Share on Facebook

Main News Page

ਪੀ. ਚਿਦੰਬਰਮ ਤੇ ਕਿਸ ਗੱਲ ਦਾ ਰੋਸਾ?

ਮਹੀਨੇ ਤੋਂ ਜ਼ਿਆਦਾ ਸਮੇਂ ਤੋਂ, ਸਿੱਖਾਂ ਵਲੋਂ ਹਰ ਪਾਸਿਉਂ, ਕਾਲੀ ਸੂਚੀ ਵਿਚੋਂ ਕੁਝ ਨਾਮ ਕੱਢਣ ਦੇ ਸੋਹਲੇ ਗਾਏ ਜਾ ਰਹੇ ਹਨ, ਮੀਡੀਏ ਰਾਹੀਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਸਮਝ ਨਹੀਂ ਆਉਂਦੀ ਕਿ ਇਹ ਤਾਰੀਫ ਕਿਸ ਕਾਰਨ ਕੀਤੀ ਜਾ ਰਹੀ ਹੈ?

ਸਮੇ ਦੀ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਖਿਆਲ ਰੱਖੇ, ਨਾਗਰਿਕਾਂ ਦੇ ਹੱਕਾਂ ਦੀ ਰਖਵਾਲੀ ਕਰੇ, ਨਾਗਰਿਕਾਂ ਨੂੰ ਇੰਸਾਫ ਮਿਲਣਾ ਯਕੀਨੀ ਬਣਾਵੇ।

ਪਿਛਲੇ 26 ਸਾਲਾਂ ਵਿਚ, ਕੋਈ ਅਜਿਹੀ ਪਾਰਟੀ ਨਹੀਂ ਬਚੀ, ਜਿਸ ਦੀ ਕੇਂਦਰ ਵਿਚ ਸਰਕਾਰ ਨਾ ਬਣੀ ਹੋਵੇ। ਪਰ ਕਿਸੇ ਵੀ ਸਰਕਾਰ, ਕਿਸੇ ਵੀ ਪਾਰਟੀ ਨੇ ਸਿੱਖਾਂ ਦੀ ਨਸਲ-ਕੁਸ਼ੀ ਬਾਰੇ, ਨਾ ਤਾਂ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾ ਹੀ ਮੁਜਰਮਾਂ ਨੂੰ ਸਜ਼ਾਵਾਂ ਦਿਵਾਉਣ ਵੱਲ ਕੋਈ ਕਦਮ ਪੁਟਿਆ ਹੈ, ਉਲਟਾ ਇੰਸਾਫ ਦੇ ਰਾਹ ਵਿਚ ਅੜਚਨਾਂ ਹੀ ਖੜੀਆਂ ਕੀਤੀਆਂ ਹਨ। ਇਕ ਪਾਰਟੀ ਤੇ 84 ਦਾ ਕਾਰਾ ਵਰਤਾਉਣ ਦਾ ਦੋਸ਼ ਲੱਗ ਰਿਹਾ ਹੈ। ਜੇ ਸਚ-ਮੁਚ ਇਕ ਹੀ ਪਾਰਟੀ ਦਾ ਕਾਰਾ ਹੁੰਦਾ, ਤਾਂ ਦੂਸਰੀਆਂ ਪਾਰਟੀਆਂ ਨੂੰ ਇੰਸਾਫ ਦਿਵਾਉਣ ਵਿਚ ਸਹਿਯੋਗ ਕਰ ਕੇ, ਸਿੱਖਾਂ ਦੀ ਹਮਦਰਦੀ ਵਿਚ ਮਤਾ ਪਾਸ ਕਰ ਕੇ, ਆਪਣੀ ਸਾਖ ਨੂੰ ਕਾਇਮ ਕਰਨਾ ਚਾਹੀਦਾ ਸੀ। ਪਰ ਹਾਲਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ, ਕਿਸੇ ਇਕ ਨੂੰ ਦੋਸ਼ ਦੇਣਾ, ਸਿਆਸੀ ਉਲਝਣਾਂ ਦਾ ਸ਼ਿਕਾਰ ਹੋਣਾ ਹੈ।

ਦੂਸਰੇ ਪਾਸੇ ਸਿੱਖਾਂ ਦੀ ਹਾਲਤ ਉਹ ਹੈ, ਜੋ 500 ਸਾਲ ਪਹਿਲਾਂ, ਬਾਬਾ ਨਾਨਕ ਜੀ ਨੇ ਹਿੰਦੂਆਂ ਦੀ ਦੱਸੀ ਸੀ। ਗੁਰੂ ਸਾਹਿਬ ਨੇ ਲਿਖਿਆ ਸੀ:

ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥
ਮਥੇ ਟਿਕਾ ਤੇੜ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥
ਮਤਿ ਭਿਟੈ ਵੇ ਮਤਿ ਭਿਟੈ॥ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥2॥
(471-72)
 

ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥

ਗੁਰੂ ਸਾਹਿਬ ਕਹਿੰਦੇ ਹਨ ਕਿ ਕਾਜ਼ੀ (ਇੰਸਾਫ ਕਰਨ ਵਾਲੇ) ਅਤੇ ਹਾਕਮ, ਹਨ ਤਾਂ ਵੱਢੀ-ਖੋਰ, ਪਰ ਪੜ੍ਹਦੇ ਨਮਾਜਾਂ ਹਨ। (ਧਰਮ ਦਾ ਬੁਰਕਾ ਪਾਇਆ ਹੋਇਆ ਹੈ) ਇਵੇਂ ਹੀ ਅੱਜ ਦੇ ਜੱਜ ਅਤੇ ਹਾਕਮ, ਹਨ ਤਾਂ ਭ੍ਰਿਸ਼ਟ, ਘਪਲੇ-ਬਾਜ਼, ਪਰ ਬੁਰਕਾ ਇੰਸਾਫ ਕਰਨ ਵਾਲਿਆਂ ਦਾ ਪਾਇਆ ਹੋਇਆ ਹੈ। ਇਨ੍ਹਾਂ ਹਾਕਮਾ ਦੇ ਅੱਗੇ ਮੁੰਸ਼ੀ, ਵਜ਼ੀਰ (ਉਸ ਵੇਲੇ ਦੇ ਰਾਜਪੂਤ ਅਤੇ ਅੱਜ ਦੇ ਸਿੱਖ) ਉਹ ਹਨ, ਜੋ ਗਰੀਬਾਂ ਤੇ ਜ਼ੁਲਮ ਕਰਦੇ ਹਨ, ਪਰ ਉਨ੍ਹਾਂ ਦੇ ਗਲ ਵਿਚ ਧਰਮ ਦਾ ਪ੍ਰਤੀਕ (ਉਸ ਵੇਲੇ ਜਨੇਊ ਅਤੇ ਅੱਜ ਗਾਤ੍ਰਾ ਜਾਂ ਡੋਰ) ਪਾਇਆ ਹੋਇਆ ਹੈ।

ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ॥

ਇਨ੍ਹਾਂ ਜ਼ਾਲਮ, ਸਿੱਖ ਭੇਸ ਵਾਲੇ ਵਜ਼ੀਰਾਂ ਦੇ ਘਰ ਵਿਚ ਤਖਤਾਂ ਦੇ ਜਥੇਦਾਰ, ਅਖੰਡ-ਪਾਠ ਅਤੇ ਧਾਰਮਿਕ ਕਿਰਿਆਵਾਂ ਕਰਦੇ ਹਨ। ਇਵੇਂ ਆਪਣੇ-ਆਪ ਨੂੰ ਸਿੰਘ-ਸਾਹਿਬ ਅਖਵਾਉਣ ਵਾਲੇ ਵੀ, ਜ਼ੁਲਮ ਨਾਲ ਕਮਾਏ ਹੋਏ ਪਦਾਰਥ ਹੀ ਛਕਦੇ ਹਨ।

ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥

ਇਨ੍ਹਾਂ ਧਾਰਮਿਕ ਅਖਵਾਉਂਦੇ ਲੋਕਾਂ ਦੀ ਅਖੰਡ-ਪਾਠ ਕਰਨ ਦੀ, ਧਾਰਮਿਕ ਕਿਰਿਆਵਾਂ ਕਰਨ ਦੀ ਇਹ ਰਾਸ, ਪੂੰਜੀ ਵੀ ਝੂਠੀ ਹੈ ਅਤੇ ਇਨ੍ਹਾਂ ਆਸਰੇ ਕੀਤਾ ਵਪਾਰ ਵੀ ਝੂਠ ਤੋਂ ਵੱਧ ਕੁਝ ਵੀ ਨਹੀਂ। ਇਸ ਝੂਠ ਦੇ ਵਪਾਰ ਆਸਰੇ ਹੀ ਉਹ ਆਪਣੀ ਜੀਵਕਾ ਕਮਾਉਂਦੇ ਹਨ।

ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥

ਹੇ ਨਾਨਕ, ਸਭ ਥਾਈਂ ਝੂਠ ਹੀ ਪਰਧਾਨ ਬਣ ਚੁੱਕਾ ਹੈ। ਹੁਣ ਤਾਂ ਇਨ੍ਹਾਂ ਧਰਮੀ ਅਖਵਾਉਂਦੇ ਲੋਕਾਂ ਦੀ ਸਭਾ ਵਿਚੋਂ, ਸ਼ਰਮ ਅਤੇ ਧਰਮ ਦੋਵੇਂ ਹੀ ਆਪਣੀ ਫੂੜ੍ਹੀ ਵਲ੍ਹੈਟ ਚੁੱਕੇ ਹਨ।

ਮਥੇ ਟਿਕਾ ਤੇੜ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥

ਇਹ ਧਰਮ ਦੇ ਠੇਕੇਦਾਰ ਲੋਕ ਧਾਰਮਿਕ ਪਹਿਰਾਵੇ ਵਜੋਂ (ਉਸ ਵੇਲੇ ਮੱਥੇ ਟਿੱਕਾਲਾਉਂਦੇ ਸਨ ਅਤੇ ਤੇੜ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਸਨ) ਅੱਜ ਸਿਰ ਤੇ ਗੋਲ ਪੱਗ ਬੰਨ੍ਹਦੇ ਹਨ ਅਤੇ ਤੇੜ ਕਛਹਿਰਾ ਪਾਉਂਦੇ ਹਨ। ਪਰ ਹੱਥ ਵਿਚ ਹਰ ਵੇਲੇ ਛੁਰੀ ਫੜੀ ਰਖਦੇ ਹਨ, ਵਾਹ ਲਗਦਿਆਂ ਹਰ ਇੰਸਾਨ ਤੇ ਜ਼ੁਲਮ ਕਰਦੇ ਹਨ।

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥

ਹਾਕਮਾਂ ਕੋਲ ਜਾਣ ਲੱਗੇ (ਉਸ ਵੇਲੇ ਉਹ ਨੀਲੇ ਵਸਤ੍ਰ ਪਾਉਂਦੇ ਸਨ, ਤਾਂ ਹੀ ਉਨ੍ਹਾਂ ਹਾਕਮਾਂ ਪਾਸ ਜਾਣ ਦੀ ਆਗਿਆ ਮਿਲਦੀ ਸੀ) ਅੱਜ ਇਨ੍ਹਾਂ ਨੂੰ ਖੱਦਰ ਦਾ ਚਿੱਟਾ ਕੁੜਤਾ ਪਜਾਮਾ ਅਤੇ ਸਿਰ ਤੇ ਚਿੱਟੀ ਪੱਗ, ਜਾਂ ਚਿੱਟੀ ਕਮੀਜ਼ ਅਤੇ ਖਾਕੀ ਨੀਕਰ ਪਾ ਕੇ, ਹਾਕਮਾਂ ਕੋਲ ਜਾਣ ਦੀ ਇਜਾਜ਼ਤ ਮਿਲਦੀ ਹੈ। (ਉਸ ਵੇਲੇ ਉਹ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਸਨ, ਉਨ੍ਹਾਂ ਕੋਲੋਂ ਹੀ ਰੋਜ਼ੀ ਲੈਂਦੇ ਸਨ ਅਤੇ ਸਮਝਦੇ ਸਨ ਕਿ ਉਹ ਪੁਰਾਣ ਦੀ ਸਿਖਿਆ ਅਨੁਸਾਰ ਹੀ ਚਲ ਰਹੇ ਹਨ) ਅੱਜ ਜਿਨ੍ਹਾਂ ਨੂੰ ਇਹ ਪੰਥ ਦਾ ਦੁਸ਼ਮਣ ਕਹਿੰਦੇ ਹਨ, ਉਨ੍ਹਾਂ ਕੋਲੋਂ ਹੀ ਐਸ਼ ਦੇ ਸਾਰੇ ਸਾਧਨ ਲੈਂਦੇ ਹਨ, ਅਤੇ ਸਮਝਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੀ ਚਲ ਰਹੇ ਹਨ।

ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤਿ ਭਿਟੈ ਵੇ ਮਤਿ ਭਿਟੈ॥ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥

ਖਾਣਾ-ਪੀਣਾ ਇਨ੍ਹਾਂ ਦਾ ਵੀ ਉਹੀ ਹੈ, ਜੋ ਇਨ੍ਹਾਂ ਦੇ ਹਾਕਮਾਂ ਦਾ ਹੈ, ਫਿਰ ਵੀ ਇਹ ਇਹੀ ਕਹਿੰਦੇ ਹਨ ਕਿ ਅਸੀਂ ਅੰਮ੍ਰਿਤ-ਧਾਰੀ ਹਾਂ, ਸਾਡੀ ਖਾਣੇ ਵਾਲੀ ਥਾਲੀ ਨੂੰ ਕੋਈ ਵੀ ਹੱਥ ਲਾ ਕੇ ਜੂਠਾ ਨਾ ਕਰੇ। ਇਹ ਪੂਰੇ ਸੁਚਮ ਨਾਲ ਆਪਣਾ ਖਾਣਾ ਤਿਆਰ ਕਰਨ ਦਾ ਵਿਖਾਵਾ ਕਰਦੇ ਹਨ, ਪਰ ਇਨ੍ਹਾਂ ਦੀਆਂ ਮਹਿਫਿਲਾਂ ਵਿਚ, ਉਹ ਲੋਕ ਸ਼ਾਮਿਲ ਹੁੰਦੇ ਹਨ, ਜੋ ਆਪ ਹੀ ਜੂਠੇ ਹੁੰਦੇ ਹਨ। ਇਹ ਲੋਕ ਅਪਵਿਤ੍ਰ ਸਰੀਰ ਨਾਲ ਮੰਦੇ ਕਰਮ ਕਰਦੇ ਹਨ। ਮਲੀਨ ਮਨ ਦੇ ਨਾਲ ਧਰਮ ਦੀਆਂ ਚੂਲੀਆਂ ਕਰਦੇ ਹਨ, ਧਰਮ ਦਾ ਪਰਚਾਰ ਕਰਦੇ ਹਨ।

ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥2॥ (471-72)

ਹੇ ਨਾਨਕ ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ, ਆਪਣੇ ਧਿਆਨ ਵਿਚ, ਯਾਦ ਵਿਚ ਰੱਖਣਾ ਚਾਹੀਦਾ ਹੈ। ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਉਸ ਦੇ ਹੁਕਮ ਵਿਚ ਚਲਣਾ ਚਾਹੀਦਾ ਹੈ। ਤਾਂ ਹੀ ਮਨ ਪਵਿਤ੍ਰ ਹੋ ਸਕਦਾ ਹੈ ਅਤੇ ਮਨ ਦੇ ਪਵਿਤ੍ਰ ਹੋਣ ਨਾਲ ਹੀ, ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ।

ਅਜਿਹੀ ਹਾਲਤ ਵਿਚ, ਜੇ ਕਿਤੇ ਸਰਕਾਰ ਆਪਣੀਆਂ ਕੀਤੀਆਂ ਗਲਤੀਆਂ ਵਿਚੋਂ ਕਿਸੇ ਇਕ ਵਿਚ ਕੁਝ ਸੁਧਾਰ ਕਰ ਲੈਂਦੀ ਹੈ (ਹੁਣ ਤਕ ਦੀਆਂ ਖਬਰਾਂ ਦੇ ਆਧਾਰ ਤੇ ਤਾਂ ਇਹ ਸਾਬਤ ਹੋ ਰਿਹਾ ਹੈ ਕਿ, ਕਾਲੀ ਸੂਚੀ ਵਿਚੋਂ ਨਾਮ ਕੱਢਣ ਦੀ ਗੱਲ ਵੀ ਇਕ ਸ਼ੋਸ਼ਾ ਮਾਤ੍ਰ ਹੀ ਹੈ) ਤਾਂ ਉਸ ਵਿਚ ਸੋਹਿਲੇ ਗਾਉਣ ਦੀ ਕੀ ਗੱਲ ਹੈ ? ਪਰ ਗੁਰੂ ਸਾਹਿਬ ਦੇ ਕਹੇ ਅਨੁਸਾਰ ਇਹ ਕਿਸੇ ਗੁਲਾਮ ਧਰਮ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਹੈ। ਜੋ ਮੁਸਲਮਾਨਾਂ ਦੇ ਰਾਜ ਵੇਲੇ ਹਿੰਦੂਆਂ ਵਿਚਲੇ ਸਰਕਾਰੀ ਬਟੇਰੇ ਕਰਦੇ ਸਨ ਅਤੇ ਅੱਜ ਹਿੰਦੂਆਂ ਦੇ ਰਾਜ ਵੇਲੇ, ਸਿੱਖੀ ਵਿਚਲੇ ਸਰਕਾਰੀ ਬਟੇਰੇ ਵੀ ਉਹੀ ਕੁਝ ਕਰ ਰਹੇ ਹਨ।

ਇਨ੍ਹਾਂ ਹਾਲਾਤ ਦੀ ਰੌਸ਼ਨੀ ਵਿਚ ਆਪਾਂ ਚਿਦੰਬਰਮ ਦੇ ਬਿਆਨ ਬਾਰੇ ਵਿਚਾਰ ਕਰਦੇ ਹਾਂ।

ਅੱਜ ਦੇ ਹਾਲਾਤ ਮੁਤਾਬਕ, ਜਿਨ੍ਹਾਂ ਦੋ ਪਾਰਟੀਆਂ ਦਾ ਭਾਰਤ ਦੀ ਕੇਂਦਰ ਸਰਕਾਰ ਤੇ ਕਬਜ਼ਾ ਰਹਿਣਾ ਹੈ, ਉਨ੍ਹਾਂ ਦੋਵਾਂ ਪਾਰਟੀਆਂ ਦੀਆਂ ਪਾਲਸੀਆਂ ਘੜਨ ਵਾਲਾ ਇਕੋ ਥਿੰਕ-ਟੈਂਕ ਹੈ। ਜਿਸ ਦਾ ਮਕਸਦ ਹੈ ਭਾਰਤ ਤੇ ਉਨ੍ਹਾਂ ਲੋਕਾਂ ਦਾ ਰਾਜ ਹੋਵੇ, ਜੋ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਦਬਾਅ ਕੇ, ਕੁੱਟ ਕੇ, ਲਾਲਚ ਦੇ ਕੇ ਜਾਂ ਉਨ੍ਹਾਂ ਵਿਚ ਫੁੱਟ ਪਾ ਕੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾ ਸਕਣ। ਭਾਵੇਂ ਉਹ ਸੈਕੂਲਰ ਰੂਪ ਵਿਚ ਕਾਂਗਰਸੀ ਹੋਣ, ਭਾਵੇਂ ਉਹ ਫਿਰਕੂ ਰੂਪ ਵਿਚ ਬੀ. ਜੇ. ਪੀ. ਵਾਲੇ ਹੋਣ।

ਜੋ ਤਰੀਕਾ ਮੁਸਲਮਾਨਾਂ ਦੇ ਰਾਜ ਵੇਲੇ ਹਿੰਦੂਆਂ ਨੇ ਅਪਨਾਇਆ ਸੀ, ਉਹੀ ਅੱਜ ਸਿੱਖ ਅਪਨਾ ਕੇ, ਜੀ ਹਜ਼ੂਰੀ ਕਰ ਕੇ ਜਾਂ ਧੀਆਂ-ਭੈਣਾਂ ਦੇ ਡੋਲੇ ਦੇ ਕੇ, ਆਪਣੇ ਲਈ ਸਹੂਲਤਾਂ ਪਰਾਪਤ ਕਰਦੇ ਹਨ। ਉਨ੍ਹਾਂ ਦਾ ਟੀਚਾ, ਸਿਰਫ ਤੇ ਸਿਰਫ ਆਪਣੇ ਨਿੱਜ ਲਈ ਸਹੂਲਤਾਂ ਪਰਾਪਤ ਕਰਨਾ ਹੈ। ਉਸ ਵਿਚ ਅਕਾਲੀ ਸਿੱਖ ਆਪਣੇ ਹਿਸਾਬ ਨਾਲ ਵਰਤਾਰਾ ਕਰ ਰਹੇ ਹਨ, ਅਤੇ ਕਾਂਗਰਸੀ ਸਿੱਖ, ਆਪਣੇ ਹਿਸਾਬ ਨਾਲ ਵਰਤਾਰਾ ਕਰ ਰਹੇ ਹਨ। ਕਾਂਗਰਸੀਆਂ ਦੇ ਹੱਥ, ਲੋਕਾਂ ਨੂੰ ਦੱਸਣ ਲਈ ਇਕ ਬਹਾਨਾ ਮਿਲਿਆ, ਕਾਲੀ ਸੂਚੀ ਵਿਚੋਂ ਨਾਮ ਕੱਢਣ ਦਾ ਸ਼ੋਸ਼ਾ।

ਇਸ ਬਹਾਨੇ ਹੀ ਉਨ੍ਹਾਂ ਨੇ ਆਪਣੇ ਮਾਲਕਾਂ ਨੂੰ, ਇਹ ਯਕੀਨ ਦਿਵਾਉਣ ਦਾ ਉਪਰਾਲਾ ਕੀਤਾ ਕਿ ਅਸੀਂ ਤੁਹਾਡੇ ਪੱਕੇ ਜੀ-ਹਜ਼ੂਰੀਏ ਹਾਂ। ਦਿੱਲੀ ਵਿਚ ਵੀ ਏਸੇ ਆਸ਼ੇ ਦਾ ਇਕ ਸਮਾਗਮ ਕੀਤਾ ਗਿਆ। ਚੰਦੀਗੜ੍ਹ ਵਾਲੇ ਕਦੋਂ ਪਿੱਛੇ ਰਹਣ ਵਾਲੇ ਸਨ, ਉਨ੍ਹਾਂ ਨੇ ਕੇਂਦਰੀ ਸਿੰਘ ਸਭਾ ਵਲੋਂ ਇਕ ਪ੍ਰੋਗਰਾਮ ਉਲੀਕ ਕੇ ਚਿਦੰਬਰਮ ਨੂੰ ਸੰਮਾਨਤ ਕੀਤਾ। ਜਦ ਹਾਕਮ ਧਿਰ ਇਹ ਵੇਖੇ ਕਿ ਢਾਈ ਲੱਖ ਸਿੱਖਾਂ ਦੇ ਕਤਲ ਅਤੇ ਉਨ੍ਹਾਂ ਬਾਰੇ ਹੋਈ ਬੇ-ਇੰਸਾਫੀ ਤੇ, ਕਾਲੀ ਸੂਚੀ ਵਿਚੋਂ ਕੁਝ ਨਾਮ ਕੱਢਣ ਦਾ ਸ਼ੋਸ਼ਾਂ ਹੀ ਭਾਰੀ ਪੈ ਰਿਹਾ ਹੈ, ਤਾਂ ਉਸ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ। (ਕਿ ਤੁਸੀਂ ਅਸਲੀਅਤ ਵਿਚ ਤਾਂ 84 ਦੀ ਮਾਰ ਨੂੰ ਭੁੱਲ ਹੀ ਚੁੱਕੇ ਹੋ, ਹੁਣ ਇਸ ਬਾਰੇ ਡਰਾਮੇ-ਬਾਜ਼ੀ ਕਰਨੀ ਵੀ ਬੰਦ ਕਰ ਦੇਵੋ) ਇਸ ਵਿਚ ਉਸ ਨੇ ਗਲਤ ਕੀ ਕਿਹਾ ਹੈ ?

ਇਹ ਅਸਲੀਅਤ ਹੈ ਕਿ 84 ਸਿਰਫ ਉਨ੍ਹਾਂ ਨੂੰ ਹੀ ਯਾਦ ਹੈ, ਜਿਨ੍ਹਾਂ ਨੂੰ ਸੇਕ ਲੱਗਾ ਸੀ। ਸਮਾਜਕ ਪੱਧਰ ਤੇ (ਜਿਸ ਵਿਚ ਸਾਨੂੰ ਸਭ ਨੂੰ ਉਨ੍ਹਾਂ ਦੇ ਦੁੱਖ ਵਿਚ ਬਰਾਬਰ ਦਾ ਸ਼੍ਰੀਕ ਹੋਣਾ ਚਾਹੀਦਾ ਸੀ) ਕੁਝ ਗਿਣਤੀ ਦਿਆਂ ਨੂੰ ਛੱਡ ਕੇ, ਇਸ ਮਾਰ ਬਾਰੇ ਕੋਈ ਦਰਦ ਨਹੀਂ ਹੈ। ਦੂਸਰੇ ਸਿੱਖ ਤਾਂ ਇਸ ਆਸਰੇ ਅਰਬਾਂ-ਖਰਬਾਂ ਦੀ ਜਾਇਦਾਦ ਬਣਾ ਚੁੱਕੇ ਹਨ। ਵਜ਼ਾਰਤਾਂ ਦੀਆਂ ਕੁਰਸੀਆਂ ਤੇ ਬਰਾਜਮਾਨ ਹੋ ਚੁੱਕੇ ਹਨ। ਉਨ੍ਹਾਂ ਲਈ ਤਾਂ 84, ਸਿਰਫ ਚੋਣਾਂ ਵੇਲੇ ਦਾ ਇਕ ਮੁੱਦਾ ਮਾਤ੍ਰ ਹੀ ਰਹਿ ਗਿਆ ਹੈ, ਜਿਸ ਨੂੰ ਪੰਜਾਂ ਸਾਲਾਂ ਵਿਚ, ਇਕ-ਦੋ ਮਹੀਨੇ ਖੂਬ ਉਛਾਲਿਆ ਜਾਂਦਾ ਹੈ। ਫਿਰ ਅਗਲੀਆਂ ਚੋਣਾਂ ਲਈ, ਕਿਸੇ ਕੱਟੇ ਵਿਚ ਪਾ ਕੇ, ਕਬਾੜ ਵਾਲੇ ਕਮਰੇ ਵਿਚ ਸਾਂਭ ਲਿਆ ਜਾਂਦਾ ਹੈ।

ਜਿਸ ਦਾ ਪ੍ਰਤੱਖ ਸਬੂਤ ਹੈ ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ, ਅਸੀਂ ਸਾਰੇ ਪੰਥ ਨੂੰ, ਬਹੁ-ਗਿਣਤੀ ਸਾਮ੍ਹਣੇ ਤਾਂ ਗੋਡਿਆਂ ਪਰਨੇ ਕਰ ਦਿੱਤਾ ਹੈ, ਪਰ ਅੱਜ ਤਕ ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਤੇ ਮੁੜ ਵਿਚਾਰ ਕਰਨ ਲਈ ਕਿਸੇ ਵੀ ਪਾਰਟੀ ਨੇ ਰਾਸ਼ਟਰ-ਪਤੀ ਤਕ ਪਹੁੰਚ ਨਹੀਂ ਕੀਤੀ।

ਦੂਸਰਿਆਂ ਤੇ ਗੁੱਸਾ ਕਰਨ ਦੀ ਥਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਘਰ ਸਾਫ ਕਰਨ। ਜਾਂ ਸਾਫ ਲਫਜ਼ਾਂ ਵਿਚ ਮੰਨ ਲੈਣ ਕਿ ਜੋ ਗੱਲ ਬਾਬਾ ਨਾਨਕ ਜੀ ਨੇ 500 ਸਾਲ ਪਹਿਲਾਂ ਹਿੰਦੂਆਂ ਲਈ ਕਹੀ ਸੀ, ਉਹ ਅੱਜ ਸਿੱਖਾਂ ਤੇ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ, ਸਾਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਬੋਧੀਆਂ ਵਾਙ ਸਿੱਖ ਵੀ ਨਿਗਲਿਆ ਜਾ ਚੁੱਕਾ ਹੈ।

ਅਮਰਜੀਤ ਸਿੰਘ ਚੰਦੀ
ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top