Share on Facebook

Main News Page

ਸਿੱਖ ਦੀ ਪਛਾਣ!

ਅੱਜ-ਕਲ ਸਿੱਖ ਬਹੁਤ ਸਿਆਣੇ ਹੋ ਗਏ ਹਨ। ਅਸੀਂ ਇਕ ਸਿੱਖ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਘੜ੍ਹ ਲਈਆਂ ਹਨ, ਜਿਨ੍ਹਾਂ ਵਿਚ ਆਮ ਸਿੱਖਾਂ ਤੋਂ ਲੈ ਕੇ, ਵਿਦਵਾਨ ਸਿੱਖ, ਪਾਹੁਲਧਾਰੀ ਸਿੱਖ, ਅੰਮ੍ਰਿਤਧਾਰੀ ਸਿੱਖ, ਕਲੀਨ ਸ਼ੇਵਨ ਸਿੱਖ, ਅਰੋੜੇ ਸਿੱਖ, ਮਜ੍ਹਬੀ ਸਿੱਖ, ਜੱਟ ਸਿੱਖ, ਕੰਬੋਜ ਸਿੱਖ, ਰਾਮਗੜ੍ਹੀਆ ਸਿੱਖ, ਰਵਦਾਸੀਆ ਸਿੱਖ, ਸਹਿਜਧਾਰੀ ਸਿੱਖ, ਨਿਹੰਗ ਸਿੰਘ, ਸਿੰਘਾਂ ਦਾ ਸਾਹਿਬ ਸਿੱਖ ਆਦਿ ਹੋਰ ਬਹੁਤ ਤਰ੍ਹਾਂ ਦੇ ਸਿੱਖ ਵੀ ਹਨ।

ਵੈਸੇ ਤਾਂ ਸਿੱਖ ਉਸ ਨੂੰ ਕਿਹਾ ਜਾਂਦਾ ਹੈ, ਜੋ ਸਿੱਖਣ ਦਾ ਚਾਹਵਾਨ ਹੋਵੇ, ਇਸ ਲਈ ਹੀ ਸਿੱਖ ਸਾਰੀ ਉਮਰ ਕੁਝ ਨਾ ਕੁਝ ਸਿਖਦਾ ਰਹਿੰਦਾ ਹੈ। ਪਰ ਅਜੋਕੇ ਸਿੱਖ ਕਦੇ ਵੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੇ ਸਿਖਣਾ ਕਿਸ ਕੋਲੋਂ ਹੈ ? (ਕਿਉਂਕਿ ਉਨ੍ਹਾਂ ਨੂੰ ਸਿੱਖਣ ਦੀ ਚਾਹ ਹੀ ਨਹੀਂ ਹੁੰਦੀ) ਉਨ੍ਹਾਂ ਦਾ ਗੁਰੂ ਕਿਹੜਾ ਹੈ ? ਇਹ ਸੋਚਣ ਦੀ ਲੋੜ ਤਾਂ ਉਸ ਨੂੰ ਹੀ ਪਵੇਗੀ, ਜਿਸ ਨੂੰ ਸਿਖਣ ਦੀ ਚਾਹ ਹੋਵੇਗੀ।

ਛੋਟੇ ਗੁਰਦਵਾਰੇ ਤੋਂ ਲੈ ਕੇ, ਵਡੀਆਂ ਸਿੰਘ-ਸਭਾਵਾਂ, ਇਤਿਹਾਸਿਕ ਗੁਰਦਵਾਰੇ, ਕੇਂਦਰੀ ਸਿੱਘ ਸਭਾ, ਸਿੱਖਾਂ ਦਾ ਕੇਂਦਰੀ ਅਸਥਾਨ (ਗੁਰਦਵਾਰਾ ਇਸ ਕਰ ਕੇ ਨਹੀਂ ਲਿਖ ਰਿਹਾ, ਕਿਉਂਕਿ ਉਹ ਗੁਰੂ ਦਾ ਦਵਾਰਾ ਹੈ ਹੀ ਨਹੀਂ, ਉਹ ਤਾਂ ਹਰੀ ਦਾ ਮੰਦਰ ਹੈ, ਸਵਰਨ ਮੰਦਰ ਹੈ, ਗੋਲਡਨ ਟੈਂਪਲ ਹੈ। ਗੋਲਡਨ ਟੈਂਪਲ ਆਸਰੇ ਹੀ ਪੱਛਮੀ ਦੇਸ਼ਾਂ ਵਿਚ ਬਹੁਤੇ ਗੁਰਦਵਾਰਿਆਂ ਨੂੰ ਟੈਂਪਲ ਹੀ ਕਿਹਾ ਜਾਂਦਾ ਹੈ) ਆਦਿ ਸਭ ਥਾਂਵਾਂ ਤੇ ਆਪਣੀ ਮਨ-ਮਤਿ ਸਿਖਾਉਣ ਵਾਲੇ ਸਿੱਖ ਤਾਂ ਬਹੁਤ ਹਨ, ਪਰ ਗੁਰੂ ਦੀ ਸਿਖਿਆ ਲੈਣ ਦਾ ਚਾਹਵਾਨ ਸਿੱਖ, ਲੱਭਣਾ ਬੜਾ ਔਖਾ ਹੈ।

ਇਸ ਲਈ ਹੀ ਹਰ ਕਹੇ ਜਾਂਦੇ ਗੁਰਦਵਾਰੇ ਦੇ ਅਪਣੇ-ਅਪਣੇ ਨਿਯਮ-ਕਾਨੂਨ ਹਨ। ਜੇ ਗੁਰੂ ਦੇ ਦਵਾਰੇ ਹੁੰਦੇ ਤਾਂ ਇਨ੍ਹਾਂ ਸਭ ਦੀ ਮਰਯਾਦਾ ਇਕ ਹੀ ਹੁੰਦੀ, ਪਰ ਅਸੀਂ ਕਿਸੇ ਬੰਦਸ਼ ਵਿਚ ਰਹਿ ਕੇ ਰਾਜ਼ੀ ਹੀ ਨਹੀਂ ਹਾਂ। ਇਸ ਲਈ ਜਿਵੇਂ ਸਾਨੂੰ ਪੰਥ ਪ੍ਰਵਾਣਤ ਰਹਿਤ ਮਰਯਾਦਾ (ਸ਼ਾਇਦ ਗੁਰਦਵਾਰਿਆਂ ਦੀ ਮਾਇਆ ਤੇ ਪਲਣ ਵਾਲੇ ਕੁਝ ਸਿੱਖ ਅਤੇ ਕੁਝ ਹੋਰ 20-25 ਸਿੱਖ ਹੀ ਪੂਰਾ ਪੰਥ ਹੁੰਦਾ ਹੈ। ਇਹ 20-25 ਸਿੱਖ ਪੰਥ ਦਾ ਭਲਾ ਤਾਂ ਕਰਨਾ ਚਾਹੁੰਦੇ ਸਨ, ਪਰ ਗਿਦੜਾਂ ਦੇ ਝੁੰਢ ਨਾਲ ਰਲ ਕੇ, ਹੂਆ-ਹੂਆ ਕਰਨ ਦੇ ਚਾਹਵਾਨ ਨਹੀਂ ਸਨ। ਇਸ ਲਈ ਹੀ ਉਹ 1936 ਤੋਂ ਬਹੁਤ ਚਿਰ ਪਹਿਲਾਂ ਹੀ, ਨਿਰਾਸ ਹੋ ਕੇ ਕਮੇਟੀ ਛੱਡ ਗਏ ਸਨ, ਹਾਲਾਂਕਿ ਉਨ੍ਹਾਂ ਦਾ ਨਾਮ ਹੁਣ ਤਕ ਵਰਤਿਆ ਜਾਂਦਾ ਹੈ, ਪਰ ਕਿਤੇ, ਇਹ ਕੋਈ ਵੇਰਵਾ ਨਹੀਂ ਕਿ ਇਨ੍ਹਾਂ ਵਿਚੋਂ ਕਿਸ ਨੇ ਕੀ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਉਸ ਪ੍ਰਸਤਾਵ ਦਾ ਕੀ ਹੋਇਆ ?

ਅਜਿਹੇ ਇਕ ਪਾਸੜ ਇਕੱਠ ਵਲੋਂ 1945 ਤਕ ਮਨ-ਮਰਜ਼ੀ ਦੀਆਂ ਸੋਧਾਂ ਜਾਂ ਫੈਸਲੇ ਹੁੰਦੇ ਰਹੇ, ਅਜਿਹੀ ਰਹਿਤ-ਮਰਯਾਦਾ) ਵਿਚ ਸ਼੍ਰੋਮਣੀ ਕਮੇਟੀ ਅਤੇ ਪੰਥ ਨੂੰ ਕਰੜੀ ਤਾੜਨਾ ਕੀਤੀ ਗਈ ਹੈ ਕਿ, ਰਾਗ-ਮਾਲਾ ਤੋਂ ਬਗੈਰ, ਕੋਈ ਵੀ ਵਿਅਕਤੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਨਾ ਕਰੇ। (ਬੀੜ ਦੀ ਪਰੂਫ-ਰੀਡਿੰਗ ਜਾਂ ਛਪਾਈ ਵਿਚ, ਗਲਤੀਆਂ ਜਿੰਨੀਆਂ ਮਰਜ਼ੀ ਹੋਣ) ਪਰ ਸਿੱਖਾਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਸਥਾਨਕ ਰੀਤੀ ਅਨੁਸਾਰ ਕੋਈ ਰਾਗ-ਮਾਲਾ ਪੜ੍ਹੇ ਜਾਂ ਨਾ ਪੜ੍ਹੇ।

ਜਦੋਂ ਪੰਥ ਦਾ ਫੈਸਲਾ (ਜਿਸ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਗੁਰਿਆਈ ਦਿੱਤੀ, ਕਹੀ ਜਾਂਦੀ ਹੋਵੇ) ਗੁਰੂ ਗ੍ਰੰਥ ਸਾਹਿਬ ਬਾਰੇ ਏਨਾ ਗੈਰ ਯਕੀਨੀ ਹੋਵੇ ਤਾਂ ਸਿੱਖ ਨੂੰ ਹੱਕ ਮਿਲ ਜਾਂਦਾ ਹੈ, ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੀ ਮਨ-ਮਤਿ ਅਨੁਸਾਰ ਵਰਤ ਲਵੇ। ਪਰ ਇਕ ਗੱਲ ਲਈ ਉਸ ਨੂੰ ਤਾੜਨਾ ਕੀਤੀ ਗਈ ਹੈ ਕਿ, ਅਰਦਾਸ ਵਿਚ ਹੋਰ ਸਭ ਕੁਝ ਬਦਲਿਆ ਜਾ ਸਕਦਾ ਹੈ, ਲੇਕਨ ਸਭ ਤੋਂ ਪਹਿਲਾਂ, ਉਸ ਨੇ ਬਚਿਤ੍ਰ ਨਾਟਕ ਵਿਚਲੀ ਭਗਉਤੀ ਦੀ ਵਾਰ ਵਿਚਲੀ ਭਗਉਤੀ (ਦੁਰਗਾ) ਨੂੰ ਤਿੰਨ ਵਾਰੀ ਜ਼ਰੂਰ ਸਿਮਰਨਾ ਹੈ, ਯਾਦ ਕਰਨਾ ਹੈ। ਇਸ ਨੂੰ ਕਿਸੇ ਹਾਲਤ ਵਿਚ ਨਹੀਂ ਭੁਲਣਾ। ਨਾਲ ਹੀ ਨਾਨਕ ਛਾਪ ਦੀ ਅਣਅਧਿਕਾਰਤ ਵਰਤੋਂ “ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਵਿਚ ਕਿਸੇ ਹਾਲਤ ਵਿਚ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ। (ਛੋਟ ਤਾਂ ਇਹ ਵੀ ਬਹੁਤ ਵੱਡੀ ਸੀ, ਪਰ ਸਿੱਖਾਂ ਨੇ, ਨਾ ਆਪ ਹੀ ਇਸ ਛੋਟ ਦਾ ਲਾਹਾ ਲਿਆ, ਨਾ ਕਿਸੇ ਹੋਰ ਨੂੰ ਹੀ ਲੈਣ ਦਿੱਤਾ। ਹਾਲਾਂਕਿ “ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ” ਆਦਿ ਕੁਝ ਹੋਰ ਤੁਕਾਂ ਵਿਚ ਵੀ ਇਹ ਅਣਅਧਿਕਾਰਤ ਵਰਤੋਂ ਕੀਤੀ ਗਈ ਹੈ। ਭਵਿੱਖ ਵਿਚ ਇਸ ਛੋਟ ਦੀ ਕਿੰਨੀ ਕੁਵਰਤੋਂ ਕੀਤੀ ਜਾਂਦੀ ਹੈ ? ਇਹ ਸਮਾ ਹੀ ਦੱਸੇਗਾ।

ਗੁਰਬਾਣੀ ਪੱਖੋਂ ਏਨੀਆਂ ਛੋਟਾਂ ਮਿਲਣ ਮਗਰੋਂ, ਗੁਰੂ ਪੰਥ (ਜਿਸ ਨੂੰ ਦਸਵੇਂ ਨਾਨਕ ਵਲੋਂ ਹੀ ਗੁਰਿਆਈ ਦਿੱਤੀ ਪਰਚਾਰੀ ਜਾਂਦੀ ਹੈ) ਦਾ ਕੋਈ ਵੀ ਮੈਂਬਰ, ਜੋ ਬੋਲ ਸਕਦਾ ਹੈ, ਸੋਚ ਸਕਦਾ ਹੈ, ਆਪਣਾ ਹੁਕਮ ਸੰਗਤ ਨੂੰ ਕਰ ਸਕਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਿਉਂ ਸੁਣੇ ? ਜੋ ਬੋਲ ਨਹੀਂ ਸਕਦੇ, ਸੋਚ ਨਹੀਂ ਸਕਦੇ, ਆਪਣਾ ਹੁਕਮ ਵੀ ਸੰਗਤਾਂ ਨੂੰ ਨਹੀਂ ਸੁਣਾ ਸਕਦੇ। ਇਸ ਪਿਛੋਂ ਤਾਂ ਗੱਲ ਏਥੋਂ ਤਕ ਪਹੁੰਚ ਗਈ ਹੈ ਕਿ ਗੁਰੂ ਪੰਥ ਦੇ ਮੈਂਬਰ ਇਹ ਵੀ ਪੜਚੋਲ ਕਰਨ ਲਗ ਪਏ ਕਿ ਇਹ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਅਸਲੀ ਵੀ ਹੈ ਕਿ ਨਹੀਂ ? ਪੜਚੋਲ ਵਿਚ ਉਨ੍ਹਾਂ ਕਤਾਬਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ, ਜੋ ਗੁਰੂ ਪੰਥ ਦੇ ਮੈਂਬਰਾਂ ਨੇ ਅਪਣਾ ਰੁਤਬਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚਾ ਰੱਖਣ ਲਈ ਹੀ ਲਿਖੀਆਂ ਸਨ।

ਹੁਣ ਤਾਂ ਕਹੇ ਜਾਂਦੇ ਵਿਦਵਾਨ ਸਿੱਖ ਉਨ੍ਹਾਂ ਕਤਾਬਾਂ ਦਾ ਆਸਰਾ ਲੈਣਾ ਵੀ ਠੀਕ ਨਹੀਂ ਸਮਝਦੇ, ਨਾਲ ਦੀ ਨਾਲ ਆਪਣਾ ਮਨ-ਮੱਤੀ ਇਤਿਹਾਸ ਵੀ ਘੜ ਲੈਂਦੇ ਹਨ, ਜਿਨ੍ਹਾਂ ਦੇ ਆਧਾਰ ਤੇ ਸਾਬਤ ਹੁੰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਜੋ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ, ਉਹ ਅੱਜ ਨਹੀਂ ਹੈ। ਉਹ ਕਿੱਥੇ ਗਈ ਇਸ ਬਾਰੇ ਕੋਈ ਤਾਂ ਕਹਿੰਦਾ ਹੈ ਕਿ ਬਾਬਾ ਨਾਨਕ ਜੀ ਦੀ ਪੋਥੀ ਗੁਰੂ ਅੰਗਦ ਜੀ ਨੂੰ ਨਹੀਂ ਮਿਲੀ ਸੀ, ਉਹ ਤਾਂ ਸ੍ਰੀ ਚੰਦ ਨੂੰ ਮਿਲੀ ਸੀ, ਜੋ ਉਸ ਦੀ ਮੌਤ ਵੇਲੇ ਉਸ ਦੇ ਨਾਲ ਹੀ ਰੋੜ੍ਹ ਬਦਿੱਤੀ ਗਈ ਸੀ। ਜਿਵੇਂ ਇਹ ਗੁਰੂ ਨਾਨਕ ਸਾਹਿਬ ਦੀ ਸਾਰੀ ਉਮਰ ਦੀ ਕਮਾਈ ਨਾ ਹੋ ਕੇ ਸ੍ਰੀਚੰਦ ਦਾ ਜਨੇਊ ਹੋਵੇ। ਕੋਈ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪ ਹੀ ਇਹ ਬੀੜ, ਧਰਿ ਮੱਲ ਨੂੰ ਦੇਣ ਲਈ ਸਿੱਖਾਂ ਨੂੰ ਕਿਹਾ, ਪਰ ਸਿੱਖਾਂ ਨੇ (ਗੁਰੂ ਸਾਹਿਬ ਦੇ ਹੁਕਮ ਨੂੰ ਟਿੱਚ ਸਮਝਦੇ) ਉਸ ਨੂੰ ਧੀਰ ਮੱਲ ਨੂੰ ਦੇਣ ਨਾਲੋਂ, ਰਾਵੀ ਦੀ ਰੇਤ ਵਿਚ ਦੱਬ ਦੇਣਾ ਉੱਚਤ ਸਮਝਿਆ, ਅਤੇ ਉਹ ਰਾਵੀ ਦੀ ਰੇਤ ਵਿਚ ਦੱਬ ਦਿੱਤੀ। ਜਿਵੇਂ ਇਹ ਬ੍ਰਹਮ ਦੀ ਵਿਚਾਰ ਨਾ ਹੋ ਕੇ, ਬ੍ਰਾਹਮਣ ਦੇ ਭੋਜਨ ਵਾਲਾ ਜੂਠਾ ਪੱਤਲ ਹੋਵੇ। ਕੋਈ ਕਹਿੰਦਾ ਹੈ ਕਿ ਨੌਵੇਂ ਨਾਨਕ ਨੇ ਇਹ ਬੀੜ ਆਪ ਹੀ ਧੀਰਮੱਲੀਆਂ ਨੂੰ ਦੇ ਦਿੱਤੀ ਸੀ।

ਖੋਜੀ ਤਾਂ ਬੜੀ ਢੀਠਤਾਈ ਨਾਲ ਇਹ ਵੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਨੂੰ ਏਨੀ ਵੀ ਸੋਝੀ ਨਹੀਂ ਸੀ ਕਿ ਉਹ ਉਸ ਬੀੜ ਦਾ ਉਤਾਰਾ ਹੀ ਕਰਵਾ ਲੈਂਦੇ, ਉਨ੍ਹਾਂ ਨੇ ਉਸ ਦਾ ਕੋਈ ਉਤਾਰਾ ਵੀ ਨਹੀਂ ਕਰਵਾਇਆ ਸੀ।

ਕਹਾਣੀ ਅਗਾਂਹ ਚਲਦੀ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੀੜ ਵਿਚ ਚੜ੍ਹਾਈ ਤਾਂ ਉਨ੍ਹਾਂ ਕੋਲ, ਕੋਈ ਬੀੜ ਹੈ ਹੀ ਨਹੀਂ ਸੀ। ਉਨ੍ਹਾਂ ਆਪ ਹੀ ਮੂੰਹ-ਜ਼ਬਾਨੀ ਸਾਰੀ ਬੀੜ ਭਾਈ ਮਨੀ ਸਿੰਘ ਜੀ ਨੂੰ ਲਿਖਵਾਈ। (ਜੇ ਇਸ ਤਰ੍ਹਾਂ ਹੀ ਸਰ ਸਕਦਾ ਸੀ ਤਾਂ ਕੀ ਬਾਬਾ ਨਾਨਕ ਜੀ ਨੂੰ ਏਨੀ ਸੋਝੀ ਨਹੀਂ ਸੀ ਕਿ ਉਹ ਦੋ-ਚਾਰ ਮਹੀਨੇ ਜਾਂ ਇਕ-ਅੱਧ ਸਾਲ ਲਗਾ ਕੇ ਉਸ ਬੀੜ ਨੂੰ ਆਪ ਹੀ ਸੰਪੂਰਨ ਕਰ ਜਾਂਦੇ ?) ਕੁਝ ਕਹਾਣੀਆਂ ਅਜਿਹੀਆਂ ਵੀ ਪ੍ਰਚਲਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਪੂਰਨ ਆਦਿ ਬੀੜ ਮੂੰਹ-ਜ਼ਬਾਨੀ ਯਾਦ ਸੀ (ਜਿਸ ਦੇ ਆਧਾਰ ਤੇ ਅੱਜ ਸਿੱਖਾਂ ਨੂੰ ਗੁਰਬਾਣੀ ਵਿਚਾਰ ਨਾਲੋਂ ਤੋੜ ਕੇ ਬਾਣੀ ਦੇ ਤੋਤਾ-ਰਟਣ ਨਾਲ ਜੋੜਿਆ ਜਾ ਰਿਹਾ ਹੈ) ਜੇ ਗੁਰੂ ਗੋਬਿੰਦ ਸਿੰਘ ਜੀ ਕੋਲ ਉਹ ਬੀੜ ਹੈ ਹੀ ਨਹੀਂ ਸੀ ਤਾਂ, ਉਨ੍ਹਾਂ ਉਹ ਕਿਥੋਂ ਯਾਦ ਕੀਤੀ ?

ਹੁਣ ਨਵੀਂ ਖੋਜ ਸ਼ੁਰੂ ਹੁੰਦੀ ਹੈ ਕਿ ਜੋ ਬੀੜ ਦਸਵੇਂ ਨਾਨਕ ਜੀ ਨੇ ਲਿਖਵਾਈ ਸੀ ਉਹ ਵੀ ਜੰਗਾਂ-ਜੁੱਧਾਂ ਵੇਲੇ ਹੱਥੋਂ ਚਲੀ ਗਈ, ਕੁਝ ਕਹਿੰਦੇ ਹਨ ਕਿ ਸੜ ਗਈ। (ਉਸ ਦਾ ਵੀ ਕੋਈ ਉਤਾਰਾ ਨਹੀਂ ਹੋਇਆ ਸੀ) ਫਿਰ ਬਾਬਾ ਦੀਪ ਸਿੰਘ ਜੀ ਵਲੋਂ ਕਿਸ ਚੀਜ਼ ਦੇ ਉਤਾਰੇ ਕੀਤੇ ਜਾਣ ਦੀ ਗੱਲ ਕਹੀ ਜਾਂਦੀ ਹੈ ? ਹੁਣ ਇਹ ਸਵਾਲ ਉਠਦਾ ਹੈ ਕਿ ਅੱਜ ਦੀ ਬੀੜ ਕਿਥੋਂ ਆਈ ? ਇਸ ਦਾ ਜਵਾਬ ਹੋਰ ਹੈਰਾਨ ਕਰਨ ਵਾਲਾ ਹੈ ਕਿ, ਜਦ ਪੰਜਵੇਂ ਨਾਨਕ ਜੀ ਨੇ, ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ਬੀੜ ਸੰਪੂਰਨ ਕੀਤੀ ਤਾਂ ਅੰਮ੍ਰਿਤਸਰ ਵਿਚ ਕੋਈ ਜਿਲਦ-ਸਾਜ਼ ਹੀ ਨਹੀਂ ਸੀ, ਇਸ ਕਰ ਕੇ ਉਸ ਬੀੜ ਨੂੰ ਭਾਈ ਬੰਨੋ ਦੇ ਹਵਾਲੇ ਕੀਤਾ ਗਿਆ, ਤਾਂ ਜੋ ਉਹ ਲਾਹੌਰ ਤੋਂ ਬੀੜ ਦੀ ਜਿਲਦ ਬੰਨ੍ਹਵਾ ਕੇ ਲਿਆਵੇ।

ਪਹਿਲ਼ੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਅੰਮ੍ਰਿਤਸਰ ਨੂੰ ਵਪਾਰ ਕੇਂਦਰ ਵਜੋਂ ਵਿਕਸਤ ਕੀਤਾ ਸੀ। ਕੁਦਰਤੀ ਗੱਲ ਹੈ ਕਿ ਇਸ ਵਿਚ ਹਜ਼ਾਰਾਂ ਹੀ ਵਹੀਆਂ ਦੀ ਲੋੜ ਪੈਦੀ ਹੋਵੇਗੀ। ਇਕ ਦੁਕਾਨ ਵਿਚ ਹੀ ਦੋ-ਚਾਰ ਵਹੀਆਂ ਹੋਣਾ ਸੁਭਾਵਕ ਜਿਹੀ ਗੱਲ ਸੀ।

ਕੀ ਉਨ੍ਹਾਂ ਦੇ ਬਨਾਉਣ ਦਾ ਅੰਮ੍ਰਿਤਸਰ ਵਿਚ ਕੋਈ ਇੰਤਜ਼ਾਮ ਨਹੀਂ ਸੀ ? ਜੇ ਸੀ ਤਾਂ ਕੀ ਉਨ੍ਹਾਂ ਦੀਆਂ ਜਿਲਦਾਂ ਬੰਨ੍ਹਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ? ਚਲੋ ਮੰਨ ਲੈਂਦੇ ਹਾਂ ਕਿ ਅੰਮ੍ਰਿਤਸਰ ਵਿਚ ਅਜਿਹਾ ਕੋਈ ਇੰਤਜ਼ਾਮ ਨਹੀਂ ਸੀ, ਤਾਂ ਕੀ ਏਨੀ ਦੁਰ-ਲੱਭ ਚੀਜ਼ ਲਾਹੌਰ ਘੱਲਣੀ ਸੁਰਕਸ਼ਤ ਸੀ ਜਾਂ ਲਾਹੌਰ ਤੋਂ ਜਿਲਦ-ਸਾਜ਼ ਅੰਮ੍ਰਿਤਸਰ ਲਿਆਉਣਾ ? (ਪਰ ਸ਼ਾਇਦ ਇਹ ਸਿੱਖਾਂ ਦਾ ਭੋਲਾ-ਪਨ ਹੀ ਸੀ, ਜਿਸ ਨੈ ਨਿਰਮਲਿਆਂ ਅਤੇ ਉਦਾਸੀਆਂ ਦੇ ਸਭ ਗਪੌੜਿਆਂ ਨੂੰ ਬਿਨਾ ਵਿਚਾਰੇ, ਅੱਖਾਂ ਮੀਟ ਕੇ ਸਵੀਕਾਰ ਕਰਨ ਦੀ ਪਿਰਤ ਪਾ ਦਿੱਤੀ)

ਭਾਈ ਬੰਨੋ ਨੇ ਰਸਤੇ ਵਿਚ ਹੀ ਉਸ ਦਾ ਉਤਾਰਾ ਕਰਵਾ ਲਿਆ, ਉਹ ਉਤਾਰਾ ਸਿੱਖਾਂ ਵਿਚ ਖਾਰੀ ਬੀੜ ਕਰ ਕੇ ਮਸ਼ਹੂਰ ਹੈ। (ਕਿਉਂਕਿ ਉਸ ਵਿਚ ਬੜੀਆਂ ਗਲਤੀਆਂ ਸਨ) ਅੱਜ ਦੀ ਬੀੜ, ਜਿਸ ਨੂੰ ਕਰਤਾਰ ਪੁਰੀ ਬੀੜ ਕਿਹਾ ਜਾਂਦਾ ਹੈ, ਉਸ ਬੰਨੋ ਵਾਲੀ ਬੀੜ ਦੇ ਉਤਾਰੇ ਦਾ ਉਤਾਰਾ, ਫਿਰ ਉਸ ਦਾ ਉਤਾਰਾ, ਇਵੇਂ ਬੰਨੋ ਵਾਲੀ ਬੀੜ ਦਾ ਛੇਵਾਂ ਉਤਾਰਾ ਹੈ। (ਕੀ ਇਹ ਸੰਭਵ ਹੈ ਕਿ ਅੰਮ੍ਰਿਤਸਰ ਤੋਂ ਲਾਹੌਰ ਜਾਂਦਿਆ, ਦੋ ਪੜਾਵਾਂ ਵਿਚ 900 ਅੰਗ ਤੋ ਜ਼ਿਆਦਾ ਦੀ ਬੀੜ ਦਾ ਉਤਾਰਾ ਹੋ ਸਕੇ ? ਇਸ ਕੰਮ ਲਈ ਭਾਈ ਬੰਨੋ ਕੋਲ, ਕਾਤਬਾਂ ਦੀ ਕਿਡੀ ਵੱਡੀ ਫੌਜ ਸੀ ? ਇਹ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਦੀ ਪ੍ਰਚਲਤ ਬੀੜ, ਗਲਤੀਆਂ ਨਾਲ ਭਰਪੂਰ, ਅਸਲ ਵਿਸ਼ੇ ਤੋਂ ਭਟਕੀ ਹੋਈ ਹੈ।

(ਜੇ ਬੰਨੋ ਵਾਲੀ ਬੀੜ ਸੁਰਕਸ਼ਤ ਰਹਿ ਸਕਦੀ ਹੈ, ਤਾਂ ਅਸਲ ਬੀੜ ਕਿਉਂ ਸੁਰਕਸ਼ਤ ਨਹੀਂ ਰਹਿ ਸਕੀ)

ਜਦ ਮਸਲ੍ਹਾ ਇਸ ਥਾਂ ਤੇ ਪੁਜ ਜਾਂਦਾ ਹੈ, ਜਿੱਥੇ ਸਿੱਖ, ਗੁਰੂ ਦੀ ਗੱਲ ਮੰਨਣ ਦੀ ਥਾਂ, ਗੁਰੂ ਵਿਚਲੀਆਂ ਗਲਤੀਆਂ ਦੀ ਨਿਸ਼ਾਨਦੇਹੀ ਕਰਨ ਲਗ ਜਾਵੇ, ਜਦ ਸਿੱਖ ਗੁਰੂ ਵਾਲੀ ਥਾਂ ਲੈ ਲਵੇ, ਉਸ ਹਾਲਤ ਵਿਚ ਇਕ ਗੱਲ ਤਾਂ ਸਾਫ ਹੈ ਕਿ ਦੋਵਾਂ (ਗੁਰੂ ਅਤੇ ਸਿੱਖ) ਦੇ ਆਪਸੀ ਸਬੰਧਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਗੁਰੂ ਤਾਂ ਗੁਰੂ ਹੈ, ਸਿੱਖ ਆਪਣੇ ਥਾਂ ਤੋਂ ਥਿੜਕ ਗਿਆ ਹੈ। ਜਦ ਸਿੱਖ ਦਾ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ, ਉਹ ਤਾਂ ਉਸ ਗੁਰੂ ਦਾ ਸਿੱਖ ਹੀ ਨਹੀਂ ਰਹਿ ਗਿਆ, ਫਿਰ ਉਸ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਲਈ ਨਵਾਂ ਗੁਰੂ ਲੱਭ ਲਵੇ। ਜੇ ਉਹ ਨਵੇਂ ਗੁਰੂ ਦੀ ਭਾਲ ਨਾ ਕਰ ਕੇ, ਇਸ ਗੱਲ ਤੇ ਅੜ ਜਾਂਦਾ ਹੈ ਕਿ ਮੈਂ ਤਾਂ ਆਪਣੇ ਗੁਰੂ ਨੂੰ ਆਪਣੇ ਹਿਸਾਬ ਨਾਲ ਹੀ ਚਲਾਉਣਾ ਹੈ, ਉਸ ਨੂੰ ਆਪਣਾ ਚੇਲਾ ਬਨਾਉਣਾ ਹੈ, ਤਾਂ ਕੁਝ ਸੁਹਿਰਦ ਲੋਕ ਉਸ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਭਾਈ ਜਦ ਤੁਹਾਡੇ ਸਬੰਧ ਹੀ ਵਿਗੜ ਗਏ ਹਨ, ਜਦ ਤੈਨੂੰ ਆਪਣੇ ਗੁਰੂ ਦੀ ਸਮਰਥਾ ਤੇ ਹੀ ਸ਼ੰਕਾ ਹੋ ਗਿਆ ਹੈ, ਤਾਂ ਤੂੰ ਕਿਸੇ ਹੋਰ ਨੂੰ ਗੁਰੂ ਬਣਾ ਲਏ। ਜੇ ਤਾਂ ਉਹ ਸਿਆਣਾ ਹੋਵੇਗਾ ਤਾਂ ਆਪ ਹੀ ਦੂਸਰਾ ਗੁਰੂ ਧਾਰਨ ਕਰ ਲਵੇਗਾ, ਝਗੜਾ ਮੁੱਕ ਜਾਵੇਗਾ।

ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਗੁਰੂ ਦੇ ਹੋਰ ਚੇਲੇ, ਉਸ ਦਾ ਉਹੀ ਹਾਲ ਕਰ ਦੇਣਗੇ, ਜੋ ਅੱਜ ਮੁਸਲਮਾਨ, ਸੁਲਮਾਨ ਰੁਸਦੀ ਦਾ ਕਰ ਰਹੇ ਹਨ, ਝਗੜਾ ਵਧੇਗਾ।

ਹਾਲਾਂਕਿ ਝਗੜੇ ਵਿਚੋਂ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ, ਪਰ ਝਗੜੇ ਦਾ ਹੱਲ ਕੱਢਣ ਲਈ, ਕੋਈ ਤਾਂ ਉਪਾਅ ਕਰਨਾ ਹੀ ਪੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਸਾਡੇ ਗੁਰੂ ਜੀ ਸਾਨੂੰ ਦਸਦੇ ਹਨ ਕਿ ਸਿੱਖ ਕੌਣ ਹੈ?

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥1॥ (602)

ਹੇ ਭਾਈ ਉਹੀ ਬੰਦਾ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਸਿਖਿਆ ਵਿਚ ਚਲਦਾ ਹੈ। ਜਿਹੜਾ ਬੰਦਾ ਆਪਣੀ ਮਰਜ਼ੀ, ਆਪਣੀ ਮਨ-ਮਤਿ ਅਨੁਸਾਰ ਚਲਦਾ ਹੈ, ਉਹ ਪ੍ਰਭੂ ਤੋਂ ਵਿਛੁੜ ਕੇ ਦੁਖ ਸਹਾਰਦਾ ਹੈ।

ਗੁਰੂ ਦੀ ਸਰਨ ਪੈਣ ਤੋਂ ਬਿਨਾ, ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਮੁੜ ਮੁੜ ਕੇ ਬੁਰੇ ਕਰਮ ਕਰਦਾ ਅਤੇ ਪਛਤਾਉਂਦਾ ਰਹਿੰਦਾ ਹੈ।

ਗੁਰੂ ਸਾਹਿਬ ਤਾਂ ਇਹ ਵੀ ਦਸਦੇ ਹਨ ਕਿ,

ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ (308)

ਜੋ ਮਨੁੱਖ, ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ ਢਾਹਾਂ ਮਾਰਦੇ ਫਿਰਦੇ ਹਨ, ਉਨ੍ਹਾਂ ਦੀ ਤ੍ਰਿਸ਼ਨਾ ਕਦੇ ਪੂਰੀ ਨਹੀਂ ਹੁੰਦੀ, ਸਦਾ ਭੁੱਖ ਭੁੱਖ ਕਰਦੇ, ਦੂਸਰਿਆਂ ਦੇ ਟੁਕੜਿਆਂ ਦੀ ਆਸ ਕਰਦੇ ਹਨ। ਕੋਈ ਵੀ ਉਨ੍ਹਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ, ਇਵੇਂ ਉਹ ਹਮੇਸ਼ਾ, ਚਿੰਤਾ-ਫਿਕਰ ਵਿਚ ਹੀ ਖਪਦੇ ਰਹਿੰਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੋ ਬੰਦੇ ਆਪਣੇ ਗੁਰੂ ਦੇ ਭਾਣੇ ਵਿਚ ਨਹੀਂ ਚਲਦੇ, ਜਾਂ ਸਤਿਗੁਰੂ ਦੀ ਨਿੰਦਾ ਕਰਦੇ ਹਨ, ਸਾਡੇ ਗੁਰੂ ਦੇ ਕਹੇ ਅਨੁਸਾਰ, ਉਹ ਸਾਰੀ ਉਮਰ ਦੁਖ ਸਹਾਰਦੇ ਅਤੇ ਪਛਤਾਉਂਦੇ ਹਨ। ਉਨ੍ਹਾਂ ਦੀਆਂ ਤ੍ਰਿਸ਼ਨਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਦੀਆਂ ਗੱਲਾਂ ਦਾ ਕੋਈ ਇਤਬਾਰ ਨਹੀਂ ਕਰਦਾ।

ਅਜਿਹੀ ਹਾਲਤ ਵਿਚ ਉਹ ਬੰਦੇ, ਜੋ ਗੁਰੂ ਦੇ ਭਾਣੇ ਵਿਚ ਚਲਦੇ ਹਨ, ਜੋ ਸਤਿਗੁਰੂ ਦੀ ਨਿੰਦਾ ਨਹੀਂ ਕਰਦੇ, ਉਨ੍ਹਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ ? ਯਕੀਨ ਜਾਣੋ, ਜੋ ਗੁਰੂ ਕਹਿੰਦਾ ਹੈ ਉਹ ਤ੍ਰਿਕਾਲ ਸਚ ਹੈ। ਸਤਿਗੁਰੂ ਦੀ ਨਿੰਦਾ ਕਰਨ ਵਾਲਿਆਂ ਦੀ ਕੋਈ ਗੱਲ ਨਹੀਂ ਸੁਣਦਾ, ਇਤਬਾਰ ਨਹੀਂ ਕਰਦਾ, ਉਹ ਜਿੰਨਾ ਮਰਜ਼ੀ ਰੌਲੀ ਪਾਈ ਜਾਣ।

ਨਾ ਹੀ ਉਨ੍ਹਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ। ਉਹ ਆਪਣੇ ਆਪ ਨੂੰ ਉਪਰ ਵਰਣਤ ਕਿਸਮਾਂ ਵਿਚੋਂ ਕਿਸੇ ਕਿਸਮ ਦਾ ਵੀ ਸਿੱਖ ਸਮਝ ਕੇ ਖੁਸ਼ ਹੁੰਦੇ ਰਹਿਣ।

ਆਉ ਆਪਾਂ ਨਰੋਲ ਰੂਪ ਵਿਚ ਆਪਣੇ ਗੁਰੂ ਦੀ ਸਿਖਿਆ ਦਾ ਪਰਚਾਰ ਕਰਦੇ ਰਹੀਏ, ਜੋ ਆਪਣੇ ਗੁਰੂ ਦਾ ਹੀ ਨਹੀਂ ਹੋ ਸਕਿਆ, ਨਾ ਉਹ ਸਮਾਜ ਦਾ ਹੋ ਸਕਦਾ ਹੈ, ਨਾ ਹੀ ਆਪਣੇ ਪਰਿਵਾਰ ਦਾ ਹੋ ਸਕਦਾ ਹੈ। ਅਜਿਹੇ ਬੰਦੇ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਦੇ ਸਮਾਜ ਦਾ ਬੁਰਾ ਕਰਨ ਵਾਲੇ, ਆਪਣੇ ਹੀ ਪਰਿਵਾਰ ਦਾ ਬੁਰਾ ਕਰਨ ਵਾਲੇ, ਹਰਕਾਏ ਕੂਕਰਾਂ ਵਾਙ ਦੁਨੀਆਂ ਵਿਚ ਬਹੁਤ ਫਿਰਦੇ ਹਨ। ਤੁਸੀਂ ਕਿਸ ਕਿਸ ਨੂੰ ਸਮਝਾਉਣ ਦਾ ਯਤਨ ਕਰੋਗੇ ? ਜੋ ਗੁਰੂ ਦੀ ਸਿਖਿਆ ਨੂੰ ਨਹੀਂ ਸਮਝ ਸਕਿਆ, ਉਹ ਤੁਹਾਡੀ ਗੱਲ ਕੀ ਸਮਝੇਗਾ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top