵਾਨ ਨਹੀਂ ਅਤੇ ਨਾ ਹੀ ਮੈਂ ਪੰਜਾਬੀ ਕਿਸੇ ਸਕੂਲ ਕਾਲਿਜ ਵਿਚ ਪੜ੍ਹੀ ਹੈ। ਮਾਂ ਬਾਪ ਪੜ੍ਹੇ ਲਿਖੇ ਹੋਣ ਕਰ ਕੇ ਘਰ ਵਿਚ ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਦੇ ਕਈ ਸੁਚਜੇ ਮੈਗਜ਼ੀਨ ਆਇਆ ਕਰਦੇ ਸਨ ਅਤੇ ਸਿੱਖ ਲਿਟਰੇਚਰ ਸਬੰਧੀ ਕਿਤਾਬਾਂ ਵੀ ਬਹੁਤ ਸਨ। ਹਰ ਵੇਲੇ ਘਰ ਦਾ ਮਾਹੌਲ ਚੰਗੇ ਪੜ੍ਹਿਆਂ ਲਿਖਿਆਂ ਵਾਲਾ ਰਿਹਾ ਕਰਦਾ ਸੀ। ਇਸ ਤਰ੍ਹਾਂ ਦੇ ਮਾਹੌਲ ਵਿਚ ਮਾਤਾ ਪਿਤਾ ਕੋਲੋਂ ਛੋਟੀ ਉਮਰੇ ੳ ਅ ਸਿਖ ਕੇ ਘਰ ਵਿਚ ਪਏ ਮੈਗਜ਼ੀਨਾਂ ਨੂੰ ਮੂੰਹ ਮਾਰਨ ਲਗ ਪਿਆ, ਜਿਸ ਨਾਲ ਕੁਝ ਸਮਾਂ ਪਾ ਕੇ ਪੰਜਾਬੀ ਗੁਰਮੁਖੀ ਅਖਰਾਂ ਵਿਚ ਮੈਨੂੰ ਪੜ੍ਹਨੀ ਤਾਂ ਆ ਗਈ ਪਰ ਮੈਨੂੰ ਇਹ ਲਿਖਣੀ ਨਹੀਂ ਸੀ ਆਉਂਦੀ ਅਤੇ ਲਿਖਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਕਿਉਂਕਿ ਮੇਰੇ ਪਿਤਾ ਜੀ ਹੈਡਮਾਸਟਰ ਹੁੰਦੇ ਹੋਇ ਅੰਗਰੇਜ਼ੀ ਦੇ ਟੀਚਰ ਸਨ ਅਤੇ ਮੈਂ ਉਨ੍ਹਾਂ ਪਾਸ ਹੀ ਅੰਗਰੇਜ਼ੀ ਪੜ੍ਹੀ ਸੀ, ਇਸ ਲਈ ਬਹੁਤਾ ਧਿਆਨ ਅੰਗਰੇਜ਼ੀ ਪੜ੍ਹਨ ਲਿਖਣ ਵਲ ਹੀ ਰਿਹਾ। ਜਦੋਂ ਪੰਜਾਬੀ ਲਿਖਣੀ ਹੀ ਨਹੀਂ ਸੀ ਆਉਂਦੀ ਇਸ ਦੀ ਵਿਆਕਰਣ ਸਿੱਖਣ ਦਾ ਕਿਦੇ ਸੁਵਾਲ ਹੀ ਪੈਦਾ ਨਹੀਂ ਸੀ ਹੋਇਆ।

ਗੁਰਬਾਣੀ ਦੀ ਵਿਆਕਰਣ ਤਾਂ ਮੈਨੂੰ ਅਜ ਤਕ ਵੀ ਨਹੀਂ ਆਉਂਦੀ ਅਤੇ ਇਸੇ ਲਈ ਮੈਂ ਕਦੇ ਸਿਹਾਰੀ ਬਿਹਾਰੀ ਅਤੇ ਮੁਕਤਾ ਆਦਿ ਦੇ ਵਿਵਾਦ ਵਿਚ ਨਹੀਂ ਪਿਆ, ਜਿਸ ਵਿਚ ਆਮ ਤੌਰ ਤੇ ਅਪਣੇ ਆਪ ਨੂੰ ਵਿਦਵਾਨ ਸਮਝਦੇ ਲੋਕ ਇਹ ਗਲ ਸਮਝਿਆਂ ਬਗ਼ੈਰ ਪਏ ਰਹਿੰਦੇ ਹਨ ਕਿ ਮੇਰੇ ਵਰਗੇ ਸਧਾਰਨ ਆਦਮੀ ਜੋ ਸਦੀਆਂ ਤੋਂ ਮਨੁਖੀ ਜ਼ਿੰਦਗੀ ਨਾਲ ਜੁੜੇ ਗੁਰੂ ਆਸ਼ਿਆਂ ਸਬੰਧੀ ਸਿਹਾਰੀ ਬਿਹਾਰੀ ਨਾਲ ਅਰਥਾਂ ਵਿਚ ਪਏ ਅੰਤਰ ਨੂੰ ਸਮਝੇ ਬਗ਼ੈਰ ਵੀ ਜੁੜੇ ਚਲੇ ਆ ਰਹੇ ਹਨ। ਇਨ੍ਹਾਂ ਵਿਵਾਦਾਂ ਦਾ ਉਨ੍ਹਾਂ ਨੂੰ ਕੀ ਲਾਭ। ਇਹੋ ਜਿਹੇ ਵਿਵਾਦ ਕਥਾਕਾਰਾਂ ਲਈ ਤਾਂ ਲਾਹੇਵੰਦ ਹੋ ਸਕਦੇ ਹਨ, ਬਸ਼ਰਤੇ ਕਿ ਕਿਸੇ ਮੰਨੇ ਪ੍ਰਮੰਨੇ ਵਿਦਵਾਨ ਜਾਂ ਵਿਦਵਾਨਾਂ ਦੇ ਸਮੂਹ ਵਲੋਂ ਕੀਤੇ ਅਰਥਾਂ ਨੁੰ ਮੰਨ ਲੈਣ ਦੀ ਰੁਚੀ ਹੋਵੇ, ਜਿਸ ਨਾਲ ਅਜੇਹੇ ਵਿਵਾਦਾਂ ਦਾ ਅੰਤ ਹੋ ਸਕੇ ਅਤੇ ਉਹ ਲੋਕਾਂ ਨੂੰ ਗੁਰਬਾਣੀ ਦੇ ਸਹੀ ਅਰਥਾਂ ਤੋਂ ਜਾਣੂ ਕਰਵਾ ਸਕਣ। ਮੈਨੂੰ ਅਜ ਕਲ ਅਜੇਹੀ ਰੁਚੀ ਵਾਲੇ ਘਟ ਹੀ ਨਜ਼ਰ ਆਉਂਦੇ ਹਨ। ਆਪੂੰ ਬਣੇ ਫਿਰਦੇ ਕਈ ਵਿਦਵਾਨ ਗੁਰਬਾਣੀ ਵਿਚ ਦਸੇ ਇਨ੍ਹਾਂ ਸ਼ਬਦਾਂ ਨਾਲ ਮੇਲ ਖਾਂਦੇ ਲਗਦੇ ਹਨ ‘ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ॥ (381) ਅਤੇ ‘ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭ ਅਹੰਕਾਰਾ॥ (140) ਅਜੇਹੇ ਵਿਵਾਦ ਆਮ ਜਨਤਾ ਨੂੰ ਭੰਬਲਭੂਸੇ ਵਿਚ ਪਾਉਣ ਵਾਲੀ ਹੀ ਗਲ ਹੋ ਨਿਬੜਦੇ ਹਨ।

ਮੈਂ ਉਪ੍ਰੋਕਤ ਦਸੀ ਅਪਣੀ ਪ੍ਰਸ਼ਠ-ਭੂਮੀ ਨਾਲ ‘ੴ ’ ਅਤੇ ‘ਵਾਹਿਗੁਰੂ’ ਦੇ ਅੰਤਰ ਬਾਰੇ ਅਪਣੇ ਵਿਚਾਰ ਆਪ ਨਾਲ ਸਾਂਝੇ ਕਰ ਰਿਹਾ ਹਾਂ। ਹੋ ਸਕਦਾ ਹੈ ਇਸ ਅੰਤਰ ਨੂੰ ਦਸਦਿਆਂ ਮੈਂ ਅਪਣੇ ਅਣਜਾਣਪੁਣੇ ਨੂੰ ਹੀ ਤੁਹਾਡੇ ਵਿਚੋਂ ਕੁਝ ਐਸੇ ਵਿਦਵਾਨਾਂ ਅਗੇ ਰਖ ਰਿਹਾ ਹੋਵਾਂ ਜੋ ਮੇਰੇ ਨਾਲ ਸਹਿਮਤ ਨਾ ਹੋਣ ਜਿਸ ਲਈ ਮੈਂ ਹੁਣੇ ਹੀ ਉਨ੍ਹਾਂ ਤੋਂ ਮੁਆਫੀ ਮੰਗ ਲੈਂਦਾ ਹਾਂ।

ੴ ਦੇ ਤਿਨ ਹਿਸੇ ਹਨ 1, ਓ, ਅਤੇ
> । ਇਸਨੂੰ ਉਚਾਰਿਆ ਇਸ ਤਰ੍ਹਾਂ ਜਾਂਦਾ ਹੈ ‘ਇਕ ਓ ਅੰਕਾਰ’। ਇਸਦਾ ਸਮੁਚਾ ਮਤਲਬ ਇਕ ਅਕਾਲ ਪੁਰਖ ਜੋ ਕਰਤਾ ਪੁਰਖੁ ਵੀ ਹੈ ਅਤੇ ਅਪਣੀ ਰਚਨਾ ਵਿਚ ਇਕ-ਰਸ ਵਿਆਪਕ ਹੈ ਜਿਸ ਦਾ ਜ਼ਿਕਰ ਆਸਾ ਦੀ ਵਾਰ ਵਿਚ ਗੁਰੂ ਨਾਨਕ ਸਾਹਿਬ ਨੇ ‘ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ॥(469) ਸ਼ਬਦ ਨਾਲ ਕੀਤਾ ਹੈ।

 ਇਹ ‘ਇਕ-ਰਸ ਵਿਆਪਕ ਇਕ ਅਕਾਲ ਪੁਰਖ’ ਦਾ ਖਿਆਲ ਹੀ ਸਿੱਖ ਸੋਚ ਦਾ ਧੁਰਾ ਹੈ ਜਿਸਨੇ ਸਮੁਚੀ ਲੋਕਾਈ ਨੂੰ ਚਾਹੇ ਉਹ ਦੁਨੀਆਂ ਦੇ ਕਿਸੇ ਹਿਸੇ ਵਿਚ ਵੀ ਵਸਦੀ ਹੈ ਪਿਆਰ, ਮਹੱਬਤ,ਕਿਰਤ, ਵੰਡ ਛਕਣ, ਇਨਸਾਨੀਅਤ ਅਤੇ ਸਰਬਤ ਦੇ ਭਲੇ ਦੇ ਸਬਕ ਨਾਲ ਅਨਗਿਣਤ ਦੇਵੀ ਦੇਵਤਿਆਂ ਦੀ ਹੋਂਦ, ਵਰਨ-ਵੰਡ, ਨਸਲ, ਰੰਗ ਅਤੇ ਖਿਤਿਆਂ ਦੇ ਭੇਦ ਭਾਵ ਨਾਲ ਪਏ ਪੁਆੜਿਆਂ ਵਿਚੋਂ ਕਢ ਕੇ ਭਾਈਚਾਰਕ ਸਾਂਝ ਵਿਚ ਬੰਨ੍ਹਣ ਦਾ ਯਤਨ ਕੀਤਾ ਹੈ। ਕਬੀਰ ਸਾਹਿਬ ਦੇ ਸ਼ਬਦ ‘ਅਵਲਿ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥ (1349)’ ; ‘ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ। (324) ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (1299); ਸਭੈ ਸਾਂਝੀਵਾਲ ਸਦਾਇਨਿ ਤੂੰ ਕਿਸੇ ਨ ਦਿਸੇ ਬਾਹਰਾ ਜੀਉ॥ (97) ਇਸ ਵਿਚਾਰ ਦੀ ਪੁਸ਼ਟੀ ਕਰਦੇ ਹਨ ਜਿਨ੍ਹਾਂ ਸਮਾਨ ਹੋਰ ਵੀ ਅਨੇਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਵਿਚਾਰ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਤ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਅੰਕਤ ਹੀ ਨਹੀਂ ਬਲਕਿ ਇਨ੍ਹਾਂ ਵਿਚਾਰਾਂ ਨੂੰ ਜ਼ਿੰਦਗੀ ਦਾ ਹਿਸਾ ਬਨਾਉਣ ਲਈ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਕਾਇਮ ਕੀਤੀ, ਜਿਸ ਵਿਚ ਨੀਵੀਂ ਉਚੀ ਕੁਲ ਅਤੇ ਜਾਤਿ ਦੀ ਪਰਵਾਹ ਨਾ ਕਰਦਾ ਹੋਇਆ ਹਰ ਕੋਈ ਅਕਬਰ ਬਾਦਸ਼ਾਹ ਸਮੇਤ ਪੰਗਤ ਵਿਚ ਬੈਠ ਕੇ ਲੰਗਰ ਛਕਦਾ ਹੈ ਅਤੇ ਸਰੋਵਰ ਬਣਾਇ ਜਿਨ੍ਹਾਂ ਵਿਚ ਹਰ ਕਿਸੇ ਦੇ ਇਸ਼ਨਾਨ ਕਰ ਸਕਣ ਨਾਲ ਛੂਤ ਛਾਤ ਤੋਂ ਮੁਕਤ ਮਨੁਖੀ ਬਰਾਬਰੀ ਦੇ ਸਿਧਾਂਤ ਦੀ ਮਜ਼ਬੂਤੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਮੁਗ਼ਲੀਆ ਫੌਜ ਦੇ ਖਿਲਾਫ ਜਾਤ ਅਭੀਮਾਨੀ ਪਹਾੜੀ ਰਾਜਿਆਂ ਵਲੋਂ ਮਦਦ ਦੀ ਪੇਸ਼ਕਸ਼ ਠੁਕਰਾ ਕੇ ਚੌਹਾਂ ਵਰਨਾਂ ਨੂੰ ਦਿਤੇ ਉਪਦੇਸ਼ ਅਨੁਸਾਰ ਇਕ ਬਾਟੇ ਵਿਚੋਂ ਹੀ ਪੰਜਾਂ ਜਾਤਾਂ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਧਰਮ ਦੇ ਜਾਤੀ ਰਹਿਤ ਬਰਾਬਰੀਅਤ ਦੇ ਅਸੂਲ ਦਾ ਸਬੂਤ ਦਿਤਾ।  

ਮੂਲ ਮੰਤਰ ੴ ਨਾਲ ਸ਼ੁਰੂ ਹੁੰਦਾ ਹੈ, ਬਾਕੀ ਦੇ 10 ਸ਼ਬਦ ਇਸ ਦੀ ਵਿਆਖਿਆ ਕਰਦੇ ਹਨ ਅਤੇ ‘ਗੁਰ ਪ੍ਰਸਦਿ’ ਮਨੁਖ ਨੂੰ ਅਪਣੇ ਮਨ ਨੂੰ ਜੋ ਜੋਤਿ ਸਰੂਪ ਹੈ ਗੁਰਬਾਣੀ ਅਨੁਸਾਰ ਅਪਣਾ ਮੂਲ਼ ਪਛਾਨਣ ਦੀ ਵਿਧੀ ਨਾਲ ਗੁਰੂ ਦੀ ਮਿਹਰ ਪਰਾਪਤ ਕਰਨ ਦੇ ਕਾਬਿਲ ਬਨਣ ਦਾ ਸਬਕ ਦਿੰਦਾ ਹੈ।

ਜਦੋਂ ਮਨੁਖ ਕਿਸੇ ਅਲੌਕਿਕ ਅਤੇ ਅਸਚਰਜ ਹੋਣੀ ਨੂੰ ਵੇਖਦਾ ਹੈ ਜਾਂ ਉਸਦੇ ਵਰਤਾਰੇ ਦੇ ਵਰਣਨ ਨੂੰ ਸੁਣਦਾ ਹੈ ਤਾਂ ਉਹ ਵਿਸਮਾਦੀ ਹਾਲਤ ਵਿਚ ਉਸਦੀ ਪ੍ਰਸ਼ੰਸਾ ਕਰਦਾ ਹੋਇਆ ‘ਵਾਹ’ ਜਾਂ ‘ਵਾਹੁ’ ਸ਼ਬਦ ਦੀ ਵਰਤੋਂ ਕਰਦਾ ਹੈ। ਉਹ ਉਸ ਦ੍ਰਿਸ਼ ਨੂੰ ਵੇਖ ਕੇ ਜਾਂ ਸੁਣ ਕੇ ਇਕ ਅਦਭੁਤ ਰਸ ਮਿਹਸੂਸ ਕਰਦਾ ਹੈ ਜਿਸ ਨਾਲ ਉਹ ਕਈ ਬਾਰ ਝੂਮ ਵੀ ਉਠਦਾ ਹੈ। ੴ ਦੀ ਕੁਦਰਤ ਅਨੇਕ ਰੰਗਾਂ ਵਿਚ ਨਜ਼ਰ ਆ ਰਹੀ ਹੈ। ਫੁਲ, ਫਲ, ਵਨਸਪਤੀ, ਜਾਨਵਰ, ਪੰਛੀ ਅਤੇ ਸਮੁੰਦਰੀ ਜੀਵਾਂ ਨੂੰ ਜਿਨ੍ਹਾਂ ਦੇ ਭਾਂਤ ਭਾਂਤ ਮਨਮੋਹਣੇ ਰੰਗ ਹਨ ਜੰਗਲਾਂ ਵਿਚ ਅਤੇ ਟੈਲੀਵਿਜ਼ਨ ਵਿਚ ਅਕਸਰ ਵੇਖਦੇ ਹਾਂ। ਇਨ੍ਹਾਂ ਰੰਗਾਂ ਦੀ ਵਿਉਂਤ ਅਤੇ ਤਰਤੀਬ ਵੇਖ ਕੇ ਮਨੁਖ ਦੰਗ ਰਹਿ ਜਾਂਦਾ ਹੈ। ਦੁਨੀਆਂ ਦਾ ਵਡੇ ਤੋਂ ਵਡਾ ਕਲਾਕਾਰ ਵੀ ਨਾ ਉਹੇ ਜਿਹੇ ਪੱਕੇ ਰੰਗ ਬਣਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੁਦਰਤ ਵਾਲੀ ਤਰਤੀਬ ਦੇ ਸਕਦਾ ਹੈ। ਮਨੁੱਖ ਦੀ ਕਾਇਆ ਪਲਟ ਸਬੰਧੀ ਵੀ ਸ਼ਬਦ ਹਨ ‘ਬਲਿਹਾਰੀ ਗੁਰੁ ਆਪਣੇ ਜਿਨ ਅਉਗਣ ਮੇਟਿ ਗੁਣ ਪਰਗਟੀਆਇ॥’(303) ਅਤੇ ‘ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥’ (462)। ਕੁਦਰਤ ਦੀਆਂ ਇਨ੍ਹਾਂ ਕਲਾਕ੍ਰਿਤੀਆਂ ਅਤੇ ਅਲੌਕਿਕ ਵਰਤਾਰਿਆਂ ਨੂੰ ਵੇਖ ਕੇ ਮਨੁਖ ਦੇ ਮੂੰਹੋਂ ਉਨ੍ਹਾਂ ਦੀ ਪ੍ਰਸ਼ੰਸਾ ਵਿਚ ‘ਵਾਹੁ ਵਾਹੁ’ ਨਿਕਲ ਜਾਣਾ ਸੁਭਾਵਿਕ ਹੀ ਹੈ ਜਿਵੇਂ ਹੇਠ ਲਿਖੇ ਸ਼ਬਦਾਂ ਵਿਚ ਇਸ ਲਫਜ਼ ਨੂੰ ਵਰਤਿਆ ਗਿਆ ਹੈ:-

ਵਾਹੁ ਮੇਰੇ ਸਾਹਿਬਾ ਵਾਹੁ॥’ (755)
ਵਾਹੁ ਵਾਹੁ ਸਚੇ ਪਾਤਿਸਾਹ ਤੂ,ਸਚੀ ਨਾਈ॥’ (947)
ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੇ॥ਤਿਸ ਕਉ ਵਾਹੁ ਵਾਹੁ ਜਿ ਸਬਦ ਸੁਣਾਵੇ॥’(226)
ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮਖਿ ਭਾਲਿ॥’ (514)
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥’ (514)

ਗੁਰੂ ਗ੍ਰੰਥ ਸਾਹਿਬ ਵਿਚ ਵਾਹੁ ਵਾਹੁ ਵਾਲੇ ਕਈ ਸ਼ਬਦ ਹਨ ਪਰ ‘ਵਾਹਿ’ ਇਕੱਲਾ ਜਾਂ ‘ਵਾਹਿਗੁਰੂ’ ਜੋ ਵਾਹਿ ਅਤੇ ਗੁਰੂ ਦੋ ਲਫਜ਼ਾਂ ਦੇ ਜੋੜ ਵਾਲਾ ਸ਼ਬਦ ਹੈ ਕਿਸੇ ਗੁਰੂ ਨੇ ਨਹੀਂ ਵਰਤਿਆ। ਕੇਵਲ ਭੱਟ ਗਯੰਦ ਨੇ ਸਫਾ 1402 ਅਤੇ 1403 ਉਪਰ ਅਪਣੇ ਸਵਈਏ ਚੌਥੇ ਮਹਲੇ ਕੇ ਵਿਚ ਸ਼ਬਦ ‘ਵਾਹ’ ਜਾਂ ‘ਵਾਹੁ’ ਨੂੰ ‘ਵਾਹਿ’ ਬਣਾ ਕੇ ਅਤੇ ‘ਗੁਰੂ’ ਸ਼ਬਦ ਨਾਲ ਜੋੜ ਕੇ ਅਕਾਲ ਪੁਰਖੁ ਨੂੰ ਸੰਬੋਧਨ ਕਰਨ ਲਈ ਵਰਤਿਆ ਲਗਦਾ ਹੈ, ਕਿਉਂਕਿ ਇਸ ਦਾ ਮਤਲਬ ਹੈ ‘ਹੇ ਵਾਹਿਗੁਰੂ’। ਸ਼ਬਦ ਹਨ ‘ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਜੀਉ॥’(1402) ‘ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਜੀਉ॥(1402) ‘ਕੀਆ ਖੇਲੁ ਬਡ ਮੇਲੁ ਤਮਾਸਾ, ਵਾਹਗੁਰੂ ਤੇਰੀ ਸਭ ਰਚਨਾ॥(1403)

ਭਾਈ ਗੁਰਦਾਸ ਜੀ ਨੇ ਵੀ ਵਾਹਿਗੁਰੂ ਦਾ ਸ਼ਬਦ ਵਰਤਿਆ ਹੈ ਜਿਵੇਂ:-

ਵਾਹਿਗੁਰੂ ਗੁਰਮੰਤ੍ਰ ਹੈ, ਜਪਿ ਹਉਮੈ ਖੋਈ।2।13।

ਇਥੇ ਵੀ ਵਾਹਿਗੁਰੂ ਦਾ ਮਤਲਬ ‘ਹੇ ਗੁਰੂ’ ਹੈ। ਭਾਈ ਸਾਹਿਬ ਗੁਰੂ ਯਾਨੀ ੴ ਨੂੰ ਸੰਬੋਧਨ ਕਰ ਕੇ ਕਹਿ ਰਹੇ ਲਗਦੇ ਹਨ ‘ਹੇ ਅਕਾਲ ਪੁਰਖੁ ਤੇਰੀ ਪ੍ਰਸ਼ੰਸਾ ਅਤੇ ਸਰਬਤ ਦੇ ਭਲੇ ਲਈ ਗੁਰੂਆਂ ਵਲੋਂ ਉਚਾਰੇ ਗਈ ਗੁਰਬਾਣੀ ਦੇ ਸ਼ਬਦ (ਗੁਰਮੰਤ੍ਰ) ਹੀ ਗੁਰੂ ਹਨ ਜਿਨ੍ਹਾਂ ਨੂੰ ਜਪਿ ਕੇ ਉਨ੍ਹਾਂ ਅਨੁਸਾਰ ਜੀਵਨ ਬਤੀਤ ਕਰਨ ਨਾਲ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਭਾਈ ਸਾਹਿਬ ਦੇ ਕਥਨ ਦੀ ਉਪਰ ਕੀਤੀ ਵਿਆਖਿਆ ਗੁਰਵਾਕ ‘ਸਬਦੁ ਗੁਰੂ, ਸੁਰਤਿ ਧੁਨ ਚੇਲਾ॥ (943) ਅਨੁਸਾਰ ਹੈ।

ਹਰ ਕਿਸੇ ਦੇ ਮੂਹੋਂ ਨਿਕਲੀ ਗਲ ਬਾਣੀ ਹੀ ਗਿਣੀ ਜਾਂਦੀ ਹੈ, ਉਹ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਪਰ ਸਿੱਖ ਉਸਨੂੰ ਹੀ ਬਾਣੀ ਮੰਨਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ੴ ਦੀ ਸਿਫਤ ਸਲਾਹ ਵਿਚ ਅਤੇ ਸਰਬਤ ਦੇ ਭਲੇ ਦੇ ਸਬੰਧ ਵਿਚ ਉਚਾਰੀ ਗਈ ਹੈ ਜਿਸ ਦਾ ਹਰ ਸ਼ਬਦ ਗੁਰਮੰਤ੍ਰ ਦਾ ਦਰਜਾ ਰਖਦਾ ਹੋਇਆ ਮਨੁਖ ਦੇ ਅਤੇ ਸਰਬਤ ਦੇ ਭਲੇ ਲਈ ਲਾਹੇਵੰਦ ਹੈ। ਹਉਮੈ ਤੋਂ ਖਹਿੜਾ ਕੇਵਲ ਵਾਹਿਗੁਰੂ ਸ਼ਬਦ ਦਾ ਜਾਪ ਕਰਨ ਨਾਲ ਹੀ ਨਹੀਂ ਛੁਟ ਸਕਦਾ। ਇਸ ਤੋਂ ਛੁਟਕਾਰਾ ਸਮੁਚੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਨਾਲ ਹੀ ਮਿਲ ਸਕਦਾ ਹੈ ਜਿਵੇਂ ਗੁਰਬਾਣੀ ਦਾ ਸ਼ਬਦ ਹੈ ‘ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ॥’(768) । ‘ੴ------ਗੁਰ ਪ੍ਰਸਾਦਿ॥’ ਸ਼ਬਦ ਨੂੰ ਸਿੱਖ ਸਿਧਾਂਤ ਦਾ ਬੀਜ ਜਾਂ ਸਾਰਅੰਸ ਦਸਣ ਲਈ ਹੀ ਮੂਲ ਮੰਤ੍ਰ ਕਿਹਾ ਗਿਆ ਹੈ, ਇਹ ਹਿੰਦੂਆਂ ਦੇ ਟੂਣਿਆਂ ਵਾਲੇ ਜੰਤਰਾਂ ਮੰਤਰਾਂ ਵਾਲਾ ਮੰਤ੍ਰ ਨਹੀਂ ਜਿਸ ਦੇ ਕੇਵਲ ਜਪਣ ਨਾਲ ਕਿਸੇ ਮੁਸ਼ਕਿਲਦਾ ਹਲ ਹੋ ਜਾਂਦਾ ਹੈ।
ਸਿੱਖੀ ਵਿਚ ਕਿਸੇ ਮੰਤਰ ਦਾ ਖਿਆਲ ਨਹੀਂ, ਕੇਵਲ ਨਾਮ ਦਾ ਜ਼ਿਕਰ ਹੈ ਜੋ ਸਭ ਦੁਖਾਂ ਦਾ ਦਾਰੂ ਹੈ। ਇਸ ਸਬੰਧੀ ਨਿਮਨ ਲਿਖਤ ਸ਼ਬਦ ਕਾਬਲੇ ਗ਼ੌਰ ਹੈ:-

ਬੀਜ ਮੰਤ੍ਰੁ ਸਰਬ ਕੋ ਗਿਆਨ॥..... ਸਰਬ ਰੋਗ ਕਾ ਅਉਖਦੁ ਨਾਮ॥ (274)

ਮੇਰੇ ਖਿਆਲ ਵਿਚ  ‘ਵਾਹਿਗੁਰੂ’ ਸ਼ਬਦ ਨੂੰ ਜੋ ਗੁਰੂ ਦੀ ਸਿਰਫ ਕ੍ਰਿਤ ਦਾ ਪਰਸ਼ੰਸਕ ਹੈ, ਗੁਰਮੰਤ੍ਰ ਕਹਿਣਾ ਠੀਕ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਸਿੱਖ ਦਾ ਗੁਰਮੰਤ੍ਰ ਹੈ, ਜਿਸ ਉਪਰ ਅਮਲ ਕਰਦਿਆਂ ਉਸ ਨੇ ਅਪਣਾ ਜੀਵਨ ਗੁਰਮਤ ਅਨੁਸਾਰ ਬਤੀਤ ਕਰਨਾ ਹੈ। ਉਸ ਨੇ ਅਪਣੇ ਹਰ ਕਰਮ ਨੂੰ ਪਰਖਣਾ ਹੈ ਕਿ ਕੀ ਉਸਦੇ ਕਰਮ ਨਾਲ ਸਰਬਤ ਦਾ ਭਲਾ ਹੋ ਰਿਹਾ ਹੈ ਕਿ ਨਹੀਂ। ਜੇ ਕੇਵਲ ਬਾਰ ਬਾਰ ‘ਵਾਹਿਗੁਰੂ ਵਾਹਿਗੁਰੂ’ ਦਾ ਜਾਪ ਕਰਨ ਨਾਲ ਹੀ ਮਨੁਖ ਦੇ ਪੱਲੇ ਸੱਚ ਪੈ ਸਕਦਾ ਅਤੇ ਉਹ ਕਿਰਤ ਕਰਨ ਤੇ ਵੰਡ ਛਕਣ ਨਾਲ ਹੀ ਸਰਬਤ ਦਾ ਭਲਾ ਕਰਨ ਲਗ ਸਕਦਾ ਸੀ ਤਾਂ ਗੁਰੂ ਸਾਹਿਬਾਨ ਨੂੰ 239 ਸਾਲ ਨਾਮ ਜਪਣ ਦੇ ਪਰਚਾਰ ਨਾਲ ਲੋਕਾਂ ਦਾ ਮਨੋਬਲ ਉਚਾ ਕਰ ਕੇ ਏਨੀਆਂ ਕੁਰਬਾਨੀਆਂ ਦੇਣ ਲਈ ਤਿਆਰ ਕਰਨ ਦੀ ਕੀ ਲੋੜ ਸੀ। ਸਰਬਤ ਦੇ ਭਲੇ ਲਈ ਨਾਮ ਜਪਣ ਤੋਂ ਬਗ਼ੈਰ ਮਨੁਖ ਦਾ ਸੱਚ ਪੱਲੇ ਬੰਨ੍ਹਣਾ, ਸੰਤੋਖੀ ਅਤੇ ਸਚਿਆਰ ਜੀਵਨ ਬਤੀਤ ਕਰਨਾ ਸੰਭਵ ਨਹੀਂ ਵਰਨਾ ਰੂਸ ਦਾ 1917 ਦਾ ਇਨਕਲਾਬ ਫੇਲ੍ਹ ਨਾ ਹੁੰਦਾ ਜਿਸਦਾ ਆਧਾਰ ਨਾਮ ਨੂੰ ਛਡ ਕੇ ਕੇਵਲ ਕਿਰਤ ਕਰਨ, ਵੰਡ ਛਕਣ ਅਤੇ ਮਨੁਖੀ ਬਰਾਬਰੀ ਦੇ ਅਸੂਲ ਤੇ ਹੀ ਸੀ। 

ਸ਼ਬਦ ‘ਵਾਹੁ’ ਅਕਾਲ ਪੁਰਖੁ ਦੀ ਸਾਜੀ ਅਦਭੁਤ ਕੁਦਰਤ ਦਾ ਪ੍ਰਸ਼ੰਸਕ ਹੈ, ਇਸਦਾ ਮਤਲਬ ਅਕਾਲ ਪੁਰਖੁ ਨਹੀਂ। ਗੁਰਬਾਣੀ ਵਿਚ ਅਕਾਲ ਪੁਰਖੁ ਯਾਨੀ ਪਾਰਬ੍ਰਹਮ ਨੂੰ ਗੁਰੂ ਅਤੇ ਸਤਿਗੁਰੂ ਵੀ ਕਿਹਾ ਗਿਆ ਹੈ ਜਿਵੇਂ ਸ਼ਬਦ ਹੈ ‘ਗੁਰੁ ਸਤਿਗੁਰ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ॥’(800)। ਭਟ ਗਯੰਦ ਵੀ ਅਪਣੇ ਸ਼ਬਦਾਂ ਵਿਚ ਗੁਰੂਆਂ ਦੀ ਬਾਣੀ ਨੂੰ ਮੁਖ ਰਖਦਾ ਹੋਇਆ ਏਉਂ ਕਹਿੰਦਾ ਹੈ, ‘ਗੁਰੂ ਗੁਰੂ ਗੁਰ ਕਰੁ, ਮਨ ਮੇਰੇ॥ ਤਾਰਣ ਤਰਣ,ਸਮ੍ਰਥੁ ਕਲਿਜੁਗਿ,ਸੁਨਤ ਸਮਾਧਿ ਸਬਦ ਜਿਸ ਕੇਰੇ॥ (1399) ‘ਜੋ ਗੁਰੂ ਅਹਿਨਿਸਿ ਜਪੈ, ਦਾਸੁ ਭਟੁ ਬੇਨਤਿ ਕਹੈ॥ ਜੋ ਗੁਰੂ ਨਾਮੁ ਰਿਦ ਮਹਿ ਧਰੈ, ਸੋ ਜਨਮ ਮਰਣ ਦੁਹ ਥੇ ਰਹੈ॥(1399)  ਅਕਾਲ ਪੁਰਖੁ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰ ਕੇ ਵੀ ਉਸ ਦੀ ਕ੍ਰਿਤ ਦੀ ਸ਼ਲਾਘਾ ‘ਵਾਹਗੁਰੂ ਜਾਂ ਵਾਹਿਗੁਰੂ ਕਹਿ ਕੇ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਅਸੀਂ ਵਾਹਿਗੁਰੂ ਆਖਦੇ ਹਾਂ ਇਸਦਾ ਮਤਲਬ ਅਕਾਲ ਪੁਰਖੁ ਨੂੰ ਕੇਵਲ ਸੰਬੋਧਨ ਕਰਨਾ ਹੀ ਹੈ, ਇਸ ਨਾਲ ਨਾਮ ਵਾਲੇ ਗੁਣ ਜੋ ਗੁਰੂ ਦੇ ਚਿਨ੍ਹ ਹਨ ਮਨੁਖ ਵਿਚ ਪੈਦਾ ਨਹੀਂ ਹੋ ਸਕਦੇ। ਵਾਹਿਗੁਰੂ ਵਾਹਿਗੁਰੂ ਜਪਣਾ ਨਾਮ ਜਪਣਾ ਨਹੀਂ। ਨਾਮ ਦੀ ਮਹਿਮਾ ਵਿਚ ਬਹੁਤ ਸ਼ਬਦ ਹਨ ਜਿਵੇਂ ‘ਨਾਮੁ ਖੇਤੀ ਬੀਜਹੁ ਭਾਈ ਮੀਤ॥ ਸਉਦਾ ਕਰਹੁ ਗੁਰੁ ਸੇਵਹੁ ਨੀਤ॥' (430)

ਕੁਦਰਤ ਦੀ ਤਾਰੀਫ ਕਰਦਿਆਂ ‘ਵਾਹੁ 1 ਓ ਅੰਕਾਰ’ ਕਿਹਾ ਜਾ ਸਕਦਾ ਹੈ ਪਰ ਇਸਦਾ ਉਚਾਰਨ ਏਨਾਂ ਸੌਖਾ ਨਹੀਂ ਜਿੰਨਾ ‘ਵਾਹਿਗੁਰੂ’ ਦਾ।ਇਹੀ ਕਾਰਨ ਹੈ ਕਿ ੴ ਦੀ ਬਜਾਇ ਸਾਡੇ ਮੂਹੋਂ ਹਮੇਸ਼ਾ ਵਾਹਿਗੁਰੂ ਦਾ ਸ਼ਬਦ ਹੀ ਨਿਕਲਦਾ ਹੈ ਜੋ ‘ਗੁਰੂ’ ਸ਼ਬਦ ਤੋਂ ਪਹਿਲਾਂ ‘ਵਾਹਿ’ ਦਾ ਸ਼ਬਦ ਵਰਤ ਕੇ ਬਣਿਆ ਹੈ ਜਿਸਦਾ ਭਾਵ ਹੈ ‘ਹੇ ਗੁਰੂ’, ‘ਹੇ ਅਕਾਲ ਪੁਰਖ, ਤੇਰੇ ਕੰਮ ਨਿਆਰੇ ਹਨ।’ ਐਸਾ ਕਹਿਣਾ ਅਕਾਲ ਪੁਰਖੁ ਨੂੰ ਸੰਬੋਧਨ ਕਰ ਕੇ ਕੇਵਲ ਉਸਦੀ ਰਚਨਾ ਦੀ ਪ੍ਰਸ਼ੰਸਾ ਹੈ ਅਤੇ ਜੇ ਸੰਬੋਧਨ ਅਤੇ ਪ੍ਰਸ਼ੰਸਾ ਕਰ ਕੇ ਕੋਈ ਗਲ  ਅਗੇ ਨਹੀਂ ਕੀਤੀ ਜਾਂਦੀ ਤਾਂ ਇਸ ਸੰਬੋਧਨ ਦਾ ਮਤਲਬ ਕੀ? ਜੇ ਕੋਈ ਬਚਾ ‘ਬਾਪੂ ਬਾਪੂ ਤੇਰੇ ਕੰਮ ਬਹੁਤ ਅੱਛੇ ਹਨ’ ਦਿਨ ਰਾਤ ਕਹੀ ਜਾਵੇ ਪਰ ਅੱਛੇ ਬੁਰੇ ਕਰਮਾਂ ਦੇ ਫਰਕ ਨੂੰ ਸਮਝ ਕੇ ਬਾਪ ਵਰਗਾ ਅੱਛਾ ਬਣਨ ਦੀ ਕੋਸ਼ਿਸ਼ ਨਾ ਕਰੇ ਤਾਂ ਉਸਦਾ ਬਾਪੂ ਬਾਪੂ ਤੁੰ ਬਹੁਤ ਅਛਾ ਹੈਂ ਕਹਿਣ ਦਾ ਕੀ ਫਾਇਦਾ ਅਤੇ ਬਾਪੂ ਵੀ ਉਸ ਵਲ ਧਿਆਨ ਨਹੀਂ ਦਿੰਦਾ।ਇਸੇ ਤਰ੍ਹਾਂ ਜਿਹੜਾ ਗੁਰਬਾਣੀ ਸਮਝ ਕੇ ਪਰਮਾਤਮਾ ਦੇ ਗੁਣਾਂ ਵਾਲਾ ਬਣਨ ਦੀ ਕੋਸ਼ਿਸ਼ ਕਰਨ ਦੀ ਬਜਾਇ ਕੇਵਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਘੰਟਿਆਂ ਬਧੀ ਉਸਨੂੰ ਸੰਬੋਧਨ ਹੀ ਕਰਦਾ ਰਹਿੰਦਾ ਹੈ,ਉਸਦੇ ਗੁਣਾਂ ਯਾਨੀ ਨਾਮ ਦਾ ਕੋਈ ਜ਼ਿਕਰ ਨਹੀਂ ਕਰਦਾ ਅਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕਰ ਕੇ ਉਨ੍ਹਾਂ ਦਾ ਧਾਰਨੀ ਬਣਨ ਦੀ ਕੋਸ਼ਿਸ਼ ਕਰਦਾ ਹੈ ਉਸ ਵਲ ਪਰਮਾਤਮਾ ਵੀ ਬਚੇ ਦੇ ਬਾਪ ਵਾਂਗ ਕੋਈ ਖਾਸ ਧਿਆਨ ਨਹੀਂ ਦਿੰਦਾ।

ਸੋਚਣ ਅਤੇ ਸਮਝਣ ਵਾਲੀ ਗਲ ਇਹ ਹੈ ਕਿ ਕੀ ਅਕਾਲ ਪੁਰਖੁ ਦੀਆਂ ਨਾਮ ਰਾਹੀਂ ਵਰਣਨ ਕੀਤੀਆਂ ਸਿਫਤਾਂ ਨੂੰ ਸਮਝ ਕੇ ਉਨ੍ਹਾਂ ਨੂੰ ਧਾਰਨ ਕਰਨ ਦੀ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਤੋਂ ਬਗ਼ੈਰ ਵੀ ‘ਵਾਹਿਗੁਰੂ, ਵਾਹਿਗੁਰੂ’ ਕਰੀ ਜਾਣਾ ਕਿਥੋਂ ਤਕ ਲਾਭਦਾਇਕ ਹੈ। ਬਾਪ ਦਾ ਗ਼ਲਤ ਰਾਹ ਪਿਆ ਪੁਤਰ ਵੀ ਅਪਣੇ ਬਾਪ ਨੂੰ ਬਾਕੀ ਬਚਿਆਂ ਵਾਂਗ ਪਿਤਾ ਜੀ, ਬਾਪੂ ਜੀ, ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ। ਪਰ ਸਮਝਦਾਰ ਬਾਪ ਅਪਣੇ ਕੁਰਾਹੇ ਪਏ ਪੁਤਰ ਨੂੰ ਅਪਣੀ ਜਾਇਦਾਦ ਦਾ ਮਾਲਿਕ ਨਹੀਂ ਬਣਾਉਂਦਾ ਕਿਉਂਕਿ ਉਸਨੂੰ ਜਾਇਦਾਦ ਸੰਭਾਲਣ ਦੀ ਸੋਝੀ ਨਹੀਂ। ਗੁਰੂਆਂ ਦੇ ਬੇਟੇ ਵੀ ਉਨ੍ਹਾਂ ਨੂੰ ਪੂਰਾ ਸਨਮਾਨ ਦਿੰਦੇ ਸਨ ਪਰ ਕੁਝ ਦੇ ਕੁਰਾਹੇ ਪੈ ਜਾਣ ਕਾਰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰ ਦਾਸ ਜੀ ਨੇ ਅਪਣੀ ਗੁਰਗਦੀ ਦਾ ਵਾਰਿਸ ਅਪਣੇ ਕਿਸੇ ਅਜੇਹੇ ਬੇਟੇ ਨੂੰ ਨਹੀਂ ਬਣਾਇਆ ਜੋ ਇਸਦੇ ਲਾਇਕ ਨਹੀ ਸੀ। ਜੋ ਮਨੁਖ ਅਪਣੇ ਕਿਰਦਾਰ ਨੂੰ ਗੁਰਬਾਣੀ ਅਨੁਸਾਰ ਨਹੀ ਢਾਲਦਾ ਜਾਂ ਢਾਲਣ ਦੀ ਕੋਸ਼ਿਸ਼ ਨਹੀਂ ਕਰਦਾ ਉਸਦੇ ਪਰਮਾਤਮਾ ਯਾਨੀ ਗੁਰੂ ਦੀ ਕੇਵਲ ਵਾਹੁ ਵਾਹੁ ਕਰਨ ਨਾਲ ਉਸ ਵਿਚ ਗੁਰੂ ਦੇ ਗੁਣ ਪੈਦਾ ਨਹੀਂ ਹੋ ਸਕਦੇ। ਗਲ ਸਪਸ਼ਟ ਕਰਨ ਲਈ ਮੈਂ ਜਾਣੇ ਪਛਾਣੇ ਚਿਤ੍ਰਕਾਰ ਸੋਭਾ ਸਿੰਘ ਦੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਕਲਾ ਕ੍ਰਿਤੀਆਂ ਦੀ ਗਲ ਕਰਦਾ ਹਾਂ। ਉਨ੍ਹਾਂ ਦੀ ਵਾਹ ਵਾਹ ਕਰਨ ਨਾਲ ਕੋਈ ਵੀ ਸੋਭਾ ਸਿੰਘ ਨਹੀਂ ਬਣ ਸਕਦਾ।

ਮੇਰੇ ਇਕ ਮਿਸ਼ਨਰੀ ਮਿਤਰ ਮੈਨੂੰ ਜ਼ਬਰਦਸਤੀ ਇਕ ਗੁਰਦੁਆਰੇ ਵਿਚ ਇਸ ਮਕਸਦ ਲਈ ਲੈ ਗਏ ਕਿ ਮੈਂ ਉਥੇ ‘ਵਾਹਿਗੁਰੂ’ ਜਾਪ ਦੀਆਂ ਲਗਣ ਵਾਲੀਆਂ ਵਖ ਵਖ ਧੁਨੀਆਂ ਬਾਬਤ ਅਪਣੀ ਰਾਇ ਦਿਆਂ। ਮੈਨੂੰ ਉਥੇ ਬਿਠਾ ਕੇ ਉਹ ਆਪ ਤਾਂ ਬਾਹਰ ਮਿਸ਼ਨਰੀ ਕੰਮ ਲਈ ਨਿਕਲ ਗਏ। ਮੈਂ ਉਥੇ ਬੈਠਾ ਸਾਜ਼ਾਂ ਨਾਲ ਉਚੀਆਂ ਨੀਵੀਆਂ ਇਕੋ ਸਾਹ ਅਉਖੇ ਹੋ ਕੇ ਲਾਈਆਂ ਜਾਂਦੀਆਂ ਸੁਰੀਲੀਆਂ ਲੰਮੀਆਂ ਧੁਨਾਂ ਵਿਚ ‘
ਵਾਹਿਗੁਰੂ’ ਦਾ ਜਾਪ ਸੁਣਦਾ ਰਿਹਾ। ਗੁਰੂ ਦੀ ਮਨੁਖ ਨੂੰ ਦਿਤੀ ਸਿਖਿਆ ਬਾਬਤ ਕੋਈ ਗਲ ਨਾ ਹੋਈ। ਜਦੋਂ ਇਕ ਘੰਟੇ ਬਾਅਦ ਮੈਂ ਬਾਹਰ ਨਿਕਲਿਆ ਤਾਂ ਉਹ ਕਹਿਣ ਲਗੇ ਇਸ ਜਾਪ ਬਾਬਤ ਮੇਰਾ ਕੀ ਖਿਆਲ ਹੈ। ਮੈਂ ਉਨ੍ਹਾਂ ਦੇ ਗ਼ੁਸੇ ਤੋਂ ਡਰਦੇ ਡਰਦੇ ਨੇ ਕਿਹਾ ਕਿ ਮੈਨੂੰ ਏਉਂ ਲਗਦਾ ਹੈ ਕਿ ਮੈਂ ਅਪਣੀ ਜ਼ਿੰਦਗੀ ਦਾ ਇਕ ਘੰਟਾ ਕਿਸੇ ਚੰਗੇ ਕਾਰੇ ਲਾਉਣ ਤੋਂ ਰਹਿ ਗਿਆ ਹਾਂ। ਇਹ ਜਾਪ ਮੈਨੂੰ ਕਿਸੇ ਮੰਦਰ ਵਿਚ ‘ਹਰੇ ਕ੍ਰਿਸ਼ਨ ਹਰੇ ਰਾਮ’ ਦੀ ਘੰਟਿਆਂ ਬਧੀ ਧੁਨੀ ਵਰਗਾ ਲਗਿਆ ਅਤੇ ਏਉਂ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਦੀਆਂ ਧੁਨੀਆਂ ਲਾਉਣ ਵਾਲੇ ਜਾਣੇ ਅਣਜਾਣੇ ਸਿੱਖ ਸਮਾਜ ਨੂੰ ਉਸੇ ਸਮਾਜ ਵਲ ਧੱਕੀ ਜਾ ਰਹੇ ਹਨ ਜਿਸ ਵਿਚੋਂ ਗੁਰੂ ਸਾਹਿਬ ਨੇ ਸਾਨੂੰ ਕਢਿਆ ਸੀ।

ਬਾਰ ਬਾਰ ਵਾਹਿਗੁਰੂ ਕਹਿ ਕੇ ਪ੍ਰਮਾਤਮਾ ਨੂੰ ਯਾਦ ਰਖਣਾ ਮਾੜੀ ਗਲ ਨਹੀਂ ਪਰ ਇਸਦਾ ਫਾਇਦਾ ਉਦੋਂ ਹੀ ਹੈ ਜਦੋਂ ਅਸੀਂ ਇਸ ਗਲ ਦਾ ਨਿਰਨਾ ਵੀ ਕਰਦੇ  ਰਹੀਏ ਕਿ ਜੋ ਦੁਨਿਆਵੀ ਕੰਮ ਅਸੀਂ ਵਾਹਿਗੁਰੂ ਕਹਿੰਦੇ ਕਰ ਰਹੇ ਹਾਂ ਉਹ ਗੁਰੂ ਵਲੋਂ ਦਿਤੀ ਸਿਖਿਆ ਅਨੁਸਾਰ ਵੀ ਹਨ ਜਾਂ ਨਹੀਂ ਜਿਸਦੀ ਵਾਹੁ ਵਾਹੁ ਕਰ ਰਹੇ ਹਾਂ। ਇਕ ਬਾਰ ਮੈਨੂੰ ਇਕ ਗੁਰਦੁਆਰੇ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਜਾਣ ਦਾ ਮੌਕਾ ਮਿਲਿਆ। ਮੀਟਿੰਗ ਤਾਂ ਹਿਸਾਬ ਕਿਤਾਬ ਵੇਖਣ ਲਈ ਬੁਲਾਈ ਗਈ ਸੀ ਪਰ ਯਕਦਮ ਪਰਧਾਨ ਵਲੋਂ ਇਹ ਮਤਾ ਰਖ ਦਿਤਾ ਗਿਆ ਕਿ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਇਕ ਸਾਲ ਹੋਰ ਕੰਮ ਕਰਨ ਦੀ ਮਨਜ਼ੂਰੀ ਦਿਤੀ ਜਾਂਦੀ ਹੈ। ਇਕ ਸਰਦਾਰ ਸਾਹਿਬ ਜਦ ਇਸਦਾ ਵਿਰੋਧ ਕਰਨ ਲਗੇ ਤਾਂ ਇਕ ਅੰਮ੍ਰਿਤਧਾਰੀ ਨੀਲੀ ਦਸਤਾਰ ਵਾਲੇ ਸਿੰਘ ਨੇ ਜੋ ਵਾਹਿਗੁਰੂ ਵਾਹਿਗੁਰੂ ਦੀਆਂ ਧੁਨੀਆਂ ਲਗਵਾਉਣ ਵਿਚ ਅਕਸਰ ਅਗੇ ਅਗੇ ਹੁੰਦਾ ਹੈ ਉਸ ਸਰਦਾਰ ਸਾਹਿਬ ਨੂੰ ਗਲੋਂ ਫੜ ਕੇ ਮਾਈਕ ਤੋਂ ਦੂਰ ਖਿਚ ਲਿਆ ਅਤੇ ਦੋ ਹੋਰ ਅੰਮ੍ਰਿਤਧਾਰੀ ਨੌਜਵਾਨ ਸਾਥੀ ਗਲੋਂ ਫੜਨ ਵਾਲੇ ਦੀ ਸੁਰਖਿਆ ਲਈ ਉਸਦੇ ਪਾਸ ਖੜੇ ਹੋ ਗਏ। ਸੰਗਤ ਵਿਚੋਂ ਕੋਈ ਵੀ
ਅੰਮ੍ਰਿਤਧਾਰ ਸਿੰਘਾਂ ਸਮੇਤ ਉਸ ਸਰਦਾਰ ਸਾਹਿਬ ਨੂੰ ਧੁਨੀਆਂ ਲਾਉਣ ਵਾਲੇ ਅੰਮ੍ਰਿਤਧਾਰੀ ਸਿੰਘ ਦੇ ਜਫੇ ਵਿਚੋਂ ਛੁਡਵਾਉਣ ਲਈ ਖੜਾ ਨਾ ਹੋਇਆ।ਗਲੋਂ ਫੜਨ ਵਾਲੇ ਸਰਦਾਰ ਸਾਹਿਬ ਦਾ ਇਹ ਕਿਰਦਾਰ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਧੁਨੀਆਂ ਲਗਵਾਉਣ ਵਾਲੇ ਇਸ ਤਰ੍ਹਾਂ ਦੇ ਅੰਮ੍ਰਿਤਧਾਰੀ ਵੀ ਪੰਥ ਦੀ ਗਿਰਾਵਟ ਦੇ ਜ਼ੁਮੇਵਾਰ ਹਨ।ਇਨ੍ਹਾਂ ਦਾ ਜ਼ਿਕਰ ਕਬੀਰ ਸਾਹਿਬ ਨੇ ਇਸ ਸ਼ਬਦ ਵਿਚ ਕੀਤਾ ਹੈ ‘ਮਾਥੇ ਤਿਲਕ ਹਥਿ ਮਾਲਾ  ਬਾਨਾਂ॥ ਲੋਗਨ ਰਾਮ ਖਿਲਉਨਾ ਜਾਨਾਂ॥ (1158)

ਰਘਬੀਰ ਸਿੰਘ ਢਿਲੋ
* 91 98144 65012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top