Share on Facebook

Main News Page

ਖਾਲਸਾ ਜੀ ਜਾਗੋ! ਜੇ ਗੁਰੂ ਗ੍ਰੰਥ ਹੀ ਨਾ ਰਿਹਾ ਤਾਂ "ਸਿੱਖ" ਕਿਥੋਂ ਰਹਿਣਗੇ?

ਸਿੱਖੀ ਦੀਆਂ ਜੜਾਂ ‘ਤੇ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ
"ਗੁਰੂ ਗ੍ਰੰਥ ਸਾਹਿਬ" ਜੀ ਦੇ "ਮੌਜੂਦਾ ਸਰੂਪ" ’ਤੇ "ਅਖੌਤੀ ਜਾਗਰੂਕ ਧਿਰਾਂ" ਵਲੋਂ ਖੜ੍ਹੇ ਕੀਤੇ ਜਾ ਰਹੇ ਸ਼ੰਕੇ"

ਸਿੱਖ ਵਿਰੋਧੀ ਤਾਕਤਾਂ ਸਿੱਖੀ ਦੇ ਬੂਟੇ ਨੂੰ ਪੁੱਟਣ ਲਈ ਤਿੰਨ ਤੋਂ ਵੱਧ ਸਦੀਆਂ ਤੋਂ ਲੱਗੀਆਂ ਹੋਈਆਂ ਸਨ, ਲੇਕਿਨ ਸਿੱਖੀ ਨੂੰ ਖਤਮ ਨਹੀਂ ਕਰ ਸਕੀਆਂ। ਇਸ ਦਾ ਇੱਕੋ ਇੱਕ ਕਾਰਣ ਇਹ ਸੀ ਕਿ ਸਿੱਖ ਅਪਣੇ "ਸ਼ਬਦ ਗੁਰੂ" ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ ਸੀ। ਜੋ ਕੰਮ ਸਿੱਖ ਵਿਰੋਧੀ ਤਾਕਤਾਂ ਤਿੰਨ ਸਦੀਆਂ ਵਿੱਚ ਨਹੀਂ ਕਰ ਸਕੀਆਂ, ਸਿੱਖ ਕੌਮ ਨੂੰ ਖਤਮ ਕਰਨ ਦਾ ਕੰਮ, ਜਾਗਰੂਕ ਅਖਵਾਉਣ ਵਾਲੀਆ ਧਿਰਾਂ ਨੇ ਹੁਣ ਅਪਣੇ ਹੱਥ ਵਿਚ ਲੈ ਲਿਆ ਹੈ।
ਜਿਸ ਗੁਰੂ ਨੂੰ ਮੰਨਣ ਕਰਕੇ ਇਕ "ਸਿੱਖ", "ਗੁਰੂ ਦਾ ਸਿੱਖ" ਅਖਵਾਉਂਦਾ ਹੈ, ਹੁਣ ਉਸ ਦੇ "ਸਰੂਪ" ਤੇ ਉਸ ਦੀ "ਹੋਂਦ" ’ਤੇ ਹੀ ਹਮਲੇ ਤੇਜ ਹੋ ਚੁੱਕੇ ਨੇ। ਇਹ ਹਮਲੇ ਕੋਈ ਹੋਰ ਨਹੀਂ ਕੌਮ ਦਾ ਜਾਗਰੂਕ ਅਖਵਾਉਣ ਵਾਲਾ ਤਬਕਾ ਹੀ ਕਰ ਰਿਹਾ ਹੈ। ਇਹ ਤਬਕਾ ਝੂਠੀ ਵਿਦਵਤਾ ਤੇ ਨਿਜੀ ਹਉਮੈਂ ਦਾ ਮਤਿਆ, ਇਹ ਭੁਲ ਚੁੱਕਾ ਹੈ ਕਿ ਜਨਤਕ ਰੂਪ ਵਿੱਚ ਉਹ ਅਪਣੀ ਹੋਂਦ ਨੂੰ ਹੀ ਚੁਣੌਤੀ ਦੇ ਰਿਹਾ ਹੈ।

ਉਹ ਵਕਤ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲਾ ਸਿੱਖ, ਉਸ ਵੇਲੇ ਦੀਆਂ ਹਕੂਮਤਾਂ ਦੇ ਹਥੋਂ ਵੱਢਿਆ ਜਾ ਰਿਹਾ ਸੀ, ਉਹ ਖਾਨਾਂ ਬਦੋਸ਼ਾਂ ਵਾਂਗ ਜੰਗਲਾਂ ਤੇ ਪਹਾੜਾਂ ਵਿੱਚ ਵਿਚਰ ਰਿਹਾ ਸੀ। ਉਸ ਦੇ ਸਿਰਾਂ ਦਾ ਮੁੱਲ ਲੱਗਾ ਹੋਇਆ ਸੀ, ਲੇਕਿਨ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਨਹੀਂ ਸੀ ਛੱਡਿਆ। ਤੰਬੂਆਂ ਵਿਚ ਤੇ ਘੋੜਿਆਂ ਦੀਆਂ ਕਾਠੀਆਂ ’ਤੇ ਉਹ ਅਪਣੇ ਗੁਰੂ ਦਾ ਪ੍ਰਕਾਸ਼ ਕਰਕੇ ਉਸ ਦਾ ਸਤਿਕਾਰ ਕਰਦਾ ਰਿਹਾ, ਤੇ ਉਸ ਤੋਂ "ਸੇਧ ਤੇ ਸੁਮਤਿ" ਦੀ ਦਾਤ ਹਾਸਿਲ ਕਰਦਾ ਰਿਹਾ। ਖਾਲਸਾ ਅਪਣੀ ਹੋਂਦ ਨੂੰ ਬਚਾਉਣ ਲਈ ਗੁੱਰੀਲਾ ਲੜਾਈ ਲੜ ਰਿਹਾ ਸੀ। ਮਾਂਵਾਂ ਦੇ ਗਲੇ ਵਿੱਚ ਉਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੱਢ ਕੇ ਉਨ੍ਹਾਂ ਦੇ ਸ਼ਰੀਰਾਂ ਦੇ ਟੋਟੇ ਟੋਟੇ ਕਰ ਕੇ ਉਨ੍ਹਾਂ ਮਾਵਾਂ ਦੇ ਗਲੇ ਵਿਚ ਪਾਏ ਜਾ ਰਹੇ ਸੀ। ਇਸ ਦੇ ਬਾਵਜੂਦ ਸਿੱਖ ਅਪਣੇ ਗੁਰੂ ਨਾਲ ਜੁੜਿਆ ਰਿਹਾ, ਉਸ ਦਾ ਸਤਿਕਾਰ ਕਰਦਾ ਰਿਹਾ, ਉਹ ਗੁਰੂ ਨਾਲੋਂ ਕਦੀ ਵੀ ਨਹੀਂ ਟੁੱਟਿਆ।

ਹੁਣ ਸਿੱਖ ਨੂੰ ਉਸ ਦੇ ਗੁਰੂ ਨਾਲੋਂ ਤੋੜਨ ਦੀ ਸਾਜਿਸ਼ਾਂ ਅਪਣੇ ਪੂਰੇ ਜੋਰ ’ਤੇ ਹਨ। ਇਹ ਸਾਜਿਸ਼ਾਂ ਕੋਈ ਹੋਰ ਨਹੀਂ ਕਰ ਰਿਹਾ ਸਿੱਖਾਂ ਦਾ ਆਪਣਾ ਹੀ ਜਾਗਰੂਕ ਅਖਵਾਉਣ ਵਾਲਾ ਤਬਕਾ ਇਸ ਲਈ ਅਪਣੀ ਕਮਰ ਕੱਸ ਚੁਕਾ ਹੈ। ਕੋਈ ਇਸ ਦੇ ਸਰੂਪ ਨੂੰ ਚੈਲੇਂਜ ਕਰ ਰਿਹਾ ਹੈ, ਕੋਈ ਭਗਤਾਂ ਦੀ ਬਾਣੀ, ਨੂੰ ਚੈਲੇਂਜ ਕਰ ਰਿਹਾ ਹੈ, ਕੋਈ ਭੱਟਾਂ ਦੇ ਸਵੈਯਾ ਤੇ ਕਿੰਤੂ ਕਰ ਰਿਹਾ ਹੈ। ਕੋਈ ਇਸ ਦੇ ਵੱਖਰੇ ਵੱਖਰੇ ਸਰੂਪ ਤਿਆਰ ਕਰ ਚੁੱਕਾ ਹੈ। ਕੋਈ ਇਸ ਨੂੰ ਨਕਲੀ ਤੇ ਕੋਈ ਗੁਰੂ ਨਾਨਕ ਦਾ ਸਿੱਖਾਂ ਨੂੰ ਦਿੱਤਾ ਹੋਇਆ "ਲਿਫਾਫਾ" ਕਹਿ ਕੇ ਅਪਣੀ ਦੰਭੀ ਵਿਦਵਤਾ ਦਾ ਜਨਾਜਾ ਸ਼ਰੇਆਮ ਕੱਢ ਰਿਹਾ ਹੈ। ਖਾਲਸਾ ਜੀ ਜਾਗੋ! ਜੇ ਗੁਰੂ ਗ੍ਰੰਥ ਹੀ ਨਾ ਰਿਹਾ ਤਾਂ "ਸਿੱਖ" ਕਿਥੋਂ ਰਹਿਣਗੇ? ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੀ ਤੇ ਸਿੱਖ ਅਖਵਾਉਂਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੋਂਦ ਹੀ ਪ੍ਰਮਾਣਿਕ ’ਤੇ ਹੀ ਸ਼ੰਕੇ ਖ੍ਹੜੇ ਕਰ ਦਿਤੇ ਗਏ ਤਾਂ "ਸਿੱਖ" ਦੀ ਹੋਂਦ ਹੀ ਪ੍ਰਮਾਣਿਕ ਕਿਵੇਂ ਰਹੇਗੀ?

ਇਹ ਹਮਲਾ ਸਿੱਖੀ ਦੀਆਂ ਜੜਾਂ ’ਤੇ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ ਸਾਬਿਤ ਹੋਵੇਗਾ। ਜੇ ਪੰਥ ਦੇ ਸੂਝਵਾਨ ਸਿੱਖਾਂ ਨੇ ਇਨ੍ਹਾਂ ਅਖੌਤੀ ਵਿਦਵਾਨਾਂ ਨੂੰ ਛੇਤੀ ਹੀ ਨੱਥ ਨਾ ਪਾਈ ਤਾਂ ਉਹ ਦਿਨ ਹੁਣ ਦੂਰ ਨਹੀਂ ਜਦੋਂ ਸ਼ਬਦ ਗੁਰੂ ਦੇ ਵੀ ਵੱਖੋ ਵੱਖ ਸਰੂਪ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਦਾਸ ਇਸ ਲਈ ਉਸ ਦਿਨ ਤੋਂ ਹੀ ਲੇਖ ਲਿੱਖ ਲਿੱਖ ਕੇ ਕੌਮ ਨੂੰ ਹਲੂਣੇ ਦੇ ਰਿਹਾ ਹੈ।

ਦਾਸ ਦਾ ਲੇਖ "ਬੁਆੜ ਦੇ ਬੂਟੇ" ਇਸ ਸਾਜਿਸ਼ ਵਲ ਇਕ ਸੰਕੇਤ ਮਾਤਰ ਸੀ, ਇਹ ਲੇਖ www.singhsabhausa.com ’ਤੇ ਸਭ ਤੋਂ ਪਹਿਲਾਂ ਛਪਿਆ ਤੇ ਉਸ ਸਾਈਟ ਦੇ ਵਿਦਵਾਨ ਸੰਪਾਦਕ ਨੇ ਮੇਲ ਰਾਹੀਂ ਮੈਨੂੰ ਦੱਸਿਆ ਕਿ ਉਸ ਵਿਚ ਵਰਤੇ ਗਏ ਗੁਰਬਾਣੀ ਦੇ ਸ਼ਬਦਾਂ ਵਿੱਚ ਲਗ ਮਾਤਰ ਦੀਆਂ ਬਹੁਤ ਗਲਤੀਆਂ ਰਹਿ ਗਈਆਂ ਹਨ। ਫੌਰਨ ਹੀ ਦਾਸ ਨੇ ਉਸ ਲੇਖ ਨੂੰ ਸਾਰੀਆਂ ਵੇਬਸਾਈਟਾਂ ਤੇ ਛਪਣ ਤੋਂ ਰੋਕਨ ਲਈ, ਮੇਲ ਕਰ ਦਿਤੀ ਤੇ ਉਸ ਨੂੰ ਸੋਧ ਕੇ ਅਪਣੇ ਬਲਾਗ http://inderjeetsingh1984.blogspot.com  ’ਤੇ ਪਾ ਦਿਤਾ। ਇਸ ਲੇਖ ਨੂੰ ਇਸ ਬਲਾਗ ਤੇ ਪੜ੍ਹਿਆ ਜਾ ਸਕਦਾ ਹੈ।

ਇਸ ਲੇਖ ਦੇ ਪ੍ਰਤੀਕਰਮ ਵਜੋਂ ਸਭ ਤੋਂ ਪਹਿਲਾਂ "ਤੱਤ ਗੁਰਮਤਿ ਪਰਿਵਾਰ" ਜੋ ਅਪਣੇ ਆਪ ਨੂੰ ਪੰਥ ਦੀ ਸਭ ਤੋਂ ਵਿਦਵਾਨ ਤੇ ਵੱਡੀ ਜਾਗਰੂਕ ਤੇ ਨਿਸ਼ਕਾਮ ਸੰਸਥਾ/ਵਿਯਕਤੀ ਐਲਾਨਦੀ ਹੈ, ਦਾ ਲੇਖ ਆਇਆ। ਜੋ ਸੰਸਥਾ/ ਵਿਅਕਤੀ ਅਪਣੇ ਆਪ ਨੂੰ ਨਿਸ਼ਕਾਮ ਸੇਵਾ ਵਿਚ ਸਮਰਪਿਤ ਕਹਿੰਦਾ ਹੋਵੇ ਉਹ ਇਸ ਤਰ੍ਹਾਂ ਦੇ ਹੋਛੇ ਤੇ ਜਾਤੀਗਤ ਹਮਲਿਆਂ ’ਤੇ ਉਤਰ ਆਵੇ, ਉਸ ਦੀ ਪੰਥ ਪ੍ਰਤੀ ਸੁਹਿਰਦਤਾ ਨੂੰ ਕੌਮ ਦੇ ਸੂਝਵਾਨ ਪਾਠਕ ਆਪੇ ਹੀ ਸਮਝ ਲੈਣਗੇ। ਮੈਂ ਉਨ੍ਹਾਂ ਦੇ ਲੇਖ ਦਾ ਜਵਾਬ ਤੇ ਜਵਾਬ ਦੇ ਕੇ ਕਿਸੇ ਬਹਿਸਬਾਜ਼ੀ ਵਿੱਚ ਪੈਣਾਂ ਨਹੀਂ ਚਾਹੁੰਦਾ। ਇਸ ਨਿਜੀ ਹਮਲੇ ਦਾ ਦਾਸ ਨੂੰ ਕੋਈ ਗਿਲਾ ਜਾਂ ਮਣਖ ਨਹੀਂ, ਕਿਉਂਕਿ ਇਸ ਲੇਖ ਦਾ ਸਿਰਲੇਖ "ਹੁਣ ਤੱਕ ਦਾ ਇੱਕੋ ਇਕ ਸੱਚਾ ਸਿੱਖ ‘ਇੰਦਰਜੀਤ ਸਿੰਘ ਕਾਨ੍ਹਪੁਰ’?" ਹੀ ਇਨ੍ਹਾਂ ਦੀ ਵਿਦਵਤਾ ਨੂੰ ਅੰਦਰ ਤਕ ਉਜਾਗਰ ਕਰ ਰਿਹਾ ਹੈ।

ਦਾਸ ਪ੍ਰਤੀ ਤੱਤ ਗੁਰਮਤਿ ਪਰਿਵਾਰ ਦਾ ਇਹ ਜਹਿਰ ਭਰਿਆ ਲੇਖ ਕੋਈ ਬਿਨਾਂ ਕਾਰਣ ਨਹੀਂ ਲਿਖਿਆ ਗਿਆ। ਦਾਸ ਨੇ ਇਨਾਂ ਦੀ ਵੈੱਬਸਾਈਟ ’ਤੇ ਛਪੇ ਇਨ੍ਹਾਂ ਦੇ ਸੰਪਾਦਕੀ ਲੇਖ ਵਲ, ਅਪਣੇ ਲੇਖ "ਬੁਆੜ ਦੇ ਬੂਟੇ" ਵਿਚ ਇਸ਼ਾਰਾ ਜੋ ਕੀਤਾ ਸੀ। ਇਸ ਲੇਖ ਵਿਚ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ "ਮੌਜੂਦਾ ਸਰੂਪ" ਨੂੰ ਸੋਧਣ ਲਈ "ਗਿਆਨ ਖੜਗ" ਵਰਤਨ ਦੀ ਗੱਲ ਕੀਤੀ ਸੀ। ਤੇ ਜਾਗਰੂਕ ਧਿਰਾਂ ਨੂੰ ਗੁਰੂ ਦੇ ਇਸ ਸਰੂਪ ਨੂੰ ਸੋਧਣ ਲਈ "ਸਹਿਜ ਵੀਚਾਰ" ਦੀ ਜਰੂਰਤ ਦੀ ਸਲਾਹ ਦਿਤੀ ਸੀ। "ਸ਼ਬਦ ਗੁਰੂ" ਦਾ ਇਕ ਸਿੱਖ ਹੋਣ ਦੇ ਨਾਤੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਈ ਤੇ ਦਾਸ ਨੇ ਉਸ ਲੇਖ ਵਿਚ ਇਹ ਲਿਖ ਦਿਤਾ ਸੀ ਕੇ-"ਗਿਆਨ ਖੜਗ" ਸਾਨੂੰ ਉਸ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ, ਜਿਸ ਨੂੰ ਅਸੀਂ ਗੁਰੂ ਕਰਕੇ ਸਤਿਕਾਰਦੇ ਤੇ ਪੂਜਦੇ ਹਾਂ। ਇਹ "ਗਿਆਨ ਖੜਗ" ਸਾਨੂੰ ਅਪਣੇ "ਸ਼ਬਦ ਗੁਰੂ" ਕੋਲੋਂ ਅਪਣੇ ਅਵਗੁਣਾਂ ਤੇ ਮਨਮਤਿ ਨੂੰ ਸੋਧਣ ਲਈ ਪ੍ਰਾਪਤ ਹੁੰਦੀ ਹੈ। ਇਸ "ਗਿਆਨ ਖੜਗ" ਨਾਲ ਅਸੀਂ ਅਪਣੇ ਹੀ ਗੁਰੂ ਨੂੰ ਹੀ ਸੋਧਣ ਲਈ ਉਤਾਵਲੇ ਹੋ ਜਾਵਾਂਗੇ, ਇਸ ਦੀ ਤੇ ਕਲਪਨਾਂ ਵੀ ਨਹੀਂ ਕੀਤੀ ਜਾ ਸਕਦੀ।

ਗੁਰੂ ਦੇ ਮੌਜੂਦਾ ਸਰੂਪ ਨੂੰ "ਗਿਆਨ ਖੜਗ" ਤੇ ਸਹਿਜ ਵਿਚਾਰ ਨਾਲ ਸੋਧਣ ਦੀ ਸਲਾਹ ਦੇਣ ਵਾਲੇ ਇਨ੍ਹਾਂ ਤੱਤ ਗੁਰਮਤਿ ਪਰਿਵਾਰ ਵਾਲਿਆਂ (ਉਹ ਜੋ ਵੀ ਹੋਣ, ਸੰਸਥਾ/ ਵਿਅਕਤੀ) ਕੋਲੋਂ ਮੈਂ ਇਹ ਪੁੱਛਣਾਂ ਚਾਹੁੰਦਾਂ ਹਾਂ ਕਿ ਉਨ੍ਹਾਂ ਦਾ ਵਜੂਦ ਕੀ ਹੈ? ਜਦੋਂ ਕੋਈ ਲੇਖ ਆਦਿਕ ਲਿਖਦਾ ਹੈ ਤੇ ਉਸ ਪਿਛੇ ਕੋਈ ਵਿਅਕਤੀ ਹੁੰਦਾ ਹੈ, ਤੁਹਾਡੇ ਗ੍ਰੁਪ ਦੇ ਤੇ ਨਾਂ ਕਿਸੇ ਸੰਤਰੀ ਦਾ ਪਤਾ ਹੈ ਤੇ ਨਾਂ ਕਿਸੇ ਮੰਤਰੀ ਦਾ। ਦਾਸ ਇਥੇ ਇਸ ਗੱਲ ਦਾ ਧਿਆਨ ਰੱਖ ਰਿਹਾ ਹੈ, ਕਿ ਜਿਸ ਤਰ੍ਹਾਂ ਦੇ ਹੋਛੇ ਵਿਅਕਤੀਗਤ ਤੇ ਬੇਸਿਰ ਪੈਰ ਦੇ ਜਾਤੀ ਹਮਲੇ ਇਸ ਸੰਸਥਾ/ਵਿਅਕਤੀ ਨੇ ਦਾਸ ’ਤੇ ਕੀਤੇ ਹਨ, ਘੱਟੋ ਘੱਟ ਮੈਂ ਐਸਾ ਨਾ ਕਰਾਂ। ਲੇਕਿਨ ਜੋ ਪੰਥ ਤੇ ਕੌਮ ਨਾਲ ਜੁੜੇ ਇਨ੍ਹਾਂ ਦੇ ਰੋਲ ਹਨ, ਉਨ੍ਹਾਂ ਪ੍ਰਤੀ ਗਲ ਜਰੂਰ ਕਰਾਂਗਾ।

ਤੱਤ ਗੁਰਮਤਿ ਵਾਲਿਆਂ ਦੇ ਲੇਖ ਦਾ ਸਿਰਲੇਖ "ਹੁਣ ਤੱਕ ਦਾ ਇੱਕੋ ਇੱਕ ਸੱਚਾ ਸਿੱਖ ‘ਇੰਦਰਜੀਤ ਸਿੰਘ ਕਾਨ੍ਹਪੁਰ’ ਕੁਝ ਗਲਤ ਲਿੱਖ ਦਿੱਤਾ ਵੀਰੋ ਤੁਸੀਂ, ਲੇਖ ਦਾ ਸਿਰਲੇਖ ਤੇ ਕੁਝ ਇਸ ਤਰ੍ਹਾਂ ਦਾ ਫਬਦਾ ਹੈ-"ਹੁਣ ਤੱਕ ਦੀ ਇਕੋ ਇਕ ਜਾਗਰੂਕ ਸੰਸਥਾ/ਵਿਅਕਤੀ ‘ਤੱਤ ਗੁਰਮਤਿ ਪਰਿਵਾਰ?", ਕਿਉਂਕਿ ਇਹ ਧਿਰ ਇੰਨੀ ਸਿਆਣੀ, ਜਾਗਰੂਕ ਤੇ ਵਿਦਵਾਨ ਹੈ ਕਿ ਇਸ ਨੂੰ ਗੁਰੂ ਨਾਨਕ ਨੂੰ "ਗੁਰੂ" ਕਹਿਣ ਵਿਚ ਵੀ ਸ਼ਰਮ ਆˆਉਦੀ ਹੈ। ਜੇ ਤੁਸੀਂ "ਬਾਬਾ ਨਾਨਕ" ਕਹਿੰਦੇ ਹੋ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਤੇ ਕੋਈ "ਗੁਰੂ ਨਾਨਕ" ਕਹਿਣ ’ਤੇ ਤੁਹਾਨੂੰ ਇਸ ’ਤੇ ਇਤਰਾਜ ਕਿਉ? ਜੇ "ਗੁਰੂ" ਨੂੰ "ਬਾਬਾ" ਕਹਿਣ ਵਿੱਚ ਹੀ ਤੁਹਾਨੂੰ ਅਪਣੀ ਵਿਦਵਤਾ ਦਿਸਦੀ ਹੈ, ਤੇ ਸਾਰੇ ਗੁਰੂਆਂ ਨੂੰ ਬਾਬਾ ਕਹਿ ਕੇ ਹੀ ਸੰਬੋਧਿਤ ਕਿਉਂ ਨਹੀ ਕਰਦੇ? ਬਾਬਾ ਗੁਰੂ ਗੋਬਿੰਦ ਸਿੰਘ, ਬਾਬਾ ਰਾਮ ਦਾਸ, ਬਾਬਾ ਅੰਗਦ ਜੀ ਆਦਿ। ਜੇ ਤੁਹਾਡੇ "ਬਾਬਾ" ਕਹਿਣ ਵਿੱਚ ਕਿਸੇ ਸਿੱਖ ਨੂੰ ਇਤਰਾਜ ਨਹੀਂ ਤੇ ਤੁਹਾਨੂੰ ਉਸ ਦੇ "ਗੁਰੂ" ਕਹਿਣ ਵਿੱਚ ਇਤਰਾਜ ਕਿਉਂ? ਕਿਉਂਕਿ ਤੁਹਾਡਾ ਇਸ ਬਾਰੇ ਜਾਰੀ ਕੀਤਾ "ਫਤਵਾ" ਜੇ ਲਾਗੂ ਨਾ ਹੋਵੇ ਤੇ ਤੁਹਾਡੀ ਅਖੌਤੀ ਵਿਦਵਤਾ ਨੂੰ ਸੱਟ ਵਜਦੀ ਹੈ ਤੇ ਤੁਹਾਡੀ ਹੇਠੀ ਹੁੰਦੀ ਹੈ।

ਤੱਤ ਗੁਰਮਤਿ ਪਰਿਵਾਰ ਵਾਲੇ, ਮੇਰੇ ਤੇ ਭਾਵੇਂ ਕਿੰਨੇ ਵੀ ਜਾਤੀ ਹਮਲੇ ਕਰਨ ਦਾਸ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦਾਸ ਨਾਂ ਤੇ ਇਨ੍ਹਾਂ ਵਰਗਾ ਵਿਦਵਾਨ ਹੈ ਤੇ ਨਾਂ ਕੋਈ ਲਿਖਾਰੀ। ਯੂ.ਪੀ. ਦੇ ਹਿੰਦੂਆਂ ਵਿਚ ਪੈਦਾ ਹੋਇਆ ਪਲਿਆ, ਪੜ੍ਹਿਆ ਤੇ ਵੱਡਾ ਹੋਇਆ ਇਹ ਨਿਮਾਣਾ ਜਿਹਾ ਸਿੱਖ, ਜਿਸਨੇ 49 ਵਰ੍ਹੇ ਦੀ ਉਮਰ ਵਿਚ "ਊੜਾ", "ਐੜਾ" ਸਿੱਖ ਕੇ, ਟੁੱਟੇ ਫੁਟੇ ਲੇਖਾਂ ਰਾਹੀ ਪੰਥ ਨਾਲ ਗੱਲਾਂ ਕਰਨੀਆਂ ਸਿੱਖੀਆਂ ਹੋਣ, ਉਸ ਨੂੰ ਕੀ ਫਰਕ ਪੈਂਦਾ ਹੈ, ਉਸ ਬਾਰੇ ਕੋਈ ਕਿੰਨੀਆਂ ਹੀ ਤੋਹਮਤਾਂ ਲਾਉਂਦਾ ਰਹੇ। ਦਾਸ ਤੇ ਕਈ ਵਾਰ ਕਹਿ ਚੁੱਕਾ ਹੈ, ਕਿ ਗੁਰੂ ਘਰ ਦੇ ਵੇਹੜ੍ਹੇ ਵਿਚ ਮੇਰੀ ਇਕ ਕੂਕਰ ਦੀ ਹੈਸਿਯਤ ਹੈ, ਤੇ ਉਸ ਤੋਂ ਵਧ ਮੈਂ ਅਪਣੇ ਆਪ ਨੂੰ ਕੁਝ ਸਮਝਦਾ ਹੀ ਨਹੀ ਹਾਂ। ਗੁਰੂ ਘਰ ਨਾਲ ਹੋ ਰਹੀਆਂ ਚੋਰੀਆਂ, ਯਾਰੀਆਂ ਤੇ ਸਾਜਿਸ਼ਾਂ ਵੇਖ ਕੇ ਅਪਣੇ ਅੰਤਿਮ ਸਾਹ ਤਕ ਭੌਂਕਦਾ ਹੀ ਰਹਾਂਗਾ।

ਲੇਕਿਨ ਤੱਤ ਗੁਰਮਤਿ ਪਰਿਵਾਰ ਜੋ ਮੇਰੇ ਤੇ "ਫਤਵੇ" ਜਾਰੀ ਕਰਨ ਦਾ ਇਲਜਾਮ ਲਾ ਰਹੀ ਹੈ, ਉਹ ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਵੇਖਣ ਕਿ ਮੇਰੇ ਪ੍ਰਤੀ ਜੋ ਜ਼ਹਿਰ ਭਰਿਆ ਲੇਖ ਆਪ ਜੀ ਨੇ ਪਬਲਿਸ਼ ਕੀਤਾ ਹੈ, ਉਸ ਵਿਚ ਤੇ ਥਾਂ ਥਾਂ ਤੇ ਫਤਵੇ ਹੀ ਜਾਰੀ ਕੀਤੇ ਗਏ ਹਨ। ਤੁਸੀਂ ਰਹਿਤ ਮਰਿਆਦਾ ਸੋਧ ਕੇ ਅਪਣੇ ਘਰ ਰੱਖ ਲਈ, ਤੁਸੀਂ ਨਿਤਨੇਮ ਸੋਧ ਲਿਆ, ਕੀ ਉਹ ਫਤਵੇ ਨਹੀਂ? ਭਾਵੇਂ ਉਸ ਨੂੰ "ਪੰਥ" ਕੋਈ ਮਾਨਤਾ ਦੇਵੇ ਭਾਵੇਂ ਨਾ ਦੇਵੇ। ਹੁਣ ਤੁਸੀਂ ਗੁਰੂ ਨੂੰ ਹੀ ਸੋਧਣ ਲਈ ਫਤਵੇ ਜਾਰੀ ਕਰ ਰਹੇ ਹੋ।

ਤੱਤ ਗੁਰਮਤਿ ਪਰਿਵਾਰ ਨੂੰ ਇੱਕ ਗਲ ਚੰਗੀ ਤਰ੍ਹਾਂ ਸਮਝ ਲੈਣੀ ਬਣਦੀ ਹੈ, ਕਿ ਕੁਝ ਲਿਖਣਾਂ ਲਿਖਾਣਾਂ ਹੋਵੇ ਤਾਂ ਜੋ ਵਿਅਕਤੀ ਲਿੱਖ ਰਿਹਾ ਹੋਵੇ ਉਹ ਅਪਣਾ ਨਾਮ ਜਰੂਰ ਲਿਖਿਆ ਕਰੇ। ਦੂਜਾ ਉਹ ਇਹ ਗੱਲ ਅਪਣੇ ਪੱਲੇ ਬੰਨ੍ਹ ਲੈਣ ਕਿ ਤੁਸੀਂ "ਨਿਤਨੇਮ" ਦਾ ਗੁਟਕਾ ਸੋਧ ਕੇ ਅਪਣੇ ਘਰ ਵਿਚ ਰੱਖ ਲਿਆ, ਤੁਸੀਂ ਸਿੱਖ ਰਹਿਤ ਮਰਿਯਾਦਾ ਦਾ ਖਰੜਾ ਸੋਧ ਕੇ ਅਪਣੇ ਘਰ ਰੱਖ ਲਿਆ ਕਿਉਂਕਿ ਤੁਸੀਂ "ਹੁਣ ਤੱਕ ਦੀ ਇੱਕੋ ਇੱਕ ਜਾਗਰੂਕ ਸੰਸਥਾ/ਵਿਅਕਤੀ?" ਹੋ ਜਿਸਨੂੰ ਪੰਥ ਦੀ ਹਰ ਚੀਜ ਨੂੰ ਸੋਧਣ ਲਈ ਸਭ ਤੋਂ ਵੱਡੀ "ਗਿਆਨ ਖੜਗ" ਮਿਲੀ ਹੋਈ ਹੈ। ਲੇਕਿਨ ਆਪ ਜੀ ਨੂੰ ਇਹ ਸਲਾਹ ਹੈ (ਜਿਸਨੂੰ ਤੁਸੀ ਬਾਅਦ ਵਿੱਚ "ਫਤਵਾ" ਜਾਂ "ਧਮਕੀ" ਕਹਿ ਕੇ ਵੀ ਗਰਦਾਰਣਾ ਹੈ) ਕੇ ਸਿੱਖਾਂ ਦੇ ਇੱਕੋ ਇੱਕ "ਸ਼ਬਦ ਗੁਰੂ" ਦੇ ਮੌਜੂਦਾ ਸਰੂਪ ਨੂੰ ਸੋਧਣ ਲਈ ਅਪਣੀ ਇਸ ਜੰਗ ਲੱਗੀ "ਗਿਆਨ ਖੜਗ" ਦਾ ਇਸਤੇਮਾਲ ਕਰਨ ਦੀ ਭੁੱਲ ਵੀ ਨਾ ਕਰਨਾ।
ਦਾਸ "ਇੱਕ" ਨਹੀਂ ਦਾਸ ਦੇ ਨਾਲ ਪੰਥ ਦਾ ਉਹ ਹਰ ਸਿੱਖ ਖੜ੍ਹਾ ਹੈ, ਜੋ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਿੱਖ ਹੈ ਤੇ ਉਸ ਦੇ ਮੌਜੂਦਾ ਸਰੂਪ ਨੂੰ ਅਪਣੇ ਜੀਵਨ ਦਾ "ਸਭ ਕੁੱਝ" ਮੰਨਦਾ ਹੈ। ਇਹ "ਸਿੱਖ" ਗੁਰੂ ਗ੍ਰੰਥ ਸਾਹਿਬ ਦੇ "ਮੌਜੂਦਾ ਸਰੂਪ" ਦੀ ਸੁਧਾਈ ਕਿਸੇ ਵੀ ਰੂਪ ਵਿੱਚ ਨਹੀਂ ਚਾਹੁੁੰਦੇ। ਤੇ ਆਖੀਰ ਵਿਚ ਤੱਤ ਗੁਰਮਤਿ ਪਰਿਵਾਰ/ਸੰਸਥਾ/ਵਿਅਕਤੀ ਕੋਲੋਂ ਤੇ ਉਨ੍ਹਾਂ ਹੋਰ ਅਖੌਤੀ ਵਿਦਵਾਨਾਂ ਕੋਲੋਂ ਫੇਰ ਉਹ ਸਵਾਲ ਦੋਬਾਰਾ ਪੁੱਛਾਂਗਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ "ਮੌਜੂਦਾ ਸਰੂਪ" ਤੇ ਹਮਲਾਵਰ ਹੋ ਰਹੇ ਹਨ,ਕਿ -

ਤੁਹਾਡਾ ਗੁਰੂ ਕੌਣ ਹੈ? ਕੀ ਉਹ ਗੁਰੂ ਜਿਸ ਅੱਗੇ ਤੁਸੀਂ ਰੋਜ ਮੱਥਾ ਟੇਕਦੇ ਹੋ, ਤੇ ਉਸ ਉਪਰ ਰੋਜ ਨਿਤ ਨਵੇਂ ਸ਼ੰਕੇ ਖੜ੍ਹੇ ਕਰਦੇ ਹੋ? ਜਾਂ ਕੋਈ ਹੋਰ "ਗੁਰੂ" ਹੈ ਜਿਸ ਨੂੰ ਤੁਸੀਂ ਤੇ ਤੁਹਾਡੇ ਵਰਗੇ ਅਖੌਤੀ ਜਾਗਰੂਕ ਸਿੱਖਾਂ ਨੇ ਹਲੀ ਅਪਣੀ "ਗਿਆਨ ਖੜਗ" ਨਾਲ ਸੋਧ ਕੇ ਸਿਰਜਣਾ ਹੈ, ਫੇਰ ਗੁਰੂ ਮੰਨਣਾਂ ਹੈ? ਤਦ ਤਕ ਕੀ ਤੁਸੀਂ ਨਿਗੁਰੇ ਹੋ ਕੇ ਹੀ ਅਪਣੀ ਵਿਦਵਤਾ ਦੇ ਢੋਲ ਵਜਾਉਗੇ?

ਇੰਦਰਜੀਤ ਸਿੰਘ, ਕਾਨ੍ਹਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top