Share on Facebook

Main News Page

ਭਵਿੱਖ, ਸਿੱਖ ਨੌਜੁਆਨੀ ਅਤੇ ਠੱਗ ਸਮਾਜ

ਕਿਸੇ ਕੌਮ ਦਾ ਭਵਿੱਖ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਕੌਮ ਦੀ ਨੌਜਵਾਨੀ ਕਿਤਨੀ ਸਿਖਿਅਤ, ਦੂਰਅੰਦੇਸ਼, ਜਿਮੇਂਵਾਰ ਅਤੇ ਨੇਮਬੱਧ (disciplined) ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਹੀ ਇਹ ਅਤਿ ਮਹੱਤਵ ਪੂਰਨ ਹੈ ਕਿ ਉਸ ਦੀ ਕੌਮ ਪ੍ਰਤੀ ਵਚਨਬੱਧਤਾ ਕਿਤਨੀ ਹੈ। ਅਜ ਜਿਸ ਵੇਲੇ ਸਿੱਖ ਕੌਮ ਪੂਰੀ ਤਰ੍ਹਾਂ ਦੁਸ਼ਮਨ ਸ਼ਕਤੀਆਂ ਦੇ ਘੇਰੇ ਵਿੱਚ ਹੈ, ਹਰ ਹੀਲੇ ਸਿੱਖ ਕੌਮ ਨੂੰ ਨਾਸਤੋ ਨਾਬੂਦ ਕਰਨ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ, ਸਿੱਖੀ ਦੇ ਅਨਮੋਲ ਸਿਧਾਂਤਾਂ ਵਿੱਚ ਰੌਲ-ਘਚੋਲਾ ਪਾ ਕੇ, ਇਸ ਨੂੰ ਬਿਪਰਵਾਦ ਦੇ ਗਹਿਰੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ, ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਨੌਜਵਾਨੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਕੌਮੀ ਹਿੱਤਾਂ ਲਈ ਸੰਘਰਸ਼ਸ਼ੀਲ ਹੋਵੇ। ਸਿਖ ਨੌਜਵਾਨੀ ਵਾਸਤੇ ਇਹ ਬਹੁਤ ਵੱਡੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਇਤਨੀ ਵੱਡੀ ਸਾਜਿਸ਼ ਵਿਚੋਂ ਕਿਵੇਂ ਬੱਚ ਕੇ ਨਿਕਲਦੀ ਹੈ? ਅਜੇ ਤਕ ਦੇ ਹਾਲਾਤ ਤੋਂ ਤਾਂ ਇੰਜ ਜਾਪਦਾ ਹੈ ਕਿ ਦੁਸ਼ਮਨ ਆਪਣੇ ਇਰਾਦਿਆਂ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਜੇ ਤੱਕ ਕੌਮ ਨੇ ਇਸ ਸਾਜਸ਼ ਨੂੰ ਸਮਝਿਆ ਹੀ ਨਹੀਂ। ਇਹੀ ਸਮਝਿਆ ਜਾ ਰਿਹਾ ਹੈ ਕਿ ਸਭ ਕੁੱਝ ਸੁਭਾਵਕ ਹੀ ਹੋ ਰਿਹਾ ਹੈ।

ਸਭ ਤੋਂ ਪਹਿਲਾਂ ਇਸ ਸਾਰੀ ਖੇਡ ਨੂੰ ਚੰਗੀ ਤਰ੍ਹਾਂ ਸਮਝ ਕੇ, ਸਾਰੀ ਸਾਜਸ਼ ਨੂੰ ਨਾਕਾਮ ਕਰਨ ਲਈ ਇੱਕ ਇਨਕਲਾਬੀ ਲਹਿਰ ਬਨਾਉਣੀ ਪਵੇਗੀ। ਸਿੱਖ ਨੌਜਵਾਨੀ ਨੂੰ ਇੱਕ ਪੱਕੇ ਇਰਾਦੇ ਨਾਲ ਇਨ੍ਹਾਂ ਤਿੰਨਾਂ ਮਹਾਮਾਰੀਆਂ ਖਿਲਾਫ ਜੂਝਣਾ ਪਵੇਗਾ। ਕੌਮ ਨੂੰ ਆਪਣੇ ਸਾਧਨ (Resources) ਪੈਦਾ ਕਰਨੇ ਪੈਣਗੇ। ਪੰਥਕ ਜਥੇਬੰਦੀਆਂ ਨੂੰ ਬਾਕੀ ਸਭ ਪਾਸਿਉਂ ਧਿਆਨ ਹਟਾ ਕੇ ਸਿੱਖ ਨੌਜਵਾਨੀ ਨੂੰ ਇਨ੍ਹਾਂ ਤਿਨ ਮਾਰੂ ਰੋਗਾਂ ਤੋ ਬਚਾਉਣ ਲਈ ਸਾਰਥਕ ਪ੍ਰੋਗਰਾਮ ਉਲੀਕਣੇ ਪੈਣਗੇ। ਗੁਰਮਤਿ ਪ੍ਰਚਾਰ ਦੇ ਨਾਲ ਨਾਲ ਇਨ੍ਹਾਂ ਮਹਾਮਾਰੀਆਂ ਖਿਲਾਫ ਵੀ ਪ੍ਰਚਾਰ ਮੁਹਿੰਮ ਛੇੜਨੀ ਪਵੇਗੀ, ਤਾਂ ਕੌਮ ਬਚੇਗੀ। ਸਭ ਤੋਂ ਵੱਡੀ ਗਲ ਸਿੱਖ ਨੌਜਵਾਨੀ ਨੂੰ ਬਹੁਤ ਜਿਮੇਂਵਾਰ ਅਤੇ ਚੇਤੰਨ ਹੋਣਾ ਪਵੇਗਾ। ਸੂਝਵਾਨ ਨੌਜਵਾਨਾਂ ਨੂੰ ਆਪਣੇ ਆਪੇ ਤੋਂ ਵੀ ਅੱਗੇ ਨਿਕਲ ਕੇ ਆਪਣੇ ਕੁਰਾਹੇ ਪਏ ਭੁਲੱੜ ਵੀਰਾਂ ਨੂੰ ਸਮਝਾਉਣ ਅਤੇ ਸੰਭਾਲਣ ਦੀ ਜਿੰਮੇਵਾਰੀ ਵੀ ਲੈਣੀ ਪਵੇਗੀ। ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਮਨਣਾ ਅਤੇ ਸਤਿਗੁਰੂ ਨਾਲੋਂ ਟੁਟਣਾ ਕੀ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਫੁਰਮਾਉਂਦੀ ਹੈ: "ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।" (ਸਲੋਕੁ ਮਃ ੩ - ਪੰਨਾ ੫੯੪) ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ। ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਕੋਈ ਮੰਤ੍ਰ ਨਹੀਂ ਜੀਵਨ ਜੁਗਤਿ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਸਤਿਗੁਰੂ ਜੀ ਦਾ ਹੁਕਮ ਮੰਨਣਾ। ਆਪਣੇ ਜੀਵਨ ਨੂੰ ਗੁਰਬਾਣੀ ਦੁਆਰਾ ਬਖਸ਼ੀ ਨਿਰਮਲ ਜੀਵਨ ਜੁਗਤਿ ਅਨੁਸਾਰ ਢਾਲਣਾ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁਟਣਾ ਹੈ, ਸਤਿਗੁਰੂ ਦੀ ਬਖਸ਼ੀ ਨਿਰਮਲ ਵਿਚਾਰਧਾਰਾ ਨਾਲੋਂ ਟੁਟਣਾ। ਕੇਵਲ ਸਤਿਗੁਰੂ ਜੀ ਦੇ ਕਿਤਾਬੀ ਸਰੂਪ ਦੀ ਪੂਜਾ ਕਰਨ ਤਕ ਸੀਮਤ ਹੋ ਜਾਣਾ, ਗੁਰਬਾਣੀ ਨੂੰ ਬਿਨਾ ਵਿਚਾਰੇ, ਸਮਝੇ, ਮੰਤਰ ਵਾਂਗ ਤੋਤਾ ਰਟਨੀ ਕਰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਜਣ ਦੀ ਨਹੀਂ ਅਪਨਾਉਣ ਦੀ ਚੀਜ਼ ਹੈ। ਸਿੱਖ ਨੇ ਕੇਵਲ ਆਪਣੇ ਜੀਵਨ ਨੂੰ ਹੀ ਨਹੀਂ, ਪੂਰੇ ਮਨੁੱਖੀ ਸਮਾਜ ਨੂੰ, ਇਨਸਾਨੀ ਭਾਈਚਾਰੇ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਣਾ ਹੈ, ਜੋ ਗੁਰਬਾਣੀ ਨੂੰ ਆਪ ਪੜ੍ਹਕੇ, ਵਿਚਾਰੇ, ਸਮਝੇ ਬਿਨਾ ਸੰਭਵ ਨਹੀਂ।

ਅਜ ਸਿੱਖ ਕੌਮ ਵਿੱਚ ਬੜਾ ਰੋਸ ਹੈ ਕਿ ਝੂਠੇ ਸੌਦੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਤੇ ਖੰਡੇ ਬਾਟੇ ਦੀ ਪਾਹੁਲ ਦੀ ਨਕਲ ਉਤਾਰੀ ਹੈ। ਇਹ ਸਿੱਖੀ ਦੇ ਅਲੰਬਦਾਰ ਬਾਬੇ ਜੋ ਲੋਕਾਂ ਨੂੰ ਪਾਣੀ ਦੇ ਗਿਲਾਸਾਂ ਵਿੱਚ ਫੂਕਾਂ ਮਾਰਕੇ, ਅਖੰਡਪਾਠ ਦੇ ਕੋਲ ਕੁੰਭ ਰੱਖਕੇ ਉਸ ਪਾਣੀ ਨੂੰ ਅੰਮ੍ਰਿਤ ਕਹਿਕੇ, ਥਾਂ-ਥਾਂ ਤੇ ਬਣਾਏ ਜਾ ਰਹੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਕਹਿ ਕੇ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੱਗੇ ਪੈਰ ਧੋਣ ਵਾਲੇ ਪਾਣੀ ਨੂੰ ਅੰਮ੍ਰਿਤ ਕਹਿਕੇ, ਆਪਣੇ ਪੈਰਾਂ ਨਾਲ ਪਾਣੀ ਨੂੰ ਛੁਹਾਕੇ, ਇਥੋਂ ਤਕ ਕੇ ਆਪਣੇ ਕਛਿਹਰੇ ਨਿਚੋੜ ਕੇ ਅੰਮ੍ਰਿਤ ਵੰਡ ਰਹੇ ਹਨ, ਕੀ ਇਹ ਖੰਡੇ-ਬਾਟੇ ਦੀ ਪਾਵਨ ਪਾਹੁਲ ਦੀ ਬਰਾਬਰੀ ਨਹੀਂ, ਜਾਂ ਬੇਅਦਬੀ ਨਹੀਂ? ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੀ ਨਕਲ ਤੇ ਆਪਣੇ ਆਪਣੇ ਪੰਜ ਪਿਆਰੇ ਸਾਜੇ ਹੋਏ ਹਨ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂਅ ਨਹੀਂ ਲਿਖਣਾ ਚਾਹੁੰਦਾ ਸਾਂ ਕਿ ਕਿਤੇ ਇਹ ਨਾ ਜਾਪੇ ਕਿ ਇਹ ਵੱਧ ਗੁਨਹਗਾਰ ਹੈ ਤੇ ਦੂਜੇ ਕੁੱਝ ਘੱਟ। ਪਰ ਹੁਣ ਮਜਬੂਰੀ ਆਣ ਬਣੀ ਹੈ।

ਇੱਕ ਪ੍ਰਮਾਣ ਦਸਣਾ ਜ਼ਰੂਰੀ ਜਾਪ ਰਿਹਾ ਹੈ। ਮਾਨ ਸਿੰਘ ਪਿਹੋਵੇ ਵਾਲੇ ਪਖੰਡੀ ਨੇ ਆਪਣੇ ਪੰਜ ਸੇਵਕਾਂ ਦੇ ਨਾਂਅ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਸਾਜੇ ਪੰਜ ਪਿਆਰਿਆਂ ਦੇ ਨਾਂਅ ਤੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਰੱਖੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਉਹ ਪੰਜੇ ਪਿੱਛਲੇ ਜਨਮ ਦੇ ਅੱਸਲੀ ਪੰਜ ਪਿਆਰੇ ਹਨ।

ਗਲ ਤਾਂ ਸਪਸ਼ਟ ਹੈ ਕਿ ਜੇ ਉਹ ਪਿੱਛਲੇ ਜਨਮ ਦੇ ਅਸਲੀ ਪੰਜ ਪਿਆਰੇ ਹੁਣ ਮਾਨ ਸਿੰਘ ਪਿਹੋਵੇ ਵਾਲੇ ਦੇ ਸੇਵਕ ਹਨ, ਤਾਂ ਮਾਨ ਸਿੰਘ ਪਿਹੋਵੇ ਵਾਲਾ ਤਾਂ ਆਪੇ ਗੁਰੂ ਗੋਬਿੰਦ ਸਿੰਘ ਹੋ ਗਿਆ। ਕੋਈ ਰੌਲਾ ਨਹੀਂ ਪਿਆ। ਕੋਈ ਆਵਾਜ਼ ਨਹੀਂ ਉਠੀ। ਕਿਉਂਕਿ ਉਸਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਕਹਿਣ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ। ਬਹੁਤ ਵੱਡਾ ਭਰਮਜਾਲ ਪਾਇਆ ਜਾ ਰਿਹਾ ਹੈ।

ਹੋਰ ਤਾਂ ਹੋਰ ਅਜ ‘ਸੰਤ ਸਮਾਜ` ਬਣ ਗਿਆ ਹੈ, ਜਿਵੇਂ ਠੱਗਾਂ ਨੇ ਆਪਣੀ ਯੂਨੀਅਨ ਬਣਾ ਲਈ ਹੋਵੇ। ਸੌਦਾ ਸਾਧ ਦੇ ਮੁਕਾਬਲੇ`ਚ ਇਹ ਸੰਤ ਸਮਾਜ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ। ਨਹੀਂ, ਅਸਲ ਵਿੱਚ ਇਹ ਸਿੱਖਾਂ ਨੂੰ ਇਹ ਦੱਸ ਕੇ ਕਿ ਅਸੀਂ ਡੇਰੇਦਾਰ ਨਹੀਂ, ਅਸੀਂ ਤਾਂ ਕੌਮ ਦੇ ਪ੍ਰਚਾਰਕ ਹਾਂ। ਅਸੀਂ ਤਾਂ ਪੰਥ ਪ੍ਰਸਤ ਹਾਂ। ਆਪਣੇ ਭਰਮਜਾਲ ਨੂੰ ਹੋਰ ਮਜਬੂਤ ਕਰਨ ਲੱਗੇ ਹੋਏ ਹਨ। ਜਦੋਂ ਕੋਈ ਵਾਰਦਾਤ ਹੋ ਜਾਵੇ, ਇਹ ਫਟਾ-ਫੱਟ ਆਪਣਾ ਕੋਈ ਪ੍ਰੋਗਰਾਮ ਐਲਾਨ ਦੇਂਦੇ ਹਨ। ਭਾਵਨਾ ਦੇ ਵੇਗ ਵਿੱਚ ਵੱਗ ਰਹੀ ਕੌਮ ਪਿੱਛੇ ਤੁਰ ਪੈਂਦੀ ਹੈ। ਬਗੈਰ ਸਚਾਈ ਜਾਣੇ, ਬਗੈਰ ਨਤੀਜੇ ਸੋਚੇ, ਬਗੈਰ ਇਨ੍ਹਾਂ ਦੇ ਪੁਰਾਣੇ ਕਰਮਾਂ ਅਤੇ ਕਿਰਦਾਰ ਨੂੰ ਵਿਚਾਰੇ। ਅੱਬਲ ਤਾਂ ਇਹੋ ਜਿਹੇ ਭਾਵੁਕ ਵਿਸ਼ਿਆਂ ਤੇ ਸਾਰੇ ਆਗੂ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਹਨ। ਕੋਈ ਉਲਟੀ ਸੁਰ ਵਿੱਚ ਬੋਲਕੇ ਆਪਣੀ ਸਾਖ ਕਮਜੋਰ ਨਹੀਂ ਕਰਨਾ ਚਾਹੁੰਦਾ। ਫੇਰ ਜੇ ਕੋਈ ਸਿਰ ਸੜਿਆ ਕੌਮ ਨਾਲ ਇਤਨੀ ਬੇਵਫਾਈ ਬਰਦਾਸ਼ਤ ਨਾ ਕਰਦਾ ਹੋਇਆ ਬੋਲ ਹੀ ਪਵੇ, ਤਾਂ ਕਿਹਾ ਜਾਂਦਾ ਹੈ, ਉਹ ਇਤਨੇ ਨਾਜ਼ੁਕ ਸਮੇਂ ਵਿੱਚ ਕੌਮ ਵਿੱਚ ਵੰਡੀਆਂ ਪਾਉਣਾ ਚਾਹੁੰਦਾ ਹੈ। ਉਸ ਨੂੰ ਪੰਥ ਦੋਖੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਕੌਮ ਦੀ ਮਾਨਸਿਕ ਬਲੈਕ ਮੇਲਿੰਗ (sentimental black mailing) ਹੋ ਰਹੀ ਹੈ।

ਜੇਤਿੰਦਰ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top