Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀਆਂ ਲਗਾਂ-ਮਾਤਰਾਂ ਅਤੇ ਸ਼ਬਦ ਜੋੜ ਕਿਉਂ ਬਦਲੇ ਗਏ?

ਜੁਲਾਈ 2011 ਦੇ ਪਹਿਲੇ ਹਫਤੇ ਦੇਸ਼ੀ-ਵਿਦੇਸ਼ੀ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪੀ ਖਬਰ ਕਿ “ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੱਖਰ ਅਤੇ ਲਗਾਂ-ਮਾਤਰਾਂ ਬਦਲਣ ਦੀ ਕੋਝੀ ਸ਼ਾਜਸ਼” ਇਹ ਸਮੁੱਚੀ ਸਿੱਖ ਕੌਮ ਲਈ ਭਾਰੀ ਚਣੌਤੀ ਅਤੇ ਇਹ ਸਭ ਕੁਝ ਸ੍ਰੀ ਚੰਦ, ਪ੍ਰਿਥੀਚੰਦ, ਹਿੰਦਾਲੀਏ, ਰਾਮਰਾਈਏ, ਨਿਰੰਜਨੀਏਂ, ਨਕਲੀ ਨਿਰੰਕਾਰੀ, ਸੰਪ੍ਰਦਾਈ ਡੇਰੇਦਾਰ, ਲਾਲਚੀ ਤੇ ਵੋਟਨੀਤੀ ਦੇ ਗੁਲਾਮ ਲੀਡਰ ਅਤੇ ਆਰ.ਐੱਸ.ਐੱਸ. ਆਦਿਕ ਨਖਿਧ ਸੋਚ ਦੇ ਧਾਰਨੀਆਂ ਵੱਲੋਂ ਭਗਤਾਂ ਅਤੇ ਸਿੱਖ ਗੁਰੂਆਂ ਵੱਲੋਂ ਬਿਆਂਨ ਕੀਤੇ ਸੱਚ (ਗੁਰੂ ਗ੍ਰੰਥ ਸਾਹਿਬ ਦੀ ਬਾਣੀ) ਦੇ ਸੰਦੇਸ਼ ਨੂੰ ਦਬੌਣ ਲਈ ਕੀਤਾ ਜਾ ਰਿਹਾ ਹੈ। ਗੁਰਬਾਣੀ ਥੋਥੇ ਕਰਮਕਾਂਡਾਂ ਅਤੇ ਪਖੰਡਾਂ ਦਾ ਭਰਵਾਂ ਖੰਡਨ ਕਰਦੀ ਹੈ ਜਿਨ੍ਹਾਂ ਦੇ ਆਸਰੇ, ਆਂਮ ਜਨਤਾ ਨੂੰ ਲੁੱਟ ਕੇ ਇਨ੍ਹਾਂ ਦਾ ਹਲਵਾ ਮੰਡਾ ਚਲਦਾ ਹੈ। ਅਜਿਹੇ ਲੋਕਾਂ ਨੇ ਸੱਚੇ-ਸੁੱਚੇ ਭਗਤਾਂ ਦੇ ਅਸਲੀ ਉਪਦੇਸ਼ ਨੂੰ ਰੋਲਣ ਲਈ ਉਨ੍ਹਾਂ ਦੇ ਨਾਂ ਤੇ ਕੱਚੀ ਬਾਣੀ ਦੇ ਗ੍ਰੰਥ ਰਚੇ। ਇਹ ਤਾਂ ਬਾਬੇ ਨਾਨਕ ਸ਼ੇਰ ਮਰਦ ਦੀ ਹਿਮਤ ਹੈ ਕਿ ਉਨ੍ਹਾਂ ਨੇ ਭਗਤਾਂ ਜਾਂ ਉਨ੍ਹਾਂ ਦੇ ਜਾਂਨਸ਼ੀਨਾਂ ਕੋਲ ਪਹੁੰਚ ਕੇ, ਭਗਤਾਂ ਦੀ ਅਸਲੀ ਬਾਣੀ ਇਕੱਤਰ ਕੀਤੀ।

ਜਗਤ ਜਲੰਦੇ ਦਾ ੳਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਘਰ ਪ੍ਰਵਾਰ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਜਿੰਦਗੀ ਦਾ ਬਹੁੱਤ ਵੱਡਾ ਹਿਸਾ ਦੇਸ਼-ਵਿਦੇਸ਼ ਵਿੱਚ ਵਿਚਰ ਕੇ ਸੱਚ-ਧਰਮ ਦਾ ਪ੍ਰਚਾਰ ਕਰਨ ਅਤੇ ਉੱਚ ਜਾਤੀਆਂ ਵੱਲੋਂ ਲਿਤਾੜੇ ਲੋਕਾਂ ਦੀ ਬਾਂਹ ਫੜ ਕੇ, ਹੌਂਸਲਾਂ ਦਿੰਦੇ ਹੋਏ ਬਿਤਾਇਆ। ਇਸ ਲਈ ਉਹ ਆਪਣੇ ਪ੍ਰਵਾਰ ਲਈ ਬਹੁਤਾ ਸਮਾਂ ਨਾਂ ਦੇ ਸੱਕੇ। ਇਸ ਕਰਕੇ ਉਨ੍ਹਾਂ ਦਾ ਆਪਣਾਂ ਵੱਡਾ ਪੁੱਤ੍ਰ ਸ੍ਰੀ ਚੰਦ ਉਦਾਸੀਆਂ ਦੇ ਟੇਟੇ ਚੜ੍ਹ, ਬਾਗੀ ਹੋ, ਗੁਰੂ ਹੁਕਮਾਂ ਨੂੰ ਟਾਲਣ ਲੱਗ ਪਿਆ। ਇਸ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ-ਪੁਤ੍ਰੀਂ ਕਉਲ ਨਾ ਪਾਲਿਓ ਕਰਿ ਪੀਰਹੁ ਕਨ੍ਹ ਮੁਰਟੀਐ॥(967) ਦਾਤੂ ਨੇ ਗੁਰਤਾ ਦੇ ਲਾਲਚ ਵਿੱਚ ਗੁਰੂ ਅਮਰਦਾਸ ਨੂੰ ਲੱਤ ਕੱਢ ਮਾਰੀ, ਪ੍ਰਿਥੀ ਚੰਦ ਤੇ ਮਿਹਰਬਾਨ ਗੁਰੂ ਵਿਰੋਧੀਆਂ ਦੇ ਢਾਹੇ ਚੜ੍ਹ ਗੁਰੂ ਤੋਂ ਬਾਗੀ ਹੋ ਗਏ, ਨਕਲੀ ਬਾਣੀ ਲਿਖਣ ਅਤੇ ਨਕਲੀ ਸਰੋਵਰ ਅਤੇ ਦਰਬਾਰ ਉਸਾਰਣ ਲੱਗ ਪਏ, ਹਿੰਦਾਲੀਆਂ ਨੇ ਗੁਰ-ਇਤਿਹਾਸ ਪੁਰਾਤਨ ਜਨਮ ਸਾਖੀ ਆਦਿਕ ਵਿੱਚ ਮਨਮਤ ਦਾ ਰਲਾ ਕੀਤਾ।

ਬਾਬਾ ਰਾਮ ਰਾਏ ਨੇ ਤਾਂ ਔਰੰਗਜ਼ੇਬ ਦੀ ਦਿੱਲੀ ਸਰਕਾਰ ਵੱਲੋਂ ਦਿੱਤੇ ਜਗੀਰਾਂ ਦੇ ਲਾਲਚ ਵਿੱਚ ਗੁਰੂ ਨਾਨਕ ਸਾਹਿਬ ਦੀ ਇਲਾਹੀ ਬਾਣੀ ਦੀ ਤੁੱਕ ਹੀ ਬਦਲ ਕੇ ਰੱਖ ਦਿੱਤੀ, ਫਿਰ ਭਾਂਵੇਂ ਗੁਰੂ ਗੋਬਿੰਦ ਸਿੰਘ ਤੋਂ ਕੀਤੀ ਅਵੱਗਿਆ ਦੀ ਮੁਆਫੀ ਮੰਗ ਗਿਆ। ਧੀਰ ਮੱਲ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ੀਹੇਂ ਮਸੰਦ ਤੋਂ ਗੋਲੀ ਚਲਵਾ ਦਿੱਤੀ। ਵਡਭਾਗ ਸਿੰਘ ਗੁਰੂ ਘਰ ਤੋਂ ਬਾਗੀ ਹੋ ਪਹਾਂੜਾਂ ਵਿੱਚ ਡੇਰਾ ਬਣਾ ਕੇ ਭੂਤਾਂ-ਪ੍ਰੇਤਾਂ ਕੱਢਣ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਲੱਗ ਪਿਆ। ਨਾਮਧਾਰੀਆਂ ਨੇ ਬਾਬਾ ਬਲਾਕਾ ਸਿੰਘ ਨੂੰ ਗਿਆਰਵਾਂ ਗੁਰੂ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਅਤੇ ਗੁਰੂ ਗ੍ਰੰਥ ਦੇ ਸ਼ਰੀਕ ਬਣ ਗਏ। ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਲੜ ਲਾਉਂਦੇ ਹੁਕਮ ਕੀਤਾ ਸੀ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਨਾਮਧਾਰੀਆਂ ਤੋਂ ਬਾਅਦ ਏਕ ਤੋਂ ਅਨੇਕ ਵੰਨ-ਸੁਵੰਨੇ ਵਿਹਲੜ ਸਾਧ ਡੇਰਦਾਰੇ ਪੈਦਾ ਹੋ ਗਏ। ਉਦਾਸੀ ਅਤੇ ਨਿਰਮਲੇ ਜੋ ਕਾਸ਼ੀ ਤੋਂ ਪੜ੍ਹੇ ਹੋਣ ਕਰਕੇ, ਸਨਾਤਨੀ ਪ੍ਰਭਾਵ ਥੱਲੇ ਸਨ, ਸਨਾਤਨੀ ਗ੍ਰੰਥਾਂ ਦੀ, ਗੁਰੂ ਗ੍ਰੰਥ ਸਾਹਿਬ ਨਾਲ ਰਲ-ਗਡ ਕਰਕੇ ਕਥਾ ਕਰਨ ਲੱਗ ਪਏ, ਜਿਸ ਕਰਕੇ ਡੇਰਾਵਾਦ ਤੇ ਸੰਪ੍ਰਦਾਵਾਦ ਦਾ ਪ੍ਰਭਾਵ ਸਿੱਖ ਘਰਾਂ ਵਿੱਚ ਵੀ ਪੈ ਗਿਆ। ਫਿਰ ਕਿਤੇ ਜਾ ਕੇ ਸਿੰਘ ਸਭਾ ਲਹਿਰ ਨੇ ਇਸ ਪ੍ਰਚਾਰ ਨੂੰ ਠੱਲ੍ਹ ਪਾਈ ਪਰ ਸੰਤਾਂ, ਗ੍ਰੰਥੀਆਂ ਅਤੇ ਰਾਗੀਆਂ ਦੇ ਰੂਪ ਵਿੱਚ ਜੋ ਇਨ੍ਹਾਂ ਡੇਰਿਆਂ ਦੇ ਸਿਖਿਆਰਥੀ ਸਨ ਨੇ ਵੱਖਰੀਆਂ-ਵੱਖਰੀਆਂ ਮਰਯਾਦਾ ਗੁਰਦੁਆਰਿਆਂ ਵਿੱਚ ਚਲਾ ਲਈਆਂ, ਜੋ ਹੁਣ ਤੱਕ ਚੱਲ ਰਹੀਆਂ ਹਨ। ਅਜਿਹੇ ਡੇਰਾਵਾਦੀ-ਸੰਪ੍ਰਦਾਈ ਲੋਕਾਂ ਨੇ ਕੁਝ ਬ੍ਰਾਹਮਣਵਾਦ ਦਾ ਅਸਰ ਹੋਣ ਕਰਕੇ ਅਤੇ ਕੁਝ ਲਾਲਚ ਵੱਸ ਕਈ ਗ੍ਰੰਥ ਰਚੇ ਅਤੇ ਉਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਕਰਨ ਲੱਗ ਪਏ ਅਤੇ ਹੌਲੀ-ਹੌਲੀ ਉਨ੍ਹਾਂ ਗ੍ਰੰਥਾਂ ਨੂੰ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪ੍ਰਕਾਸ਼ ਕਰਨਾਂ ਸ਼ੁਰੂ ਕਰ ਦਿੱਤਾ। ਅੱਜ ਵੀ ਇਨ੍ਹਾਂ ਦੇ ਅਨੁਯਾਈ “ਸਿੱਖ ਰਹਿਤ ਮਰਯਾਦਾ” ਨੂੰ ਤਿਆਗ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ ਅਤੇ ਪੋਥੀਆਂ ਦਾ ਪ੍ਰਕਾਸ਼ ਕਰ ਰਹੇ ਹਨ। ਜੇ ਕੋਈ ਸਿੱਖ ਵਿਦਵਾਨ ਇਨ੍ਹਾਂ ਦੀਆਂ ਊਨਤਾਈਆਂ ਬਾਰੇ ਸਾਨੂੰ ਜਾਗ੍ਰਿਤ ਕਰਦਾ ਹੈ ਤਾਂ ਇਹ ਡੇਰੇਦਾਰ ਸਰਕਾਰ ਅਤੇ ਇਨ੍ਹਾਂ ਦੇ ਝੋਲੀ ਚੁੱਕ ਲੀਡਰਾਂ ਨਾਲ ਮਿਲ ਕੇ ਪਹਿਲੇ ਉਸ ਨੂੰ ਧਮਕੀਆਂ ਦਿੰਦੇ ਹਨ ਤੇ ਫੇਰ ਅਕਾਲ ਤਖਤ ਦੇ ਨਾਂ ਹੇਠ ਗਲਤ ਫੈਂਸਲਾ ਲੈ ਕੇ ਵਿਰੋਧੀਆਂ ਨੂੰ ਗੁੱਠੇ ਲਾਉਣ ਲਈ ਪੰਥ ਚੋਂ ਛੇਕ ਦਿੰਦੇ ਹਨ।

ਇਸ ਵੇਲੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਸੰਪ੍ਰਾਦਈ ਡੇਰੇਦਾਰ ਘੁਸੜ ਗਏ ਹਨ। ਗੁਰਦੁਆਰੇ ਜੋ ਸਿੱਖੀ ਦੇ ਸੋਮੇਂ ਸੰਨ ਨੂੰ ਇਨ੍ਹਾਂ ਲੋਕਾਂ ਨੇ ਕਰਮਕਾਂਡਾਂ, ਕਮਰਸ਼ੀਅਲ ਅਤੇ ਰਾਜਨੀਤੀ ਦੇ ਅੱਡੇ ਬਣਾ ਦਿੱਤਾ ਹੈ। ਸਿੱਖ ਨੂੰ ਹੁਕਮ ਸੀ ਗੁਰਬਾਣੀ ਆਪ ਪੜ੍ਹੇ, ਵਿਚਾਰੇ ਅਤੇ ਉਸ ਅਨੁਸਾਰ ਆਪਣਾ ਜੀਵਨ ਜੀਵੇ। ਇੱਥੇ ਤਾਂ ਸਭ ਕੁਝ ਕੀਤਾ ਕਰਾਇਆ ਸੇਲ ਤੇ ਲਾ ਦਿੱਤਾ ਗਿਆ ਹੈ। ਜਰਾ ਸੋਚੋ! ਗੁਰੂਆਂ-ਭਗਤਾਂ ਨੇ ਗੁਰਬਾਣੀ-ਗਿਆਨ ਸਮਝ ਕੇ ਜੀਵਨ ਵਿੱਚ ਢਾਲਣ ਲਈ ਦਿੱਤਾ ਸੀ ਜਾਂ ਭਾੜੇ ਦੇ ਕਥਾ, ਕੀਰਤਨ, ਪਾਠਾਂ ਅਤੇ ਅਰਦਾਸਾਂ ਕਰਾ ਕੇ ਭੇਟਾ ਚੜ੍ਹਾ ਕੇ ਲੁੱਟਣ ਲਈ। ਇਹ ਜੋ ਕੁਝ ਸਮਾਂ ਪਹਿਲੇ ਦਿੱਲੀ ਵਿੱਚ ਭਾਨੂੰ ਮੂਰਤੀ ਨੇ ਉਸ ਵੇਲੇ ਦੀ ਬਾਦਲ ਦਲ ਨਾਲ ਸਬੰਧਤ ਦਿੱਲੀ ਕਮੇਟੀ ਦੀ ਮਿਲੀ-ਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਂ ਮਾਤਰਾਂ ਉਡਾ ਕੇ ਲੰਡਿਆਂ ਵਿੱਚ ਛਾਪਣ ਦਾ ਬਜਰ ਗੁਨਾਹ ਕੀਤਾ ਸੀ ਜਿਸ ਦਾ ਸ੍ਰ. ਪਰਮਜੀਤ ਸਿੰਘ ਸਰਨਾ ਵੇਲੇ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਤਰਸੇਮ ਸਿੰਘ ਜੀ ਨੇ ਪੜਤਾਲ ਕਰਾ ਕੇ ਕਰੜਾ ਵਿਰੋਧ ਕੀਤਾ ਸੀ। ਓਹੀ ਲਾਬੀ ਹੁਣ ਸ਼੍ਰੋਮਣੀ ਕਮੇਟੀ ਤੇ ਕਾਬਜ ਹੈ ਨੇ ਹੁਣ ਇੱਕ ਵੱਡੀ ਸ਼ਾਜਸ਼ ਅਧੀਨ ਸੁਨਹਿਰੀ ਅੱਖਰਾਂ ਦੇ ਨਾਂ ਹੇਠ ਜੋ ਗੁਰੂ ਗ੍ਰੰਥ ਸਾਹਿਬ ਛਾਪੇ ਹਨ ਉਨ੍ਹਾਂ ਵਿੱਚੋਂ ਕਈ ਲਗਾ ਮਾਤਰਾਂ ਅਤੇ ਪੂਰੇ ਦੇ ਪੂਰੇ ਅੱਖਰ ਹੀ ਬਦਲ ਦਿੱਤੇ ਹਨ। ਉਨ੍ਹਾਂ ਨੇ ਅਜਿਹਾ ਕਰਦੇ ਸੋਚਿਆ ਕਿ ਕਿਹੜਾ ਸਿੱਖਾਂ ਨੇ ਵਿਚਾਰ ਨਾਲ ਆਪ ਪੜ੍ਹਨਾਂ ਹੈ ਸਗੋਂ ਭਾੜੇ ਦੇ ਪਾਠੀਆਂ ਕੋਲੋ ਹੀ ਪਾਠ ਕਰਵਾਈ ਜਾਣੇ ਹਨ ਜੋ ਬੇਧਿਆਨੇ ਹੋ, ਸਪੀਡ ਨਾਲ ਪਾਠ ਕਰੀ ਜਾਂਦੇ ਹਨ ਕਿ ਕਿਤੇ ਪਾਠ ਲੇਟ ਨਾਂ ਹੋ ਜਾਵੇ। ਜਰਾ ਤਾਂ ਸੋਚੋ! ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਵੇਲੇ ਧਰਮ-ਗ੍ਰੰਥਾਂ ਦੇ ਪਾਠਾਂ ਦਾ ਕੋਈ ਘਾਟਾ ਸੀ? ਕੀ ਗੁਰੂ ਨੇ ਇੱਕ ਹੋਰ ਗ੍ਰੰਥ ਰਚ ਕੇ ਪਾਠ ਕਰਨ ਦਾ ਘਾਟਾ ਪੂਰਾ ਕਰਨਾ ਸੀ?

ਕੀ ਧਰਮ-ਗ੍ਰੰਥ ਇਕੱਲੇ ਪੈਸੇ ਦੇ ਕੇ ਪਾਠ ਕਰਾਉਣ, ਮੱਥੇ ਟੇਕਣ ਅਤੇ ਧੂਫਾਂ ਧੁਖਾਉਣ ਲਈ ਹਨ? ਜੇ ਅੱਜ ਪਵਿਤਰ ਬਾਈਬਲ ਈਸਾਈ ਅਤੇ ਕੁਰਾਨ ਮਜੀਦ ਮੁਸਲਮ ਵੀਰ ਆਪ ਪੜ੍ਹਦੇ ਵਿਚਾਰਦੇ ਹਨ ਤਾਂ ਕੀ ਸਿੱਖ ਅਜਿਹਾ ਨਹੀਂ ਕਰ ਸਕਦੇ? ਦੁਨੀਆਂ ਦੇ ਹਰੇਕ ਦੇਸ਼ ਦੀ ਲਾਈਬ੍ਰੇਰੀ ਵਿੱਚ ਬਾਈਬਲ ਅਤੇ ਹੋਰ ਧਰਮ ਦੀਆਂ ਕਿਤਾਬਾਂ ਮਿਲ ਜਾਂਦੀਆਂ ਹਨ, ਸਿੱਖਾਂ ਦੀਆਂ ਕਿਊਂ ਨਹੀਂ? ਕੀ ਅਜੋਕੇ ਗੁਰਦੁਆਰੇ ਵੱਡੀਆਂ-ਵੱਡੀਆਂ ਆਲ੍ਹੀਸ਼ਾਨ ਬਿਲਡਿਗਾਂ ਬਣਾ, ਪ੍ਰਬੰਧਕ ਕਮੇਟੀਆਂ ਪੈਦਾ ਕਰ, ਧੜੇ ਬਣਾਂ, ਚੋਣਾਂ ਲੜ ਕੇ ਕਾਬਜ ਹੋਣ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ? ਕੀ ਗੁਰੂਆਂ-ਭਗਤਾਂ, ਖਾਲਸਾ ਪੰਥ, ਮਿਸਲਾਂ ਅਤੇ ਸਿੰਘ ਸਭਾ ਨੇ ਵੀ ਸਿੱਖ ਕੌਮ ਦਾ ਕੀਮਤੀ ਸਰਮਾਇਆ ਚੋਣ ਲੜਾਈਆਂ, ਆਲ੍ਹੀਸ਼ਾਨ ਬਿਲਡਿੰਗਾਂ ਅਤੇ ਵਿਖਾਵੇ ਵਾਲੇ ਪਾਠਾਂ ਅਤੇ ਕਰਮਕਾਂਡਾਂ ਤੇ ਲਾਇਆ ਸੀ? ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਪੁਜਾਰੀਵਾਦ ਦੇ ਜੂਲੇ ਹੇਠੋਂ ਕੱਢ ਕੇ ਸਾਰੇ ਧਰਮ-ਕਰਮ ਆਪ ਕਰਨ ਦੀ ਖੁੱਲ੍ਹ ਦਿੱਤੀ ਸੀ। ਇਸ ਕਰਕੇ ਉਸ ਵੇਲੇ “ਸਿੱਖ” ਧਰਮ ਪੱਖੋ ਬਹੁਤ ਜਾਗ੍ਰਿਤ ਸੀ। ਉਸ ਨੂੰ ਗੁਰਬਾਣੀ ਸ਼ੁੱਧ ਪੜ੍ਹਨੀ ਆਉਂਦੀ ਸੀ। ਉਹ ਕਿਸੇ ਭਾੜੇ ਪਾਠੀ ਤੋਂ ਪਾਠ ਕਰਾ ਕੇ ਮੁਕਤੀ ਨਹੀਂ ਸੀ ਭਾਲਦਾ।

ਧਿਆਨ ਦਿਓ ਜੋ ਲੋਕ ਸਿੱਖ ਧਰਮ ਵਿੱਚ ਘੁਸੜ ਕੇ ਜਾਂ ਡੇਰਾਵਾਦੀ ਸੋਚ ਦੇ ਗੁਲਾਮ ਹੋ ਕੇ ਗੁਰਬਾਣੀ ਨੂੰ ਵੱਧ ਤੋਂ ਵੱਧ ਬੋਲੀਆਂ ਅਤੇ ਮੀਡੀਏ ਵਿੱਚ ਪ੍ਰਚਾਰਨ ਨੂੰ ਪਾਪ ਦੱਸਦੇ ਹਨ, ਕਦੋਂ ਸਿੱਖ ਵਿਚਾਰਧਾਰਾ ਨੂੰ ਸਮਝਣਗੇ ਅਤੇ ਅਸੀਂ ਹੋਰ ਕਿਤਨਾਂ ਸਮਾਂ ਅੰਧਵਿਸ਼ਵਾਸ਼ੀ ਹੋ, ਇਨ੍ਹਾਂ ਦੇ ਮੱਗਰ ਲੱਗ ਲੁਟੀਂਦੇ ਰਹਾਂਗੇ? ਅਜੋਕੇ ਸਿੰਘ ਸਾਹਿਬਾਨ ਅਤੇ ਅਜਿਹੇ ਲੋਕ ਜੇ ਵਾਕਿਆ ਹੀ ਤਨੋ-ਮਨੋ “ਗੁਰੂ-ਗ੍ਰੰਥ” ਨੂੰ ਸਮਰਪਤ ਹਨ ਤਾਂ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਦੀਆਂ ਲਗਾਂ-ਮਾਤਰਾਂ ਅਤੇ ਅੱਖਰ ਬਦਲਣ ਵਾਲਿਆਂ ਨੂੰ ਪੰਥ ਦੇ ਕਟਹਿਰੇ ਵਿੱਚ ਖੜਾ ਕਰਕੇ, ਇਸ ਅਵੱਗਿਆ ਦੀ ਸਜਾ ਲਗਾਉਣ, ਸ਼ਾਜਸੀ਼ ਭਾਵੇਂ ਕਿੱਡਾ ਵੱਡਾ ਵੀ ਲੀਡਰ ਕਿਉਂ ਨਾਂ ਹੋਵੇ? ਕਿਨ੍ਹਾਂ ਚੰਗਾ ਹੋਵੇ ਸਮੁੱਚਾ ਸਿੱਖ ਪੰਥ “ਜੁੱਗੋ-ਜੁੱਗ ਅਟੱਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਆਪਣਾ ਧਰਮ-ਆਗੂ ਅਤੇ ਗਿਆਨ-ਦਾਤਾ ਮੰਨ ਲਵੇ ਤਾਂ ਅਖੌਤੀ ਆਗੂਆਂ ਤੋਂ ਕੌਮ ਦਾ ਖਹਿੜਾ ਛੁੱਟ ਜਾਵੇ। ਕੀ ਅਜੋਕੇ ਜਥੇਦਾਰ ਅਤੇ ਸਿੱਖ ਲੀਡਰ ਆਪਣੇ ਅਹੁਦੇ ਤਿਆਗ ਕੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਸਮੁੱਚੀ ਸਿੱਖ ਕੌਮ ਦਾ ਆਗੂ ਮੰਨਣ ਦਾ ਐਲਾਨ ਕਰਨਗੇ? ਕੀ ਸਮੁੱਚੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਅਨੁਸਾਰੀ ਮਰਯਾਦਾ ਲਾਗੂ ਕਰਕੇ ਸਿੱਖਾਂ ਵਿੱਚ ਧਰਮ ਮਰਯਾਦਾ ਦੀ ਫੁੱਟ ਦੂਰ ਕਰਨ ਦਾ ਮਾਨ ਹਾਸਲ ਕਰਨ ਦੀ ਜੁਰਤ ਦਿਖਾਉਣਗੇ? ਸਿੱਖ ਕੌਮ ਦੇ ਰਹਿਬਰੋ! ਬਚਾ ਲੌ ਕੌਮ ਨੂੰ ਪਾਟੋ-ਧਾੜ ਦੀ ਮਾਰ ਤੋਂ ਜਿਸ ਦਾ ਫਾਇਦਾ ਉਠਾ, ਸਿੱਖ ਵਿਰੋਧੀ ਲਾਬੀ ਗੁਰੂ-ਗ੍ਰੰਥ ਸਾਹਿਬ ਵਿੱਚ ਵੀ ਅਦਲਾ-ਬਦਲੀ ਕਰਨ ਲਈ ਤਰਲੋ-ਮੱਛੀ ਹੋ ਰਹੀ ਹੈ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top