Share on Facebook

Main News Page

...ਤੇ ਅਸੀਂ ਪੈਂਹਠ ਹਜ਼ਾਰ ਦਿੱਤਾ

ਸ਼ਬਦ ਦੀ ਹੀ ਵਡਿਆਈ ਹੈ ਕਿ ਮੈਨੂੰ ਦੇਸ-ਦੇਸੰਤਰੀਂ ਜਾ ਕੇ ਸ਼ਬਦ ਦੀ ਵਿਚਾਰ ਕਰਨ ਦਾ ਮੌਕਾ ਮਿਲਿਆ ਹੈ। ਨਵੰਬਰ ੨੦੧੦ ਨੂੰ ਡੁਬਈ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਸਮੇਂ ਜਾਣ ਦਾ ਸਮਾਂ ਬਣਿਆ। ਮਗਰਲਿਆਂ ਦਿਨਾਂ ਵਿੱਚ ਰੁਝੇਵੇਂ ਕੁੱਝ ਜ਼ਿਆਦਾ ਹੀ ਹੋ ਗਏ ਸਨ। ਮੇਰੀ ਵਾਪਸੀ ੦੪ ਦਸੰਬਰ ੨੦੧੦ ਦੀ ਰਾਤ ਨੂੰ ਸੀ। ਸਵੇਰ ਸੁਵੱਖਤੇ ਉੱਠਦਿਆਂ ਹੀ ਵੀਰ ਰਤਨ ਸਿੰਘ ਜੀ ਨੇ ਸਾਰੇ ਦਿਨ ਦੇ ਪ੍ਰੋਗਰਾਮ ਸੁਣਾ ਦਿੱਤੇ ਸੀ, ਕਿ ਅੱਜ ਦੇ ਦਿਨ ਵਿੱਚ ਸਵੇਰ ਦਾ ਨਾਸਤਾ ਤੇ ਨਾਲ ਹੀ ਸ਼ਬਦ ਦੀ ਵਿਚਾਰ ਕਰਨ ਦਾ ਪ੍ਰੋਗਰਾਮ ਬੱਚੇ ਹਰਮਨ ਸਿੰਘ ਜੀ ਦੇ ਘਰ ਸੀ ਤੇ ਦੁਪਹਿਰ ਵੇਲੇ ਭਾਈ ਮਹਿੰਦਰ ਸਿੰਘ ਜੀ ਦੇ ਘਰ ਸੀ। ਦੋਨਾਂ ਘਰਾਂ ਵਿੱਚ ਸਬਦਾਂ ਦੀਆਂ ਵਿਚਾਰਾਂ ਹੋਈਆਂ।

ਭਾਈ ਮਹਿੰਦਰ ਸਿੰਘ ਜੀ ਦੇ ਘਰ ਭਾਈ ਗੁਰਦੇਵ ਸਿੰਘ ਜੀ, ਵੀਰ ਪ੍ਰਭਜੀਤ ਸਿੰਘ ਜੀ ਧਵਨ, ਵੀਰ ਰਤਨ ਸਿੰਘ ਤੇ ਛੋਟਾ ਵੀਰ ਸੁਖਦੇਵ ਸਿੰਘ ਜੀ ਮਿਸ਼ਨਰੀ ਤੇ ਹੋਰ ਬਹੁਤ ਸਾਰੇ ਪਰਵਾਰ ਇਕੱਠੇ ਹੋਏ ਸਨ। ਲੰਗਰ ਛੱਕਣ ਉਪਰੰਤ ਬਹੁਤ ਸਾਰੇ ਸੁਆਲਾਂ ਦੇ ਜੁਆਬ ਦਿੱਤੇ ਗਏ।

ਇਹਨਾਂ ਸਾਰਿਆਂ ਪਰਵਾਰਾਂ ਵਿੱਚ ਇੱਕ ਉਹ ਪਰਵਾਰ ਵੀ ਆਇਆ ਹੋਇਆ ਸੀ ਜਿਹੜਾ ਕਿਸੇ ਸਾਧ ਪਾਸੋਂ ਸੱਜਰੀ ਛਿੱਲ ਲੁਹਾ ਕੇ ਆਇਆ ਸੀ। ਮੇਰਾ ਚਿੱਤ ਕਰੇ ਕਿ ਆਏ ਪਰਵਾਰ ਦੇ ਬੱਚੇ ਨੂੰ ਪੁੱਛਾਂ ਕਿ ਆਹ ਗੁੱਟ ਦੇ ਨਾਲ ਲਾਲ ਧਾਗਾ ਤੇ ਨਗ ਵਾਲੀ ਮੁੰਦਰੀ ਕਿਉਂ ਪਾਈ ਹੋਈ ਈ ਊ, ਪਰ ਮੇਰਾ ਚਿੱਤ ਜੇਹਾ ਨਾ ਕਰੇ ਕੇ ਪੁੱਛਾਂ। ਗੱਲਾਂ ਬਾਤਾਂ ਕਰਦਿਆਂ ਆਖ਼ਰ ਮੈਂ ਉਸ ਨੌਜਵਾਨ ਨੂੰ ਪੁੱਛ ਹੀ ਲਿਆ, ਕਿ ‘ਬੱਚੇ ਤੇਰਾ ਕੱਦ ਘੱਟ ਤੋਂ ਘੱਟ ਛੇ ਫੁੱਟ ਹੈ ਤੂੰ ਡਰਦਾ ਬਹੁਤ ਜ਼ਿਆਦਾ ਏਂ`। ਉਹ ਕਹਿੰਦਾ, ਕਿ ‘ਨਹੀਂ ਜੀ ਮੈਂ ਤੇ ਡਰਦਾ ਨਹੀਂ ਹਾਂ`। ਮੈਂ ਕਿਹਾ, ‘ਜੇ ਡਰਦਾ ਨਹੀਂ ਤਾਂ ਆ ਲਾਲ ਧਾਗਾ ਤੇ ਸੱਜੇ ਹੱਥ ਦੀ ਪਹਿਲੀ ਉਂਗਲ਼ ਵਿੱਚ ਨਗ ਵਾਲੀ ਮੁੰਦਰੀ ਕਿਉਂ ਪਾਈ ਹੋਈ ਊ`। ਉਹ ਬਣਾ ਸਵਾਰ ਕੇ ਕਹਿੰਦਾ, ਕਿ ‘ਜੀ ਇਹ ਤੇ ਰੱਖੜੀ ਹੈ`। ਮੈਂ ਕਿਹਾ, ‘ਹੁਣ `ਤੇ ਅਗਲੇ ਸਾਲ ਵਾਲੀ ਰੱਖੜੀ ਆ ਰਹੀ ਹੈ ਤੂੰ ਅਜੇ ਵੀ ਪਿੱਛਲੇ ਸਾਲ ਵਾਲੀ ਬੰਨ੍ਹੀ ਬੈਠਾ ਏਂ`? ਨੌਜਵਾਨ ਨੇ ਕੋਈ ਹੋਰ ਤਰਕ ਕਰਨਾ ਮੁਨਾਸਬ ਨਾ ਸਮਝਿਆ ਤੇ ਡੋਲ ਹੀ ਰੱਖੜੀ ਖੋਹਲ ਦਿੱਤੀ। ਬਹੁਤੀ ਵਾਰੀ ਬੰਦਾ ਆਪਣੀ ਹੱਤਕ ਮਹਿਸੂਸ ਕਰਦਿਆਂ ਗਲਤ ਗੱਲ ਨੂੰ ਠੀਕ ਕਰਨ ਲਈ ਤਰਕ ਜਈ ਜਾਂਦਾ ਹੈ। ਪਰ ਮੁੰਦਰੀ ਲਾਹੁੰਣ ਤੋਂ ਅਜੇ ਆਨਾ ਕਾਨੀ ਕਰ ਰਿਹਾ ਸੀ। ਸਾਰੀਆਂ ਵਿਚਾਰਾਂ ਨੂੰ ਲੜਕੇ ਦੇ ਮਾਤਾ ਜੀ ਬਹੁਤ ਧਿਆਨ ਨਾਲ ਸੁਣ ਰਹੇ ਸਨ। ਆਪਣੀ ਚੁੱਪ ਨੂੰ ਤੋੜਦਿਆਂ ਹੋਇਆਂ ਬੱਚੇ ਦੇ ਮਾਤਾ ਜੀ ਕਹਿਣ ਲੱਗੇ, ਕਿ “ਵੀਰ ਇਹ ਬਿਮਾਰ ਬਹੁਤ ਰਹਿੰਦਾ ਸੀ। ਇਹ ਮੁੰਦਰੀ ਅਸੀਂ ਕਿਸੇ ਸਿਆਣੇ ਨੂੰ ਪੁੱਛ ਕੇ ਪਾਈ ਹੋਈ ਹੈ ਤੇ ਫਿਰ ਭੈਣ ਜੀ ਨੇ ਮੁੰਦਰੀ ਦਾ ਪੂਰਾ ਇਤਿਹਾਸ ਸੁਣਾ ਦਿਤਾ। ਫਿਰ ਆਪਣੇ ਹੀ ਮਨ ਵਿੱਚ ਪਾਲ਼ੇ ਹੋਏ ਕਈ ਸ਼ੱਕ ਵੀ ਸੁਣਾ ਦਿੱਤੇ ਤੇ ਮੁੰਦਰੀ ਦੇ ਕਈ ਉਤਰਾ ਚੜ੍ਹਾ ਵੀ ਦੱਸੇ। ਮੁੰਦਰੀ ਨਾ ਪਉਣ ਕਰਕੇ ਘਰੇਲੂ ਨੁਕਸਾਨ ਵੀ ਹੋ ਸਕਦੇ ਹਨ। ਕਾਰੋਬਾਰ ਵਿੱਚ ਘਾਟਾ ਵੀ ਪੈ ਸਕਦਾ ਹੈ”। ਇਹ ਵਹਿਮ ਉਹਨਾਂ ਦੇ ਧੁਰ ਤੀਕ ਵੱਸਿਆ ਹੋਇਆ ਸੀ।

ਭੈਣ ਜੀ ਪੂਰੇ ਵਹਿਮ ਵਿੱਚ ਵਿਚਰ ਰਹੇ ਸਨ। ਮੈਨੂੰ ਇੰਜ ਲੱਗ ਰਿਹਾ ਸੀ ਕਿ ਇਹਨਾਂ ਨੇ ਆਪਣੇ ਜੀਵਨ ਵਿੱਚ ਕਦੇ ਵੀ ਗੁਰਮਤ ਨਾਲ ਸਾਂਝ ਪਾਉਣ ਦਾ ਯਤਨ ਨਹੀਂ ਕੀਤਾ। ਅੱਜ ਭੈਣ ਜੀ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਵਾਕਿਆ ਹੀ ਗੁਰੂ ਨਾਨਕ ਸਾਹਿਬ ਜੀ ਦਾ ਦਰਸਾਇਆ ਮਾਰਗ ਬਹੁਤ ਹੀ ਸਰਲ ਤੇ ਸਿੱਧਾ ਸਾਦਾ ਹੈ। ਪਾਣੀ ਦਾ ਦਬਾ ਵੱਧ ਜਾਏ ਤਾਂ ਮਾੜਾ ਪਾਈਪ ਕਿਤੋਂ ਨਾ ਕਿਤੋਂ ਜ਼ਰੂਰ ਫੱਟ ਜਾਂਦਾ ਹੈ। ਇੰਜ ਹੀ ਭੈਣ ਜੀ ਨੇ ਆਪਣੇ ਨਾਲ ਬੀਤੀਆਂ ਕਈ ਕਥਾ ਕਹਾਣੀਆਂ ਸੁਣਾਈਆਂ। ਉਂਜ ਭੈਣ ਜੀ ਇਸ ਵਹਿਮ ਵਿਚੋਂ ਬਾਹਰਾ ਆਉਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਆਪਣਿਆਂ ਵਹਿਮਾਂ ਨੂੰ ਠੀਕ ਕਰਨ ਲਈ ਉਹ ਹਮੇਸ਼ਾਂ ਕਿਸੇ ਨਾ ਕਿਸੇ ਉਪਾਅ ਵਿੱਚ ਲੱਗੇ ਰਹਿੰਦੇ ਜਾਪ ਰਹੇ ਸੀ।

ਤਾਜ਼ਾ ਘਟਨਾ ਪਰਵਾਰ ਦੀ ਬਹੁਤ ਹੀ ਰੌਚਕ ਸੀ। ਭੈਣ ਜੀ ਕਹਿੰਦੇ, ਕਿ ‘ਸਾਡੇ ਘਰ ਵਿੱਚ ਹਮੇਸ਼ਾਂ ਹੀ ਸਾਧਾਂ ਸੰਤਾਂ ਦੀ ਮਾਨਤਾ ਰਹੀ ਹੈ। ਸਾਨੂੰ ਪੂਰਾ ਯਕੀਨ ਸੀ ਕਿ ਸਾਡੇ ਘਰ ਵਿੱਚ ਕਿਸੇ ਨੇ ਕੁੱਝ ਕੀਤਾ ਹੋਇਆ ਹੈ। ਇਸ ਲਈ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਤੇ ਬਿਮਾਰੀ ਰਹਿੰਦੀ ਹੈ। ਮੇਰੀ ਨਿਗ੍ਹਾ ਘਟ ਗਈ ਹੈ ਪਰ ਨਾਲ ਹੀ ਉਹਨਾਂ ਦੱਸਿਆ ਕਿ ਮੈਨੂੰ ਸ਼ੂਗਰ ਵੀ ਬਹੁਤ ਹੈ। ਸਾਨੂੰ ਕਿਸੇ ਨੇ ਦੱਸਿਆ ਕਿ ਪਠਾਨ ਕੋਟ ਲਾਗੇ ਇੱਕ ਸਿਆਣਾ ਰਹਿੰਦਾ ਹੈ ਉਸ ਪਾਸ ਹਰ ਬਿਮਾਰੀ ਦਾ ਇਲਾਜ ਹੈ ਤੇ ਉਹ ਉਪਾਅ ਕਰ ਸਕਦਾ ਹੈ। ਅਸੀਂ ਵੀ ਉਸ ਸਾਧ ਤਾਂਈ ਪੂਰੀ ਪਹੁੰਚ ਕੀਤੀ। ਪਹਿਲਾਂ ਤਾਂ ਉਹ ਰਾਜ਼ੀ ਨਾ ਹੋਇਆ, ਕਿਉਂਕਿ ਉਸ ਨੇ ਕਿਹਾ ਸੀ ਕਿ ਤੁਸੀਂ ਏੰਨ੍ਹਾ ਖਰਚਾ ਨਹੀਂ ਕਰ ਸਕਦੇ। ਫਿਰ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਖਰਚਾ ਕਰ ਲਵਾਂਗੇ। ਸਾਨੂੰ ਉਸ ਨੇ ਖਰਚੇ ਲਈ ਮਾਨਸਕ ਤੌਰ `ਤੇ ਤਿਆਰ ਕਰ ਲਿਆ।

ਦਸ ਹਜ਼ਾਰ ਤਾਂ ਸਾਡੇ ਪਾਸੋਂ ਪਹਿਲਾਂ ਹੀ ਲੈ ਲਿਆ। ਸਮਾਂ ਤਹਿ ਕੀਤਾ ਗਿਆ ਕਿ ਕਦੋਂ ਉਹ ਸਾਡੇ ਘਰ ਆਉਣਗੇ। ਬਾਬਾ ਜੀ ਸਾਡੇ ਘਰ ਪਹੁੰਚ ਗਏ। ਬਾਬਾ ਜੀ ਨੇ ਆਉਂਦਿਆਂ ਹੀ ਇੱਕ ਪਰਾਤ ਮੰਗਵਾਈ ਜ਼ਮੀਨ `ਤੇ ਮੂਧੀ ਮਾਰਤੀ। ਸਾਨੂੰ ਕਹਿਣ ਲੱਗਾ ਕਿ ਤੁਸੀਂ ਸਾਰੇ ਬਾਹਰ ਚਲੇ ਜਾਓ ਕਿਉਂ ਕਿ ਕੰਮ ਬਹੁਤ ਹੀ ਖਤਰੇ ਵਾਲਾ ਹੈ। ਜਦੋਂ ਮੈਂ ਕਹਾਂਗਾ ਓਦੋਂ ਹੀ ਤੁਸੀਂ ਅੰਦਰ ਆਉਣਾ ਹੈ। ਅਸੀਂ ਘਰ ਤੋਂ ਬਾਹਰ ਵਲ ਨੂੰ ਮੂੰਹ ਕਰਕੇ ਖਲੋ ਗਏ। ਕੁੱਝ ਸਮੇਂ ਉਪਰੰਤ ਸਾਨੂੰ ਘਰ ਅੰਦਰ ਬੁਲਾਇਆ ਗਿਆ ਤੇ ਦੱਸਿਆ ਗਿਆ ਕੇ ਕਾਲਾ ਨਾਗ ਤਾਂ ਅਸਾਂ ਫੜ ਲਿਆ ਲਿਆ ਹੈ ਪਰ ਇਸ ਦੀ ਘਰ ਵਾਲੀ ਕਾਲ਼ੀ ਨਾਗਨੀ ਨਹੀਂ ਫੜੀ ਗਈ। ਹੋ ਸਕਦਾ ਹੈ ਇਹ ਇਹਦੀ ਘਰਵਾਲੀ ਕਾਲ਼ੀ ਨਾਗਨੀ ਸਾਡੇ ਡੇਰੇ ਹੀ ਪਹੁੰਚੀ ਹੋਵੇ। ਉਹ ਅਜੇ ਸਾਡੇ ਕਾਬੂ ਨਹੀਂ ਆਈ। ਹੁਣ ਤੁਸੀਂ ਫਟਾ ਫੱਟ ਇੱਕ ਚਾਂਦੀ, ਇੱਕ ਤਾਂਬੇ ਤੇ ਸੋਨੇ ਦਾ ਦੋ ਤੋਲੇ ਦੇ ਫੋਰਨ ਸੱਪ ਬਣਾ ਲਿਆਓ। ਅਸਾਂ ਓਸੇ ਵੇਲੇ ਹੀ ਬਜ਼ਾਰੋਂ ਧਾਤਾਂ ਦੇ ਬਣੇ ਹੋਏ ਸੱਪ ਖਰੀਦਣੇ ਸ਼ੁਰੂ ਕੀਤੇ। ਪਤਾ ਲੱਗਿਆ ਕਿ ਦੋ ਤੋਲੇ ਦਾ ਸੱਪ ਲਗ ਪਗ ਪੰਚਤਾਲ੍ਹੀ ਹਜ਼ਾਰ ਦਾ ਬਣੇਗਾ ਤੇ ਬਾਕੀ ਸੱਪਾਂ ਦਾ ਵੱਖਰਾ ਖਰਚਾ ਆਏਗਾ। ਮਰਦਾ ਕੀ ਨਾ ਕਰਦਾ ਅਸੀਂ ਬਹੁਤ ਡਰੇ ਹੋਏ ਸੀ। ਸਾਰੇ ਹੀ ਸੱਪਾਂ ਦਾ ਪ੍ਰਬੰਧ ਕਰ ਲਿਆ। ਬਾਬੇ ਨੇ ਸੱਪ ਵਾਲੀ ਗੁਥਲੀ ਵਿੱਚ ਬਾਕੀ ਧਾਤਾਂ ਦੇ ਬਣੇ ਹੋਏ ਸੱਪ ਪਾ ਲਏ।

ਹੁਣ ਬਾਬੇ ਨੇ ਨਵਾਂ ਫਰਮਾਣ ਕੀਤਾ ਕੀਤਾ ਕੇ ਤੁਸੀਂ ਬਾਹਰ ਨੂੰ ਮੂੰਹ ਕਰਕੇ ਦਰਵਾਜ਼ੇ ਵਿੱਚ ਖਲੋਣਾ ਤੇ ਤੁਹਾਡੇ ਮੂੰਹ ਤੇ ਪਾਣੀ ਦੇ ਛੱਟੇ ਮਾਰੇ ਜਾਣ ਪਰ ਤੁਸਾਂ ਘਰ ਵਲ ਨੂੰ ਦੇਖਣਾ ਨਹੀਂ ਹੈ, ਜੇ ਦੇਖਿਆ ਗਿਆ ਤਾਂ ਨਿਗ੍ਹਾ ਠੀਕ ਨਹੀਂ ਹੋਣੀ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਹੋਏਗੀ। ਭੈਣ ਜੀ ਕਹਿੰਦੇ ਕਿ ਜਦੋਂ ਮੈਂ ਬਾਹਰ ਜਾਣ ਲੱਗੀ ਤਾਂ ਬਾਬੇ ਦੇ ਕੋਲ ਰੱਖੇ ਹੋਏ ਡੱਬੇ ਵਿੱਚ ਇੱਕ ਹੋਰ ਕਾਲੇ ਰੰਗ ਦੀ ਗੁਥਲੀ ਪਈ ਹੋਈ ਸੀ ਜੋ ਮੈਂ ਦੇਖ ਲਈ। ਬਾਬੇ ਨੇ ਏੱਥੇ ਫਿਰ ਘਾਲਾ ਮਾਲ਼ਾ ਕਰਦਿਆਂ ਗੁਥਲੀ ਬਦਲਾ ਲਈ। ਅਸੀਂ ਸਮਝ ਤਾਂ ਗਏ ਪਰ ਬੋਲੇ ਕੁੱਝ ਨਾ ਕਿ ਕਿਤੇ ਸਾਡਾ ਕੋਈ ਕੰਮ ਹੀ ਨਾ ਖਰਾਬ ਹੋ ਜਾਏ। ਉਂਝ ਸਾਨੂੰ ਉਸ ਦੇ ਝੁਠ ਦਾ ਪਰਦਾ ਹੱਠਦਾ ਦਿਖਾਈ ਦੇਣ ਲੱਗ ਪਿਆ ਸੀ। ਖੈਰ ਸੱਪਾਂ ਵਾਲੀ ਗੁਥਲੀ ਬਾਬੇ ਨੇ ਰੱਖ ਲਈ ਤੇ ਦੂਜੀ ਗੁਥਲੀ ਭੁਲੇਖਾ ਪਉਣ ਲਈ ਸਾਨੂੰ ਦੇ ਦਿੱਤੀ ਤੇ ਕਿਹਾ ਕਿ ਇਹ ਗੁਥਲੀ ਤੁਸੀਂ ਆਪ ਮੇਰੇ ਡੇਰੇ ਲੈ ਕੇ ਆਉਣੀ ਹੈ। ਤੇ ਓੱਥੇ ਹੀ ਗੁਥਲੀ ਤਾਰਨੀ ਹੈ। ਉਸ ਗੁਥਲੀ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਸਮਝਾਈਆਂ ਕਿ ਇਸ ਨੂੰ ਤੁਸਾਂ ਖੋਹਲ ਕੇ ਦੇਖਣਾ ਨਹੀਂ ਹੈ। ਜਦ ਤੁਸੀਂ ਲੈ ਕੇ ਆਓ ਤਾਂ ਰਸਤੇ ਵਿੱਚ ਆਉਂਦਿਆਂ ਆਪਸ ਵਿੱਚ ਤੁਸਾਂ ਕੋਈ ਗੱਲ ਨਹੀਂ ਕਰਨੀ। ਕਿਸੇ ਹੋਰ ਪਰਵਾਰ ਨਾਲ ਵੀ ਕੋਈ ਅਜੇਹੀ ਗੱਲ ਨਹੀਂ ਕਰਨੀ ਜਿਸ ਨਾਲ ਤੁਹਾਡਾ ਬਣਿਆ ਹੋਇਆ ਕੰਮ ਵਿਚੇ ਹੀ ਰਹਿ ਜਾਏ।

ਬਾਬੇ ਦੀ ਦੱਸੀ ਹੋਈ ਜੁਗਤੀ ਅਨੁਸਾਰ ਅਸੀਂ ਜਦ ਉਸ ਦੇ ਡੇਰੇ ਵਿੱਚ ਗੁਥਲੀ ਲੈ ਕੇ ਗਏ ਤਾਂ ਅੱਗੋਂ ਉਹਦਾ ਲੜਕਾ ਮਿਲ ਗਿਆ ਅਸੀਂ ਬਹੁਤ ਹੀ ਸਲੀਕੇ ਨਾਲ ਪੁੱਛਿਆ ਕਿ ਇਹ ਗੁਥਲੀ ਕਿਦਾਂ ਤਾਰਨੀ ਹੈ ਤਾਂ ਉਹਦਾ ਮੁੰਡਾ ਬਣ ਸਵਾਰ ਕੇ ਕਹਿੰਦਾ ਕਿ ਇਸ ਗੁੱਥਲੀ ਵਿੱਚ ਹੁਣ ਹੈ ਕੀ ਏ ਪਰਾਂ ਸੁੱਟੋ ਜਿੱਥੇ ਬਾਕੀ ਗੰਦ ਪਿਆ ਹੈ ਓੱਥੇ ਇਹ ਵੀ ਪਈ ਰਹੇਗੀ। ਵਾਕਿਆ ਹੀ ਅਸੀਂ ਦੇਖਿਆ ਕਿ ਗੰਦੀ ਜੇਹੀ ਛੱਪੜੀ ਵਿੱਚ ਹੋਰ ਵੀ ਕਈ ਲੀਰ ਪਰਾਂਦਾ ਪਿਆ ਹੋਇਆ ਸੀ। ਹੁਣ ਸਾਨੂੰ ਪੂਰੀ ਸਮਝ ਆ ਗਈ ਕਿ ਅਸੀਂ ਬਾਬੇ ਦੀ ਲੁੱਟ ਦਾ ਹੀ ਸ਼ਿਕਾਰ ਹੋਏ ਹਾਂ।

ਨਿਗ੍ਹਾ ਤਾਂ ਕੀ ਠੀਕ ਹੋਣੀ ਸੀ ਪਰ ਜਦੋਂ ਅਸੀਂ ਘਰ ਆਏ ਤਾਂ ਹਿਸਾਬ ਕਿਤਾਬ ਕਰਨ `ਤੇ ਪਤਾ ਲੱਗਿਆ ਕਿ ਅਸੀਂ ਪੂਰੇ ਪੈਂਹਠ ਹਜ਼ਾਰ ਖਰਚ ਕਰ ਲਿਆ ਹੈ ਪਰ ਅੱਖਾਂ ਨੂੰ ਅਰਾਮ ਕੌਡੀ ਭਰ ਨਹੀਂ ਆਇਆ। ਵਿਚਾਰਾਂ ਤਾਂ ਲੰਬੀਆਂ ਚੌੜੀਆਂ ਹੋਈਆਂ ਸੀ ਕਿ ਅਖੀਰ ਇਹ ਗੱਲ ਭੈਣ ਜੀ ਹੁਰਾਂ ਨੂੰ ਸਮਝ ਆ ਗਈ ਕਿ ਧਰਮ ਦੇ ਨਾਂ `ਤੇ ਨਿਰ੍ਹੀਆਂ ਠੱਗੀਆਂ ਹੀ ਹਨ। ਭੈਣ ਜੀ ਹੁਰਾਂ ਨੂੰ ਸਮਝਾਇਆ ਗਿਆ, ਕਿ ਭੈਣ ਜੀ ਸ਼ੂਗਰ ਦੀ ਬਿਮਾਰੀ ਅਜੇਹੇ ਜਾਦੂ ਟੂਣਿਆਂ ਨਾਲ ਨਹੀਂ ਠੀਕ ਹੁੰਦੀ ਇਹ ਤੇ ਕਿਸੇ ਚੰਗੇ ਡਾਕਟਰ ਦੀਆਂ ਨੇਕ ਸਲਾਹਾਂ, ਉਸ ਦੀ ਦੱਸੀ ਦਵਾਈ ਨਾਲ ਤੇ ਪ੍ਰਹੇਜ਼ ਨਾਲ ਹੀ ਸ਼ੂਗਰ ਠੀਕ ਹੋਣੀ ਹੈ। ਲੁਟੇਰਿਆਂ ਨੂੰ ਦਾਨ ਪੁੰਨ ਕਰਨ ਨਾਲ ਕਦੇ ਬੀਮਾਰੀਆਂ ਠੀਕ ਨਹੀਂ ਹੁੰਦੀਆਂ। ਭੈਣ ਜੀ ਨੂੰ ਸਮਝਾਇਆ ਗਿਆ ਕਿ ਤੁਹਾਡੇ ਗਏ ਹੋਏ ਪੈਸੇ ਵੀ ਵਾਪਸ ਹੋ ਸਕਦੇ ਹਨ ਜੇ ਕਰ ਤੁਸੀਂ ਉੱਦਮ ਕਰੋਗੇ ਤਾਂ। ਦੂਸਰੀ ਗੱਲ ਕਿ ਸਭ ਤੋਂ ਪਹਿਲਾਂ ਤੂਹਾਨੂੰ ਮਾਨਸਕ ਤੌਰ `ਤੇ ਤਿਆਰ ਹੋਣਾ ਪਏਗਾ। ਇਹਨਾਂ ਲੋਟੂ ਦੇ ਲੋਟੇ ਤੋਂ ਖਹਿੜਾ ਛਡਾਉਣ ਲਈ।

ਇਕ ਨਹੀਂ ਦੋ ਨਹੀਂ ਅਨੇਕਾਂ ਹੀ ਪਰਵਾਰ ਅਜੇਹੇ ਜੁਗਾੜੀ ਸੰਤਾਂ ਦੇ ਢਹੇ ਚੜ੍ਹ ਕੇ ਆਪਣਾ ਆਰਥਕ ਪੱਖ ਬਰਬਾਦ ਕਰਵਾ ਚੁੱਕੇ ਹਨ। ਕਈ ਥਾਈਂ ਤਾਂ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਅਜੇਹੇ ਕਸਾਧੜਿਆਂ ਨੇ ਆਪਣਾ ਵੱਖਰੀ ਕਿਸਮ ਦਾ ਨੈਟ ਵਰਕ ਬਣਾਇਆ ਹੁੰਦਾ ਹੈ। ਇਹਨਾਂ ਦੀ ਸਰਕਾਰੇ ਦਰਬਾਰੇ ਵੀ ਪੂਰੀ ਪਹੁੰਚ ਹੁੰਦੀ ਹੈ। ਆਮ ਲੋਕ ਲੁਟੇ ਜਾਣ ਦੇ ਬਾਵਜੂਦ ਵੀ ਅਵਾਜ਼ ਨਹੀਂ ਉਠਾਉਂਦੇ ਕਿ ਕਿਤੇ ਸਾਡਾ ਹੋਰ ਵੀ ਨੁਕਸਾਨ ਨਾ ਕਰਾ ਦੇਣ।

ਪ੍ਰਿੰ. ਗੁਰਬਚਨ ਸਿੰਘ ਪੰਨੂਵਾਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top