Share on Facebook

Main News Page

ਗੁਰਦਵਾਰਿਆਂ ਰਾਹੀਂ, ਗੁਰਮਤਿ ਦੇ ਝੂਠੇ ਲੇਬਲ ਹੇਠ, ਕੀਤੀਆਂ ਜਾ ਰਹੀਆਂ ਗੁਰਮਤਿ-ਵਿਰੋਧੀ (ਬ੍ਰਹਮਣਵਾਦੀ) ਕਾਰਵਾਈਆਂ

ਵਰਤਮਾਨ ਹਾਲਾਤ

ਆਓ, ਹੁਣ ਇਸ ਪੁਸਤਕ ਦੇ ਅਰੰਭ ਵਿੱਚ ਉਠਾਏ ਜਾ ਚੁੱਕੇ ਇਸ ਅਹਿਮ ਸਵਾਲ ਵੱਲ ਮੁੜੀਏ ਕਿ ਗੁਰੂ ਨਾਨਕ ਸਾਹਿਬ ਵੱਲੋਂ, ਰੱਬੀ-ਰਜ਼ਾ ਅਨੁਸਾਰ, ਸਮੁੱਚੇ ਸੰਸਾਰ ਅੰਦਰ, ਸਹਿਜੇ-ਸਹਿਜੇ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ, ਹੱਕ, ਸੱਚ ਤੇ ਕੁਦਰਤੀ ਇਨਸਾਫ਼ ਦਾ ਜ਼ਾਮਨ ਸਦੀਵਕਾਲੀ ਹਲੇਮੀ-ਰਾਜ ਸਥਾਪਤ ਕਰਨ ਲਈ, ਅਰੰਭ ਕੀਤੇ ਲਾਸਾਨੀ (ਗੁਰਮਤਿ) ਇਨਕਲਾਬ ਦੇ ਵਿਕਾਸ ਲਈ ਸਥਾਪਤ ਕੀਤੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਸਥਾਨਕ ਗੁਰਮਤਿ ਸੰਸਥਾ ‘ਸੰਗਤਿ` (ਮੌਜੂਦਾ ਗੁਰਦਵਾਰਾ) ਦੇ ਪ੍ਰਬੰਧਕੀ ਸਿਸਟਮ ਅੰਦਰ ਏਨਾ ਦੁੱਖਦਾਈ ਨਿਘਾਰ ਕਦੋਂ, ਕਿਵੇਂ ਅਤੇ ਕਿਉਂ ਆਇਆ?

ਉੱਪਰ ਕੀਤੀ ਜਾ ਚੁੱਕੀ ਸੰਖੇਪ ਇਤਿਹਾਸਕ ਵਿਚਾਰ `ਚੋਂ ਇਸ ਸਵਾਲ ਦਾ ਜਵਾਬ ਭਲੀ-ਭਾਂਤ ਮਿਲਦਾ ਨਜ਼ਰ ਆ ਰਿਹਾ ਹੈ, ਯਾਨੀ ਕਿ ਅਠਾਰ੍ਹਵੀਂ ਸਦੀ ਦੌਰਾਨ, ਇਤਿਹਾਸਕ ਕਾਰਨਾਂ ਕਰ ਕੇ, ਪਹਾੜ ਜਿੱਡੀਆਂ ਬਿਪਤਾਵਾਂ ਦਾ ਪੂਰੇ ਹੌਂਸਲੇ ਅਤੇ ਦ੍ਰਿੜਤਾ ਨਾਲ ਟਾਕਰਾ ਕਰਦੀ, ਜ਼ਿੰਦਗੀ-ਮੌਤ ਦੇ ਬੜੇ ਭਿਆਨਕ ਹਥਿਆਰਬੰਦ ਸੰਘਰਸ਼ਾਂ ਵਿੱਚ ਉਲਝੀ, ਸਮੁੱਚੀ ਸਿੱਖ ਕੌਮ ਦੀਆਂ ਜਵਾਨ ਹੋ ਰਹੀਆਂ ੨-੩ ਪੁਸ਼ਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰਬ-ਕਲਿਆਣਕਾਰੀ ਅਦੁੱਤੀ ਫ਼ਲਸਫ਼ੇ ਬਾਰੇ, ਬਾ-ਕਾਇਦਾ ਤਰੀਕੇ ਨਾਲ, ਲੌੜੀਂਦੀ ਜਾਣਕਾਰੀ ਨਾ ਦਿੱਤੀ ਜਾ ਸਕੀ। ਇਸ ਕਰ ਕੇ ਹੌਲੀ-ਹੌਲੀ, ਸੰਨ 1770 ਤੱਕ, ਕੌਮ ਦਾ ਤਕਰੀਬਨ 90-95 ਫ਼ੀ ਸਦੀ ਹਿੱਸਾ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਫ਼ਲਸਫ਼ੇ ਤੋਂ ਅਮਲੀ ਤੌਰ `ਤੇ ਟੁੱਟ ਗਿਆ। ਇਸ ਦੇ ਫਲਸਰੂਪ, ਸੰਨ 1780 ਦੇ ਆਸ-ਪਾਸ, ਕੌਮ ਦੀ ਵਾਗਡੋਰ ਉਨ੍ਹਾਂ ਆਗੂਆਂ ਦੇ ਹੱਥ ਵਿੱਚ ਆ ਗਈ ਜਿਹੜੇ ਗੁਰਮਤਿ ਜੀਵਨ-ਜਾਚ ਤੋਂ ਪੂਰੀ ਤਰ੍ਹਾਂ ਬੇ-ਸਮਝ ਸਨ। ਦਲ ਖ਼ਾਲਸਾ ਦੀਆਂ ੧੧ ਮਿਸਲਾਂ (ਜਥਿਆਂ) ਦੇ ਇਹ ਗੁਰਮਤਿ-ਵਿਹੂਣੇ ਆਗੂ ਉਸ ਵਕਤ ਤੱਕ ਆਜ਼ਾਦ ਕਰਵਾਏ ਜਾ ਚੁੱਕੇ ਇਲਾਕਿਆਂ ਨੂੰ ਇਕੱਠਿਆਂ ਕਰ ਕੇ ਖ਼ਾਲਸਾ ਹਲੇਮੀ-ਰਾਜ ਨੂੰ ਬਹਾਲ ਕਰਨ ਦੀ ਬਜਾਏ, ਆਪੋ-ਆਪਣੀਆਂ ਮਿਸਲਾਂ ਨੂੰ ਆਪਣੇ ਪੁਰਖਿਆਂ ਵੱਲੋਂ ਵਿਰਾਸਤ ਵਿੱਚ ਮਿਲੀਆਂ ਰਿਆਸਤਾਂ ਸਮਝ ਬੈਠੇ ਅਤੇ ਅਪਣੇ ਅਧੀਨ ਇਲਾਕਿਆਂ ਵਿੱਚ ਵਾਧਾ ਕਰਨ ਲਈ ਇੱਕ-ਦੂਜੇ ਦੇ ਆਜ਼ਾਦ ਕਰਵਾਏ ਇਲਾਕੇ ਖੋਹਣ ਲਈ ਭਰਾ-ਮਾਰੂ ਜੰਗਾਂ ਵਿੱਚ ਹੀ ਉਲਝ ਗਏ ਜਿਸ ਦੇ ਫਲਸਰੂਪ ਗੁਰਮਤਿ ਇਨਕਲਾਬ, ਵਿਕਾਸ ਕਰਨ ਦੀ ਬਜਾਏ, ਨਿਵਾਣਾਂ ਵੱਲ ਨੂੰ ਹੋ ਤੁਰਿਆ ਅਤੇ ਗੁਰਦਵਾਰਾ ਸੰਸਥਾ ਨੂੰ ਫਿਰ ਤੋਂ ਗੁਰਮਤਿ-ਗਾਡੀ ਰਾਹ `ਤੇ ਲਿਆਉਣ ਦਾ ਵਿਚਾਰ ਹੀ ਕੌਮ ਦੇ ਆਗੂਆਂ ਨੂੰ ਭੁੱਲ ਗਿਆ।

ਜਿਵੇਂ, ਜਦੋਂ ਕਿਸੇ ਘਰ ਦੇ ਮੈਂਬਰ ਅਵੇਸਲੇ ਹੋ ਜਾਣ ਤਾਂ ਅਕਸਰ ਹੀ ਚੋਰਾਂ, ਠੱਗਾਂ ਅਤੇ ਡਾਕੂਆਂ ਦੇ ਅੜਿੱਕੇ ਆ ਜਾਂਦੇ ਹਨ, ਠੀਕ ਇਸੇ ਤਰ੍ਹਾਂ ਹੀ, ਮਾਨਵ-ਵਿਰੋਧੀ ਸੰਗਠਨਾਂ/ਅਨਸਰਾਂ ਨੇ, ਸਿੱਖ ਕੌਮ ਦੇ ਅਜਿਹੇ ਹਾਲਾਤ ਦਾ ਪੂਰਾ ਫਾਇਦਾ ਉਠਾ ਕੇ, ਸਮੇਂ-ਸਮੇਂ ਸਿਰ, (ਗੁਰਦਵਾਰਾ ਸੰਸਥਾ ਦੀ ਕੁਵਰਤੋਂ ਕਰ ਕੇ) ਸਿੱਖ ਕੌਮ ਦੇ ਸ਼ਾਨਾਂ-ਮੱਤੇ ਇਤਿਹਾਸ, ਸਿਧਾਂਤ ਅਤੇ ਸਭਿਆਚਾਰ ਅੰਦਰ ਬ੍ਰਾਹਮਣਵਾਦੀ ਖ਼ੋਟ ਮਿਲਾ ਕੇ ਸਮੁੱਚੀ ਕੌਮ ਨੂੰ, ਗੁਰਮਤਿ ਗਾਡੀ-ਰਾਹ ਤੋਂ ਭਟਕਾ ਕੇ, ਭੰਬਲ-ਭੂਸਿਆਂ ਵਿੱਚ ਪਾਈ ਰੱਖਿਆ ਹੈ। ਅੱਜ ਹਾਲਾਤ ਇਤਨੇ ਚਿੰਤਾਜਨਕ ਬਣ ਚੁੱਕੇ ਹਨ ਕਿ ਸਿਵਾਏ ਕਿਸੇ ਟਾਵੇਂ-ਟਾਵੇਂ ਗੁਰਦਵਾਰੇ ਦੇ, ਪਿੰਡ ਦੇ ਗੁਰਦਵਾਰੇ ਤੋਂ ਲੈ ਕੇ ਦਰਬਾਰ ਸਾਹਿਬ, ਅੰਮ੍ਰਿਤਸਰ ਤੱਕ, ਗੁਰਦਵਾਰਾ ਸੰਸਥਾ ਦਾ ਪ੍ਰਬੰਧਕੀ ਸਿਸਟਮ ਗੁਰਮਤਿ ਗਾਡੀ-ਰਾਹ ਤੋਂ ਭੱਟਕ ਕੇ ਬੁਰੀ ਤਰ੍ਹਾਂ ਕੁਰਾਹੇ ਪੈ ਚੁੱਕਾ ਹੈ ਅਤੇ ਗੁਰਦਵਾਰਿਆਂ ਰਾਹੀਂ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਕਰ ਕੇ ਲਾਸਾਨੀ ਗੁਰਮਤਿ ਇਨਕਲਾਬ ਨੂੰ ਪੁਨਰ-ਸੁਰਜੀਤ ਕਰਨ ਦੀ ਬਜਾਏ, ਗੁਰਦਵਾਰਿਆਂ ਦੇ ਗੁਰਮਤਿ-ਵਿਹੂਣੇ, ਚੌਧਰਾਂ ਦੇ ਭੁੱਖੇ, ਧੜੇਬੰਦਕ, ਸੁਆਰਥੀ ਬਿਰਤੀ ਵਾਲੇ ਪ੍ਰਬੰਧਕ, ਬ੍ਰਾਹਮਣਵਾਦੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ, ਗੁਰਦਵਾਰਾ ਸੰਸਥਾ ਦੁਆਰਾ ਬ੍ਰਾਹਮਣਵਾਦੀ ਕਰਮ-ਕਾਂਡਾਂ, ਜ਼ਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ ਦਾ ਪ੍ਰਚਾਰ ਕਰ ਕੇ ਇਸ ਇਨਕਲਾਬ ਨੂੰ ਸਗੋਂ ਪੁੱਠਾ ਗੇੜਾ ਦਈ ਜਾ ਰਹੇ ਹਨ। ਇਸ ਹਕੀਕਤ ਦੀ ਪੁਸ਼ਟੀ, ਗੁਰਦਵਾਰਿਆਂ ਰਾਹੀਂ, ਗੁਰਮਤਿ ਦੇ ਝੂਠੇ ਲੇਬਲ ਹੇਠ, ਕੀਤੀਆਂ ਜਾ ਰਹੀਆਂ ਹੇਠ ਲਿਖੀਆਂ ਗੁਰਮਤਿ-ਵਿਰੋਧੀ (ਬ੍ਰਹਮਣਵਾਦੀ) ਕਾਰਵਾਈਆਂ ਤੋਂ ਭਲੀ-ਭਾਂਤ ਹੋ ਜਾਂਦੀ ਹੈ:

1. ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸੀਲੈਕਸ਼ਨ ਲਈ ਗੁਰਮਤਿ-ਵਿਰੋਧੀ ‘ਵੋਟ-ਵਿਧਾਨ` ਦਾ ਲਾਗੂ ਹੋਣਾ

ਪੱਛਮੀ ਸਭਿਅਤਾ ਦੀ ਅੰਨ੍ਹੀ ਰੀਸ ਕਰ ਕੇ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਵੋਟ-ਵਿਧਾਨ ਅਨੁਸਾਰ ਚੁਣੇ ਜਾ ਰਹੇ ਹਨ। ਗੁਰਮਤਿ ਫ਼ਲਸਫ਼ੇ ਅੰਦਰ ‘ਗਣ-ਤੰਤ੍ਰ` ਨੂੰ ਨਹੀਂ, `ਗੁਣ-ਤੰਤ੍ਰ` ਨੂੰ ਪ੍ਰਵਾਨਗੀ ਹੈ ਅਤੇ ‘ਇਲੈਕਸ਼ਨ` ਦੀ ਬਜਾਏ ‘ਸੀਲੈਕਸ਼ਨ` ਵਿਧੀ ਪ੍ਰਵਾਨਤ ਹੈ। ਕੌਮ ਅੰਦਰ ਧੜੇਬੰਦੀਆਂ ਉਜਾਗਰ ਹੋਣ ਦਾ ਮੂਲ ਕਾਰਨ ਇਹ ‘ਵੋਟ-ਵਿਧਾਨ` ਹੀ ਹੈ। ਕੀ ਕਿਸੇ ਹੋਰ ਮਜ਼੍ਹਬ ਵਿੱਚ ਵੀ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਲਈ ਵੋਟ-ਵਿਧਾਨ` ਦੀ ਵਿਧੀ ਲਾਗੂ ਹੈ ਸੰਸਾਰ ਵਿੱਚ? ਜੇਕਰ ਨਹੀਂ, ਤਾਂ ਫਿਰ ਸਿੱਖ ਧਰਮ ਵਿੱਚ ਹੀ ਅਜਿਹਾ ਕਿਉਂ ਹੋ ਰਿਹਾ ਹੈ? ਇਹ ਵਿਸ਼ਾ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ।

2. ਗੁਰਦਵਾਰਿਆਂ ਅੰਦਰ ਮੂਰਤੀ - ਪੂਜਾ

ਬਹੁਤ ਸਾਰੇ ਗੁਰਦਵਾਰਿਆਂ ਅੰਦਰ ਗੁਰੂ ਸਾਹਿਬਾਨ ਦੀਆਂ ਮਨੋ-ਕਲਪਿਤ (ਮਨ-ਘੜਤ) ਤਸਵੀਰਾਂ ਟੰਗੀਆਂ ਹੋਈਆਂ ਹਨ ਅਤੇ ਭੋਲੀ ਸੰਗਤ ਇਨ੍ਹਾਂ ਤਸਵੀਰਾਂ ਨੂੰ ਹੀ, ਅੰਨ੍ਹੀ-ਸ਼ਰਧਾ ਵੱਸ, ਮੱਥੇ ਟੇਕੀ ਜਾ ਰਹੀ ਹੈ ਜਾਂ ਕਿਸੇ ਅਖੌਤੀ ਸੰਤ-ਬਾਬੇ ਦੇ ਪੈਰਾਂ `ਤੇ ਨੱਕ ਰਗੜਦੀ ਵੇਖੀ ਜਾ ਸਕਦੀ ਹੈ। ਇਹ ਮੂਰਤੀ-ਪੂਜਾ ਦਾ ਹੀ ਦੂਜਾ ਰੂਪ ਹੈ। ਗੁਰਮਤਿ ਫ਼ਲਸਫ਼ਾ ਇੱਕੋ ਇੱਕ ਵਾਹਿਦ ਪ੍ਰਭੂ ਦੀ ਪੂਜਾ ਹੀ ਦ੍ਰਿੜ ਕਰਵਾਉਂਦਾ ਹੈ:

ਪੂਜਹੁ ਰਾਮੁ ਏਕੁ ਹੀ ਦੇਵਾ।। (ਕਬੀਰ ਜੀ, ੪੮੪)।

3. ਗੁਰਦਵਾਰਿਆਂ ਅੰਦਰ ਜ਼ਾਤ-ਪਾਤ ਦਾ ਬੋਲ-ਬਾਲਾ

ਕਈ ਗੁਰਦਵਾਰੇ ਜ਼ਾਤ-ਬਰਾਦਰੀਆਂ ਦੇ ਨਾਂਅ ਤੇ ਉਸਾਰੇ ਜਾ ਚੁੱਕੇ ਹਨ, ਹਾਲਾਂਕਿ ਗੁਰਮਤਿ ਫ਼ਲਸਫ਼ਾ ਜ਼ਾਤ-ਪਾਤ ਦੀ ਹੋਂਦ ਨੂੰ ਹੀ ਸਖ਼ਤੀ ਨਾਲ ਰੱਦ ਕਰਦਾ ਹੈ:

ਜਾਤਿ ਕਾ ਗਰਬੁ ਨਾ ਕਰਿ ਮੂਰਖ ਗਾਵਾਰਾ।। ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ।। (ਮ. ੩, ੧੧੨੮)।

ਗੁਰਦਵਾਰਿਆਂ ਦੇ ਪ੍ਰਬੰਧ ਅੰਦਰ ਅਕਸਰ ਹੀ ਅਖੌਤੀ ਨੀਵੀਂ ਜ਼ਾਤ ਵਾਲਿਆਂ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ। ਕਿਉਂ?

੪. ਗੁਰਦਵਾਰਿਆਂ ਅੰਦਰ ਸਮਾਧਾਂ (ਮੜ੍ਹੀਆਂ) ਦੀ ਪੂਜਾ

ਕੁੱਝ ਗੁਰਦਵਾਰਿਆਂ ਦੀ ਹਦੂਦ ਅੰਦਰ ਸਮਾਧਾਂ (ਮੜ੍ਹੀਆਂ) ਬਣੀਆਂ ਹੋਈਆਂ ਹਨ ਜਿਥੇ ਦੀਵੇ ਜਗਾ ਕੇ ਖੀਰਾਂ ਵਰਤਾ ਕੇ, ਇਨ੍ਹਾਂ ਦੀ ਮੰਨਤ ਕੀਤੀ ਜਾਂਦੀ ਹੈ:

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।। ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ।। (ਮ. ੧, ੬੩੪)

ਭਾਵ: ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ, (ਕਿਸੇ ਅਖੌਤੀ ਸੰਤ-ਬਾਬੇ ਦੀ, ਕਿਸੇ ਹੋਰ ਮਜ਼੍ਹਬ ਦੀ, ਕਿਸੇ ਦੇਵੀ-ਦੇਵਤੇ ਦੀ, ਕਿਸੇ ਅਵਤਾਰ ਜਾਂ ਪੈਗ਼ੰਬਰ ਦੀ) ਭਾਲ ਵਿੱਚ ਨਹੀਂ ਪੈਂਦਾ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ (ਸਮਸ਼ਾਨ ਭੂੰਮੀ) ਵਿੱਚ ਨਹੀਂ ਜਾਂਦਾ, ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਫਸ ਕੇ (ਪਰਮੇਸ਼ਰ ਦੇ ਦਰ ਤੋਂ ਬਿਨਾਂ) ਕਿਸੇ ਹੋਰ ਘਰ (ਮੱਤ ਜਾਂ ਮਜ਼੍ਹਬ) ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਪਦਾਰਥਾਂ (ਮਾਇਕ ਸੁਖਾਂ) ਦੀ ਭੁੱਖ ਪਰਮੇਸ਼ਰ ਦੇ ਨਾਮ (ਰੱਬੀ-ਗੁਣਾਂ ਦੀ ਪ੍ਰਾਪਤੀ) ਨੇ ਮਿਟਾ ਦਿੱਤੀ ਹੈ।

5. ਗੁਰਦਆਰਿਆਂ ਅੰਦਰ ਕਰਮ-ਕਾਂਡੀ ਪਾਠ (ਅਖੰਡ/ਸਾਧਾਰਨ ਸੰਪਟ ਪਾਠ ਆਦਿ) – ਮਾਇਆ ਦਾ ਵਾਪਾਰ

ਗੁਰਬਾਣੀ ਰਸਮੀ ਤੌਰ `ਤੇ ਗਿਣਤੀਆਂ-ਮਿਣਤੀਆਂ ਦੇ ਪਾਠ ਕਰਨ ਲਈ ਨਹੀਂ ਪ੍ਰਗਟ ਹੋਈ। ਗੁਰਬਾਣੀ ਅੰਦਰ ਗੁਰਮਤਿ ਜੀਵਨ-ਜਾਚ ਦਾ ਉਪਦੇਸ਼ ਦ੍ਰਿੜ ਕਰਵਾਇਆ ਗਿਆ ਹੈ ਜਿਸ ਨੂੰ ਸਮਝ ਕੇ, ਮਨੋਂ ਸਵੀਕਾਰ ਕਰਕੇ, ਰੋਜ਼ਾਨਾ ਦੇ ਜੀਵਨ ਵਿੱਚ ਢਾਲਿਆਂ ਹੀ ਜੀਵਨ ਸਫ਼ਲ ਹੋ ਸਕਦਾ ਹੈ:

ਬੇਦ ਪਾਠ ਸੰਸਾਰ ਕੀ ਕਾਰ।। ਪੜਿੑ ਪੜਿੑ ਪੰਡਿਤ ਕਰਹਿ ਬੀਚਾਰ।। ਬਿਨੁ ਬੂਝੇ ਸਭ ਹੋਇ ਖੁਆਰ।। ਨਾਨਕ ਗੁਰਮੁਖਿ ਉਤਰਸਿ ਪਾਰਿ।।੧।। (ਮ. ੧, ੭੯੧)

ਭਾਵ: ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨਿਆਵੀ ਵਿਹਾਰ (ਸਮਝੋ)। ਵਿਦਵਾਨ ਲੋਕ ਇਨ੍ਹਾਂ ਨੂੰ ਪੜ੍ਹ-ਪੜ੍ਹ ਕੇ ਇਨ੍ਹਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ। ਜਦ ਤੱਕ ਮੱਤ ਨਹੀਂ ਬਦਲਦੀ (ਅਮਲੀ ਜੀਵਨ ਪਲਟਾ ਨਹੀਂ ਖਾਂਦਾ), ਨਿਰੇ ਪਾਠ ਅਤੇ ਅਰਥ ਵਿਚਾਰਨ ਨਾਲ ਤਾਂ ਲੋਕਾਈ ਖੁਆਰ ਹੀ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਹੀ (ਅਗਿਆਨਤਾ ਦੇ ਘੁੱਪ ਹਨ੍ਹੇਰੇ ਵਿੱਚੋਂ) ਪਾਰ ਲੰਘਦਾ ਹੈ ਜਿਸ ਨੇ ਆਪਣਾ ਅਮਲੀ ਜੀਵਨ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਉਪਦੇਸ਼ਾਂ ਅਨੁਸਾਰ ਢਾਲ ਲਿਆ ਹੈ {ਆਪਣੀ ਮੱਤ ਦੀ ਬਜਾਏ, ਸ਼ਬਦ-ਗੁਰੂ ਦੀ ਮੱਤ, (ਗੁਰਮਤਿ) ਅਨੁਸਾਰ ਚੱਲ ਰਿਹਾ ਹੈ}।

“ਕਰਮ ਕਾਂਡ ਬਹੁ ਕਰਹਿ ਅਚਾਰ।। ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ।। (ਮ. ੩, ੧੬੨)

ਭਾਵ: ਜਿਹੜੇ ਬੰਦੇ ਸ਼ਾਸ਼ਤ੍ਰਾਂ ਅਨੁਸਾਰ ਮਿਥੇ ਹੋਏ ਅਨੇਕਾਂ ਧਾਰਮਿਕ ਕਰਮ (ਰਸਮਾਂ ਆਦਿ) ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ (ਇਹ ਕਰਮ-ਕਾਂਡ ਉਨ੍ਹਾਂ ਦੇ ਅੰਦਰ) ਅਹੰਕਾਰ (ਪੈਦਾ ਕਰਦੇ ਹਨ, ਤੇ ਉਨ੍ਹਾਂ ਦਾ ਜੀਵਨ) ਫ਼ਿਟਕਾਰਜੋਗ ਹੀ ਰਹਿੰਦਾ ਹੈ। ਪਰਮੇਸ਼ਰ ਸਰੂਪ ਗੁਰਬਾਣੀ ਨੂੰ ਮਾਇਆ ਦੇ ਵਾਪਾਰ ਵਜੋਂ ਵਰਤਣਾ ਲਾਹਨਤ ਯੋਗ ਹੈ।

6. ਗੁਰਦਵਾਰਿਆਂ ਅੰਦਰ ਗੁਰਮਤਿ-ਵਿਰੋਧੀ ਕੱਚੀਆਂ–ਪਿੱਲੀਆਂ ਰਚਨਾਵਾਂ ਦੇ ਪਾਠ, ਕੀਰਤਨ ਅਤੇ ਵਿਚਾਰਾਂ

ਗੁਰਦਵਾਰਾ ਸੰਸਥਾ ਦੇ ਮਾਲਿਕ, ਪ੍ਰਧਾਨ, ਪਰਮੇਸ਼ਰ ਦੇ ਸ਼ਬਦ-ਰੂਪ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਇਸ ਗੁਰਮਤਿ ਸੰਸਥਾ ਦੁਆਰਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ੴ ` ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ ਤੱਕ` ਦੇ ਫ਼ਲਸਫ਼ੇ ਦਾ ਹੀ ਪ੍ਰਚਾਰ ਕੀਤਾ ਜਾ ਸਕਦਾ ਹੈ। ਪਰ ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਕੋਰੇ ਪ੍ਰਬੰਧਕ ਇਸ ਪਾਸੇ ਧਿਆਨ ਹੀ ਨਹੀਂ ਦੇਂਦੇ। ਇਹ ਗੁਰਮਤਿ-ਵਿਹੂਣੇ ਦੁਸ਼ਟ ਪ੍ਰਬੰਧਕ, ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਇਸ ਸੰਸਥਾ ਨੂੰ ਗੁਰਮਤਿ ਇਨਕਲਾਬ ਦੇ ਵਿਕਾਸ ਲਈ, ਕਾਰਜਸ਼ੀਲ ਕਰਨ ਦੀ ਬਜਾਏ, ਗੁਰੂ `ਤੇ ਆਪਣਾ ਹੁਕਮ ਚਲਾਉਣ ਦੀਆਂ ਕਾਲੀਆਂ ਕਰਤੂਤਾਂ ਕਰ ਰਹੇ ਹਨ। {ਗੁਰੂ ਗ੍ਰੰਥ ਸਾਹਿਬ ਦੀ ਸੰਸਥਾ (ਗੁਰਦਵਾਰੇ) ਨੂੰ ਆਪਣੀ ਪ੍ਰਾਈਵੇਟ ਲਿਮਿਟਿਡ ਕੰਪਣੀ ਦੀ ਤਰ੍ਹਾਂ ਚਲਾਉਣ ਦੀ ਮੂਰਖਤਾਈ ਕਰ ਰਹੇ ਹਨ}।

੭. ਹਨੂੰਮਾਨ ਅਤੇ ‘ਸ਼ਨੀ-ਦੇਵਤਾ` ਵੀ ਗੁਰਦਵਾਰਿਆਂ `ਚ ਆ ਵੜੇ!

ਅੱਜ ਕਲ, ਕੁੱਝ ਇੱਕ ਗੁਰਦਵਾਰਿਆਂ ਦੀ ਸੰਗਤਿ ਨੇ, ਗੁਰਮਤਿ ਫ਼ਲਸਫ਼ੇ ਦੀ ਬੜੀ ਡੂੰਘੀ ਖ਼ੋਜ ਕਰ ਕੇ, “ਨਵੇਂ ਗੁਰਮਤਿ-ਸਿਧਾਂਤਾਂ” ਨੂੰ ਲੱਭ ਕੇ ਗੁਰੂ ਦੀਆਂ ਖ਼ੁਸ਼ੀਆਂ (ਅਸਲ ਵਿੱਚ ਲਾਹਨਤਾਂ) ਹਾਸਿਲ ਕਰ ਲਈਆਂ ਹਨ। ਯਾਨੀ ਕਿ, ਹਨੂੰਮਾਨ ਨੂੰ ਖ਼ੁਸ਼ ਕਰਨ ਲਈ ਮੰਗਲਵਾਰ ਨੂੰ ਗੁਰਦਵਾਰਿਆਂ ਵਿੱਚ ਲੱਡੂਆਂ ਅਤੇ ਬੂੰਦੀ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ, ਅਤੇ ‘ਸ਼ਨੀ-ਦੇਵਤੇ` ਦੀ ਕਰੋਪੀ ਤੋਂ ਬਚਣ ਲਈ ਸ਼ਨਿਚਰਵਾਰ ਨੂੰ ਤੜਕਾ-ਲੱਗੇ ਕਾਲੇ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਧੰਨ ਸਿੱਖੀ!

੮. ਗੁਰਦਵਾਰਿਆਂ ਅੰਦਰ ਪਗੜੀ-ਧਾਰੀ (ਸਿੱਖੀ ਸਰੂਪ ਵਾਲੇ) ਬ੍ਰਾਹਮਣ ਆ ਵੜੇ!

ਗੁਰਦਵਾਰਿਆਂ ਅੰਦਰ ਅੰਨਦ-ਕਾਰਜ ਕਰਨ ਦੇ ‘ਰੇਟ` ਮੁਕੱਰਰ ਕੀਤੇ ਜਾ ਚੁੱਕੇ ਹਨ। ਪਰ, ਚਲਾਕੀ ਨਾਲ, ਇਨ੍ਹਾਂ ਨੂੰ ‘ਰੇਟ` (ਭਾੜਾ) ਕਹਿਣ ਦੀ ਬਜਾਏ ‘ਭੇਟਾ` ਦਾ ਨਾਂਅ ਦਿੱਤਾ ਜਾ ਰਿਹਾ ਹੈ। ਭਾਵ ਕਿ, ਭਾੜਾ ਲੈ ਕੇ ਵਿਆਹ ਕੀਤੇ ਜਾ ਰਹੇ ਹਨ।

ਲੈ ਭਾੜਿ ਕਰੇ ਵੀਆਹੁ।। ਕਢਿ ਕਾਗਲੁ ਦਸੇ ਰਾਹੁ।। (ਮ. ੧, ੪੭੧)

ਭਾਵ: ਆਪਣੇ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਭਾੜਾ ਲੈ ਕੇ ਕਰਦਾ ਹੈ ਅਤੇ ਪੱਤ੍ਰੀ ਸੋਧ-ਸੋਧ ਕੇ ਉਨ੍ਹਾਂ ਨੂੰ ਰਸਤਾ ਦੱਸਦਾ ਹੈ (ਧਾਰਮਿਕ ਉਪਦੇਸ਼ ਦਿੰਦਾ ਹੈ)।

ਹਾਂ, ਲੜਕਾ ਅਤੇ ਲੜਕੀ ਵਾਲੇ ਪਰਿਵਾਰ ਯਥਾ ਜੋਗ ਭੇਟਾ ਇਸ ਸੰਸਥਾ ਲਈ ਦੇ ਸਕਦੇ ਹਨ। ਪਰ ‘ਰੇਟ` ਮੁਕੱਰਰ ਕਰਨੇ ਗੁਰਮਤਿ–ਵਿਰੋਧੀ ਕਾਰਵਾਈ ਹੈ।

੯. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੇਵਤਿਆਂ ਦੀ ਪੂਜਾ!

ਬ੍ਰਾਹਮਣ ਵੱਲੋਂ ਰਾਮਾਇਣ ਆਦਿ ਦੇ ਕੀਤੇ ਜਾ ਰਹੇ ਅਖੰਡ-ਪਾਠਾਂ ਦੀ ਨਕਲ ਕਰ ਕੇ, ਗੁਰਦਵਾਰਿਆਂ ਅੰਦਰ (ਜਾਂ ਘਰਾਂ ਅੰਦਰ), ਗੁਰੂ ਗ੍ਰੰਥ ਸਾਹਿਬ ਦੇ ਕਰਮ-ਕਾਂਡੀ ਪਾਠ ਕੀਤੇ ਜਾ ਰਹੇ ਹਨ, ਜਿਨ੍ਹਾਂ ਦੌਰਾਨ ਹੇਠ ਲਿਖੀਆਂ (ਬ੍ਰਾਹਮਣਵਾਦੀ) ਦੇਵੀ-ਦੇਵਤਿਆਂ ਦੀ ਪੂਜਾ ਦੀਆਂ ਫ਼ਜ਼ੂਲ ਖਰਚੇ ਵਾਲੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ:

(ੳ) ਸ਼ੁੱਧ ਦੇਸੀ ਘਿਉ ਦੀਆਂ ਜੋਤਾਂ ਜਗਾਉਣੀਆਂ – ਅਗਨੀ ਦੇਵਤੇ ਦੀ ਪੂਜਾ।

(ਅ) ਕੁੰਭ ਰੱਖਣੇ- ਖ਼ੁਆਜਾ (ਜਲ-ਦੇਵਤੇ) ਦੀ ਪੂਜਾ।

(ੲ) ਧੂਪਾਂ ਧੁਖਾਉਣੀਆਂ:-ਦੇਵੀ–ਦੇਵਤਿਆਂ ਨੂੰ ਖ਼ੁਸ਼ ਕਰਨ ਦੀ ਹਵਨ-ਯੱਗ ਆਦਿ ਦੀ ਰੀਤ।

(ਸ) ਲਾਲ ਕੱਪੜੇ `ਚ ਲਪੇਟਿਆ (ਲਾਲ ਧਾਗੇ ਨਾਲ ਬੰਨ੍ਹਿਆ) ਨਾਰੀਅਲ – ਯੱਗ ਸਮੇਂ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਬਲੀ ਦੇਣ ਦੀ ਰੀਤ ਦਾ ਚਿੰਨ੍ਹ (Symbol)

(ਹ) ਕੁੰਭ ਹੇਠਾਂ ਅਨਾਜ ਦੇ ਦਾਣੇ ਰੱਖਣੇ – ਅੰਨ-ਦੇਵਤੇ ਦੀ ਪੂਜਾ ਦੀ ਰੀਤ।

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। (ਮ. ੧, ੬੩੭)

ਭਾਵ: ਹੇ ਭਾਈ ਜੇ ਦੇਵੀ-ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ, ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ।

10- ਹਰ ਕਿਸਮ ਦੇ ਕਰਮ-ਕਾਂਡਾਂ (ਵਿਖਾਵੇ-ਮਾਤਰ ਦੇ ਕੰਮ) ਨੂ ਸਖ਼ਤੀ ਨਾਲ ਰੱਦ ਕਰਨ ਵਾਲੇ ਸਤਿਗੁਰਾਂ ਦੇ ਪੁਰਬ ਵੀ ਕਰਮ-ਕਾਂਡੀ ਕਾਰਵਾਈਆਂ ਨਾਲ ਅਰੰਭ ਕਰ ਕੇ ਮਨਾਉਣੇ – ਸਤਿਗੁਰਾਂ ਨਾਲ ਕ੍ਹੋਝਾ ਮਜ਼ਾਕ!

ਹੇ ਸੱਚੇ ਪਾਤਿਸ਼ਾਹ! ਤੁੱਸੀਂ ਭਾਵੇਂ ਸਾਨੂੰ ਸਾਰੇ ਹੀ ਕਰਮ-ਕਾਂਡਾਂ ਤੋਂ ਸਖ਼ਤੀ ਨਾਲ ਰੋਕਿਆ ਹੈ, ਪਰ ਅਸੀਂ ਤੁਹਾਡਾ ਹੁਕਮ ਥੋੜਾ ਹੀ ਮੰਨਣਾ ਹੈ? ਜੇਕਰ ਅਸੀਂ ਲੋਕਾਚਾਰੀ ਨੂੰ ਛੱਡ ਦਿੱਤਾ ਤਾਂ ਸਾਡਾ ਤਾਂ ਸਮਾਜ `ਚ ਨੱਕ ਵੱਢਿਆ ਜਾਊ। ਅਸੀਂ ਸਮਾਜ ਵਿੱਚ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹਾਂਗੇ। ਕੀ ਅੱਜ ਕੋਈ ਐਸਾ ਗੁਰਦਵਾਰਾ (ਜਾਂ ਡੇਰਾ) ਹੈ ਜਿੱਥੇ ਸਤਿਗੁਰਾਂ ਨਾਲ ਸਬੰਧਤ ਗੁਰਪੁਰਬ ਗੁਰੂ ਗ੍ਰੰਥ ਸਾਹਿਬ (ਜਾਂ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਿਸੇ ਵਿਸ਼ੇਸ਼ ਬਾਣੀ) ਦਾ ਰਸਮੀ ਤੌਰ `ਤੇ (ਕਰਮ-ਕਾਂਡੀ) ਪਾਠ ਕਰ ਕੇ ਨਹੀਂ ਅਰੰਭ ਕੀਤੇ ਜਾ ਰਹੇ? ਸਤਿਗੁਰਾਂ ਨੇ ਸਾਰੀਆਂ ਕਰਮ-ਕਾਂਡੀ ਕਾਰਵਾਈਆਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੋਇਆ ਹੈ।

ਕਰਮ ਕਾਂਡ ਕਿਸ ਨੂੰ ਆਖਦੇ ਹਨ? ਬ੍ਰਾਹਮਣ ਨੇ, ਸਮਾਜ ਅੰਦਰ ਆਪਣੀ ਸਰਦਾਰੀ ਪੱਕੇ ਤੌਰ ਤੇ ਸਥਾਪਤ ਕਰਨ ਲਈ, ਸਾਰੀਆਂ ਧਾਰਮਿਕ ਰਸਮਾਂ/ਰੀਤਾਂ ਬ੍ਰਾਹਮਣ ਦੀ ਅਗੁਵਾਈ ਹੇਠ ਹੀ ਹੋਣੀਆਂ ਲਾਜ਼ਮੀ ਕਰਾਰ ਦੇ ਦਿੱਤੀਆਂ ਸਨ। ਇਨ੍ਹਾਂ ਰਸਮਾਂ/ਰੀਤਾਂ ਦੌਰਾਨ, ਬ੍ਰਾਹਮਣ ਵੇਦਾਂ ਆਦਿ ਦੇ ਢੁਕਵੇਂ ਸਲੋਕਾਂ (ਮੰਤ੍ਰਾਂ) ਦਾ, ਬਾਹਰੀ ਤੌਰ `ਤੇ ਸੁੱਚਾ ਹੋ ਕੇ, ਪੂਰੀ ਸੁੱਚਮ ਨਾਲ ਮੰਤ੍ਰ-ਜਾਪ ਕਰਦਾ ਸੀ (ਅੱਜ ਵੀ ਕਰਦਾ ਹੈ)। ਕਹਿਣ ਨੂੰ ਤਾਂ ਇਹ ਵਿਖਾਵੇ ਮਾਤਰ ਦੀਆਂ ਕਾਰਵਾਈਆਂ (ਕਰਮ-ਕਾਂਡ) ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੀਤੀਆਂ ਜਾਂਦੀਆਂ ਸਨ, ਪਰ ਅਸਲ ਵਿੱਚ ਬ੍ਰਾਹਮਣ ਨੇ ਇਨ੍ਹਾਂ ਕਰਮ-ਕਾਂਡਾਂ ਦੁਆਰਾ ਆਪਣੇ ਜਜਮਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਲੁੱਟਣ ਲਈ ਹੀ ਇਹ ਸਾਰੇ ਭਰਮ-ਜਾਲ ਵਿਛਾਏ ਸਨ (ਰੋਟੀਆਂ ਕਾਰਣਿ ਪੂਰਹਿ ਤਾਲ)।

ਬ੍ਰਾਹਮਣਵਾਦੀਆਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ, ਅੱਜ ਅਖੌਤੀ ਸਿੱਖਾਂ ਨੇ ਵੀ ਇਨ੍ਹਾਂ ਭੇਡ-ਚਾਲੀ ਰਸਮਾਂ ਨੂੰ ਪੂਰੀ ਤਰ੍ਹਾਂ (ਧਰਮ ਦੇ ਨਾਂ `ਤੇ) ਅਪਣਾ ਲਿਆ ਹੈ। ਅਜਿਹੇ ਪਾਠਾਂ (ਅਖੰਡ, ਸਾਧਾਰਨ, ਸੰਪਟ ਆਦਿ) ਦੌਰਾਨ ਸ਼ਬਦ ਦੀ ਵਿਚਾਰ, ਆਮ ਤੌਰ `ਤੇ, ਮਨਫ਼ੀ ਹੀ ਹੁੰਦੀ ਹੈ। ਜਿਸ ਧਾਰਮਿਕ ਕਾਰਵਾਈ ਰਾਹੀਂ ਸੰਗਤਿ ਨੂੰ ਗੁਰਬਾਣੀ ਦੇ ਸਿਧਾਂਤਾਂ ਦੀ ਜੋਗ ਢੰਗ ਨਾਲ ਜਾਣਕਾਰੀ ਨਾ ਦਿੱਤੀ ਜਾਵੇ, ਉਹ ਧਾਰਮਿਕ ਰਸਮ ਕਰਮ-ਕਾਂਡ ਤੋਂ ਵੱਧ ਹੋਰ ਕੁੱਝ ਵੀ ਨਹੀਂ। ਕੀ ਅਸੀਂ ਸਤਿਗੁਰਾਂ ਦੇ ਹੁਕਮਾਂ ਦੀ ਬੇ-ਸ਼ਰਮੀ ਨਾਲ, ਸ਼ਰ੍ਹੇਆਮ, ਉਲੰਘਣਾ ਕਰ ਕੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ?

11-ਗੁਰਦਵਾਰਿਆਂ ਵਿੱਚ ਸ਼ੋਰ-ਸ਼ਰਾਬਾ (ਆਵਾਜ਼-ਪ੍ਰਦੂਸ਼ਨ)

ਗੁਰਦੁਆਰਿਆਂ ਅੰਦਰ, ਸੰਗਤਿ ਦੀ ਗਿਣਤੀ ਅਨੁਸਾਰ, ਜੋਗ ਸਾਊਂਡ ਸਿਸਟਮ ਲਗਾਇਆ ਜਾ ਸਕਦਾ ਹੈ, ਜਿਸ ਦੀ ਆਵਾਜ਼ ਪ੍ਰਕਾਸ਼-ਹਾਲ ਦੇ ਅੰਦਰ ਹੀ ਰਹੇ। ਪਰ ਬਹੁਤ ਸਾਰੇ ਗੁਰਦਵਾਰਿਆਂ ਦੀਆਂ ਛੱਤਾਂ/ਦੀਵਾਰਾਂ `ਤੇ ਲੋੜ ਤੋਂ ਵੱਧ ਲਾਊਡ ਸਪੀਕਰ ਲਗਵਾ ਕੇ ਉੱਚੀ ਆਵਾਜ਼ ਵਿੱਚ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਜਾਂ ਢਾਡੀ ਵਾਰਾਂ ਸੁਣਾਈਆਂ ਜਾਂਦੀਆਂ ਹਨ। ਅਜਿਹਾ ਨਜ਼ਾਰਾ ਗੁਰਪੁਰਬਾਂ ਦੇ ਦਿਨਾਂ ਵਿੱਚ ਤਾਂ ਆਮ ਹੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਨਾਲ ਆਵਾਜ਼-ਪ੍ਰਦੂਸ਼ਨ ਫੈਲਦਾ ਹੈ ਜਿਸ ਨਾਲ ਜਿੱਥੇ ਵਿਦਿਆਰਥੀਆਂ, ਬੀਮਾਰਾਂ, ਬਜ਼ੁਰਗਾਂ, ਦਿਮਾਗ਼ੀ ਕੰਮ ਕਰਨ ਵਾਲਿਆਂ ਅਤੇ ਇਕਾਂਤ ਵਿੱਚ ਸ਼ਾਂਤੀ ਨਾਲ ਗੁਰਬਾਣੀ ਵਿਚਾਰਨ/ਪੜ੍ਹਨ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਥੇ ਗੁਰਦਵਾਰਿਆਂ ਦੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਵੀ ਬੇ-ਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇੱਕ ਵਿਗਿਆਨਕ ਸੱਚਾਈ ਹੈ ਕਿ ਇੱਕ ਖ਼ਾਸ ਸੀਮਾ ਤੋਂ ਵਧੇਰੇ ਆਵਾਜ਼-ਪ੍ਰਦੂਸ਼ਨ ਹਰ ਪ੍ਰਕਾਰ ਦੇ ਜੀਵਨ ਲਈ ਖ਼ਤਰਨਾਕ ਹੁੰਦਾ ਹੈ। ਕੀ ਗੁਰਦਵਾਰੇ ਸਮਾਜ ਦੇ ਭਲੇ ਲਈ ਹੋਂਦ ਵਿੱਚ ਆਏ ਹਨ ਕਿ ਸਮਾਜ ਵਿੱਚ ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰਨ ਲਈ? ਏਥੇ ਹੀ ਬੱਸ ਨਹੀਂ, ਕਈ ਪਿੰਡਾਂ/ਕਸਬਿਆਂ ਵਿੱਚ ਇੱਕ ਤੋਂ ਵਧੇਰੇ ਧਾਰਮਕਿ ਅਸਥਾਨ ਹਨ ਅਤੇ ਇਹ ਸਾਰੇ ਸ਼ੋਰ ਪੈਦਾ ਕਰਨ ਵਿੱਚ ਇੱਕ-ਦੂਜੇ ਤੋਂ ਬਾਜੀ ਮਾਰਨਾ ਚਾਹੁੰਦੇ ਹਨ। ਇੱਕੋ ਹੀ ਸਮੇਂ `ਤੇ, ਕਿਸੇ ਧਰਮ ਅਸਥਾਨ ਵਿੱਚੋਂ ਕੁੱਝ ਪੜ੍ਹਿਆ/ਗਾਇਆ ਜਾ ਰਿਹਾ ਹੁੰਦਾ ਅਤੇ ਕਿਸੇ ਵਿੱਚੋਂ ਹੋਰ ਕੁੱਝ, ਜਿਸ ਦੇ ਨਤੀਜੇ ਵਜੋਂ, ਇਸ ਕਾਵਾਂ-ਰੌਲੀ ਵਿੱਚ, ਕੁੱਝ ਵੀ ਸਮਝ ਗੋਚਰਾ ਨਹੀਂ ਹੋ ਰਿਹਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਆਲਮਗ਼ੀਰੀ ਫ਼ਲਸਫ਼ਾ ਇਸ ਦਸ਼ਾ ਬਾਰੇ ਇੰਜ ਇਲਾਹੀ ਸੇਧ ਦੀ ਬਖ਼ਸ਼ਿਸ਼ ਕਰਦਾ ਹੈ:

ਕਬੀਰ, ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ।। ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ।। (ਕਬੀਰ ਜੀ, ੧੩੭੪)

ਭਾਵ: ਹੇ ਕਬੀਰ! (ਆਖ) ਹੇ ਮੁੱਲਾਂ! ਮਸਜਦ ਦੇ ਮੁਨਾਰੇ ਉੱਤੇ ਚੜ੍ਹ ਕੇ ਉੱਚੀ ਆਵਾਜ਼ ਦੇਣ ਦਾ ਤੈਨੂੰ ਆਪ ਤਾਂ ਕੋਈ ਲਾਭ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ (ਤੇਰੇ ਅੰਦਰ ਹੀ) ਵਸਦਾ ਹੈ। ਜੇ ਤੇਰੇ ਆਪਣੇ ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਵੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।

ਨੋਟ: ਇਥੇ ਉਦਾਹਰਨ ਭਾਵੇਂ ਇੱਕ ਮੁੱਲਾਂ ਦੀ ਲਈ ਗਈ ਹੈ, ਪਰ ਗੁਰਬਾਣੀ ਦਾ ਸੁਨੇਹਾ ਸਾਰੀ ਮਨੁੱਖਤਾ ਲਈ ਸਾਂਝਾ ਹੈ, ਦੂਸਰੇ ਮਜ਼੍ਹਬਾਂ ਦੇ ਧਾਰਮਿਕ ਆਗੂਆਂ ਦੀਆਂ ਇਸ ਤਰ੍ਹਾਂ ਸ਼ੋਰ-ਪ੍ਰਦੂਸ਼ਨ ਫੈਲਾਉਣ ਵਾਲੀਆਂ ਸਾਰੀਆਂ ਕਾਰਵਾਈਆਂ ਵੀ ਇਸ ਵਿੱਚ ਸ਼ਾਮਿਲ ਹਨ।

12- ਧਰਮ ਦੇ ਨਾਂ `ਤੇ ਸ਼ੋਰ-ਸ਼ਰਾਬੇ ਵਾਲੇ ਜਗਰਾਤੇ, ਨਗਰ-ਕੀਰਤਨ, ‘ਅਲੌਕਿਕ ਕੀਰਤਨ ਦਰਬਾਰ`/ ਢਾਡੀ ਦਰਬਾਰ

ਸਮਾਜ ਵਿੱਚ ਸੁੱਚੀਆਂ ਭਾਈਚਾਰਕ ਸਾਂਝਾਂ ਪੈਦਾ ਕਰਨ ਲਈ, ਜੋਗ ਢੰਗ ਨਾਲ, ਸਮੇਂ-ਸਮੇਂ ਸਿਰ, ਇਕੱਠ ਕਰਨੇ ਸ਼ਲਾਘਾਯੋਗ ਹਨ, ਪਰ ਧਰਮ ਦੇ ਨਾਂਅ `ਤੇ ਸੜਕਾਂ `ਤੇ (ਜਾਂ ਘਰਾਂ `ਚ ਵੀ) ਸ਼ੋਰ-ਸ਼ਰਾਬੇ ਵਾਲੇ ਪ੍ਰੋਗਰਾਮ ਕਰਨੇ ਕਿਸੇ ਵੀ ਪੱਖ ਤੋਂ ਮੁਨਾਸਿਬ ਨਹੀਂ ਕਹੇ ਜਾ ਸਕਦੇ, ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਆਮ ਆਵਾਜਾਈ ਵਿੱਚ ਬੇ-ਲੋੜੀਆਂ ਰੁਕਾਵਟਾਂ ਪੈਦਾ ਹੁੰਦੀਆਂ ਹਨ, ਉੱਥੇ ਆਵਾਜ਼-ਪ੍ਰਦੂਸ਼ਨ ਵੀ ਸੁਰੱਖਿਅਤ ਸੀਮਾਂ ਤੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ। ਜਿਸ ਮਹੱਲੇ ਵਿੱਚ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਹਨ (ਖ਼ਾਸ ਕਰ ਕੇ ਜਗਰਾਤੇ) ਉਥੋਂ ਦੇ ਵਾਸੀਆਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ - ਇਹ, ਸਾਫ਼ ਸ਼ਬਦਾਂ ਵਿੱਚ, ਧਰਮ ਦੇ ਨਾਂਅ `ਤੇ ਅਤੰਕਵਾਦੀ ਕਾਰਵਾਈਆਂ ਹੀ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ `ਤੇ ਕੀਤੇ ਜਾਣ ਵਾਲੇ ਖਰਚੇ, ਸੰਗਤਿ ਵੱਲੋਂ ਧਾਰਮਿਕ ਸ਼ਰਧਾ ਨਾਲ ਦਿੱਤੇ ਗਏ ਧਨ ਅਤੇ ਪਦਾਰਥਾਂ ਦੀ ਨਿੰਦਣਯੋਗ ਦੁਰਵਰਤੋਂ।

13- ਸੰਗਰਾਂਦ, ਪੂਰਨਮਾਸ਼ੀ, ਮੱਸਿਆ ਆਦਿ ਥਿੱਤਾਂ ਵਾਰਾਂ ਨੁੰ ਪਵਿੱਤ੍ਰ ਦਿਹਾੜਿਆਂ ਵਜੋਂ ਮਾਨਤਾ?

ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਕੋਈ ਵੀ ਥਿੱਤ ਜਾ ਵਾਰ (ਦਿਨ) ਜਾਂ ਮਹੂਰਤ (ਸਮਾਂ) ਆਪਣੇ ਆਪ ਵਿੱਚ ਪਵਿੱਤ੍ਰ ਨਹੀਂ ਹੈ। ਉਹੀ ਸਮਾਂ ਪਵਿੱਤ੍ਰ ਅਤੇ ਸ਼ੁਭ ਹੈ ਜਿਸ ਵਕਤ ਪ੍ਰਭੂ-ਪਿਤਾ ਦੀ ਯਾਦ ਮਨੁੱਖ ਦੇ ਮਨ/ਹਿਰਦੇ ਵਿੱਚ ਆ ਵੱਸੇ:

ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ, ਸਫਲੁ ਹੈ, ਮੇਰੀ ਜਿੰਦੁੜੀਏ, ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।। (ਮ. ੪, ੫੪੦)

ਭਾਵ: ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾਂ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤਿ ਵਿੱਚ ਆ ਵਸਦਾ ਹੈ (ਉਸਦੀ ਯਾਦ ਚਿੱਤ ਵਿੱਚ ਆ ਵਸਦੀ ਹੈ)।

ਗੁਰਦਵਾਰਾ ਸੰਸਥਾ ਦੇ ਗੁਰਮਤਿ-ਵਿਹੂਣੇ, ਬੇਸਮੱਝ, ਪ੍ਰਬੰਧਕ, ਗੁਰੂ ਗ੍ਰੰਥ ਸਾਹਿਬ ਦੇ ਅਦੁੱਤੀ ਫ਼ਲਸਫ਼ੇ ਤੋਂ ਸੇਧ ਲੈਣ ਦੀ ਬਜਾਏ ਬ੍ਰਾਹਮਣਵਾਦੀਆਂ ਵੱਲੋਂ ਸੰਨ ੧੭੧੬ ਅਤੇ ੧੯੨੨ ਵਿਚਕਾਰ, ਗੁਰਦਵਾਰਿਆਂ ਅੰਦਰ ਪ੍ਰਚਲਤ ਕੀਤੀਆਂ ਗੁਰਮਤਿ-ਵਿਰੋਧੀ (ਬ੍ਰਾਹਮਣਵਾਦੀ) ਕਾਰਵਾਈਆਂ ਨੂੰ ਹੀ ‘ਗੁਰਮਤਿ` ਸਮਝ ਕੇ, ਅੰਨ੍ਹੇਵਾਹ ਕਰੀ ਜਾ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਨੂੰ ਗੋਲਕਾਂ ਭਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਅਤੇ ਉਸ ਤੋਂ ਪਿੱਛੋਂ ਗੋਲਕਾਂ ਦੀ ਮਾਇਆ ਦੀ ਦੁਰ-ਵਰਤੋਂ ਕਰਨ ਦਾ ਵੀ।। ਸਤਿਗੁਰਾਂ ਦਾ ਫੁਰਮਾਣੁ ਹੈ:

ਸਤਿਗੁਰ ਬਾਝਹੁ ਅੰਧੁ ਗੁਬਾਰੁ।। ਥਿਤੀ ਵਾਰ ਸੇਵਹਿ ਮੁਗਧ ਗਵਾਰ।। (ਮ. ੩, ੮੪੨-੮੪੩)

ਭਾਵ: ਪਰਮੇਸ਼ਰ ਦੀ ਸ਼ਰਣਿ ਆਉਣ ਤੋਂ ਬਿਨਾਂ, ਮਨੁੱਖ (ਆਤਮਕ ਜੀਵਨ ਵੱਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਪ੍ਰਭੂ-ਪਿਤਾ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ-ਵਾਰਾਂ ਮਨਾਉਂਦੇ ਫਿਰਦੇ ਹਨ।

ਇਸ ਪੱਖ ਤੋਂ ਸਿੱਖ ਕੌਮ ਨੂੰ ਗੁਮਰਾਹ ਕਰ ਕੇ ਬ੍ਰਾਹਮਣਵਾਦ ਵਾਲੇ ਪਾਸੇ ਜੋੜਨ ਲਈ, ਨਕਲੀ ਸੰਤ-ਬਾਬਿਆਂ (ਸ਼ੁਤਰਮੁਰਗ਼) ਅਤੇ ਡੇਰੇਦਾਰਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ ਕਿਉਂਕਿ ਥਿੱਤਾਂ-ਵਾਰਾਂ ਦੀ ਪਵਿੱਤ੍ਰਤਾ ਦੇ ਬਹਾਨੇ, ਇਹ ਅਪਣੇ ਅਸਥਾਨਾਂ `ਤੇ, ਇਨ੍ਹਾਂ ‘ਸ਼ੁੱਭ ਦਿਹਾੜਿਆਂ` (?) ਦੇ ਦਿਨ ਸੰਗਿਤ ਦਾ ਵੱਧ ਤੋਂ ਵੱਧ ਇਕੱਠ ਕਰ ਕੇ ਸੰਗਤਿ ਦੀ ਮਾਇਆ ਅਤੇ ਰਸਦਾਂ-ਵਸਤਾਂ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਨਾਲ–ਨਾਲ ਹੀ ਆਪਣੇ ‘ਪਰਬਚਨਾਂ` (?) ਦੁਆਰਾ ਸੰਗਤਿ ਦਾ ਮੱਤ-ਪਰਿਵਰਤਨ (Brain Wash) ਕਰ ਕੇ ਅੰਧ੍ਹ-ਵਿਸ਼ਵਾਸ਼ ਦੇ ਟੀਕੇ ਵੀ ਲਾਉਂਦੇ ਰਹਿੰਦੇ ਹਨ ਕਿਉਂਕਿ ਅੰਧ-ਵਿਸ਼ਵਾਸ਼ੀ ਇਕੱਠ ਹੀ ਇਨ੍ਹਾਂ ਵਿਹਲੜਾਂ ਦੀ ਰੋਜ਼ੀ-ਰੋਟੀ ਅਤੇ ਐਸ਼-ਪ੍ਰਸਤੀ ਦਾ ਵਸੀਲਾ ਬਣ ਸਕਦਾ ਹੈ। ਜੇਕਰ ਸੰਗਤਿ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਸਹੀ ਸਮਝ ਆ ਗਈ ਤਾਂ ਇਹ ਵਿਚਾਰੇ ਨਕਲੀ ਸਾਧ ਤਾਂ ਭੁੱਖੇ ਮਰ ਜਾਣਗੇ।

14- ਗੁਰਦਵਾਰਿਆਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਮਲਕ ਭਾਗੋ ਦੇ ਲੰਗਰਾਂ `ਤੇ ਹੀ ਪੂਰਾ ਜ਼ੋਰ!

ਕਿਸੇ ਵੀ ਗੁਰਦਵਾਰਾ ਸੰਸਥਾ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਯੋਗ ਪ੍ਰਕਾਸ਼ ਅਸਥਾਨ ਅਤੇ ਨਿਵਾਸ-ਅਸਥਾਨ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ, ਸੰਗਤਿ ਦੇ ਬੈਠਣ ਲਈ, ਲੰਗਰ ਤਿਆਰ ਕਰਨ ਅਤੇ ਵਰਤਾਉਣ ਲਈ, ਆਏ ਮੁਸਾਫ਼ਰਾਂ ਦੀ ਰਿਹਾਇਸ਼ ਲਈ ਵੀ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਪਰ ਸਭ ਤੋਂ ਜ਼ਰੂਰੀ ਪੱਖ ਹੈ ਇਸ ਸੰਸਥਾ ਦੁਆਰਾ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦਾ ਅਧੁਨਿਕ ਪ੍ਰਚਾਰ ਸਾਧਨਾਂ ਦੀ ਸੁਚੱਜੀ ਵਰਤੋਂ ਕਰ ਕੇ, ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤੇ ਲਾਸਾਨੀ (ਗੁਰਮਤਿ) ਇਨਕਲਾਬ ਦਾ ਵਿਕਾਸ ਕਰ ਕੇ ਸਾਰੇ ਸੰਸਾਰ ਅੰਦਰ ਹਲੇਮੀ-ਰਾਜ ਦੀ ਸਥਾਪਨਾ ਲਈ ਉਪਰਾਲੇ ਕਰਨੇ। ਪਰ ਬਦਕਿਸਮਤੀ ਨਾਲ, ਇਸ ਸਭ ਤੋਂ ਜ਼ਰੂਰੀ ਪੱਖ ਨੂੰ ਮੁਕੰਮਲ ਤੌਰ `ਤੇ ਨਜ਼ਰ-ਅੰਦਾਜ਼ ਕਰ ਕੇ, ਕੌਮ ਦਾ ਪੂਰਾ ਜ਼ੋਰ ਗੁਰਦਵਾਰੇ ਦੀ ਇਮਾਰਤ ਦੀ ਮਹਿੰਗੀ-ਤੋਂ–ਮਹਿੰਗੀ ਉਸਾਰੀ ਅਤੇ ਮਹਿੰਗੇ ਤੋਂ ਮਹਿੰਗੇ ਮਲਕ ਭਾਗੋ ਦੇ ਲੰਗਰ ਤਿਆਰ ਕਰਨ ਤੇ ਹੀ ਲੱਗ ਰਿਹਾ ਹੈ। ਇਸ ਦਾ ਕਾਰਨ ਹੈ ਕੌਮ ਅੰਦਰ ਗੁਰਮਤਿ ਫ਼ਲਸਫ਼ੇ ਦੀ ਸੋਝੀ ਦੀ ਘਾਟ।

15- ਗੁਰਦਵਾਰਿਆਂ ਅੰਦਰ ‘ਠੇਕੇ ਦੇ ਪਾਠਾਂ` ਦੀ ਲੜੀ-ਗੁਰਬਾਣੀ ਦਾ ਵਾਪਾਰੀਕਰਨ!

ਗੁਰਦਵਾਰਿਆਂ ਅੰਦਰ ਪ੍ਰਬੰਧਕਾਂ ਵੱਲੋਂ ਮੁਕੱਰਰ ਕੀਤੇ ਰੇਟਾਂ `ਤੇ, ਠੇਕੇ ਦੇ ਪਾਠ ਬੁੱਕ ਕੀਤੇ ਜਾਂਦੇ ਹਨ। ਪਾਠ ਕਰਵਾਉਂਣ ਵਾਲੇ ਤੋਂ, (ਪਾਠ ਕਰ ਕੇ) ਮੁਕੱਰਰ ਕੀਤੀ ਰਕਮ ਲੈ ਲਈ ਜਾਂਦੀ ਹੈ, ਪਾਠੀਆਂ ਨੂੰ ਮੁਕੱਰਰ ਕੀਤੀ ਦਲਾਲੀ ਅਤੇ ‘ਪਾਠ-ਸੇਵਾ` (ਰਕਮ) ਦੇ ਦਿੱਤੀ ਜਾਂਦੀ ਹੈ ਅਤੇ ਪਾਠ ਦਾ ਫ਼ਲ ਪਾਠ ਕਰਵਾਉਂਣ ਵਾਲੇ ਦੇ ਨਾਂਅ ਟਰਾਂਸਫ਼ਰ ਕਰਨ ਲਈ ਸਤਿਗੁਰਾਂ ਅੱਗੇ ਅਰਦਾਸਿ ਕਰ ਦਿੱਤੀ ਜਾਂਦੀ ਹੈ। ਇਹ ਸਾਰੀ ਦੀ ਸਾਰੀ ਕਾਰਵਾਈ, ਗੁਰਮਤਿ-ਸਿਧਾਂਤ` ਦੀ ਉਲੰਘਣਾ ਕਰਨ ਵਾਲੀ ‘ਪਖੰਡ-ਕਿਰਿਆ` ਤੋਂ ਵੱਧ ਕੁੱਝ ਵੀ ਨਹੀਂ। ਇਹ ਕਰਮ-ਕਾਂਡੀ ਕਾਰਵਾਈ ਨਿਰੰਕਾਰ ਦੇ ਸ਼ਬਦ-ਸਰੂਪ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਹੈ। ਗੁਰਬਾਣੀ ਨੂੰ ਵਾਪਾਰ ਬਣਾਇਆ ਜਾ ਰਿਹਾ ਹੈ। ਗੁਰਬਾਣੀ ਠੇਕੇ ਦੇ ਪਾਠ ਕਰਨ ਲਈ ਨਹੀਂ ਪ੍ਰਗਟ ਹੋਈ। ਇਹ ਸਤਿਗੁਰਾਂ ਰਾਹੀਂ, ਪ੍ਰਭੂ-ਪ੍ਰੇਰਨਾ ਦੁਆਰਾ ਪ੍ਰਗਟ ਹੋਈ, ਕਲਿਆਣਕਾਰੀ ਗੁਰਮਤਿ ਜੀਵਨ-ਜਾਚ ਹੈ।

ਹੋਰ ਤਾਂ ਹੋਰ, ਗੁਰਮਤਿ-ਵਿਹੂਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਇਹ ਕਾਰਵਾਈ ਕਰ ਰਹੀ ਹੈ ਅਤੇ ਕਈ-ਕਈ ਸਾਲਾਂ ਲਈ ਅਖੰਡ ਪਾਠ ਅਡਵਾਂਸ ਵਿੱਚ ਹੀ ਬੁੱਕ ਕਰੀ ਜਾ ਰਹੀ ਹੈ। ਕਾਬੇ `ਚੋਂ ਹੀ ਕੁਫ਼ਰ ਉੱਠਣ ਵਾਲੀ ਗੱਲ ਬਣੀ ਪਈ ਹੈ। ਸਦ ਅਫ਼ਸੋਸ!

16- ਗੁਰਦਵਾਰਿਆਂ ਅੰਦਰ ਰੋਜ਼ਾਨਾ (ਦੋ-ਵੇਲੇ) ਸਤਿਗੁਰਾਂ ਦੀ ਤੌਹੀਨ!

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ਇੱਕ ਰਚਨਾ ‘ਵਾਰ ਦੁਰਗਾ` ਦੇ ਸਿਰਲੇਖ ਹੇਠ, ਜਿਸ ਨੂੰ ‘ਵਾਰ ਸ੍ਰੀ ਭਗਉਤੀ ਜੀ ਕੀ` ਵੀ ਕਿਹਾ ਜਾਂਦਾ ਹੈ, (ਇਸ ਅਸ਼ਲੀਲਤਾ ਨਾਲ ਭਰਪੂਰ, ਸ਼ਾਕਤੀ ਕਿਤਾਬ ਦੇ ਪੰਨਾ ਨੰਬਰ ੧੧੯ ਤੋਂ ਪੰਨਾ ਨੰਬਰ ੧੨੭ ਤੱਕ) ਦਰਜ਼ ਹੈ। ਇਸ ਰਚਨਾ ਵਿੱਚੋਂ ਇਸ ਦੀ ਪਹਿਲੀ ਪਉੜੀ ਨੂੰ ਚੁੱਕ ਕੇ, ‘ਸਿੱਖ ਰਹਿਤ ਮਰਿਯਾਦਾ` ਵਿੱਚ ਦਰਜ਼ ਅਰਦਾਸ ਦੇ ਅਰੰਭ ਵਿੱਚ ਜੜ ਦਿੱਤਾ ਗਿਆ ਹੈ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਦਸਮੇਸ਼ ਪਿਤਾ ਜੀ ਦੀ ਰਚਨਾ ਹੈ। ਪਰ ਇਸ ਵਾਰ ਦਾ ਲਿਖਾਰੀ ਖ਼ੁਦ ਹੀ ਇਸ ਵਾਰ ਦੀ ਆਖ਼ਰੀ ਪਉੜੀ (ਪਉੜੀ ਨੰਬਰ ੫੫) ਵਿੱਚ ਇੰਝ ਬਿਆਨ ਕਰ ਰਿਹਾ ਹੈ:

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। (ਵਾਰ ਦੁਰਗਾ, ਪਉੜੀ 55, ਸਫ਼ਾ 127)

ਭਾਵ: ਇਸ (ਵਾਰ ਦੁਰਗਾ) ਦਾ ਸਾਰਾ ਪਾਠ ਦੁਰਗਾ ਦੇਵੀ ਦੇ ਸਬੰਧ ਵਿੱਚ ਹੀ ਹੈ ਅਤੇ ਜਿਹੜਾ ਮਨੁੱਖ ਇਸ ਦਾ ਪਾਠ ਕਰੇਗਾ (ਗਾਵੇਗਾ) ਉਸ ਦਾ ਜਨਮ-ਮਰਨ ਦਾ ਗੇੜ ਮੁੱਕ ਜਾਵੇਗਾ।

ਸੁਆਲ ਪੈਦਾ ਹੋ ਸਕਦਾ ਹੈ ਕਿ ਜੇਕਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਤਾਂ ਕੀ ਦਸਮੇਸ਼ ਪਿਤਾ ਜੀ ਆਪਣੇ ਸਿੱਖਾਂ ਨੂੰ ਦੁਰਗਾ ਦਾ ਪਾਠ ਕਰ ਕੇ, ਮੁਕਤੀ ਹਾਸਿਲ ਕਰਨ ਦਾ ਉਪਦੇਸ਼ ਦੇ ਸਕਦੇ ਹਨ? ਗੁਰੂ ਗ੍ਰੰਥ ਸਾਹਿਬ ਤਾਂ, ਦੁਰਗਾ ਬਾਰੇ ਇੰਝ ਫ਼ੁਰਮਾ ਰਹੇ ਹਨ:

ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਨਾਮਦੇਵ ਜੀ, ੮੭੪)

ਭਾਵ: ਹੇ ਭਵਾਨੀ! (ਹੇ ਦੁਰਗਾ ਮਾਤਾ ਜੀ!) ਤੂੰ ਸਭ ਦਾ ਮੁੱਢ ਅਖ਼ਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਪਤਾ ਨਹੀਂ ਕਿੱਥੇ ਲੁਕੀ ਰਹਿੰਦੀ ਹੈਂ? (ਭਾਵ, ਮੁਕਤੀ ਭਵਾਨੀ ਪਾਸ ਨਹੀਂ ਹੈ)। ਇੱਥੇ ਆ ਕੇ ਹੁਣ ਬੜੀ ਅਜੀਬ ਜਿਹੀ ਕਿਸਮ ਦੀ ਦੁਬਿਧਾ ਖੜ੍ਹੀ ਹੋ ਜਾਂਦੀ ਹੈ – ਗੁਰੂ ਗ੍ਰੰਥ ਸਾਹਿਬ ਦੇਵੀ-ਦੇਵਤਿਆਂ ਦੀ ਪੂਜਾ ਕਰਨ ਤੋਂ ਵਰਜ਼ ਰਹੇ ਹਨ ਅਤੇ ਬਚਿੱਤ੍ਰ ਨਾਟਕ ਦੀ ਇਹ ਰਚਨਾ (ਦੁਰਗਾ ਦੇਵੀ ਦੇ ਸਬੰਧ ਵਿੱਚ ਲਿਖੀ) ‘ਵਾਰ ਦੁਰਗਾ` ਦਾ ਪਾਠ ਕਰ ਕੇ ਮੁਕਤੀ ਪ੍ਰਾਪਤ ਕਰਨ ਲਈ ਕਹਿ ਰਹੀ ਹੈ। ਕੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਦਾ ਉਪਦੇਸ਼ ਦੇਣ ਵਾਲੀ ਅਜਿਹੀ ਰਚਨਾ ਦੇ ਲਿਖਣ ਵਾਲੇ ਗੁਰੁ ਗੋਬਿੰਦ ਸਿੰਘ ਜੀ ਹੋ ਸਕਦੇ ਹਨ? ਇਥੇ ਹੀ ਬੱਸ ਨਹੀਂ। ਸਿੱਖ ਅਰਦਾਸ ਦੇ ਅਰੰਭ ਵਿੱਚ ਦਰਜ਼ ਕੀਤੀ ਇਸ ਪਉੜੀ ਦੀ ਬਣਤਰ ਵੀ ਵਿਚਾਰਨ ਯੋਗ ਹੈ:

"ੴ ਵਾਹਿਗੁਰੂ ਜੀ ਕੀ ਫ਼ਤਹਿ। ਸ੍ਰੀ ਭਗਉਤੀ ਜੀ ਸਹਾਇ।। ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ੧੦।।
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ।।…………………… ਸੱਭ ਥਾਈਂ ਹੋਇ ਸਹਾਇ।।
"

ਇਸ ਪਉੜੀ ਵਿੱਚ ਆਏ ਸ਼ਬਦ ‘ਭਗਉਤੀ` ਦੇ ਅਰਥ, ਮਜ਼ਬੂਰੀ–ਵੱਸ, ਕਈ ਵਿਦਵਾਨ ‘ਪਰਮਾਤਮਾ ਕਰ ਰਹੇ ਹਨ। ਪਰ ਜਿਵੇਂ ਉੱਪਰ ਵਿਚਾਰ ਕੀਤੀ ਜਾ ਚੁੱਕੀ ਹੈ, ਇਸ ਪਉੜੀ ਦਾ ਲਿਖਾਰੀ ਕਹਿ ਰਿਹਾ ਹੈ ਕਿ ‘ਭਗਉਤੀ` ਸ਼ਬਦ ਦੁਰਗਾ ਦੇਵੀ ਵਾਸਤੇ ਵਰਤਿਆ ਗਿਆ ਹੈ। ਤਾਂ ਫ਼ਿਰ ਕੀ ਸਿੱਖ, ਗੁਰੂ ਨਾਨਕ ਸਾਹਿਬ ਨੂੰ ਧਿਆਉਣ ਤੋਂ ਪਹਿਲਾਂ, ਭਗਉਤੀ (ਦੁਰਗਾ) ਦਾ ਸਿਮਰਨ ਕਰਿਆ ਕਰਨ?

17- ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਚਾਰ `ਤੇ ਪ੍ਰਬੰਧਕਾਂ ਵੱਲੋਂ ਪਾਬੰਦੀਆਂ

ਕੁੱਝ ਕੁ ਗੁਰਦਵਾਰਾ ਸੰਸਥਾਵਾਂ ਦੇ ਗੁਰਮਤਿ-ਵਿਹੂਣੇ ਪ੍ਰਬੰਧਕ, ਗੁਰਦਵਾਰਿਆਂ ਅੰਦਰ ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਵਾਲਿਆਂ `ਤੇ, ਫ਼ਜ਼ੂਲ ਜਿਹੇ ਬਹਾਨੇ ਬਣਾ ਕੇ, ਪਾਬੰਦੀਆਂ ਲਾ ਦੇਂਦੇ ਹਨ, ਜਿਵੇਂ ਕਿ:

(ੳ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ਕਿਸੇ ਵਿਵਾਦਮਈ ਵਿਸ਼ੇ ਬਾਰੇ ਗੱਲ ਨਹੀਂ ਕਰਨੀ।

ਟਿੱਪਣੀ: ਜੇ ਕਿਸੇ ਵਿਵਾਦਮਈ ਵਿਸ਼ੇ `ਤੇ ਵਿਚਾਰ ਹੀ ਨਹੀਂ ਹੋਵੇਗੀ ਤਾਂ ਵਿਵਾਦਾਂ ਦਾ, ਗੁਰਮਤਿ ਫ਼ਲਸਫ਼ੇ ਦੀ ਰੋਸ਼ਨੀ ਅਨੁਸਾਰ, ਹੱਲ ਕਿਵੇਂ ਕੱਢਿਆ ਜਾ ਸਕੇਗਾ?

(ਅ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ‘ਡੇਰੇਦਾਰਾਂ/ਸੰਤ-ਬਾਬਿਆਂ` ਅਤੇ ਧਾਰਮਿਕ ਆਗੂਆਂ ਦੇ (ਗੁਰਮਤਿ-ਵਿਰੋਧੀ) ਕਿਰਦਾਰ ਬਾਰੇ ਕੋਈ ਗੱਲ ਨਹੀਂ ਕਰਨੀ!

ਟਿੱਪਣੀ: ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸੱਚ `ਤੇ ਡਟ ਕੇ ਪਹਿਰਾ ਦੇਣ ਦੀ ਤਾਕੀਦ ਕਰਦਾ ਹੈ ਅਤੇ ਸੱਚੀ ਗੱਲ ਕਹਿਣ ਲੱਗਿਆਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਧਰਮ ਦਾ ਲਿਬਾਸ ਪਹਿਨ ਕੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਪਖੰਡੀਆਂ ਦਾ ਨਿਝੱਕ ਅਤੇ ਨਿਡੱਰ ਹੋ ਕੇ ਇੰਝ ਪਰਦਾ ਫ਼ਾਸ਼ ਕਰਦਾ ਹੈ।

ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆਂ ਘਾਇ।। ਜੋਗੀ ਜੁਗਤਿ ਨਾ ਜਾਣੈ ਅੰਧ।। ਤੀਨੇ, ਓਜਾੜੇ ਕਾ ਬੰਧੁ।। (ਮ. ੧, ੬੬੨)

(ੲ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ਸਿਆਸਤ ਦੇ ਵਿਸ਼ੇ `ਤੇ ਕੋਈ ਗੱਲ ਨਹੀਂ ਕਰਨੀ!

ਟਿੱਪਣੀ: ਗੁਰੂ ਨਾਨਕ ਸਾਹਿਬ ਨੇ ਤਾਂ ਜ਼ੁਲਮ ਕਰਕੇ ਪਰਜਾ ਦਾ ਖ਼ੂਨ ਪੀਣ ਵਾਲੇ ਹਾਕਮਾਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਅਹਿਲਕਾਰਾਂ ਦੀ ਤੁਲਨਾ ਖੂੰਖਾਰ ਜੰਗਲੀ ਜਾਨਵਰਾਂ ਅਤੇ ਕੁੱਤਿਆਂ-ਬਿੱਲਿਆਂ ਨਾਲ ਕੀਤੀ ਹੈ। ਕੀ ਇਸ ਤਰ੍ਹਾਂ, ਗੁਰੂ ਸਾਹਿਬ ਸਿਆਸਤ ਦੀ ਗੱਲ ਨਹੀਂ ਕਰ ਰਹੇ?

ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।। ਚਾਕਰ ਨਹਦਾ ਪਾਇਨਿ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।। (ਮ. ੧, ੧੨੮੮)

18- ਕੁੱਝ ਗੁਰਦਵਾਰਿਆਂ ਅੰਦਰ ਕਤਲ ਅਤੇ ਬਲਾਤਕਾਰ ਦੀਆਂ ਨਾ-ਬਖ਼ਸ਼ਣਯੋਗ ਅਪ੍ਰਾਧਕ ਕਾਰਵਾਈਆਂ

ਜਿਵੇਂ ਕਿ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ (ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ-ਜਾਮਿਆਂ) ਨੇ ਗੁਰਦਵਾਰਾ ਸੰਸਥਾ ਇਸ ਵਾਸਤੇ ਕਾਇਮ ਕੀਤੀ ਸੀ ਕਿ ਸਥਾਨਕ ਪੱਧਰ `ਤੇ ਇੱਕ ਜ਼ਾਤ-ਪਾਤ ਰਹਿਤ ਆਦਰਸ਼ਕ ਸਮਾਜ ਦੀ ਸਿਰਜਨਾ ਕੀਤੀ ਜਾਵੇ ਅਤੇ ਅਜਿਹੇ ਸਮਾਜ ਦੀ ਸਹਾਇਤਾ ਨਾਲ ਸਮੁੱਚੇ ਸੰਸਾਰ ਅੰਦਰ, ਸਹਿਜੇ-ਸਹਿਜੇ, ਹੱਕ ਸੱਚ ਅਤੇ ਕੁਦਰਤੀ ਇਨਸਾਫ਼ ਦਾ ਜ਼ਾਮਨ ਸਦੀਵਕਾਲੀ ਹਲੇਮੀ-ਰਾਜ ਸਥਾਪਤ ਕੀਤਾ ਜਾਵੇ। ਪਰ ਇਤਿਹਾਸਕ ਕਾਰਨਾਂ ਕਰ ਕੇ (ਜਿਨ੍ਹਾਂ ਦਾ ਸੰਖੇਪ ਜ਼ਿਕਰ ਇਸ ਪੁਸਤਕ ਵਿੱਚ ਕੀਤਾ ਜਾ ਚੁਕਾ ਹੈ), ਇਸ ਸੰਸਥਾ ਦਾ ਪ੍ਰਬੰਧਕੀ ਸਿਸਟਮ, ਹੌਲੀ-ਹੌਲੀ, ਗੁਰਮਤਿ ਗਾਡੀ-ਰਾਹ ਤੋਂ ਭਟਕਦਾ ਚਲਾ ਗਿਆ। ਅੱਜ ਹਾਲਾਤ ਇਤਨੇ ਦੁੱਖਦਾਈ ਅਤੇ ਚਿੰਤਾਜਨਕ ਬਣ ਚੁੱਕੇ ਹਨ ਕਿ ਸਿੱਖ ਕੌਮ ਦੀ ਇਸ ਬੁਨਿਆਦੀ ਪ੍ਰਚਾਰ ਸੰਸਥਾ `ਤੇ ਪਿਛਲੇ ਤਕਰੀਬਨ 60-70 ਸਾਲਾਂ ਤੋਂ ਹੇਠ ਦਿੱਤੀਆਂ ਸ਼੍ਰੇਣੀਆਂ ਦੇ ਲੋਕ, ਪ੍ਰਬੰਧਕਾਂ ਦੇ ਰੂਪ ਵਿੱਚ, ਕਾਬਜ਼ ਹੋਏ ਚਲੇ ਆ ਰਹੇ ਹਨ:

(ੳ) ਧਾਰਮਿਕ ਲਿਬਾਸ ਵਿੱਚ ਮਨੂੰਵਾਦੀ ਵਿਚਾਰਧਾਰਾ ਦੇ ਹਮਾਇਤੀ: ਇਸ ਸ਼੍ਰੇਣੀ ਵਿੱਚ ਅਖੌਤੀ ਸੰਤ-ਸਮਾਜੀਏ, ਨਿਰਮਲੇ, ਉਦਾਸੀ, ਗੁਰੂ-ਡੰਮੀਏ, ਡੇਰੇਦਾਰ, ਕਲੇਰਾਂਵਾਲੀਏ, ਗੋਬਿੰਦ ਸਦਨ ਵਾਲੇ, ਅਤੇ ਕੁੱਝ ਕੁ ਟਕਸਾਲੀਏ ਸ਼ਾਮਿਲ ਹਨ। ਆਮ ਤੌਰ `ਤੇ ਲੰਮੇ ਚਿੱਟੇ ਚੋਲੇ, ਗੋਲ ਦਸਤਾਰਾਂ ਅਤੇ ਨੰਗੀਆਂ ਲੱਤਾਂ ਇਨ੍ਹਾਂ ਦੀ ਪਛਾਣ ਦੇ ਚਿੰਨ੍ਹ ਹਨ।

(ਅ) ਸਧਾਰਨ ਸਿੱਖੀ ਸਰੂਪ ਵਿੱਚ ਅਨਮੱਤੀਏ – ਇਸ ਸ਼੍ਰੇਣੀ ਵਿੱਚ ਮਨੂੰਵਾਦੀਆਂ ਦੇ ਗ਼ੁਲਾਮਾਂ ਦੇ ਗ਼ੁਲਾਮ (ਕਾਲੀ ਦਲੀਏ), ਕਮਿਊਨਿਸਟ (ਮਾਰਕਸਵਾਦੀ), ਕੁੱਝਕੁ ਹੋਰ ਸਿਆਸੀ ਪਾਰਟੀਆਂ ਦੇ ਮੈਂਬਰ, ਅਤੇ ਜ਼ਾਤ-ਬਰਾਦਰੀਆਂ ਦੇ ਗੁਰਮਤਿ –ਵਿਰੋਧੀ ਜਾਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ( ‘ਜੱਟ-ਸਿੱਖ`, ‘ਖੱਤਰੀ ਸਿੱਖ`, ‘ਰਾਮਗੜ੍ਹੀਏ ਸਿੱਖ`, ਰਵਿਦਾਸੀਏ ਸਿੱਖ, ‘ਬਾਲਮੀਕੀ ਸਿੱਖ`, ‘ਮਜ਼੍ਹਬੀ ਸਿੱਖ`…… ਆਦਿ) ਸ਼ਾਮਿਲ ਕੀਤੇ ਜਾ ਸਕਦੇ ਹਨ।

(ੲ) ਘੋਨ-ਮੋਨੀਏ (ਕਲੀਨ ਸ਼ੇਵਨ) : ਇਸ ਸ਼੍ਰੇਣੀ ਵਿੱਚ ਸਿੱਖੀ ਤੋਂ ਪਤਿਤ ਹੋ ਚੁੱਕੇ, ਵਿਦੇਸ਼ਾਂ ਵਿੱਚ ਜਾ ਕੇ ਵੱਸੇ ਹੋਏ, ਸਿੱਖੀ ਨਾਵਾਂ (ਸਿੰਘ ਅਤੇ ਕੌਰ`) ਵਾਲੇ ਥੋੜੇ ਜਿਹੇ ਵਿਅਕਤੀ ਸ਼ਾਮਿਲ ਹਨ। ਕੁੱਝ ਕੁ ਗੁਰਦਵਾਰਿਆਂ ਅਤੇ ਡੇਰਿਆਂ ਦੀ ਹਦੂਦ ਅੰਦਰ, ਪਿੱਛਲੇ ਤਕਰੀਬਨ 60-70 ਸਾਲਾਂ ਤੋਂ, ਕਤਲ, ਬਲਾਤਕਾਰ ਅਤੇ ਮਾਰ-ਕੁਟਾਈ ਦੀਆਂ ਨਾ-ਬਖ਼ਸ਼ਣਯੋਗ ਗੁੰਡਾ-ਗਰਦੀ ਕਾਰਵਾਈਆਂ ਹੁੰਦੀਆਂ ਆ ਰਹੀਆਂ ਹਨ। ਇਹ ਕਾਰਵਾਈਆਂ, ਆਮ ਤੌਰ `ਤੇ ਉੱਪਰ ਵਰਣਨ ਕੀਤੀਆਂ (ੳ) ਅਤੇ (ੲ) ਸ਼ੇਣੀਆਂ ਵੱਲੋਂ ਹੀ ਕੀਤੀਆਂ ਜਾ ਰਹੀਆਂ ਹਨ, ਪਰ ਕੋਈ ਟਾਂਵੀਂ-ਟਾਵੀਂ ਅਪ੍ਰਾਧਕ ਘਟਨਾ ਮਨੂੰਵਾਦੀਆਂ ਦੀ ਸਾਜਿਸ਼ ਦੇ ਸ਼ਿਕਾਰ ਹੋ ਚੁੱਕੇ (ਅ) ਸ਼੍ਰੇਣੀ ਦੇ ਗੁਰਦਵਾਰਾ ਪ੍ਰਬੰਧਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ {ਮਿਸਾਲ ਦੇ ਤੌਰ `ਤੇ ਆਸਟਰੀਆ ਵਿੱਚ ਵੀਆਨਾ ਦੇ ਇੱਕ ਗੁਰਦਵਾਰੇ ਵਿੱਚ ਰਵਿਦਾਸੀਆਂ ਦੀ ਸੰਪ੍ਰਦਾ ਵੱਲੋਂ ਸੰਨ 2009 ਵਿੱਚ ਸਿੱਖਾਂ `ਤੇ ਕੀਤੇ ਕਾਤਲਾਨਾ ਹਮਲੇ ਦੀ ਘਟਨਾ ਅਤੇ ਰੌਚਿਸਟਰ (ਅਮਰੀਕਾ) ਦੇ ਗੁਰਦਵਾਰੇ `ਤੇ ਕਾਬਜ਼ ਹੋ ਚੁੱਕੇ ਘੋਨ-ਮੋਨੀਆਂ ਵੱਲੋਂ ਪਾਹੁਲ-ਧਾਰੀ ਸਿੱਖਾਂ ਦੇ ਗੁਰਦਵਾਰੇ ਅੰਦਰ ਦਾਖ਼ਲੇ `ਤੇ, ਕਾਨੂੰਨ ਦੀ ਦੁਰਵਰਤੋਂ ਰਾਹੀਂ ਲਗਾਈ ਗਈ ਰੋਕ}।

ਖ਼ੁਸ਼-ਕਿਸਮਤੀ ਨਾਲ, ਸਿੱਖ ਕੌਮ ਵਿੱਚ ਇੱਕ ਜਾਗਰੂਕ ਹੋ ਚੁੱਕੀ ਅਤੇ ਦਿਨੋ-ਦਿਨ ਜਾਗਰੂਕ ਹੋ ਰਹੀ ਸ਼੍ਰੇਣੀ ਵੀ ਹੈ। ਅਸਲ ਵਿੱਚ ਇਸ ਨੂੰ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ` ਕਿਹਾ ਜਾ ਸਕਦਾ ਹੈ। ਪਿਛਲੇ ਕੁੱਝ ਕੁ ਦਹਾਕਿਆਂ ਤੋਂ, ਮਨੁੱਖਤਾ ਦਾ ਇਹ ਅਹਿਮ ਹਿੱਸਾ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਲੋਅ ਅੰਦਰ, ਅਗਿਆਨਤਾ ਦੀ ਨੀਂਦ ਤੋਂ ਜਾਗ ਕੇ ਗੁਰੂ ਨਾਨਕ ਸਾਹਿਬ ਵੱਲੋਂ ਪੰਦਰ੍ਹਵੀਂ ਸਦੀ ਵਿੱਚ ਅਰੰਭ ਕੀਤੇ ਲਾਸਾਨੀ (ਗੁਰਮਤਿ) ਇਨਕਲਾਬ ਦੀਆਂ ਸਫ਼ਾਂ ਵਿੱਚ ਜੁੜਦਾ ਚਲਿਆ ਆ ਰਿਹਾ ਹੈ ਅਤੇ ਇਸ ਕਾਫ਼ਲੇ ਵਿੱਚ ਸੰਸਾਰ ਦੇ ਸਾਰੇ ਹੀ ਦੇਸ਼ਾਂ ਦੇ ਵਸਨੀਕ, ਬਿਨਾਂ ਕਿਸੇ ਭਿੰਨ-ਭੇਦ ਤੋਂ (ਨਸਲ, ਕੌਮ, ਦੇਸ਼, ਰੰਗ, ਲਿੰਗ ਅਤੇ ਜ਼ਾਤ-ਪਾਤ ਦੇ ਭੇਦ ਤੋਂ) ਸ਼ਾਮਿਲ ਹੁੰਦੇ ਜਾ ਰਹੇ ਹਨ। ਸੰਸਾਰ ਵਿੱਚ, ਹਲੇਮੀ-ਰਾਜ, ਮਨੁੱਖਤਾ ਦੇ ਇਸ ਵਰਗ ਨੇ ਹੀ ਸਥਾਪਤ ਕਰਨਾ ਹੈ, ਅਤੇ ਕਰਨਾ ਹੈ ਜੁੱਗੋ-ਜੁੱਗ ਅਟੱਲ, ਮਨੁੱਖਤਾ ਦੇ ਰਹਿਬਰ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਆਲਮਗ਼ੀਰੀ ਫ਼ਲਸਫ਼ੇ ਦੀ ਇਲਾਹੀ ਰੌਸ਼ਨੀ ਅਨੁਸਾਰ। ਦੁਨੀਆਂ ਦੀ ਕੋਈ ਵੀ ਮਾਨਵਵਾਦੀ ਲਹਿਰ ਇਸ ਪਰਉਪਕਾਰੀ ਇਨਕਲਾਬ ਦਾ ਵਿਰੋਧ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਤੇ ਤਿੰਨਾਂ ਹੀ ਜਹਾਨਾਂ ਦੀ ਕੋਈ ਵੀ ਮਾਨਵ-ਵਿਰੋਧੀ ਸ਼ੈਤਾਨੀ-ਸ਼ਕਤੀ ਇਸ ਇਲਾਹੀ ਇਨਕਲਾਬ ਦੇ ਵਿਕਾਸ ਨੂੰ ਬਹੁਤੀ ਦੇਰ ਤੱਕ ਰੋਕ ਨਹੀਂ ਸਕੇਗੀ, ਕਿਉਂਕਿ ਮਨੁੱਖਤਾ ਦੇ ਪਾਸ, ਮਨੁੱਖ ਦੇ ਕਲਿਆਣ ਲਈ, ਇਸ ਦੇ ਬਰਾਬਰ ਦਾ ਹੋਰ ਕੋਈ ਮਾਨਵ-ਵਾਦੀ ਫ਼ਲਸਫ਼ਾ ਹੈ ਹੀ ਨਹੀਂ। ਪਰ ਸਿੱਖ ਕੌਮ ਦੀ ਗੁਰਮਤਿ ਸਿਧਾਂਤਾਂ ਵੱਲੋਂ ਗ਼ਫ਼ਲਤ ਦੇ ਕਾਰਨ, ਸੰਸਾਰ ਵਿੱਚ ਇਸ ਸਰਬੱਤ ਦੇ ਭਲੇ ਦੇ ਜ਼ਾਮਨ ਫ਼ਲਸਫ਼ੇ ਦਾ ਆਧੁਨਿਕ ਮੀਡੀਆ ਦੀ ਸੁਚੱਜੀ ਵਰਤੋਂ ਕਰ ਕੇ, ਵਿਉਂਤ-ਬੰਦ ਢੰਗ ਨਾਲ ਜਥੇਬੰਦ ਹੋ ਕੇ ਪ੍ਰਚਾਰ ਹੀ ਨਹੀਂ ਕੀਤਾ ਜਾ ਸਕਿਆ। ਲੇਖਕ ਇਹ ਦਾਅਵਾ ਜਜ਼ਬਾਤੀ ਹੋ ਕੇ ਨਹੀਂ ਕਰ ਰਿਹਾ ਬਲਕਿ ਸ਼ਬਦ-ਗੁਰੂ ਦੇ ਇਸ ਫ਼ੁਰਮਾਣ ਦੇ ਆਧਾਰ `ਤੇ ਹੀ ਲਿਖ ਰਿਹਾ ਹੈ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। (ਮ. ੧, ੯੫੩)

ਨੋਟ: ਉੱਪਰ ਗਰਦਵਾਰਿਆਂ ਅੰਦਰ ਗੁਰਮਤਿ ਦੇ ਨਾਮ ਹੇਠ ਕੀਤੀਆਂ ਜਾ ਰਹੀਆਂ ਕੁੱਝ ਕੁ ਬ੍ਰਾਹਮਣਵਾਦੀ ਕਾਰਵਾਈਆਂ ਦਾ ਵੰਨਗੀ ਮਾਤਰ ਜ਼ਿਕਰ ਕੀਤਾ ਗਿਆ ਹੈ। ਜੇਕਰ ਨੀਝ ਲਾ ਕੇ ਵੇਖਿਆ ਜਾਵੇ ਤਾਂ ਹੋਰ ਵੀ ਅਜਿਹੀਆਂ ਕਰਮ-ਕਾਂਡੀ ਅਤੇ ਵਹਿਮਾਂ-ਭਰਮਾਂ ਨੂੰ ਮਾਨਤਾ ਦੇਣ ਵਾਲੀਆਂ ਕਾਰਵਾਈਆਂ ਸਿੱਖ ਦੇ ਜੀਵਨ ਦਾ ਹਿੱਸਾ ਬਣ ਚੁਕੀਆਂ ਹੋਈਆ ਨਜ਼ਰੀਂ ਪੈ ਜਾਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top