Share on Facebook

Main News Page

ਗੁਰੂ ਨਾਨਕ ਦੀ ਬਾਣੀ, ਸਪੋਕਸਮੈਨ ਦੇ ਲਿਫਾਫੇ ਤੇ ਉਨ੍ਹਾਂ ਵਿਚਲੇ ਸੌਦੇ

ਸਪੋਕਸਮੈਨ ਦੇ ਐਡੀਟਰ ਨੇ 20 ਜੁਲਾਈ, 2011 ਦਾ ਸੰਪਾਦਕੀ ਇਸ ਸਿਰਲੇਖ ਨਾਲ ਸ਼ੁਰੂ ਕੀਤਾ ਹੈ:

ਦੁਨੀਆਂ ਦਾ ਅਗਲਾ ਵੱਡਾ ਇਨਕਲਾਬ ਪੰਜਾਬ ਤੋਂ ਸ਼ੁਰੂ ਹੋਣਾ ਹੈ ਤੇ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਲਿਫਾਫਿਆਂ ਵਲ ਨਹੀਂ, ਉਨ੍ਹਾਂ ਅੰਦਰਲੇ ਸੌਦੇ ਵਲ ਧਿਆਨ ਦੇਣਾ ਚਾਹੀਦਾ ਹੈ

ਇਹ ਸੰਪਾਦਕੀ ਪੜ੍ਹ ਕੇ ਸਾਰਿਆਂ ਨਾਲੋਂ ਪਹਿਲਾ ਖਿਆਲ ਜੋ ਮੇਰੇ ਮਨ ਵਿਚ ਆਇਆ ੳਹੁ ਐਡੀਟਰ ਸਾਹਿਬ ਦੀ ਕਾਰੋਬਾਰੀ ਰੁਚੀ ਨਾਲ ਸਬੰਧਤ ਸੀ। ਕਿਸੇ ਨੇ ਭੁਖੇ ਨੂੰ ਪੁਛਿਆ ਸੀ ‘ਦੋ ਜਮਾਂਹ ਦੋ ਕਿੰਨੇ ਹੁੰਦੇ ਹਨ’ ਤਾਂ ਉਸਦਾ ਜਵਾਬ ਸੀ ‘ਚਾਰ ਰੋਟੀਆਂ’। ਸੋ ਹਾਲ ਹੈ ਸਪੋਕਸਮੈਨ ਦਾ। ਸੌਦਿਆਂ ਅਤੇ ਲਿਫਾਫਿਆਂ ਦੀ ਗਲ ਆਮ ਤੌਰ ਤੇ ਕਾਰੋਬਾਰੀ ਲੋਕ ਹੀ ਕਰਿਆ ਕਰਦੇ ਹਨ ਜੋ ਗਾਹਕਾਂ ਨੂੰ ਸੌਦਾ ਖੁਬਸੂਰਤ ਲਿਫਾਫਿਆਂ ਵਿਚ ਪਾ ਕੇ ਦਿਆ ਕਰਦੇ ਹਨ, ਅਤੇ ਅਜ ਕਲ ਉਪਭੋਗਤਾ ਫੋਰਮ ਬਿਉਪਾਰੀਆਂ ਦੀਆਂ ਹਰਕਤਾਂ ਨੂੰ ਮੁਖ ਰਖ ਕੇ ਉਪਭੋਗਤਾਵਾਂ ਨੂੰ ਬਾਰ ਬਾਰ ਇਸ ਗਲ ਦੀ ਚਿਤਾਵਣੀ ਦੇ ਰਹਾ ਹੈ ਕਿ ਕੇਵਲ ਲਿਫਾਫੇ ਦੀ ਖੁਬਸੂਰਤੀ ਵਲ ਹੀ ਨਾ ਵੇਖੋ ਇਸ ਗਲ ਦਾ ਵੀ ਧਿਆਨ ਰਖੋ, ਕਿ ਜੋ ਵਸਤੂ ਲਿਫਾਫੇ ਵਿਚ ਪਾ ਕੇ ਦਿਤੀ ਗਈ ਹੈ ਉਹ ਅਸਲੀ ਵੀ ਹੈ ਜਾਂ ਨਕਲੀ। ਅਖਬਾਰਾਂ ਦੇ ਪਾਠਕ ਵੀ ਉਪਭੋਗਤਾ ਹਨ। ਇਨ੍ਹਾਂ ਨੂੰ ਵੀ ਅਖਬਾਰਾਂ ਖਾਸ ਕਰ ਸਪੋਕਸਮੈਨ ਦੀ ਲਿਫਾਫੇਬਾਜ਼ੀ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ, ਜਿਸ ਦੇ ਮੁਖ ਪੰਨੇ ‘ਤੇ ਖੂਬਸੂਰਤ ਲਿਫਾਫਿਆਂ ਵਾਂਗ ਲਿਖਿਆ ਹੋਇਆ ਹੈ ‘ਸਚੁ ਸੁਣਾਇਸੀ ਸਚ ਕੀ ਬੇਲਾ’।

ਸਮਝਣ ਦੀ ਲੋੜ ਹੈ ਕਿ ਇਸ ਲਿਫਾਫੇ ਵਿਚ ਕਿੰਨਾ ਕੁ ਸਚ ਹੈ। ਅਖਬਾਰ ਵੀ ਲਿਫਾਫਿਆਂ ਵਰਗੇ ਹੁੰਦੇ ਹਨ ਜਿਹੜੇ ਗਲ ਕੁਝ ਹੁੰਦੀ ਹੈ ਪਰ ਉਸਨੂੰ ਅਪਣੀ ਪਾਲੇਸੀ ਅਨੁਸਾਰ ਹੀ ਪਾਠਕਾਂ ਅਗੇ ਰਖਦੇ ਹਨ। ਸਚ ਕਹਿਣ ਲਈ ਗੁਰੂ ਨਾਨਕ ਸਾਹਿਬ ਦੇ ਨਿਡਰਤਾ ਭਰੇ ਇਸ ਸ਼ਬਦ ਨੂੰ ਵਰਤ ਕੇ ਇਸ ਅਖਬਾਰ ਨੇ ਜੋ ਇਕ ਲਫਾਫਾ ਹੀ ਹੈ, ਸਿੱਖਾਂ ਨੂੰ ਭੰਬਲਭੂਸਿਆਂ ਵਿਚ ਪਾਉਣ ਲਈ ਜੋ ਗਾਹੇ ਬਗਾਹੇ ਗਲਾਂ ਲਿਖੀਆਂ ਅਤੇ ਕੀਤੀਆਂ ਉਨ੍ਹਾਂ ਦਾ ਵੇਰਵਾ ਮੈਂ ਅਪਣੇ ਪਿਛਲੇ ਕਈ ਲੇਖਾਂ ਵਿਚ ਦੇ ਚੁਕਿਆ ਹਾਂ। 20 ਜੁਲਾਈ ਦਾ ਸੰਪਾਦਕੀ ਵੀ ਐਡੀਟਰ ਸਾਹਿਬ ਦੀ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਚਾਲ ਦੀ ਇਕ ਬਦਸੂਰਤ ਲੜੀ ਹੈ।

ਮਨੁੱਖੀ ਸੋਝੀ ਦੇ ਸਮੇਂ ਤੋਂ ਹਰ ਰਹਿਬਰ ਨੇ ਅਪਣੇ ਸਮੇਂ ਦੀਆਂ ਲੋੜਾਂ ਨੂੰ ਮੁਖ ਰਖਦਿਆਂ ਧਰਮ ਦੇ ਅਸੂਲ ਘੜੇ ਜਿਹੜੇ ਬਾਅਦ ਦੀਆਂ ਪ੍ਰਸਥਿਤੀਆਂ ਅਨੁਸਾਰ ਬਦਲਦੇ ਵੀ ਰਹੇ। ਮਿਸਾਲ ਦੇ ਤੌਰ ਤੇ ਇਸਲਾਮ ਵਿਚ ਮਰਦਾਂ ਨਾਲੋਂ ਇਸਤਰੀ ਜਾਤੀ ਦੀ ਸੰਖਿਆ ਅਰਬ ਦੇਸ਼ ਵਿਚ ਵਧ ਹੋਣ ਕਾਰਨ ਚਾਰ ਵਿਆਹ ਕਰਾਉਣ ਦੀ ਆਗਿਆ ਦਿਤੀ ਗਈ ਸੀ ਜਿਸਨੂੰ ਅਜ ਉਨ੍ਹਾਂ ਦੇ ਪੈਰੋਕਾਰ ਹੀ ਚਨੌਤੀ ਦੇ ਰਹੇ ਹਨ।ਸਮਲਿੰਗੀ ਵਿਆਹ ਨੂੰ ਕਿਸੇ ਵੀ ਧਰਮ ਨੇ ਮਾਣਤਾ ਨਹੀਂ ਦਿਤੀ ਪਰ ਅਜ ਇਸਦੀ ਮਾਣਤਾ ਦੇ ਵਿਰਲੇ ਵਿਰਲੇ ਹਾਮੀ ਹਰ ਧਰਮ ਵਿਚੋਂ ਉਠ ਖੜੇ ਹੋਇ ਹਨ। ਹਿੰਦੂ ਸਮਾਜ ਵਿਚ ਪੈਰ ਦੀ ਜੁੱਤੀ ਸਮਝੀ ਜਾਂਦੀ ਇਸਤਰੀ ਨੂੰ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥’(473) ਕਿਹ ਕੇ ਸਨਮਾਨ ਦਿਤਾ ਜਿਸ ਕਾਰਨ ਅਜ ਇਸਤਰੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਮੈਦਾਨ ਵਿਚ ਕੰਮ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜੋ ਧਰਮ ਲੋਕਾਂ ਅਗੇ ਰਖਿਆ ਉਰ ਏਨ ਬਲਵਾਨ ਅਤੇ ਮਨੁੱਖੀ ਲੋੜਾਂ ਨਾਲ ਇਸ ਤਰ੍ਹਾਂ ਜੁੜਿਆ ਹਇਆ ਹੈ ਕਿ ਕਈ ਸਦੀਆਂ ਤਕ ਇਸ ਵਿਚ ਕਿਸੇ ਸੋਧ ਦੀ ਲੋੜ ਪੈਂਦੀ ਨਜ਼ਰ ਨਹੀਂ ਆਉਂਦੀ। ਸਰਦਾਰ ਜੁਗਿੰਦਰ ਸਿੰਘ ਅਤੇ ਇਨ੍ਹਾਂ ਵਰਗੇ ਕਈ ਹੋਰ ਸੱਜਨ, ਸਧਾਰਨ ਲੋਕਾਂ ਨੂੰ ਬੇਸ਼ਕ ਖੁਬਸੂਰਤ ਲਿਫਾਫਿਆਂ ਵਿਚ ਨਕਲੀ ਚੀਜ਼ਾਂ ਅਤੇ ਬੇਤੁਕੀਆਂ ਦਲੀਲਾਂ ਭਰੇ ਲੇਖ ਦੇ ਕੇ ਤਬਦੀਲੀ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਰਦੇ ਆਇ ਹਨ।

ਸਿੱਖ ਧਰਮ ਵਿੱਚ ਮਨੁੱਖ ਦੀ ਅੱਜ ਦੀ ਸੁਲਝੀ ਹੋਈ ਸੋਝੀ ਅਨੁਸਾਰ ਕੋਈ ਵੀ ਅਜੇਹੀ ਗਲ ਨਹੀਂ ਜਿਸ ਉਤੇ ਮਨੁੱਖਤਾ ਦੇ ਹਾਮੀ ਨੂੰ ਚਾਹੇ ਉਹ ਦੁਨੀਆਂ ਦੇ ਕਿਸੇ ਹਿਸੇ ਵਿਚ ਵੀ ਹੈ ਕੋਈ ਇਤਰਾਜ਼ ਹੋਵੇ। ਇਹ ਸਾਰੀ ਮਨੁੱਖਤਾ ਦਾ ਧਰਮ ਹੈ। ਐਡੀਟਰ ਸਾਹਿਬ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ‘ਮੈਂ ਧਰਮ ਨਹੀਂ ਦੇ ਰਿਹਾ, ਧਰਮ ਤੋਂ ਉਪਰ ਵਾਲੀ ਇਕ ਚੀਜ਼ ਦੇ ਰਿਹਾ ਹਾਂ।’ ਜੇ ਉਨ੍ਹਾਂ ਨੇ ਧਰਮ ਦੀ ਗਲ ਨਹੀਂ ਸੀ ਕੀਤੀ ਤਾਂ ਉਨ੍ਹਾਂ ਨੇ ਅਪਣੇ ਵਿਚਾਰ ਲੋਕਾਂ ਅਗੇ ਰਖਣ ਲਈ ਧਰਮਸ਼ਾਲਾਵਾਂ ਦਾ ਪ੍ਰਿਯੋਗ ਕਿਉਂ ਕੀਤਾ ਅਤੇ ਭਾਈ ਗੁਰਦਾਸ ਜੀ ਨੇ ‘ਘਰਿ ਘਰਿ ਅੰਦਰਿ ਧਰਸਾਲ ਹੋਵੈ ਕੀਰਤਨ ਸਦਾ ਵਸੋਆ।’ ਕਿਉਂ ਲਿਖਿਆ? ਗੁਰੂ ਨਾਨਕ ਸਾਹਿਬ ਨੇ ਸਚ ਯਾਨੀ ਪ੍ਰਮਾਤਮਾ ਦੇ ਨਾਮ ਨੂੰ ਹੀ ਅੰਮ੍ਰਿਤ ਅਤੇ ਮਨੁਖੀ ਜ਼ਿੰਦਗੀ ਦਾ ਧੁਰਾ ਮੰਨਿਆ ਪਰ ਨਾਲ ਇਹ ਵੀ ਕਿਹਾ ਕਿ ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ॥’(62) ਉਨ੍ਹਾਂ ਲਈ ਸਚ ਅਤੇ ਸੁਚਾ ਜੀਵਨ ਹੀ ਧਰਮ ਹੈ ਜਿਸਦੀ ਪ੍ਰੋੜ੍ਹਤਾ ਵਿਚ ਆਪ ਫੁਰਮਾਉਂਦੇ ਹਨ ‘ਏਕੋ ਧਰਮ ਦ੍ਰਿੜੈ ਸਚੁ ਕੋਈ॥ਗੁਰਮਤਿ ਪੂਰਾ ਜੁਗਿ ਜੁਗਿ ਸੋਈ॥’(1188) ਉਪ੍ਰੋਕਤ ਸ਼ਬਦਾਂ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਵਲੋਂ ਇਹ ਕਿਹਾ ਜਾਣਾ ਕਿ ਮੈਂ “ਧਰਮ ਨਹੀਂ ਦੇ ਰਿਹਾ” ਸਰਾ ਸਰ ਗ਼ਲਤ ਬਿਆਨੀ ਹੈ ਪਰ ਐਡੀਟਰ ਸਾਹਿਬ ਦੀ ਪਾਲੇਸੀ ਅਨੁਸਾਰ ਐਸਾ ਕਹਿਣਾ ਉਨ੍ਹਾਂ ਦੀ ਮਜਬੂਰੀ ਹੈ।ਉਨ੍ਹਾਂ ਨੇ ਗੁਰੂ ਸਾਹਿਬ ਬਾਬਤ ਜੋ ਅਗੇ ਲਿਖਿਆ ਹੈ ਕਿ ‘ਮੈਂ ਧਰਮ ਤੋਂ ਉਪਰ ਵਾਲੀ ਇਕ ਚੀਜ਼ ਦੇ ਰਿਹਾ ਹਾਂ।’

ਇਹ ਠੀਕ ਹੈ ਪਰ ਐਡੀਟਰ ਸਾਹਿਬ ਨੂੰ ਪਤਾ ਨਹੀਂ ਕਿ ਉਹ ਜੋ ਦੇ ਰਹੇ ਸਨ ਉਸਦਾ ਆਧਾਰ ਧਰਮ ਹੀ ਹੈ ਜਿਸ ਦੀਆਂ ਕੇਵਲ ਗਲਾਂ ਹੀ ਨਹੀਂ ਕਰਨੀਆਂ ਉਸ ਅਨੁਸਾਰ ਅਪਣੀ ਰਹਿਣੀ ਬਹਿਣੀ ਵੀ ਢਾਲਣੀ ਹੈ।ਇਸ ਬਾਬਤ ਉਨ੍ਹਾਂ ਲਿਖਿਆ ਹੈ ‘ਮਨਹਠ ਬੁਧੀ ਕੇਤੀਆ,ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ॥’ (62) ਗੁਰੂ ਸਾਹਿਬ ਦੀ ਧਰਮ ਤੋਂ ਉਪਰ ਦੀ ਗਲ ਦਾ ਹਵਾਲਾ ਐਡੀਟਰ ਸਾਹਿਬ ਨੇ ਗ਼ਲਤ ਤਰੀਕੇ ਨਾਲ ਦੇ ਕੇ ਅਪਣੀ ਪਾਲੇਸੀ ਅਨੁਸਾਰ ਗੁਰੂ ਸਾਹਿਬ ਦੇ ਕਥਨ ਨੂੰ ਤ੍ਰੋੜਿਆ ਮ੍ਰੋੜਿਆ ਹੈ। ਉਹ ਹੋਰ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੇ ਗੁਰੂਆਂ ਅਤੇ ਸਿਖ ਇਤਿਹਾਸ ਬਾਬਤ ਜੋ ਗ਼ਲਤ ਬਿਆਨੀਆਂ ਕੀਤੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਹੇਠ ਲਿਖੇ ਕਥਨਾਂ ਅਨੁਸਾਰ ਜੀਵਨ ਜੀਉ ਕੇ ਵੇਖਿਆ ਹੀ ਨਹੀ ਜਿਸ ਕਾਰਨ ਬਿਉਪਾਰਿਕ ਰੁਚੀ ਰਖਦਿਆਂ ਇਨ੍ਹਾਂ ਦੇ ਰਿਦੈ ਵਿਚ ਸਚ ਨੇ ਵਾਸਾ ਨਹੀਂ ਕੀਤਾ ਲਗਦਾ; ਸਚ ਨਾਲ ਇਨ੍ਹਾਂ ਦਾ ਪਿਆਰ ਨਹੀਂ ਬਣਿਆ; ਸਚ ਨਾਲ ਜੀਉਣ ਦੀ ਇਹ ਜੁਗਤ ਨਹੀਂ ਜਾਣ ਸਕੇ; ਇਨ੍ਹਾਂ ਨੇ ਸ਼ਾਇਦ ਚੰਗੀ ਸਿਖਿਆ ਵੀ ਨਹੀਂ ਲਈ ਅਤੇ ਕਾਰੋਬਾਰ ਦੇ ਲਾਲਚ ਕਾਰਨ ਅਪਣੇ ਅੰਦਰ ਸਚ ਦਾ ਨਿਵਾਸ ਨਹੀਂ ਹੋਣ ਦਿਤਾ।

ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ {ਪੰਨਾ 468}

ਜਿਨ੍ਹਾਂ ਨੇ ਸਚ ਨੂੰ ਸਮਝ ਕੇ ਇਸਦੀ ਦੀ ਓਟ ਲੈ ਲਈ ਹੈ ਉਹ ਅਪਣੇ ਜੀਵਨ ਅਤੇ ਖਿਆਲਾਂ ਦੀ ਪਰਖ ਵਾਸਤੇ ਸਦਾ ਥਿਰ ਰਹਿਣ ਵਾਲੇ ਨਾਮ ਨੂੰ ਹੀ ਕਸਵਟੀ ਦੇ ਤੌਰ ਤੇ ਵਰਤਦੇ ਹਨ ਜਿਵੇਂ ਫੁਰਮਾਨ ਹੈ:

ਜਿਨ ਸਚੁ ਪਲੈ ਸਚੁ ਵਖਾਣਹਿ, ਸਚੁ ਕਸਵਟੀ ਲਾਵਣਿਆ॥’ (112)

ਐਡੀਟਰ ਸਾਹਿਬ ਮੁਲਤਾਨ ਦੇ ਪੀਰਾਂ ਦੀ ਬਾਬੇ ਅਗੇ ਦੁਧ ਦਾ ਭਰਿਆ ਕਟੋਰਾ ਰਖਣ ਦੀ ਅਪਣੇ ਗ਼ਲਤ ਅੰਦਾਜ਼ ਵਿਚ ਗਲ ਕਰਦੇ ਅਗੇ ਲਿਖਦੇ ਹਨ “ਬਾਬੇ ਨਾਨਕ ਦੇ ਉਤਰ ਵਿਚ ਜਿਹੜੀ ਦੂਜੀ ਗਲ ਲੁਪਤ ਸੀ, ਉਹ ਇਹ ਸੀ ਕਿ ਧਰਮ ਤਾਂ ਪੁਰਾਣੇ ਪੈ ਜਾਂਦੇ ਹਨ ਤੇ ਦੁਧ ਵਾਂਗ ਖਟੇ ਵੀ ਹੋ ਜਾਂਦੇ ਹਨ ਤੇ ਬਦਬੂ ਵੀ ਮਾਰਨ ਲਗ ਪੈਂਦੇ ਹਨ----” ਐਡੀਟਰ ਸਾਹਿਬ ਇਹ ਲਿਖ ਕੇ ਇਸ ਗਲ ਦਾ ਸਬੂਤ ਦੇ ਰਹੇ ਹਨ ਕਿ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪਤਾ ਹੀ ਨਹੀਂ ਜਿਸ ਵਿਚ ਉਨ੍ਹਾਂ ਦਾ ਫੁਰਮਾਨ ਹੈ ‘ਸਚੁ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਇ॥’ (1248) ‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੇ॥’ (955) ਜਿਹੜੇ ਮਨੁਖ ਨਾਮ ਨਾਲ ਗੰਢੇ ਜਾਂਦੇ ਹਨ ਅਤੇ ਨਾਮ ਨੂੰ ਅਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਹਨ ਉਹ ਐਡੀਟਰ ਸਾਹਿਬ ਵਾਂਗ ਇਸ ਤਰ੍ਹਾਂ ਦੀਆਂ ਅਲਲ ਬਲਲੀਆਂ ਨਹੀਂ ਮਾਰਦੇ। ਧਰਮ ਪੁਰਾਣਾ ਹੋਣ ਦੀ ਗਲ ਤਾਂ ਕੀ ਕਰਨੀ ਹੈ, ਗੁਰੂ ਸਾਹਿਬ ਤਾਂ ਦਗ ਦਗ ਕਰਦੀਆਂ ਅਖਾਂ ਨਾਲ ਸਾਹਿਬ ਨੂੰ ਹਮੇਸ਼ਾ ਨਿਤ ਨਵਾਂ ਵੇਖ ਰਹੇ ਹਨ, ਜਿਸਦਾ ਜ਼ਿਕਰ ਉਹ ਇਸ ਤਰ੍ਹਾਂ ਕਰਦੇ ਹਨ ‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ (660)
ਅਪਣੇ ਸੰਪਾਦਕੀ ਵਿਚ ਇਕ ਥਾਂ ਉਹ ਲਿਖਦੇ ਹਨ “ਇਸਨੂੰ ਅਪਣੀ ਬਦਕਿਸਮਤੀ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਅਸੀਂ ਬਾਬੇ ਨਾਨਕ ਦੀ ਅਸਲੀ ਹਥ-ਲਿਖਤ ਨੂੰ ਵੀ ਅਪਣੇ ਕੋਲ ਸੰਭਾਲ ਕੇ ਨਹੀਂ ਰਖ ਸਕੇ।” ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਹਥ-ਲਿਖਤ ਦੀ ਗਲ ਕਰ ਰਹੇ ਹਨ। ਸਿੱਖ ਜਗਤ ਦਾ ਸਿਆਣਾ ਵਰਗ ਇਸ ਗਲ ਦਾ ਕਾਇਲ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਉਤਰਅਧਿਕਾਰੀ ਤਿੰਨ ਗੁਰੂਆਂ ਦੀਆਂ ਹਥ-ਲਿਖਤ ਪੋਥੀਆਂ ਬਾਬਾ ਮੋਹਨ ਜੀ ਅਤੇ ਹੋਰਨਾਂ ਪਾਸੋਂ ਕਿਵੇਂ ਇਕੱਠੀਆਂ ਕੀਤੀਆਂ ਅਤੇ ਸੰਪਾਦਨਾ ਕਰਦਿਆਂ, ਉਨ੍ਹਾਂ ਇਸ ਗਲ ਨੂੰ ਯਕੀਨੀ ਬਣਾਇਆ ਕਿ ਇਸ ਵਿਚ ਹੋਰਨਾਂ ਧਰਮਾਂ ਦੇ ਗ੍ਰੰਥਾਂ ਵਾਂਗ ਕੋਈ ਤਬਦੀਲੀ ਜਾਂ ਗੁਰਮਤਿ ਤੋਂ ਉਲਟ ਗਲ ਦਰਜ ਨਾ ਕੀਤੀ ਜਾ ਸਕੇ। ਮੇਰਾ ਖਿਆਲ ਹੈ ਕਿ ਐਡੀਟਰ ਸਾਹਿਬ ਵਰਗੇ ਜਿਹੜੇ ਭਦਰਪੁਰਸ਼ ਬਾਬੇ ਦੀ ਕਥਿਤ ਗੁਆਚੀ ਬਾਣੀ ਲਭਣ ਦੀਆਂ ਗਲਾਂ ਕਰ ਰਹੇ ਹਨ, ਉਹ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਦੀ ਸ਼ਹਿ ਨਾਲ ਕਿਸੇ ਕਿਸਮ ਦੀ ਤਬਦੀਲੀ ਕਰਨ ਤੋਂ ਅਸਮਰਥ ਹੁੰਦੇ ਹੋਇ ਅਜੇਹੀਆਂ ਗਲਾਂ ਕਰ ਰਹੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਬਾਬਾ ਜੀ ਦੀ ਅਸਲ ਬਾਣੀ ਲਭਣ ਲਈ ਕੋਈ ਚਾਰ ਕਰੋੜ ਰੁਪਏ ਦੀ ਲੋੜ ਹੈ। ਇਥੇ ਫੇਰ ਉਹ ਅਪਣੇ ਕਾਰੋਬਾਰੀ ਹੋਣ ਦਾ ਸਬੂਤ ਦਿੰਦੇ ਹਨ। ਅੱਜ ਤਕ ਉਨ੍ਹਾਂ ਨੇ ਕਿਸੇ ਐਸੇ ਵਿਦਵਾਨ ਦੀ ਗਲ ਨਹੀਂ ਕੀਤੀ ਜਿਸ ਤੋਂ ਉਹ ਬਾਬੇ ਦੀ ਗੁਆਚੀ ਹੋਈ ਬਾਣੀ ਦੀ ਖੋਜ ਕਰਵਾਉਣਗੇ। ਮੈਨੂੰ ਤਾਂ ਏਉਂ ਲਗਦਾ ਹੈ ਕਿ ਜਿਸ ਏਜੰਸੀ ਦੇ ਬਲ ਬੂਤੇ ਤੇ ਉਹ ਅਜੇਹੀਆਂ ਗਲਾਂ ਕਰ ਰਹੇ ਹਨ ਉਸਨੇ ਸਰਦਾਰ ਜੁਗਿੰਦਰ ਸਿੰਘ ਦੇ ‘ਬਾਬੇ ਨਾਨਕ’ ਦੀ ਬਾਣੀ ਤਾਂ ਪਹਿਲਾਂ ਹੀ ਤਿਆਰ ਕਰ ਰਖੀ ਹੈ, ਜਦੋਂ ਚਾਰ ਕਰੋੜ ਇਕੱਠੇ ਕਰ ਲਏ ਤਾਂ ਭੰਬਲਭੂਸੇ ਪਾਉਣ ਲਈ ਉਹ ਲੋਕਾਂ ਅਗੇ ਰੱਖ ਦਿਤੀ ਜਾਵੇਗੀ ਤਾਕਿ ਸਿਖ ਜਗਤ ਵਿਚ ਹੋਰ ਵਿਵਾਦ ਖੜੇ ਕੀਤੇ ਜਾ ਸਕਣ।

ਐਡੀਟਰ ਸਾਹਿਬ ਲਿਖਦੇ ਹਨ ਕਿ “(ਗੁਰੁ ਗ੍ਰੰਥ ਸਾਹਿਬ) ਦੇ ਕਾਤਬਾਂ ਨੇ, ਉਸਦੇ (ਗੁਰੁ ਨਾਨਕ ਦੀ ਬਾਣੀ ਦੇ) ਉਤਾਰੇ ਕਰਨ ਸਮੇਂ ਬੜਾ ਆਪਹੁਦਰਾਪਨ ਕੀਤਾ ਹੈ।” ਸਿੱਖ ਜਗਤ ਜਾਣਦਾ ਹੈ ਕਿ ਗੁਰੂ ਅਰਜਨ ਸਾਹਿਬ ਵੇਲੇ ਕਾਤਬ ਭਾਈ ਗੁਰਦਾਸ ਜੀ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਭਾਈ ਮਨੀ ਸਿੰਘ ਜੀ। ਸਿੱਖਾਂ ਵਿਚ ਬੜੇ ਸਤਿਕਾਰ ਨਾਲ ਜਾਣੀ ਜਾਂਦੀਆਂ ਇਨ੍ਹਾਂ ਹਸਤੀਆਂ ਉਪਰ ਐਡੀਟਰ ਸਾਹਿਬ ਆਪਹੁਦਰਾਪਨ ਕਰਨ ਦਾ ਘਟੀਆ ਕਿਸਮ ਦਾ ਇਲਜ਼ਾਮ ਲਾ ਰਹੇ ਹਨ, ਜਿਸ ਦਾ ਨੋਟਿਸ ਲੈਣਾ ਸਿੱਖਾਂ ਦਾ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਲਈ ਦਾਨ ਦੇਣ ਵਾਲਿਆਂ ਦਾ ਇਹ ਵੇਖਣਾ ਫਰਜ਼ ਬਣਦਾ ਹੈ ਕਿ ਕੀ ਉਹ ਦਾਨ ਦੇ ਕੇ ਅਪਣੇ ਪੈਰਾਂ ‘ਤੇ ਆਪ ਹੀ ਕੁਹਾੜਾ ਤਾਂ ਨਹੀਂ ਮਾਰ ਰਹੇ। ਮੇਰੇ ਪਿਛਲੇ ਕੁਝ ਲੇਖ ਇਸ ਗਲ ਦੇ ਗਵਾਹ ਹਨ ਕਿ ਐਡੀਟਰ ਸਾਹਿਬ ਨੂੰ ਆਪ ਨਾ ਸਹੀ ਸ਼ਬਦ ਲਿਖਣੇ ਆਉਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਅਰਥਾਂ ਦੀ ਇਨ੍ਹਾਂ ਨੂੰ ਸੋਝੀ ਹੈ। ਪਤਾ ਨਹੀਂ ਕੌਣ ਉਨ੍ਹਾਂ ਨੂੰ ਗ਼ਲਤ ਸ਼ਬਦ ਲਿਖ ਕੇ ਦੇ ਦਿੰਦਾ ਹੈ। ਉਹ ਅਪਣੀ ਬੇਸਮਝੀ ਦਾ ਗ਼ੁਸਾ ਕਾਤਬਾਂ ਉਤੇ ਕਢ ਰਹੇ ਹਨ।

ਅਗੇ ਐਡੀਟਰ ਸਾਹਿਬ ਲਿਖਦੇ ਹਨ ਕਿ “ਕਿ ਭਾਈ ਕਾਹਨ ਸਿੰਘ ਨੇ ਇਕ ਸਦੀ ਪਹਿਲਾਂ ਲਿਖਿਆ ਕਿ ਉਹ ਬੁਰਛਾਗਰਦਾਂ ਤੋਂ ਡਰਦੇ ਉਹ ਸਾਰਾ ਸਚ ਪ੍ਰਕਾਸ਼ਤ ਨਹੀਂ ਕਰ ਰਹੇ ਜੋ ਗੁਰਬਾਣੀ ਨਾਲ ਕੀਤੇ ਗਏ ਛੇੜਛਾੜ ਦੇ ਰੂਪ ਵਿਚ ਉਨ੍ਹਾਂ ਨੂੰ ਲਭਿਆ ਸੀ।” ਐਡੀਟਰ ਸਾਹਿਬ ਨੇ ਇਹ ਲਿਖਣ ਦਾ ਹਕ ਕਿਥੋਂ ਲੈ ਲਿਆ ਕਿ ਭਾਈ ਕਾਹਨ ਸਿੰਘ ਦਾ ਇਸ਼ਾਰਾ ਗੁੂਰੂੁ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਲਿਖਵਾਈਆਂ ਬੀੜਾਂ ਦੇ ਕਾਤਬਾਂ ਯਾਨੀ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵਲ ਹੈ। ਭਾਈ ਸਾਹਿਬ ਦਾ ਕਾਲ 1861 ਤੋਂ 1938 ਹੈ ਜਿਸ ਵਿਚ ਬਹੁਤ ਸਾਰਾ ਮਨਮਤੀ ਲਿਟਰੇਚਰ ਹੋਂਦ ਵਿਚ ਆ ਗਿਆ ਸੀ, ਅਤੇ ਐਡੀਟਰ ਸਾਹਿਬ ਵਰਗੇ ਕਈਆਂ ਨੇ ਸਿੱਖ ਲਿਖਤਾਂ ਨਾਲ ਛੇੜਛਾੜ ਕਰਨ ਦੀ ਜਾਂ ਅਜੇਹੇ ਬੰਦਿਆਂ ਦੀ ਹਮਾਇਤ ਕਰਨ ਦੀ ਹਿਮਾਕਤ ਜ਼ਰੂਰ ਕੀਤੀ ਹੈ। ਭਾਈ ਸਾਹਿਬ ਦਾ ਇਸ਼ਾਰਾ ਅਜੇਹੇ ਲੋਕਾਂ ਵਲ ਹੀ ਹੋ ਸਕਦਾ ਹੈ। ਬਾਕੀ ਭਾਈ ਕਾਹਨ ਸਿੰਘ ਦੇ ਮੂੰਹ ਵਿਚ ਇਹ ਸ਼ਬਦ ਪਾਉਣੇ ਕਿ ਉਹ ਬੁਰਛਾਗਰਦੀ ਤੋਂ ਡਰਦੇ ਇਨ੍ਹਾਂ ਕਾਤਬਾਂ ਬਾਰੇ ਕੁਝ ਕਹਿ ਨਹੀਂ ਸਕੇ, ਮੈਂ ਸਮਝਦਾ ਹਾਂ ਕਿ ਠੀਕ ਨਹੀਂ ਕਿਉਂਕਿ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵਰਗੇ ਕਾਤਬ ਬੁਰਛਾਗਰਦੀ ਕਰਨ ਵਾਲੇ ਨਹੀਂ ਸਨ, ਦੂਜੇ ਭਾਈ ਕਾਹਨ ਸਿੰਘ ਵਰਗਾ ਖੋਜੀ ਵਿਦਵਾਨ ਮੂਲ ਮੰਤਰ ਦੇ ਸ਼ਬਦਾਂ ‘ਨਿਰਭਉ ਅਤੇ ਨਿਰਵੈਰੁ’ ਦੀ ਵਿਆਖਿਆ ਕਰਨ ਵਾਲਾ, ਸੱਚੀ ਗਲ ਕਹਿਣ ਲਗਿਆਂ ਕਿਸੇ ਕਿਸਮ ਦੀ ਬੁਰਛਾਗਰਦੀ ਤੋਂ ਨਹੀਂ ਡਰ ਸਕਦਾ।

ਜਿਥੋਂ ਤਕ ਕਰਤਾਰਪੁਰੀ ਬੀੜ ਦਾ ਸਬੰਧ ਹੈ, ਮੈਨੂੰ ਇਸਦੇ ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀਂ। ਇਸ ਲਈ ਮੈਂ ਪ੍ਰਿੰਸੀਪਲ ਭਾਈ ਜੋਧ ਸਿੰਘ ਹੋਰਾਂ ਦੇ ਜੀਵਨ ਨੂੰ ਕੁੱਝ ਹਦ ਤਕ ਜ਼ਾਤੀ ਤੌਰ ਤੇ ਜਾਣਦਾ ਹੋਇਆ ਵੀ ਉਨ੍ਹਾਂ ਦੇ ਇਸ ਬੀੜ ਸਬੰਧੀ ਵਿਚਾਰਾਂ ਬਾਬਤ ਕੁੱਝ ਨਹੀਂ ਕਿਹਣਾ ਚਾਹੁੰਦਾ। ਇਕ ਗਲ ਮੈਂ ਜ਼ਰੂਰ ਕਹਾਂਗਾ ਕਿ ਕਰਤਾਰਪੁਰੀ ਬੀੜ ਜੇ ਉਸ ਬੀੜ ਨਾਲੋਂ ਵਖਰੀ ਹੈ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੀਂ ਪਾਤਸ਼ਾਹੀ ਦੀ ਬਾਣੀ ਦਰਜ ਕਰ ਕੇ ਗੁਰਗੱਦੀ ਦਾ ਦਰਜਾ ਦਿੱਤਾ ਤਾਂ ਉਸਨੂੰ ਸਹੀ ਨਹੀਂ ਮੰਨਣਾ ਚਾਹੀਦਾ।

ਐਡੀਟਰ ਸਾਹਿਬ ਇਸੇ ਸੰਪਾਦਕੀ ਵਿਚ ਲਿਖਦੇ ਹਨ “ਬਾਬੇ ਨਾਨਕ ਨੇ ਲਿਫਾਫਾ ਨਹੀਂ ਸੀ ਦਿਤਾ,ਉਸ ਵਿੱਚ ਰੱਖ ਕੇ ਬਹੁਤ ਸਾਰਾ ਕੀਮਤੀ ਸੌਦਾ ਸਾਨੂੰ ਦਿੱਤਾ ਸੀ। ਪਰ ਬਾਬੇ ਨਾਨਕ ਦੇ ਸਿੱਖ ਅੱਜ ਵੀ ਲਿਫਾਫਿਆਂ ਤਕ ਹੀ ਅਟਕੇ ਹੋਇ ਹਨ, ਤੇ ਲਿਫਾਫੇ ਦੇ ਅੰਦਰ ਝਾਕ ਕੇ ਵੀ ਨਹੀਂ ਵੇਖਦੇ ਕਿ ਅੰਦਰ ਦਾ ਸੌਦਾ ਕੀ ਹੈ।------ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿਤਾ ਜਾਂਦਾ ਹੈ, ਜਿਵੇ ਧਰਮ ਦਾ ਕਾਹਬਾ ਢਹਿ ਪਿਆ ਹੋਵੇ।” ਐਡੀਟਰ ਦੇ ਸ਼ਬਦ ਲਿਫਾਫੇ ਦੀ ਵਰਤੋਂ ਅਤੇ ਸੁਨਹਿਰੀ ਬੀੜ ਦੇ ਜ਼ਿਕਰ ਨਾਲ, ਉਨ੍ਹਾਂ ਦਾ ਲਿਫਾਫੇ ਤੋਂ ਮਤਲਬ ਗੁਰੂ ਗ੍ਰੰਥ ਸਾਹਿਬ ਲਗਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਲਿਫਾਫਾ ਦਸਣਾ ਕੋਈ ਛੋਟੀ ਮੋਟੀ ਹਿਮਾਕਤ ਨਹੀਂ, ਇਹ ਸਿੱਖ ਧਰਮ ‘ਤੇ ਜਿਸ ਦਾ ਆਧਾਰ ਗੁਰੂ ਨਾਨਕ ਸਮੇਤ ਬਾਕੀ ਗੁਰੂਆਂ ਦੀ ਬਾਣੀ ਤੇ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਸ ਉਪਰ ਇਕ ਨਹਾਇਤ ਹੀ ਸ਼ਰਮਨਾਕ ਅਤੇ ਕੋਝਾ ਹਮਲਾ ਹੈ।

ਮੈਂ ਅਪਣੇ ਪਿਛਲੇ ਲੇਖ ਵਿਚ ਇਸ ਐਡੀਟਰ ਦੇ ਮਗਰ ਕਿਸੇ ਏਜੰਸੀ ਦੇ ਹੋਣ ਦਾ ਜ਼ਿਕਰ ਕੀਤਾ ਸੀ ਜਿਸਦੀ ਸ਼ਹਿ ਨਾਲ ਇਹ ਸਿਖ ਕੌਮ ਨੂੰ ਟਿਚ ਕਰ ਕੇ ਸਮਝਣ ਲਗ ਪਿਆ ਹੈ। ਪਿਛਲੇ 5 ਸਾਲਾਂ ਵਿੱਚ ਪੁਲਾਂ ਹੇਠਦੀ ਬਹੁਤ ਪਾਣੀ ਲੰਘ ਚੁਕਾ ਹੈ, ਜਿਸਨੂੰ ਵੇਖ ਕੇ ਮੈਂ ਕਹਿਣਾ ਚਾਹੁੰਦਾ ਹਾਂ ‘ਉਠੋ ਵਗਰਨਾ ਹਸ਼ਰ ਨਾ ਹੋਗਾ ਫਿਰ ਕਭੀ ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ। ਪੈਸੇ ਦੁਗਣੇ ਕਰਾਉਣ ਵਾਲੇ ਅਤੇ ਦਾਨੀ ਸਜਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਲਾਲਚ ਵਸ ਜਾਂ ਦਾਨ ਤੋਂ ਕਿਸੇ ਚੰਗੀ ਆਸ ਵਿਚ ਸਿੱਖ ਧਰਮ ਉਪਰ ਹਮਲੇ ਕਰਨ ਵਾਲੇ ਦੇ ਮਗਰ ਨਾ ਲਗਣ।

ਸੁਆਲ ਪੈਦਾ ਹੁੰਦਾ ਹੈ, ਕਿ ਉਹ ਕਿਹੜੀ ਸ਼ਕਤੀ ਹੈ ਜੋ ਅਡਟਿਰ ਸਾਹਿਬ ਨੂੰ ਇਸ ਗ਼ਲਤ ਪਾਸੇ ਧਕੀ ਜਾ ਰਹੀ ਹੈ। ਮੈਂ ਇਸ ਸਬੰਧੀ ਪਹਿਲਾਂ ਇਕ ਲੇਖ ਵਿਚ ਇਸ਼ਾਰਾ ਕਰ ਚੁਕਾ ਹਾਂ। ਸਰਦਾਰ ਸਾਹਿਬ ਨੇ ਲੋਕਾਂ ਨੂੰ ਪੈਸੇ ਦੁਗਣੇ ਕਰ ਕੇ ਦੇਣੇ ਹਨ।ਉਹ ਕਿਥੋਂ ਦੇਣਗੇ ਜੇ ਏਜੰਸੀ ਗ਼ੁਸੇ ਹੋ ਗਈ। ਸੋ ਅਪਣਾ ਕਾਰੋਬਾਰ ਚਲਾਉਣ ਲਈ ਇਹ ਬਹੁਤਰ ਸਰਮਾਇਦਾਰਾਂ ਵਾਂਗ ਸਿੱਖਾਂ ਦੇ ਭਾਵਾਂ ਦੀ ਪਰਵਾਹ ਨਹੀਂ ਕਰਦੇ।

ਹੁਣ, ਆਈਏ ਉਸ ਇਨਕਲਾਬ ਵਲ ਜਿਸਨੂੰ ਐਡੀਟਰ ਸਾਹਿਬ ਪੰਜਾਬ ਤੋਂ ਸ਼ੁਰੂ ਹੋਣਾ ਦਸਦੇ ਹਨ। ਲਗਦਾ ਹੈ ਇਨ੍ਹਾਂ ਨੇ ਡਾ: ਜਗਜੀਤ ਸਿੰਘ ਦੀ ਮਸ਼ਹੂਰ ਕਿਤਾਬ ‘ਸਿੱਖ ਇਨਕਲਾਬ’ ਨਾ ਸੁਣੀ ਹੈ ਨਾ ਪੜ੍ਹੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ, ਕਿ ਸਿੱਖ ਲਹਿਰ ਨੂੰ 1469 ਤੋਂ ਹੀ ਇਨਕਲਾਬੀ ਲਹਿਰ ਦਾ ਦਰਜਾ ਹਾਸਿਲ ਹੈ ਅਤੇ ਇਹ ਇਨਕਲਾਬ ਸਰਕਾਰਾਂ ਅਤੇ ਇਸ ਐਡੀਟਰ ਸਾਹਿਬ ਵਰਗਿਆਂ ਦੀ ਮੁਖਾਲਫਿਤ ਦੇ ਬਾਵਜੂਦ ਲੋਕਾਂ ਦੇ ਮਨ ਵਿਚ ਬੈਠ ਕੇ ਵਧਦਾ ਜਾ ਰਹਾ ਹੈ। ਇਹ ਇਕ ਇਤਿਹਾਸਕ ਸਚ ਹੈ ਕਿ ਪੰਜਾਬ ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿਚ ਜੋ 1478 ਦੇ ਕਰੀਬ ਬਣਦੀ ਹੈ ਜਨੇਊ ਪਾਉਣ ਤੋਂ ਇਨਕਾਰ ਕਰ ਕੇ ਭਰਮਾਂ ਵਹਿਮਾਂ ਵਿਚ ਫਸੀ ਲੋਕਾਈ ਨੂੰ ਉਨ੍ਹਾਂ ਦੀ ਚਮਕਦੀ ਕਿਸਮਤ ਦਾ ਸੂਰਜ ਵਿਖਾਇਆ ਸੀ, ਜਿਸ ਦੇ ਫਲ਼ਸਰੂਪ ਸਮਾਜ ਦੇ ਦਰਕਾਰੇ ਹੋਇ ਲੋਕਾਂ ਨੇ ਜਿਨ੍ਹਾਂ ਵਿਚ ਗੁਰਬਾਣੀ ਕਾਰਨ ਆਤਮ ਬਲ ਪੈਦਾ ਹੋ ਚੁਕਾ ਸੀ, ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਹਨੁਮਾਈ ਵਿਚ ਮੁਗ਼ਲ ਹਕੂਮਤ ਦਾ ਖਾਤਮਾ ਕਰ ਕੇ ਲੋਕ ਰਾਜ ਕਾਇਮ ਕਰ ਦਿਤਾ ਸੀ ਅਤੇ 1783 ਵਿਚ ਦਿਲੀ ਤਖਤ ਤੇ ਵੀ ਜਾ ਕਬਜ਼ਾ ਕੀਤਾ ਸੀ। ਇਨਕਲਾਬ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਿਸਦੀਆਂ ਲੱਤਾਂ ਇਨ੍ਹਾਂ ਐਡੀਟਰਾਂ ਵਰਗੇ ਖਿਚਣੋ ਨਹੀਂ ਹਟਦੇ। ਕਿਰਤ ਅਤੇ ਵੰਡ ਛਕਣ ਦਾ ਖਿਆਲ ਸਮਾਜਵਾਦੀਆਂ ਨੇ ਬਾਬੇ ਨਾਨਕ ਤੋਂ ਲੈ ਕੇ ਹੀ ਰੂਸੀ ਇਨਕਲਾਬ ਲਿਆਂਦਾ ਸੀ, ਮਨੁੱਖੀ ਭਾਈਚਾਰੇ ਦੀ ਬਰਾਬਰੀ ਦਾ ਖਿਆਲ ਵੀ ਗੁਰੂ ਸਾਹਿਬ ਤੋਂ ਲੈ ਕੇ 1789 ਦਾ ਫਰਾਂਸੀਸੀ ਇਨਕਲਾਬ ਆਇਆ ਅਤੇ ਸਿੱਖ ਸਿਧਾਂਤ ਦੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਹੀ ਯੂ.ਐਨ.ਓ ਤੋਂ 1948 ਵਿੱਚ ਮਨੁੱਖੀ ਅਧਿਕਾਰਾਂ ਦਾ ਐਲਾਨ ਕਰਵਾਇਆ। ਇਹ ਇਨਕਲਾਬ ਤਾਂ ਜਾਰੀ ਹੈ। ਐਡੀਟਰ ਸਾਹਿਬ ਨੂੰ ਇਲਮ ਹੋਣਾ ਚਾਹੀਦਾ ਹੈ, ਕਿ ਜਿਹੜਾ ਘਾਹ ਫੂਸ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਇਸਦੇ ਤੂਫਾਨ ਵਿਚ ਰੁੜ੍ਹ ਜਾਇਗਾ।

ਰਘਬੀਰ ਸਿੰਘ ਢਿਲੋਂ
91 981446501


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top