Share on Facebook

Main News Page

ਸਚਖੰਡ ਵਸੈ ਨਿਰੰਕਾਰ

ਇੰਨੀ ਸਰਲ ਵਿਆਖਿਆ ਹੈ, ਇਨ੍ਹਾਂ ਪਾਵਨ ਬੋਲਾਂ ਦੀ ਕਿ ਬੱਚੇ ਨੂੰ ਦੱਸੋ ਤਾਂ ਸਮਝ ਆ ਜਾਂਦੀ ਹੈ ਪਰ ਜੇ ਇੰਨੀ ਸਰਲ ਵਿਆਖਿਆ ਇਸ ਦੀ ਕਰ ਦਿੱਤੀ ਤਾਂ ਲੁਕਾਈ ਲੁੱਟ ਕਿਵੇਂ ਹੋਊ। ਗੁਰੂ ਨਾਨਕ ਪਾਤਸ਼ਾਹ ਨੂੰ ਵੇਈਂ ਵਿਚ ਟੁੱਬੀ ਮਰਵਾ ਕੇ ਫਿਰ ਕਿਹੜੇ ਸਚਖੰਡ ਭੇਜਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੇਮਕੁੰਟ ਤੋਂ ਸਿੱਧਾ ਸਚਖੰਡ ਭੇਜ ਕੇ ਧਰਤੀ ਉਪਰ ਕਿਵੇਂ ਸੱਦਦੇ। ਸੰਤਾਂ-ਮਹਾਂਪੁਰਖਾਂ, ਬ੍ਰਹਮਗਿਆਨੀਆਂ ਦੇ ਡੇਰਿਆਂ ਤੇ ਕੌਣ ਜਾਂਦਾ ਜੇ ਉਹ ਸਚਖੰਡ ਵਿਚੋਂ ਗੁਰੂ ਸਾਹਿਬ ਨੂੰ ਸੱਦ ਕੇ ਪ੍ਰਸ਼ਾਦੇ ਨਾ ਛਕਾਉਂਦੇ। ਸਚਖੰਡ ਦੀ ਸਿਰਜਣਾ ਕਿਸੇ ਆਕਾਸ਼ ਉਪਰ ਕਰਨੀ ਹੀ ਪੈਣੀ ਸੀ। ਆਖਰ ਰੱਬ ਜੀ ਦੇ ਰਹਿਣ ਲਈ ਕੋਈ ਥਾਂ ਵੀ ਚਾਹੀਦੀ ਉਹ ਕਿਥੇ ਬੈਠਣਗੇ। ਭਗਤੀਆਂ ਵਾਲੇ ਸੰਤ ਮਹਾਂਪੁਰਖ ਕਿਥੇ ਜਾਣਗੇ ਜੇ ਸਚਖੰਡ ਨਾ ਹੋਇਆ। ਗੁਰੂ ਪਾਤਸ਼ਾਹ ਨੂੰ ਕਿਥੋਂ ਸੱਦਿਆ ਕਰਨਗੇ ਪ੍ਰਸ਼ਾਦੇ ਛਕਾਉਂਣ। ਜੇ ਮੈਂ ਓਪ ਪੋਤ ਰਵਿਆ ਰੂਪ ਰੰਗ ਤੇ ਪ੍ਰਗਾਸ ਉਸ ਦਾ ਸਾਧ ਸੰਗਤ ਵਿੱਚ ਕਹਿ ਦਿੱਤਾ ਤਾਂ ਹਰੇਕ ਜਣਾ ਖਣਾ ਹੀ ਲੱਭੀ ਫਿਰੂ ਰੱਬ ਜੀ ਨੂੰ। ਮੇਰੀ ਕੀ ਬੁੱਕਤ ਰਹਿ ਗਈ? ਮੇਰੇ ਢੋਲ ਫਿਰ ਮੋਇਆਂ ਪਿੱਟਣੇ ਜੇ ਹਰੇਕ ਜਣਾ ਖਣਾ ਹੀ ਰੱਬ ਲੱਭੀ ਫਿਰੇ । ਜੇ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਦੀ ਗੱਲ ਸਮਝ ਆ ਗਈ ਤਾਂ ਹਰੇਕ ਹੀ ਅਪਣੇ ਵਿਚੋਂ ਦੇਖਣਾ ਸ਼ੁਰੂ ਕਰ ਦੇਵੇਗਾ ਰੱਬ ਜੀ ਨੂੰ ਫਿਰ ਮੇਰੇ ਸੰਤ ਜੀ ਵਿਚ ਰੱਬ ਕਿਥੋਂ ਦਿੱਸੂ। ਇੰਨਾ ਸਸਤਾ ਰੱਬ? ਨਾਲੇ ਬਿਨਾ ਕਿਸੇ ਸੰਤ ਜੀ ਦੇ ਰੱਬ ਲੱਭ ਪਵੇ? ਇਹ ਰੱਬ ਨਾ ਹੋਇਆ ਖਿਡਾਉਂਣਾ ਹੋਇਆ। ਮੈਂ ਹਰੇਕ ਨੂੰ ਰੱਬ ਨਾਲ ਨਹੀ ਖੇਡਣ ਦੇਣਾ। ਗੁਰੂ ਨਾਨਕ ਸਾਹਿਬ ਨੇ ਰੱਬ ਬਹੁਤ ਸਸਤਾ ਲਾ ਦਿੱਤਾ।

ਅਖੇ ਜਿਥੇ ਸੱਚ ਉਹੀ ਸਚਖੰਡ ਤੇ ਉਸੇ ਸਚਖੰਡ ਵਿਚ ਹੀ ਰੱਬ ਦਾ ਨਿਵਾਸ। ਤੇ ਉਹੀ ਉਸ ਦੀ ਨਦਰ ਦਾ ਪਾਤਰ ਤੇ ਨਦਰ ਦੇ ਪਾਤਰ ਨੂੰ ਨਿਹਾਲ ਹੋਣੋ ਕੌਣ ਰੋਕੂ ਚਾਹੇ ਚਰਖੜੀ ਤੇ ਕਿਉਂ ਨਾ ਚੜਿਆ ਹੋਵੇ। ਉਸ ਦੇ ਮੂੰਹ ਦੀਆਂ ਲਾਲੀਆਂ ਦੇਖੀਆਂ ਹੀ ਬਣਦੀਆਂ। ਖੋਪਰੀ ਲੱਥੀ ਤੇ ਵੀ ਨਿਹਾਲ ਬੈਠਾ, ਆਰੇ ਚਲਦੇ ਹੇਠ ਵੀ ਨਿਹਾਲ ਹੋਈ ਜਾਂਦਾ। ਨਹੀਂ ਹੋਇਆ? ਲੈ ਇੰਨੀ ਸੌਖੀ ਗੱਲ? ਬਾਬਾ ਜੀ ਨੇ ਹੋਰ ਈ ਪੰਗਾ ਖੜਾ ਕਰਤਾ ਸੀ। ਇੰਨਾ ਸਸਤਾ ਸਚਖੰਡ? ਇੰਨਾ ਸਸਤਾ ਰੱਬ ਕਰਤਾ ਬਾਬਾ ਜੀ ਨੇ? ਨਹੀਂ! ਇਹ ਨਹੀਂ ਹੋ ਸਕਦਾ।

ਪੰਡਤ, ਮੁਲਾਣਾ, ਜੋਗੀ, ਸਿੱਧ ਸਾਰੇ ਪਿੱਟ ਉੱਠੇ। ਇਹ ਭੂਤਨਾ, ਇਹ ਬੇਤਾਲਾ, ਮਾਰੋ ਇਸ ਨੂੰ ਰੋੜੇ, ਸੁੱਟੋ ਜਿਹਲ ਵਿੱਚ, ਪਿਸਾਓ ਇਸ ਬਾਬੇ ਤੋਂ ਚੱਕੀ ਲੱਗਾ ਜੇ ਮਾਰਨ ਸਾਰਿਆ ਦੇ ਢਿੱਡ ਵਿੱਚ ਲੱਤ।

ਨਹੀਂ! ਨਹੀਂ! ਇੰਝ ਨਹੀਂ! ਪੰਡਤ ਸਿਆਣਾ ਹੋ ਗਿਆ, ਜੋਗੀ ਨੇ ਜੜਾਵਾਂ ਬੰਨ ਲਈਆਂ। ਰੋੜੇ ਨਾ ਮਾਰੋ ਰੋੜਿਆਂ ਨਾਲ ਤਾਂ ਬਾਬੇ ਦੀ ਹੋਰ ਚੜ੍ਹਤ ਹੋ ਰਹੀ ਹੈ, ਇਸ ਦੀ ਪੂਜਾ ਸ਼ੁਰੂ ਕਰ ਦਿਓ। ਇਸ ਦੀਆਂ ਆਦਮ ਕੱਦ ਮੂਰਤੀਆਂ ਸਜਾ ਕੇ ਇਸ ਦੇ ਅਗੇ ਪ੍ਰਸ਼ਾਦਿਆਂ ਦੇ ਥਾਲ ਲਗਾ ਦਿਓ। ਇਸ ਦੀਆਂ ਆਰਤੀਆਂ ਕਰੋ, ਇਸ ਦੇ ਜੋਤਾਂ ਜਗਾਓ, ਇਸ ਦੇ ਦੁਆਲੇ ਚਿਮਟਿਆਂ-ਢੋਲਕੀਆਂ ਦਾ ਸ਼ੋਰ ਇਨਾ ਪਾ ਦਿਓ ਸੁਣੇ ਹੀ ਕੋਈ ਨਾ ਇਸ ਦੀ। ਇਸ ਨੂੰ ਸਚਖੰਡ ਬਣਾ ਕੇ ਸਭ ਤੋਂ ਉਪਰਲੇ ਸਿੰਘਾਸਨ ਤੇ ਬਿਠਾ ਦਿਓ। ਇੰਨਾ ਉੱਚਾ ਕਰ ਦਿਓ ਸਚਖੰਡ ਕਿ ਕੋਈ ਦੂਜਾ ਆਦਮੀ ਇਸ ਤੱਕ ਨਾ ਪਹੁੰਚ ਸਕੇ ਤੇ ਹੁਣ ਢੋਲਕੀਆਂ ਦਾ ਸਿਰ ਪਾੜੋ ਤੇ ਉੱਚੀ ਉੱਚੀ ਗਾਓ ਸੰਤਨ ਹਥ ਰਾਖੀ ਕੂੰਜੀ ਸੰਤਨ ਹਥ ਰਾਖੀ ਕੂੰਜੀ। ਤੇ ਸੰਤ ਆਪਾਂ ਹੁੰਨੇ ਆਂ ਹੁਣ ਬੇਫਿਕਰ ਹੋ ਕੇ ਲੁੱਟੋ ਲੁਕਾਈ ਨੂੰ ਸਚਖੰਡ ਸੇਫ ਹੈ ਕਿਉਂਕਿ ਕੂੰਜੀ ਅਪਣੇ ਹੱਥ ਹੈ। ਕਿਹੜਾ ਖੋਲੂ ਤਾਲਾ ਅਪਣੇ ਬਿਨਾ?

ਸਚਖੰਡ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀ। ਇਹ ਤਾਂ ਮਹਾਂਪੁਰਖਾਂ ਦੀਆ ਰਮਜਾਂ। ਉਹੀ ਜਾਣਦੇ ਨੇ ਸਚਖੰਡ ਦਾ ਰਸਤਾ। ਪਰ ਦੇਖੋ ਨਾ ਕਿੰਨਾ ਪਰਉਪਕਾਰ ਕਰ ਗਏ ਨੇ ਕਲਯੁਗੀ ਜੀਵਾਂ ਤੇ। ਉਨ੍ਹਾਂ ਨੂੰ ਪਤਾ ਸੀ ਹਰੇਕ ਕੋਲੋਂ ਸਚਖੰਡ ਜਾ ਨਹੀ ਹੋਣਾ ਉਨ੍ਹਾਂ ਮਿਹਰ ਦੇ ਘਰ ਆਇਆਂ ਇਥੇ ਹੀ ਸਚਖੰਡ ਦਾ ਨਕਸ਼ਾ ਬਣਾ ਦਿੱਤਾ ਸਾਨੂੰ ਪਾਪੀਆਂ ਨੂੰ। ਕਰੋ ਸੰਗਤੇ ਦਰਸ਼ਨ। ਬੱਅਸ ਇਦਾ ਕੁ ਦਾ ਹੀ ਏ ਸਚਖੰਡ ਉਪਰ ਵੀ...!
ਉਥੇ ਵੀ ਕੀ ਬਾਬਾ ਜੀ ਦੇ ਜੋੜੇ ਜੁੱਤੀਆਂ ਨੇ? ਉਸ ਸਚਖੰਡ ਵਿਚ ਵੀ ਕੀ ਬਾਬਾ ਜੀ ਦੀ ਟਾਇਲਟ, ਛੱਤਰੀ, ਕੁਰਸੀ, ਗੱਦੇ ਆਦਿ ਹਨ?

ਉਹ ਨਹੀਂ ਜੀ! ਇਹ ਤਾਂ ਮਹਾਂਪੁਰਖਾਂ ਦੀਆ ਨਿਸ਼ਾਨੀਆਂ ਸਾਂਭੀਆ ਪਈਆਂ ਆਖਰ ਫਿਰ ਵੀ ਉਨ੍ਹਾ ਸਾਨੂੰ ਸਚਖੰਡ ਬਣਾ ਕੇ ਦਿੱਤਾ ਇਸ ਧਰਤੀ ਉਪਰ। ਦੱਸੋ ਕਦੇ ਸਚਖੰਡ ਦੇਖ ਹੋਣਾ ਸੀ ਤੁਹਾਡੇ ਕੋਲੋਂ? ਮਰਨ ਤੋਂ ਬਾਅਦ ਕੀ ਗਰੰਟੀ ਏ ਤੁਸੀਂ ਸਚਖੰਡ ਜਾਣਾ ਜਾਂ ਕਿਸੇ ਕੁੰਭੀ ਨਰਕ ਵਿਚ?

ਪਰ ਜੀ ਇਥੇ ਜੁੱਤੀਆਂ ਵਿਚ ਸੱਚ ਕੀ ਲੈਣ ਆਇਆ? ਸੱਚ ਦੀ ਥਾਂ ਕੋਈ ਜੁੱਤੀਆਂ ਵਿੱਚ ਹੁੰਦੀ ਹੈ?

ਤੁਸੀਂ ਤੇ ਜੀ ਕੋਈ ਨਾਸਤਿਕ ਕਿਸਮ ਦੇ ਬੰਦੇ ਲੱਗਦੇ ਓਂ। ਤੁਹਾਨੂੰ ਪਤੈ ਨਹੀਂ ਬਾਬਾ ਜੀ ਦੀ ਕਿੰਨੀ ਕਮਾਈ ਸੀ? ਪ੍ਰਤੱਖ ਗੁਰੂ ਜੀ ਆਉਂਦੇ ਸਨ ਬਾਬਾ ਜੀ ਕੋਲੇ?

ਤੁਹਾਡੀ ਜੀ ਉਮਰ ਤੋਂ ਜਾਪਦਾ ਤੁਸੀਂ ਤਾਂ ਹਾਲੇ ਜੰਮੇ ਵੀ ਨਾ ਸੀ ਜਦ ਕਿਤੇ ਗੁਰੂ ਜੀ ਤੁਸੀਂ ਬਾਬਾ ਜੀ ਕੋਲੇ ਆਊਂਦੇ ਦੱਸਦੇ ਹੋ ਜਾਂ ਤੁਸੀਂ ਉਦੋਂ ਕਿਤੇ ਵਿਸ਼ਨੂੰ ਭਗਵਾਨ ਜੀ ਦੇ ਗਰੁੜ ਭਗਵਾਨ ਜੀ ਸੀ ਜਿਹੜੇ ਨਾਲ ਨਾਲ ਡਾਇਰੀ ਲਿਖਦੇ ਰਹਿੰਦੇ ਸਨ।

ਮਾਰੋ ਧੱਕੇ ਇਸ ਨਾਸਤਿਕ ਨੂੰ। ਜਥੇਦਾਰ ਨੂੰ ਕਹੋ ਇਸ ਨੂੰ ਛੇਕੇ ਪੰਥ ਚੋਂ। ਹਾਲੇ ਉਹ ਕੱਲ ਬਾਬਾ ਜੀ ਦੀ ਬਰਸੀ ਤੇ ਧੂੰਆਂ ਧਾਰ ਭੰਡ ਪੁਣਾ ਕਰਕੇ ਗਏ। ਇੰਨੀ ਵੱਡੀ ਪਦਵੀ ਤੇ ਕੋਈ ਮੂਰਖ ਥੋੜੋ ਬੈਠੇ ਨੇ? ਉਨ੍ਹਾਂ ਤਾਂ ਕਦੇ ਬਾਬਾ ਜੀ ਦੇ ਸਚਖੰਡ ਵਿੱਚ ਪਈਆਂ ਵਸਤੂਆਂ ਉਪਰ ਇਤਰਾਜ ਨਹੀਂ ਕੀਤਾ। ਸਚਖੰਡ ਤਾਂ ਸਚਖੰਡ ਈ ਏ। ਗੁਰੂ ਸਾਹਿਬ ਵਾਲਾ ਨਹੀਂ ਪੁੱਗ ਹੁੰਦਾ ਤਾਂ ਸਾਡੇ ਬਾਬਾ ਜੀ ਵਾਲਾ ਸਹੀ। ਹੈ ਤਾਂ ਸਚਖੰਡ ਈ ਏ ਨਾ।

ਇਸ ਮੂਰਖ ਨਾਸਤਿਕ ਨੂੰ ਹੁਣ ਕੌਣ ਸਮਝਾਵੇ ਕਿ ਵੱਡੇ ਬਾਬਾ ਜੀ ਵਾਲਾ ਸਚਖੰਡ ਲੱਭਦੇ ਭਾਲਦੇ ਚੱਕੀਆਂ ਪੀਸੀਏ? ਅਸੀਂ ਗਰਮੀਆਂ ਚ ਭੋਰਿਓਂ ਬਾਹਰ ਨਾ ਨਿਕਲੀਐ ਇਹ ਸਾਨੂੰ ਸੜਦੀਆਂ ਲੋਹਾਂ ਵਲ ਧੱਕ ਰਿਹੈ। ਦਿੱਲੀ ਸਿਰ ਮੰਗਦੀ ਵੱਡੇ ਬਾਬੇ ਵਾਲੇ ਸਚਖੰਡ ਸਿਰਜਣ ਵਾਲੇ ਤੋਂ। 9 ਸਾਲ ਦਾ ਪੁੱਤ ਛੱਡ ਕੇ ਬਾਪ ਨੇ ਪਿੱਛਾ ਭਉਂਕੇ ਨਹੀ ਦੇਖਿਆ। ਤੇ ਅਗਾਂਹ ਉਸੇ ਪੁੱਤ ਨੇ ਅਪਣੇ ਪੁੱਤਾਂ ਦੀਆਂ ਲਾਸ਼ਾਂ ਟੱਪਦਿਆਂ ਅੱਖ ਭਰਕੇ ਨਹੀ ਤੱਕਿਆ।

ਤੇਲਾਂ, ਬਦਾਮ ਰੋਗਨਾ ਦੀਆਂ ਮਾਲਸ਼ਾਂ ਨਾਲ ਪਲੀਆਂ ਪਿਲ ਪਿਲ ਕਰਦੀਆਂ ਕੂਲੀਆਂ ਕੂਲੀਆਂ ਸਾਡੀਆਂ ਦੇਹਾਂ ਕਿਉਂ ਲੋਕਾਂ ਦੀਆਂ ਅੱਖਾਂ ਵਿਚ ਰੜਕਦੀਆਂ ਨੇ। ਬਦਾਮ ਪਿਸਤੇ ਛੱਡ ਛੋਲੇ ਨਹੀਂ ਚੱਬ ਹੁੰਦੇ। ਤੁਸੀਂ ਅਪਣੇ ਸਚਖੰਡ ਅਪਣੇ ਕੋਲੇ ਰੱਖੋ ਤੇ ਸਾਨੂੰ ਸਾਡੇ ਮਹਾਂਪੁਰਖਾਂ ਦੇ ਸਚਖੰਡਾਂ ਦੀਆਂ ਮੌਜਾਂ ਲੈਣ ਦਿਓ। ਸਾਨੂੰ ਸਾਡੇ ਬਾਬਾ ਜੀ ਵਾਲਾ ਸਚਖੰਡ ਜਮ੍ਹਾ ਈ ਫਿੱਟ ਏ। ਨਾ ਹਿੰਗ ਲੱਗੇ ਫੜਕੜੀ ਤੇ ਰੰਗ ਦੇਖ ਕਿਵੇਂ ਲੱਗੇ ਪਏ। ਤੇਰੇ ਵਾਲੇ ਬਾਬੇ ਦੇ ਪੁਰਬਾਂ ਤੇ ਦੱਸ ਕਿੰਨੇ ਜਹਾਜ ਉੱਡਦੇ, ਫੁੱਲ ਬਰਸਦੇ ਤੇ ਆਰਤੀਆਂ ਹੁੰਦੀਆਂ, ਬੈਂਡ ਵੱਜਦੇ। ਦੱਸ ਫਿਰ ਸਚਖੰਡ ਕਿਹੜਾ ਸੂਤ ਬੈਠਾ। ਸਾਡਾ ਪਾਣੀ ਵਿੱਕਦਾ ਤੇਰੇ ਵਾਲੇ ਸਚਖੰਡ ਦਾ ਦੁੱਧ ਵੀ ਨਹੀਂ ਵਿੱਕ ਰਿਹਾ। ਦੱਸ ਨਹੀਂ ਵਿਕਦਾ ਤਾਂ? ਪਾਣੀ ਕੀ ਸਾਡੇ ਬਾਬਿਆਂ ਦੀਆਂ ਤਾਂ ਜੁੱਤੀਆਂ ਦੀ ਹੀ ਦਰਸ਼ਨ ਭੇਟਾ ਮਾਣ ਨਹੀਂ। ਲਾਇਨਾਂ ਲੱਗੀਆਂ ਰਹਿੰਦੀਆਂ।

ਸਾਡੇ ਵਾਲੇ ਸਚਖੰਡ ਤੇ ਸਾਡੇ ਵਾਲੇ ਨਿਰੰਕਾਰ ਕੋਲੇ ਹਰੇਕ ਨਹੀਂ ਪਹੁੰਚ ਸਕਦਾ। ਉਥੇ 20-20 ਫੁੱਟੇ ਸ਼ਹੀਦਾਂ ਦੇ ਪਹਿਰੇ ਨੇ, ਉਥੇ ਸ਼ੇਰ ਰਾਖੀ ਕਰਦੇ ਨੇ ਸਾਡੇ ਬਾਬਿਆਂ ਦੀ, ਹਾਅ! ਜਿਸ ਨੇ ਜਾਣਾ ਸਚਖੰਡ ਉਹ ਸਾਡੇ ਸੰਤ ਜੀ ਰਾਹੀਂ ਹੀ ਜਾ ਸਕਦਾ ਕਿਉਂ ਕਿ ਸਚਖੰਡ ਦੀ ਕੂੰਜੀ ਉਨ੍ਹਾਂ ਕੋਲੇ ਏ। ਦੱਸੋ ਜਾਣ ਕਿਸੇ ਸਚਖੰਡ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top