Share on Facebook

Main News Page

ਕਉਨ ਵਡਾ ਮਾਇਆ ਵਡਿਆਈ॥..??

ਗੁਆਂਢੀ ਮੇਰਾ ਗੱਲ ਸੁਣਾ ਰਿਹਾ ਸੀ ਕਿ ਇੱਕ ਦਿਨ ਉਹ ਤੇਲ ਪਵਾਉਂਣ ਲਗਾ ਤਾਂ ਨਾਲ ਵਾਲੇ ਪੰਪ ਤੇ ਇਕ ਪੰਜਾਬੀ ਭਾਈ ਸਮਾਰਟ ਕਾਰ ਭਰਾ ਰਿਹਾ ਸੀ, ਜਿਹੜੀ ਕਿ ਆਪਣੇ ਲੋਕਾਂ ਕੋਲੇ ਬਹੁਤ ਘੱਟ ਜਾਂ ਹੈ ਹੀ ਨਹੀਂ। ਆਪਣੇ ਭਾਈ ਕੋਲੇ ਇਹ ਕਾਰ ਦੇਖ ਗੁਆਂਢੀ ਦੀ ਉਤਸੁਕਤਾ ਵਧ ਗਈ ਤੇ ਉਸ ਨੇ ਜਾਣਕਾਰੀ ਲਈ ਪੁੱਛ ਲਿਆ ਕਿ ਇਸ ਦੀ ਐਵਰੇਜ ਕਿੰਨੀ ਕੁ ਹੋਵੇਗੀ ਤੇ ਕਿਵੇਂ ਚਲਦੀ ਹੈ।

ਉਹ ਕਹਿਣ ਲੱਗਾ ਕਿ ਤੂੰ ਇਸ ਦੀ ਐਵਰੇਜ ਨਾ ਪੁਛ ਤੂੰ ਪਹਿਲਾਂ ਇਹ ਪੁੱਛ ਮੈਂ ਇਹ ਲਈ ਕਿਉਂ ਹੈ?

ਚਲ ਭਰਾ ਪਹਿਲਾਂ ਇਹੀ ਦੱਸ ਦੇਹ। ਗੁਆਂਢੀ ਨੇ ਉਸ ਦੇ ਦੱਸਣ ਦਾ ਉਤਾਵਲਾਪਨ ਦੇਖ ਕਿਉਂ ਲਈ ਬਾਰੇ ਹੀ ਉਸ ਨੂੰ ਦੱਸਣ ਨੂੰ ਕਿਹਾ।

ਮੇਰੇ ਕੋਲੇ 6 ਬੈੱਡਰੂਮ ਦਾ ਘਰ ਸੀ ਦੋ ਮੇਰੇ ਨਿਆਣੇ ਤੇ ਘਰਵਾਲੀ ਹੈ। ਗੱਡੀ ਮੇਰੇ ਕੋਲੇ ਹੰਮਰ ਸੀ ਵੱਡਾ। ਯਾਨੀ ਸਭ ਵੱਡਾ ਹੀ ਵੱਡਾ ਪਰ ਟੱਬਰ ਇੰਨਾ ਛੋਟਾ ਹੋ ਗਿਆ ਕਿ ਇੱਕ ਦਿਨ ਮੈਨੂੰ ਜਾਪਿਆ ਕਿ ਮੈਂ ਇਕੱਲਾ ਹੀ ਰਹਿ ਗਿਆ ਹਾਂ। ਵੱਡੇ ਘਰ ਵਿੱਚ ਕੋਈ ਕਿਸੇ ਨੂੰ ਨਹੀਂ ਸੀ ਲੱਭਦਾ। ਹਰੇਕ ਕਮਰੇ ਵਿਚ ਟੀ.ਵੀ. ਕੰਪਿਊਟਰ ਤੇ ਲੱਭਣਾ ਕਿੰਨ ਸੀ। ਬੱਚੇ ਆਉਂਦੇ ਦਿੱਸਦੇ ਜਾਂ ਜਾਂਦੇ ਅਤੇ ਹਾਇ, ਬਾਇ ਤੋਂ ਬਿਨਾ ਕੋਈ ਗੱਲ ਵੀ ਨਹੀ ਸੀ। ਕਿਤੇ ਬਾਹਰ ਜਾਣਾ ਤਾਂ ਵੱਡਾ ਹੰਮਰ ਹੋਣ ਕਾਰਨ ਘਰਵਾਲੀ ਵੀ ਪਰ੍ਹਾਂ ਦੂਰ ਜਿਹੇ ਕਿਤੇ ਬੈਠੀ ਜਾਪਦੀ ਸੀ। ਮੈਂ ਪ੍ਰੇਸ਼ਾਨ ਹੋ ਗਿਆ ਕਿ ਹੱਦ ਹੋ ਗਈ ਘਰ ਨਿਆਣੇ ਦੂਰ ਗੱਡੀ ਚ ਘਰਵਾਲੀ ਵੀ ਦੂਰ। ਇਹ ਤਾਂ ਸਭ ਦੂਰ ਹੀ ਦੂਰ ਹੋ ਗਿਆ। ਸਭ ਕੁਝ ਵੱਡਾ ਇਸ ਕਰਕੇ ਤਾਂ ਨਹੀ ਸੀ ਲਿਆ ਕਿ ਅਪਣੇ ਟੱਬਰ ਨਾਲੋਂ ਹੀ ਦੂਰੀਆਂ ਵਧ ਜਾਣ।

ਇਸ ਦੂਰੀ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ। ਹੰਮਰ ਮੈਨੂੰ ਖਾਣ ਨੂੰ ਆਇਆ ਕਰੇ ਤੇ ਇੱਕ ਦਿਨ ਮੈਂ ਹੰਮਰ ਵਟਾ ਕੇ ਭਰਾ ਇਹ ਸਮਰਾਟ ਕਾਰ ਲੈ ਆਦੀਂ। ਉਸ ਦਿਨ ਪਹਿਲੇ ਦਿਨ ਘਰਵਾਲੀ ਜਦ ਨਾਲ ਬੈਠੀ ਤਾਂ ਮਨ ਨੂੰ ਸਕੂਨ ਜਿਹਾ ਮਿਲਿਆ ਲੱਗਾ ਜਿਵੇਂ ਪਰਿਵਾਰ ਮੇਰੇ ਨੇੜੇ ਹੋ ਗਿਆ ਹੈ। ਮੋਢੇ ਨਾਲ ਮੋਢਾ ਲੱਗੇ ਤੇ ਅਸੀਂ ਦੋਵੇਂ ਖੁਸ਼। ਫਿਰ ਮੈਂ ਸੋਚਿਆ ਕਿ ਬੱਚਿਆਂ ਬਾਰੇ ਸੋਚਿਆ ਜਾਵੇ। ਕਾਰ ਦੇ ਤਜਰਬੇ ਤੋਂ ਮੈਂ ਸਿੱਖਿਆ ਕਿ ਇਹ ਬਹੁਤ ਵੱਡਾ ਦਿੱਸਣਾ ਬੰਦੇ ਨੂੰ ਬਹੁਤ ਛੋਟਾ ਤੇ ਇਕੱਲਾ ਕਰ ਦੇਂਦਾ ਹੈ ਤੇ 6 ਬੈੱਡਰੂਮ ਵਾਲੇ ਨੂੰ ਵੀ ਮੈਂ ਫਾਰ ਸੇਲ ਦਾ ਫੱਟਾ ਲਾ ਦਿੱਤਾ। ਛੋਟਾ, ਇੱਕੋ ਫੈਮਲੀਰੂਮ ਵਾਲਾ 3 ਬੈੱਡਰੂਮ ਦਾ ਘਰ, ਇਕੋ ਟੀ.ਵੀ. ਇਕੋ ਕੰਪਿਊਟਰ ਤੇ ਮੈਨੂੰ ਜਾਪਿਆ ਕਿ ਘਰ ਤਾਂ ਛੋਟਾ ਜਰੂਰ ਹੋ ਗਿਆ ਹੈ ਪਰ ਮੇਰਾ ਪਰਿਵਾਰ ਮੈਨੂੰ ਲੱਭ ਗਿਆ ਹੈ। ਹੁਣ ਪੁੱਛ ਇਸ ਗੱਡੀ ਦੀ ਐਵਰੇਜ ਕੀ ਹੈ?

ਉਸ ਦੀ ਇਸ ਕਹਾਣੀ ਦਾ ਤੱਤ ਸੀ ਕਿ ਵੱਡਾ ਦਿੱਸਣਾ ਬੰਦੇ ਨੂੰ ਛੋਟਾ ਕਰ ਦਿੰਦਾ ਹੈ। ਛੋਟੀ ਚੀਜ ਲੱਭਣੀ ਵੀ ਤਾਂ ਔਖੀ ਹੁੰਦੀ ਇਸੇ ਲਈ ਪਰਿਵਾਰ ਇਕ ਦੂਜੇ ਨੂੰ ਲੱਭ ਨਹੀਂ ਰਹੇ। ਵੱਡਾ ਹੋਣਾ ਮਾੜਾ ਨਹੀਂ ਵੱਡਾ ਦਿੱਸਣਾ ਖਤਰਨਾਕ ਹੈ। ਜਿੰਨਾ ਮੈਂ ਵੱਡਾ ਦਿਸਣਾ ਚਾਹਾਂਗਾ ਉਨਾਂ ਛੋਟਾ ਹੁੰਦਾ ਚਲਿਆ ਜਾਵਾਗਾਂ। ਵੱਡੀ ਕਾਰ ਜਾਂ ਵੱਡਾ ਘਰ ਮੈਨੂੰ ਕਦੇ ਵੀ ਵੱਡਾ ਨਹੀਂ ਕਰ ਸਕਦੇ ਕਿਉਂਕਿ ਇਨਾਂ ਗੱਲਾਂ ਦਾ ਵੱਡਾ ਹੋਣ ਨਾਲ ਸਬੰਧ ਹੀ ਕੋਈ ਨਹੀਂ। ਹਾਂਅ! ਇਹ ਸ਼ਰਤੀਆ ਮੈਨੂੰ ਛੋਟਾ ਜਰੁੂਰ ਕਰਨ ਵਿਚ ਸਹਾਈ ਹੋਣਗੇ ਤੇ ਹੋ ਰਹੇ ਹਨ। ਪਰਿਵਾਰ ਛੋਟੇ ਛੋਟੇ ਟੁਕੜਿਆਂ ਵਿੱਚ ਟੁੱਟ ਰਹੇ ਹਨ ਪਰ ਘਰ ਤੇ ਕਾਰਾਂ ਵੱਡੀਆਂ ਹੋ ਰਹੀਆਂ ਹਨ।

ਸਾਡੇ ਬੇਸਮਿੰਟ ਵਾਲੀ ਬੀਬੀ ਇਕ ਦਿਨ ਬੇਕਰੀ ਵਾਲੇ ਨਾਲ ਜਿਥੇ ਉਹ ਕੰਮ ਕਰਦੀ ਹੈ, ਲੜ ਕੇ ਘਰੇ ਆ ਗਈ ਤੇ ਕਹਿਣ ਲੱਗੀ ਮਾਲਕ ਨੇ ਮੇਰੀ ਬੇਇੱਜਤੀ ਕੀਤੀ ਮੈਂ ਲੇਬਰ-ਕੋਟ ਜਾਣਾ ਭਾਅਜੀ ਮੇਰੀ ਮਦਦ ਕਰੋ। ਚਲੋ ਮੈ ਉਸ ਨੂੰ ਜਿੰਨਾ ਮੈਨੂੰ ਪਤਾ ਸੀ ਦਸਿਆ, ਪਰ ਜਿਹੜੀਆਂ ਉਸ ਉਥੋਂ ਦੀਆਂ ਕਹਾਣੀਆਂ ਦੱਸੀਆਂ ਉਹ ਹੈਰਾਨ ਕਰਨ ਵਾਲੀਆਂ ਸਨ। ਮੁਸਲਮਾਨਾਂ ਦੀ ਬੇਕਰੀ ਤੇ ਕੰਮ ਸਾਰੀਆਂ ਪੰਜਾਬੀ ਬੀਬੀਆਂ ਕਰਦੀਆਂ। ਉਸ ਦੀਆਂ ਦੱਸੀਆਂ ਕਹਾਣੀਆਂ ਮੁਤਾਬਕ ਮਾਲਕਾਂ ਦਾ ਰਵਈਆ ਇੰਨਾ ਤਾਨਾਸ਼ਾਹੀ ਹੈ, ਅਤੇ ਜਲੀਲ ਕਰਨ ਵਾਲਾ ਹੁੰਦਾ ਜਿਵੇਂ ਉਹ ਕਿਸੇ ਪੁਰਾਣੇ ਜੁੱਗ ਦੀਆਂ ਸ਼ੂਦਰਾਂ ਹੋਣ। ਪਰ ਉਹੀ ਬੀਬੀਆਂ ਲੰਚ ਟਾਈਮ ਜਦ ਗੱਪਾਂ ਮਾਰਦੀਆਂ ਤਾਂ ਗੱਲ ਹੁੰਦੀ ਕਿ, ਅਖੇ ਪਤਾ ਨਹੀਂ ਲੋਕ ਮਾਲਟਨ ਇੰਨੇ ਗੰਦੇ ਤੇ ਭੀੜੇ ਘਰਾਂ ਵਿੱਚ ਕਿਵੇਂ ਰਹੀ ਜਾਂਦੇ ਅਸੀਂ ਇਨ੍ਹਾਂ ਦੇ ਇਕ ਦੋਸਤ ਦੇ ਮੁੰਡੇ ਦੇ ਬਰਥਡੇਅ ਤੇ ਗਏ ਦਮ ਘੁੱਟਦਾ ਸੀ ਘਰ ਉਨ੍ਹਾਂ ਦੇ!!

ਤੇ ਉਥੇ ਹੀ ਜਦ ਇਕ ਵਾਰ ਬੀਬੀ ਇਕ ਨੂੰ ਜਦ ਉਨ੍ਹਾਂ ਜਲੀਲ ਕੀਤਾ ਤਾਂ ਉਹ ਥੋੜੀ ਅਣਖ ਵਾਲੀ ਸੀ, ਉਸ ਪੁਲਿਸ ਕਾਲ ਕਰ ਦਿੱਤੀ ਪਰ ਜਦ ਪੁਲਿਸ ਵਾਲੇ ਉਥੇ ਗਏ ਤਾਂ ਸਾਰੀਆਂ ਹੀ ਜਵਾਬ ਦੇ ਗਈਆਂ, ਕਿ ਇਥੇ ਤਾਂ ਕੁਝ ਹੋਇਆ ਹੀ ਨਹੀਂ! ਅਜਿਹੀਆਂ ਮਾਵਾਂ ਕੌਮ ਦੀ ਝੋਲੀ ਦੱਸੋ ਕਿਹੜੇ ਸੂਰਬੀਰ ਪਾਉਂਣਗੀਆਂ ਜਿਹੜੀਆਂ ਇੰਨੀਆਂ ਕਮਜੋਰ ਹਨ।

ਜਿਸ ਮਿੱਟੀ ਵਿੱਚੋਂ ਗੈਰਤ ਅਤੇ ਸਵੈਮਾਨ ਨਾਂ ਦੀ ਚੀਜ ਹੀ ਮਰ ਗਈਂ ਤੁਸੀਂ ਉਸ ਨੂੰ ਵੱਡਾ ਕਹੋਂਗੇ ਭਵੇਂ ਉਹ ਮਿਲੀਅਨ ਦੇ ਘਰ ਵਿੱਚ ਕਿਉਂ ਨਾ ਰਹਿ ਰਿਹਾ ਹੋਵੇ ਤੇ ਸੋਨੇ ਦੇ ਭਾਂਡਿਆਂ ਵਿੱਚ ਕਿਉਂ ਨਾ ਖਾਂਦਾ ਹੋਵੇ। ਪਰ ਮੇਰਾ ਵਿਖਾਵਾ, ਮੇਰਾ ਅੱਡੀਆਂ ਚੁੱਕ ਕੇ ਵੱਡਾ ਹੋਣਾ ਸਭ ਤੋਂ ਪਹਿਲਾਂ ਮੇਰੇ ਸਵੈਮਾਨ ਦੇ ਗਲ ਗੂਠ ਦੇਵੇਗਾ। ਕਿਉਂਕਿ ਵੱਡੇ ਪੰਗਿਆਂ ਵਿੱਚ ਮੇਰੀਆਂ ਲੋੜਾਂ ਵੱਡੀਆਂ ਹੋਣਗੀਆਂ ਲੋੜਾ ਮੈਨੂੰ ਮਜਬੂਰ ਕਰਨਗੀਆਂ ਕਿ ਮੈਂ ਹਰੇਕ ਐਰੀ-ਗੈਰੀ ਜਲੀਲ ਹੋਣ ਵਾਲੀ ਗੱਲ ਨਾਲ ਸਮਝੌਤਾ ਕਰਾਂ। ਵੱਡੇ ਪਿੱਕੇ ਦੀ ਕਿਸ਼ਤ ਦੇਣ ਵਾਸਤੇ, ਵੱਡੇ ਘਰ ਨੂੰ ਤੋਰਨ ਵਾਸਤੇ, ਮਹਿੰਗੇ ਵਿਖਾਵੇ ਵਿਖਾਉਂਣ ਵਾਸਤੇ ਮੈਂਨੂੰ ਡਿਸਪੈਚਰ ਨੂੰ ਸਕਾਚ ਦੀ ਬੋਤਲ ਦੇਣੀ ਪੈਣੀ, ਓਵਰਟਈਮ ਲਈ ਮੈਨੂੰ ਸੁਪਰਵਾਈਜ਼ਰ ਮਗਰ ਹੱਥ ਬੰਨੀ ਫਿਰਨਾ ਹੀ ਪੈਣਾ, ਹਰੇਕ ਦੀ ਜੀ ਹਜੂਰੀ ਕਰਨੀ ਪੈਣੀ। ਨਹੀਂ ਤਾਂ ਕੀ ਕਨੇਡਾ ਵਰਗੇ ਮੁਲਕ ਵਿੱਚ ਕੀ ਕੋਈ ਰੋਟੀਓ ਵੀ ਭੁੱਖਾ ਮਰਦਾ ਹੈ?

ਜੋ ਕੁਝ ਮੈਂ ਬਾਹਰੋਂ ਦਿਸ ਰਿਹਾਂ ਹਾਂ ਦਰਅਸਲ ਉਹ ਮੈਂ ਨਹੀ ਹਾਂ। ਮੇਰਾ ਬਾਹਰ ਦਾ ਵਿਖਾਵਾ ਮੈਨੂੰ ਅੰਦਰੋਂ ਖਾਲੀ ਕਰ ਰਿਹਾ ਹੈ। ਹਰੇਕ ਉਸ ਚੀਜ ਜਿਹੜੀ ਮੇਰੀ ਮੈਂ ਨਾਲ ਸਬੰਧਤ ਹੈ, ਜਿਹੜੀ ਮੇਰੀ ਈਗੋ ਨੂੰ ਬਲ ਦਿੰਦੀ ਹੈ, ਨੂੰ ਬਚਾਉਂਣ ਖਾਤਰ ਮੈਨੂੰ ਅਪਣੇ ਸਵੈਮਾਨ ਦੀ ਬਲੀ ਦੇਣੀ ਪਵੇਗੀ। ਚਾਹੇ ਵੱਡਾ ਘਰ ਹੋਵੇ ਜਾਂ ਵੱਡਾ ਅਹੁਦਾ। ਐਮ.ਪੀ ਹੋਵੇ ਐਮ.ਐਲ.ਏ ਹੋਵੇ ਚਾਹੇ ਗੁਰਦੁਆਰੇ ਦੀ ਪ੍ਰਧਾਨਗੀ ਹੋਵੇ ਸਕੱਤਰੀ ਹੋਵੇ। ਤੁਹਾਡੇ ਸਾਹਵੇਂ ਹੀ ਤਾਂ ਸਭ ਹੋ ਰਿਹੈ। ਲੱਖਾਂ ਡਾਲਰ ਵਕੀਲਾਂ ਦੇ ਜਾ ਰਹੇ ਹਨ ਕਾਹਦੇ ਲਈ? ਸੇਵਾ ਲਈ? ਨਹੀਂ! ਵੱਡਾ ਹੋਣ ਲਈ।

ਪਰ ਗੁਰਦੁਆਰਿਆਂ ਵਿੱਚ ਵੱਡੇ ਦਿੱਸਣ ਲਈ ਹਿੱਕਾਂ ਚੌੜੀਆਂ ਕਰਕੇ ਤੁਰਨ ਸ਼ੇਰ ਜਾਪਦੇ ਵਕੀਲਾਂ ਤੇ ਜੱਜਾਂ ਸਾਹਵੇਂ ਲੇਲਿਆਂ ਵਾਂਗ ਨੀਵੀਆਂ ਪਾਈ ਜਾਂਦੇ ਕੋਰਟ ਵਿਚ ਦੇਖੇ ਗਏ ਹਨ। ਪਰ ਵੱਡੇ ਦਿੱਸਣ ਨਾਲ ਕੀ ਉਹ ਵੱਡੇ ਹੋ ਗਏ? ਡਿਕਸੀ ਵਾਲਿਆਂ ਦਾ 23 ਲੱਖ ਲੱਗ ਚੁੱਕਾ ਕੀ ਉਥੋਂ ਦਾ ਪ੍ਰਧਾਨ ਵੱਡਾ ਹੋ ਗਿਆ, ਜਾਂ ਜੇ ਦੂਜੇ ਆ ਜਾਂਦੇ ਉਹ ਵੱਡੇ ਹੋ ਜਾਂਦੇ? ਨਹੀਂ! ਪੋਪ ਗੁਰਦੁਆਰੇ ਤੋਂ ਲੈ ਕੇ ਹੁਣ ਤੱਕ ਦਾ ਕੇਵਲ ਟਰੰਟੋ ਦੇ ਹੀ ਗੁਰਦੁਆਰਿਆਂ ਦਾ ਇਤਿਹਾਸ ਦੇਖ ਲਓ। ਹੁਣ ਤੱਕ ਕਿੰਨੀਆਂ ਪੱਗਾਂ ਲੱਥੀਆਂ, ਡਾਂਗੋ-ਡਾਂਗੀ ਗੋਲੀਓ-ਗੋਲੀ ਹੋਏ, ਮਿਲੀਅਨ ਦੇ ਹਿਸਾਬ ਕੋਟਾਂ ਵਿੱਚ ਪੈਸਾ ਫੂਕਿਆ ਪਰ ਇਹ ਸਭ ਕਰਨ ਵਾਲੇ ਹੁਣ ਕਿਥੇ ਹਨ? ਕੀ ਉਹ ਵੱਡੇ ਹੋ ਗਏ? ਕੌਣ ਪੁੱਛਦਾ? ਜੇ ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਗਿਆ ਤਾਂ 84 ਤੋਂ ਲੈ ਕੇ ਹੁਣ ਤਕ ਦੇ ਚੌਧਰੀਆਂ ਦੀਆਂ ਪੀਹੜੀਆਂ ਵੀ ਮੁਨਕਰ ਹੋ ਜਾਣਗੀਆਂ ਕਿ ਇਹ ਸਾਡੇ ਵਡੇਰੇ ਸਨ। ਫਿਰ ਉਹ ਵੱਡੇ ਕਿਵੇਂ ਹੋਏ?

ਇਤਿਹਾਸ ਮੈਨੂੰ ਹਰੇਕ ਤਰ੍ਹਾਂ ਦਾ ਸਬਕ ਦਿੰਦਾ ਹੈ। ਵੱਡੇ ਹੋਣ ਦੇ ਗੇੜ ਵਿਚ ਪਿਆ ਅੱਜ ਧਿਆਨ ਸਿਓਂ, ਲਾਲ ਸਿਓ, ਤੇਜਾ ਸਿਓਂ ਕਿਥੇ ਖੜਾ ਹੈ। ਜੇ ਰਾਜੇ ਹੋਣ ਦੇ ਬਾਵਜੂਦ ਉਹ ਵੱਡੇ ਨਾ ਹੋ ਸਕੇ ਤਾਂ ਮੈਂ ਕੀ ਹਾਂ? ਗੁਰੂ ਦੀ ਗੋਲਕ ਗਰੀਬ ਦਾ ਮ੍ਹੂੰਹ ਕੀ ਵਕੀਲਾਂ ਦੀਆਂ ਜ੍ਹੇਬਾਂ ਵਿੱਚ ਪਾ ਕੇ ਮੈਂ ਵੱਡਾ ਹੋ ਜਾਵਾਂਗਾ? ਗੁਰਦੁਆਰਿਆਂ ਨੂੰ ਪੌੜੀਆਂ ਬਣਾ ਕੇ ਅਪਣੇ ਮੁੰਡੇ ਕੁੜੀਆਂ ਨੂੰ ਐਮ,ਪੀ-ਐਮ,ਐਲ,ਏ ਬਣਾ ਕੇ ਮੈਂ ਕਿਥੇ ਪਹੁੰਚ ਜਾਵਾਂਗਾ?

ਮੈਨੂੰ ਜਾਪਦਾ ਚੀਜਾਂ ਜਾਂ ਅਹੁਦੇ ਮੈਨੂੰ ਵੱਡਾ ਕਰਦੇ ਹਨ ਜੇ ਇੰਝ ਹੁੰਦਾ ਤਾਂ ਬੁੱਸ਼ ਸਭ ਨਾਲੋਂ ਵੱਡਾ ਹੋਣਾ ਸੀ ਪਰ ਹੋਇਆ ਕੀ? ਆਖੀਰ ਛਿੱਤਰਾਂ ਤੇ ਨਿਬੜੀ ਗੱਲ ਹੁਣ ਕੌਣ ਜਾਣਦਾ ਬੁਸ਼ ਨੂੰ? ਗੁਰਬਾਣੀ ਓਸ ਸਮੇ ਦੇ ਪ੍ਰਤੀਕ ਦੇ ਕੇ ਮੈਨੂੰ ਸਮਝਾਉਂਦੀ ਹੈ ਕਿ ਰਾਵਣ ਕਿਥੇ ਹੈ, ਰਾਮ ਕਿਥੇ ਹੈ? ਤੂੰ ਹੀ ਕਹਿੰਨਾ ਲੱਖਾਂ ਉਸ ਦੇ ਪੁੱਤ-ਪੋਤਰੇ ਸਨ ਤੇ ਮੁੜ ਦੀਵਾ ਬਾਲਣ ਵਾਲਾ ਕੋਈ ਨਹੀ ਰਿਹਾ ਤੇ ਤੇਰਾ ਕਿਥੋਂ ਰਹਿ ਜੂ ਜੇ ਲੱਖਾਂ ਵਾਲੇ ਦਾ ਨਹੀ ਰਿਹਾ? ਤੇਰੇ ਵੱਡੇ ਘਰ, ਵੱਡੀਆਂ ਕਾਰਾਂ, ਵੱਡੇ ਅਹੁਦੇ ਜਿੰਨਾ ਖਾਤਰ ਤੂੰ ਜਲੀਲ ਹੁੰਦਾ, ਜਿੰਨਾ ਖਾਤਰ ਤੂੰ ਅਪਣਾ ਵੀ ਤੇ ਕੌਮ ਦਾ ਵੀ ਸਵੈਮਾਨ, ਅੱਣਖ-ਗੈਰਤ ਸਭ ਦਾਅ ਤੇ ਲਾ ਦਿੰਨਾ ਉਹ ਕਿਵੇਂ ਤੈਨੂੰ ਵੱਡਾ ਕਰ ਦੇਣਗੇ।

ਯਾਦ ਰਹੇ ਸਿੱਖੀ ਨਾਮ ਹੀ ਸਵੈਮਾਨ ਦਾ ਹੈ। ਅਬਦਾਲੀ ਕਹਿੰਦਾ ਸਿੰਘੋਂ ਕਮਾਨ ਮੰਨ ਲਓ ਮੇਰੀ, ਜਿਵੇਂ ਮਰਜੀ ਪੰਜਾਬ ਵਿੱਚ ਘੋੜੇ ਭਜਾਓ। ਅੱਗੋਂ ਜਵਾਬ ਜਾਂਦਾ ਹੈ। ਤੂੰ ਕੌਣ ਹੁੰਨਾ ਸਾਡੀਆਂ ਕਮਾਨਾਂ ਕਰਨ ਵਾਲਾ ਸਾਡੀ ਕਮਾਨ ਸਾਡੇ ਗੁਰੂ ਬਾਜਾਂ ਹੱਥ ਹੈ ਰਾਜ ਅਸੀਂ ਅਪਣੀ ਹਿੱਕ ਦੇ ਜੋਰ ਲਵਾਂਗੇ ਦੌੜ ਇਥੋਂ। ਅਗਲਿਆਂ ਅਬਦਾਲੀ ਦੇ ਦਿੱਤੇ ਰਾਜ ਨੂੰ ਠੁੱਡਾ ਮਾਰ ਦਿੱਤਾ। ਘੱਲੂਘਾਰਿਆਂ ਵਿੱਚ ਅਪਣਾ ਲਹੂ ਵੀਟਿਆ, ਟੱਬਰ ਮਰਵਾਏ, ਵੱਡ ਟੁੱਕ ਕਰਵਾ ਲਈ ਪਰ ਅਪਣੀ ਗੈਰਤ ਤੇ ਆਂਚ ਨਹੀ ਆਉਂਣ ਦਿੱਤੀ। ਕੀ ਮੈਂ ਉਨ੍ਹਾਂ ਚੋਂ ਹਾਂ? ਜਦ ਮੈਂ ਕੇਵਲ ਗੁਰਦੁਆਰੇ ਦੇ ਇੱਕ ਅਹੁਦੇ ਲਈ ਕਾਲੇ ਕੋਟਾਂ ਦੀਆਂ ਨਾਲੇ ਤਾਂ ਲਿਲੜੀਆਂ ਲੈਂਦਾ ਫਿਰਦਾ ਹਾਂ ਨਾਲ ਲੋਕਾਂ ਦੀਆਂ ਅਰਦਾਸਾਂ ਦਾ ਲੱਖਾਂ ਫੂਕਦਾ ਫਿਰਦਾ ਹਾਂ ਕੋਟਾਂ ਵਿੱਚ?

ਸਭ ਕੁਝ ਮੇਰੇ ਕੋਲ ਹੋਵੇ, ਹੋਣਾ ਮਾੜਾ ਨਹੀਂ। ਮੇਰਾ ਘਰ ਵੱਡਾ ਹੋਵੇ, ਕਾਰ ਵੱਡੀ ਹੋਵੇ ਮੈਂ ਅਪਣੇ ਸ਼ੌਕ ਪੂਰੇ ਕਰਾਂ ਪਰ ਆਪਣੇ ਸਵੈਮਾਨ ਦੀ ਬਲੀ ਦੇ ਕੇ ਨਹੀਂ। ਆਪ ਛੋਟਾ ਹੋ ਕੇ ਨਹੀਂ, ਜਲੀਲ ਹੋ ਕੇ ਨਹੀਂ। ਗੱਡੀ ਉਪਰ ਪੁੱਤ ਸਰਦਾਰਾਂ ਦੇ ਮੈਨੂੰ ਲਿਖਾਉਂਣ ਦੀ ਲੋੜ ਹੀ ਕਿਉਂ ਪਵੇ ਮੇਰਾ ਕਿਰਦਾਰ, ਮੇਰੀ ਸ਼ਕਲ, ਵਿਹਾਰ ਮੈਨੂੰ ਦੱਸੇ ਕਿ ਮੈਂ ਵਾਕਿਆਂ ਸਰਦਾਰਾਂ ਦਾ ਪੁੱਤ ਹਾਂ।

ਮੈਨੂੰ ਯਾਦ ਏ ਮੈਂ ਇੱਕ ਵਾਰ ਗੱਡੀ ਦਾ ਤੇਲ ਬਦਲਾਉਂਣ ਗਿਆ ਅਪਣੇ ਭਾਈਆਂ ਦਾ ਗਰਾਜ ਸੀ। ਮੇਰੇ ਤੋਂ ਪਹਿਲਾਂ ਉਹ ਇਕ ਨਵੀਂ ਬੀ.ਐਮ.ਡਬਲਿਯੂ ਦਾ ਤੇਲ ਬਦਲ ਕੇ ਜਦ ਹਟਿਆ ਤਾਂ ਮਕੈਨਿਕ ਨੇ 25 ਡਾਲਰ ਮੰਗੇ। ਇੰਨੀ ਸੁਹਣੀ ਤੇ ਮਹਿੰਗੀ ਕਾਰ ਵਾਲਾ ਬੰਦਾ 5 ਡਾਲਰ ਪਿੱਛੇ ਉਸ ਨਾਲ ਫਸ ਪਿਆ, ਕਿ ਫਲਾਂ ਥਾਂ ਤੋਂ ਪਿੱਛਲੀ ਵਾਰੀ ਮੈਂ ਵੀਹਾਂ ਦਾ ਕਰਾਇਆ ਸੀ ਇਹ ਪੰਜ ਹੋ ਕਿਥੋਂ ਆ ਗਏ? ਉਹ ਦੁਖੀ ਹੋਇਆ ਕਹਿਣ ਲੱਗਾ ਕਿ ਭਰਾ ਤੂੰ ਉਂਝ ਈ ਲੈ ਜਾ ਪਰ ਕਾਰ ਤੇਰੀ ਬਹੁਤ ਸੋਹਣੀ!

ਉਹ ਇੰਨੀ ਕੁ ਗੱਲ ਚ ਸਭ ਕੁਝ ਕਹਿ ਗਿਆ ਜਿਹੜੀ ਉਸ ਦੇ ਸਮਝ ਨਹੀਂ ਆਈ ਪਰ ਉਹ 20 ਦੇ ਕੇ ਬੜੇ ਅਹਿਸਾਨ ਜਿਹੇ ਨਾਲ ਕਹਿਣ ਲੱਗਾ,

ਲੈ! ਉਂਝ ਕਿਵੇਂ ਲੈਜਾਂ ਮੈਂ ਕੋਈ ਮੁਫਤਖੋਰਾਂ?

ਹੁਣ ਦੱਸੋ ਕੀ ਮਹਿੰਗੀ ਕਾਰ ਉਸ ਨੂੰ ਵੱਡਾ ਕਰ ਦੇਵੇਗੀ?

ਗੁਰਬਾਣੀ ਮੇਰੀ ਇਸੇ ਦੁਖਦੀ ਰਗ ਉਪਰ ਹੱਥ ਰੱਖਦੀ ਹੈ, ਕਿ ਤੂੰ ਵੱਡਾ ਕੀਹਨੂੰ ਸਮਝਦਾ? ਵਡਿਆਈ ਕੀਹਨੂੰ ਸਮਝਦਾਂ। ਜੇ ਅਹੁਦਿਆਂ ਦੇ ਵੱਡੇ ਹੋਣ ਨਾਲ, ਮਾਇਆ ਦੇ ਢੇਰ ਵੱਡੇ ਹੋਣ ਨਾਲ, ਘਰ ਕਾਰਾਂ ਅਡੰਬਰ ਵੱਡੇ ਹੋਣ ਨਾਲ ਵੱਡਾ ਹੋਈਦਾ ਹੈ ਤਾਂ ਇਹ ਤੇਰਾ ਭੁਲੇਖਾ ਹੈ ਵੱਡਾ ਮਨੁੱਖ ਗੁਣਾ ਕਰਕੇ ਹੈ, ਚੰਗੇ ਕਿਰਦਾਰ ਕਰਕੇ ਹੈ, ਚੰਗੀ ਸੋਚ ਕਰਕੇ ਹੈ ਚੰਗੇ ਕੰਮਾ ਕਰਕੇ ਹੈ, ਤੇ ਇਹ ਸਭ ਉਹ ਕਰੇਗਾ ਜਿਸ ਦੀ ਲਿਵ ਪ੍ਰਮਾਤਮਾਂ ਨਾਲ ਗੁਰੂ ਨਾਲ ਲਗ ਗਈ। ਉਹ ਗੁਰੂ ਦੀ ਦੱਸੀ ਵਿਚਾਰਧਾਰਾ ਤੇ ਤੁਰ ਪਿਆ ਜਿਹੜਾ ਤੁਰ ਪਿਆ ਉਹ ਅਪਣੇ ਸਵੈਮਾਨ ਉਪਰ ਕਦੇ ਸਮਝੌਤਾ ਨਹੀਂ ਕਰੇਗਾ, ਚਾਹੇ ਉਹ ਘੋੜਿਆਂ ਦੀਆਂ ਕਾਠੀਆਂ ਤੇ ਸੁੱਤਾ ਪਿਆ ਹੈ, ਚਾਹੇ ਆਰੇ ਹੇਠ ਚਿਰ ਰਿਹਾ ਹੈ ਤੇ ਚਾਹੇ ਚਰਖੀ ਤੇ ਘੁੰਮ ਰਿਹਾ ਹੈ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top