Share on Facebook

Main News Page

ਕਬੀਰ ਦਾ "ਬ੍ਰਾਹਮਣ", ਅੱਜ ਵੀ ਗਾਈਆਂ ਵਾਂਗ ਸਾਨੂੰ ਜੋਤ ਰਿਹਾ ਹੈ

॥ਆਸਾ॥ ਹਮ ਘਰਿ ਸੂਤ ਤਨੈ ਨਿਤਿ ਤਾਨਾ, ਕੰਠ ਜਨੇਊ ਤੁਮਾਰੇ॥ ਤੁਮ ਤੌ ਬੇਦ ਪੜਹੁ ਗਾਇਤ੍ਰੀ, ਗੋਬਿੰਦ ਰਿਦੈ ਹਮਾਰੇ॥ ਮੇਰੀ ਜਿਹਬਾ ਬਿਸਨ, ਨੈਨੁ ਨਾਰਾਇਨ, ਹਿਰਦੈ ਬਸੈ ਗੋਬਿੰਦਾ॥ ਜਮ ਦੁਆਰ ਜਬ ਪੂਛਸਿ ਬਵਰੇ, ਤਬ ਕਿਆਂ ਕਹਿਸ ਮੁਕੰਦਾ॥1॥ਰਹਾਉ॥ ਹਮ ਗੋਰੂ, ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ॥ ਕਬਹੁੰ ਨ ਪਾਰਿ ਉਤਾਰਿ ਚਰਾਇਹੁ,ਕੈਸੇ ਖਸਮ ਹਮਾਰੇ॥2॥ ਤੂੰ ਬਾਮਨੁ,ਮੈ ਕਾਸੀਕ ਜੁਲਹਾ, ਬੂਝਹੁ ਮੋਰ ਗਿਆਨਾ॥ ਤੁਮ ਤੋ ਜਾਚੈ ਭੂਪਤ ਰਾਜੇ,ਹਰਿ ਸਉ ਮੋਰ ਧਿਆਨਾ॥3॥4॥26॥ ਪੰਨਾ 482

ਪਦ ਅਰਥ:
(ਹੇ ਝੱਲੇ ਬ੍ਰਾਹਮਣ, ਜੇ ਤੈਨੂੰ ਇਸ ਕਰਕੇ ਅਪਣੀ ਉੱਚੀ ਜਾਤਿ ਤੇ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀ ਹੈ, ਤਾਂ ਵੇਖ,ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ, (ਜਿਸ ਨਾਲ ) ਅਸੀ ਨਿਤ ਤਾਣਾਂ ਤਣਦੇ ਹਾਂ। (ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ ਹੈ ,ਕਿਉਕੇ) ਤੁਸੀ ਵੇਦ ਤੇ ਗਾਇਤ੍ਰੀ- ਮੰਤ੍ਰ ਨਿਰੇ ਜੀਭ ਨਾਲ ਉਚਾਰਦੇ ਹੋ, ਪਰ ਪਰਮਾਤਮਾਂ ਮੇਰੇ ਹਿਰਦੇ ਵਿਚ ਵਸਦਾ ਹੈ।

ਹੇ ਕਮਲੇ ਬ੍ਰਾਹਮਣ! ਪ੍ਭੂ ਜੀ ਤੇ ਮੇਰੀ ਜੀਭ ਉਤੇ, ਅੱਖਾਂ ਵਿਚ ਤੇ ਦਿਲ ਵਿਚ ਵਸਦੇ ਹਨ। ਪਰ ਤੈਨੂੰ ਜਦੋਂ ਧਰਮਰਾਜ ਦੀ ਹਜੂਰੀ ਵਿਚ ਪ੍ਰਭੂ ਵਲੋਂ ਪੁਛ ਹੋਵੇਗੀ, ਤਾਂ ਕੀ ਉੱਤਰ ਦੇਵੇਂਗਾ। (ਕੇ ਕੀਹ ਕਰਦਾ ਰਿਹਾ ਉਥੇ ਸਾਰੀ ਉਮਰ?)॥1॥ ਰਹਾਉ॥
ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ।ਅਸੀ ਤੁਹਾਡੀਆਂ ਗਾਈਆ ਬਣੇ ਰਹੇ।ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ। ਪਰ ਹੁਣ ਤਕ ਤੁਸੀ ਨਕਾਰੇ ਹੀ ਸਾਬਿਤ ਹੋਏ।ਤੁਸਾਂ ਕਦੇ ਵੀ ਸਾਨੂੰ (ਨਦੀਉ) ਪਾਰ
ਲੰਘਾ ਕੇ ਨਾ ਚਰਾਇਆਂ। (ਭਾਵ ਇਸ ਸੰਸਾਰ ਤੋ ਪਾਰ ਲੰਘਾਉਣ ਵਾਲੀ ਕੋਈ ਮਤਿ ਨਾਂ ਦਿਤੀ।)॥2॥
(ਇਹ ਠੀਕ ਹੈ ਕੇ) ਤੂੰ ਕਾਸੀ ਦਾ ਬ੍ਰਾਹਮਣ ਹੈ(ਭਾਵ ਤੈਨੂ ਮਾਨ ਹੈ ਅਪਣੀ ਵਿਦਿਆ ਦਾ, ਜੋ ਤੂੰ ਕਾਸੀ ਵਿਚ ਹਾਸਿਲ ਕੀਤੀ), ਤੇ ਮੈਂ ਜਾਤਿ ਦਾ ਜੁਲਾਹਾ ਹਾਂ (ਜਿਸਨੂੰ ਤੁਹਾਡੀ ਵਿਦਿਆ ਪੜ੍ਹਨ ਦਾ ਹਕ ਵੀ ਨਹੀ ਹੈ।) ਪਰ ਮੇਰੀ ਵੀਚਾਰ ਦੀ ਇਕ ਗਲ ਸੋਚ, (ਕੇ ਵਿਦਿਆ ਪੜ੍ਹ ਕੇ ਆਖਿਰ ਤੁਸੀ ਕਰਦੇ ਕੀ ਹੋ)। ਤੁਸੀ ਤੇ ਰਾਜੇ ਰਾਣੀਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਤੇ ਪਭੂ ਨਾਲ ਜੁੜੀ ਹੋਈ ਹੈ।

(ਸ਼ਬਦ ਅਰਥ: ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ ਅਨੁਸਾਰ)
-----------------------------------------------------------------------------------------

ਇਸ ਸ਼ਬਦ ਦੀ ਸੱਚਾਈ, ਅੱਜ ਦੇ ਪਰਿਪੇਖ ਵਿਚ:

ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ "ਬ੍ਰਾਹਮਣ" ਤੇ "ਬ੍ਰਾਹਮਣਵਾਦ" ਕਿਸੇ ਜਾਤਿ ਵਿਸ਼ੇਸ਼ ਲਈ ਵਰਤਿਆ ਗਇਆ ਸ਼ਬਦ ਨਹੀ, ਬਲਕੇ "ਬ੍ਰਾਹਮਣ" ਉਹ ਵਿਅਕਤੀ ਹੈ, ਤੇ "ਬ੍ਰਾਹਮਣਵਾਦ" ਉਹ ਸੋਚ ਹੈ ਜੋ ਕਰਮਕਾਂਡ ,ਅਹੰਕਾਰ, ਜੋਰ ਨਾਲ ਧਰਮ ਚਲਾਉਣ ਵਾਲਿਆ ਤੇ ਆਪਹੁਦਰੀਆਂ ਵਿਵਸਥਾਵਾਂ ਦਾ ਪਾਲਨ ਕਰਦਾ ਤੇ ਕਰਾਂਦਾ ਹੈ। ਇਸ ਤਰ੍ਹਾਂ ਦੀਆ ਰੀਤੀਆਂ ਨੂੰ ਚਲਾਉਣ ਵਾਲਾ ਉਹ ਹਰ ਮਨੁਖ ( ਭਾਵੇ ਉਹ ਕਿਸੇ ਜਾਤਿ ਜਾ ਧਰਮ ਦਾ ਹੋਵੇ) "ਬ੍ਰਾਹਮਣ" ਹੈ।। ਬ੍ਰਾਹਮਣ ਦੀ ਇਹ ਸੋਚ ਤੇ ਵਿਵਸਥਾ ਹੀ "ਬ੍ਰਾਹਮਣਵਾਦ" ਹੈ।

ਭਗਤ ਕਬੀਰ ਜੀ ਦੇ ਇਸ ਸ਼ਬਦ ਵਿਚ ਜੋ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ਨ, 482 ਤੇ ਦਰਜ ਹੈ, ਵਿਚ ਉਸ "ਬ੍ਰਾਹਮਣ" ਤੇ ਉਸ ਦੀ "ਬ੍ਰਾਹਮਣਵਾਦੀ ਸੋਚ" ਤੇ ਕਰਾਰੀ ਸੱਟ ਮਾਰੀ ਗਈ ਹੈ। ਇਸ ਤਰ੍ਹਾਂ ਦੇ ਬ੍ਰਾਹਮਣ ਆਗੂ, ਅੱਜ ਵੀ ਸਾਡੀ ਕੌਮ ਵਿਚ ਮੌਜੂਦ ਹਨ ਜਿਨਾਂ ਆਗੂਆਂ ਨੂੰ ਅਸੀ "ਕੇਸਾਧਾਰੀ ਬ੍ਰਾਹਮਣ" ਵੀ ਕਹਿੰਦੇ ਹਾਂ। ਇਹ "ਧਰਮ ਦੇ ਮਾਫੀਆ", ਗਵਾਲੇ ਬਣ ਕੇ ਸਾਨੂੰ ਗਾਈਆਂ ਵਾਂਗ ਹਾਂਕ ਰਹੇ ਨੇ ਤੇ, ਅਸੀ ਗਾਈਆਂ ਵਾਂਗ ਇਨਾਂ ਦੇ ਆਖੇ ਲਗ ਕੇ ਤੁਰੀ ਜਾ ਰਹੇ ਹਾਂ। ਇਸ ਸ਼ਬਦ ਵਿਚ ਜੋ ਖਰੀ ਖਰੀ ਗਲ ਇਨਾਂ "ਬ੍ਰਾਹਮਣਾਂ" ਬਾਰੇ ਕਹੀ ਗਈ ਹੈ- ਤੁਮ ਤੋ ਜਾਚੈ ਭੂਪਤ ਰਾਜੇ,ਹਰਿ ਸਉ ਮੋਰ ਧਿਆਨਾ, ਇਹ ਅਜੋਕੇ ਸਮੇਂ ਵਿਚ ਵੀ ਖਰੀ ਉਤਰਦੀ ਹੈ। ਇਹ ਧਰਮ ਦੇ "ਕੇਸਾਧਾਰੀ ਬ੍ਰਾਹਮਣ" ਆਗੂ, ਅੱਜ ਵੀ ਰਾਜਿਆਂ (ਸਿਆਸੀ ਵਿਅਕਤੀਆ) ਦੇ ਗੜਵਈ ਬਣੇ ਫਿਰਦੇ ਹਨ, ਤੇ ਉਨਾਂ ਦੇ ਆਖੇ ਤੁਰ ਕੇ ਕੌਮ ਦਾ ਬੇੜਾ ਗਰਕ ਕਰ ਰਹੇ ਹਨ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top