Share on Facebook

Main News Page

"ਕੌੜੇ ਤੁੰਮਿਆਂ" ਦਾ ਇਕੱਠ, "ਅਸੰਤ ਸਮਾਜ"

(ਦਾਸ ਨੇ ਇਸ ਲੇਖ ਵਿਚ ਹਰ ਥਾਂ ਤੇ "ਸੰਤ ਸਮਾਜ" ਨੂੰ "ਅਸੰਤ ਸਮਾਜ" ਲਿਖਿਆ ਹੈ, ਕਿਉਂਕਿ ਗੁਰਬਾਣੀ ਅਨੁਸਾਰ ਇਹੋ ਜਹੇ ਢੋੰਗੀਆਂ ਨੂੰ ਸੰਤ ਕਹਿਨਾਂ ਸੰਤ ਦੀ ਤੌਹੀਨ ਕਰਨਾਂ ਹੈ।)

ਆਸਾ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥. 476

"ਵਿਸ਼ ਵੇਲ" ਇਕ ਇਹੋ ਜਹੀ ਵੇਲ ਹੂੰਦੀ ਹੈ ਜੇ ਉਹ ਕਿਸੇ ਦਰਖਤ ਤੇ ਚੜ੍ਹ ਜਾਂਦੀ ਹੈ ਤੇ ਉਹ ਹਰਾ ਭਰਾ ਦਰਖਤ ਸੁੱਕ ਜਾਂਦਾ ਹੈ ।ਉਸ ਦੇ ਹਰੇ ਭਰੇ ਪੱਤੇ ,ਡਾਲੀਆਂ ਸਬ ਸੁਕ ਕੇ ਝੜ ਜਾਂਦੀਆਂ ਨੇ ਅਤੇ ਤਣਾਂ, ਜਿਸ ਵਿਚੋਂ ਉਹ "ਵਿਸ਼ ਵੇਲ" ਰਸ ਚੂਸਦੀ ਹੈ , ਉਸ ਨੂੰ ਅੰਦਰ ਤਕ ਖੋਖਲਾ ਕਰ ਦੇੰਦੀ ਹੈ। ਉਹ ਹਰਾ ਭਰਾ ਪੇੜ ਸੁੱਕ ਕੇ ਲਕੜ ਦਾ ਇਕ "ਠੂੰਠ" ਹੀ ਰਹਿ ਜਾਂਦਾ ਹੈ।

ਕੌਮ ਦੇ ਹਰੇ ਭਰੇ ਦਰਖਤ ਉਤੇ ਅਕਾਲੀਆਂ ਤੇ ਟਕਸਾਲੀਆਂ ਦੀ ਇਹ "ਵਿਸ਼ ਵੇਲ" ਚੜ ਚੁਕੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਜਿਤਣ ਲਈ "ਕਾਲੀ ਦਲ" ਤੇ "ਅਸੰਤ ਸਮਾਜ" ਦਾ ਗਠਬੰਧਨ ਬਣ ਗਇਆ ਹੈ, ਜੋ ਮਿਲ ਕੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਜਿਤੇਗਾ ਤੇ ਸਿੱਖੀ ਨੂੰ ਸੌ ਕੁ ਸਾਲ ਹੋਰ ਪਿਛੇ ਧਕ ਦੇਵੇਗਾ। ਅਸੰਤ ਸਮਾਜ ਦੀ ਗਲ ਆਉਦੇ ਹੀ ਮੰਨ ਵਿਚ ਕਈ ਤਰ੍ਹਾਂ ਦੇ ਸਵਾਲ ਉਠਦੇ ਹਨ ਕੇ ਇਹ "ਅਸੰਤ ਸਮਾਜ" ਹੈ ਕੌਣ ? ਇਸ ਦਾ ਵਜੂਦ ਕੀ ਹੈ? ਤੇ ਇਸ ਨੂੰ ਮਾਨਤਾ ਕਿਸਨੇ ਦਿਤੀ ਹੋਈ ਹੈ? ਇਸ ਦਾ ਮੁਖੀ ਕੌਣ ਹੈ ਤੇ ਇਸ ਦੀ ਪਿਠ ਤੇ ਹੱਥ ਕਿਸ ਦਾ ਹੈ? ਇਸ ਦਾ ਕੌਮ ਪ੍ਰਤੀ ਯੋਗਦਾਨ ਕੀ ਹੈ? ਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਕਾਬਿਜ ਬੁਰਛਾਗਰਦ ਇਸ ਦੀ ਸਲਾਹ ਲਏ ਬਗੈਰ ਇਕ ਕਦਮ ਪੁੱਟਣ ਤੋਂ ਵੀ ਸੰਕੋਚ ਕਿਉ ਕਰਦੇ ਹਨ? ਆਉ ਇਸ ਬਾਰੇ ਕੁਝ ਵੀਚਾਰ ਸਾਂਝੇ ਕਰੀਏ।

ਅਜ ਤੋਂ ਦਸ ਕੁ ਵਰਿਹੇ ਪਹਿਲਾ ਇਸ "ਅਸੰਤ ਸਮਾਜ" ਦਾ ਕੁਝ ਅਤਾ ਪਤਾ ਵੀ ਨਹੀਂ ਸੀ। ਇਹ ਉਸ ਵੇਲੇ ਅਚਾਨਕ ਪ੍ਰਗਟ ਹੋਇਆ, ਜਦੋਂ (ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਹੱਥ ਖੜੇ ਕਰ ਕੇ ਅਪਣੀ ਜਾਣ ਬਚਾਉਣ ਵਾਲਾ ਬੁਜਦਿਲ) ਕੇਸਾਧਾਰੀ ਬ੍ਰਾਹਮਣ ਆਗੂ ਅਪਣੇ ਪਰਿਵਾਰ ਲਈ ਕੌਮ ਦੀ ਬੋਲੀ ਲਾਅ ਰਿਹਾ ਸੀ। ਕੌਮ ਨੂੰ ਵੇਚਣ ਲਈ ਲਾਈ ਗਈ ਬੋਲੀ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ। ਜੇੜ੍ਹਾ ਬੋਲੀ ਸਬਤੋਂ ਵਧ ਲਾਂਉਦਾ ਉਸ ਦੇ ਹਥ ਕੌਮ ਨੂੰ ਵੇਚ ਦਿਤਾ ਜਾਂਣਾਂ ਸੀ। ਪੂਰੇ ਪੰਥ ਨੂੰ ਵੇਚਣ ਦੀ ਕੀਮਤ ਸੀ, ਸਿਰਫ "ਮੁਖ ਮੰਤਰੀ ਦੀ ਇਕ ਕੁਰਸੀ"। ਨਾਲ ਸ਼ਰਤ ਇਹ ਸੀ ਕੇ ਇਸ ਕੁਰਸੀ ਉਪਰ ਬੀ. ਜੇ. ਪੀ ਨਾਂ ਤੇ ਕੋਈ ਦਾਵਾ ਕਰੇਗੀ ਤੇ ਨਾਂ ਉਸ ਕੁਰਸੀ ਵਲ ਕਦੀ ਅੱਖ ਚੁਕ ਕੇ ਵੇਖੇਗੀ। ਆਖਿਰ ਕਾਰ ਹੋਇਆ ਵੀ ਉਹ ਹੀ ਜਿਸਦੀ ਉੱਮੀਦ ਕੀਤੀ ਜਾ ਰਹੀ ਸੀ। ਉਸ ਬੋਲੀ ਦਾ ਸਫਲ ਉਮੀਦਵਾਰ ਰਿਹਾ, ਆਰ.ਐਸ.ਐਸ. ਜਿਸ ਦੀ ਸਿਆਸੀ ਵਿੰਗ ਬੀ.ਜੇ. ਪੀ. ਨੇ ਕੌਮ ਨੂੰ ਕਾਲੀ ਦਲ ਦੇ ਮੁਖੀ ਦੇ ਹਥੋਂ ਖਰੀਦ ਲਿਆ। ਕਿਤੇ ਇਹ ਸਮਝਣਾਂ ਸਾਡੀ ਭੁਲ ਹੋਵੇਗੀ ਕੇ ਇਸ ਲਈ ਮੁਖ ਮੰਤਰੀ ਦੀ ਕੁਰਸੀ ਦੇ ਕੇ ਬੀ. ਜੇ. ਪੀ. ਨੇ ਕੋਈ ਘਾਟੇ ਦਾ ਸੌਦਾ ਕੀਤਾ।ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਣਾਂ। ਸਿੱਖ ਇਤਿਹਾਸ ਨੂੰ ਵਿਕ੍ਰਤ ਕਰਣਾਂ। "ਗੰਗੂ ਬ੍ਰਾਹਮਣ' ਦੀ ਸਾਖੀ ਨੂੰ ਰੱਦ ਕਰਵਾਂਣਾਂ।

ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰ ਕੇ ਦਸਮ ਪਿਤਾ ਨੂੰ ਅਸ਼ਲੀਲ ਰਚਨਾਵਾਂ ਲਿਖਣ ਵਾਲਾ ਤੇ ਦੇਵੀ ਦਾ ਉਪਾਸਕ ਸਿੱਧ ਕਰਨਾਂ। ਅਕਾਲ ਤਖਤ ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਕਰਵਾਂਣਾਂ। ਸਿੱਖ ਰਹਿਤ ਮਰਿਯਾਦਾ ਵਿਚ ਗੈਰ ਸਿਧਾਂਤਕ ਤਬਦੀਲੀਆਂ ਕਰਵਾਂਣਾਂ। ਸਿੱਖਾ ਨੂੰ ਹਿੰਦੂ ਸਮਾਜ ਦਾ ਇਕ ਅਨਿਖੜਵਾ ਅੰਗ ਬਣਾਂਉਣਾਂ ਅਤੇ "ਸਾਂਝੀਵਾਲਤਾ" ਦੇ ਨਾਮ ਤੇ ਸਿੱਖ ਕੌਮ ਦਾ "ਹਿੰਦੂਕਰਣ" ਕਰਨ ਦਾ ਇਸ ਤੋਂ ਸਸਤਾ ਤੇ ਆਸਾਨ ਮੌਕਾ ਆਰ .ਐਸ .ਐਸ ਨੂੰ ਹੋਰ ਕਦੋਂ ਮਿਲਨਾਂ ਸੀ। ਆਰ.ਐਸ ਐਸ ਨੂੰ ਸਿਆਸਤ ਦੇ ਸੁਖ ਦੇ ਨਾਲ ਨਾਲ ਸਿੱਖ ਕੌਮ ਨੂੰ ਨੇਸਤੇ ਨਾਬੂਦ ਕਰਨ ਵਾਸਤੇ ਇਕ "ਵਿੰਗ" ਦੀ ਜਰੂਰਤ ਸੀ, ਜੋ ਅਕਾਲ ਤਖਤ ਦੇ ਹੁਕਮਨਾਮਿਆ ਨੂੰ ਅਤੇ ਸਿੱਖ ਕੌਮ ਦੇ ਅਹਿਮ ਮਸਲਿਆ ਨੂੰ ਉਨਾਂ ਦੀ ਮਰਜੀ ਮੁਤਾਬਿਕ ਕੌਮ ਤੇ ਲਾਗੂ ਕਰਵਾ ਸਕੇ। ਉਸ ਵਿੰਗ ਦੇ ਬੰਦਿਆ ਦਾ ਸਰੂਪ ਤੇ ਬਾਣਾਂ ਪੂਰਨ ਸਿੱਖ ਦਾ ਹੋਵੇ ਲੇਕਿਨ ਉਸ ਦਾ ਅੰਦਰ ਸਿੱਖ ਵਿਰੋਧੀ ਤੇ ਕੱਟਰ ਹਿੰਦੂਵਾਦੀ ਭਾਵਨਾਂ ਨਾਲ ਭਰਿਆ ਹੋਵੇ।

ਕੁਲਬੀਰ ਸਿੰਘ ਕੌੜਾ ਨੇ ਅਪਣੀ ਕਿਤਾਬ " ਤੇ ਸਿੱਖ ਵੀ ਨਿਗਲਿਆ ਗਿਆ" ਵਿਚ ਲਿਖਿਆ ਹੈ -

"ਸਭ ਤੋਂ ਪਹਿਲਾਂ ਕੱਟੜ ਰੰਗ ਵਿਚ ਰੰਗੇ ਹੋਏ "ਕੌੜੇ ਤੁੰਮਿਆ"" ਨੂੰ ਬਾਣੀ ਰੂਪੀ ਇਸ਼ਨਾਨ ਕਰਵਾਏ ਗਏ। ਫੇਰ ਇਨਾਂ ਦਾ ਮੂੰਹ ਮਹਾਂਦਰਾ ਸਵਾਰ ਕੇ ਸਾਰੀਆਂ ਧਾਰਮਕ ਰਸਮਾਂ ਕਰਕੇ ਪੰਜਾਬ ਦੀ ਸਿੱਖ ਸੰਗਤ ਵਿੱਚ ਉਤਾਰਿਆ ਗਇਆ। ਕਿਉਂਕਿ ਬ੍ਰਾਹਮਣ ਨੂੰ ਪਤਾ ਸੀ ਕੇ ਦੁਸ਼ਮਣ ਬਣਕੇ ਤੇ ਕਿਸੇ ਨੂੰ ਅੰਮ੍ਰਿਤ ਵੀ ਨਹੀਂ ਪਿਆਇਆ ਜਾ ਸਕਦਾ, ਪਰ ਦੋਸਤ ਬਣਕੇ ਤੇ ਜਹਿਰ ਵੀ ਦਿਤਾ ਜਾ ਸਕਦਾ ਹੈ। ਇਕ ਪਾਸੇ ਉਨਾਂ ਨੂੰ ਦੀਕਸ਼ਤ ਕਰਨ ਵਾਲੇ ਪ੍ਰਸਨ ਹਨ, ਦੂਜੇ ਪਾਸੇ ਉਨਾਂ ਨੂੰ ਸਿੱਖ ਸੰਗਤ ਵਿਚ ਘੁਸਪੈਠ ਕਰਵਾਉਣ ਵਾਲੇ ਪ੍ਰਸਨ ਹਨ ਤੇ ਉਪਰ ਅਪਣੀ ਹੋਣੀ ਤੋਂ ਅਣਜਾਣ ਬੇਸਮਝ ਸਿੱਖ ਡਿਗਰ ਡਿਗਰ ਵੇਖੀ ਜਾਂਦੇ ਹਨ। ਹੁਣ ਜਦੋਂ ਉਨਾਂ ਤਿਆਰ ਬਰ ਤਿਆਰ ਬਾਣੀ ਦੇ ਬੋਹਿਥਾਂ ਨੇ ਪਿੰਡ ਪਿੰਡ ਭਾਰਤੀ ਜਨਤਾ ਪਾਰਟੀ ਦਾ ਪ੍ਰੋਗ੍ਰਾਮ ਪਹੁਚਾਣ ਲਈ ਕੰਮ ਸ਼ੁਰੂ ਕਰ ਦਿਤਾ ਹੈ ਤਾਂ, ਉਹ ਹੁਣ ਇੱਕਲੇ ਨਹੀਂ ਹਨ ਪਿੰਡ ਵਿਚ ਇਕ ਦੋ ਘਰ ਉਨਾਂ ਨਾਲ ਹਨ।ਉਨਾਂ ਨੂੰ ਅਹੁਦੇ ਦੇ ਦਿੱਤੇ ਗਏ ਹਨ। ਮੋਬਾਈਲ ਫੋਨ ਤੇ ਹੋਰ ਸਹੂਲਤਾਂ ਦੇ ਦਿੱਤੀਆਂ ਗਈਆਂ ਹਨ। ਆਪਣੇ ਹਮਾਇਤੀ ਬਣਾਂ ਕੇ ਉਨਾਂ ਨੂੰ ਪੰਜਾਬ ਦੇ ਪਿੰਡ ਪਿੰਡ ਤੇ ਘਰ ਘਰ ਪਹੂੰਚਣ ਲਈ ਚਾਬੀ ਦੇ ਦਿਤੀ ਗਈ ਹੈ।"

ਜਿਹੜੈ ਗੁਰੂ ਜੀ ਦੇ ਹੁਕਮ ਦੀ ਅਦੂਲੀ ਕਰਕੇ ਵਡਭਾਗ ਸਿੰਘ ਦੇ ਡੇਰੇ ਤੇ ਕਰਤਾਰਪੁਰ ਦੇ ਧੀਰਮਲੀਆਂ ਦੇ ਗੰਦੇ ਛਪੱੜ ਵਿਚ ਫੋੜੇ -ਫਿੰਸੀਆਂ ਲਈ ਇਸ਼ਨਾਨ ਕਰਨ ਜਾਂਦੇ ਸਨ ਤੇ ਮੀਣਿਆਂ ਨਾਲ ਸੰਬੰਧ ਰਖਣ ਵਾਲੇ ਸਿੱਖ ਸਨ,ਉਹ ਆਪਣੇ ਆਪ ਹੀ ਇਸ ਨਵੀ ਬਣੀ ਰਾਸ਼ਟ੍ਰੀਯ ਸਿੱਖ ਸੰਗਤ" ਦੀ ਟੋਲੀ ਨਾਲ ਟੁਰਨ ਲਗ ਪਏ ਹਨ............।

ਕਈ ਵਿਚਾਰੇ ਭੋਲੂ ਸਿੱਖ ਤਾਂ ਇਹ ਵੀ ਕਹਿ ਦੇਂਦੇ ਹਨ ਕੇ ਕੀ ਹੋਇਆ ਜੇ ਅੱਗੇ ਇਹ ਪੰਥ ਦੋਖੀ ਸਨ, ਹੁਣ ਤਾਂ ਸਿੱਖੀ ਦੀ ਸ਼ਰਣ ਵਿਚ ਆ ਹੀ ਗਏ ਹਨ,ਚੰਗੀ ਸੰਗਤ ਵਿਚ ਰਹਿ ਕੇ ਆਪ ਚੰਗੇ ਸਿੱਖ ਬਣ ਜਾਂਣਗੇ। ਇਨਾਂ ਚੱਵਲ ਸਿੱਖਾਂ ਨੂੰ ਕੋਈ ਇਹ ਪੁਛਣ ਵਾਲਾ ਨਹੀਂ ਕੀ ਗੰਗੂ ਬ੍ਰਾਹਮਣ ਸਤਿਗੁਰਾਂ ਦੀ ਚੰਗੀ ਸੰਗਤ ਵਿਚ ਨਹੀਂ ਸੀ ਰਿਹਾ?

ਰਾਸ਼ਟਰੀਯ ਸਿੱਖ ਸੰਗਤ ਜੋ ਸਿਰਫ ਸਿੱਖਾਂ ਨੂੰ ਹੜਪ ਕਰਨ ਲਈ ਬਣਾਈ ਗਈ ਸੰਸਥਾ ਹੈ ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ।.........ਅਕਾਲ ਤਖਤ ਦਾ ਸਰਕਾਰੀ ਜੱਥੇਦਾਰ, ਜਿਹੜਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਬਣਾਂਇਆ ਗਇਆ ਸੀ ਨੂੰ ਇਹ ਲਗਾ ਕੇ ਬੀਬੀ ਜਾਗੀਰ ਕੌਰ,ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਨਾਂ ਨੂੰ ਜਥੇਦਾਰੀ ਤੋਂ ਲਾਹ ਦੇਣਗੇ ਤਾਂ ਹਜੂਰ ਸਾਹਿਬ ਜਾ ਰਿਹਾ ਪੂਰਨ ਸਿੰਘ ਜਦੋਂ ਮੱਧ ਪ੍ਰਦੇਸ਼ ਦੇ ਗੁਨਾਂ ਕਸਬੇ ਵਿਚ ਪਹੰਚਿਆ ਤਾਂ ਉਸਨੇ ਉਥੋਂ ਇਕ ਪੀ ਸੀ ਉ ਤੋਂ ਇਕ ਫੇਕਸ ਭੇਜ ਕੇ ਬੀਬੀ ਨੂੰ ਪੰਥ ਵਿਚੋਂ ਛੇਕ ਦਿਤਾ।ਵੇਖਣ ਨੂੰ ਇਹ ਘਟਣਾਂ ਬਹੁਤ ਸਾਧਾਰਣ ਜਹੀ ਲਗਦੀ ਹੈ ਪਰ ਜੋ ਸਕੀਮ ਇਸ ਦੇ ਪਿਛੇ ਸੀ ਉਹ ਬਹੁਤ ਹੀ ਖਤਰਨਾਕ ਸੀ।

ਕੁਲਬੀਰ ਸਿੰਘ ਕੌੜਾ ਦੇ ਇਹ ਪਾਤਰ ਜਿਨਾਂ ਨੂੰ ਉਨਾਂ ਨੇ "ਕੌੜੇ ਤੁੰਮਿਆਂ" ਦਾ ਨਾਮ ਦਿਤਾ ਹੈ ,ਆਰ ਐਸ ਐਸ ਨੂੰ , ਇਹ "ਕੌੜੇ ਤੁੰਮੇ" ਪੰਜਾਬ ਤੋਂ ਵਧ ਹੋਰ ਕਿਥੇ ਇਨੀ ਵਡੀ ਗਿਣਤੀ ਵਿਚ ਮਿਲ ਸਕਦੇ ਸਨ ?ਹੁਣ ਤਾਂ ਆਰ ਐਸ ਐਸ ਨੂੰ ਅਪਣੇ ਸਿਆਸੀ ਤਾਕਤ ਅਤੇ ਸੱਤਾ ਦਾ ਸੁੱਖ ਵੀ ਪੰਜਾਬ ਦੇ ਅੰਦਰ ਮਿਲ ਚੁਕਾ ਸੀ। "ਹਾਥੀ ਕੇ ਪਾਂਵ ਮੇਂ ਸਭ ਕਾ ਪਾਂਵ" ਵਾਲੀ ਕਹਾਵਤ ਅਨੁਸਾਰ ਉਨਾਂ ਨੇ ਸਿੱਖਾਂ ਦੇ ਉਚ ਧਾਰਮਿਕ ਅਦਾਰਿਆ ਨੂੰ ਨਿਸ਼ਾਨਾਂ ਬਣਾਂਇਆ।ਉਨਾਂ ਨੇ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਹੋਰ ਉੱਚ ਅਦਾਰਿਆ ਵਿਚ ਅਪਣੇ ਕੇਸਾਧਾਰੀ ਬ੍ਰਾਹਮਣਾਂ ਦੀ ਘੁਸਪੈਠ ਸ਼ੁਰੂ ਕਰ ਦਿਤੀ। ਇਨਾਂ ਘੁਸਪੈਠੀਆਂ ਨੇ ਪੰਜਾਬ ਵਿਚ ਖੁੰਬਾਂ ਵਾਂਗ ਉਗੇ ਪੂੰਜੀਪਤੀ ਡੇਰੇ ਦਾਰ,ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਸਰਕਾਰੀ ਜਥੇਦਾਰ ਨੂੰ ਸਭ ਤੋਂ ਪਹਿਲਾਂ ਅਪਣੇ ਕਬਜੇ ਵਿਚ ਕੀਤਾ ਤੇ ਉਨਾਂ ਵਿਚ ਜੋ ਵੀ ਚੰਗੇ ਤੇ ਗੁਰਮਤਿ ਦੇ ਧਾਰਣੀ ਸਿੱਖ ਸਨ ਉਨਾਂ ਨੂੰ ਹੌਲੀ ਹੌਲੀ, ਅਪਣੀ ਸਿਆਸੀ ਤਾਕਤ ਵਰਤ ਕੇ ਉਨਾਂ ਨੂੰ ਹਟਾ ਕੇ ਅਪਣੇ "ਕੱਟੜ ਰੰਗ ਵਿਚ ਰੰਗੇ, ਕੌੜੇ ਤੁਮਿਆ" ਦੀ ਤਾਜ ਪੋਸ਼ੀ ਇਨਾਂ ਉੱਚ ਅਦਾਰਿਆਂ ਤੇ ਕਰ ਦਿਤੀ। ਦਮਦਮੀ ਟਕਸਾਲ ਦਾ ਮੁਖੀ ਤੇ ਹੋਰ ਗੁਰੂ ਸਿਧਾਂਤਾਂ ਦਾ ਨਿਤ ਮਖੌਲ ਉੜਾਉਨ ਵਾਲੇ ਪੰਜਾਬ ਦੇ ਡੇਰੇ ਦਾਰ ਅਤੇ ਭੰਗ ਪੋਸਤ ਖਾ ਖਾ ਕੇ ਅਪਣੀ ਮਤਿ ਗਵਾ ਚੁਕੇ, ਧਰਮ ਸਿੰਘ ਨਿਹੰਗ ਤੇ ਦਲਜੀਤ ਸਿੰਘ ਨਿਰਮਲਾ ਵਰਗੇ ਲੋਕ ਆਰ.ਐਸ. ਐਸ ਬਣਾਏ ਉਹ ਕੌੜੇ ਤੁੰਮੇ ਹੀ ਹਨ ਜਿਨਾਂ ਨੂੰ ਕੇਸਾਧਾਰੀ ਵੇਸ਼ ਵਿਚ ਸਾਡੀ ਕੌਮ ਵਿਚ ਵਾੜ ਦਿਤਾ ਗਇਆ ਹੈ।

ਵੇਖੋ ਦਿਤੇ ਲਿੰਕ ਦੀ ਵੀਡੀਉ http://blip.tv/muffin/daljit-singh-nirmala-4209365  

ਇਹੋ ਜਹੇ ਅਣਗਿਣਤ ਬੰਦੇ ਜੋ ਹਿੰਦੂ ਹਨ ਸਿੱਖੀ ਸਰੂਪ ਵਿਚ ਤਿਆਰ ਕਰਕੇ ਸਾਡੇ ਧਾਰਮਿਕ ਅਦਾਰਿਆ ਵਿਚ ਘੁਸਪੈਠ ਕਰ ਕੇ ਸਿੱਖੀ ਨੂੰ ਬਰਬਾਦ ਕਰ ਰਹੇ ਹਨ।ਇਨਾਂ "ਕੌੜੇ ਤੂੰਮਿਆ" ਦਾ ਇਕੱਠ ਹੀ "ਅਸੰਤ ਸਮਾਜ" ਅਖਵਾਂਦਾ ਹੈ।

ਪਿਛਲੇ ਦਸਾਂ ਸਾਲਾਂ ਵਿਚ ਅਕਾਲ ਤਖਤ ਦਾ ਸ਼ਰੀਕ ਇਕ ਦੂਜਾ ਅਕਾਲ ਤਖਤ ਸਿਰਜ ਦਿਤਾ ਗਇਆ ਜਿਸਨੂੰ "ਸਕੱਤਰੇਤ" ਨਾਮ ਦੇ ਦਿਤਾ ਗਇਆ ਕਿਉਂਕਿ ਆਰ ਐਸ ਐਸ ਦੇ ਇਨਾਂ ਟਾਉਟਾਂ ਦੀ ਬੈਠਕ ਵਿਚ ਕਈ ਇਹੋ ਜਹੇ ਪੰਥ ਵਿਰੋਧੀ ਫੈਸਲੇ ਲਏ ਜਾਂਣੇ ਹੂੰਦੇ ਸਨ ਜਿਨਾਂ ਦੀ ਭਣਕ ਵੀ ਸਾਧ ਸੰਗਤ ਨੂੰ ਨਹੀਂ ਲਗਣੀ ਚਾਹੀਦੀ ਸੀ। ਇਸ ਕਮਰੇ ਵਿਚ ਤੇ ਕੋਈ ਸੰਗਤ ਦਾ ਬੰਦਾ ਫਟਕ ਵੀ ਨਹੀਂ ਸੀ ਸਕਦਾ। ਇਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੁੰਦਾ। ਕੌਮ ਦੇ ਸਵੈਮਾਨ ਤੇ ਅਜਾਦ ਹਸਤੀ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰ ਦਿਤਾ ਗਇਆ,ਜੋ ਆਰ ਐਸ ਐਸ ਦੀ ਅੱਖ ਵਿਚ ਸਬਤੋਂ ਵਧ ਰਿੜਕ ਰਿਹਾ ਸੀ। ਕੌਮ ਦਾ ਮਹਾਨ ਪ੍ਰਚਾਰਕ ਤੇ ਪੰਥ ਦਰਦੀ ਪ੍ਰੋਫੇਸਰ ਦਰਸ਼ਨ ਸਿੰਘ (ਜੋ "ਸੱਚੁ ਸੁਣਾਇਸੀ ਸਚ ਕੀ ਬੇਲਾ" ਦੇ ਸਿਧਾਂਤ ਤੇ ਤੁਰ ਕੇ ਪ੍ਰਚਾਰ ਕਰ ਰਹੇ ਸੀ ਤੇ ਆਰ ਐਸ ਐਸ ਅਤੇ ਬ੍ਰਾਹਮਣਵਾਦ ਦੇ ਖਤਰਿਆਂ ਤੇ ਕੌਮ ਨੂੰ ਸੁਚੇਤ ਕਰ ਰਹੇ ਸੀ) ਨੂੰ ਬਿਨਾਂ ਕਿਸੇ ਸੁਣਵਾਈ ਦੇ ਇਨਾਂ ਸਰਕਾਰੀ ਬੁਰਛਾਗਰਦਾਂ ਨੇ ਪੰਥ ਤੋਂ ਛੇਕ ਦਿਤਾ। ਹੁਣ ਸਿੱਖ ਰਹਿਤ ਮਰਿਯਾਦਾ ਨੂੰ ਸੋਧਨ ਦੀਆਂ ਤਿਆਰੀਆਂ ਹੋ ਹੀ ਰਹੀਆਂ ਸਨ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ।

ਖਾਲਸਾ ਜੀ! ਕਾਲੀ ਦਲ ਤੇ ਅਸੰਤ ਸਮਾਜ ਦਾ ਇਹ ਗਠਜੋੜ ਜੇ ਆਉਣ ਵਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਾਮਯਾਬ ਹੋ ਗਇਆਂ ਤੇ ਸਿੱਖ ਕੌਮ ਨੇ 100 ਵਰ੍ਹੇ ਹੋਰ ਪਿਛੇ ਚਲੇ ਜਾਂਣਾਂ ਹੈ ਤੇ ਹੋ ਸਕਦਾ ਹੈ ਆਉਣ ਵਾਲਾ ਸਮਾਂ ਕੌਮ ਦੇ ਸਭਤੋਂ ਵੱਡੇ ਨਿਘਾਰ ਦਾ ਇਕ ਅਹਿਮ ਕਾਰਣ ਬਣ ਜਾਏ। ਇਸੇ ਗਠਜੋੜ ਨੇ ਸ਼੍ਰੋਮਣੀ ਕਮੇਟੀ ਤੇ ਕਾਬਿਜ ਹੋ ਜਾਂਣਾਂ ਹੈ, ਇਸ ਦੀ ਬਹੁਤੀ ਉੱਮੀਦ ਹੈ ਕਿਉਂਕਿ ਮੌਜੂਦਾ ਹਾਲਾਤ ਇਹੀ ਦਰਸਾ ਰਹੇ ਨੇ।ਸਾਰੀਆਂ ਫਰਜੀ ਵੋਟਾਂ ਤੇ ਸਾਰਾ ਸਿਆਸੀ ਅਮਲਾ ਇਨਾਂ ਨੂੰ ਜਿਤਾਂਉਣ ਵਿਚ ਮਦਦ ਕਰੇਗਾ। ਚੋਣ ਅਫਸਰਾਂ ਦੀ ਭੂਮਿਕਾ ਵੀ ਸ਼ਕੀ ਹੈ।ਸ਼ਰਾਬਾਂ ਦੀਆਂ ਬੋਤਲਾਂ ਦੇ ਬਦਲੇ ਵੋਟ ਪੈਣਗੇ, ਤੇ ਉਹ ਸ਼ਰਾਬੀ ਸਾਡੀ ਕੌਮ ਦੇ ਅਹਿਮ ਫੈਸਲੇ ਕਰਣਗੇ ਜੋ ਇਨਾਂ ਦੇ ਬ੍ਰਾਹਮਣਵਾਦੀ ਭਾਈਵਾਲ ਚਾਂਉਦੇ ਹਨ।

ਖਾਲਸਾ ਜੀ! ਸ਼ਾਇਦ ਇਹ ਗਲ ਤੁਹਾਨੂੰ ਨੇਗੇਟਿਵ ਵਿਚਾਰ ਧਾਰਾ ਦੀ ਕੋਈ ਡਿਪ੍ਰੇਸ਼ਨ ਵਿਚ ਕਹੀ ਗਲ ਭਲੇ ਹੀ ਲਗ ਰਹੀ ਹੋਵੇ ਪਰ ਆਸਾਰ ਇਹੋ ਜਹੇ ਹੀ ਬਣ ਰਹੇ ਨੇ। ਕੌਮ ਵਿਚ ਚੇਤਨਾਂ ਲਿਆਣ ਵਾਲੀਆਂ ਧਿਰਾਂ ਤੇ ਸ਼ਖਸ਼ਿਆਤਾਂ ਵਿਚ ਏਕਾ ਤਾਂ ਦੂਰ ਦੀ ਗਲ ਉਹ ਹਲੀ ਤਕ ਇਕ ਦੂਜੇ ਦੀਆਂ ਟੰਗਾਂ ਖਿਚਣ ਵਿਚ ਲਗੇ ਹੋਏ ਨੇ। ਜਾਗਰੂਕ ਸਿਆਸੀ ਧਿਰਾਂ ਵਿਚ ਕੋਈ ਕਾਮਯਾਬ ਗਠਜੋੜ ਨਹੀਂ ਹੋ ਸਕਿਆ ਹੈ।ਕਿਸੇ ਵੀ ਕੌਮ ਵਿਚ ਕ੍ਰਾਂਤੀ ਲਿਉਣ ਦੀ ਜਿਮੇਵਾਰੀ "ਜਾਗਰੂਕ ਤੇ ਵਿਦਵਾਨ ਸ਼ਖਸ਼ਿਯਤਾਂ " ਦੀ ਹੂੰਦੀ ਹੈ। ਇਨਾਂ ਨੂੰ ਹਲੀ ਵੇਹਲ ਨਹੀਂ ਕੇ ਉਹ ਕੌਮ ਦੀ ਡੁਬਦੀ ਬੇੜੀ ਦੀ ਇਸ ਦਸ਼ਾ ਬਾਰੇ ਵੀਚਾਰ ਕਰਨ ਜਾਂ ਇਸ ਬਾਰੇ ਕੁਝ ਸੋਚਣ ਜਾਂ ਲਿਖਣ। ਹੱਲੀ ਤਾਂ ਉਹ ਅਪਣੇ "ਸ਼ਬਦ ਗੁਰੂ ਦੇ ਸਰੂਪ ਦੀ ਪ੍ਰਮਾਣਿਕਤਾ" ਬਾਰੇ ਚਰਚਾ ਵਿਚ ਰੁਝੇ ਹੋਏ ਨੇ।ਅਕਾਲ ਤਖਤ ਦੇ ਪਵਿਤਰ ਸਿਧਾਂਤ ਤੋਂ ਕੌਮ ਨੂੰ ਖਹਿੜਾ ਛੁੜਾ ਲੈਣ ਦੇ ਹਲੂਣੇ ਦੇ ਰਹੇ ਨੇ। ਕੋਈ ਨਹੀਂ ਖਾਲਸਾ ਜੀ! ਇਨਾਂ ਡਾਕਟਰਾਂ ਤੇ ਵਿਦਵਾਨਾਂ ਨੂੰ ਐਸੇ ਹਲੂਣੇ ਦੇਣ ਦੀ ਕੋਈ ਲੋੜ ਹੀ ਨਹੀਂ ਪੈਣੀ , ਇਹ ਕੰਮ ਤੇ ਸਾਰੇ ਆਪਣੇ ਆਪ ਹੀ ਹੋ ਜਾਂਣੇ ਨੇ, ਜੇ ਇਹ ਗਠਜੋੜ ਸ਼੍ਰੋਮਣੀ ਕਮੇਟੀ ਤੇ ਕਾਬਿਜ ਹੋ ਗਇਆ। ਹਿੰਦੂਵਾਦੀ ਤਾਕਤਾਂ ਦੇ ਨਾਪਾਕ ਮਨਸੂਬੇ ਆਪੇ ਹੀ ਪੂਰੇ ਹੋ ਜਾਂਣੇ ਨੇ। ਹੋ ਸਕਦਾ ਹੈ ਉਸ ਵੇਲੇ ਤਕ ਸਾਡੇ ਡਾਕਟਰ, ਯੁਨੀਵਰਸਿਟੀ ਦੇ ਪ੍ਰੋਫੇਸਰ, ਜਾਗਰੂਕ ਧਿਰਾਂ ਅਤੇ ਅਖੌਤੀ ਵਿਦਵਾਨ ਕੋਈ ਇਹੋ ਜਿਹਾ ਫੇਸਲਾ ਵੀ ਕਰ ਚੁਕੇ ਹੋਣਗੇ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਸਾਡਾ ਸ਼ਬਦ ਗੁਰੂ ਹੀ ਨਹੀਂ ਹੈ ਕਿਉਂਕਿ ਇਸ ਦੀ ਅਸਲੀ ਬੀੜ ਤੇ ਗੁਆਚ ਚੁਕੀ ਹੈ। ਆਰ.ਐਸ.ਐਸ ਲਈ ਇਨਾਂ ਦਾ ਇਹ "ਗਿਆਨ ਤੇ ਖੋਜ", ਸੋਨੇ ਤੇ ਸੁਹਾਗੇ ਵਰਗੀ ਮੁਫੀਦ ਸਾਬਿਤ ਹੋਵੇਗੀ। ਕੌਮ ਦੇ ਅਖੋਤੀ ਵਿਦਵਾਨੋਂ! ਤੁਸੀ ਰੁਝੇ ਰਹੋ , ਇਸ ਪਰੋਜੇਕਟ ਵਿਚ, ਕੌਮ ਦੀ ਬੇੜੀ ਡੁਬਦੀ ਹੈ ਤੇ ਡੁਬ ਜਾਣ ਦਿਉ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top