Share on Facebook

Main News Page

ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਵਾਲੇ ਕੀ ਇਹ ਦੱਸਣਾ ਚਾਹ ਰਹੇ ਹਨ ਕਿ ਸਿੱਖਾਂ ਦਾ ਮੌਜੂਦਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ!

ਕੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਵਾਲਿਆਂ ਦੀ ਵਿਦਿਆ ਖੋਤੇ ’ਤੇ ਲੱਦਿਆ ਚੰਦਨ ਦਾ ਭਾਰ ਨਹੀਂ ਹੈ: ‘ਬੇਦ ਪੁਰਾਨ ਪੜੇ ਕਾ ਕਿਆ ਗੁਨੁ, ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ, ਕੈਸੇ ਉਤਰਸਿ ਪਾਰਾ ॥1॥ ਅਤੇ ਕੀ ਇਨ੍ਹਾਂ ਨੂੰ ਵਿਦਵਾਨਾਂ ਨੂੰ ‘ਪਡੀਆ ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ, ਰਾਮੁ ਨ ਜਪਹੁ ਅਭਾਗੇ ॥1॥ ਰਹਾਉ ॥’ (ਅੰਗ 1102 ਰਾਗੁ ਮਾਰੂ ਬਾਣੀ ਕਬੀਰ ਜੀਉ ਕੀ) ਕਹਿਣਾ ਜਾਇਜ਼ ਨਹੀਂ ਹੋਵੇਗਾ?

16 ਮਾਰਚ 2010 ਦੀ ਵਿਵਾਦਤ ਸੰਪਾਦਕੀ ਦੀ ਹੋਈ ਵਿਆਪਕ ਅਲੋਚਨਾ ਤੋਂ ਬਾਅਦ ਹੁਣ ਤੱਕ ਇੱਕ ਸੰਪਾਦਕ ਪੰਥ ਵਿੱਚ ਨਵੇਂ ਭੰਬਲਭੂਸੇ ਖੜ੍ਹੇ ਕਰਨ ਤੋਂ ਸੰਕੋਚ ਕਰਦਾ ਆਇਆ ਹੈ। ਪਰ ਮਾਰਚ 2011 ਵਿੱਚ ਸਿੱਖ ਮਾਰਗ ’ਤੇ ਡਾ: ਇਕਬਾਲ ਸਿੰਘ ਢਿੱਲੋਂ ਦੇ ਅਕਾਲ ਤਖ਼ਤ ਸਬੰਧੀ ਛਪੇ ਲੇਖ ਪਿਛੋਂ ਚੱਲ ਰਹੀ ਬਹਿਸ ਵਿੱਚ ਬੇਸ਼ੱਕ ਉਹ ਹੁਣ ਤੱਕ ਕੁਝ ਪਾਠਕਾਂ ਵਲੋਂ ਪੁੱਛੇ ਗਏ ਇਸ ਵਿਸ਼ੇ ਨਾਲ ਸਬੰਧਤ ਕਿਸੇ ਵੀ ਅਹਿਮ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਿਆ, ਪਰ ਇਸ ਦੌਰਾਨ ਸਿੱਖ ਮਾਰਗ ਦੇ ਸੰਪਾਦਕ ਸਮੇਤ ਦੋ ਹੋਰ ਵਿਦਵਾਨ ਪਾਠਕ ਉਸ (ਢਿੱਲੋਂ) ਨੂੰ ਸਿੱਧੇ/ਅਸਿੱਧੇ ਤੌਰ ’ਤੇ ਲਗਾਤਾਰ ਸਮਰੱਥਨ ਦੇ ਰਹੇ ਹਨ, ਇਸ ਨਾਲ ਉਸ ਦੇ ਹੌਸਲੇ ਬੁਲੰਦ ਹੋਏ ਹਨ, ਤੇ ਇਸੇ ਕਾਰਣ ਪਿਛਲੇ ਹਫਤੇ ਦੇ ਲੇਖਾਂ ਵਿੱਚ ਉਸ ਦਾ ਇੱਕ ਹੋਰ ਭੁਲੇਖਾ ਪਾਉ ਲੇਖ ‘ਕਰਤਾਰਪੁਰੀ ਬੀੜ ਦਾ ਸੱਚ’ ਛਪ ਗਿਆ, ਜਿਸ ਵਿੱਚ ਉਸ ਨੇ ਸ: ਜੀ ਬੀ ਸਿੰਘ ਅਤੇ ਡਾ: ਪਿਆਰ ਸਿੰਘ ਦਾ ਹਵਾਲਾ ਦੇ ਕੇ ਇਸ ਬੀੜ ਨੂੰ ਨਕਲਾਂ ਦੀ ਨਕਲ ਦਸਦੇ ਹੋਏ ਲਿਖਿਆ ਹੈ:- ‘ਮੁੱਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ ਬੀੜਾਂ ਉਨ੍ਹੀਵੀˆ ਸਦੀ ਵਿੱਚ ਤਿਆਰ ਹੁੰਦੀਆˆ ਰਹੀਆਂ, ਅਗਿਆਨਤਾ ਵਸ ਉਹਨਾˆ ਵਿੱਚੋˆ ਕੁੱਝ ਕੁ ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀਆˆ ਗਈਆˆ। ਪਰੰਤੂ ਇਸ ਬੀੜ ਦੇ ਨਕਲੀ ਹੋਣ ਕਾਰਨ ਇਸ ਵਿਚਲੇ ਬਹੁਤ ਸਾਰੇ ਦੋਸ਼ ਹੱਥ-ਲਿਖਤ ਬੀੜਾˆ ਵਿੱਚ ਵੀ ਸ਼ਾਮਲ ਹੋ ਗਏ ਅਤੇ ਇਹ ਦੋਸ਼ਪੂਰਣ ਹੱਥ-ਲਿਖਤ ਬੀੜਾˆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋˆ ਛਾਪੇ ਜਾਣ ਵਾਲੇ ਮੌਜੂਦਾ ਪਰਚਲਤ ਰੂਪ ਦਾ ਅਧਾਰ ਬਣ ਗਈਆˆ। ਇਹੀ ਵੱਡਾ ਕਾਰਨ ਹੈ ਕਿ ਸਮੇˆ-ਸਮੇˆ ਤੇ ਸ੍ਰੀ ਗ੍ਰੰਥ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋˆ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ ਪਹਿਲੂਆˆ ਬਾਰੇ ਵਿਵਾਦ ਭਖਦਾ ਰਹਿੰਦਾ ਹੈ।’

ਸਿੱਖ ਮਾਰਗ ’ਤੇ ਅਜਿਹੀਆਂ ਲਿਖਤਾਂ ਪੈਣ ਨਾਲ ਸੌਦਾ ਸੰਪਾਦਕ ਦੇ ਹੌਸਲੇ ਵੀ ਬੁਲੰਦ ਹੋਏ ਤੇ ਉਸ ਨੇ 20 ਜੁਲਾਈ ਨੂੰ ਇੱਕ ਹੋਰ ਸੰਪਾਦਕੀ ਲਿਖ ਮਾਰੀ। ਉਨ੍ਹਾਂ ਲਿਖਿਆ ਹੈ:-‘ਬੇਸ਼ੱਕ ਕਰਤਾਰਪੁਰੀ ਬੀੜ , ਜੋ ਅਸਲ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਅਰਥਾਤ ਘੱਟੋ- ਘੱਟ ਛੇਵੀਂ ਨਕਲ ਹੈ, ਨੂੰ ਭਾਈ ਜੋਧ ਸਿੰਘ ਵਰਗੇ ਵਿਦਵਾਨਾਂ ਜਮ੍ਹਾਂ ਸਿਆਸਤਦਾਨਾਂ ਦੀ ਗਵਾਹੀ ਪਵਾ ਪਾ ਕੇ, ਪ੍ਰਮਾਣੀਕ ਮੰਨ ਲਿਆ ਗਿਆ ਹੈ ਪਰ ਕੋਈ ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ। ਡਾ: ਗੁਰਸ਼ਰਨਜੀਤ ਸਿੰਘ ਨੇ ਆਪਣੀ ਪੁਸਤਕ ਵਿੱਚ ਇਨ੍ਹਾਂ ਵਿਦਵਾਨਾਂ ਦੇ ਵੀਚਾਰ ਇੱਕ ਥਾਂ ਇਕੱਠੇ ਕਰ ਦਿੱਤੇ ਹਨ।

ਦੂਜੀ ਪ੍ਰਕਾਰ ਦੀ ਸੋਚ ਵਾਲੇ ਅਰਥਾਤ ਪੁਰਾਤਨਵਾਦੀਏ ਇਹੀ ਕਹੀ ਜਾਂਦੇ ਹਨ ਕਿ ਅੱਖਰ ਲਗ ਮਾਤਰ, ਜੋ ਉਨ੍ਹਾਂ ਨੇ ਅੰਤਿਮ ਮੰਨ ਲਏ ਹਨ ਉਨ੍ਹਾਂ ਵਿੱਚ ਕੋਈ ਘਾਟਾ ਵਾਧਾ ਨਹੀ ਹੋ ਸਕਦਾ। ਅਜਿਹਾ ਕਹਿਣ ਲੱਗਿਆਂ ਉਹ ਇਹ ਭੁੱਲ ਜਾਂਦੇ ਹਨ ਕਿ ਅੱਖਰ ਲਗ ਮਾਤਰ ਕੇਵਲ ਇੱਕ ਲਿਫ਼ਾਫ਼ੇ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ। ਸਿਆਣੇ ਲੋਕ ਲਿਫ਼ਾਫ਼ੇ ਵਿੱਚ ਪਏ ਸੌਦੇ ਨੂੰ ਲੈ ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ।…..ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ।

ਜਿਹੜਾ ਵਿਦਵਾਨ ਕਿਸੇ ਲਿਖਤ ਖ਼ਾਸ ਕਰਕੇ ਗੁਰਬਾਣੀ ਵਿੱਚ ਵਰਤੇ ਗਏ ਅੱਖਰ ਲਗ ਮਾਤਰ ਨੂੰ ਮਹਿਜ ਇੱਕ ਲਿਫ਼ਾਫ਼ਾ ਸਮਝਦਾ ਹੋਵੇ, ਉਸ ਦੀ ਵਿਦਵਤਾ ਅਤੇ ਸਿਆਣਪ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਸ ਆਪੂੰ ਬਣੇ ਵਿਦਵਾਨ ਨੂੰ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿੱਚ ਵਰਤੇ ਗਏ ਅੱਖਰ ਲਗ ਮਾਤਰ ਮਹਿਜ ਲਿਫ਼ਾਫ਼ੇ ਨਹੀ, ਬਲਕਿ ਉਹ ਕੀਮਤੀ ਹੀਰੇ ਮੋਤੀ ਹਨ ਜਿਨਾਂ ਦੇ ਮੇਲ ਨਾਲ ਹੀ ਵੀਚਾਰਾਂ ਦੀ ਕੀਮਤ ਹੈ। ਅੱਖਰ ਤਾਂ ਇੱਕ ਪਾਸੇ ਰਹੇ ਸਿਰਫ ਲਗ ਮਾਤਰ ਬਦਲਣ ਨਾਲ ਬੇਸ਼ੱਕ ਉਸ ਸ਼ਬਦ ਦੇ ਉਚਾਰਣ ਵਿੱਚ ਬਹੁਤਾ ਅੰਤਰ ਨਹੀਂ ਪੈਂਦਾ ਪਰ ਉਸ ਦੇ ਅਰਥਾਂ ਵਿੱਚ ਢੇਰ ਸਾਰਾ ਅੰਤਰ ਪੈ ਜਾਂਦਾ ਹੈ। ਮਿਸਾਲ ਦੇ ਤੌਰ ’ਤੇ:

ਕੋਟਿ ਦਾ ਅਰਥ ਹੈ- ਕਰੋੜ:
‘ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥’ (ਅੰਗ 1 ਜਪੁਜੀ ਸਾਹਿਬ)
‘ਕੋਟਿ ਆਵਧ ਤਿਸੁ ਬੇਧਤ ਨਾਹਿ ॥2॥’ (ਅੰਗ 742 ਸੂਹੀ ਮਹਲਾ 5 ॥)

ਕੋਟ ਦਾ ਅਰਥ ਹੈ- ਕਰੋੜਾਂ:
ਸੰਤ ਕੀ ਧੂਰਿ ਮਿਟੇ ਅਘ ਕੋਟ ॥ (ਅੰਗ 188 ਗਉੜੀ ਮਹਲਾ 5 ॥)
ਹੋਤ ਪੁਨੀਤ ਕੋਟ ਅਪਰਾਧੂ ॥ (ਅੰਗ 258 ਪਉੜੀ ॥)

ਕੋਟੁ ਦਾ ਅਰਥ ਹੈ - ਕਿਲਾ ਇੱਕ ਬਚਨ:
‘ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥’ (ਅੰਗ 481 ਆਸਾ ਕਬੀਰ ਜੀਉ)
‘ਸਾਹਿਬ ਰੰਗਿ ਰਾਤਾ ਸਚ ਕੀ ਬਾਤਾ, ਜਿਨਿ ਬਿੰਬ ਕਾ ਕੋਟੁ ਉਸਾਰਿਆ ॥’ (ਅੰਗ 766 ਸੂਹੀ ਮਹਲਾ 1 ॥)

ਕੋਟ ਦਾ ਅਰਥ ਹੈ - ਕਿਲੇ ਬਹੁ ਬਚਨ:
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ (ਅੰਗ 17 ਸਿਰੀਰਾਗੁ ਮਹਲਾ 1 ॥)
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ (ਅੰਗ 62 ਸਿਰੀਰਾਗੁ ਮਹਲਾ 1 ॥)

ਕਾਮਣਿ ਦਾ ਅਰਥ ਹੈ- ਇਸਤ੍ਰੀ ਇੱਕ ਵਚਨ
‘ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥’ (ਅੰਗ 15 ਸਿਰੀਰਾਗੁ ਮਹਲਾ 1 ॥)
‘ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥’ ( ਅੰਗ 55 ਸਿਰੀਰਾਗੁ ਮਹਲਾ 1 ॥)
‘ਗੁਣ ਕਾਮਣ, ਕਾਮਣਿ ਕਰੈ, ਤਉ ਪਿਆਰੇ ਕਉ ਪਾਵੈ ॥6॥’ (ਅੰਗ 724 ਤਿਲੰਗ ਮਹਲਾ 1 ਘਰੁ 2)

ਕਾਮਣ ਦਾ ਅਰਥ ਹੈ- ਟੂਣੇ ਜਾਦੂ, ਤਵੀਜ਼ (ਤਵੀਤ)
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ (ਅੰਗ 173 ਗਉੜੀ ਮਾਝ ਮਹਲਾ 4 ॥)
ਕਰਣੀ ਕਾਮਣ ਜੇ ਥੀਐ, ਜੇ ਮਨੁ ਧਾਗਾ ਹੋਇ ॥ (ਅੰਗ 557 ਵਡਹੰਸੁ ਮਹਲਾ 1 ॥)

ਨਾਨਕ-ਸੰਬੋਧਨ ਕਾਰਕ-ਅਰਥ ਹੈ, ਹੇ ਨਾਨਕ! ਉਚਾਰਣ ਸਮੇ ਨਾਨਕ ਪਦ ’ਤੇ ਰੁਕਣਾ ਹੈ
ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ ॥1॥ (ਅੰਗ 1 ਜਪੁਜੀ ਸਾਹਿਬ)
ਨਾਨਕ, ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ ॥2॥ (ਅੰਗ 1 ਜਪੁਜੀ ਸਾਹਿਬ)

ਨਾਨਕੁ-ਕਰਤਾ ਕਾਰਕ ਇੱਕ ਵਚਨ, ਵਰਤਮਾਨ ਕਾਲ- ਉਚਾਰਣ ਸਮੇ ਨਾਨਕੁ ਪਦ ’ਤੇ ਰੁਕਣਾ ਨਹੀ ਚਲੰਤ ਪਾਠ ਕਰਨਾ ਹੈ।
‘ਨਾਨਕੁ ਨੀਚੁ ਕਹੈ ਵੀਚਾਰੁ ॥’ (ਅੰਗ 4 ਜਪੁਜੀ ਸਾਹਿਬ) ਅਰਥ ਹੈ, ਗਰੀਬ ਨਾਨਕ ਵੀਚਾਰ ਦੀ ਗੱਲ ਦੱਸਦਾ ਹੈ,
‘ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ, ਨਾਨਕੁ ਕਿਆ ਵੀਚਾਰੇ ॥’ (ਅੰਗ 6 ਜਪੁਜੀ ਸਾਹਿਬ) ਅਰਥ:- (ਭਲਾ) ਨਾਨਕ (ਵਿਚਾਰਾ) ਕੀ ਵਿਚਾਰ ਕਰ ਸਕਦਾ ਹੈ?

ਨਾਨਕਿ-ਕਰਤਾ ਕਾਰਕ ਇੱਕ ਵਚਨ, ਅਰਥ ਨਾਨਕ ਨੇ
‘ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥’ (ਅੰਗ 315 ਸਲੋਕ ਮਃ 4 ॥) ਅਰਥ:- ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਨਾਨਕ ਨੇ ਆਖ ਕੇ ਸੁਣਾ ਦਿੱਤਾ ਹੈ
‘ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥2॥’ (ਅੰਗ 1183 ਬਸੰਤੁ ਮਹਲਾ 5 ॥) ਅਰਥ:- ਹੇ ਭਾਈ! ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ।2।

ਸੋ ਅੱਖਰ ਲਗ ਮਾਤਰ ਨੂੰ ਮਹਿਜ ਲਿਫ਼ਾਫ਼ੇ ਦੱਸਣ ਵਾਲੇ ਵਿਦਵਾਨ ਤੋਂ ਕੀ ਆਸ ਰੱਖੀ ਜਾ ਸਕਦੀ ਹੈ, ਕਿ ਕਿਸੇ ਬੀੜ ਦੇ ਅਸਲ ਜਾਂ ਨਕਲ ਹੋਣ ਦੀ ਪਛਾਣ ਕਰ ਸਕੇ। ਪਰ ਇਸ ਦੇ ਬਾਵਯੂਦ ਇਹ ਵਿਦਵਾਨ ਕਰਤਾਰਪੁਰੀ ਬੀੜ ਨੂੰ ਘੱਟ ਤੋਂ ਘੱਟ ਛੇਵੀਂ ਨਕਲ ਦੱਸ ਕੇ ਇਕ ਪਾਸੇ ਤਾਂ ਆਪਣੀ ਨੀਤੀ ਅਨੁਸਾਰ ਕਰਤਾਰਪਪੁਰੀ ਬੀੜ ਭਾਵ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਦੱਸ ਕੇ ਇਸ ਨੂੰ ਰੱਦ ਕਰਨ ’ਤੇ ਤੁਲਿਆ ਹੋਇਆ ਹੈ। ਪਹਿਲਾਂ ਵੀ 6 ਅਪ੍ਰੈਲ 2008 ਨੂੰ 'ਏਕਸ ਕੇ ਬਾਰਿਕ' ਜਥੇਬੰਦੀ ਦੇ ਗਠਨ ਸਮੇˆ ਇਸ ਨੇ ਐਲਾਨ ਕੀਤਾ ਸੀ: ‘ਕਰਤਾਰਪੁਰ ਵਾਲੀ ਅਸਲ ਬੀੜ ਗੁੰਮ ਹੋ ਗਈ ਸੀ ਪਰ ਹੁਣ ਉਸ ਨੂੰ ਅਸਲ ਪੋਥੀ ਲੱਭ ਪਈ ਹੈ, ਜਿਸ ਨੂੰ ਪ੍ਰਗਟ ਕਰਨ ਲਈ 4 ਕਰੋੜ ਰੁਪਏ ਵੱਖਰੇ ਰੱਖੇ ਜਾਣਗੇ ਤੇ ਇਹ ਅਸਲੀ ਪੋਥੀ ਪ੍ਰਗਟ ਕੀਤੀ ਜਾਵੇਗੀ।’ ਇਹ ਖ਼ਬਰ 7 ਅਪ੍ਰੈਲ 2008 ਦੇ ਸਪੋਕਸਮੈਨ ਦੇ ਮੁੱਖ ਪੰਨੇ 'ਤੇ ਵੇਖੀ ਜਾ ਸਕਦੀ ਹੈ। ਇਸ ਖ਼ਬਰ ਵਿੱਚ ਇਸ ਦੀ ਮਾਨਸਿਕ ਹਾਲਤ ਦਾ ਪਤਾ ਲਗਦਾ ਹੈ। ਹੈਰਾਨੀ ਹੈ ਕਿ ਇਸ ਨੂੰ ਅਸਲ ਪੋਥੀ ਲੱਭ ਤਾਂ ਮੁਫ਼ਤ ਵਿੱਚ ਹੀ ਗਈ ਹੈ ਪਰ ਪ੍ਰਗਟ ਕਰਨ ਲਈ 4 ਕਰੋੜ ਰੁਪਈਆ ਚਾਹੀਦਾ ਹੈ! ਕੀ ਦੇਵੀ ਪ੍ਰਗਟ ਕਰਨ ਵਾਂਗ ਇਸ ਨੂੰ ਯੱਗ ਹਵਨ ਕਰਨੇ ਪੈਣੇ ਹਨ ਜਿਸ ਲਈ ਇਸ ਨੂੰ 4 ਕਰੋੜ ਰੁਪਈਆ ਚਾਹੀਦਾ ਹੈ! ਇਸੇ ਤਰ੍ਹਾਂ 20 ਜੁਲਾਈ 2011 ਵਾਲੀ ਸੰਪਾਦਕੀ ਵਿੱਚ ਇਕ ਪਾਸੇ ਤੇ ਇਹ ਲਿਖ ਰਿਹਾ ਹੈ ਕਿ ਮੌਜੂਦਾ ਬੀੜ ਨਕਲੀ ਹੈ ਪਰ ਇਸੇ ਦੇ ਅਖ਼ੀਰ ’ਤੇ ਲਿਖ ਰਿਹਾ ਹੈ: ‘ਇਸ ਇਨਕਲਾਬ ਦੀ ਭੁੱਖ ਕੇਵਲ ਬਾਬੇ ਨਾਨਕ ਦੀ ਬਾਣੀ ਹੀ ਮਿਟਾ ਸਕਦੀ ਹੈ ਤੇ ਇਹ ਅਸੀਂ ਰੁਮਾਲਿਆਂ ਵਿੱਚ ਬੰਨ੍ਹ ਕੇ ਰੱਖੀ ਹੋਈ ਹੈ।’ ਹੁਣ ਜੇ ਇਸ ਮੁਤਾਬਕ ਬਾਬੇ ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਤੇ ਜੋ ਸਾਡੇ ਕੋਲ ਹੈ ਉਹ ਨਕਲੀ ਹੈ ਤਾਂ ਬਾਬੇ ਨਾਨਕ ਦੀ ਅਸਲ ਬਾਣੀ ਰੁਮਾਲਿਆਂ ਵਿੱਚ ਬੰਨ੍ਹ ਕੇ ਰੱਖੀ ਕਿਸ ਨੇ ਹੈ? ਜੇ ਇਹ ਉਸ ਪੋਥੀ ਦੀ ਗੱਲ ਕਰਦਾ ਹੈ ਜਿਹੜੀ ਇਸ ਨੂੰ ਲੱਭ ਪਈ ਹੈ, ਉਸ ਦਾ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ, ਇਹ ਤਾਂ ਹੈ ਹੀ ਇਸ ਪਾਸ, ਤਾਂ ਇਸ ਨੂੰ ਰੁਮਾਲਿਆਂ ਵਿੱਚ ਬੰਨ੍ਹ ਕੇ ਰੱਖਣ ਦਾ ਇਸ ਤੋਂ ਬਿਨਾਂ ਦੋਸ਼ੀ ਹੋਰ ਕੌਣ ਹੈ?

ਦੂਸਰੀ ਗੱਲ ਹੈ ਕਿ ਇਸ ਵਲੋਂ ਸੁਨਹਿਰੀ ਬੀੜ ਦੀ ਛਪਾਈ ਵਿੱਚ ਹੋਈਆਂ ਗਲਤੀਆਂ ਦੇ ਪ੍ਰਸ਼ਨਾਂ ਨੂੰ ਲੈ ਕੇ ਲੋਹੇ ਲਾਖੇ ਹੋਣ ਵਾਲਿਆਂ ’ਤੇ ਕਿੰਤੂ ਕਰਨਾ ਸਿੱਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਹਮਾਇਤ ਵਿੱਚ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅੰਦਰੂਨੀ ਤੌਰ ’ਤੇ ਮਿਲੇ ਹੋਣ ਦਾ ਸਬੂਤ ਹੈ। ਇਹ ਦੋਵੇਂ ਧਿਰਾਂ ਲੋਕਾਂ ਨੂੰ ਬੁੱਧੂ ਬਣਾਉਣ ਲਈ ਬਾਹਰੋਂ ਤਾਂ ਇੱਕ ਦੂਜੇ ਵਿਰੁੱਧ ਖ਼ੂਬ ਬਿਆਨਬਾਜ਼ੀ ਕਰਦੇ ਹਨ ਪਰ ਦੂਸਰੀ ਧਿਰ ਨੂੰ ਮੁਸ਼ਕਲ ਵਿੱਚ ਵੇਖ ਕੇ ਝੱਟ ਉਸ ਦੀ ਕਿਸੇ ਢੰਗ ਨਾਲ ਮੱਦਦ ਕਰ ਜਾਂਦੇ ਹਨ, ਜਿਵੇਂ ਕਿ ਹੁਣ ਇਸ ਨੇ ਮੱਕੜ ਦੀ ਅਸਿੱਧੀ ਹਮਾਇਤ ਕਰ ਦਿੱਤੀ ਹੈ। ਇਸੇ ਤਰ੍ਹਾਂ ਬਾਦਲ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੇ ਇੱਕ ਪਾਸੇ ਤਾਂ ਇਸ ਦੇ ਇਸ਼ਤਿਹਾਰ ਬੰਦ ਕੀਤੇ ਹੋਏ ਹਨ ਜਿਸ ਨੂੰ ਉਛਾਲ ਕੇ ਇਹ ਲੋਕਾਂ ਦੀ ਹਮਦਰਦੀ ਪ੍ਰਾਪਤ ਕਰ ਰਿਹਾ ਹੈ, ਪਰ ਦੂਸਰੇ ਪਾਸੇ ਵੇਖੋ! ਇਸ ਦੇ ਅਖ਼ਬਾਰ ਵਿੱਚ ਸਭ ਤੋਂ ਵੱਧ ਇਸ਼ਤਿਹਾਰ ਬਾਦਲ ਦਲ ਦੇ ਆਗੂਆਂ ਵਲੋਂ ਹੀ ਹੁੰਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਇਹ ਦੋਵੇਂ ਮਿਲ ਕੇ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਨ।

ਜੇ ਇਹ ਦਾਅਵਾ ਕਰਦਾ ਹੈ ਕਿ: ‘ਕੋਈ ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ।’ ਤਾਂ ਕੀ ਇਹ ਆਪਣੇ ਆਪ ਨੂੰ ਮਨੁੱਖਾਂ ਤੋਂ ਉਪਰ ਦੀ ਕੋਈ ਹੋਰ ਸ਼ੈਅ ਸਮਝ ਰਿਹਾ ਹੈ ਜਿਸ ਕਾਰਣ ਇਸ ਵਲੋਂ ਲੱਭੀ ਪੋਥੀ ਨੂੰ ਬਾਬੇ ਨਾਨਕ ਦੀ ਅਸਲ ਪੋਥੀ ਮੰਨ ਲਿਆ ਜਾਵੇਗਾ। ਅਸਲ ਵਿੱਚ ਗੁਰੂ ਅਰਜਨ ਸਾਹਿਬ ਜੀ ਵਲੋਂ ਬੀੜ ਦੀ ਸੰਪਾਦਨਾ ਤੋਂ ਬਾਅਦ, ਪੁਰਾਤਨ ਹੱਥ ਲਿਖਤ ਕਿਸੇ ਵੀ ਪੋਥੀ ਨੂੰ ਕਸਵੱਟੀ ਮੰਨ ਕੇ ਆਦਿ ਬੀੜ ਨੂੰ ਦੋਸ਼ ਪੂਰਣ ਸਿੱਧ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸਾਨੂੰ ਇਸ ਰਸਤੇ ਪੈਣ ਦੀ ਲੋੜ ਹੈ।

ਬਿਰਧ ਬੀੜਾਂ ਦੇ ਸਸਕਾਰ ਦੀ ਨਿਸ਼ਕਾਮ ਸੇਵਾ ਦੇ ਨਾਮ ’ਤੇ ਨਿੱਜੀ ਹਿੱਤਾਂ ਤੋਂ ਪ੍ਰੇਰਤ ਕਿਸੇ ਸਾਜਿਸ਼ ਅਧੀਨ ਇਤਿਹਾਸਕ ਹੱਥ ਲਿਖਤ ਬੀੜਾਂ ਨੂੰ ਨਸ਼ਟ ਕੀਤੇ ਜਾਣ ਨੂੰ ਠੱਲ ਪਾਉਣ ਲਈ ਕੁਝ ਜਾਗਰੂਕ ਸਿੱਖਾਂ ਵੱਲੋਂ ਚੰਡੀਗੜ੍ਹ ਸੈਕਟਰ 15 ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ’ਚ 29 ਅਗੱਸਤ 2010 ਨੂੰ ਕੀਤੀ ਗਈ ਇੱਕ ਮੀਟਿੰਗ (ਜਿਸ ਵਿੱਚ ਇਹ ਲੇਖਕ ਹਾਜਰ ਸੀ) ਨੂੰ ਸੰਬੋਧਨ ਕਰਦੇ ਹੋਏ ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐੱਸ. ਨੇ ਦੱਸਿਆ ਸੀ ਕਿ ਕਰਤਾਰਪੁਰੀ ਬੀੜ ਅਸਲੀ ਉਹ ਬੀੜ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਅਤੇ ਜਿਸ ’ਤੇ ਗੁਰੂ ਸਾਹਿਬ ਦੇ ਆਪਣੇ ਦਸਖਤ ਮੌਜੂਦ ਹਨ। ਉਸ ਵਿੱਚ ਸਾਰੀਆਂ ਉਹ ਅਲਾਮਤਾਂ ਮੌਜੂਦ ਹਨ ਜਿਹੜੀਆਂ ਕਿਸੇ ਲਿਖਤ ਦੇ ਅਸਲੀ ਹੋਣ ਦੀ ਤਸਦੀਕ ਕਰਦੀਆਂ ਹੋਣ।

ਪਰ ਜਿਹੜੀਆਂ ਸ਼ਕਤੀਆਂ ਸਮਾਜ ਅਤੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਆਪਣੇ ਆਪ ਨੂੰ ਸਰਬਸ੍ਰੇਸ਼ਟ ਸਿੱਧ ਕਰ ਕੇ ਨਿੱਜੀ ਸੁਆਰਥ ਪੂਰੇ ਕਰਨੀਆਂ ਚਾਹੁੰਦੀਆਂ ਹਨ ਉਹ ਇਸ ਦੇ ਅਸਲ ਤੇ ਮੂਲ ਰੂਪ ਨੂੰ ਨਸ਼ਟ ਕਰਨੀਆਂ ਚਾਹੁੰਦੀਆਂ ਹਨ ਤੇ ਇਹ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਅਸਲ ਕਰਤਾਰਪੁਰੀ ਬੀੜ ਕਿਸੇ ਨੇ ਸਾੜ ਦਿੱਤੀ ਹੈ, ਪਰ ਇਸ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ ਕਿ ਅਸਲੀ ਬੀੜ ਕਿਸ ਨੇ ਸਾੜੀ ਅਤੇ ਕਦੋਂ ਸਾੜੀ? ਉਨ੍ਹਾਂ ਕਿਹਾ ਸਾਨੂੰ ਇਸ ਗੁਮਰਾਹਕੁਨ ਪ੍ਰਚਾਰ ਤੋਂ ਬਚ ਕੇ, ਕੀਮਤੀ ਹੱਥ ਲਿਖਤ ਵਿਰਾਸਤੀ ਖ਼ਜਾਨੇ ਨੂੰ ਨਸ਼ਟ ਹੋਣ ਤੋਂ ਬਚਾ ਕੇ, ਅਤੇ ਇਸ ਦੀ ਸੇਵਾ ਸੰਭਾਲ ਕਰਕੇ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ। ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਗਰੇਜੀ ਸਰਕਾਰ ਦੌਰਾਨ ਅੰਗਰੇਜਾਂ ਨੇ ਕਰਤਾਰੀ ਬੀੜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਕਰਤਾਰਪੁਰ ਦੇ ਸੋਢੀਆਂ ਨੇ ਦਾਅਵਾ ਕਰ ਦਿੱਤਾ ਕਿ ਇਸ ਬੀੜ ਦੀ ਮਾਲਕੀਅਤ ਉਨ੍ਹਾਂ ਦੀ ਹੈ ਇਸ ਲਈ ਇਹ ਬੀੜ ਉਨ੍ਹਾਂ ਨੂੰ ਵਾਪਿਸ ਦਿੱਤੀ ਜਾਵੇ, ਜਿਸ ਦਾ ਪ੍ਰੀਜ਼ੀਡਮ ਕੌਂਸਿਲ ’ਚ ਮੁਕੱਦਮਾਂ ਚੱਲਿਆ ਤੇ ਅਖੀਰ ਫੈਸਲਾ ਸੋਢੀਆਂ ਦੇ ਹੱਕ ’ਚ ਹੋਇਆ ਇਸ ਕਰਕੇ ਇਹ ਬੀੜ ਉਨ੍ਹਾਂ ਨੂੰ ਵਾਪਿਸ ਦੇ ਦਿੱਤੀ ਗਈ। ਜਿਤਨੀ ਦੇਰ ਮੁਕੱਦਮਾ ਚੱਲਿਆ ਉਤਨੀ ਦੇਰ ਸੇਵਾ ਸੰਭਾਲ ਲਈ ਇਹ ਬੀੜ ਮਹਾਰਾਜਾ ਪਟਿਆਲਾ ਨੂੰ ਸੌਂਪ ਦਿੱਤੀ ਗਈ। ਉਸ ਦੌਰਾਨ ਮਹਾਰਾਜਾ ਪਟਿਆਲਾ ਨੇ ਉਸ ਦਾ ਇੱਕ ਉਤਾਰਾ ਕਰਵਾ ਲਿਆ ਜਿਹੜਾ ਕਿ ਅੱਜ ਵੀ ਉਸ ਘਰਾਣੇ ਪਾਸ ਮੌਜੂਦ ਹੈ। ਉਸ ਨਕਲ (ਪਟਿਆਲੇ ਵਾਲੀ ਬੀੜ) ਦੀ ਨਕਲ ਉਨ੍ਹਾਂ (ਸ. ਗੁਰਤੇਜ ਸਿੰਘ) ਪਾਸ ਮੌਜੂਦ ਹੈ ਜਿਸ ਦਾ ਉਨ੍ਹਾਂ ਨੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਪਾਠ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਰਤਾਰਪੁਰੀ ਬੀੜ ਦੇ ਵੀ ਦਰਸ਼ਨ ਕੀਤੇ ਹਨ ਅਤੇ ਕੁਝ ਸ਼ਬਦਾਂ ਦਾ ਧਿਆਨ ਨਾਲ ਪਾਠ ਕਰਕੇ ਉਨ੍ਹਾਂ ਦੀਆਂ ਲਗਾਂ ਮਾਤਰਾਂ ਨੋਟ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਚਾਰ ਭਾਗਾਂ ’ਚ ਛਪਵਾਈਆਂ ਸ਼ਬਦਾਰਥ ਪੋਥੀਆਂ, ਪ੍ਰੋ. ਸਾਹਿਬ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦਰਪਣ ਅਤੇ ਬੀੜਾਂ ਸਬੰਧੀ ਡਾ. ਯੋਧ ਸਿੰਘ ਦੀ ਪੁਸਤਕ ਉਨ੍ਹਾਂ ਪੜ੍ਹੀ ਹੈ। ਕਰਤਾਰਪੁਰੀ ਬੀੜ ਨਾਲੋਂ ਲਗਾਂ ਮਾਤਰਾਂ ਦਾ ਜਿਹੜਾ ਫਰਕ ਇਨ੍ਹਾਂ ਪੋਥੀਆਂ ’ਚ ਦੱਸਿਆ ਗਿਆ ਹੈ ਉਹੀ ਫਰਕ ਉਨ੍ਹਾਂ ਦੇ ਘਰ ’ਚ ਮੌਜੂਦ ਨਕਲ ਦੀ ਨਕਲ ਬੀੜ ’ਚ ਵੀ ਚੈੱਕ ਕਰਕੇ ਵੇਖਿਆ ਤਾਂ ਉਹ ਸਹੀ ਪਾਇਆ ਗਿਆ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੇ ਪਾਸ ਜੋ ਬੀੜ ਮੌਜੂਦ ਹੈ ਉਹ ਕਰਤਾਰਪੁਰੀ ਬੀੜ ਦੀ ਨਕਲ ਦੀ ਹੀ ਨਕਲ ਹੈ। ਉਸ ਬੀੜ ’ਚ ਉਹ ਸਾਰੀਆਂ ਅਲਾਮਤਾਂ ਮੌਜੂਦ ਹਨ ਜਿਹੜੀਆਂ ਕਿਸੇ ਲਿਖਤ ਦੇ ਅਸਲ ਹੋਣ ਦੀ ਪ੍ਰਮਾਣਿਕਤਾ ਲਈ ਲੋੜੀਦੀਆਂ ਹਨ। ਉਨ੍ਹਾ ਦਾ ਕਹਿਣਾ ਹੈ ਕਿ ਸ: ਜੀ ਬੀ ਸਿੰਘ ਸਮੇਤ ਜਿਹੜੇ ਵਿਦਵਾਨ ਇਸ ਨੂੰ ਨਕਲ ਦੀ ਨਕਲ ਅੱਗੋਂ ਨਕਲ ਦੀ ਨਕਲ..... ਮੰਨਦੇ ਹਨ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕਰਤਾਰਪੁਰੀ ਬੀੜ ਦੇ ਦਰਸ਼ਨ ਨਹੀਂ ਕੀਤੇ ਪਰ ਕਰਤਾਰਪੁਰੀ ਬੀੜ ਦਾ ਸੱਚ’ ਪੁਸਤਕ ਦੇ ਲੇਖਕ ਭਾਈ ਯੋਧ ਸਿੰਘ ਸਮੇਤ ਜਿਨ੍ਹਾਂ ਨੇ ਇਸ ਬੀੜ ਦੇ ਦਰਸ਼ਨ ਕੀਤੇ ਹਨ ਉਹ ਸਾਰੇ ਇਸ ਬੀੜ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਦੇਖ ਰੇਖ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਦੇ ਹਨ। ਸ: ਗੁਰਤੇਜ ਸਿੰਘ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਨੇ ਆਪਣੀ ਪੁਸਤਕ ‘ਅਥੈਂਟੀਸਿਟੀ ਆਫ ਕਰਤਾਰਪੁਰੀ ਬੀੜ’ ਵਿੱਚ ਕਰਤਾਰਪੁਰੀ ਬੀੜ ਸਬੰਧੀ ਪਾਏ ਜਾ ਰਹੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ।

ਜੇ ਮੰਨ ਵੀ ਲਿਆ ਜਾਵੇ ਕਿ ਕਰਤਾਰਪੁਰੀ ਬੀੜ ਨਕਲਾਂ ਦੀ ਨਕਲ ਹੋਣ ਕਰਕੇ ਬਹੁਤ ਹੀ ਦੋਸ਼ ਪੂਰਣ ਹੈ ਤਾਂ ਜਰਾ ਸੋਚੋ! ਅੱਗੇ ਕੀ ਹੋਵੇਗਾ? ਕੀ ਸਾਡੇ ਪਾਸ ਇਸ ਤੋਂ ਇਲਾਵਾ ਕੋਈ ਹੋਰ ਐਸੀ ਬੀੜ ਹੈ ਜਿਸ ਨੂੰ ਤਰਕ ਦੇ ਅਧਾਰ ’ਤੇ ਅਸਲੀ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਿਆ ਜਾ ਸਕਦਾ ਹੈ? ਜੇ ਨਹੀਂ ਤਾਂ ਮੌਜੂਦਾ ਬੀੜ ਨੂੰ ਨਕਲੀ ਸਿੱਧ ਕਰਕੇ ਇਹ ਵਿਦਵਾਨ ਕੀ ਹਾਸਲ ਕਰਨਾ ਚਾਹੁੰਦੇ ਹਨ? ਕੀ ਅਜੇਹੇ ਵਿਦਵਾਨਾਂ ਦੀ ਵਿਦਿਆ ਦਾ ਪੰਥ ਜਾਂ ਗੁਰਮਤਿ ਸਿਧਾਂਤ ਨੂੰ ਕੋਈ ਲਾਭ ਹੋ ਸਕਦਾ ਹੈ? ਕੀ ਇਨ੍ਹਾਂ ਦੀ ਵਿਦਿਆ ਖੋਤੇ ’ਤੇ ਲੱਦਿਆ ਚੰਦਨ ਦਾ ਭਾਰ ਨਹੀਂ ਹੈ: ‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥1॥ ਅਤੇ ਕੀ ਇਨ੍ਹਾਂ ਨੂੰ ਵਿਦਵਾਨਾਂ ਨੂੰ ‘ਪਡੀਆ ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥1॥ ਰਹਾਉ ॥’ (ਅੰਗ 1102 ਰਾਗੁ ਮਾਰੂ ਬਾਣੀ ਕਬੀਰ ਜੀਉ ਕੀ) ਕਹਿਣਾ ਜਾਇਜ਼ ਨਹੀਂ ਹੋਵੇਗਾ?

ਚੰਗਾ ਹੋਵੇ ਜੇ ਸਮੁਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁਝ ਫ਼ਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ ਭਗਤ ਸੂਰਦਾਸ ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥” (ਅੰਗ 1253) ਅਤੇ ਮਹਲਾ ਪੰਜਵਾˆ ਦਾ ਛੰਤ “ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥ (ਅੰਗ 927 ਰਾਗੁ ਰਾਮਕਲੀ ਮਹਲਾ 5 ॥)” ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ, ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ ਜਾਂ ਨਹੀਂ? ਪਰ ਸਿਰਫ ਇਨ੍ਹਾਂ ਦਾ ਬਹਾਨਾ ਲੈ ਕੇ ਜਿਸ ਤਰ੍ਹਾਂ ਸਮੁੱਚੀ ਕਰਤਾਰਪੁਰੀ ਬੀੜ ’ਤੇ ਕੁਹਾੜਾ ਧਰਿਆ ਜਾ ਰਿਹਾ ਹੈ ਇਹ ਕੌਮ ਲਈ ਬਹੁਤ ਹੀ ਘਾਤਕ ਹੈ।

ਕਿਰਪਾਲ ਸਿੰਘ ਬਠਿੰਡਾ
91 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top