Share on Facebook

Main News Page

ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਪਾਤਰ

“ਜਨਵਰੀ 1944 ਵਿੱਚ ਸ. ਜੀ.ਬੀ. ਸਿੰਘ ਨੇ ਇਕ ਪੁਸਤਕ ਛਪਵਾਈ ਜਿਸ ਦਾ ਨਾਮ ‘ਪ੍ਰਾਚੀਨ ਬੀੜਾਂ’ ਹੈ।ਭਾਈ ਕਾਨ੍ਹ ਸਿੰਘ ਸਾਹਿਬ ਦੀ ਚਿੱਠੀ ਦੇ ਅਧਾਰ ਤੇ ਅਤੇ ਕੁੱਝ ਆਪਣੇ ਕੋਲੋਂ ਯੁਕਤਿਆਂ ਘੜ ਕੇ ਉਨ੍ਹਾਂ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਬੀੜ ਉਹ ਨਹੀਂ ਜੋ ਗੁਰੂ ਅਰਜਨ ਸਾਹਿਬ ਨੇ ਤਿਆਰ ਕਰਵਾਈ।ਉਸਦਾ ਪੁਰਨ ਉੱਤਰ ਤਾਂ ਮੈਂ ਅਗੇ ਆਪਣੀ ਪੁਸਤਕ “ਪ੍ਰਾਚੀਨ ਬੀੜਾਂ ਬਾਰੇ” ਜੋ ਲਾਹੋਰ ਬੁੱਕ ਸ਼ਾਪ ਲੁਧਿਆਣਾ ਨੇ 1847 ਵਿਚ ਪ੍ਰਕਾਸ਼ਿਤ ਕੀਤੀ, ਦੇ ਚੁਕਿਆ ਹਾਂ। ਉਸ ਉੱਤਰ ਨੂੰ ਤਿਆਰ ਕਰਨ ਲਈ ਮੈਂ ਦੋ ਵਾਰ ਫਿਰ ਬੀੜ ਦੇ ਦਰਸ਼ਨ ਕੀਤੇ। ਇਕ 11 ਨਵੰਬਰ 1945 ਨੂੰ ਲਗਪਗ ਸਾਢੇ 6 ਘੰਟੇ ਲਈ, ਜਦੋਂ ਪ੍ਰੋਫੈਸਰ ਸਾਹਿਬ ਸਿੰਘ, ਮਾਸਟਰ ਕੇਹਰ ਸਿੰਘ ਜੀ ਡਰਾਇੰਗ ਮਾਸਟਰ ਕਾਲੀਜੀਏਟ ਸਕੂਲ, ਸ਼੍ਰੀ ਅੰਮ੍ਰਿਤਸਰ ਤੇ ਮਾਸਟਰ ਕਰਮ ਸਿੰਘ ਜੀ ਗੰਗਾਵਾਲੀਆ ਮੇਰੇ ਨਾਲ ਸਨ।ਦੁਜੀ ਵਾਰ ਫਿਰ ਅਗਸਤ 1946 ਵਿਚ ਪੰਜ ਦਿਨ ਰਹ ਕੇ ਦਰਸ਼ਨ ਕੀਤੇ। ਮੇਰੇ ਨਾਲ ਖਾਲਸਾ ਸਮਾਚਾਰ ਦੇ ਐਡੀਟਰ ਭਾਈ ਮਹਾਂ ਸਿੰਘ ਜੀ ਗਿਆਨੀ ਸਨ ਤੇ ਪਤਰੇ ਵਾਰ ਵੇਰਵਾ ਜੋ ਹੁਣ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤਾ ਜਾ ਰਿਹਾ ਹੈ ਤਿਆਰ ਕੀਤਾ। ਜਿਸ ਤੋਂ ਪਾਠਕਾਂ ਨੂੰ ਪੁਰਨ ਨਿਸ਼ਚਾ ਹੋ ਜਾਵੇਗਾ ਕਿ ਈਹੋ ਹੀ ਅਸਲ ਬੀੜ ਹੈ ਜੋ ਪੰਚਮ ਪਾਤਿਸ਼ਾਹ ਨੇ ਤਿਆਰ ਕਰਵਾਈ”

(ਮੁਖਬੰਧ- ਸ਼੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ, ਭਾਈ ਜੋਧ ਸਿੰਘ)

ਉਪਰੋਕਤ ਪੈਰੇ ਦੇ ਅੱਗੇ ਭਾਈ ਜੋਧ ਸਿੰਘ ਜੀ ਨੇ ਤਰਕ ਪੁਰਨ ਢੰਗ ਨਾਲ ਸ. ਜੀ. ਬੀ. ਸਿੰਘ ਜੀ ਦੀਆਂ ਮਿਥੀਆਂ ਅਸਲ ਆਦਿ ਬੀੜ ਦਿਆਂ ਤਿੰਨ ਨਿਸ਼ਾਨੀਆਂ ਨੂੰ ਵਿਸਤਾਰ ਨਾਲ ਕਰਤਾਰਪੁਰੀ ਬੀੜ ਵਿਚ ਮੋਜੂਦ ਸਾਬਤ ਕੀਤਾ ਹੈ।ਧਿਆਨ ਦੇਂਣ ਯੋਗ ਗੱਲ ਇਹ ਵੀ ਹੈ ਕਿ ਭਾਈ ਕ੍ਹਾਨ ਸਿੰਘ ਜੀ ਨੇ 23 ਜਨਵਰੀ 1918 ਨੂੰ ‘ਪੰਥਕ ਸੇਵਕ’ ਵਿਚ ਛਪੀ ਆਪਣੀ ਚਿੱਠੀ ਵਿੱਚ ਕਰਤਾਰਪੁਰ ਵਾਲੇ ਗ੍ਰੰਥ ਨੂੰ ਕਿਧਰੇ ਵੀ ਜਾਲੀ ਗ੍ਰੰਥ ਨਹੀਂ ਸੀ ਲਿਖਿਆ ਬਲਕਿ ਆਪਣੇ ਵਲੋਂ ਵੇਖੇ ਕਰਤਾਰਪੁਰ ਵਾਲੇ ਗ੍ਰੰਥ ਦੇ ਅਧਾਰ ਤੇ ਹੀ ਰਾਗਮਾਲਾ ਦੇ ਗੁਰਬਾਣੀ ਪਾਠ ਤੋਂ ਬਾਹਰ ਹੋਣ ਦਾ ਤਰਕ ਪੇਸ਼ ਕੀਤਾ ਸੀ।ਉਨਾਂ ਉਸ ਵੇਲੇ ਮਜੂਦ ਗੁਰੂ ਗ੍ਰੰਥ ਸਾਹਿਬ ਦਿਆਂ ਹੋਰ ਬੀੜਾ ਬਾਰੇ (ਨਾ ਕਿ ਕਰਤਾਰਪੁਰ ਵਾਲੇ ਗ੍ਰੰਥ ਬਾਰੇ) ਟਿੱਪਣੀ ਕਰਦਿਆਂ ਚੇਤਾਇਆ ਸੀ ਕਿ ਐਸੇ ਵਿਸ਼ੇ ਪੰਥ ਅੰਦਰ ਵਿਤੰਡਾ ਵਾਦ ਨੂੰ ਆਰੰਭ ਕਰ ਦੇਣਗੇ ਜਿਸ ਨਾਲ ਸੁਧਾਰ ਦੇ ਅਨੇਕ ਮੁਆਮਲੇ ਪਿਛੇ ਪੈ ਜਾਣਗੇ। (ਵੇਖੋ ਮੁੱਖਬੰਧ, ਕਰਤਾਰ ਪੁਰੀ ਬੀੜ ਦੇ ਦਰਸਨ)

ਗ਼ੈਰਵਾਜਬ ਚਿੰਤਨ ਦੀ ਬੁਰਛਾਗਰਦੀ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਭਾਈ ਕ੍ਹਾਨ ਸਿੰਘ ਜੀ ਦੀ ਚਿੱਠੀ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਛੋਟੀ ਜਿਹੀ ਝਾਤ ਮਾਰਦੇ ਅੱਗੇ ਤੁਰੀਏ।ਭਾਈ ਕ੍ਹਾਨ ਸਿੰਘ ਜੀ ਨੇ ਬੁਰਛਾਗਰਦਾਂ ਦੇ ਉਪਦ੍ਰਵ ਦੀ ਗੱਲ 23 ਜਨਵਰੀ 1918 ਦੀ ਚਿੱਠੀ ਵਿੱਚ ਲਿਖੀ ਸੀ ਜਿਸ ਤੋਂ ਅਕਸਰ ਇਹ ਦਰਸਾਉਂਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਜੀ ਦੀ ਅਣਛੱਪੀ ਪੁਸਤਕ ‘ਗੁਰੂ ਗਿਰਾ ਕਸੋਟੀ’ ਕਰਤਾਰਪੁਰ ਵਾਲੀ ਬੀੜ ਦੇ ਵਿਰੋਧ ਵਿਚ ਸੀ।ਪਰ ਤੱਥ ਐਸੀਆਂ ਕੋਸ਼ਿਆਂ ਦੇ ਉਲਟ ਹਨ।

ਪਹਿਲੀ ਗੱਲ ਤਾਂ ਇਹ ਕਿ ਚਿੱਠੀ ਵਿਚ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਬਾਰੇ ਨਹੀਂ ਬਲਕਿ ਗ੍ਰੰਥ ਸਹਿਬ ਦਿਆਂ ਹੋਰ ਲਿਖਤ ਬੀੜਾ ਦੇ ਅੰਤਰਭੇਦਾਂ ਬਾਰੇ ਬੁਰਛਾਗਰਦੀ/ ੳਪਦ੍ਰਵ ਦੇ ਪ੍ਰਸੰਗ ਅਤੇ ਰਾਗਮਾਲਾ ਦੀ ਗਲ ਸੀ ਜਿਸ ਵਿਚ ਉਨ੍ਹਾਂ ਕੁੱਝ ਇੰਦਰਾਜਾਂ ਦਾ ਜ਼ਿਕਰ ਵੀ ਕੀਤਾ ਸੀ।

ਦੂਜੀ ਗੱਲ ਇਹ ਕਿ ਅਪਣੇ ਮਹਾਨ ਕੋਸ਼ ਨੂੰ (ਜੋ ਕਿ ਭਾਈ ਸਾਹਿਬ ਨੇ 1918 ਦੀ ਅਪਣੀ ਚਿੱਠੀ ਅਤੇ ਅਣਛਪੀ ਪੁਸਤਕ ‘ਗੁਰੂ ਗਿਰਾ ਕਸੋਟੀ’ ਲਿਖਣ ਤੋਂ ਬਾਦ ਪੂਰਾ ਕੀਤਾ ਸੀ।ਉਸ ਵਿੱਚ ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:

(1) “ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ ਪ੍ਰਭਾਤੀ ਤੀਕ 30 ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ 5751 ਹੈ ਇਹ ਬੀੜ ਹੁਣ ਕਰਤਾਰਪੁਰ ਹੈ,ਜਿਸ ਦੀ ਜਿਲਦ ਕਿਤਾਬੀ ਅਤੇ ਸਾਰੇ ਪਤ੍ਰੇ 975 ਹਨ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੁਲਮੰਤ੍ਰ ਹੈ ਅਤੇ ਪੰਨੇ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ 436 , ਮਹਾਨ ਕੋਸ਼)

ਹੁਣ ਤਕ ਵਿਚਾਰੇ ਤੱਥਾਂ ਤੋਂ ਸਪਸ਼ਟ ਹੁਂਦਾ ਹੈ ਕਿ ਤਮਾਮ ਮਤਾਂਤਰਾਂ ਦੇ ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ ਹੋਣ ਦੇ ਤਸਦੀਕੀ ਸਨ। ਕਾਲਾਂਤਰ ਹੋਏ ਇੰਦਰਾਜ਼ਾ ਦਾ ਸੰਧਰਭ ਤਾਂ ਵੱਖਰੀ ਗੱਲ ਸੀ।

ਉਪਰੋਕਤ ਤੱਥ ਵਿਚਾਰਾਂ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਨੂੰ ਪੁਰਨ ਸਮਰਪਤ ਸਿੱਖ ਵਿਦਵਾਨ ਪ੍ਰੋਂ ਸਾਹਿਬ ਸਿੰਘ ਜੀ ਵੀ ਉਨ੍ਹਾਂ ਚੰਦ ਸ਼ਖਸੀਅਤਾਂ ਵਿਚੋਂ ਸਨ ਜਿਨ੍ਹਾਂ 11 ਨਵੰਬਰ 1945 ਆਪ ਕਰਤਾਰਪੁਰੀ ਬੀੜ ਦੇ ਦਰਸ਼ਨ ਕੀਤੇ ਸੀ। ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿੱਚ ਉਨ੍ਹਾਂ ਨੇ ਕਰਤਾਰਪੁਰੀ ਬੀੜ ਬਾਰੇ ਵਿਸਤਾਰ ਵਿਚ ਲਿਖਦੇ ਹੋਏ ‘ਪ੍ਰਾਚੀਨ ਬੀੜਾਂ’ ਦੇ ਲੇਖਕ ਸ. ਜੀ.ਬੀ. ਸਿੰਘ ਜੀ ਦੇ ਖੌਜ ਕੰਮ ਬਾਰੇ ਵਿਸਤਾਰ ਨਾਲ ਕੁੱਝ ਮਹੱਤਵਪੁਰਨ ਟਿੱਪਣੀਆਂ ਕੀਤੀਆਂ ਸਨ ਜੋ ਇਸ ਪ੍ਰਕਾਰ ਹਨ:

ਪਹਿਲੀ ਟਿੱਪਣੀ:-
“ਪ੍ਰਾਚੀਨ ਬੀੜਾਂ ਦੇ ਲੇਖਕ ਸਰਦਾਰ ਜੀ.ਬੀ ਸਿੰਘ ਜੀ ਨੇ ਪੁਰਾਣੀਆਂ ਲਿਖਤੀ ਬੀੜਾਂ ਦੀ ਖੋਜ ਕਰਨ ਵਿਚ ਬੜੀ ਮਿਹਨਤ ਤੋਂ ਕੰਮ ਲਿਆ ਹੋਇਆ ਹੈ। ਉਹਨਾਂ ਦੀ ਲਿਖਤ ਵਿਚੋਂ ਇਹ ਭੀ ਸਾਫ਼ ਦਿੱਸਦਾ ਹੈ ਕਿ ਉਹ ਸਿੱਖ-ਧਰਮ ਦੇ ਹਮਦਰਦ ਨਹੀਂ ਹਨ, ਗੁਰੂ ਸਾਹਿਬ ਵਿਚ ਉਹਨਾਂ ਦੀ ਸ਼ਰਧਾ ਨਹੀਂ ਹੈ, ਕਿਉਂਕਿ ਉਹਨਾਂ ਕਈ ਥਾਈਂ ਸਤਿਗੁਰ ਜੀ ਦੀ ਸ਼ਾਨ ਵਿਚ ਬੜੇ ਖਰ੍ਹਵੇ ਕੁਬੋਲ ਭੀ ਵਰਤੇ ਹਨ।ਭਾਈ ਬੰਨੋ ਵਾਲੀ ਬੀੜ ਅਸਲੀ ਬੀੜ ਤੇ ਕਰਤਾਰਪੁਰ ਵਾਲੀ ‘ਆਦਿ ਬੀੜ’ ਨੂੰ ਭਾਈ ਬੰਨੋ ਦੀ ਬੀੜ ਦਾ ਉਤਾਰਾ ਸਾਬਤ ਕਰਨ ਲਈ ਭੀ ਜੀ.ਬੀ ਸਿੰਘ ਜੀ ਨੇ ਅੱਡੀ ਚੋਟੀ ਦਾ ਜੋਰ ਲਾਈਆ ਹੈ”
(ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’, ਪੰਨਾ 102)

ਦੂਜੀ ਟਿੱਪਣੀ:-
“ ਜੀ.ਬੀ ਸਿੰਘ ਜੀ ਨੇ ਵੱਜ-ਵਜਾ ਕੇ ਲਿਖਿਆ ਹੈ, ਕੋਈ ਲੁੱਕ-ਲੁੱਕਾ ਨਹੀਂ ਰੱਖਿਆ।ਜੇ ਭਗਤਾਂ ਦੀ ਸਾਰੀ ਬਾਣੀ, ਭੱਟਾਂ ਦੇ ਸਵੱਈਏ, ਤੇ ਸੱਤੇ ਬਲਵੰਡ ਦੀ ਵਾਰ ਬੋਹੜ ਵਾਲੀ ਬੀੜ ਵਿੱਚ ਕਿਸੇ ਹੋਰ ਦੇ ਹੱਥ ਦੇ ਲਿਖੇ ਹੁੰਦੇ ਤਾਂ ਸਰਦਾਰ ਜੀ.ਬੀ. ਸਿੰਘ ਜੀ ਰਤਾ ਲੁੱਕਾ ਨਾ ਰੱਖਦੇ।ਖੋਜੀ ਕੀ ਤੇ ਲੁੱਕਾ ਕੀ? ਖੋਜੀ ਭੀ ਉਹ ਜੋ ਨਾਲੋ ਨਾਲ ਸਿਖ ਧਰਮ ਤੇ ਇਤਹਾਸ ਦਾ ਮਖ਼ੋਲ ਭੀ ਉਡਾ ਰਿਹਾ ਹੈ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ’ ਬਾਰੇ, ਪੰਨਾ 103)

ਤੀਜੀ ਟਿੱਪਣੀ:-
“ਜਿਹੜੀ ‘ਆਦਿ ਬੀੜ’ ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲਾ ਜਲੰਧਰ)ਵਿਚ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ ਸੰਤਾਨ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ”(ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’, ਪੰਨਾ 112) ਇਸ ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ।

ਚੌਥੀ ਟਿੱਪਣੀ:-
“ਸਰਦਾਰ ਜੀ.ਬੀ. ਸਿੰਘ ਜੀ ਜੇ ‘ਕਾਹਲ’ ਵਿਚ ਨਾ ਹੁੰਦੇ, ਤੇ ਪੰਥ ਦੀ ਜ਼ਿੰਦਗੀ ਮੌਤ ਦੇ ਸਵਾਲ ਨੂੰ ਹੱਥ ਪਾ ਕੇ ਇਸ ਤਰ੍ਹਾਂ ਹਰ ਥਾਂ ‘ਥੋੜਾ ਵਕਤ ਹੀ’ ਦੇਣ ਦਾ ਤਰੀਕਾ ਨਾ ਵਰਤਦੇ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’,ਪੰਨਾ 176)

ਇਹ ਪੁਸਤਕ ਪ੍ਰੋ. ਸਾਹਿਬ ਨੇ 1949-50 ਵਿੱਚ ਲਿਖੀ ਸੀ ਜੋ 1951 ਵਿੱਚ ਸੁਧਾਈ ਉਪਰੰਤ ਤਿਆਰ ਸੀ।ਇਸ ਦੇ ਕੁੱਝ ਲੇਖ 1953-54 ਵਿਚ ‘ਪੰਜਾਬੀ ਦੁਨੀਆ’ ਮਾਸਕ ਪੱਤਰ ਵਿੱਚ ਛਪੇ ਸੀ। ਪਰ ਪੁਸਤਕ ਦਾ ਬਾ-ਕਾਯਦਾ ਪ੍ਰਕਾਸ਼ਨ ਪਹਲੀ ਵਾਰ 1970 ਵਿੱਚ ਹੋਹਿਆ ਸੀ। ਪ੍ਰੋ. ਸ਼ਾਹਿਬ ਜੀ ਨੇ ਕਰਤਾਰ ਪੁਰੀ ਬੀੜ ਦੇ ਦਰਸ਼ਨ 11 ਨਵੰਬਰ 1945 ਨੂੰ ਕੀਤੇ ਸੀ ਜਿਸ ਵੇਲੇ ਉਹ ਭਾਈ ਜੋਧ ਸਿੰਘ ਜੀ ਦੇ ਨਾਲ ਸਨ। ਪ੍ਰੋ. ਸ਼ਾਹਿਬ ਸਿੰਘ ਜੀ ਦੀ ਸਲਾਹਿਯਤਾਂ ਤੋਂ ਵਾਕਫ਼ ਕੋਈ ਵੀ ਗੁਰਮਤਿ ਖੋਜੀ ਬੰਦਾ ਇਹ ਅਸਾਨੀ ਨਾਲ ਸਮਝ ਸਕਦਾ ਹੈ ਕਿ ਪ੍ਰੋ. ਸ਼ਾਹਿਬ ਭਾਈ ਜੋਧ ਸਿੰਘ ਜੀ ਦੇ ਨਾਲ ਕੋਈ ਮੂਕ ਦਰਸ਼ਕ ਬਣ ਕੇ ਨਹੀਂ ਸੀ ਗਏ ਬਲਕਿ ਉਨ੍ਹਾਂ ਦੀ ਖੋਜੀ ਦ੍ਰਿਸ਼ਟੀ ਨੇ ਕਰਤਾਰਪੁਰ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵਾਚਿਆ ਸੀ। ਉਨ੍ਹਾਂ ਦੀ ਪੁਸਤਕ ‘ਆਦਿ ਬੀੜ ਬਾਰੇ’ ਇਸ ਹਕੀਕਤ ਦੀ ਤਗੜੀ ਗਵਾਹੀ ਭਰਦੀ ਹੈ।

ਕੋਈ ਕੁੱਝ ਵੀ ਕਹਿ ਲਵੇ ਪਰ ਪ੍ਰੋ. ਸ਼ਾਹਿਬ ਸਿੰਘ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੁ ਦੇ ਵਿਸ਼ੇ ਨੂੰ ਆਪਣੇ ਸ਼ਬਦਾਂ ਵਿੱਚ ਪੰਥ ਲਈ ਜ਼ਿੰਦਗੀ ਅਤੇ ਮੋਤ ਦਾ ਸਵਾਲ ਨੂੰ ਹੱਥ ਪਾਉਣ ਦੇ ਤੁਲ ਦਸਿੱਆ ਸੀ। ਪੰਥ ਦੇ ਉਸ ਦਰਦੀ ਦੇ ਇਨ੍ਹਾਂ ਸ਼ਬਦਾਂ ਵਿੱਚ ਗੁਰੂ ਪ੍ਰਤੀ ਸਮਰਪਣ ਅਤੇ ਗਹਿਨ ਦੂਰਅੰਦੇਸ਼ੀ ਸੀ।

ਲੇਕਿਨ ਸਾਰੇ ਇੱਕਸਾਰ ਨਹੀਂ ਹੁੰਦੇ ਕਈ ਬੁਰਛਾਗਰਦ ਤੇ ਉਪਦ੍ਰਵੀ ਵੀ ਹੁੰਦੇ ਨੇ। ਸੜਕਾਂ / ਮੰਚਾਂ ਤੇ ਰੌਲਾ ਪਾਉਂਦੇ, ਡਰਾਉਂਦੇ ਬੁਰਛਾਗਰਦ! ਕਲਮਾਂ ਰਾਹੀਂ ਗੁਰੂਆਂ ਬਾਰੇ ਸ਼ੰਕਾ ਕਰਦੇ ਬੁਰਛਾਗਰਦ! ਅਖੌਤੀ ਵਿਚਾਰ ਦੀ ਚਾਸਨੀ ਰਾਹੀਂ ਜ਼ਹਿਰ ਉਗਲਦੇ ਬੁਰਛਾਗਰਦ ਅਤੇ ਐਸੇ ਬੁਰਛਾਗਰਦਾਂ ਦੀ ਤਬਿਆ ਵਿੱਚ ਖੜੇ ਬੁਰਛਾਗਰਦ!

ਆਦਿ ਬੀੜ ਬਾਰੇ ਜੀ.ਬੀ. ਸਿੰਘ ਜੀ ਦੇ ਵਿਚਾਰਾਂ ਬਾਰੇ ਪ੍ਰੋ. ਸ਼ਾਹਿਬ ਸਿੰਘ ਜੀ ਦੇ ਵਿਚਾਰਾਂ ਉਪਰੰਤ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਵੀ ਜ਼ਰੁਰੀ ਹੈ, ਜੋ ਕਿ ਜੀ.ਬੀ. ਸਿੰਘ ਜੀ ਦੀ ਮੁਰੀਦ ਸੀ ਅਤੇ ਆਪ ਗੁਰੂ ਪ੍ਰਤੀ ਸ਼ੰਕਾ ਖੜੇ ਕਰਨ ਵਾਲੀ ਲਾਬੀ ਦੇ ਪ੍ਰਭਾਵ ਤੋਂ ਗ੍ਰਸਤ ਸੀ। ਕਈ ਸਾਲ ਦੀ ਮੁਰੀਦੀ ਤੋਂ ਉਪਰੰਤ ਆਪਣੇ ਇਕ “ਖੋਜ ਕਾਰਜ” ਵਿੱਚ ਉਸਨੇ ਇੱਕ ਵੱਖਰਾ ਰੁੱਖ ਇਖ਼ਤਿਆਰ ਕਰਨ ਦਾ ਉਪਰਾਲਾ ਕੀਤਾ, ਜਿਸ ਰਾਹੀਂ ਇਕ ਤੀਰ ਨਾਲ ਦੋ ਨਿਸ਼ਾਨੇ ਸਾਧ ਲਏ ਜਾਣ। ਪਹਿਲਾ ਨਿਸ਼ਾਨਾ ਸੀ ਗੁਰੂ ਗ੍ਰੰਥ ਸਾਹਿਬ ਦੇ ਮਜੂਦਾ ਸਵਰੂਪ ਤੇ ਕਿੰਤੂ ਕਰਨਾ ਅਤੇ ਦੂਜਾ ਨਿਸ਼ਾਨਾ ਸੀ ਯੁਨਿਵਰਸਟੀ ਵਲੋਂ ਨਿਵਾਜੇ ਕੰਮ ਰਾਹੀਂ ਕੁੱਝ “ਨਵਾਂ” ਪੇਸ਼ ਕਰਦੇ ਆਪਣੇ ਕੰਮ ਦਾ ਔਚਿੱਤਯ ਸਿਧ ਕਰਨਾ!

ਆਪਣੇ ਖੋਜ ਕਾਰਜ “ਗਾਥਾ ਸ਼੍ਰੀ ਆਦਿ ਗ੍ਰੰਥ’ ਦੇ ਮੁਖਬੰਧ ਨੂੰ ਲਿਖਦੇ ਇਸ ਦੇ ਲੇਖਕ ਡਾ. ਪਿਆਰ ਸਿੰਘ ਜੀ ਦੀ ਆਪਣੀ ਕਲਮੀ ਹੀ ਇਹ ਸਮਸ਼ਟ ਹੋ ਗਿਆ, ਕਿ ਉਹ ਜੀ.ਬੀ. ਸਿੰਘ ਦੇ ਵਿਚਾਰਾਂ (ਸ਼ਬਦ ਗੁਰੂ ਗ੍ਰੰਥ ਸਾਹਿਬ ਪ੍ਰਮਾਣਿਕ ਨਹੀਂ ਹਨ) ਤੋਂ ਗ੍ਰਸਤ ਸਨ ਅਤੇ ਚਿਰਕਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਦੀ ਜੀ.ਬੀ. ਸਿੰਘ ਜੀ ਦੀ ਪੁਸਤਕ ਦੇ ਬਾਜ਼ਾਰ ਵਿੱਚ ਉਪਲੱਬਧ ਨਾ ਹੋਣ ਤੋਂ ਖ਼ਾਸੇ ਵਿਚਲਤ ਸਨ। ਆਪਣੇ ਖੋਜ ਕਾਰਜ ਦੇ ਮੁਖਬੰਧ ਦੀ ਪਹਿਲਿਆਂ ਪੰਕਤਿਆ ਵਿੱਚ ਉਨ੍ਹਾਂ ਲਿਖਿਆ:

“ਕਿਸੇ ਸਮੇਂ ਮੇਰਾ ਵਿਚਾਰ ਬਣਿਆ ਸੀ ਕਿ ਸਰਦਾਰ ਜੀ. ਬੀ. ਸਿੰਘ ਦੀ ਪੁਸਤਕ “ਸ਼੍ਰੀ ਗੁਰੂ ਗ੍ਰੰਥ ਸਾਹਿਬ ਦਿਆਂ ਪ੍ਰਾਚੀਨ ਬੀੜਾਂ” ਨੂੰ ਐਡਿਟ ਕਰ ਕੇ ਮੁੜ ਛਾਪ ਦਿੱਤਾ ਜਾਵੇ, ਕਿਉਂ ਜੋ ਇਹ ਪੁਸਤਕ ਚਿਰ ਕਾਲ ਤੋਂ ਬਾਜ਼ਾਰ ਵਿਚ ਉਪਲੱਬਧ ਨਹੀਂ ਸੀ”

ਇਨਾਂ ਆਰੰਭਕ ਸ਼ਬਦਾਂ ਵਿਚ ਜੀ.ਬੀ. ਸਿੰਘ ਜੀ ਦੀ ਕਿਤਾਬ ਪ੍ਰਤੀ ਡਾ. ਪਿਆਰ ਸਿੰਘ ਜੀ ਦਾ ਅਗਾਧ ਪਿਆਰ ਝਲਕਦਾ ਹੈ ਜਿਸ ਨੂੰ ਰਿਟਾਈਰਮੇਂਟ ਬਾਦ ਨਵਾਂ ਪ੍ਰੋਜੇਕਟ ਪ੍ਰਾਪਤ ਕਰਦੇ ਯੁਨਿਵਰਸਿਟੀ ਵਿੱਚ ਬਣੇ ਰਹਿਣ ਉਪਰੰਤ, ਪੇਸ਼ਾਵਰ ਮੋੜ (Professional Turn) ਦਿੰਦੇ ਹੋਏ ਪਿਆਰ ਸਿੰਘ ਜੀ ਨੇ ਲਿਖਿਆ:

“ਫਿਰ ਉਸ ਨੂੰ ਵਾਚਣ ਤੇ ਪਤਾ ਲਗਾ ਕਿ ਉਸ ਵਿਚ ਅਨੇਕ ਬੱਜਰ ਭੁੱਲਾਂ ਹਨ ਜਿਨ੍ਹਾਂ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕੰਮ ਕਰਨ ਵਾਲਿਆਂ ਨੂੰ ਕਈ ਭੁਲੇਖੇ ਲਗਣੇ ਸੁਭਾਵਿਕ ਹਨ। ਇਸ ਤੇ ਮੇਰਾ ਵਿਚਾਰ ਇਸ ਬਿਖਮ ਕਾਰਜ ਤੇ ਆਪ ਲੱਗਣ ਦਾ ਬਣਿਆ”

ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਡਾ. ਸਾਹਿਬ ਜੀ ਨੇ ਇਹ ਪ੍ਰੋਜੇਕਟ ਨਿਜੀ ਪਹਿਲ ਰਾਹੀਂ ਪ੍ਰਾਪਤ ਕੀਤਾ ਸੀ। ਜਿਵੇਂ ਕਿ ਉਨ੍ਹਾਂ ਮੁਖਬੰਧ ਵਿੱਚ ਹੀ ਲਿਖਿਆ:

“ਆਪਣੇ ਉਪਰੋਕਤ ਸੰਕਲਪ ਨੂੰ ਲੈ ਕੇ ਮੈਂ ਤਦੋਂ ਦੇ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ.ਬਲ ਨੂੰ ਮਿਲਿਆਂ” ਇਹ ਉਹ ਸੰਕਲਪ ਸੀ ਜਿਸ ਵਿਚ ਜੀ.ਬੀ. ਸਿੰਘ ਜੀ ਦੀ ਲਾਈਨ (ਸ਼ਬਦ ਗੁਰੂ ਬਾਰੇ ਸ਼ੰਕੇ ਖੜੇ ਕਰਨਾ) ਨੂੰ ਅੱਗੇ ਤੋਰਨ ਦੀ ਹਸਰਤ ਛੁਪੀ ਹੋਈ ਸੀ।

ਜ਼ਾਹਿਰ ਜਿਹੀ ਗੱਲ ਹੈ ਕਿ ਖੋਜ ਕਾਰਜ ਨੂੰ ਵਾਜ਼ਬ ਅਤੇ ਵੱਖਰਾ ਦਰਸਾਉਣ ਲਈ ਇਹ ਪੇਸ਼ਾਵਰ ਸ਼ਬਦਾਵਲੀ ਸੀ, ਜਿਸ ਰਾਹੀਂ ‘ਪਹਿਲੇ ਪਿਆਰ’ (ਜੀ.ਬੀ ਸਿੰਘ ਜੀ ਦੀ ਪੁਸਤਕ) ਨੂੰ ਜ਼ਾਹਰਾ ਤੌਰ ਤੇ ਤਿਲਾਂਜਲੀ ਦਿੱਤੀ ਗਈ। ਇਸ ਵਿੱਚ ਜੀ.ਬੀ. ਸਿੰਘ ਦੀ ਕਿਤਾਬ ਤੇ ਪ੍ਰੋ. ਸ਼ਾਹਿਬ ਸਿੰਘ ਜੀ ਦੇ ਤਰਕਸ਼ੀਲ ਵਿਰੋਧ ਦਾ ਪ੍ਰਭਾਵ ਵੀ ਸੀ, ਜਿਸ ਨੂੰ ਪਿਆਰ ਸਿੰਘ ਜੀ ਪਹਿਲਾਂ ਨਹੀਂ ਸੀ ਸਮਝ ਸਕੇ ਅਤੇ ਜੀ.ਬੀ. ਸਿੰਘ ਜੀ ਦੀ ਕਿਤਾਬ ਨੂੰ ਆਪ ਛੱਪਵਾਉਣ ਦੀ ਪ੍ਰਬਲ ਇੱਛਾ ਰੱਖਦੇ ਸੀ। ਪਰ ਕਹਿੰਦੇ ਨੇ ਪਿਆਰ ਕਦੇ ਛੁੱਪਦਾ ਨਹੀਂ ਇਸ ਲਈ ਬਾਵਜੂਦ ਪੇਸ਼ਾਵਰ ਅੰਤਰ ਰੱਖਦੇ, ਪਿਆਰ ਸਿੰਘ ਜੀ ਵੀ ਜੀ.ਬੀ.ਸਿੰਘ ਜੀ ਦੀ ਵਿਚਾਰਧਾਰਾ (ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਨਾ) ਪ੍ਰਤੀ ਆਪਣੇ ਪੁਰਾਣੇ ਪਿਆਰ ਨੂੰ ਛੁਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਕਦਾਚਿੱਤ ਨਹੀਂ ਹੋ ਸਕਦਾ, ਕਿ ਜੀ.ਬੀ. ਸਿੰਘ ਜੀ ਦੀ ਪੁਸਤਕ ਨੂੰ ਵਾਚਣ ਬਿਨਾਂ ਹੀ ਪਿਆਰ ਸਿੰਘ ਜੀ ਉਸ ਨੂੰ ਆਪਣੇ ਵਲੋਂ ਛਾਪਣ ਦੀ ਇੱਛਾ ਪਾਲੇ ਬੈਠੇ ਸੀ। ਜੀ.ਬੀ ਸਿੰਘ ਜੀ ਵਲੋਂ ਗੁਰੂਆਂ ਪ੍ਰਤੀ ਵਰਤੀ ਅਭੱਦਰ ਭਾਸ਼ਾ (ਜਿਵੇਂ ਕਿ ਪਿਆਰ ਸਿੰਘ ਜੀ ਨੇ ਆਪ ਉਸਦੀ ਸਭ ਤੋਂ ਵੱਡੀ ਤਰੁੱਟੀ ਕਬੂਲ ਕੀਤਾ, ਪੰਨਾ 47) ਦੇ ਬਾਵਜੂਦ ਪਿਆਰ ਸਿੰਘ ਜੀ ਨੂੰ ਉਸ ਕਿਤਾਬ ਨੂੰ ਦੁਬਾਰਾ ਬਜ਼ਾਰ ਵਿੱਚ ਆਪ ਉਤਾਰਨ ਦੀ ਤਲਬ ਕਿਉਂ ਸੀ?

ਹਾਂ ਪੰਜ ਸਾਲ ਲਈ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਤਾਮ-ਝਾਮ ਨੂੰ ਰਿਟਾਈਰਮੇਂਟ ਬਾਦ ਵੀ ਵਰਤਣ ਦੀ ਕੋਈ ਜਵਾਜ਼ਿਅਤ ਵੀ ਤਾਂ ਚਾਹੀਦੀ ਸੀ। ਇਸ ਲਈ ਜ਼ਰੂਰੀ ਸੀ ਕਿ ਚਿਰਕਾਲ ਤੋਂ ਮਨ ਵਿਚ ਸੰਜੋ ਕੇ ਰੱਖੇ ਪਿਆਰ ਨੂੰ ਡਾ. ਪਿਆਰ ਸਿੰਘ ਜੀ ਵੱਖਰੇ ਅੰਦਾਜ਼ ਵਿਚ ਪ੍ਰਗਟ ਕਰਦੇ।

ਨਤੀਜਤਨ ਜੀ.ਬੀ. ਸਿੰਘ ਦੀ ਖੋਜ ਦੀ ਆਲੋਚਨਾ ਡਾ.ਪਿਆਰ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤੀ:

“ਉਸ ਦਾ ਇਹ ਅਧਿਐਨ ਕੁੱਝ ਬੱਜਰ ਤਰੁਟੀਆਂ ਦਾ ਸ਼ਿਕਾਰ ਹੈ; ਪਹਿਲੀ ਤਰੁੱਟੀ ਇਹ ਕਿ ਉਸ ਨੇ ਕਈ ਗੱਲਾਂ ਤੱਥਾਂ ਦੀ ਪੁਣ ਛਾਣ ਤੋਂ ਬਿਨਾ ਲਿਖ ਦਿੱਤਿਆਂ ਹਨ, ਜਿਸ ਕਾਰਨ ਉਸ ਦੇ ਬਹੁਤੇ ਨਿਰਣੈ ਗ਼ਲਤ ਹੋ ਗਏ ਹਨ। ਉਹ ਖੋਜ ਦੇ ਇਸ ਅਸੂਲ ਨੂੰ ਕਿ:-

ਜਬ ਤਕ ਨ ਦੇਖੁ ਅਪਣੇ ਨੇਣੀ
ਤਬ ਤਕ ਨ ਮਾਨੂੰ ਗੁਰੂ ਕੀ ਕਹਣੀ

ਭੁੱਲ ਗਇਆ ਲਗਦਾ ਹੈ। ਉਸ ਦੀ ਮੁਸੀਬਤ ਇਹ ਹੈ ਕਿ ਉਸ ਪਾਸ ਸਮਾਂ ਬਹੁਤ ਘਟ ਹੈ; ਲਿਖਣ ਤੋਂ ਪਹਿਲਾਂ ਉਹ ਆਪ ਹਰੇਕ ਤੱਥ ਦੀ ਜਾਂਚ ਨਹੀਂ ਕਰ ਸਕਦਾ ਦੂਜਿਆਂ ਪਾਸੋਂ ਮਿਲੀ ਕਾਣਕਾਰੀ ਨੂੰ ਹੀ ਆਧਾਰ ਬਣਾ ਕੇ ਤੁਰ ਪੈਂਦਾ ਹੈ। ਇਸ ਲਈ ਉਸਦਾ ਕੁਰਾਹੇ ਪੈ ਜਾਣਾ ਸੁਭਾਵਕ ਹੈ” (ਗਾਥਾ ਆਦਿ ਗ੍ਰੰਥ ਪੰਨਾ 46)

ਕਮਾਲ ਦੀ ਗੱਲ ਹੈ ਕਿ ਜੀ.ਬੀ. ਸਿੰਘ ਜੀ ਦੀ ਉਪਰੋਕਤ ਸ਼ਬਦਾਂ ਰਾਹੀਂ ਆਲੋਚਨਾ ਕਰਨਾ ਵਾਲੇ ਪਿਆਰ ਸਿੰਘ ਜੀ ਦਾ ਆਪਣੀ ਖੋਜ ਕਾਰਜ/ਸਿੱਟੇ ਇਸ ਤੱਥ ਤੇ ਆਧਾਰਤ ਸਨ, ਕਿ ਉਨ੍ਹਾਂ ਨੇ ਆਪ ਵੀ ਕਦੇ ਕਰਤਾਰਪੁਰੀ ਬੀੜ ਨੂੰ ਨਹੀਂ ਸੀ ਵੇਖਿਆ! ਫ਼ਿਰ ਆਪਣੇ ਹੀ ਤਰਕ ਦੇ ਅਧਾਰ ਤੇ ਡਾ. ਸਾਹਿਬ ਆਪ ਕੁਰਾਹੇ ਪਏ ਕਿਉਂ ਨਹੀਂ ਸਮਝੇ ਜਾਣੇ ਬਣਦੇ? ਇਸ ਸਵਾਲ ਦੇ ਜਵਾਬ ਨੂੰ ਇਸ ਤੱਥ ਦੀ ਰੋਸ਼ਨੀ ਵਿੱਚ ਵਿਚਾਰਨ ਦੀ ਲੋੜ ਹੈ, ਕਿ ਜੀ. ਬੀ. ਸਿੰਘ ਜੀ ਦੇ ਕੰਮ ਦੇ ਮੁਰੀਦ ਰਹੇ ਪਿਆਰ ਸਿੰਘ ਜੀ ਨੇ ਕੁੱਝ ਫ਼ਾਸਲੇ ਅਪਣਾਉਂਦੇ, ਜੀ.ਬੀ. ਸਿੰਘ ਜੀ ਦੀ ਮਾਨਸਿਕਤਾ ਨਾਲ ਹੀ ਗਾਥਾ ਸ਼੍ਰੀ ਆਦਿ ਗ੍ਰੰਥ ਦਾ ਖ਼ਾਕਾ ਬੁਣਿਆ ਸੀ। ਇਸ ਸਾਂਝੀ ਮਾਨਸਿਕਤਾ ਦਾ ਮਕਸਦ ਆਪਣੀ ਨਿਜੀ ਖੋਜੀ ਮੌਜ ਰਾਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਆਲੇ ਦੂਆਲੇ ਮਸ਼ਕੂਕੀ ਦੇ ਦਾਇਰੇ ਖਿੱਚਣਾ ਸੀ। ਇਹ ਮੈਕਲੋਡੀ ਚਿੰਤਨ ਦੇ ਅਪ੍ਰਤਖ ਝੰਡਾਬਰਦਾਰ ਸਨ। ਮੈਕਲੋਡੀ ਚਿੰਤਨ ਦਾ ਮਕਸਦ ਸੰਸਾਰ ਵਿੱਚ ਮੌਜੂਦ ਇੱਕੋ-ਇੱਕ ਪ੍ਰਮਾਣਿਕ ਧਰਮ ਗ੍ਰੰਥ ਦੀ ਮੂਲ ਰਚਨਾ ਨੂੰ ਸ਼ੱਕ ਦੇ ਦਾਇਰੇ ਅੰਦਰ ਧੱਕੇਲਣਾ ਸੀ।

ਖ਼ੈਰ, ਇਨ੍ਹਾਂ ਪੰਕਤਿਆਂ ਤੋਂ ਥੋੜਾ ਹੋਰ ਅੱਗੇ ਪੜਨ ਉਪਰੰਤ ਪਤਾ ਚਲਦਾ ਹੈ ਕਿ ਡਾ. ਪਿਆਰ ਸਿੰਘ ਜੀ ਜੀ.ਬੀ. ਸਿੰਘ ਜੀ ਦੇ ਕੰਮ ਬਾਰੇ ਪ੍ਰੋ. ਸਾਹਿਬ ਜੀ ਦੀ ਪੜਚੋਲ ਨੂੰ ਪੜ ਕੇ ਜਾਗਰੂਕ ਹੋ ਚੁਕੇ ਸੀ, ਕਿ ਜਿਸ ਪੁਸਤਕ ਦਾ ਬਾਜ਼ਾਰ ਵਿੱਚ ਨਾ ਹੋਣਾ ਉਨ੍ਹਾਂ ਨੂੰ ਚਿਰਕਾਲ ਖੱਲਦਾ ਰਿਹਾ ਸੀ, ਉਹ ਪੁਸਤਕ ਕਈ ਬੱਜਰ ਵਿਸੰਗਤਿਆਂ/ਤਰੁੱਟਿਆਂ ਨਾਲ ਭਰਪੁਰ ਸੀ। ਪਹਿਲਾਂ ਪਿਆਰ ਸਿੰਘ ਜੀ ਜੀ.ਬੀ ਸਿੰਘ ਜੀ ਤੋਂ ਸਾਲਾਂਬੱਧੀ ਸਹਿਮਤ ਰਹੇ, ਕਿ ਕਰਤਾਰਪੁਰ ਵਾਲੀ ਬੀੜ ਨਕਲੀ ਅਤੇ ਬੰਨੋਂ ਵਾਲੀ ਬੀੜ ਅਸਲੀ ਹੈ। ਉਹ ਜੀ.ਬੀ ਸਿੰਘ ਜੀ ਦੇ ਕਾਰਜ ਨੂੰ ਆਪ ਛਪਵਾ ਕੇ ਬਜ਼ਾਰ ਵਿੱਚ ਉਤਾਰਣ ਦੀ ਸੋਚਦੇ ਰਹੇ। ਪਰ ਜਿਸ ਵੇਲੇ ਪ੍ਰੋ. ਸ਼ਾਹਿਬ ਸਿੰਘ ਜੀ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿਚ ਇਸ ਦਾਵੇ ਦੀ ਪੋਲ ਖੋਲ ਛੱਡੀ ਤਾਂ ਪਿਆਰ ਸਿੰਘ ਜੀ ਨੇ ਵੀ ਪਾਸਾ ਪਰਤਦੇ ਆਪਣੇ ਖੋਜ ਕਾਰਜ ਵਿੱਚ ਜੀ.ਬੀ. ਸਿੰਘ ਜੀ ਦੇ ਕੰਮ ਤੋਂ ਕਿਨਾਰਾਕਸ਼ੀ ਕਰਦੇ ਦੋਹਾਂ ਬੀੜਾਂ ਦੀ ਪ੍ਰਮਾਣਿਕਤਾ ਰੱਦ ਕਰਦੇ ਮੌਜੂਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਆਪਣੇ ਅੰਦਾਜ਼ ਨਾਲ ਕਿੰਤੂ ਖੜਾ ਕਰਨ ਦਾ ਯਤਨ ਕੀਤਾ। ਇਹ ਇਕ ਪੇਸ਼ਾਵਰ ਕਾਰੀਗਰੀ ਸੀ।

ਲਿਹਾਜ਼ਾ ਗੁਰਬਾਣੀ ਦੀ ਮਿਠਾਸ ਵਿੱਚ ਖ਼ਾਰੇ ਬਾਵ ਨੂੰ ਪੈਦਾ ਕਰਨ ਦਾ ਇੱਕ ਯਤਨ ਹੋਇਆ। ਇਹ ਕੋਈ ਨਵੀਂ ਗੱਲ ਨਹੀਂ ਸੀ! ਇਹ ਪੁਰਾਣੀ ਗੱਲ ਸੀ ਜੋ ਗੁਰੂਆਂ ਦੇ ਕਾਲ ਤੋਂ ਹੀ ਚਲੀ ਆਉਂਦੀ ਹੈ। ਕੇਵਲ ਇਸਦੇ ਪਾਤਰ (ਕਿਰਦਾਰ) ਬਦਲਦੇ ਰਹਿੰਦੇ ਹਨ। ਸਾਜਸ਼ੀ ਪਾਤਰ, ਸਾਜਸ਼ਾਂ ਦੇ ਸ਼ਿਕਾਰ ਪਾਤਰ ਅਤੇ ਅਗਿਆਨੀ/ਕੰਮਨਜ਼ਰ/ਕਮਜ਼ਰਫ਼/ਨਾਦਾਨ/ਮੋਕਾਪ੍ਰਸਤ ਪਾਤਰ। ਇਨ੍ਹਾਂ ਵਿੱਚੋਂ ਕੁੱਝ ਬੜੀ ਸ਼ਾਇਸਤਗੀ ਨਾਲ ਬੁਰਛਾਗਰਦੀ ਕਰਦੇ ਹਨ। ਭਾਈ ਗੁਰਦਾਸ ਜੀ ਦੀ ਰਚਨਾਵਾਂ ਵਿੱਚ ਇਨ੍ਹਾਂ ਵਿੱਚੋਂ ਕੁੱਝ ਬੁਰਛਾਗਰਦਾਂ ਬਾਰੇ ਵਿਚਾਰਸ਼ੀਲਤਾ ਭਰੀਆਂ ਢੁੱਕਵੀਆਂ ਟਿੱਪਣਿਆਂ ਹਨ।

ਗੁਰਮਤਿ, ਵਿਚਾਰ ਰਾਹੀਂ ਐਸੇ ਬੁਰਛਾਗਰਦਾਂ ਤੋਂ ਸੁਚੇਤ ਰਹਿਣ ਦੀ ਸਿੱਖਿਆ ਦਿੰਦੀ ਹੈ ਜੋ ਕਿ ਵੈਚਾਰਿਕ ਉਪਦ੍ਰਵ ਰਾਹੀਂ ਪ੍ਰਾਪੋਗੰਡੇ ਦੀ ਭਾਲ ਵਿੱਚ ਲੱਗੇ ਹੋਏ ਹਨ।

ਇਨ੍ਹਾਂ ਤੋਂ ਇਲਾਵਾ ਕੁੱਝ ਐਸੇ ਵੀ ਹਨ ਜੋ ਜਾਣੇ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹਨ, ਪਰ ਅਣਜਾਣੇ ਉਸਦੀ ਪ੍ਰਮਾਣਿਕਤਾ ਦੇ ਵਿਰੋਧ ਦੇ ਸਵਰ ਬੋਲਦੇ ਹਨ। ਉਨ੍ਹਾਂ ਨੂੰ ਜੇਕਰ ਸਮਝ ਨਹੀਂ ਆਉਂਦੀ ਤਾਂ ਗੁਰੂ ਕਿਰਪਾ ਕਰੇ ਉਨ੍ਹਾਂ ਨੂੰ ਸ਼ਰਮ ਹੀ ਆ ਜਾਏ!

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top