Share on Facebook

Main News Page

"ਫੇਸਬੁਕ" ਤੇ "ਅਣਖੀ" ਦੀ ਦੁਕਾਨ

ਇਕ ਵਾਰ "ਅਣਖੀ" ਨੇ ਅਪਨੀ ਕਿਰਤ ਕਮਾਈ ਕਰਨ ਲਈ "ਸਮੋਸੇ" ਵੇਚਣ ਦੀ ਦੁਕਾਨ ਖੋਲ ਲਈ। ਉਸ ਦੁਕਾਨ ਉਤੇ ਇਕ ਸਾਈਨ ਬੋਰਡ ਲਾਇਆ "ਯਹਾਂ ਗਰਮ ਸਮੋਸੇ ਬਿਕਤੇ ਹੈ"। ਲੱਤਾਂ ਖਿਚਣ ਵਾਲੇ ਤੇ ਬੇਲੋੜੀ ਅਾਲੋਚਨਾਂ ਕਰਕੇ ਦਿਮਾਗ ਖਰਾਬ ਕਰਨ ਵਾਲੇ ਅਤੇ ਵਿਘਣ ਪਾਉਣ ਵਾਲੇ ਬਹੁਤ ਹੁੰਦੇ ਹਨ। (ਇਹ ਫੇਸ ਬੁਕ ਤਾਂ ਉਨ੍ਹਾਂ ਨਾਲ ਭਰਿਆ ਹੋਇਆ ਹੈ)। ਖੈਰ ,ਉਸ ਦੇ ਸਮੋਸੇ ਬਹੁਤ ਜੋਰ ਸ਼ੋਰ ਨਾਲ ਵਿਕਣ ਲਗੇ। ਇਹ ਉਨਾਂ "ਏਲਿਅਨਸ" ਨੂੰ ਰਾਸ ਨਹੀਂ ਆਇਆ। ਇਕ ਆਇਆ, ਬੋਲਿਆ -"ਉਏ ਮੂਰਖਾ! ਤੂੰ ਸਾਈਨ ਬੋਰਡ ਤੇ ਲਿਖਿਆ ਹੈ "ਯਹਾਂ ਗਰਮ ਸਮੋਸੇ ਬਿਕਤੇ ਹੈਂ"। "ਯਹਾਂ" ਤਾਂ ਤੂੰ ਵੇਚ ਹੀ ਰਿਹਾ ਹੈਂ, ਕੋਈ ਮਦਰਾਸ ਵਿਚ ਥੋੜੀ ਹੀ ਵਿਕਦੇ ਨੇ। ਅਣਖੀ ਸੋਚਨ ਲੱਗਾ, ਯਾਰ ਗਲ ਤਾਂ ਸਹੀ ਕਹਿ ਰਿਹਾ ਹੈ। ਸ਼ਾਮ ਨੂੰ ਉਸ ਨੇ "ਯਹਾਂ" ਸ਼ਬਦ ਉਸ ਸਾਈਨ ਬੋਰਡ ਤੋਂ ਕਟ ਦਿਤਾ। ਹੁਣ ਰਹਿ ਗਇਆ "ਗਰਮ ਸਮੋਸੇ ਬਿਕਤੇ ਹੈ"। ਦੂਜੇ ਦਿਨ ਇਕ ਹੋਰ "ਏਲਿਅਨ" ਆਇਆ ਕਹਿਣ ਲੱਗਾ- "ਉਏ ਮੂਰਖਾ! ਭੱਠੀ ਲਾਈ ਆ, ਗਰਮਾ ਗਰਮ ਕੱਢ ਰਿਹਾ ਹੈਂ, ਕੋਈ ਠੰਡੇ ਕਿਉਂ ਖਾਏਗਾ? "ਇਹ ਲਿਖਣ ਦੀ ਕੀ ਲੋੜ ਹੈ "ਗਰਮ ਸਮੋਸੇ ਬਿਕਤੇ ਹੈ"। ਅਣਖੀ ਇਹ ਸੋਚਣ ਲਗਾ ਯਾਰ ਗਲ ਤਾਂ ਸਹੀ ਕਹਿੰਦਾ ਹੈ। ਉਸ ਨੇ "ਗਰਮ" ਸ਼ਬਦ ਮਿਟਾ ਦਿਤਾ। ਹੁਣ ਰਹਿ ਗਇਆ "ਸਮੋਸੇ ਬਿਕਤੇ ਹੈਂ"। ਕੁੱਝ ਦਿਨ ਬਾਦ ਇਕ ਹੋਰ "ਏਲਿਅਨ" ਆਇਆ ਕਹਿਣ ਲੱਗਾ "ਮੂਰਖਾ! ਸਾਰਿਆਂ ਨੂੰ ਦਿਸਦਾ ਹੈ ਕਿ ਤੂੰ ਸਮੋਸੇ ਵੇਚ ਰਿਹਾ ਹੈ, ਕੋਈ ਤੂੰ ਜਲੇਬੀਆਂ ਤਾਂ ਵੇਚ ਨਹੀਂ ਰਿਹਾ"। ਅਣਖੀ ਸੋਚਣ ਲੱਗਾ -ਯਾਰ ਗਲ ਤਾਂ ਸਹੀ ਕਹਿ ਰਿਹਾ ਹੈ, ਜਦੋਂ ਮੈਂ ਸਮੋਸੇ ਵੇਚ ਰਿਹਾ ਹਾਂ, ਤੇ ਇਹ ਲਿਖਣ ਦੀ ਕੀ ਲੋੜ ਹੈ ਕਿ "ਸਮੋਸੇ ਬਿਕਤੇ ਹੈ"। ਉਸਨੇ "ਸਮੋਸੇ" ਸ਼ਬਦ ਹਟਾ ਦਿੱਤਾ। ਹੁਣ ਰਹਿ ਗਇਆ "ਬਿਕਤੇ ਹੈਂ"। ਹੁਣ ਜਿਹੜਾ ਗ੍ਰਾਹਕ ਆਵੇ, ਉਹ ਉਸ ਦੇ ਸਾਈਨ ਬੋਰਡ ਨੂੰ ਵੇਖ ਕੇ ਹੱਸੇ ਤੇ ਟਿੱਚਰਾਂ ਕਰੇ। ਅਣਖੀ ਆਪਣਾਂ ਸਾਰਾ "Confidence" ਖੋ ਚੁਕਾ ਸੀ। ਤੇ ਇਨਾਂ ਬੌਖਲਾ ਗਿਆ ਸੀ ਕਿ ਉਸ ਨੇ ਗੁੱਸੇ ਵਿਚ ਆਕੇ, ਉਹ ਸਾਈਨ ਬੋਰਡ ਵੀ ਪੁੱਟ ਦਿਤਾ, ਤੇ ਅਾਪਣਾਂ ਸਾਰਾ ਚਲਦਾ ਚਲਾਉਂਦਾ ਕਾਰੋਬਾਰ ਬੰਦ ਕਰ ਦਿਤਾ।

ਇਹ ਸਾਰੀ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕੇ "ਫੇਸ ਬੁਕ" ਤੇ ਤੁਸੀਂ ਚੰਗਾ ਲਿਖੋ ਜਾਂ ਮਾੜਾ " ਉਨਹਾ "ਏਲਿਅਨਸ" ਨੇ ਤੁਹਾਨੂੰ ਖਲੋਣ ਨਹੀਂ ਦੇਣਾਂ। ਤੁਹਾਡੀ ਦੁਕਾਨ ਚੁਕਵਾ ਕੇ ਹੀ ਰਹਿਣੀ ਹੈ। ਜੇ ਕਿਸੇ ਬੰਦੇ ਦੀ ਆਲੋਚਨਾ ਕਰੋ ਤੇ ਕਹਿਣਗੇ "ਇਹ ਹਰ ਬੰਦੇ ਦੀ ਨਿੰਦਿਆ ਹੀ ਕਰਦੇ ਰਹਿੰਦੇ ਨੇ ,ਆਪ ਖੌਰੇ ਕਿੰਨੇ ਕੁ ਸਿਆਣੇ ਨੇ"। ਜੇ ਕਿਸੇ ਪੰਥ ਦਰਦੀ ਦੀ ਤਾਰੀਫ ਕਰ ਦਿਉ ਤੇ ਕਹਿਣਗੇ "ਚਾਪਲੂਸ ਨੇ, ਖੁਸ਼ਾਮਦ ਕਰਦੇ ਨੇ"। ਭਾਈ ਇਹ ਫੇਸਬੁਕ ਹੈ, "ਬੂਥਾਂ ਕਿਤਾਬ" (ਵੀਰ ਹਰਜਿੰਦਰ ਸਿੰਘ ਦਿਲਗੀਰ ਦੇ ਸ਼ਬਦਾਂ ਵਿਚ)। ਇਥੇ ਜੇ ਅਸੀਂ ਇਹ ਸੋਚ ਕੇ ਆਏ ਹਾਂ ਕੇ ਕੋਈ ਪ੍ਰਚਾਰ ਕਰ ਸਕਾਂਗੇ ਤੇ ਇਹ ਸਾਡਾ ਭੁਲੇਖਾ ਹੀ ਸਾਬਿਤ ਹੋਵੇਗਾ। ਕਿਉਂਕਿ 10,000 ਵਿੱਚ ਜੋ ਗੰਭੀਰ ਹਨ ਉਹ 200-300 ਹੀ ਹਨ ਬਾਕੀ ਤੇ ਮੌਜ ਮਸਤੀ ਤੇ ਸੈਰ ਸਪਾਟਾ ਕਰਨ ਹੀ ਆਏ ਹਨ। ਇਹ ਸੈਰ ਸਪਾਟਾ ਕਰਨ ਵਾਲੇ ਹਰ ਦੁਕਾਨ ਤੇ ਖਲੋ ਕੇ ਭਾਅ ਤੇ ਪੁਛਣਗੇ, ਤੁਹਾਡਾ ਬਣਾਇਆ ਖਾ ਖਾ ਕੇ ਉਸ ਵਿਚ ਨੁਕਸ ਵੀ ਕੱਢਣਗੇ, ਪਰ ਖਰੀਦਣਗੇ ਕੁੱਝ ਨਹੀਂ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top