Share on Facebook

Main News Page

ਆਦਿ ਗ੍ਰੰਥ ਦੀ ਬੀੜ ਦੀ ਪ੍ਰਮਾਣਿਕਤਾ ’ਤੇ ਸ਼ੰਕੇ - ਸਹਿਜ ਵਿਚਾਰ ਦੀ ਲੋੜ

ਮੁੱਡਲੀ ਸੰਪਾਦਕੀ ਟਿੱਪਣੀ: ‘ਤੱਤ ਗੁਰਮਤਿ ਪਰਿਵਾਰ’ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵਿਸ਼ੇ ’ਤੇ ਵਿਚਾਰ ਦੇਣ ਤੋਂ ਪਹਿਲਾਂ ਉਸ ਪ੍ਰਤੀ ਚੰਗੀ ਜਾਣਕਾਰੀ ਲੈ ਲਈਏ। ਜਦੋਂ ਕਿਸੇ ਵਿਸ਼ੇ ’ਤੇ ਸਾਨੂੰ ਜਾਪੇ ਕਿ ਅਸੀਂ ਇਸ ਨਾਲ ਇੰਸਾਫ ਕਰ ਸਕਦੇ ਹਾਂ ਤਾਂ ਹੀ ਅਸੀਂ ਆਪਣਾ ਪ੍ਰਤੀਕਰਮ ਦੇਣ ਦਾ ਯਤਨ ਕਰਦੇ ਹਾਂ। ਪਿੱਛਲੇ ਸਮੇਂ ਵਿਚ ਉੱਠੇ ਦੋ ਮੁੱਖ ਮੁੱਦੇ ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪਰਮਾਣਿਕਤਾ ਤੇ ਕਿੰਤੂ। ਸਾਨੂੰ ਦੋਹਾਂ ਵਿਸ਼ਿਆਂ ਵਿਚ ਆਪਣੀ ਜਾਣਕਾਰੀ ਨਾਕਾਫੀ ਲਗਦੀ ਹੈ, ਸੋ ਅਸੀਂ ਹੁਣ ਤੱਕ ਚੁੱਪ ਹੀ ਸਾਂ। ਪਰ ਕੁਝ ਵੀਰ ਸਾਨੂੰ ਬਾਰ-ਬਾਰ ਇਨ੍ਹਾਂ ਵਿਸ਼ਿਆਂ ’ਤੇ ਅਪਣੇ ਵਿਚਾਰ ਦੇਣ ਲਈ ਕਹਿ ਰਹੇ ਹਨ। ਇਸ ਲਈ ਅਪਣੀ ਹੁਣ ਤੱਕ ਦੀ ਸਮਝ ਅਨੁਸਾਰ ਇਸ ਸੰਬੰਧੀ ਕੁਝ ਵਿਚਾਰ ਸਾਂਝੇ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ। ਵੈਸੇ ਅਸੀਂ ਮੌਜੂਦਾ ਸਰੂਪ ਵਿਚ ‘ਰਾਗਮਾਲਾ’ ਤੋਂ ਬਗੈਰ ਸਾਰੀਆਂ ਬਾਣੀਆਂ ਨੂੰ ਪ੍ਰਮਾਣਿਕ ਮੰਨਦੇ ਹਾਂ।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸਮੁੱਚੀ ਮਨੁੱਖਤਾ ਦੀ ਸੇਧ ਲਈ ਸਰਬੋਤਮ ਗ੍ਰੰਥ ਹਨ, ਐਸਾ ਬਹੁਤੇ ਨਿਰਪੱਖ ਧਰਮ-ਸ਼ਾਸ਼ਤਰੀਆਂ ਦਾ ਮੰਨਣਾ ਹੈ। ਸਿੱਖ ਕੌਮ ਦਾ ਤਾਂ ਇਹ ਮੂਲ ਹਨ। ਇਸ ਦੀ ਸ਼ੁਰੂਆਤ ਬਾਬਾ ਨਾਨਕ ਜੀ ਦੀ ਪੋਥੀ ਤੋਂ ਹੁੰਦੀ ਹੈ। ਪੰਜਵੇਂ ਪਾਤਸ਼ਾਹ ਜੀ ਨੇ ਇਸ ਨੂੰ ‘ਆਦਿ ਗ੍ਰੰਥ’ ਦੇ ਰੂਪ ਵਿਚ ਸੰਪਾਦਿਤ ਕਰਦੇ ਹੋਏ, ਆਪਣੀ ਨਿਗਰਾਨੀ ਵਿਚ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਇਸ ਸਰੂਪ ਨੂੰ ‘ਕਰਤਾਰਪੁਰੀ ਬੀੜ’ ਕਿਹਾ ਜਾਂਦਾ ਹੈ। ਦਸਵੇਂ ਪਾਤਸ਼ਾਹ ਜੀ ਨੇ ਇਸ ਦੀ ਪੁਨਰ ਸੰਪਾਦਨਾ ਕਰਦੇ ਹੋਏ, ਇਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਤਰਤੀਬ ਅਨੁਸਾਰ ਯੋਗ ਥਾਵਾਂ ’ਤੇ ਚੜ੍ਹਵਾ ਕੇ ਇਸ ਨੂੰ ਸੰਪੂਰਨਤਾ ਬਖਸ਼ੀ। ਇਸ ਸਰੂਪ ਦਾ ਨਾਮ ‘ਦਮਦਮੀ ਬੀੜ’ ਕਰ ਕੇ ਮਸ਼ਹੂਰ ਹੋਇਆ। 1708 ਵਿਚ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਅੰਤਿਮ ਸਮੇਂ ਇਕ ਪੁਰਖੀ ਸ਼ਖਸੀ ਅਗਵਾਈ ਦੀ ਪ੍ਰੰਪਰਾ ਨੂੰ ਸਮੇਟਦੇ ਹੋਏ ਕੌਮ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਦੀ ਤਾਬਿਆਂ ਕਰ ਦਿੱਤਾ।

ਮੁਗਲ ਸਰਕਾਰਾਂ ਸਿੱਖ ਕੌਮ ਦੀ ਦੁਸ਼ਮਣ ਬਣ ਗਈਆਂ। ਉਸ ਦੌਰ ਵਿਚ ਸਿੱਖਾਂ ਨੂੰ ਨੇਸ-ਤੋ-ਨਾਬੂਤ ਕਰਨ ਦੇ ਪ੍ਰਣ ਲਏ ਗਏ। ਜ਼ੁਲਮ ਦੀ ਭਿਆਨਕ ਹਨੇਰੀ ਸਿੱਖ ਕੌਮ ਖਿਲਾਫ ਝੁਲਾਈ ਗਈ। ਤਕਰੀਬਨ 100 ਸਾਲ ਦੇ ਇਸ ਭਿਆਨਕ ਦੌਰ ਵਿਚ ਸਿੱਖਾਂ ਨੂੰ ਦੋ ਘੱਲੂਘਾਰਿਆਂ ਸਣੇ ਬਹੁਤ ਕਸ਼ਟ ਸਹਿਣੇ ਪਏ। ਦਰਬਾਰ ਸਾਹਿਬ ਕੰਪਲੈਕਸ ਨੂੰ ਬਾਰੂਦ ਨਾਲ ਉਡਾਉਣ ਦੀ ਘਟਨਾ ਵੀ ਵਾਪਰੀ। ਦੂਜੀ ਤਰਫ ਐਸੇ ਬਿਖੜੇ ਸਮੇਂ ਦਾ ਫਾਇਦਾ ਚੁੱਕਦੇ ਹੋਏ ਸ਼ੁਰੂ ਤੋਂ ਹੀ ਨਾਨਕ ਫਲਸਫੇ ਤੋਂ ਨਫਰਤ ਕਰਨ ਵਾਲੀਆਂ ਬ੍ਰਾਹਮਣਵਾਦੀ ਧਿਰਾਂ ਉਦਾਸੀਆਂ ਅਤੇ ਨਿਰਮਲਿਆਂ ਦੇ ਰੂਪ ਵਿਚ ਸਿੱਖਾਂ ਦੇ ਧਾਰਮਿਕ ਅਸਥਾਨਾਂ ’ਤੇ ਪੁਜਾਰੀ ਬਣ ਕੇ ਬਹਿ ਗਈਆਂ। ਇਨ੍ਹਾਂ ਨੇ ਹੌਲੀ-ਹੌਲੀ ਸਿੱਖ ਸਮਾਜ ਦੇ ਵਿਹੜੇ ਵਿਚ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਗ੍ਰੰਥ ਪ੍ਰਚਲਿਤ ਕਰ ਦਿੱਤੇ। ਬਚਿਤ੍ਰ ਨਾਟਕ (ਮਗਰਲਾ ਸਾਜ਼ਿਸ਼ੀ ਨਾਂ ਦਸਮ ਗ੍ਰੰਥ), ਗੁਰਬਿਲਾਸ ਪਾ: ਛੇਂਵੀ, ਸਰਬ ਲੋਹ ਗ੍ਰੰਥ ਸਮੇਤ ਐਸੇ ਅਨੇਕਾਂ ਗ੍ਰੰਥਾਂ ਦੀ ਨਿਯਮਿਤ ਕਥਾ ਗੁਰਦੁਆਰਿਆਂ ਵਿਚ ਹੋਣ ਲਗ ਪਈ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਪਰੰਪਰਾ ਨੂੰ ਲਗਭਗ ਖਤਮ ਕਰਕੇ ਉਸ ਦੇ ਤੋਤਾਰਟਨੀ ਪਾਠਾਂ (ਅਖੰਡ ਪਾਠ ਆਦਿ) ਦੀ ਰੂਚੀ ਪੈਦਾ ਕੀਤੀ ਗਈ। ਸਿੱਖਾਂ ਵਿਚੋਂ ਗਿਆਨ ਦਾ ਅੰਸ਼ ਘਟ ਕੀਤਾ ਜਾਂਦਾ ਰਿਹਾ ਅਤੇ ਸ਼ਰਧਾ ਦਾ ਅੰਸ਼ ਵਧਾਇਆ ਜਾਂਦਾ ਰਿਹਾ।

ਐਸੇ ਵਿਪਰੀਤ ਸਮਿਆਂ ਵਿਚ ਕੌਮ ਲਈ ਆਪਣੀ ਹੋਂਦ ਬਚਾਉਣ ਦਾ ਸਵਾਲ ਪੈਦਾ ਹੋ ਗਿਆ। ਦੋ ਦੁਸ਼ਮਣਾਂ ਦੀ ਚੜਤ ਦੇ ਇਸ ਦੌਰ ਵਿਚ ਕੌਮ ਕੋਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦੋਨੋਂ ਮੂਲ ਸਰੂਪ (ਭਾਈ ਗੁਰਦਾਸ ਜੀ ਵਾਲਾ ਅਤੇ ਭਾਈ ਮਨੀ ਸਿੰਘ ਜੀ ਵਾਲਾ) ਖੁੱਸ ਗਏ (ਵਿਰੋਧੀ ਸ਼ਕਤੀਆਂ ਵਲੋਂ ਨਸ਼ਟ ਕਰ ਦਿੱਤੇ ਗਏ), ਐਸਾ ਜ਼ਿਆਦਾਤਰ ਨਿਰਪੱਖ ਅਤੇ ਸੁਚੇਤ ਵਿਦਵਾਨਾਂ ਦਾ ਮੰਨਣਾ ਹੈ। ਜਾਗਰੂਕ ਵਿਦਵਾਨ ਮਰਹੂਮ ਮਹਿੰਦਰ ਸਿੰਘ ਜੋਸ਼ ਨੇ ਵੀ ਅਪਣੀ ਪੁਸਤਕ ‘ਰਾਗਮਾਲਾ ਦਾ ਝਮੇਲਾ’ ਵਿਚ ਇਹੀ ਤੱਥ ਪ੍ਰਵਾਨ ਕੀਤਾ ਹੈ।

ਪਰ ਇਹ ਵੀ ਸੱਚ ਹੈ ਕਿ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਉਤਾਰੇ ਹੋਣੇ ਸ਼ੁਰੂ ਹੋ ਗਏ ਸਨ। ਸਮੇਂ ਨਾਲ ਇਨ੍ਹਾਂ ਸਰੂਪਾਂ ਦੇ ਉਤਾਰੇ ਅਤੇ ਅੱਗੋਂ ਉਤਾਰੇ ਹੁੰਦੇ ਰਹੇ। ਉਤਾਰੇ ਕਰਨ ਵਾਲਿਆਂ ਵਿਚ ਕਈਂ ਤਰ੍ਹਾਂ ਦੇ ਲੋਕ ਸ਼ਾਮਿਲ ਸਨ। ਕੁਝ ਉਹ ਜੋ ਨਿਰਪੱਖਤਾ ਅਤੇ ਨਿਸ਼ਕਾਮਤਾ ਨਾਲ ਉਤਾਰੇ ਦੀ ਸੇਵਾ ਕਰਦੇ ਸਨ। ਕੁਝ ਐਸੇ ਵੀ ਹੋਣਗੇ, ਜਿਨ੍ਹਾਂ ਨੇ ਇਸ ਕੰਮ ਨੂੰ ਰੋਜ਼ੀ ਦਾ ਸਾਧਨ ਬਣਾਇਆ। ਪਰ ਇਕ ਕਿਸਮ ਐਸੀ ਵੀ ਹੈ, ਜਿਸ ਦੀ ਨੀਅਤ ਇਸ ਗ੍ਰੰਥ ਨੂੰ ਮਿਲਾਵਟ ਕਰਕੇ ਮਿਲਗੋਭਾ ਬਣਾਉਣ ਦੀ ਰਹੀ ਸੀ। ਇਨ੍ਹਾਂ ਤਿੰਨ ਮੁੱਖ ਧਿਰਾਂ ਵਲੋਂ ਵੱਖਰੀ ਨੀਅਤ ਨਾਲ ਕੀਤੇ ਕੰਮ ਕਾਰਨ ਸਰੂਪਾਂ ਵਿਚ ਬਾਣੀਆਂ, ਦਿੱਖ ਆਦਿ ਪੱਖੋਂ ਭਿੰਨਤਾ ਆ ਗਈ। ਇਹ ਵੀ ਵਿਚਾਰਨਯੋਗ ਤੱਥ ਹੈ ਕਿ ਉਸ ਸਮੇਂ ਆਧੁਨਿਕ ਸਾਧਨ ਨਹੀਂ ਸਨ। ਅੱਜ ਤਾਂ ਅਸੀਂ ਕਿਸੇ ਲਿਖਤ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਕੰਪਿਉਟਰ ਤੋਂ ਵਾਰ-ਵਾਰ ਚੈਕ ਕਰ ਸਕਦੇ ਹਾਂ, ਪਰ ਕੁਝ ਸਮਾਂ ਪਹਿਲਾਂ ਤੱਕ ਟਾਇਪਰਾਈਟਰਾਂ ਨਾਲ ਟਾਈਪ ਕਰਦੇ ਵੇਲੇ ਵੀ ਗਲਤੀ ਹੋਣ ਤੇ ‘ਸਫੈਦ ਪਦਾਰਥ’ (ਵਾਈਟਨਰ) ਲਾਇਆ ਜਾਂਦਾ ਸੀ। ਅੱਜ ਵੀ ਜੇ ਕਿਸੇ ਨੂੰ 10-15 ਸਫੇ ਕਿਸੇ ਲਿਖਤ ਦੇ ਹੱਥ ਨਾਲ ਕਾਪੀ ਕਰਨ ਲਈ ਕਿਹਾ ਜਾਵੇ ਤਾਂ ਸੁਚੇਤ ਤੋਂ ਸੁਚੇਤ ਬੰਦਾ ਵੀ ਕੁਝ ਗਲਤੀਆਂ (ਲਗ-ਮਾਤਰ) ਦੀਆਂ ਕਰ ਜਾਵੇਗਾ। ਭਾਈ ਗੁਰਦਾਸ ਜੀ ਲਿਖਤ ਸਰੂਪ ਵਿਚ ਮਿਲਦੇ ਸੰਪਾਦਕੀ ਸੰਕੇਤ ‘ਸੁਧ’, ‘ਸੁਧ ਕੀਚੈ’ (ਜੋ ਅੱਜ ਤੱਕ ਛਾਪੇਖਾਨੇ ਵਾਲੇ ਸਰੂਪਾਂ ਵਿਚ ਵੀ ਛਪ ਰਹੇ ਹਨ) ਦਸਦੇ ਹਨ ਕਿ ਕੁਝ ਥਾਂ ਲਿਖਦੇ ਵੇਲੇ ਲਗ ਮਾਤਰ ਦੀ ਭੁੱਲ ਉਨ੍ਹਾਂ ਕੋਲੋਂ ਵੀ ਹੋ ਗਈ, ਜਿਸ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਜਾਂਚ ਕੇ ਸਹੀ ਕਰਵਾਇਆ। ਸੋ ਲਗਭਗ 1430 ਸਫਿਆਂ ਵਾਲੇ (ਹੱਥਲਿਖਤ ਜ਼ਿਆਦਾ ਹੀ ਹੋਣਗੇ) ਗ੍ਰੰਥ ਨੂੰ ਉਤਾਰਾ ਕਰਨ ਵੇਲੇ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦਮਦਮੀ ਟਕਸਾਲ ਦੇ ਮੁੱਖੀ ਰਹੇ ਗੁਰਬਚਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਤਲਵਾੜਾ ਸਮੇਤ ਜਿਨ੍ਹਾਂ ਨੇ ਹੱਥ ਲਿਖਤ ਸਰੂਪਾਂ ਵਿਚ ਪਾਠ-ਭੇਦਾਂ ਦਾ ਜ਼ਿਕਰ ਕੀਤਾ ਹੈ, ਉਸ ਦਾ ਮੁੱਖ ਕਾਰਨ ਉਤਾਰਾ ਕਰਨ ਵੇਲੇ ਹੋਈਆਂ ਚੂਕਾਂ (ਖਾਸਕਰ ਲਗਾਂ ਮਾਤਰਾਂ ਦੀਆਂ ਚੂਕਾਂ) ਹੀ ਜਾਪਦਾ ਹੈ।

ਪਰ ਪਾਠ-ਭੇਦਾਂ ਦਾ ਮਸਲਾ ਇਤਨਾ ਗੰਭੀਰ ਨਹੀਂ ਹੈ। ਮੁੱਖ ਮੁੱਦਾ ਇਸ ਸਰੂਪ ਵਿਚ ਸ਼ਾਮਿਲ ਬਾਣੀਆਂ ਦਾ ਹੈ। ਛਾਪੇਖਾਨੇ ਵਿਚ ਆਉਣ ਵੇਲੇ ਉਪਲਬਦ ਵਿਦਵਾਨਾਂ ਨੇ ਆਪਣੀ ਸਮਝ ਅਨੁਸਾਰ ਉਪਲਬਦ ਸਰੂਪਾਂ ਦੀ ਪੜਚੋਲ ਉਪਰੰਤ ਅੱਜ ਵਾਲਾ ਸਰੂਪ ਫਾਈਨਲ ਕੀਤਾ। ਇਸ ਸਰੂਪ ਵਿਚਲੀ ‘ਰਾਗਮਾਲਾ’ ਨੂੰ ਛੱਡ ਕੇ ਬਾਕੀ ਸਾਰੀਆਂ ਬਾਣੀਆਂ ’ਤੇ ਤਕਰੀਬਨ ਸਾਰੇ ਵਿਦਵਾਨ ਸਹਿਮਤ ਸਨ। ਦਸਮ ਗ੍ਰੰਥ ਵਾਂਗੂ ‘ਰਾਗਮਾਲਾ’ ਦੀ ਪ੍ਰਮਾਣਿਕਤਾ ’ਤੇ ਕਿੰਤੂ ਇਸ ਦੀ ਸਿੱਖ ਸਮਾਜ ਵਿਚ ਹੋਂਦ ਨਾਲ ਹੀ ਸ਼ੁਰੂ ਹੋ ਗਿਆ ਸੀ। ਮੌਜੂਦਾ ਸਰੂਪ ਨੂੰ ਤੈਅ ਕਰਨ ਦਾ ਸਭ ਤੋਂ ਮੁੱਖ ਆਧਾਰ ਇਹ ਹੀ ਜਾਪਦਾ ਹੈ ਕਿ ਜਪੁ ਤੋਂ ਲੈ ਕੇ ਮੁੰਦਾਵਣੀ ਤੱਕ ਦੀਆਂ ਬਾਣੀਆਂ (ਚੰਦ ਕੁ ਪਦਿਆਂ ਦੇ ਭੇਦਾਂ ਨਾਲ) ਲਗਭਗ ਬਹੁਤੇ ਹੱਥ ਲਿਖਤ ਸਰੂਪਾਂ ਵਿਚ ਸਨ। ਪਰ ਉਸ ਉਪਰੰਤ ਸ਼ਾਮਿਲ ਰਚਨਾਵਾਂ ‘ਰਾਗਮਾਲਾ’ ਤੇ ਹੋਰ ਦਾ ਵੱਖ-ਵੱਖ ਸਰੂਪਾਂ ਵਿਚ ਬਹੁਤ ਵਖਰੇਂਵਾਂ ਸੀ। ਮੂਲ ਸਰੂਪਾਂ ਦੀ ਅਣਹੋਂਦ ਵਿਚ ਇਹੀ ਤਰੀਕਾ ਸਭ ਤੋਂ ਵੱਧ ਪ੍ਰਮਾਣਿਕ ਵੀ ਸੀ।

ਇਸ ਸਰੂਪ ਵਿਚਲੀਆਂ ਬਾਣੀਆਂ ’ਤੇ ਪਹਿਲਾ ਵੱਡਾ ਕਿੰਤੂ 1920 ਦੇ ਆਸ-ਪਾਸ ਪੰਚ ਖਾਲਸਾ ਦੀਵਾਨ ਭਸੌੜ ਵਲੋਂ ਉਠਾਇਆ ਗਿਆ। ਉਨ੍ਹਾਂ ਨੇ ਇਸ ਸਰੂਪ ਵਿਚ ਨਾਨਕ ਸਰੂਪਾਂ ਤੋਂ ਇਲਾਵਾ ਹੋਰ ਸਾਰੀ ਬਾਣੀ ਨੂੰ ਮਿਲਾਵਟ ਮੰਨਿਆ। ਉਨ੍ਹਾਂ ਦੀ ਇਸ ਧਾਰਨਾ ਦਾ ਮੂਲ ‘ਅਨੰਦ’ ਬਾਣੀ (ਮਹਲਾ 3) ਵਿਚ ਆਈ ਹੇਠ ਲਿਖੀ ਤੁੱਕ ਸੀ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920)

ਇਸ ਤੁੱਕ ਦੇ ਉਨ੍ਹਾਂ ਨੇ ਅਰਥ ਇਹ ਮੰਨ ਲਏ ਕਿ ‘ਸਤਿਗੁਰੂ’ ਤੋਂ ਸਿਵਾ ਸਾਰੀ ਬਾਣੀ ਕੱਚੀ ਸੀ। ਇਨ੍ਹਾਂ ਗਲਤ ਅਰਥਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਇਹ ਤਰਕ ਦੇਣਾ ਸ਼ੁਰੂ ਕਰ ਦਿੱਤਾ ਕਿ ਸਿੱਖਾਂ ਦੇ ਸਤਿਗੁਰੂ ਤਾਂ 10 ਹੀ ਹਨ (ਬਾਬਾ ਨਾਨਕ ਜੀ ਤੋਂ ਦਸ਼ਮੇਸ਼ ਜੀ ਤੱਕ), ਉਸ ਤੋਂ ਇਲਾਵਾ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਮਿਲਦੀ ਸਾਰੀ ਬਾਣੀ ਕੱਚੀ ਹੈ ਅਤੇ ਮਿਲਾਵਟ ਹੈ। ਇਸ ਧਾਰਨਾ ਨੂੰ ਅਪਨਾ ਲੈਣ ਤੋਂ ਬਾਅਦ ਉਹ ਇਸ ਧਾਰਨਾ ਦੇ ਹੱਕ ਵਿਚ ਹੋਰ ਕੱਚੀਆਂ ਦਲੀਲਾਂ ਵੀ ਲੱਭਣ ਲੱਗ ਪਏ। ਆਪਣੇ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹੋਏ, ਉਨ੍ਹਾਂ ਇਕ ਐਸਾ ਸਰੂਪ ਵੀ ਛਾਪ ਦਿੱਤਾ, ਜਿਸ ਵਿਚ ਸਿਰਫ ‘ਨਾਨਕ ਸਰੂਪਾਂ’ ਦੀ ਬਾਣੀ ਸੀ। ਉਨ੍ਹਾਂ ਦੇ ਇਸ ਮੱਤ ਨੂੰ ਸਿੱਖ ਪੰਥ ਵਿਚ ਕਿਸੇ ਹੋਰ ਧਿਰ ਨੇ ਮੰਜੂਰ ਨਹੀਂ ਕੀਤਾ। ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਧੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰੀਆਂ ਨੇ ਪੰਥ ਵਿਚੋਂ ਛੇਕਣ ਦਾ ਫੁਰਮਾਨ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਪੰਚ ਖਾਲਸਾ ਦੀਵਾਨ ਭਸੌੜ ਹੋਲੀ-ਹੋਲੀ ਅਲੋਪ ਹੋ ਗਿਆ ਜਾਂ ਪ੍ਰਭਾਵਹੀਨ ਹੋ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਚ ਖਾਲਸਾ ਦੀਵਾਨ ਭਸੌੜ ਨੇ ਸਿੱਖ ਸਮਾਜ ਦੇ ਪੁਨਰਜਾਗਰਣ (ਖਾਸਕਰ ਇਸਤਰੀ ਸਿੱਖਿਆ) ਵਿਚ ਯੋਗਦਾਨ ਪਾਇਆ ਪਰ ਨਿਰੰਕਾਰੀ ਲਹਿਰ ਵਾਂਗੂ ਇਕ ਚੰਗੀ ਸ਼ੁਰੂਆਤ ਉਪਰੰਤ ਆਪਣੀ ਇਕ ਗਲਤ ਮਾਨਤਾ ਨੂੰ ਅਪਨਾ ਕੇ ਆਪਹੁਦਰੀ ਕਰਨ ਕਾਰਨ ਪੰਥ ਵਿਚ ਬੇਅਸਰ ਹੋ ਗਿਆ।

ਪੰਚ ਖਾਲਸਾ ਦੀਵਾਨ ਦੀ ਇਹ ਮਾਨਤਾ ਕਿ ਨਾਨਕ ਸਰੂਪਾਂ ਤੋਂ ਇਲਾਵਾ ਸਾਰੀ ਬਾਣੀ ਕੱਚੀ ਹੈ, ਇਕ ਤੁੱਕ ਦੇ ਅਰਥ ਗਲਤ ਮੰਨ ਲੈਣ ਨਾਲ ਹੋਈ। ਸੱਚਾਈ ਇਹ ਹੈ ਕਿ ਸਮੇਂ ਨਾਲ ਸਿੱਖ ਸਮਾਜ ਵਿਚ ਸਿਧਾਂਤਕ ਪੱਖੋ ਘਰ ਕਰ ਚੁੱਕੀਆਂ ਕਮੀਆਂ ਵਿਚੋਂ ਇਕ ਕਮੀ ‘ਗੁਰੂ ਦੇ ਸੰਕਲਪ’ ਦੀ ਸਮਝ ਬਾਰੇ ਵੀ ਸੀ। ਗੁਰਮਤਿ ਅਨੁਸਾਰ ਇਕੋ ਇਕ ਅਸਲ ਗੁਰੂ ਉਹ ਪ੍ਰਮਾਤਮਾ ਆਪ ਹੀ ਹੈ। ਉਸਦਾ ਪ੍ਰਕਟ ਸਰੂਪ ‘ਸੱਚ ਦਾ ਗਿਆਨ’ ਹੀ ਮਨੁੱਖਤਾ ਲਈ ਸਭ ਤੋਂ ਲਾਹੇਵੰਦ ਹੋਣ ਕਰਕੇ ‘ਗੁਰੂ’ ਕਹਿਲਾਉਂਦਾ ਹੈ। ਇਸ ਤੁੱਕ ਦੇ ਢੁਕਵੇਂ ਅਰਥ ਹਨ:

ਜੋ ਬਾਣੀ ਪ੍ਰਮਾਤਮਾ (ਸਤਿਗੁਰੂ) ਦੇ ਸੱਚੇ ਰਾਹ ਬਾਰੇ ਸੇਧ ਨਹੀਂ ਬਖਸ਼ਦੀ, ਉਹ ਕੱਚੀ ਹੈ।

ਪਰ ਗਲਤ ਅਰਥ ਕਰਨ ਕਰਕੇ ਬਣੀ ਇਕ ਗਲਤ ਮਾਨਤਾ ਨੂੰ ਅੰਤਿਮ ਸੱਚ ਮੰਨ ਲੈਣ ਦੀ ਭੁੱਲ ਪੰਚ ਖਾਲਸਾ ਦੀਵਾਨ ਦੇ ਬੇਅਸਰ ਹੋਣ ਦਾ ਕਾਰਨ ਬਣੀ। ਇਸ ਸੋਚ ਨੇ ਉਨ੍ਹਾਂ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਵੱਡੀਆਂ ਤਬਦੀਲੀਆਂ ਕਰਨ ਦੀਆਂ ਆਪਹੁਦਰੀਆਂ ਕਰਨ ਲਈ ਪ੍ਰੇਰਿਆ। ਪੰਚ ਖਾਲਸਾ ਦੀਵਾਨ ਦੀ ਗੁਰਮਤਿ ਦੀ ਸਮਝ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਵਿਚਲੀ ‘ਪਾਤਸ਼ਾਹੀ ਦਸਵੀਂ’ ਦੀ ਝੂਠੀ ਛਾਪ ਵਾਲੀ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਇਸ ਨੂੰ ‘ਦਸਵੇਂ ਮਹਲੇ ਦੀ ਬਾਣੀ’ ਮੰਨ ਕੇ ਉਸ ਸਰੂਪ ਦਾ ਹਿੱਸਾ ਬਣਾ ਦਿੱਤਾ।

ਉਸ ਉਪਰੰਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਦੀ 1970 ਦੇ ਆਸਪਾਸ ਇਕ ਇਸਾਈ ਮਿਸ਼ਨਰੀ ਅਤੇ ਪ੍ਰੌਫੈਸਰ ਡਬਲਿਉ ਐਚ ਮਕਲਾਉਡ ਵਲੋਂ ਖੜੇ ਕੀਤੇ ਗਏ। ਇਸ ਵਿਅਕਤੀ ਨੇ ਸਿੱਖ ਵਿਸ਼ਵਾਸਾਂ ਬਾਰੇ ਬਹੁਤ ਵੱਡੇ ਸ਼ੰਕੇ ਆਪਣੀਆਂ ਕੁਝ ਪੁਸਤਕਾਂ ਵਿਚ ਕੀਤੇ। ਪਰ ਉਸ ਦੀ ਸਮਝ ਅਤੇ ਆਧਾਰ ਬਹੁਤ ਕੱਚੇ ਸਨ। ਉਸ ਵਲੋਂ ਅਪਣਾਏ ਕੱਚੇ ਆਧਾਰ ਇਹ ਇਸ਼ਾਰਾ ਕਰਦੇ ਹਨ, ਉਸ ਨੇ ਇਹ ਸ਼ੰਕੇ ਜਾਨਬੁਝ ਕੇ ਇਕ ਮਕਸਦ, ਕਿਸੇ ਮਿਸ਼ਨ ਹੇਠ ਖੜੇ ਕੀਤੇ। ਉਸ ਦੀ ਨੀਅਤ ਵੀ ਇਸ ਕੰਮ ਪ੍ਰਤੀ ਸਾਫ ਨਹੀਂ ਸੀ। ਉਸ ਦੇ ਤੱਥਾਂ ਦੀ ਕਚਿਆਈ ਦੀਆਂ ਦੋ ਕੁ ਮਿਸਾਲਾਂ ਸਾਂਝੀਆਂ ਕਰਨ ਨਾਲ ਹੀ ਸਾਫ ਹੋ ਜਾਵੇਗਾ ਕਿ ਉਹ ਕਿਵੇਂ ਹਵਾ ਵਿਚ ਗੱਲਾਂ ਕਰਕੇ ਤੱਥ ਖੜੇ ਕਰਦਾ ਸੀ।

ਇਕ ਥਾਂ ਉਹ ਲਿਖਦਾ ਹੈ ਕਿ ਤੀਜੇ ਪਾਤਸ਼ਾਹ ਬਾਬਾ ਨਾਨਕ ਦੇ ਸਿਧਾਂਤਾਂ ਤੋਂ ਉਲਟ ਪਾਸੇ ਚਲ ਪਏ ਕਿਉਂਕਿ ਉਨ੍ਹਾਂ ਨੇ ਗੋਇੰਦਵਾਲ ਵਿਚ ਇਕ ਬਉਲੀ ਬਣਾ ਕੇ ਤੀਰਥ ਅਸਥਾਨ ਬਣਾ ਦਿਤਾ ਅਤੇ ਉਸ ਦੀ 84 ਪੌੜੀਆਂ ਬਣਾ ਕੇ ਇਹ ਪ੍ਰਚਾਰਿਆ ਕਿ ਇਥੇ ਆਉਣ ਨਾਲ 84 ਕੱਟੀ ਜਾਂਦੀ ਹੈ। ਉਸ ਅਨੁਸਾਰ ਬਾਬਾ ਨਾਨਕ ਤਾਂ ਤੀਰਥ ਅਤੇ ਵਰ-ਸਰਾਪਾਂ ਦੀ ਫਿਲਾਸਫੀ ਨੂੰ ਰੱਦ ਕਰਦਾ ਹੈ।

ਇਥੇ ਮੈਕਲਾਉਡ ਜਾਣ ਬੂਝ ਕੇ ਸੱਚ ਨੂੰ ਅਣਗੌਲਿਆਂ ਕਰਕੇ ਤੱਥ ਘੜਨ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਸੁਹਿਰਦ ਹੁੰਦਾ ਤਾਂ ‘ਮਹਲਾ 3’ ਦੀ ਬਾਣੀ ਦੀ ਉਨ੍ਹਾਂ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਨਾ ਕਰਦਾ ਜਿਸ ਵਿਚ ਪ੍ਰਚਲਿਤ ਤੀਰਥਾਂ ਦਾ ਖੰਡਨ ਕੀਤਾ ਗਿਆ ਹੈ ਅਤੇ ਗੁਰੂ ਨੂੰ ਹੀ ਅਸਲ ਤੀਰਥ ਕਿਹਾ ਗਿਆ ਹੈ। ਉਹ ਇਸ ਤੱਥ ਤੋਂ ਵੀ ਅਨਜਾਣ ਨਹੀਂ ਸੀ ਕਿ ਬਾਉਲੀਆਂ ਦੀ ਰਚਨਾ ਕਈਂ ਨਾਨਕ ਸਰੂਪਾਂ ਨੇ ਉੱਥੇ ਦੀ ਲੋਕਾਈ ਦੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਵਾਈ। ਉਸ ਨੂੰ ਤੀਰਥ ਬਣਾ ਕੇ 84 ਕੱਟਣ ਦੀਆਂ ਕਹਾਣੀਆਂ ਤਾਂ ਬਾਅਦ ਦੇ ਸਮੇਂ ਵਿਚ ਤਿਆਰ ਹੋਏ, ਗੈਰ ਪ੍ਰਮਾਣਿਕ ਸਾਹਿਤ (ਜਨਮ ਸਾਖੀਆਂ ਅਤੇ ਹੋਰ) ਨੇ ਪ੍ਰਚਾਰੀ। ਤੀਜੇ ਪਾਤਸ਼ਾਹ ਜੀ ਦੀ ਆਪਣੀ ਬਾਣੀ ਵਿਚਲੀਆਂ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਕਰਕੇ ਗੈਰ ਪ੍ਰਮਾਣਿਕ ਸ੍ਰੋਤਾਂ ਨੂੰ ਆਪਣੇ ਨਤੀਜਿਆਂ ਦਾ ਆਧਾਰ ਬਣਾਉਣਾ ਹੀ ਮੈਕਲਾਉਡ ਦੀ ਨੀਅਤ ਬਾਰੇ ਸੱਚ ਸਪਸ਼ਟ ਕਰਦਾ ਹੈ।

ਇਕ ਹੋਰ ਥਾਂ ਮੈਕਲਾਉਡ ਨਾਨਕ ਸਰੂਪਾਂ ਦੀ ਸੁਹਿਰਦਤਾ ਤੇ ਕਿੰਤੂ ਕਰਦਾ ਹੋਇਆ ਸਵਾਲ ਉਠਾਉਂਦਾ ਹੈ ਕਿ ਚੌਥੇ ਤੋਂ ਲੈ ਕੇ 10 ਪਾਤਸ਼ਾਹ ਤੱਕ ਇਕ ਹੀ ਖਾਨਦਾਨ ਜਾਂ ਪਰਿਵਾਰ ਵਿਚੋਂ ਕਿਉਂ ਸਨ?

ਇਕ ਆਮ ਸੂਝ ਵਾਲਾ ਮਨੁੱਖ ਵੀ ਸਿੱਖ ਇਤਿਹਾਸ ਨੂੰ ਪੜ੍ਹ ਕੇ ਇਹ ਜਾਣ ਸਕਦਾ ਹੈ ਕਿ ਚੌਥੇ ਪਾਤਸ਼ਾਹ ਜੀ ਤੋਂ ਮਗਰੋਂ ਦਾ ਸਮਾਂ ਨਾਨਕ ਸਰੂਪਾਂ ਲਈ ਕਸ਼ਟਾਂ ਭਰਿਆ ਸਮਾਂ ਰਿਹਾ। ਇਹ ਕੋਈ ਐਸ਼ੋ-ਇਸ਼ਰਤ ਵਾਲੀ ਬਾਦਸ਼ਾਹਤ ਨਹੀਂ ਸੀ ਬਲਕਿ ਕਸ਼ਟਾਂ ਨਾਲ ਭਰਪੂਰ, ਮਨੁੱਖਤਾ ਦੇ ਦਰਦ ਨਾਲ ਭਰਪੂਰ ਇਕ ਸੁਚੇਤ ਇਨਕਲਾਬ ਦੀ ਅਗਵਾਈ ਵਾਲੀ ਜਿੰਮੇਵਾਰੀ ਸੀ। ਸੋ ਇਹ ਸੋਚਣਾ ਕਿ ਇਕੋ ਖਾਨਦਾਨ ਵਿਚ ਅਗਵਾਈ ਰਹਿਣ ਦਾ ਮਤਲਬ ਭਾਈ ਭਤੀਜਾਵਾਦ ਸੀ, ਮੂਰਖਤਾ ਅਤੇ ਮੱਕਾਰੀ ਤੋਂ ਵੱਧ ਕੁਝ ਨਹੀਂ। ਮੈਕਲਾਉਡ ਸਿੱਖ ਇਤਿਹਾਸ ਦੀ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਕਰਕੇ ਗੈਰ ਪ੍ਰਮਾਣਿਕ ਅਤੇ ਦਲੀਲ ਵਿਹੂਣੀਆਂ ਮਨਘੜਤ ਸਾਖੀਆਂ (ਜਿਵੇਂ ਬੀਬੀ ਭਾਨੀ ਵਲੋਂ ਅਮਰਦਾਸ ਪਾਤਸ਼ਾਹ ਜੀ ਤੋਂ ਗੁਰਗੱਦੀ ਘਰ ਵਿਚ ਰਹਿਣ ਦਾ ਵਰ ਮੰਗਣ ਵਾਲੀ ਮਨਘੜਤ ਸਾਖੀ) ਨੂੰ ਇਸੇ ਕਰਕੇ ਆਧਾਰ ਬਣਾਉਂਦਾ ਹੈ ਕਿਉਂਕਿ ਉਸ ਦਾ ਮਿਸ਼ਨ ਹੀ ਸਿੱਖ ਵਿਸ਼ਵਾਸਾਂ ’ਤੇ ਚੋਟ ਕਰਨ ਦਾ ਸੀ।

ਮੈਕਲਾਉਡ ਨੇ ਐਸੇ ਕੱਚੇ ਸ਼ੰਕੇ ਸਿਰਫ ਆਪ ਹੀ ਪੇਸ਼ ਨਹੀਂ ਕੀਤੇ, ਬਲਕਿ ਉਸ ਨੇ ਆਪਣੀ ਸੋਚ ’ਤੇ ਤੁਰਨ ਵਾਲੇ ਚੰਦ ਵਿਦਿਆਰਥੀਆਂ (ਚੇਲਿਆਂ) ਦਾ ਗਰੁੱਪ ਵੀ ਤਿਆਰ ਕਰ ਲਿਆ। ਇਨ੍ਹਾਂ ਚੇਲਿਆਂ ਨੇ ਮੈਕਲਾਉਡ ਦੀ ਲਿਖਤਾਂ ਅਤੇ ਸਰਪ੍ਰਸਤੀ ਹੇਠ ਇਸ ਵਿਸ਼ੇ ’ਤੇ ਕੱਚੇ ਤੱਥਾਂ ਦੇ ਆਧਾਰ ’ਤੇ ਪੀ. ਐਚ. ਡੀ. ਥੀਸਿਸ ਵੀ ਲਿੱਖ ਦਿੱਤੇ। ਉਸ ਦੇ ਚੇਲਿਆਂ ਦੀ ਗੁਰਮਤਿ ਸਮਝ ਦਾ ਅੰਦਾਜ਼ਾ ਇਕ ਮਿਸਾਲ ਤੋਂ ਲਾਇਆ ਜਾ ਸਕਦਾ ਹੈ। ਉਸ ਦੇ ਇਕ ਚੇਲੇ ਨੇ ਆਪਣੀ ਪੁਸਤਕ ਵਿਚ ਗੁਰਬਾਣੀ ਦੀ ਤੁੱਕ ‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ’ (ਪੰਨਾ 625) ਦੇ ਗਲਤ ਅਰਥ ਕਰਦੇ ਹੋਏ ਲਿਖਿਆ ਹੈ ਕਿ ਪੰਜਵੇ ਪਾਤਸ਼ਾਹ ਨੇ ਇਹ ਪ੍ਰਚਾਰ ਕੀਤਾ ਕੇ ਦਰਬਾਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਸਾਰੇ ਪੁਰਾਣੇ ਪਾਪ ਖਤਮ ਹੋ ਜਾਂਦੇ ਹਨ। ਐਸੀ ਸਮਝ ਵਾਲੇ ਲੋਕਾਂ ਦੇ ਕੰਮ ਅਤੇ ਨੀਅਤ ਦੇ ਪੱਧਰ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਗੱਲ ਨਹੀਂ।

ਉਪਰੋਕਤ ਵਿਚਾਰ ਤੋਂ ਅਸੀ ਇਹ ਸਮਝ ਸਕਦੇ ਹਾਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਵਾਲੀਆਂ ਦੋ ਮੁੱਖ ਧਿਰਾਂ ਹਨ। ਇਕ ਧਿਰ ਉਹ ਜੋ ਸਿੱਖ ਸਮਾਜ ਦਾ ਹਿੱਸਾ ਹੀ ਹਨ ਪਰ ਪੰਚ ਖਾਲਸਾ ਦੀਵਾਨ ਦੀ ਤਰਜ਼ ’ਤੇ ਗਲਤ ਅਰਥਾਂ ਹੇਠ ਬਣੀ ਮਾਨਤਾ ਨੂੰ ਅੰਤਿਮ ਸੱਚ ਮੰਨ ਕੇ ਐਸਾ ਕਰ ਰਹੇ ਹਨ। ਦੂਜੀ ਧਿਰ ਉਹ ਹੈ, ਜੋ ਸਿੱਖ ਵਿਸ਼ਵਾਸਾਂ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਕਸਦ ਨਾਲ ਖਾਸ ਮਿਸ਼ਨ ’ਤੇ ਕੰਮ ਕਰ ਰਹੀ ਸੀ (ਜਿਵੇਂ ਮੈਕਲਾਉਡ ਅਤੇ ਉਸ ਦੇ ਚੇਲੇ)

ਮੌਜੂਦਾ ਦੌਰ ਵਿਚ ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾਂਦੇ ਦੋ ਧੜੇ (ਸ਼ਖਸੀਅਤਾਂ) ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਬਾਰੇ ਸ਼ੰਕੇ ਖੜੇ ਕਰਨ ਵਿਚ ਝੰਡਾਬਰਦਾਰ ਹਨ। ਇਕ ਵੀਰ ਹਰਭਜਨ ਸਿੰਘ ਜੀ ਡਾਬਾ ਲੁਧਿਆਣਾ ਅਤੇ ਦੂਜਾ ਜੋਗਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਪੋਕਸਮੈਨ।

ਪਹਿਲਾਂ ਗੱਲ ਕਰਦੇ ਹਾਂ ਵੀਰ ਹਰਿਭਜਨ ਸਿੰਘ ਜੀ ਡਾਬਾ ਲੁਧਿਆਣਾ ਦੀ।

ਵੀਰ ਜੀ ਇਸ ਵਿਸ਼ੇ ਵਿਚ ਖੁੱਲੀ ਚਰਚਾ ਵਿਚ ਕੁਝ ਦਿਨ ਪਹਿਲਾਂ ਸਾਹਮਣੇ ਆਏ ਹਨ, ਜਦੋਂ ਇਸ ਵਿਸ਼ੇ ’ਤੇ ਸਵਾਲ ਉਠਾਉਂਦਾ ਉਨ੍ਹਾਂ ਵਲੋਂ ਵੰਡਿਆ ਇਕ ਪੈਂਫਲਿਟ ਕਿਸੇ ਨੇ ਈ-ਮੇਲ ਰਾਹੀਂ ਬਹੁਤ ਲੋਕਾਂ ਤੱਕ ਪਹੁੰਚਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਉਹ ਇਹ ਮੁੱਦਾ ਕੁਝ ਨਿੱਜੀ ਮੀਟਿੰਗਾਂ ਵਿਚ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਆਪਣਾ ਪੱਖ ਲਿੱਖ ਕੇ ਸਾਹਮਣੇ ਪੇਸ਼ ਨਹੀਂ ਕੀਤਾ। ਪਰ ਪਿਛਲੇ ਦਿਨੀਂ ਉਨ੍ਹਾਂ ਬਾਰੇ ਜਾਣਕਾਰੀ ਦੋ ਸ਼ਖਸੀਅਤਾਂ ਵਲੋਂ ਇੰਟਰਨੈਟ ’ਤੇ ਪੇਸ਼ ਕੀਤੀ ਗਈ। ਇਕ ਪ੍ਰੌ. ਕੰਵਲਦੀਪ ਸਿੰਘ ਜੀ ਕੰਵਲ ਵਲੋਂ ਫੇਸਬੁਕ ਰਾਹੀਂ ਅਤੇ ਦੂਜੀ ਸਿੱਖ ਮਾਰਗ ਵੈਬਸਾਈਟ ’ਤੇ ਵੀਰ ਪਰਮਿੰਦਰ ਸਿੰਘ ਵਲੋਂ ਲਿਖੇ ਇਕ ਖੱਤ ਵਿਚ ਉਨ੍ਹਾਂ ਦੀ ਇਸ ਮੁੱਦੇ ’ਤੇ ਪਹੁੰਚ ਦੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਦੋਹਾਂ ਸ੍ਰੋਤਾਂ ਦੀ ਜਾਣਕਾਰੀ ਵਿਚ ਉਨ੍ਹਾਂ ਦੇ ਸਟੈਂਡ ਬਾਰੇ ਆਪਾ ਵਿਰੋਧ ਹੈ, ਜੋ ਸੰਕੇਤ ਦਿੰਦਾ ਹੈ ਕਿ ਉਹ ਆਪ ਹੀ ਇਸ ਬਾਰੇ ਸਪਸ਼ਟ ਸਟੈਂਡ ਨਹੀਂ ਰੱਖਦੇ।

ਪ੍ਰੋ. ਕੰਵਲ ਦੁਆਰਾ ਉਨ੍ਹਾਂ ਦੇ ਪੱਖ ਬਾਰੇ ਦਿੱਤੀ ਜਾਣਕਾਰੀ ਅਨੁਸਾਰ ਇਹ ਸਵਾਲ ਉਨ੍ਹਾਂ ਦੇ ਆਪਣੇ ਨਹੀਂ ਹਨ ਬਲਕਿ ਇਹ ਤਾਂ ਉਨ੍ਹਾਂ ਨੇ ਇਸ ਵਿਸ਼ੇ ਵਿਚ ਵਿਰੋਧੀਆਂ ਵਲੋਂ ਉਠਾਏ ਜਾਂਦੇ ਸਵਾਲ ਸਾਹਮਣੇ ਰੱਖੇ ਹਨ। ਉਨ੍ਹਾਂ ਅਨੁਸਾਰ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਮੰਨਦੇ ਹਨ ਅਤੇ ਉਸ ਦਾ ਪ੍ਰਕਾਸ਼ ਵੀ ਉਨ੍ਹਾਂ ਨੇ ਘਰ ਕੀਤਾ ਹੋਇਆ ਹੈ।

ਇਸ ਦੇ ਬਿਲਕੁਲ ਉਲਟ ਸਿੱਖ ਮਾਰਗ ’ਤੇ ਵੀਰ ਪਰਮਿੰਦਰ ਸਿੰਘ ਜੀ ਵਲੋਂ ਉਨ੍ਹਾਂ ਬਾਰੇ ਦਿੱਤੀ ਜਾਣਕਾਰੀ ਵਿਚ ਲਿਖਿਆ ਹੈ ਕਿ ਉਹ ਨਾਨਕ ਸਰੂਪਾਂ ਤੋਂ ਬਗੈਰ ਕਿਸੇ ਬਾਣੀ ਨੂੰ ਨਹੀਂ ਮੰਨਦੇ ਅਤੇ ਆਪਣਾ ਇਹ ਸਟੈਂਡ ਉਹ ਲੁਧਿਆਣੇ ਵਿਚਲੇ ਜਾਗਰੂਕ ਗੁਰਸਿੱਖਾਂ ਨਾਲ ਮੀਟਿੰਗਾਂ ਵਿਚ ਸਪਸ਼ਟ ਕਰਦੇ ਰਹੇ ਹਨ। ਦਿਲਚਸਪ ਜਾਣਕਾਰੀ ਅਨੁਸਾਰ ਪਿਛਲੇ ਸਾਲ ਸੰਪਾਦਕ ਸਪੋਕਸਮੈਨ ਵਲੋਂ ਲਿਖੇ ਵਿਵਾਦਿਤ ਸੰਪਾਦਕੀ ’ਤੇ ਵੀਚਾਰ ਲਈ ਜਦੋਂ ਜਾਗਰੂਕ ਪੰਥਕ ਵਿਦਵਾਨਾਂ ਦੀ ਮੀਟਿੰਗ ਲੁਧਿਆਣੇ ਵਿਚ ਹੋਈ ਤਾਂ ਇਹ ਉਥੇ ਸਾਰਿਆਂ ਤੋਂ ਉਲਟ ਸੰਪਾਦਕ ਸਪੋਕਸਮੈਨ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ, ਉਨ੍ਹਾਂ ਦੇ ਹੱਕ ਵਿਚ ਡੱਟ ਗਏ ਅਤੇ ਉਸ ਮੀਟਿੰਗ ਵਿਚ ਪਾਸ ਹੋਏ ਮਤਿਆਂ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ।

ਇਤਨੇ ਵੱਡੇ ਸ਼ੰਕੇ ਖੜੇ ਕਰਨ ਵਾਲੇ ਸ਼ਖਸ ਨੂੰ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਆਪ ਤਾਂ ਕੋਈ ਲਿਖਤੀ ਸਟੈਂਡ ਸਪਸ਼ਟ ਨਹੀਂ ਕੀਤਾ। ਦੋ ਵੀਰਾਂ ਨੂੰ ਆਪਾ ਵਿਰੋਧੀ ਸਟੈਂਡ ਦਸਣਾ ਇਹ ਸੰਦੇਸ਼ ਦਿੰਦਾ ਹੈ ਕਿ ਉਹ ਆਪ ਹੀ ਸਪਸ਼ਟ ਨਹੀਂ ਹੈ। ਉਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿਣਾ ਚਾਹੂੰਦੇ ਹਨ? ਮਿਲੀ ਜਾਣਕਾਰੀ ਅਨੁਸਾਰ ਉਹ ਸਿੱਖ ਮਿਸ਼ਨਰੀ ਕਾਲਿਜ ਲੁਧਿਆਣਾ ਦੇ ਅਹੁੱਦੇਦਾਰ ਹਨ, ਜੋ ਗੱਲ ਹੋਰ ਵੀ ਹੈਰਾਨੀਜਨਕ ਹੈ, ਕਿਉਂਕਿ ਸਿੱਖ ਮਿਸ਼ਨਰੀ ਕਾਲਿਜ ਗੁਰਮਤਿ ਤੋਂ ਵੀ ਵੱਧ ‘ਸਿੱਖ ਰਹਿਤ ਮਰਿਯਾਦਾ’ ਨੂੰ ਮਾਨਤਾ ਦੇਂਦਾ ਹੈ ਅਤੇ ਬੇਨਤੀ ਚੌਪਈ ’ਤੇ ਕਿੰਤੂ ਕਰਨ ਵਾਲੇ ਗੁਰਸਿੱਖਾਂ ਨੂੰ ਵੀ ਆਪਣੇ ਮੈਂਬਰ ਨਹੀਂ ਬਣਾਉਂਦਾ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ’ਤੇ ਇਤਨੇ ਵੱਡੇ ਕਿੰਤੂ ਕਰਨ ਵਾਲਾ ਸ਼ਖਸ ਉਨ੍ਹਾਂ ਦਾ ਅਹੁਦੇਦਾਰ ਹੈ, ਇਹ ਬੜੀ ਦਿਲਚਸਪ ਗੱਲ ਹੈ।

ਗੱਲ ਕਰਦੇ ਹਾਂ ਵੀਰ ਹਰਿਭਜਨ ਸਿੰਘ ਜੀ ਵਲੋਂ ਉਠਾਏ ਸਵਾਲਾਂ ਦੀ। ਮਿਲੀ ਜਾਣਕਾਰੀ ਅਨੁਸਾਰ ਵੀਰ ਜੀ ਪੰਚ ਖਾਲਸਾ ਦੀਵਾਨ ਭਸੌੜ ਦਾ ਲਿਟਰੇਚਰ ਵੰਡਦੇ ਹਨ, ਜੋ ਇਸ਼ਾਰਾ ਕਰਦਾ ਹੈ ਕਿ ਇਨ੍ਹਾਂ ਦਾ ਸਟੈਂਡ ਦਾ ਆਧਾਰ ਭਸੌੜ ਦੀਵਾਨ ਦੀ ਵਿਚਾਰਧਾਰਾ ਵੀ ਹੈ। ਆਪਣੇ ਇਸ ਪੈਂਫਲਿਟ ਵਿਚ ਵੀਰ ਜੀ ਨੇ ਭਗਤ, ਭੱਟ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਨੂੰ ਰੱਦ ਕਰਨ ਦੇ ਮਕਸਦ ਨਾਲ ਲਗਭਗ 65 ਸ਼ੰਕੇ (ਸਵਾਲ) ਖੜੇ ਕੀਤੇ ਹਨ। ਇਹ ਸ਼ੰਕੇ ਬਹੁਤ ਹੀ ਹਲਕੇ ਅਤੇ ਕੱਚੇ ਆਧਾਰਾਂ ਵਾਲੇ ਹਨ। ‘ਤੱਤ ਗੁਰਮਤਿ ਪਰਿਵਾਰ’ ਵਲੋਂ ਮੁੱਢਲੇ ਤੌਰ ’ਤੇ ਇਨ੍ਹਾਂ ਸਵਾਲਾਂ ਦੇ ਜਵਾਬ ਤਿਆਰ ਕਰ ਲਏ ਗਏ ਹਨ ਅਤੇ ਫਾਈਨਲ ਹੁੰਦੇ ਹੀ ਸਾਹਮਣੇ ਰੱਖੇ ਜਾਣਗੇ। ਸਿਰਫ ਮਿਸਾਲ ਲਈ ਇਕ ਦੋ ਸਵਾਲ ਲੈਂਦੇ ਹਾਂ।

ਪ੍ਰਮਾਣਿਕ ਬਾਣੀ ਰੱਦ ਕਰਨ ਦੇ ਮਕਸਦ ਨਾਲ ਖੜਾ ਕੀਤਾ ਇਨ੍ਹਾਂ ਦਾ ਇਕ ਸ਼ੰਕਾ ਹੈ ਕਿ ਨਿਤਨੇਮ ਵਿਚ ਭਗਤਾਂ ਦੀ ਬਾਣੀ ਦਾ ਇਕ ਵੀ ਸ਼ਬਦ ਨਹੀਂ ਹੈ, ਇਸ ਲਈ ਭਗਤ ਬਾਣੀ ਪ੍ਰਮਾਣਿਕ ਨਹੀਂ।

ਇਤਨੇ ਵੱਡੇ ਸ਼ੰਕੇ ਖੜੇ ਕਰਨ ਦਾ ਆਧਾਰ ਕਿਤਨਾ ਹਲਕਾ ਹੈ। ਨਿਤਨੇਮ ਵਿਚ ਤਾਂ ਮਹਲੇ 2, ਮਹਲੇ 9 ਦਾ ਇਕ ਵੀ ਸ਼ਬਦ ਨਹੀਂ ਹੈ। ਵੀਰ ਜੀ ਦੀ ਕਸਵੱਟੀ ਅਨੁਸਾਰ ਤਾਂ ਉਨ੍ਹਾਂ ਦੀ ਬਾਣੀ ਵੀ ਮਿਲਾਵਟ ਹੀ ਹੈ।

ਐਸੀ ਹੀ ਇਕ ਹੋਰ ਦਲੀਲ ਹੈ ਕਿ ‘ਅੰਮ੍ਰਿਤ ਸੰਸਕਾਰ’ ਵਿਚ ਕੋਈ ਸ਼ਬਦ ਭਗਤ ਬਾਣੀ ਦਾ ਨਹੀਂ ਹੈ, ਇਸ ਲਈ ਉਹ ਮਿਲਾਵਟ ਹੈ।

‘ਖੰਡੇ ਦੀ ਪਾਹੁਲ’ ਵਾਲੀ ਰਸਮ ਵਿਚ ਤਾਂ ਮਹਲਾ 2, ਮਹਲਾ 4, ਮਹਲਾ 5, ਮਹਲਾ 9 ਦਾ ਇਕ ਵੀ ਸ਼ਬਦ ਨਹੀਂ ਹੈ। ਵੀਰ ਜੀ ਦੀ ਹਲਕੀ ਦਲੀਲ ਅਨੁਸਾਰ ਤਾਂ ਉਨ੍ਹਾਂ ਦੀ ਬਾਣੀ ਵੀ ਮਿਲਾਵਟ ਹੀ ਮੰਨਣੀ ਚਾਹੀਦੀ ਹੈ।

ਪ੍ਰਮਾਣਿਕ ਬਾਣੀ ਉੱਤੇ ਇਤਨੇ ਕੱਚਘਰੜ ਤੇ ਹਲਕੀਆਂ ਦਲੀਲਾਂ ਨਾਲ ਕਿੰਤੂ ਖੜੇ ਕਰਨਾ ਤਾਂ ਕਿਸੇ ਸਿੱਖ ਦੀ ਸੁਹਿਰਦਤਾ ’ਤੇ ਹੀ ਸਵਾਲੀਆਂ ਨਿਸ਼ਾਨ ਲਾਉਂਦਾ ਹੈ। ਵੀਰ ਜੀ ਦੀ ਗੁਰਮਤਿ ਸਮਝ ਬਾਰੇ ਇਕ ਹੋਰ ਤੱਥ ਬਹੁਤ ਦਿਲਚਸਪ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਰਚਨਾਵਾਂ ਤਾਂ ਵੀਰ ਜੀ ਨੂੰ ਮਿਲਾਵਟ ਲਗਦੀਆਂ ਹਨ ਪਰ ਦਸਮ ਗ੍ਰੰਥ ਦੀ ਕੱਚੀਆਂ ਰਚਨਾਵਾਂ ਜਾਪ, ਬੇਨਤੀ ਚੌਪਈ ਆਦਿ (ਜਿਨ੍ਹਾਂ ਨੂੰ ਸੁਚੇਤ ਵਿਦਵਾਨ ਰੱਦ ਕਰ ਚੁੱਕੇ ਹਨ) ਪ੍ਰਮਾਣਿਕ ਲਗਦੀਆਂ ਹਨ। ਵੀਰ ਜੀ ਉਨ੍ਹਾਂ ਨੂੰ ਨਿਰੋਲ ਗੁਰਬਾਣੀ ਮੰਨਦੇ ਹਨ। ਵੀਰ ਜੀ ਬਾਰੇ ਵਿਚਾਰ ਤੋਂ ਅੰਦਾਜ਼ਾ ਲਗਦਾ ਹੈ ਕਿ ਉਹ ਪੰਚ ਖਾਲਸਾ ਦੀਵਾਨ ਭਸੌੜ ਦੀ ਗਲਤ ਮਾਨਤਾਵਾਂ ਨੂੰ ਹੁਣ ਤੱਕ ਅੰਤਿਮ ਸੱਚ ਮੰਨੀ ਬੈਠੇ ਹਨ। ਉਸ ਗਲਤ ਮਾਨਤਾ ਨੂੰ ਸਹੀ ਸਿੱਧ ਕਰਨ ਲਈ ਐਸੀਆਂ ਹਲਕੀਆਂ ਦਲੀਲਾਂ ਦੇ ਰਹੇ ਹਨ।

ਇਸ ਮੁੱਦੇ ਨੂੰ ਅੱਜ ਦੇ ਸਮੇਂ ਵਿਚ ਉਠਾ ਰਹੀ ਦੂਜੀ ਧਿਰ ਜੋਗਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਪੋਕਸਮੈਨ ਹੈ।

ਰੋਜ਼ਾਨਾ ਸਪੋਕਸਮੈਨ ਵਿਚ ਬਹੁਤ ਪਹਿਲਾਂ ਤੋਂ ਹੀ ਭਗਤ ਮਹਾਂਪੁਰਖਾਂ ਆਦਿ ਦੀ ਬਾਣੀ ਨੂੰ ਮਿਲਾਵਟ ਮੰਨਣ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਇਸ ਬਾਣੀ ’ਤੇ ਕਿੰਤੂ ਉਠਾਉਣ ਵਿਚ ਸਭ ਤੋਂ ਵੱਧ ਯੋਗਦਾਨ ਹਰਭਜਨ ਸਿੰਘ ਜੀ ਜਨਚੇਤਨਾ ਨੇ ਆਪਣੇ ਇਕ ਨਿਯਮਿਤ ਕਾਲਮ ‘ਅੱਜ ਦਾ ਇਤਿਹਾਸ’ ਰਾਹੀਂ ਪਾਇਆ। ਜੋਗਿੰਦਰ ਸਿੰਘ ਜੀ ਵੀ ਆਪਣੀਆਂ ਸੰਪਾਦਕੀਆਂ ਰਾਹੀਂ ਸਿੱਧੇ/ਅਸਿੱਧੇ ਐਸੇ ਸ਼ੰਕੇ ਉਠਾਉਂਦੇ ਰਹੇ ਹਨ। ਵੈਸੇ ਵੀਰ ਹਰਭਜਨ ਸਿੰਘ ਡਾਬਾ ਲੁਧਿਆਣਾ ਵਾਂਗ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਦਾ ਸਟੈਂਡ ਵੀ ਇਸ ਮੁੱਦੇ ’ਤੇ ਸਪਸ਼ਟ ਅਤੇ ਦ੍ਰਿੜ ਨਹੀਂ ਬਲਕਿ ਆਪਾਵਿਰੋਧੀ ਹੈ। ਪਿੱਛਲੇ ਸਮੇਂ ਵਿਚ ਇਹ ਇਕ ਦੋ ਵਾਰ ਆਪਣੇ ਪਹਿਲੇ ਪੰਨੇ ’ਤੇ ਸਪਸ਼ਟੀਕਰਨ ਦੇ ਚੁੱਕੇ ਹਨ ਕਿ ਉਹ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿਚਲੀ ਸਾਰੀ ਬਾਣੀ ਨੂੰ ਪ੍ਰਮਾਣਿਕ ਮੰਨਦੇ ਹਨ। ਪਰ ਗਾਹੇ-ਬਗਾਹੇ ਇਸ ਬਾਰੇ ਸ਼ੰਕੇ ਵੀ ਖੜੇ ਕਰਦੇ ਰਹਿੰਦੇ ਹਨ। ਜੋਗਿੰਦਰ ਸਿੰਘ ਜੀ ਨਾਲ ਨਿੱਜੀ ਤੌਰ ’ਤੇ ਵਿਚਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਾਬਾ ਨਾਨਕ ਜੀ ਤੋਂ ਸਿਵਾ ਹੋਰ ਕਿਸੇ ਦੀ ਬਾਣੀ ਨੂੰ ਪ੍ਰਮਾਣਿਕ ਨਹੀਂ ਮੰਨਦੇ। ਪਰ ਮੀਡੀਆ ਵਿਚ ਇਹ ਗੱਲ ਕਹਿਣ ਤੋਂ ਸੰਕੋਚ ਕਰਦੇ ਹਨ। ਸ਼ਾਇਦ ਆਪਣੀ ਇਸੇ ਸੋਚ ਨੂੰ ਅਸਿੱਧੇ ਤਰੀਕੇ ਪੇਸ਼ ਕਰਨ ਦੇ ਮਕਸਦ ਨਾਲ ਉਹ ਬਾਬਾ ਨਾਨਕ ਜੀ ਦੀ ਪੋਥੀ ਲੱਭਣ ਦੀ ਹਵਾਈ ਗੱਲਾਂ ਕਰਦੇ ਰਹਿੰਦੇ ਹਨ।

ਸਪੋਕਸਮੈਨ ਵਲੋਂ ਇਸ ਵਿਸ਼ੇ ’ਤੇ ਉਠਾਏ ਗਏ ਸ਼ੰਕਿਆਂ ਦੇ ਆਧਾਰ ਕੋਈ ਠੋਸ ਨਹੀਂ ਹਨ। ਜਨਚੇਤਨਾ ਜੀ ਨੇ ਆਪਣੇ ਸ਼ੰਕਿਆਂ ਦੇ ਹੱਕ ਵਿਚ ਬਹੁਤੀਆਂ ਦਲੀਲਾਂ ਪੰਚ ਖਾਲਸਾ ਦੀਵਾਨ ਭਸੌੜ ਦੀ ਤਰਜ਼ ਦੀਆਂ ਦਿਤੀਆਂ, ਜਿਸ ਦੇ ਕੱਚੇਪਨ ਅਤੇ ਹਲਕੇਪਨ ਦਾ ਨਮੂਨਾ ਅਸੀਂ ਉਪਰ ਵੇਖ ਆਏ ਹਾਂ। ਉਨ੍ਹਾਂ ਦੀਆਂ ਲਿਖਤਾਂ ਸੰਬੰਧੀ ਜਦੋਂ ਕੁਝ ਜਾਗਰੂਕ ਪੰਥਦਰਦੀਆਂ ਨੇ ਉਨ੍ਹਾਂ ਨੂੰ ਬੈਠ ਕੇ ਚਰਚਾ ਕਰਨ ਲਈ ਕਿਹਾ ਤਾਂ ਉਹ ਟਾਲਾ ਵੱਟ ਗਏ। ਸੰਪਾਦਕ ਜੋਗਿੰਦਰ ਸਿੰਘ ਜੀ ਵਲੋਂ ਖੜੇ ਕੀਤੇ ਸ਼ੰਕਿਆਂ ਬਾਰੇ ਕੋਈ ਠੋਸ ਦਲੀਲਾਂ ਅਤੇ ਆਧਾਰ ਨਹੀਂ ਦਿਤੇ ਜਾਂਦੇ। ਉਹ ਮੁੜ ਥੁੜ ਕੇ ਕਾਨ੍ਹ ਸਿੰਘ ਜੀ ਨਾਭਾ ਦੀ ਇਕ ਟਿੱਪਣੀ ਨੂੰ ਹਵਾਲੇ ਵਜੋਂ ਪੇਸ਼ ਕਰਦੇ ਹੋਏ, ਉਨ੍ਹਾਂ ਵਲੋਂ ਲਿਖੇ ਕਿਸੇ ਖਰੜੇ ‘ਗੁਰੂ ਗਿਰਾ ਕਸੌਟੀ’ (ਜੋ ਪ੍ਰਕਾਸ਼ਿਤ ਨਹੀਂ ਹੋਇਆ) ਦਾ ਹਵਾਲਾ ਦਿੰਦੇ ਹਨ। ਭਾਈ ਕਾਹਨ ਸਿੰਘ ਜੀ ਨਾਭਾ ਦੀ ਇਕ ਟਿੱਪਣੀ ਦਾ ਇਹ ਭਾਵ ਨਹੀਂ ਨਿਕਲਦਾ ਕਿ ਉਹ ਬਾਬਾ ਨਾਨਕ ਤੋਂ ਸਿਵਾ ਸਾਰੀ ਬਾਣੀ ਮਿਲਾਵਟ ਮੰਨਦੇ ਸਨ। ਉਨ੍ਹਾਂ ਦੇ ਪ੍ਰਕਾਸ਼ਿਤ ਕੰਮਾਂ (ਗੁਰਮਤਿ ਮਾਰਤੰਡ ਅਤੇ ਹੋਰ) ਤੋਂ ਤਾਂ ਐਸਾ ਕੋਈ ਸੰਕੇਤ ਨਹੀਂ ਮਿਲਦਾ। ਇਹ ਸਭ ਤੋਂ ਆਸਾਨ ਤਰੀਕਾ ਹੈ ਕਿ ਕਿਸੇ ਗੁਜ਼ਰ ਚੁਕੇ ਵਿਦਵਾਨ ਦਾ ਨਾਂ ਲੈਕੇ ਅਪੁਸ਼ਟ ਹਵਾਲਾ ਦੇ ਦੇਵੋ ਕਿਉਂਕਿ ਪਤਾ ਹੈ ਕਿ ਉਸ ਨੇ ਸਪਸ਼ਟੀਕਰਨ ਦੇਣ ਲਈ ਤਾਂ ਆਉਣਾ ਨਹੀਂ। ਪਰ ਇਹ ਆਧਾਰ ਹੈ ਬਹੁਤ ਕੱਚਘਰੜ ਅਤੇ ਹਲਕਾ। ਦੂਜਾ ਸਪੋਕਸਮੈਨ ਇਕਤਰਫਾ ਸੰਚਾਰ (ਵਨ ਵੇ ਕਮਿਉਨੀਕੇਸ਼ਨ) ਹੈ, ਇਸ ਵਿਚ ਵਿਰੋਧੀ ਵਿਚਾਰ ਲਈ ਕੋਈ ਥਾਂ ਨਹੀਂ ਹੈ। ਜਵਾਬਦੇਹੀ ਦਾ ਫਰਜ਼ ਤਾਂ ਇਹ ਦੂਸਰਿਆਂ ਨੂੰ ਚੇਤੇ ਕਰਵਾਉਣਾ ਹੀ ਜਾਣਦਾ ਹੈ। ਆਪ ਤਾਂ ਇਸ ਦੀ ਜਵਾਬਦੇਹੀ ਤੋਂ ਮੁਨਕਰ ਹੋਣ ਦੀ ਪ੍ਰਵਿਰਤੀ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ। ਸੋ ਇਨ੍ਹਾਂ ਦੀ ਇਸ ਵਿਸ਼ੇ ’ਤੇ ਪਹੁੰਚ ਇਸ ਦੀ ਸੁਹਿਰਦਤਾ ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ।

20 ਜੁਲਾਈ 2011 ਨੂੰ ਲਿਖੇ ਆਪਣੇ ਸੰਪਾਦਕੀ ਵਿਚ ਵੀ ਉਹ ਆਧਾਰ ਰਹਿਤ ਗੱਲਾਂ ਕਰ ਗਏ। ਇਕ ਪਾਸੇ ਤਾਂ ਉਹ ਕਹਿ ਰਹੇ ਹਨ ਕਿ ‘ਆਦਿ ਗ੍ਰੰਥ’ ਦੇ ਸਰੂਪਾਂ ਵਿਚ ਵਿਰੋਧੀ ਲੋਕਾਂ ਵਲੋਂ ਬਹੁਤ ਫੇਰ ਬਦਲ ਕਰ ਦਿਤੇ, ਪਰ ਦੂਜੇ ਪਾਸੇ ਅੱਜ ਜਦੋਂ ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਵਿਚ ਲਗਾਂ ਮਾਤਰਾਂ ਬਦਲਨ ਅਤੇ ਖਾਲੀ ਪੱਤਰੇ ਛੱਡਣ ਦੀ ਸ਼ਰਾਰਤ ਸਾਹਮਣੇ ਆਈ ਹੈ, ਤਾਂ ਉਸ ਦਾ ਵਿਰੋਧ ਕਰਨ ਨੂੰ ਬੇਲੋੜਾ ਦੱਸ ਕੇ ਛੁਟਿਆ ਰਹੇ ਹਨ। ਇਸੇ ਤਰ੍ਹਾਂ ਬਾਬਾ ਨਾਨਕ ਪਾਤਸ਼ਾਹ ਜੀ ਦੀ ਅਸਲ ਪੋਥੀ ਪ੍ਰਾਪਤ ਕਰਨ ਦੇ ਹਵਾਈ ਸ਼ੋਸ਼ੇ ਵੀ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਵਿਚ-ਵਿਚ ਛੱਡਦੇ ਰਹਿੰਦੇ ਹਨ। ਇਕ ਪਾਸੇ ਤਾਂ ਉਹ ਗੈਰ-ਪ੍ਰਮਾਣਿਕਤਾ ਦੇ ਨਾਂ ’ਤੇ ਲਗਭਗ ਸਾਰੀਆਂ ਬਾਣੀਆਂ ਰੱਦ ਕਰਨ ਦੀ ਦਲੀਲ ਦੇਂਦੇ ਹਨ ਦੂਜੇ ਪਾਸੇ ਕਿਸੇ ਗੁੰਮਨਾਮ ਅਤੇ ਅੰਜਾਣ ਜਿਹੀ ਖਿਆਲੀ ਪੋਥੀ ਨੂੰ ਲੱਭ ਕੇ ਪ੍ਰਮਾਣਿਕ ਮੰਨ ਲੈਣ ਦਾ ਹੋਕਾ ਦੇਂਦੇ ਹਨ। ਜੇ ਉਹ ਆਪ ਅਨੇਕਾਂ ਬਹੁਤ ਹੱਦ ਤੱਕ ਪ੍ਰਮਾਣਿਕ ਸਰੋਤਾਂ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਰੱਦ ਮੰਨ ਲੈਣ ਦੀ ਗੱਲ ਕਰਦੇ ਹਨ ਤਾਂ ਉਹ ਕਿਵੇਂ ਸੋਚ ਲੈਂਦੇ ਹਨ ਕਿ ਉਨ੍ਹਾਂ ਵਲੋਂ ਜੇ ਕੋਈ ਐਸੀ ਗੁਮਨਾਮ ਜਿਹੀ ਪੋਥੀ ਕਿਧਰੋਂ ਪ੍ਰਕਟ ਕਰ ਵੀ ਦਿੱਤੀ ਗਈ ਤਾਂ ਸਾਰੇ ਉਸ ਨੂੰ ਪ੍ਰਮਾਣਿਕ ਮੰਨ ਲੈਣਗੇ। ਛੋਟੇ ਮੋਟੇ ਵਖਰੇਂਵਿਆਂ ਨੂੰ ਤੂਲ ਦੇ ਕੇ ਤਕਰੀਬਨ ਸਾਰੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਰੱਦ ਕਰਨ ਦੀ ਉਨ੍ਹਾਂ ਦੀ ਪਹੁੰਚ ਤੋਂ ਪਰੇਸ਼ਾਨ ਲੋਕਾਂ ਨੇ ਕੁਝ ਸਮਾਂ ਪਹਿਲਾਂ ਇਕ ਐਸ. ਐਮ. ਐਸ. ਸਰਕੁਲੇਟ ਕੀਤਾ ਸੀ ਕਿ “ਜੋਗਿੰਦਰ ਸਿੰਘ ਅਨੁਸਾਰ ਸਾਰਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਸਿੱਖਾਂ ਕੋਲ ਹੁਣ ਪ੍ਰਮਾਣਿਕ ਸਿਰਫ ਜੋਗਿੰਦਰ ਸਿੰਘ ਦੇ ਨਿੱਜੀ ਡਾਇਰੀ ਦੇ ਪੰਨੇ ਹੀ ਬਚੇ ਹਨ। ਇਸ ਲਈ ਉਨ੍ਹਾਂ ਨੂੰ ਇਨ੍ਹਾਂ ਪੰਨਿਆਂ ਦੀ ਪੋਥੀ ਬਣਾ ਕੇ ਉਸ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ”।

ਨਿਚੋੜ : ਹੁਣ ਸਵਾਲ ਉਠਦਾ ਹੈ ਕਿ ਐਸੇ ਮੁਦਿਆਂ ਨੂੰ ਸੰਭਾਲਿਆ ਕਿਵੇਂ ਜਾਵੇ? ਗੁਰਮਤਿ ਵਿਚ ‘ਗਿਆਨ ਖੜਗ’ ਨੂੰ ਹੀ ਵੱਧ ਮਾਨਤਾ ਦਿਤੀ ਗਈ ਹੈ। ਇਹ ਨੁਕਤਾ ਤਾਂ ਹੈ ਹੀ ਗਿਆਨ ਖੜਗ ਨਾਲ ਹੱਲ ਹੋਣ ਵਾਲਾ। ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਸਮੇਂ ਸਾਡੇ ਕੌਲ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਦੇ ਮੂਲ ਸਰੂਪ ਨਹੀਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਵੱਡੇ ਹਿੱਸੇ ਨੂੰ ਮਿਲਾਵਟ ਮੰਨ ਲਿਆ ਜਾਵੇ। ਸੱਚਾਈ ਇਹ ਵੀ ਹੈ ਕਿ ਇਸ ਸਰੂਪ ਦੇ ਉਤਾਰੇ ਇਸ ਦੇ ਜਨਮ ਨਾਲ ਹੀ ਹੋਣੇ ਸ਼ੁਰੂ ਹੋ ਗਏ ਸਨ। ਇਸ ਵਿਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਜਪੁ ਤੋਂ ਮੁੰਦਾਵਣੀ ਤੱਕ ਦੀ ਬਾਣੀ (ਛੋਟੇ ਮੋਟੇ ਫਰਕਾਂ ਨਾਲ) ਲਗਭਗ ਸਾਰਿਆਂ ਸਰੂਪਾਂ ਵਿਚ ਸ਼ਾਮਿਲ ਹੈ।

ਹਰ ਇਕ ਮੱਤ ਦੀ ਨੀਂਹ ਕੁਝ ਮੂਲ ਅਧਾਰਾਂ ਤੇ ਟਿੱਕੀ ਹੁੰਦੀ ਹੈ। ਗੁਰਮਤਿ ਦੀ ਨੀਂਹ ਅਕਾਲ ਪੁਰਖ ਦੀ ਹੋਂਦ, ਦਸ ਨਾਨਕ ਸਰੂਪਾਂ ਦੀ ਰਹਿਬਰੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਇਨ੍ਹਾਂ ਤਿੰਨ ਮੂਲ ਆਧਾਰਾਂ ’ਤੇ ਟਿਕੀ ਹੋਈ ਹੈ। ਹਰ ਕਿਸੇ ਨੂੰ ਹੱਕ ਹੈ, ਉਹ ਜਿਸ ਮਰਜ਼ੀ ਮੱਤ ਨੂੰ ਅਪਨਾ ਲਵੇ। ਪਰ ਇਕ ਸਿੱਖ ਲਈ ਇਨ੍ਹਾਂ ਤਿੰਨਾਂ ਮੂਲ ਆਧਾਰਾਂ ’ਤੇ ਵਿਸ਼ਵਾਸ ਦਾ ਧਾਰਨੀ ਹੋਣਾ ਜ਼ਰੂਰੀ ਹੈ।

ਕਿਸੇ ਵੀ ਚੰਗੇ ਮੱਤ ਨੂੰ ਨੀਂਵਾ ਵਿਖਾਉਣ ਜਾਂ ਉਸ ਬਾਰੇ ਭੁਲੇਖੇ ਖੜਨ ਕਰਨ ਦਾ ਯਤਨ ਵਿਰੋਧੀ ਤਾਕਤਾਂ ਵਲੋਂ ਹਮੇਸ਼ਾਂ ਕੀਤਾ ਜਾਂਦਾ ਰਿਹਾ ਹੈ। ਇਸ ਵਿਚਾਰਧਾਰਕ ਹਮਲੇ ਦਾ ਸਭ ਤੋਂ ਵੱਡਾ ਹਥਿਆਰ ਮੂਲ਼ ਆਧਰਾਂ ਬਾਰੇ ਸ਼ੰਕੇ ਖੜੇ ਕਰਨਾ ਹੁੰਦਾ ਹੈ। ਪਰ ਸੁਚੇਤ ਕੌਮ ਨੂੰ ਐਸੇ ਹਮਲਿਆਂ ਨੂੰ ਸਹੀ ਤਰੀਕੇ ਸੰਭਾਲਣਾ ਬਹੁਤ ਜ਼ਰੂਰੀ ਹੈ। ਐਸੇ ਵਿਚਾਰਧਾਰਕ ਹਮਲੇ ਭਾਂਵੇ ਬਾਹਰੋਂ ਹੋਣ (ਜਿਵੇਂ ਮੈਕਲਾਉਡ ਅਤੇ ਆਰ. ਐਸ. ਐਸ. ਆਦਿ) ਜਾਂ ਗਲਤ ਧਾਰਨਾ ਕਾਰਨ ਅੰਦਰੋਂ ਉਠੱਣ (ਜਿਵੇਂ ਪੰਚ ਖਾਲਸਾ ਦੀਵਾਨ ਭਸੌੜ ਆਦਿ) ਉਨ੍ਹਾਂ ਦਾ ਯੋਗ ਤਰੀਕੇ ਨੋਟਿਸ ਲੈਣਾ ਜ਼ਰੂਰੀ ਹੈ। ਸ਼ਰਧਾ ਹੇਠ ਜ਼ਜ਼ਬਾਤੀ ਹੋ ਕਿ ਚੰਗੀ ਜਾਂ ਮਾੜੀ ਨੀਅਤ ਨਾਲ ਐਸੇ ਸ਼ੰਕੇ ਖੜੇ ਕਰਨ ਵਾਲਿਆਂ ਖਿਲਾਫ ਫਤਵੇਬਾਜ਼ੀ (ਆਰ. ਐਸ. ਐਸ. ਦੇ ਏਜੰਟ ਹਨ, ਧ੍ਰਿਕਾਰ ਹੈ) ਕਰਕੇ ਅਸੀਂ ਮਨ ਦੀ ਭੜਾਸ ਜ਼ਰੂਰ ਕੱਢ ਸਕਦੇ ਹਾਂ ਅਤੇ ਆਮ ਸਿੱਖਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਪਰ ਇਹ ਤਰੀਕਾ ਦੁਨੀਆਂ ਦੇ ਸੁਚੇਤ ਲੋਕਾਂ ਸਾਹਮਣੇ ਸਾਡੀ ਸ਼ਾਖ ਖਰਾਬ ਕਰਦਾ ਹੈ। ਸਾਡਾ ਇਹ ਰਵੱਈਆ ਸ਼ੰਕਾਕਾਰਾਂ ਨੂੰ ਇਹ ਦੁਸ਼-ਪ੍ਰਚਾਰ ਕਰਨ ਦਾ ਮੌਕਾ ਦਿੰਦਾ ਹੈ ਕਿ ਸਿੱਖ ਤਾਂ ਸਿਰਫ ਲੱਠਮਾਰੀ ਦੀ ਭਾਸ਼ਾ ਹੀ ਜਾਨਦੇ ਹਨ। ਐਸੇ ਹਮਲਿਆਂ ਸਮੇਂ ਸਹਿਜ ਅਤੇ ਠਰੰਮੇ ਨਾਲ, ਉਠਾਏ ਸ਼ੰਕਿਆਂ ਬਾਰੇ ਦਲੀਲ ਨਾਲ ਸੱਚਾਈ ਸਾਹਮਣੇ ਲਿਆ ਕੇ ਵਿਰੋਧੀ ਧਿਰ ਨੂੰ ਨਿਰੁੱਤਰ ਕਰਨਾ ਬਣਦਾ ਹੈ।

ਜਿਥੋਂ ਤੱਕ ਇਸ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਣਿਕਤਾ ਦੇ ਵਿਸ਼ੇ ਦੀ ਗੱਲ ਹੈ ਤਾਂ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਨਾਨਕ ਸਰੂਪਾਂ ਤੋਂ ਬਗੈਰ ਹੋਰ ਬਾਣੀਆਂ ਨੂੰ ਮਿਲਾਵਟ ਹੋਣ ਦਾ ਵਿਚਾਰ ਦੇਣ ਵਾਲੀਆਂ ਧਿਰਾਂ ਦੇ ਆਧਾਰ ਅਤੇ ਦਲੀਲਾਂ ਬਹੁਤ ਕੱਚੀਆਂ ਅਤੇ ਹਲਕੀਆਂ ਹਨ। ਵੀਰ ਹਰਭਜਨ ਸਿੰਘ ਜੀ ਡਾਬਾ, ਜੋਗਿੰਦਰ ਸਿੰਘ ਜੀ ਸਮੇਤ ਅਪਣੇ ਆਪ ਨੂੰ ਸੁਹਿਰਦ ਮੰਨਣ ਵਾਲੇ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਐਸੈ ਸ਼ੰਕੇ ਖੜੇ ਕਰਨ ਵਾਲਿਆਂ ਦਾ ਦਲੀਲ ਨਾਲ ਜਵਾਬ ਦੇ ਕੇ ਉਸ ਨੂੰ ਨਿਰ-ਉਤਰ ਕਰਵਾਉਣ। ਪਰ ਡਾਬਾ ਜੀ ਤਾਂ ਪੰਚ ਖਾਲਸਾ ਦੀਵਾਨ ਦੀਆਂ ਗਲਤ ਮਾਨਤਾ ਨੂੰ ਹੀ ਅੰਤਿਮ ਸੱਚ ਮੰਨ ਕੇ ਰਾਹ ਤੋਂ ਭਟਕ ਗਏ। ਸਿੱਖਾਂ ਦੀ ਇਹ ਕਮਜ਼ੋਰੀ ਹੈ ਕਿ ਉਹ ਜਿਸ ਧੜੇ ਜਾਂ ਸ਼ਖਸੀਅਤ ਨਾਲ ਮਨ ਕਰ ਕੇ ਜੁੜ ਜਾਂਦੇ ਹਨ ਫੇਰ ਉਸ ਦੀ ਧਾਰਨਾ ਨੂੰ ਹੀ ਬਿਲਕੁਲ਼ ਸਹੀ ਮੰਨ ਕੇ ਤੁਰ ਪੈਂਦੇ ਹਨ। ਅਖੰਡ ਕੀਰਤਨੀ ਜਥਾ, ਨਾਨਕਸਰੀਏ ਆਦਿ ਇਸਦੀ ਸਪਸ਼ਟ ਮਿਸਾਲ ਹਨ। ਉਹ ਸਵੈ-ਪੜਚੋਲ ਕਰਨ ਦਾ ਜਤਨ ਨਹੀਂ ਕਰਦੇ। ਡਾਬਾ ਜੀ ਵੀ ਪੰਚ ਖਾਲਸਾ ਦੀਵਾਨ ਦੀ ਗਲਤ ਧਾਰਨ ਨਾਲ ਕੁਝ ਐਸੀ ਤਰ੍ਹਾਂ ਹੀ ਜੁੜ ਗਏ ਹਨ। ਦੂਜੀ ਤਰਫ ਸਪੋਕਸਮੈਨ ਮੈਕਲਾਉਡ ਵਰਗੇ ਮਾੜੀ ਨੀਅਤ ਪਲਾਂਟਿਡ ਵਿਦਵਾਨਾਂ ਦੇ ਹਲਕੇ ਤੱਥਾਂ ਨੂੰ ਦਲੀਲ ਨਾਲ ਨੰਗਾ ਕਰਨ ਦਾ ਕੰਮ ਚੰਗੇ ਤਰੀਕੇ ਕਰ ਸਕਦਾ ਸੀ, ਪਰ ਜੋਗਿੰਦਰ ਸਿੰਘ ਜੀ ਨੇ ਤਾਂ ਮੈਕਲਾਉਡ ਦੀ ਗੱਲਾਂ ਨੂੰ ਹੀ ਅੰਤਿਮ ਸੱਚ ਮੰਨ ਲਿਆ ਲਗਦਾ ਹੈ। ਉਹ ਬਿਨਾਂ ਕਿਸੇ ਠੋਸ ਆਧਾਰ ਦੇ, ਇਨ੍ਹਾਂ ਸਾਰੇ ਸ਼ੰਕਿਆਂ ਨੂੰ ਸਹੀ ਮੰਨ ਕੇ ਇਕਪਾਸੜ ਤੌਰ ਤੇ ਉਸ ਦੇ ਬੁਲਾਰੇ ਹੀ ਬਣ ਰਹੇ ਲਗਦੇ ਹਨ।

ਪਰ ਮੌਜੂਦਾ ਸਰੂਪ ਵਿਚਲੀਆਂ ਛੋਟੀਆਂ ਮੋਟੀਆਂ ਵਿਸੰਗਤੀਆਂ (ਜਿਵੇਂ ਰਾਗਮਾਲਾ, ਇੱਕਾ ਦੁੱਕਾ ਸ਼ਬਦਾਂ ਦੀ ਤਰਤੀਬ ਵਿਚ ਅਸੰਗਤੀ ਅਤੇ ਅਧੂਰਾਪਨ, ਮੰਗਲਾਂ ਦੀ ਸਥਿਤੀ ਆਦਿਕ) ਨੂੰ ਵੀ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ ਹੈ। ਇਹ ਛੋਟੀਆਂ ਮੋਟੀਆਂ ਵਿਸੰਗਤੀਆਂ ਵਿਰੋਧੀ ਧਿਰਾਂ ਨੂੰ ਵੱਡੇ ਸ਼ੰਕੇ ਖੜੇ ਕਰਨ ਦਾ ਆਧਾਰ ਦੇਂਦੀਆਂ ਹਨ। ਇਹ ਠੀਕ ਹੈ ਕਿ ਇਹਨਾਂ ਵਿਸੰਗਤੀਆਂ ਬਾਰੇ ਖੁਲੇਆਮ ਜਨਤਕ ਤੌਰ ਤੇ ਵੀਚਾਰ ਕਰਨਾ ਠੀਕ ਨਹੀਂ ਹੈ। ਇਸ ਲਈ ਯੋਗ ਸੁਚੇਤ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕਰਕੇ ਵਿਸੰਗਤੀਆਂ ਦੂਰ ਕਰਨ ਦੇ ਉਪਰਾਲੇ ਕੀਤੇ ਜਾਣ। ਇਕ ਵਾਰ ਇਹ ਵਿਸੰਗਤੀਆਂ ਦੂਰ ਹੋ ਜਾਣ ਤਾਂ ਵੱਡੇ ਸ਼ੰਕਿਆਂ ਬਾਰੇ ਨਿਰੁੱਤਰ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ।

ਇਸ ਸੰਬੰਧੀ ਜਾਗਰੂਕ ਪੰਥ ਨੂੰ ਬਹੁਤ ਸੁਚੇਤ ਹੋ ਕਿ ਠਰੰਮੇ ਨਾਲ ਸੋਚ ਵਿਚਾਰ ਕਰਨ ਉਪਰੰਤ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ। ਸ਼ਰਧਾ ਅਤੇ ਜ਼ਜ਼ਬਾਤਾਂ ਹੇਠ ਸ਼ੰਕੇ ਖੜੇ ਕਰਨ ਵਾਲਿਆਂ ਬਾਰੇ ਬੌਖਲਾਹਟ ਵਿਚ ਫਤਵੇਬਾਜ਼ੀ ਕਰਨ ਦਾ ਰੁਝਾਣ ਨਾ ਹੀ ਠੀਕ ਹੈ ਤੇ ਨਾ ਹੀ ਇਸ ਮਸਲੇ ਦਾ ਹੱਲ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top