Share on Facebook

Main News Page

ਗਰੁੜ ਪੁਰਾਣ ਦੀ ਕਥਾ

ਬ੍ਰਾਹਮਣ ਜੀ ਨੇ ਮਨੁੱਖਤਾ ਨੂੰ ਸਦੀਆਂ ਤੋਂ ਕਿਵੇਂ ਲੁੱਟਿਆ ਤੇ ਕਿਵੇਂ ਨਰਕਾਂ ਜਮਦੂਤਾਂ ਦੇ ਡਰਾਵੇ ਦੇ ਦੇ ਮਨੁੱਖਤਾ ਨੂੰ ਅੰਧੇਰੇ ਖੂਹ ਵਿਚ ਸੁੱਟੀ ਰੱਖਿਆ, ਇਸ ਗੱਲ ਦੀ ਪ੍ਰੋੜਤਾ ਕਰਦਾ ਇਹ ਸਾਡਾ ਅੱਜ ਦਾ ਵਿਸ਼ਾ ਹੈ ਜਿਸ ਵਿਚ ਬਹੁਤਾ ਕੁਝ ਅਸੀਂ ਕੋਲੋਂ ਨਹੀ ਕਿਹਾ ਬਲਕਿ ਬ੍ਰਾਹਮਣ ਦੇ ਅਪਣੇ ਹੀ ‘ਧਾਰਮਿਕ ਗਰੰਥ’ ਗਰੁੜ ਪੁਰਾਣ ਵਿਚੋਂ ਲਇਆ ਗਿਆ ਹੈ ਜਿਸਦਾ ਹਿੰਦੂ ਭਰਾਵਾਂ ਵਿੱਚ ਮਰਗ ਵੇਲੇ ਪੜਨਾ ਜਰੂਰੀ ਹੈ। ਇਥੇ ਸਮੁੱਚੀ ਮੱਨੁਖਤਾ ਤੋਂ ਬਿਨਾ ਖਾਸ ਕਰ ਹਿੰਦੂ ਭਰਾਵਾਂ ਲਈ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਵਧੇਰੇ ਹੈ ਕਿ ਉਨ੍ਹਾਂ ਦੇ ਵੱਡ ਵਡੇਰਿਆਂ ਅਤੇ ਹੁਣ ਉਨ੍ਹਾਂ ਦੇ ਸਿਰਾਂ ਤੇ ਬ੍ਹ੍ਰਮਾਣ ਕਿਵੇਂ ਚੰਮ ਦੀਆਂ ਚਲਾਉਂਦਾ ਹੋਇਆ ਉਨ੍ਹਾ ਦੀ ਖੁੱਲ੍ਹੇ ਦਿੱਲ ਲੁੱਟ ਕਰਦਾ ਰਿਹਾ ਹੈ। ਸਿਆਣੇ ਆਂਹਦੇ ਕਿ ਢਾਈ ਘਰ ਤਾਂ ਡੈਣ ਵੀ ਛੱਡ ਲੈਂਦੀ ਇਸੇ ਤਰ੍ਹਾ ਕਿਸੇ ਮੌਕੇ ਤਾਂ ਕੋਈ ਗਿਆ ਗੁਜਰਿਆ ਵੀ ਲੁੱਟ ਮਾਰ ਤੋਂ ਸੰਕੋਚ ਕਰ ਲੈਂਦਾ ਪਰ ਬ੍ਰਾਹਮਣ ਜੀ ਮਹਾਰਾਜ ਮਰਗ ਵੇਲੇ ਬਿੱਲੇ ਵਾਂਗ ਲੁੱਡੂ, ਮਾਲ੍ਹ ਪੂੜਿਆਂ, ਮਠਿਆਈਆਂ, ਘਿਉ-ਸ਼ਹਿਦ ਉਪਰ ਮੁੱਛਾਂ ਸਵਾਰ ਰਿਹਾ ਨਜਰ ਆ ਰਿਹਾ ਹੈ। ਇਹ ਉਸ ਦੀਆਂ ਅਪਣੀਆਂ ਲਿੱਖਤਾਂ ਵਿਚੋਂ ਸਾਬਤ ਹੁੰਦਾ ਹੈ। ਉਸ ਦੀ ਇਹ ਸ਼ੈਤਾਨੀ ਹਮੇਸ਼ਾਂ ਰਹੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਅਪਣੇ ਤੇ ਨਹੀ ਲੈਂਦਾ ਬਲਿਕ ਕਿਸੇ ਦੇਵਤੇ ਦੇ ਮੂੰਹ ਵਿੱਚ ਪਾ ਕੇ ਗੱਲ ਕਰਦਾ ਹੈ ਤਾਂ ਕਿ ਉਸ ਦੇ ਝੂਠ ਨੂੰ ਯਕੀਨਨ ਬਣਾਇਆ ਜਾ ਸਕੇ।

ਅਸੀਂ ਬ੍ਰਾਹਮਣ ਜਾਂ ਉਸ ਦੇ ਝੂਠਾਂ ਤੋਂ ਕੁਝ ਨਹੀ ਲੈਣਾ ਦੇਣਾ ਉਸ ਦਾ ਤਾਂ ਇਹ ਧੰਦਾ ਹੈ ਕਿ ਲੁਕਾਈ ਨੂੰ ਡਰਾ ਕੇ ਲੁੱਟ ਮਾਰ ਕਰਨੀ ਪਰ ਸਾਡਾ ਮੱਕਸਦ ਹੈ ਕਿ ਸਿੱਖਾਂ ਦੇ ਨਾਲ ਹਿੰਦੂ ਭਰਾ ਵੀ ਅੱਖਾਂ ਖੋਲ੍ਹ ਕੇ ਬ੍ਰਾਹਮਣ ਨੂੰ ਅੱਜ ਗੌਰ ਨਾਲ ਪੜਨ ਤੇ ਸਮਝਣ ਕਿ ਉਨ੍ਹਾ ਕੀ 21ਵੀਂ ਸਦੀ ਵਿਚ ਵੀ ਹਨੇਰਾ ਹੀ ਢੋਣਾ ਹੈ ਜਾਂ ਬ੍ਰਾਹਮਣ ਦੇ ਨਰਕਾਂ, ਜਮਦੂਤਾਂ ਜਾਂ ਵੈਤਰਣੀ ਨਦੀਆਂ ਦੇ ਖੌਫ ਤੋਂ ਨਿਕਲ ਕੇ ਇਸ ਧਰਤੀ ਉਪਰਲੀ ਮਨੁੱਖ ਦੀ ਸਰਦਾਰੀ ਨੂੰ ਸਮਝ ਕੇ ਇਸ ਨੂੰ ਸਵਰਗ ਵਿਚ ਬਦਲਣਾ ਹੈ। ਪਹਿਲੇ ਪਹਿਰੇ ਵਿੱਚ ਪੇਸ਼ ਹੈ ਬ੍ਰਾਹਮਣ ਜੀ ਦੇ ਮਨੁੱਖ ਨੂੰ ਡਰਾਵੇ ਤੇ ਇਨ੍ਹਾਂ ਡਰਾਵਿਆਂ ਤੋਂ ਅੱਗਲਾ ਮੱਕਸਦ ਸਾਫ ਲੁੱਟ ਦਿੱਸ ਰਿਹਾ ਹੈ ਲਓ ਸੁਣੋ ਬ੍ਰਾਹਮਣ ਜੀ ਦੀ ਕਥਾ।

“ਰਸਤੇ ਵਿਚ ਠੰਡੀ ਸੀਤ ਹਵਾ ਨਾਲ ਦੁਖੀ ਹੋਇਆ ਜੀਵ ਕਿਤੇ ਕੰਡਿਆਂ ਨਾਲ ਵਿੰਨਿਆਂ ਜਾਂਦਾ ਹੈ, ਕਿਤੇ ਉਸਨੂੰ ਸੱਪ ਡੱਸਦੇ ਹਨ, ਕਿਤੇ ਅੱਗ ਵਿਚ ਸੜਦਾ ਹੈ, ਕਿਤੇ ਉਸਨੂੰ ਬਿੱਛੂ ਡੰਗ ਮਾਰਦੇ ਹਨ। ਇਸ ਤੋਂ ਪਿੱਛੋਂ ਬੜਾ ਭਿਆਨਕ ਅਸਿਪ੍ਰਤ ਬਨ ਆ ਜਾਂਦਾ ਹੈ ਜਿਸ ਦਾ ਵਿਸਥਾਰ ਦੋ ਹਜਾਰ ਯੋਯਨ ਦਾ ਹੈ। ਉਸ ਬਨ ਵਿਚ ਕਾਂ, ਉੱਲੂ, ਇੱਲਾਂ, ਮੱਧੁਮੱਖੀਆਂ ਮੱਛਰਾਂ ਦਾ ਕੋਈ ਅੰਤ ਸ਼ੁਮਾਰ ਨਹੀ। ਦਾਵਾ ਅਗਨੀ ਲੱਗੀ ਹੋਈ ਹੈ। ਤਲਵਾਰ ਵਰਗੇ ਤਿੱਖੀ ਧਾਰ ਵਾਲੇ ਪੱਤਰਾਂ ਨਾਲ ਪਾਪੀ ਪੁਰਸ਼ਾਂ ਦੇ ਸਰੀਰ ਛੱਲਣੀ-ਛੱਲਣੀ ਹੋ ਜਾਂਦੇ ਹਨ। ਰਸਤੇ ਵਿਚ ਕਿਤੇ ਅੰਨੇ ਖੂਹ ਵਿਚ ਡਿੱਗਣਾਂ ਪੈਂਦਾ ਹੈ ਤੇ ਕਿਤੇ ਪਹਾੜਾਂ ਨਾਲ ਟੱਕਰਾਂ ਲੱਗਦੀਆਂ ਹਨ। ਕਿਤੇ ਛੁਰੇ ਦੀ ਧਾਰ ਵਰਗੇ ਤਿੱਖੇ ਕਿੱਲਾਂ ਉਪਰ ਤੁਰਨਾ ਪੈਂਦਾ ਹੈ। ਕਿਤੇ ਡੂੰਘੇ ਟੋਏ ਵਿਚ ਡਿੱਗਣਾ ਪੈਂਦਾ ਹੈ, ਕਿਤੇ ਜੋਕਾਂ ਨਾਲ ਭਰੇ ਚਿੱਕੜ ਵਿਚ ਤੁਰਨਾ ਪੈਂਦਾ ਹੈ, ਕਿਤੇ ਤੱਪੀ ਹੋਈ ਰੇਤ ਪਰ, ਕਿਤੇ ਤੱਪੇ ਹੋਏ ਤਾਂਬੇ ਦੇ ਪੱਤਰਿਆਂ ਪਰ, ਕਿਤੇ ਧੂੰਏ ਨਾਲ ਭਰੇ ਰਸਤੇ ਵਿਚ ਅੱਗ ਦੇ ਅੰਗਿਆਰਾਂ ਉਪਰ ਚਲਣਾ ਪੈਂਦਾ ਹੈ। ਉਸ ਰਸਤੇ ਵਿਚ ਕਿਤੇ ਅੰਗਿਆਰ ਵਰਸਦੇ ਹਨ, ਕਿਤੇ ਪੱਥਰ, ਲਹੂ ਤੇ ਸ਼ਸਤ੍ਰਾਂ ਦੀ ਵਰਖਾ ਹੁੰਦੀ ਹੈ, ਕਿਤੇ ਗਰਮ ਪਾਣੀ ਵ੍ਹਰਦਾ ਹੈ ਤੇ ਕਿਤੇ ਚਿੱਕੜ ਦੀ ਬਾਰਸ਼ ਹੁੰਦੀ ਹੈ। ਕਿਤੇ ਰਸਤਾ ਨੀਵਾਂ ਹੈ ਤੇ ਕਿਤੇ ਪਹਾੜਾਂ ਤੇ ਚ੍ਹੜਨਾ ਪੈਂਦਾ ਹੈ। ਕਿਤੇ ਬੜੀਆਂ ਹਨੇਰੀਆਂ ਗੁਫਾ ਵਿਚੋਂ ਲੰਘਣਾ ਪੈਂਦਾ ਹੈ ਤੇ ਕਿਤੇ ਬੜੇ ਕਸ਼ਟ ਨਾਲ ਪਹਾੜੀਆਂ ਤੇ ਚੜ੍ਹਨਾ ਪੈਂਦਾ ਹੈ। ਕਿਤੇ ਪਾਕ, ਲਹੂ ਤੇ ਵਿਸ਼ਟਾ ਦੇ ਨਾਲ ਭਰੇ ਕੁੰਡ ਵਿਚ ਡਿੱਗਦਾ ਹੈ। ਇਸ ਰਸਤੇ ਵਿਚ ਅਤਿਅੰਤ ਡਰਾਉਂਣੀ ਵੈਤਰਣੀ ਨਦੀ ਆਉਂਦੀ ਹੈ। ਉਹ ਵੇਖਣ ਵਿਚ ਹੀ ਡਰਉਂਣੀ ਨਹੀ ਸਗੋਂ ਸੁਣਨ ਵਿਚ ਵੀ ਬੜੀ ਡਰਉਂਣੀ ਹੈ। ਇਹ ਨਦੀ ਚਾਰ ਸੌ ਕੋਹ ਚੌੜੀ ਹੈ। ਉਸ ਵਿਚ ਪਾਕ ਤੇ ਲਹੂ ਵੱਗਦਾ ਹੈ। ਉਸ ਦੇ ਕੰਡੇ ਹੱਡੀਆਂ ਦੇ ਬਣੇ ਹੋਏ ਹਨ। ਉਸ ਵਿਚ ਮਾਸ ਤੇ ਲਹੂ ਦਾ ਚਿੱਕੜ ਭਰਿਆ ਹੋਇਆ ਹੈ। ਪਾਪੀਆਂ ਲਈ ਉਸ ਨੂੰ ਪਾਰ ਕਰਨਾ ਬਹੁਤ ਕਠਨ ਹੈ। ਉਸ ਵਿਚ ਬੇਅੰਤ ਮੱਗਰਮੱਛ, ਇੱਲਾਂ ਤੇ ਡਰਾਉਂਣੇ ਜੀਵ ਹਨ। ਉਹ ਨਦੀ ਅਪਣੇ ਨੇੜੇ ਆਏ ਪਾਪੀ ਨੂੰ ਦੇਖਕੇ ਉਬਲਦੀ ਹੈ ਜਿਸ ਤਰ੍ਹਾਂ ਕੜਾਹੀ ਵਿਚ ਘਿਉ ਉਬਲਦਾ ਹੈ। ਉਹ ਨਦੀ ਸੂਈ ਵਰਗੇ ਮੂੰਹਾਂ ਵਾਲੇ ਕੀੜਿਆਂ ਨਾਲ ਭਰੀ ਹੋਈ ਹੈ ਤੇ ਬੱਜਰ ਸਾਨ ਚੁੰਜਾਂ ਵਾਲੇ ਗਿੱਧਾਂ, ਕਾਵਾਂ, ਮੱਗਰਮੱਛਾਂ, ਜੋਕਾਂ, ਕੱਛੂਆਂ ਤੇ ਮਾਸਾਹਾਰੀ ਜੀਵਾਂ ਨਾਲ ਭਰੀ ਹੋਈ ਹੈ। ਉਸ ਨਦੀ ਵਿਚ ਪਏ ਜੀਵ ਹਾਇ ਹਾਇ ਕਰਦੇ ਹਨ। ਉਨ੍ਹਾਂ ਨੂੰ ਜਦ ਪਿਆਸ ਲੱਗਦੀ ਹੈ ਤਾਂ ਉਨ੍ਹਾਂ ਨੂੰ ਪੀਣ ਨੂੰ ਲਹੂ ਦਿੱਤਾ ਜਾਂਦਾ ਹੈ। ਉਸ ਨਦੀ ਵਿਚ ਬਹੁਤ ਸਾਰੇ ਸੱਪ ਅਤੇ ਬਿੱਛੂ ਹੁੰਦੇ ਹਨ ਉਨ੍ਹਾਂ ਤੋਂ ਬੱਚਣ ਦਾ ਕੋਈ ਉਪਾਅ ਨਹੀ ਹੁੰਦਾ। ਉਹ ਨਦੀ ਪਾਪੀਆਂ ਨੂੰ ਡੋਬਣ ਲਈ ਹੀ ਬਣਾਈ ਹੈ। ਉਸਦਾ ਕੋਈ ਕੰਢਾ ਨਹੀ। ਉਹ ਬਹੁਤ ਭਿਆਨਕ ਹੈ, ਉਸ ਨੂੰ ਪਾਰ ਨਹੀ ਕੀਤਾ ਜਾ ਸਕਦਾ।

ਜਮਦੂਤ ਕਿਸੇ ਨੂੰ ਫਾਂਸੀ ਵਿਚ ਬੰਨਕੇ ਤੇ ਕਿਸੇ ਨੂੰ ਰੱਸੀ ਪਾ ਕੇ ਤੇ ਕਿਸੇ ਨੂੰ ਕਾਲ ਦੀ ਫਾਹੀ ਪਾ ਵਿਚ ਬੰਨਕੇ ਖਿੱਚੀ ਲਈ ਜਾਂਦੇ ਹਨ।ਕਿਸੇ ਨੂੰ ਕਾਂ ਦੀ ਚੁੰਜ ਨਾਲ ਘਸੀਟਦੇ ਹਨ, ਕਿਸੇ ਨੂੰ ਡੰਡਿਆਂ ਨਾਲ ਮਾਰਦੇ ਹਨ। ਇਸ ਮਾਰ ਨਾਲ ਉਂਨ੍ਹਾ ਦੇ ਮੂੰਹ ਵਿਚੋਂ ਲਹੂ ਵਗਦਾ ਹੈ ਤੇ ਉਸੇ ਲਹੂ ਨੂੰ ਉਹ ਪੀਂਦੇ ਹਨ”।

ਇਹ ਬ੍ਰਾਹਮਣ ਜੀ ਕ੍ਰਿਪਾ ਰਹੀ ਮਨੁੱਖਤਾ ਉਪਰ ਤੇ ਜਿਹੜੀ ਹੁਣ ਵੀ ਸ਼ਰਾਧਾਂ ਵੇਲੇ ਦੇਖੀ ਜਾ ਸਕਦੀ ਹੈ। ਪਰ ਇਸ ਉਪਰ ਦੱਸੀ ਗਈ ਭਿਆਨਕ ਨਦੀ ਵਿੱਚ ਜਾਂਦਾ ਕੌਣ ਹੈ ਇਹ ਵੀ ਸੁਣੋ।

“ਜਿਹੜੇ ਪੁਰਸ਼ ਬਰਹਾਮਣ ਨੂੰ ਦਾਨ ਦੇਣਾ ਕਹਿ ਮੁੱਕਰ ਜਾਂਦੇ ਹਨ ਤੇ ਜਿਹੜੇ ਉਨ੍ਹਾਂ ਨੂੰ ਬੁਲਾ ਕੇ ਫਿਰ ਇਨਕਾਰ ਦਿੰਦੇ ਹਨ। ਉਹ ਜੀਵ ਵੈਤਰਣੀ ਨਦੀ ਵਿਚ ਰਹਿੰਦੇ ਹਨ। ਜੋ ਸ਼ੂਦਰ ਹੋ ਕੇ ਵੇਦਾਂ ਨੂੰ ਪੜ੍ਹਦਾ ਹੈ, ਕਪਿਲਾ ਗਊ ਦਾ ਦੁੱਧ ਪੀਂਦਾ ਹੈ, ਜੰਝੂ ਧਾਰਨ ਕਰਦਾ ਹੈ ਤੇ ਬ੍ਰਹਾਮਣੀ ਨੂੰ ਅਪਣੀ ਪਤਨੀ ਬਣਾਉਂਦਾ ਹੈ ਉਹ ਸ਼ੂਦਰ ਵੀ ਵੈਤਰਣੀ ਨਦੀ ਵਿਚ ਪਾਇਆ ਜਾਂਦਾ ਹੈ! ਜਿੰਨਾ ਪੁਰਸ਼ਾਂ ਨੇ ਕਾਲੀ ਗਊ ਦਾਨ ਨਹੀ ਕੀਤੀ, ਜਿੰਨਾ ਦੀ ਮਰਨ ਪਿੱਛੋਂ ਪਿੰਡ ਆਦਿਕ ਕ੍ਰਿਆ ਨਹੀ ਕੀਤੀ, ਉਹ ਵੈਤਰਣੀ ਨਦੀ ਵਿਚ ਬੜਾ ਭਾਰੀ ਦੁੱਖ ਭੋਗ ਕੇ ਉਸ ਦੇ ਕਿਨਾਰੇ ਦੇ ਸ਼ਾਲਮਲੀ ਦਰੱਖਤ ਪਰ ਜਾਂਦੇ ਹਨ। ਜਿਹੜੇ ਬ੍ਰਾਹਮਣ ਅਤੇ ਗਊਆਂ ਦੀ ਲੜਾਈ ਦੇਖ ਕੇ ਖੁਸ਼ ਹੁੰਦੇ ਹਨ ਉਹ ਅਵੱਸ਼ ਨਰਕ ਵਿਚ ਜਾਂਦੇ ਹਨ”।

ਜਦ ਜਮਦੂਤ ਮਨੁੱਖ ਨੂੰ ਲਿਜਾਂਦੇ ਹਨ ਤਾਂ ਕੀ ਕਹਿੰਦੇ ਹਨ ਇਹ ਵੀ ਬੜਾ ਦਿਲਚਸਪ ਨਜਾਰਾ ‘ਬ੍ਰਾਹਮਣ ਭਗਵਾਨ’ ਜੀ ਨੇ ਪੇਸ਼ ਕੀਤਾ ਹੈ।

“ ਤੂੰ ਕਦੇ ਬ੍ਰਾਹਮਣ ਦੀ ਪੂਜਾ ਨਹੀ ਕੀਤੀ। ਤੀਰਥਾਂ ਦੀ ਯਾਤਰਾ ਨਹੀ ਕੀਤੀ। ਕਦੇ ਹੋਮ ਯੱਗ ਨਹੀ ਕੀਤਾ। ਗੰਗਾ ਯਮਨਾ ਤੇ ਇਸ਼ਨਾਨ ਨਹੀ ਕੀਤਾ। ਬ੍ਰਾਹਮਣ ਤੇ ਗਊ ਦੀ ਸੇਵਾ ਨਹੀ ਕੀਤੀ। ਨਾ ਤੂੰ ਪੁਰਾਣਾਂ ਦੀ ਕਥਾ ਸੁਣੀ ਤੇ ਨਾ ਕਿਸੇ ਵਿਦਵਾਨ ਦੀ ਪੂਜਾ ਹੀ ਕੀਤੀ। ਨਾ ਤੂੰ ਪਤੀ ਦੇ ਗੁਜਰ ਜਾਣ ਤੇ ਸਤੀ ਹੋਈ, ਪੂਰਬ ਜਨਮ ਦੇ ਪਾਪ ਕਰਮਾਂ ਦੇ ਕਰਨ ਕਰਕੇ ਇਹ ਦੁਖਦਾਈ ਨਾਰੀ ਦਾ ਸਰੀਰ ਮਿਲਿਆ ਸੀ ਪਰ ਇਸ ਸਰੀਰ ਨੂੰ ਬੇਅਰਥ ਹੀ ਗੁਆ ਲਿਆ”!

ਉਪਰ ਲਿਖੇ ਮੁਤਾਬਕ ਨਾਰੀ ਦਾ ਦੁਖਦਾਈ ਸਰੀਰ ਕਿਸੇ ਪੂਰਬ ਜਨਮ ਦੇ ਪਾਪ ਕਰਮਾ ਕਰਕੇ ਮਿਲਦਾ ਹੈ। ਨਾਰੀ ਜਨਮ ਕੋਈ ਉਤਮ ਜਨਮ ਨਹੀ ਬਲਕਿ ਪਾਪਾਂ ਦਾ ਫਲ ਹੈ ਤੇ ਨਾਰੀ ਜੇ ਹਾਲੇ ਵੀ ਅਜਿਹੇ ਬ੍ਰਾਹਮਣ ਦੇ ਕਿਸੇ ਵਿਧਾਨ ਨੂੰ ਮੰਨਦੀ ਹੈ ਤਾਂ ਇਹ ਉਸ ਦੀ ਨਾ-ਸਮਝੀ ਹੀ ਹੋਵੇਗੀ। ਯਾਦ ਰਹੇ ਕਿ ਬ੍ਰਾਹਮਣ ਨੂੰ ਭੁੱਲ ਕੇ ਵੀ ਕੁਝ ਨਾ ਕਹਿਣਾ ਕਿਉਂਕਿ ਵਿਸ਼ਨੂੰ ਭਗਵਾਨ ਜੀ ਗਰੁੜ ਜੀ ਮਹਾਰਾਜ ਨੂੰ ਦੱਸ ਗਏ ਹਨ ਕਿ ਬ੍ਰਾਹਮਣ ਨਾਲ ਪੰਗਾ ਲੈਣ ਵਾਲੇ ਦਾ ਹਾਲ ਕੀ ਹੁੰਦਾ। ਨਹੀ ਯਕੀਨ ਤਾਂ ਸੁਣੋਂ।


ਬ੍ਰਾਹਮਣ ਨੂੰ ਮਾਰਨ ਵਾਲਾ ਤੱਪਦਿਕ ਦਾ ਰੋਗੀ ਹੁੰਦਾ ਹੈ। ਬ੍ਰਾਹਮਣ ਨੂੰ ਲੱਤ ਮਾਰਨ ਵਾਲਾ ਕੁੱਬਾ ਤੇ ਪਿੰਗਲਾ ਹੁੰਦਾ ਹੈ। ਜਿਹੜਾ ਬ੍ਰਹਮਾਣ ਨੂੰ ਦਾਨ ਦੇਣਾ ਕਹਿ ਮੁੱਕਰ ਜਾਂਦਾ ਹੈ ਉਹ ਗਿੱਦੜ ਬਣਦਾ ਹੈ। ਬ੍ਰਾਹਮਣ ਦਾ ਧਨ ਚੋਰੀ ਕਰਨਾ ਵਾਲਾ ਰਾਖਸ਼ ਹੁੰਦਾ ਹੈ। ਧੋਖੇ ਨਾਲ ਬ੍ਰਾਹਮਣ ਦਾ ਖਾਧਾ ਧਨ ਸੱਤ ਕੁਲਾਂ ਨਸ਼ਟ ਕਰ ਦਿੰਦਾ ਹੈ। ਜੋਰ ਜਾਂ ਚੋਰੀ ਨਾਲ ਖਾਧਾ ਬ੍ਰਾਹਮਣ ਦਾ ਧਨ ਜਦ ਤੱਕ ਚੰਨ ਅਤੇ ਤਾਰੇ ਹਨ ਉਦੋਂ ਤੱਕ ਕੁਲਾਂ ਨਾਸ਼ ਕਰਨਾ ਵਾਲਾ ਹੁੰਦਾ ਹੈ। ਲੋਹੇ, ਪੱਥਰ ਦਾ ਚੂਰਾ ਅਤੇ ਜ਼ਹਿਰ ਖਾ ਕੇ ਤਾਂ ਹਜਮ ਕੀਤਾ ਜਾ ਸਕਦਾ ਹੈ ਪਰ ਬ੍ਰਾਹਮਣ ਦੇ ਧਨ ਨੂੰ ਤਿੰਨਾ ਲੋਕਾਂ ਵਿਚ ਵੀ ਹਜਮ ਨਹੀ ਕੀਤਾ ਜਾ ਸਕਦਾ। ਬ੍ਰਾਹਮਣ ਦੇ ਧਨ ਨਾਲ ਪਲੇ ਵਾਹਨ ਤੇ ਸੈਨਾ ਇੰਝ ਨਾਸ ਹੁੰਦੇ ਹਨ ਜਿਵੇਂ ਪਾਣੀ ਵਿਚ ਬਣਿਆਂ ਬੰਨ ਨਹੀ ਠਹਿਰਦਾ। ਜਿਹੜਾ ਮਨੁੱਖ ਬ੍ਰਾਹਮਣ ਨੂੰ ਰੋਜੀ ਦੇ ਕੇ ਯਤਨ ਨਾਲ ਉਸ ਦੀ ਪਾਲਨਾ ਨਹੀ ਕਰਦਾ ਉਹ ਪਿੰਗਲਾ ਕੁੱਤਾ ਬਣਦਾ ਹੈ। ਬ੍ਰਾਹਮਣ ਦੀ ਰੋਜੀ ਲਗਾਉਂਣ ਨਾਲ ਲੱਖ ਗਊਆਂ ਦੇ ਦਾਨ ਜਿੰਨਾ ਫਲ ਮਿਲਦਾ ਹੈ ਤੇ ਬ੍ਰਾਹਮਣ ਦੀ ਰੋਜੀ ਨਾਸ ਕਰਨ ਵਾਲਾ ਕੁੱਤੇ ਜਾਂ ਬਾਂਦਰ ਦੀ ਜੂਨੀ ਵਿਚ ਜਾਂਦਾ ਹੈ”।

ਇਥੇ ਸਭ ਹੱਕ ਬ੍ਰਾਹਮਣ ਦੇ ਰਾਖਵੇਂ ਹਨ। ਸਾਰਾ ਜਾਲ ਬ੍ਰਾਹਮਣ ਨੇ ਅਪਣੇ ਦੁਆਲੇ ਬੁਣਿਆ ਕਿ ਮੱਨੁਖ ਕਿਸੇ ਪਾਸਿਓਂ ਨਿਕਲ ਨਾ ਜਾਏ। ਪਹਿਲਾਂ ਉਸ ਨੂੰ ਭਿਆਨਕ ਦ੍ਰਿਸ਼ ਦਿਖਾ ਕੇ ਡਰਾਇਆ ਫਿਰ ਉਸ ਨੂੰ ਉਸ ਭਿਆਨਕਤਾ ਵਿਚੋਂ ਨਿਕਲਨ ਦਾ ਰਾਹ ਦੱਸਿਆ ਜਿਹੜਾ ਸਿੱਧਾ ਬ੍ਰਾਹਮਣ ਜੀ ਦੇ ‘ਚਰਨਾ’ ਵਲ ਆਉਂਦਾ ਸੀ ਜੀਹਨਾ ਉਪਰ ਢਹਿਣ ਤੋਂ ਬਿਨਾ ਮਨੁੱਖ ਦੇ ਬੱਚ ਨਿਕਲਣ ਦਾ ਕੋਈ ਰਾਹ ਨਹੀ ਸੀ। ਅਤੇ ਇਹ ਵੀ ਕਿ ਘਰ ਵਿਚ ਕਿਸੇ ਦਾ ਜੀਅ ਚਲਾ ਜਾਏ, ਲੋਕ ਰੋਂੇਦੇ ਹੋਣ, ਗਮ ਦਾ ਮਹੌਲ ਹੋਵੇ, ਵੈਣ ਪੈਂਦੇ ਹੋਣ ਪਰ ਅਜਿਹੇ ਮੌਕੇ ਵੀ ਬ੍ਰਾਹਮਣ ਕਿਵੇਂ ਮਠਿਆਈ, ਸ਼ਹਿਦ, ਘਿਓ, ਲੱਡੂ, ਮ੍ਹਾਲ ਪੂੜਿਆਂ, ਅਤੇ ਸੋਨੇ ਚਾਂਦੀ ਦੀ ਤਾਕ ਵਿੱਚ ਰਹਿੰਦਾ ਹੈ ਸੁਣੋ।

“ਦਸ ਦਿਨ ਤੱਕ ਇਕ ਇਕ ਬ੍ਰਾਹਮਣ ਨੂੰ ਮਠਿਆਈ ਦਾ ਭੋਜਨ ਕਰਾਉ। ਬ੍ਰਾਹਮਣ ਦੇ ਚਰਨਾ ਨੂੰ ਧੋ ਕੇ ਬਸਤਰ ਆਦਿ ਨਾਲ ਉਸ ਦੀ ਪੂਜਾ ਕਰੋ ਤੇ ਲੱਡੂ, ਮਾਲ੍ਹ ਪੂੜਾ ਤੇ ਦੁੱਧ ਉਸ ਨੂੰ ਦੇਵੋ। ਦਸ ਦਿਨ ਤੱਕ ਸ਼ਰਾਧ ਕਰੋ। ਸੋਨੇ ਦੀ ਵਿਸ਼ਨੂੰ ਦੀ ਮੂਰਤ, ਬ੍ਰਹਮਾ ਦੀ ਚਾਂਦੀ ਦੀ, ਰੁਦਰ ਦੀ ਤਾਂਬੇ ਦੀ ਤੇ ਜਮਰਾਜ ਦੀ ਲੋਹੇ ਦੀ ਮੂਰਤੀ ਬਣਵਾਵੇ। ਪੱਛਮ ਦਿਸ਼ਾ ਗੰਗਾ ਜਲ ਸਮੇਤ ਵਿਸ਼ਨੂੰ ਦਾ ਕਲਸ਼ ਸਥਾਪਤ ਕਰੇ ਤੇ ਉਸ ਨੂੰ ਪੀਲੇ ਕੱਪੜੇ ਵਿਚ ਵਲੇਟ ਕੇ ਸ਼ਹਿਦ ਅਤੇ ਘਿਉ ਨਾਲ ਭਰਕੇ ਬ੍ਰਾਹਮਣ ਨੂੰ ਦਾਨ ਕਰੇ। ਹੱਥ ਜੋੜ ਕੇ ਭਗਵਾਨ ਦਾ ਧਿਆਨ ਧਰਕੇ ਪ੍ਰੇਤ ਦੀ ਮੁਕਤੀ ਵਾਸਤੇ ਪ੍ਰ੍ਰਾਰਥਨਾ ਕਰੇ”।

ਜਿਹੜੇ ਸਿੱਖ ਕੀਰਤਪੁਰ ਜਾ ਕੇ ਸਿੱਖਾਂ ਦੇ ਚੋਲਿਆਂ ਵਾਲੇ ਬ੍ਰਹਾਮਣਾ ਨੂੰ ਭਾਂਡੇ, ਕੱਪੜੇ, ਭੋਜਨ ਦਾਨ ਕਰਕੇ ਸਮਝਦੇ ਹਨ ਸਾਡੇ ਬਜ਼ੁਰਗ ਜਾਂ ਮਰਨ ਵਾਲੇ ਨੂੰ ਪਹੁੰਚਿਆ ਹੈ ਉਸ ਬਾਰੇ ਸਾਡਾ ਇਹ ਜਾਣ ਲੈਣਾ ਕੁਥਾਉਂ ਨਹੀ ਹੋਵੇਗਾ ਕਿ ਇਹ ਬੀਮਾਰੀ ਸਿੱਖਾਂ ਵਿੱਚ ਆਈ ਕਿਥੋਂ? ਇਹ ਸਾਰੀ ਗਰੁੜ ਪੁਰਾਣ ਦੀ ਕਥਾ ਹੈ ਜਿਸ ਵਿਚ ਬ੍ਰਾਹਮਣ ਨੇ ਅਪਣੇ ਖਾਂਣ ਪੀਣ ਤੋਂ ਲੈਕੇ ਹਰੇਕ ਮੌਜ ਮਸਤੀ ਵਾਲਾ ਪ੍ਰਬੰਧ ਕਰ ਰੱਖਿਆ ਹੈ ਜੋ ਇਉਂ ਹੈ, “ਇੰਦਰ ਆਦਿ ਸਭ ਦੇਵਤੇ ਸੇਜਾ ਦਾਨ ਦੀ ਬੜੀ ਪ੍ਰਸੰਸਾ ਕਰਦੇ ਹਨ ਇਸ ਕਰਕੇ ਮਰਨ ਪਰ ਜਾਂ ਅਪਣੇ ਜਿਉਂਦਿਆਂ ਹੀ ਸੇਜਾ ਦਾਨ ਜਰੂਰ ਕਰਨਾ ਚਾਹੀਦਾ ਹੈ। ਸੇਜਾ ਚੰਗੀ ਪੱਕੀ ਮਨੋਹਰ ਲੱਕੜੀ ਦੀ, ਚਿੱਤਰਾਂ ਨਾਲ ਸੁਸ਼ੋਬਤ, ਰੇਸ਼ਮੀ ਸੂਤ ਨਾਲ ਉਣੀ ਹੋਈ ਤੇ ਸੋਨੇ ਦੇ ਪੱਤਰਿਆਂ ਨਾਲ ਸ਼ਿੰਗਾਰੀ ਹੋਵੇ। ਹੰਸ ਵਰਗੀ ਚਿੱਟੀ ਰੂੰਅ ਨਾਲ ਬਣਿਆ ਹੋਇਆ ਸਰਹਾਣਾ ਹੋਵੇ, ਉਪਰ ਲੈਣ ਵਾਲੇ ਸੁੰਦਰ ਬਸਤਰ ਹੋਣ, ਸੁਗੰਧੀ ਨਾਲ ਤਰ ਸੁੰਦਰ ਦਿਵਯ ਬੰਧਨਾ ਨਾਲ ਬੰਨੀ ਹੋਈ ਸੁੱਖ ਦੇਣ ਵਾਲੀ ਸੇਜਾ ਹੋਵੇ, ਇਹੋ ਜਿਹੀ ਸੇਜਾ ਬਣਾ ਕੇ ਭੂਮੀ ਪਰ ਸਥਾਪਤ ਕਰੇ। ਛੱਤਰੀ, ਜੁੱਤੀ, ਕੱਪੜੇ, ਮੁੰਦਰੀ, ਤਾਂਬੇ ਦਾ ਪਾਤ੍ਰ, ਚਾਂਦੀ ਦੀ ਦੀਵਟ, ਚੌਰ, ਆਸਣ, ਪਾਤ੍ਰ, ਝਾਰੀ, ਲੋਟਾ, ਸ਼ੀਸ਼ਾ, ਤੇ ਪੰਜ ਰੰਗ ਦਾ ਚੰਦੋਆ, ਤੇ ਹੋਰ ਉਪਜੋਗੀ ਵਸਤੂਆਂ ਹੋਣ, ਉਹ ਸੇਜਾ ਦੇ ਚੌਹੀਂ ਪਾਸੀਂ ਰੱਖੇ”!

ਬ੍ਰਾਹਮਣ ਜੀ ਦੀਆਂ ਵੱਧੀਆਂ ਹੋਈਆਂ ਲਾਲਸਾਵਾਂ ਦੇਖੋ ਜਿਹੀੜਆਂ ਉਹ ਲੁਕਾਈ ਦੇ ਸਿਰੋਂ ਪੂਰੀਆਂ ਕਰਦਾ ਹੈ,

“ਭੂਸ਼ਿਤ ਬ੍ਰਾਹਮਣ ਦੇ ਕੰਨਾ ਦੇ ਗਹਿਣੇ, ਮੁੰਦਰੀ ਤੇ ਸੋਨੇ ਹੋਇਆ ਗਲ ਦਾ ਗਹਿਣਾ ਦੇਵੇ। ਪੱਗ ਦੁਪੱਟਾ ਤੇ ਜਾਮਾ ਆਦਿ ਪਹਿਨਾ ਕੇ ਬ੍ਰਾਹਮਣ ਨੂੰ ਲੱਛਮੀ ਨਰਾਇਣ ਦੀ ਮੂਰਤੀ ਅੱਗੇ ਸੁੱਖ ਸੇਜਾ ਉਪਰ ਬਿਠਾਵੇ। ਜੇ ਸ਼ਕਤੀ ਹੋਵੇ ਤਾਂ ਮਕਾਨ ਹੀ ਬ੍ਰਾਹਮਣ ਨੂੰ ਦਾਨ ਦੇਵੇ। ਚੰਗੀ ਤਰ੍ਹਾਂ ਤੱਪਦੇ ਹੋਏ ਸੋਨੇ ਦਾ ਕਲਸ਼ ਬਣਾ ਕੇ ਉਸ ਨੂੰ ਦੁੱਧ ਤੇ ਘਿਓ ਨਾਲ ਭਰਕੇ ਬੜੀ ਭਗਤੀ ਤੇ ਪ੍ਰੇਮ ਨਾਲ ਨਮਸ਼ਕਾਰ ਕਰਕੇ ਬ੍ਰਾਹਮਣ ਨੂੰ ਦਾਨ ਦੇਵੇ”।

ਧੀਆਂ ਦੇ ਕਤਲਾਂ ਦੇ ਬੀਜ ਬ੍ਰਾਹਮਣ ਦੇਵਤਾ ਦੇ ਬੋਏ ਬ੍ਰਾਹਮਣ ਦੀਆਂ ਲਿਖਤਾਂ ਵਿਚੋਂ ਸਪੱਸ਼ਟ ਦਿੱਸ ਰਹੇ ਹਨ ਜਦ ਉਹ ਥਾਂ ਥਾਂ ਕਹਿ ਰਿਹਾ ਹੈ ਕਿ ਪੁੱਤਰ ਤੋਂ ਬਿਨਾ ਅਗੇ ਜਾ ਕੇ ਮਨੁੱਖ ਦੀ ਗਤੀ ਨਹੀ ਹੁੰਦੀ, ਪੁੱਤਰ ਦਾ ਮੱਤਲਬ ਹੀ ਪੂ-ਤਰ। ਯਾਨੀ ‘ਪੂ’ ਨਾਮੀ ਨਰਕ ਤੋਂ ਤਾਰਨ ਵਾਲਾ!

“ਹੁਣ ਸਾਵਧਾਨ ਹੋ ਕੇ ਸੁਣੋ-ਪਾਪੀਆਂ ਦੀ ਦੁਰਦਸ਼ਾ ਜੋ ਤੁਸਾਂ ਕਹੀ ਹੈ, ਇਹ ਸਿਰਫ ਪੁੱਤਰਹੀਨਾ ਦੀ ਹੁੰਦੀ ਹੈ। ਪੁੱਤ੍ਰਾਂ ਵਾਲ਼ਿਆਂ ਦੇ ਧਰਮਾਤਮਾ ਦੀ ਦੁਰਗਤੀ ਕਦੀ ਨਹੀ ਹੁੰਦੀ। ਜੇ ਕਿਸੇ ਘਰ ਪੁੱਤਰ ਨਾ ਹੋਵੇ ਤਾਂ ਪੁੱਤਰ ਦੀ ਪ੍ਰਪਾਤੀ ਲਈ ਜਰੂਰ ਕੋਈ ਯਤਨ ਕਰਨਾ ਚਾਹੀਦਾ ਹੈ। ਹਰਿਵੰਸ਼ ਪੁਰਾਣ ਦੀ ਕਥਾ ਸੁਣੇ ਜਾਂ ਸਤਚੰਡੀ ਦੇ ਵਿਧਾਨ ਨਾਲ ਦੁਰਗਾ ਪਾਠ ਕਰਕੇ ਤਥਾ ਭਗਤੀ ਨਾਲ ਸ਼ਿਵ ਜੀ ਦੀ ਅਰਾਧਨਾ ਕਰਕੇ ਬੁੱਧੀਮਾਨ ਪੁੱਤਰ ਪੈਦਾ ਕਰਨ ਦੀ ਕੋਸ਼ਿਸ਼ ਕਰੇ। ਪੁੱਤਰ ਦਾ ਅਰਥ ਹੀ ਪੂੰ-ਨਾਮ ਅਰਥਾਤ ਨਰਕ ਤੋਂ ਪਿੱਤਾ ਦੀ ਰੱਖਿਆ ਕਰਨੀ ਹੈ। ਇਸ ਲਈ ਬ੍ਰਹਮਾ ਜੀ ਨੇ ਇਸ ਨੂੰ ਪੁੱਤਰ ਕਿਹਾ ਹੈ। ਇੱਕੋ ਪੁੱਤਰ ਸਾਰੀ ਕੁਲ ਦਾ ਉਧਾਰ ਕਰ ਦਿੰਦਾ ਹੈ। ਕਾਰਨ ਇਹ ਕਿ ਪੁੱਤਰ ਦਾ ਮੂੰਹ ਦੇਖਕੇ ਮਨੁੱਖ ਪਿੱਤਰਾਂ ਦੇ ਰਿਣ ਤੋਂ ਛੁੱਟ ਜਾਂਦਾ ਹੈ”!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top