Share on Facebook

Main News Page

ਬੁੱਕਲ ਦੇ ਸੱਪ

ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ (ਭਾਈ ਗੁਰਦਾਸ ਜੀ)

ਸਿਆਣਿਆਂ ਦਾ ਕਥਨ ਹੈ ਕਿ ਸੱਪ ਕਿਸੇ ਦਾ ਮਿੱਤ ਨਹੀਂ ਹੁੰਦਾ ਚਾਹੇ ਕੋਈ ਉਸ ਨੂੰ ਲੱਖ ਦੁੱਧ ਪਿਆਉਦਾ ਫਿਰੇ। ਜਦ ਸੱਪ ਆਪਣੀ ਆਈ ਤੇ ਆਇਆ ਉਹ ਡੰਗ ਮਾਰਨ ਤੋਂ ਉਕੇਗਾ ਨਹੀਂ, ਫਿਰ ਅਗੇ ਆਉਣ ਵਾਲਾ ਚਾਹੇ ਉਸ ਦਾ ਹਮਦਰਦ, ਪਾਲਣਹਾਰ (ਦੁੱਧ ਪਿਆਉਣ ਵਾਲਾ) ਹੀ ਕਿਉਂ ਨਾ ਹੋਵੇ, ਉਹ ਆਪਣਾ ਡੰਗ ਚਲਾ ਹੀ ਦੇਵੇਗਾ। ਇਹ ਤਾਂ ਗਲ ਸੀ ਸੱਪ ਦੀ ਜੋ ਜਾਨਵਰ ਹੈ, ਪਰ ਇਨਸਾਨਾਂ ਵਿੱਚ ਵੀ ਇੱਕ ਅਜਿਹੀ ਹੀ ਕਿਸਮ ਪਾਈ ਜਾਂਦੀ ਹੈ, ਜਿਸ ਨੂੰ ਬੁੱਕਲ ਦੇ ਸੱਪ ਕਿਹਾ ਜਾਦਾਂ ਹੈ। ਆਉ ਹੁਣ ਇਸ ਦੂਸਰੀ ਕਿਸਮ ਦੇ ਸੱਪ ਬਾਰੇ ਗੱਲ ਕਰੀਏ ਜੋ ਸਿੱਖ ਕੌਮ ‘ਚ ਕੁਝ ਜ਼ਿਆਦਾ ਹੀ ਕਾਰਜ਼ਸੀਲ ਹਨ ਜਾਂ ਕਰ ਦਿੱਤੇ ਗਏ ਹਨ। ਬੁੱਕਲ ਦੇ ਸੱਪ ਜੋ ਇਸ ਜਾਨਵਰ ਸੱਪ ਤੋਂ ਵੀ ਵੱਧ ਖਤਰਨਾਕ ਤੇ ਨੁਕਸਾਨਦੇਹ ਹਨ। ਬੁੱਕਲ ਦਾ ਸੱਪ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਦਾ ਆਪਣਾ ਬਣਕੇ ਭਾਵ ਰੰਗ, ਰੂਪ, ਵੇਸ਼-ਭੂਸ਼ਾ, ਸ਼ਕਲ-ਸੂਰਤ ਉਸ ਵਰਗੀ ਬਣਾਕੇ (ਜਿਵੇਂ ਅੱਜ ਕੱਲ ਸਿੱਖ ਕੌਮ ‘ਚ ਦੇਹਧਾਰੀ/ਡੇਰੇਦਾਰ ਬਾਬੇ ਹਨ) ਗੱਦਾਰੀ ਕਰੇ। ਫਿਰ ਚਾਹੇ ਉਹ ਬਾਹਰੋਂ ਕੌਮ ‘ਚ ਆਇਆ ਹੋਵੇ, ਜਾਂ ਉਸੇ ਹੀ ਕੌਮ ਦਾ ਬਾਸ਼ਿੰਦਾ ਕਿਉਂ ਨਾ ਹੋਵੇ, ਉਸ ਦਾ ਵਿਸਵਾਸ਼ ਜਿੱਤ ਕੇ ਉਸ ਨੂੰ ਹੀ ਡੰਗ ਮਾਰ ਦੇਵੇ ਭਾਵ ਗੱਦਾਰੀ ਕਰੇ, ਤੇ ਪਤਾ ਵੀ ਨਾ ਲਗਣ ਦੇਵੇ ਕਿ ਡੰਗ ਉਸ ਦਾ ਮਾਰਿਆ ਹੋਇਆ ਹੈ।

ਜਦੋਂ ਦਾ ਸਿੱਖ ਧਰਮ ਪੈਦਾ ਹੋਇਆ ਹੈ, ਇਸ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਤਾਂ ਇਸ ਨੂੰ ਬਾਹਰੋਂ ਬਿਪਰ ਵਲੋਂ ਮਾਰ ਪੈ ਰਹੀ ਹੈ, ਜੋ ਇਸ ਦਾ ਕੱਟੜ ਦੁਸ਼ਮਣ ਹੈ। ਜੋ ਨਹੀਂ ਚਾਹੁੰਦਾ ਕਿ ਸਿੱਖ ਧਰਮ ਵਧੇ ਫੁੱਲੇ ਤੇ ਦੂਸਰੀ ਮਾਰ ਇਸ ਨੂੰ ਕੁੱਝ ਆਪਣੇ ਹੀ ਪਾਲੇ ਹੋਏ ਬੁੱਕਲ ਦੇ ਸੱਪਾਂ ਤੋਂ ਝੱਲਣੀ ਪੈ ਰਹੀ ਹੈ, ਜਿਨ੍ਹਾਂ ਨੂੰ ਬਿਪਰ ਵਲੋਂ ਪੂਰੀ ਹੱਲਾਸ਼ੇਰੀ (ਆਰਥਿਕ, ਮਾਨਸਿਕ, ਪ੍ਰਸ਼ਾਸਨਿਕ) ਮਿਲ ਰਹੀ ਹੈ। ਅਗਰ ਗੁਰੂ ਸਾਹਿਬ ਦੇ ਸਮੇਂ ਵੱਲ ਝਾਤ ਮਾਰੀਏ, ਤਾਂ ਜਿੱਥੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਣ ਵਿੱਚ ਬਿਪਰ ਕੁੱਝ ਖੁੱਲੇ ਰੂਪ ਤੇ ਬਹੁਤਾ ਪਰਦੇ ਪਿਛੇ ਰਹਿ, ਹੋਰਨਾਂ ਰਾਹੀਂ ਗੁਰੂ ਘਰ ਨੂੰ ਖਤਮ ਕਰਨ ਲਈ ਉਪਰਾਲੇ ਕਰ ਰਿਹਾ ਸੀ, ਉੱਥੇ ਉਸ ਵੱਲੋਂ ਪਾਲੇ ਜਾਂ ਬਿਪਰ ਦੀਆਂ ਚਾਣਕਿਆ ਨੀਤੀਆਂ ਵਿੱਚ ਆਏ ਇਹ ਸੱਪ, ਸਿੱਖੀ ਭੇਸ ‘ਚ ਸਿੱਖੀ ਦੇ ਜੜ੍ਹੀ ਤੇਲ ਦੇਂਦੇ ਰਹੇ ਹਨ, ਫਿਰ ਚਾਹੇ ਉਹ ਸ੍ਰੀ ਚੰਦ ਦੇ ਰੂਪ ‘ਚ ਉਦਾਸੀਏ ਹੋਣ, ਪ੍ਰਿਥੀਏ ਦੇ ਰੂਪ ‘ਚ ਧੀਰਮੱਲੀਆਂ, ਰਾਮਰਾਈਆਂ ਜਾਂ ਫਿਰ ਮਸੰਦਾਂ ਦੇ ਰੂਪ ‘ਚ ਹੋਣ

ਇਹ ਬੁੱਕਲ ਦੇ ਸੱਪ ਜੋ ਸ਼ਾਇਦ ਸਿੱਖ ਕੌਮ ਵਿੱਚ ਦੂਜੀਆਂ ਕੌਮਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਕਾਰਜ਼ਸ਼ੀਲ ਹਨ ਜਾਂ ਕਰ ਦਿੱਤੇ ਗਏ ਹਨ। ਕੁੱਝ ਬੁੱਕਲ ਦੇ ਸੱਪ ਸਿੱਖ ਕੌਮ ਵਿਚ ਵਾੜ ਦਿੱਤੇ ਗਏ ਹਨ ਤੇ ਬਹੁਤੇ ਸਿੱਖ ਕੌਮ ਦੇ ਆਪਣੇ ਹੀ ਪਾਲ਼ੇ ਹੋਏ ਹਨ। ਜੋ ਆਪਣਾ ਡੰਗ ਮਾਰਨ ਦਾ ਕੰਮ ਪੂਰੀ ਵਫਾਦਾਰੀ (ਤਨ, ਮਨ, ਧਨ) ਨਾਲ ਬ੍ਰਾਹਮਣਵਾਦੀ ਥਾਪੜੇ ਨਾਲ ਕਰ ਰਹੇ ਹਨ ਤੇ ਸਿੱਖ ਕੌਮ ਵੀ (ਉਗਲਾਂ ਤੇ ਗਿਣੇ ਜਾਣ ਜੋਗੇ ਗੁਰਸਿੱਖਾਂ ਨੂੰ ਛੱਡ ਕੇ) ਪੂਰੀ ਇਮਾਨਦਾਰੀ ਨਾਲ ਇਹਨਾਂ ਕੌਮ ਘਾਤਕ ਸੱਪਾਂ ਨੂੰ ਦੁੱਧ ਪਿਆਉਣ ਵਿਚ ਰੁੱਝੀ ਹੋਈ ਹੈ, ਬਿਨ੍ਹਾਂ ਇਹ ਸੋਚਿਆਂ ਕੇ ਇਹਨਾਂ ਸੱਪਾਂ ਦਾ ਮਾਰਿਆ ਹੋਇਆ, ਡੰਗ ਕੌਮ ਨੂੰ ਕਿਸ ਹਨੇਰੀ ਖੱਡ ਵਿਚ ਸੁੱਟ ਦੇਵੇਗਾ। ਵੈਸੇ ਤਾਂ ਇਹਨਾਂ ਸੱਪਾਂ ਦੀਆਂ ਕਈ ਕਿਸਮਾਂ ਹਨ, ਪਰ ਸਭ ਤੋਂ ਵੱਧ ਕਾਰਜ਼ਸ਼ੀਲ ਤੇ ਜ਼ਹਿਰੀਲੀ ਕਿਸਮ ਜੋ ਕੌਮ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚਾ ਚੁੱਕੀ ਹੈ, ਉਹ ਹੈ ਚਿੱਟੇ ਚੋਲ਼ਿਆਂ ਵਾਲਾ ਵਿਹਲੜ ਸਾਧ/ਸੰਤ ਲਾਣਾ ਜੋ ਵੱਗਾਂ ਦੇ ਵੱਗ ਕੌਮ ਵਿੱਚ ਫਿਰ ਰਹੇ ਹਨ। ਅਗੋਂ ਇਹ ਵੱਖਰੀ-ਵੱਖਰੀ ਕਿਸਮ (ਬਰੲੲਦ) ਦੇ ਹਨ ਜਿਵੇ: ਸੰਤ, ਬਾਬਾ, ਸ੍ਰੀ ਮਾਨ 108, 1008, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ (ਪਤਾ ਨਹੀਂ ਸ਼ਾਇਦ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿਚ ਕਿਸੇ ਅਧੂਰੇ ਬ੍ਰਹਮਗਿਆਨੀ ਦੀ ਹੀ ਗਲ ਕਰ ਗਏ ਹਨ, ਜੋ ਇਹ ਸਾਧ ਲਾਣਾ ਆਪਣੇ ਆਪ ਨੂੰ ਤੇ ਆਪਣੇ ਮਰ ਚੁੱਕਿਆਂ ਨੂੰ ਪੂਰਨ ਬ੍ਰਹਮਗਿਆਨੀ ਦੱਸਦਾ ਫਿਰਦਾ ਹੈ) ਦੇ ਅਲੱਗ-2 ਰੂਪਾਂ ‘ਚ ਮਿਲਦੇ ਹਨ। ਇਹ ਸਾਰੀਆਂ ਕਿਸਮਾਂ 1900 ਈ. ਤੋਂ ਬਾਅਦ ‘ਚ ਹੀ ਕੌਮ ਦੀ ਹਰੀ ਭਰੀ ਫੁਲਵਾੜੀ ‘ਚ ਕਾਂਗਰਸੀ ਘਾਹ ਵਾਂਗ ਉਗੀਆਂ ਹਨ। ਇਸ ਤੋਂ ਪਹਿਲਾਂ ਤੁਸੀ ਕਿਤੇ ਵੀ ਸੰਤ, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ ਨਹੀਂ ਲੱਭ ਸਕਦੇ। ਇਹ ਸਾਰੇ ਬਰਸਾਤੀ ਡੱਡੂਆਂ ਵਾਂਗ 1900 ਤੋਂ ਬਾਅਦ ਹੀ ਪੈਦਾ ਹੋਏ ਹਨ। ਹੁਣ ਤਾਂ ਬਰਸਾਤੀ ਡੱਡੂ ਵੀ ਇਹਨਾਂ ਵੱਲ ਵੇਖ ਕੇ ਸ਼ਰਮ ਦੇ ਮਾਰੇ ਬਾਹਰ ਨਹੀ ਆਉਦੇਂ। ਇਹ ਵਿਹਲੜ ਲਾਣਾਂ ਅਗਰ ਇਹਨਾਂ ਡਿਗਰੀਆਂ ਤੱਕ ਹੀ ਸੀਮਤ ਰਹਿ ਜਾਂਦਾ ਤਾਂ ਠੀਕ ਸੀ ਪਰ ਇਹਨਾਂ ਅਖੌਤੀ ਸੰਤਾਂ/ਬ੍ਰਹਮਗਿਆਨੀਆਂ ਤੇ ਇਹਨਾਂ ਦੇ ਚੇਲਿਆਂ ਨੇ ਕੌਮ ਦੀ ਨੀਮ ਬੇਹੋਸ਼ੀ ਦਾ ਫਾਇਦਾ ਲੈਦਿਆਂ ਹੋਇਆਂ, ਬਟਾਲੇ ਲਾਗੇ ਦੇ ਇੱਕ ਰੋਡੇ ਭੋਡੇ ਸਾਧ ਨੂੰ ਹੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਬਣਾ ਧਰਿਆ ਤੇ ਇਸ ਦੇ ਹੱਕ ‘ਚ ਇਹ ਆਮ ਹੀ ਗੁਰਬਾਣੀ ਵਿਚਲੀ ਹੇਠ ਲਿਖੀ ਤੁਕ ਸੰਘ ਪਾੜ-ਪਾੜ ਕੇ ਬੋਲਦੇ ਸੁਣੇ ਜਾ ਸਕਦੇ ਹਨ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ (ਪੰਨਾ-1395)

ਹੁਣ ਇਹਨਾਂ ਭਲੇਮਾਣਸਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਕਿ ਭਾਈ ਦਸਾਂ ਜਾਮਿਆਂ ਵਿਚ ਤਾਂ “ਨਰਾਇਣ” “ਸਾਬਤ ਸੂਰਤਿ ਦਸਤਾਰ ਸਿਰਾ” (ਪੰਨਾ-1084) ਦਾ ਹੋਕਾ ਦਿੰਦਾ ਰਿਹਾ ਫਿਰ ਹੁਣ ‘ਨਾਰਾਇਣ’ ਨੂੰ ਕੀ ਹੋ ਗਿਆ ਕੇ ਉਹ ਖੁਦ ਹੀ ਸਿਰ ਮੂੰਹ ਮੁਨਾ ਬੈਠਾ??? ਕੀ ਇਹ ਬ੍ਰਹਮਗਿਆਨੀ ਤੋਂ “ਪੂਰਨ ਬ੍ਰਹਮਗਿਆਨੀ” ਦੇ ਸਫਰ ਦਾ ਅਸਰ ਤਾਂ ਨਹੀਂ??? ਕਿ ਜਾਂ ਇਹਨਾਂ ਦਾ ਪੂਰਨ ਬ੍ਰਹਮਗਿਆਨੀ ਵੀ ਪੱਛਮੀ ਸੱਭਿਅਤਾ ਦੇ ਵਹਿਣ ‘ਚ ਵਹਿ ਗਿਆ ਤੇ ਇਹ ਮੌਡਰਨ ਬ੍ਰਹਮਗਿਆਨੀ ਬਣ ਗਿਆ ਹੋਵੇ??? ਓਏ ਭਲਿਓ!!! ਜੋ ਖੁਦ ਸਾਬਤ ਸੂਰਤ ਨਹੀਂ ਰਿਹਾ, ਉਹ ਤੁਹਾਨੂੰ ਸਾਬਤ ਸੂਰਤ ਕਿਵੇਂ ਬਣਾਵੇਗਾ, ਤੇ ਉਸ ਦੇ ਮਗਰ ਲੱਗ ਕੇ ਤੁਸੀਂ ਕਿਵੇ ਸਾਬਤ ਸੂਰਤ ਰਹਿ ਜਾਵੋਗੇ। ਅਮ੍ਰਿੰਤਧਾਰੀ ਹੋਣਾ ਤਾਂ ਬਹੁਤ ਦੂਰ ਦੀ ਗਲ ਹੈ। ਗੁਰਬਾਣੀ ਫੁਰਮਾਨ ਹੈ:

ਜੈਸਾ ਸੇਵੈ ਤੈਸੋ ਹੋਇ॥ (ਪੰਨਾ-223) ਹੁਣ ਫੈਸਲਾ ਤੁਹਾਡੇ ਹੱਥ ਹੈ …………………

ਪਰ ਸਿਆਣੇ ਕਹਿੰਦੇ ਹਨ, ਕਿ ਸਾਧ ਨਹੀਂ ਉੱਡਦੇ, ਚੇਲੇ ਉਡਾਂਦੇ ਹਨ ਤੇ ਇਹਨਾ ਚੇਲਿਆਂ ਵਿਚ ਸਾਡੇ ਅਖੌਤੀ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ, ਕਥਾਵਾਚਕ ਵੀ ਆਉਂਦੇ ਹਨ ਜਿਹਨਾਂ ਨੇ ਗੁਰਬਾਣੀ ਨੂੰ ਬੱਸ “ਰੋਟੀਆ ਕਾਰਣਿ ਪੂਰਹਿ ਤਾਲ ॥ (ਪੰਨਾ-465)” ਤੱਕ ਹੀ ਸੀਮਿਤ ਕਰ ਦਿੱਤਾ ਹੈ। ਇਸੇ ਸਾਧ ਦੇ ਡੇਰੇ (ਅਖੌਤੀ ਅੰਗੀਠਾ ਸਾਹਿਬ) ਵਿਖੇ ਇਕ ਪਟਿਆਲੇ ਦਾ ਆਪਣੇ ਆਪ ਨੂੰ ਸਿੱਖ ਕੌਮ ਦਾ ਵੱਡਾ ਪ੍ਰਚਾਰਕ (ਵੈਸੇ ਤਾਂ ਤੁਸੀਂ ਸਾਰੇ ਹੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ, ਪ੍ਰਚਾਰਕਾਂ ਦੇ ਇਹਨਾਂ ਡੇਰਿਆਂ/ਠਾਠਾਂ ਤੇ ਦਰਸ਼ਣ ਕਰ ਸਕਦੇ ਹੋ) ਕਹਾਉਣ ਵਾਲਾ ਕਿਲ੍ਹ-ਕਿਲ੍ਹ ਕੇ ਇਸ ਸਾਧ ਨੂੰ ਗੁਰਬਾਣੀ ਅਨੁਸਾਰ ਬ੍ਰਹਮਗਿਆਨੀ ਸਾਬਤ ਕਰਨ ਲਈ ਜ਼ੋਰ ਲਾਉਂਦਾ ਦੇਖਿਆ (ਜੋ ਕਿ ਤਕਰੀਬਨ 3-4 ਸਾਲ ਤੋਂ ਉਥੇ ਜਾ ਰਿਹਾ) ਤਾਂ ਦਿਲ ਖੂਨ ਦੇ ਅੱਥਰੂ ਰੋ ਪਿਆ ਕਿ ਜਿਸ ਕੌਮ ਦੇ ਪ੍ਰਚਾਰਕ/ਕਥਾਵਾਚਕ ਹੀ ਚੰਦ ਛਿਲੜਾਂ ਖਾਤਰ ਗੁਰਬਾਣੀ ਅਰਥਾਂ ਨੂੰ ਤੋੜ-ਮਰੋੜ ਸਕਦੇ ਹਨ, ਉਸ ਕੌਮ ਦਾ ਤਾਂ ਫਿਰ ਰੱਬ ਹੀ ਰਾਖਾ!!! ਸਭ ਨਾਲੋਂ ਜ਼ਿਆਦਾ ਦੁੱਧ ਵੀ ਕੌਮ ਵੱਲੌਂ ਇਹਨਾਂ ਬੁੱਕਲ ਦੇ ਸੱਪਾਂ ਨੂੰ ਹੀ ਪਿਲਾਇਆ ਜਾ ਰਿਹਾ ਹੈ, ਤੇ ਇਹਨਾਂ ਦਾ ਜ਼ਹਿਰ ਤਾਂ ਜ਼ਾਹਿਰਾ ਤੌਰ ਤੇ ਚਾਹੇ ਘੱਟ ਦਿਖਾਈ ਦੇਵੇ (ਸ਼ਕਲ ਸੂਰਤ ਸਿੱਖਾਂ ਵਾਲੀ ਹੋਣ ਕਾਰਨ) ਪਰ ਅਸਰ ਕੌਮ ਦੀਆਂ ਆਉਂਦੀਆ ਨਸਲਾਂ ਤੇ ਸਾਫ ਦਿਖਾਈ ਦੇਵੇਗਾ। ਇਹ ਸਭ (ਅਖੌਤੀ ਪ੍ਰਚਾਰਕ/ਕਥਾਵਾਚਕ) ਮਿਲ ਕੇ ਇਹਨਾਂ ਅਖੌਤੀ ਸੰਤਾਂ/ਬ੍ਰਹਮਗਿਆਨੀਆਂ ਦੀਆਂ ਸਟੇਜ਼ਾਂ ਤੋਂ ਕ੍ਹਿੱਲ-ਕ੍ਹਿੱਲ ਕੇ ਜ਼ਬਰਦਸਤੀ ਹੀ ਗੁਰਬਾਣੀ ਵਿਚਲੀਆਂ ਤੁਕਾਂ ਦੇ ਅਰਥਾਂ ਦੇ ਅਨਰਥ ਆਈ ਹੋਈ ਮੇਲੇ ਦੀ ਸੌਕੀਨ, ਭਾਂਤ-ਭਾਂਤ ਦੇ ਲੰਗਰਾਂ ਦੀ ਸੌਕੀਨ ਭੀੜ (ਮਾਫ ਕਰਨਾ ਸੰਗਤ ਇਸ ਕਾਰਨ ਨਹੀਂ ਲਿਖ ਰਿਹਾ, ਕਿਉਂਕਿ ਜੇ ਸੱਚਮੁੱਚ ਹੀ ਗੁਰੂ ਦੀ ਸੰਗਤ ਹੁੰਦੀ ਤਾਂ ਆਪਣੇ ਗੁਰੂ ਦੀ ਬੇਅਦਬੀ ਜੋ ਇਹ ਅਰਥਾਂ ਦੇ ਅਰਨਥ ਕਰ ਕੇ ਇਹਨਾਂ ਅਖੌਤੀ ਸੰਤਾਂ/ਬ੍ਰਹਮਗਿਆਨੀਆਂ ਨੂੰ ਖੁਸ਼ ਕਰਨ ਲਈ ਕਰ ਰਹੇ ਹੁੰਦੇ ਹਨ, ਨਾ ਸੁਣਦੀ ਤੇ ਇਹਨਾਂ ਨੂੰ ਉਸੇ ਵੇਲੇ ਹੀ ਸਟੇਜ ਤੋਂ ਥੱਲੇ ਧੂਹ ਲੈਂਦੀ) ਨੂੰ ਸੁਣਾ ਰਹੇ ਹੁੰਦੇ ਹਨ, ਕਿ ਜਿਨ੍ਹਾਂ ਜ਼ਿਆਦਾ ਕਿੱਲ੍ਹਾਂਗੇ ਉਨ੍ਹਾਂ ਹੀ ਵੱਡਾ ਟੁੱਕੜ ਇਹਨਾਂ ਅਖੌਤੀ ਸੰਤਾਂ/ਬ੍ਰਹਮਗਿਆਨੀਆਂ ਤੋਂ ਮਿਲੇਗਾ। ਲਾਹਨਤ ਹੈ ਇਹੋ ਜਿਹੇ ਪ੍ਰਚਾਰਕਾਂ, ਰਾਗੀਆਂ, ਕਥਾਵਾਚਕਾਂ ਤੇ ਜੋ ਇਹਨਾਂ ਸੱਪਾਂ ਦੇ ਕੁਹਾੜੇ ਦਾ ਦਸਤਾ ਬਣਦੇ ਹਨ, ਅਪਣੀ ਕੌਮ ਦੀਆਂ ਜੜਾਂ ‘ਚ ਫਿਰਨ ਨੂੰ। ਨਾਮ ਗੁਰਬਾਣੀ ਦਾ ਤੇ ਟੁੱਕੜ ਬੁੱਕਲ ਦੇ ਸੱਪਾਂ ਦੇ।

ਗੁਰਬਾਣੀ ਦਾ ਫੁਰਮਾਨ ਹੈ, “ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ” (ਪੰਨਾ-1427) ਪਰ ਇਹਨਾਂ ਸਾਧਾਂ, ਸੰਤਾਂ, ਬ੍ਰਹਮਗਿਆਨੀਆਂ ਦੇ ਤਾਂ ਹੁਣ ਵੱਗ ਹੀ ਨਹੀਂ “ਸਮਾਜ” ਬਣ ਗਏ ਹਨ, ਤੇ ਇਹ ਸਮਾਜ ਜਦੋਂ ਕਦੇ ਵੀ ਕੌਮ ਤੇ ਭੀੜ ਪੈਂਦੀ ਹੈ ਇਵੇਂ ਗਾਇਬ ਹੋ ਜਾਂਦੇ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਇਹ ਵੱਡੀਆਂ ਗੋਗੜਾਂ ਵਾਲੇ ਭੀੜ ਵੇਲੇ ਲਈ ਨਹੀਂ, ਇਹ ਸਾਧ ਲਾਣਾ ਤਾਂ ਬਣਿਆਂ ਹੀ ਗਰੀਬ ਸਿੱਖਾਂ ਦੀ ਹੱਕ ਦੀ ਕਮਾਈ ਤੇ ਐਸ਼ ਕਰਨ ਨੂੰ ਹੈ।

ਇਹ ਬੁੱਕਲ ਦੇ ਸੱਪ (ਸਾਧ ਲਾਣਾ) ਦੂਜਿਆਂ ਨੂੰ ਤਾਂ ਕਹਿੰਦੇ ਹਨ ਕਿ ਮਾਇਆ ਨਾਗਣ ਹੈ। ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਅਜ ਦੋ ਡੰਗ ਦੀ ਰੋਟੀ ਤੋਂ ਆਤੁਰ ਹੋਇਆ ਬੈਠਾ ਖੁਦਕੁਸ਼ੀਆਂ ਕਰ ਰਿਹਾ ਉਸ ਵਾਸਤੇ ਤਾਂ ਮਾਇਆ ਨਾਗਣ ਹੈ ਪਰ ਇਸ ਲਾਣੇ ਲਈ ਜੋ 20-20 ਲੱਖ ਦੀ ਗੱਡੀ ਤੋਂ ਘੱਟ ਗੱਡੀ ਨਹੀਂ ਲੈਦੇ, 10-10 ਹਜ਼ਾਰ ਦਾ ਚੋਲਾ ਪਾਉਦੇ ਹਨ, ਆਲੀਸ਼ਾਨ ਏ.ਸੀ. ਡੇਰਿਆਂ ‘ਚ ਰਹਿੰਦੇ ਹਨ, ਸਿਰ ਤੇ ਕਲਗੀਆਂ ਲਾ ਕੇ ਜਨਮ ਦਿਨ ਮਨਾਉਂਦੇ ਹਨ, ਮਹਿੰਗੇ-2 ਗਿਫਟ ਲੈਦੇ ਹਨ। ਇਹਨਾਂ ਵਾਰੀ ਮਾਇਆ ਇਹਨਾਂ ਦੀ ਮਾਮੇ/ਮਾਸੀ ਦੀ ਧੀ ਬਣ ਜਾਂਦੀਂ ਹੈ ?? ਜੋ ਇਹਨਾਂ ਨੂੰ ਨਹੀਂ ਡੰਗਦੀ। ਪਰ ਇਸ ਲਈ ਵੀ ਨਹੀਂ ਡੰਗਦੀ ਹੋਣੀ ਕਿਉਕਿ ਇਹਨਾਂ ਨੇ ਦਸਾਂ ਨਹੁੰਆ ਦੀ ਕਿਰਤ ਕਰਨ ਵਾਲਿਆਂ ਦੀਆਂ ਸਾਰੀਆਂ ਫਿਕਰਾਂ ਜੂ ਖੁਦ ਲੈ ਲਈਆਂ ਹਨ। ਮੰਡੀਆਂ ‘ਚ ਰੁਲਣੋ ਇਹਨਾਂ ਕਿਸਾਨ ਨੂੰ ਬਚਾ ਲਿਆ। ਅੱਧੀ ਜਿਨਸ ਤਾਂ ਇਹ ਖੇਤਾਂ ‘ਚੋ ਹੀ ਲੈ ਜਾਂਦੇ ਨੇ ਬੋਰੀਆਂ ਭਰ ਕੇ, ਤੇ ਬਾਕੀ ਬਚਦੀ ਘਰਾਂ ਤੋਂ ਆ ਕੇ ਲੈ ਜਾਂਦੇ ਨੇ ਪੱਕੇ ਪਰਸ਼ਾਦਿਆਂ ਦੇ ਰੂਪ ‘ਚ। ਨਾ ਜਿਨਸ ਰਹੂ, ਨਾ ਮੰਡੀਆਂ ‘ਚ ਹੀ ਰੁਲਣਾ ਪਊ। ਦੂਜਾ ਫਿਕਰ ਧੀਆਂ ਪੁੱਤਾਂ ਦੇ ਵਿਆਹਾਂ/ਸ਼ਾਦੀਆਂ ਦਾ ਵੀ ਇਹਨਾਂ ਖਤਮ ਕਰ ਦਿੱਤਾ। ਪੁੱਤਾਂ ਨੂੰ ਨਸ਼ੇ ਹੀ ਇਨ੍ਹੇ ਲਗਾ ਦੇਣੇ ਹਨ ਜਾਂ ਵਿਹਲੜ/ਨਿਕੰਮਾ ਹੀ ਏਨਾ ਬਣਾ ਦੇਣਾ ਕਿ ਕੋਈ ਇਜ਼ਤਦਾਰ ਇਹਨਾਂ ਨੂੰ ਆਪਣੀ ਧੀ ਦਾ ਰਿਸ਼ਤਾ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਨਹੀ ਲੱਖ ਵਾਰ ਸੋਚੇਗਾ। ਰਹੀ ਗੱਲ ਧੀਆਂ ਦੀ, ਜੇ ਇਹ ਕੁੱਖ ‘ਚ ਮਰਨੋਂ ਬਚ ਗਈਆਂ ਤਾਂ ਇਹਨਾਂ ਨੇ ਡੇਰਿਆਂ, ਠਾਠਾਂ ‘ਚ ਰੱਖ ਲੈਣੀਆਂ ਹਨ ਆਪਣੀ ਗੰਦੀ ਹਵਸ ਦਾ ਸ਼ਿਕਾਰ ਬਣਾਉਣ ਨੂੰ, ਸਾਧਣੀ, ਦਾਸੀਆਂ, ਸੇਵਾਦਾਰਨੀਆਂ ਦੇ ਰੂਪ ‘ਚ। ਗਰੀਬ ਕਿਸਾਨ (ਸਿੱਖ) ਤਾਂ ਕਮਲਾ ਹੈ ਜੋ ਖੁਦਕੁਸ਼ੀਆਂ ਕਰ ਰਿਹਾ ਹੈ। ਬਈ !! ਤੇਰੇ ਸਾਰੇ ਫਿਕਰ ਤਾਂ ਇਹਨਾਂ ਅਖੌਤੀ ਬ੍ਰਹਮਗਿਆਨੀਆਂ, ਸੰਤਾਂ, ਮਹਾਂਪੁਰਖਾਂ ਨੇ ਲੈ ਲਏ ਹਨ ਤੂੰ ਕਾਹਦੇ ਲਈ ਖੁਦਕੁਸ਼ੀਆਂ ਕਰਦਾ ਫਿਰਦਾ???? ਤੂੰ ਤਾਂ ਭਲਿਆ ਇਹਨਾਂ ਬ੍ਰਹਮਗਿਆਨੀਆਂ, ਸੰਤਾਂ, ਮਹਾਂਪੁਰਖਾਂ ਦੇ ਚਰਨ ਧੋ-ਧੋ ਪੀ ਸ਼ਾਇਦ ਤੇਰਾ ਵੀ ਜਨਮ ਸਫਲਾ ਹੋ ਜਾਵੇ। ਉਪਰੋਂ ਦਾਵੇ ਕਰਦੇ ਨਹੀਂ ਥੱਕਦੇ, ਕਿ ਜੀ ਅਸੀਂ ਜਾਂ ਸਾਡੇ ਮਹਾਂਪੁਰਖਾਂ ਨੇ ਤਾਂ ਇਕ ਦਿਨ ‘ਚ 1 ਲੱਖ ਨੂੰ “ਬਾਬੇ ਨਾਨਕ ਦੇ ਜਹਾਜ਼” (ਅਮ੍ਰਿੰਤ ਛਕਾਇਆ) ਚੜਾਇਆ ਹੈ। ਪਰ ਕਦੇ ਕਿਸੇ ਨੇ ਇਹਨਾਂ ਨੁੂੰ ਪੁੱਛਿਆ ਹੀ ਨਹੀ ਕਿ ਮਹਾਂਪੁਰਖ ਜੀ ਉਸ ਜਹਾਜ਼ ‘ਚੋ ਕੋਈ ਪਾਰ ਵੀ ਲੰਘਿਆਂ ਕਿ ਸਾਰੇ ਹੀ ਅਗਲੇ ਮੋੜ ਤੇ ਉਤਰ ਗਏ????

ਦਾਸ ਨੂੰ ਅਜ ਤੋਂ ਕੋਈ 5-7 ਸਾਲ ਪਹਿਲੇ ਇਕ ਬਜ਼ੁਰਗ ਢਾਡੀ (ਗਿਆਨੀ ਪ੍ਰਸ਼ੋਤਮ ਸਿੰਘ ਪਾਰਸ) ਨੇ ਦੱਸਿਆ ਸੀ ਕਿ ਇੱਕਲੇ ਅਕਾਲ ਤਖਤ ਸਾਹਿਬ (ਇਹਨਾਂ ਬਾਬਿਆਂ, ਸੰਤਾਂ, ਜਥੇਬੰਦੀਆਂ ਦੇ ਦਾਵਿਆਂ ਨੂੰ ਛੱਡ ਕੇ) ਦੇ ਰਜ਼ਿਸਟਰ ਦੇਖ ਲਉ, ਅਸੀਂ 8 ਕਰੋੜ ਨੂੰ ਅਮ੍ਰਿੰਤ ਛਕਾ ਚੁੱਕੇ ਹਾਂ। ਪਰ ਸਿੱਖਾਂ ਦੀ ਕੁੱਲ ਅਬਾਦੀ (ਘੋਨ-ਮੋਨ, ਡੇਰੇਵਾਦੀ ਤੇ ਹੋਰ ਪਾ ਕੇ) ਵੀ ਪੌਣੇ 2 ਕਰੋੜ ਹੀ ਬਣਦੀ ਹੈ। ਫਿਰ ਬਾਕੀ ਦੇ ਸਵਾ 6 ਕਰੋੜ ਕਿਥੇ ਗਏ। ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ। ਨਹੀਂ, ਇਸ ਦਾ ਮਤਲਬ ਸਿਰਫ ਏਨਾ ਹੀ ਹੈ ਕਿ ਅਸੀਂ ਇਕ-ਇਕ ਜਾਣੇ ਨੇ 8-8 ਵਾਰ ਅਮ੍ਰਿੰਤ ਛਕਿਆ ਹੈ। ਪਰ ਇਹਨਾਂ ਨੂੰ ਇਸ ਨਾਲ ਕੀ ਇਹਨਾਂ ਤਾਂ ਅਖਬਾਰਾਂ ‘ਚ ਫੋਟੋ ਹੀ ਲਗਵਾਉਣੀ ਹੈ। ਕਦੀ ਦੂਜਿਆਂ ਦੀਆਂ ਧੀਆਂ/ਭੈਣਾਂ ਦੀ ਇੱਜ਼ਤ ਬਚਾਉਣ ਲਈ ਜਾਨ ਦੀ ਪਰਵਾਹ ਨਾ ਕਰਨ ਵਾਲਾ ਅਜ ਦਰ-ਦਰ ਤੇ ਆਪਣੀਆਂ ਮਾਸੂਮ ਬੱਚਿਆਂ ਨੂੰ ਇਹਨਾਂ ਭੂਸਰੇ ਸਾਨ੍ਹਾਂ (ਸਾਧਾਂ) ਦੇ ਡੇਰਿਆਂ ਤੋਂ ਬਚਾਉਣ ਲਈ ਲੇਲ੍ਹੜੀਆਂ ਕੱਢਦਾ ਫਿਰਦਾ ਹੈ। ਪੰਜਾਬੀਓ ਸੋਚੋ!!!!ਅੱਜ ਕਿਸ ਨੇ ਤੁਹਾਨੂੰ ਏਨਾ ਬੇਗੈਰਤ/ਬੇਅਣਖਾ ਬਣਾ ਦਿੱਤਾ ਹੈ????? ਕਿਉ ਤੁਹਾਡੀਆਂ ਰਗਾਂ ਵਿਚਲਾ ਖੂਨ ਉਬਾਲਾ ਨਹੀਂ ਖਾਂਦਾ???? ਕਿਉਂ ਤੁਹਾਡੀਆਂ ਸ਼ਮਸ਼ੀਰਾਂ ਮਿਆਨੋ ਬਾਹਰ ਨਹੀਂ ਆ ਰਹੀਆਂ???? ਕਿ ਜਾਂ ਤੁਸੀ ਇਸ ਸਭ ਨੂੰ ਆਪਣੀ ਹੋਣੀ ਮੰਨ ਲਿਆ ਹੈ????

 

 

ਹੌਲੀ-2 ਇਹ ਬੁੱਕਲ ਦੇ ਸੱਪ ਸਿਖ ਕੌਮ ਦੀਆਂ ਰਗਾਂ ‘ਚ ਇਨ੍ਹਾਂ ਜ਼ਹਿਰ ਭਰ ਦੇਣਗੇ ਕਿ ਕੌਮ ਇਸ ਜ਼ਹਿਰ ਦੀ ਆਦੀ ਹੋ ਜਾਵੇਗੀ ਫਿਰ ਇਹ ਸੰਤਾਂ, ਬ੍ਰਹਮਗਿਆਨੀਆਂ ਦੀ ਪਦਵੀਂ ਤੋਂ ਉਪਰ ਉਠ ਕੇ ਗੁਰੂ ਬਣ ਬੈਠਣਗੇ। ਇਸੇ ਲਈ ਹੀ ਇਹ ਬਾਰ-2 ਬੁੱਕਲ ਦੇ ਸੱਪ ਭੇਸ ਬਦਲ ਬਦਲ ਕੇ ਕਦੀ ਬਿਹਾਰੀ ਸੱਪ, ਕਦੇ ਬਲਾਤਕਾਰੀ ਸੱਪ, ਕਦੇ ਬੇਆਸਾ ਵਾਲਾ ਸੱਪ, ਕਦੇ ਸਤਿਗੁਰੂ ਸੱਪ, ਕਦੇ ਬ੍ਰਹਮਗਿਆਨੀ ਸੱਪ, ਕਦੇ ਅਖੌਤੀ ਜਥੇਦਾਰ ਸੱਪ ਦੇ ਰੂਪ ਵਿਚ ਡੰਗ ਮਾਰ ਕੇ ਦੇਖਦੇ ਹਨ ਕਿ ਕੌਮ ਵਿੱਚ ਅਜੇ ਕਿੰਨੀ ਕੁ ਹਿਲਜੁਲ (ਅਣਖ) ਹੈ ਤੇ ਕੌਮ ਕਦੋਂ ਨੀਮਬੇਹੋਸ਼ੀ (ਛੋਮੳ) ਵਿੱਚ ਜਾਂਦੀ ਹੈ ਤਾਂ ਕਿ ਇਹ ਗੁਰੂ ਬਣ ਬੈਠਣ। ਜਿਸ ਦੀ ਸ਼ੁਰੂਆਤ ਨਾਨਕਸਰ ਵਾਲੇ ਮਹਾਂਪੁਰਖਾਂ, ਬਾਬਾ ਨੰਦ ਸਿੰਘ ਦੀ ਫੋਟੋ ਪਾਲਕੀ ਵਿਚ ਰੱਖ ਕੇ ਕੱਢੇ ਨਗਰ ਕੀਰਤਨ ਰਾਹੀ ਤੇ ਮਸਤੂਆਣੇ ਕੋਲ ਮਾਲਵੇ ਵਿੱਚ ਅਖੌਤੀ ਸਾਧ ਬਲਵੰਤ ਸਿੰਹੁ ਸਹੋੜਾ ਨੇ ਹਰਿਮੰਦਿਰ ਤੇ ਅਕਾਲ ਤਖਤ ਬਣਾਉਣਾ ਸ਼ੁਰੂ ਕਰ ਕੇ ਪਿਛੇ ਜਿਹੇ ਕੀਤੀ ਤੁਸੀਂ ਸਭ ਨੇ ਅਖਬਾਰਾਂ (ਰੋਜ਼ਾਨਾ ਸਪੋਕਸਮੈਂਨ)‘ਚ ਵੇਖ ਹੀ ਚੁੱਕੇ ਹੋ ਤੇ ਇਸੇ ਸਾਧ ਦੇ ਚਰਨਾਂ ‘ਚ ਡਿੱਗਾ ਖਾਲਿਸਤਾਨ ਦਾ ਅਖੌਤੀ ਅਲੰਬਰਦਾਰ ਵੀ ਦੇਖ ਸਕਦੇ ਹੋ ਜਿਹੜਾ ਹਰ ਦੂਜੇ ਚੌਥੇ ਦਿਨ ਖਾਲਿਸਤਾਨ ਦੇ ਨਾਹਰੇ ਕਿੱਲ਼-ਕਿੱਲ਼ ਕੇ ਲਾ ਰਿਹਾ ਹੁੰਦਾ ਹੈ। ਇਸ ਨੂੰ ਕੋਈ ਪੁਛੇ ਕਿ ਤੈਨੂੰ ਇਸ ਨੂੰ ਇਸ ਸਾਧ ਦੇ ਪੈਰਾਂ ‘ਚ ਖਾਲਿਸਤਾਨ ਦਿੱਸਦਾ ਹੈ??? ਖਾਲਿਸਤਾਨ ਦਾ ਇਹੀ ਅਖੌਤੀ ਅਲੰਬਰਦਾਰ ਭੀੜ ਪੈਣ ਤੇ ਆਪ ਤਾਂ ਗਰਮ-ਗਰਮ ਨਾਹਰੇ ਮਾਰ ਕੇ ਜੇਲ਼ ਚਲਾ ਜਾਂਦਾ ਹੈ ਤੇ ਦੂਸਰਿਆਂ ਦੇ ਹੀਰਿਆਂ ਵਰਗੇ ਪੁੱਤਾਂ ਨੂੰ ਬਲਦੀ ਦੇ ਬੁੱਥੇ ਦੇ ਜਾਂਦਾ ਹੈ।

ਇੱਕ ਹੋਰ ਨਸਲ ਹੈ ਬੁੱਕਲ ਦੇ ਸੱਪਾਂ ਦੀ ਜੋ ਕੌਮ ਦੀ ਸਭ ਤੋਂ ਉੱਚੀ ਪਦਵੀ ਤੇ ਕੁੰਡਲ ਮਾਰ ਕੇ ਬੈਠੇ ਹਨ। ਇਹ ਹਨ ਅਖੌਤੀ ਜਥੇਦਾਰ “ਅਕਾਲ ਤਖਤ ਸਾਹਿਬ”। ਇਹ ਸੱਪ ਵੀ ਬਿਪਰਵਾਦ ਵੱਲੌਂ ਕੌਮ ਵਿੱਚ ਵਾੜ ਦਿੱਤੇ ਗਏ ਹਨ। ਜੋ ਕੌਮ ਦੇ ਗੁਰੂ ਬਣਨ ਲਈ ਕਾਹਲੇ ਹਨ। ਇਹ ਸੱਪ ਗਾਹੇ ਬਗਾਹੇ ਕੌਮ ਦੇ ਵਿਦਵਾਨਾਂ/ਬੁਧੀਜੀਵੀ ਵਰਗ ਨੂੰ “ਸਿੱਖ ਪੰਥ ਦੇ ਸਭ ਤੋਂ ਵੱਧ ਸਤਿਕਾਰਤ ਮੀਰੀ ਦੇ ਤਖਤ ਦਾ ਨਜ਼ਾਇਜ਼ ਫਾਇਦਾ ਉਠਾਉਦੇ ਹੋਏ” ਪੰਥ ‘ਚੋ ਛੇਕਣ ਦਾ ਸ਼ੌਕ ਪੂਰਾ ਆਪਣੇ ਅਖੌਤੀ ਹੁਕਮਨਾਮਿਆਂ ਰਾਹੀ ਕਰਦੇ ਰਹਿੰਦੇ ਹਨ। ਵੈਸੇ ਵੇਖਿਆ ਜਾਵੇ ਤਾਂ ਇਹ ਸੱਪ ਗੁਰਮਿਤ ਦੀ ਫਿਲਾਸਫੀ ਤੋਂ ਅਨਜਾਣ ਆਪਣੀ ਅਕਲ ਦਾ ਜ਼ਨਾਜਾ ਹੀ ਕੱਢ ਰਹੇ ਹੁੰਦੇ ਨੇ ਕਿਉਕਿ ਇਹਨਾਂ ਨੂੰ ਛੇਕਣ ਦਾ ਅਧਿਕਾਰ ਕਿੱਥੋਂ, ਕਦੋਂ, ਕਿਸ ਵੱਲੌਂ ਪ੍ਰਾਪਤ ਹੋਇਆ ਨਾ ਤਾਂ ਇਹਨਾਂ ਨੂੰ ਨਾ ਹੀ ਇਹਨਾਂ ਦੇ ਮਾਲਕਾਂ ਨੂੰ ਪਤਾ। ਮਾਲਕਾਂ ਨੂੰ ਤਾਂ ਏਨਾ ਪਤਾ ਕਿ ਕਿਵੇਂ ਇਹਨਾਂ ਨੂੰ ਵਰਤ ਕੇ ਟਿਸ਼ੂ ਪੇਪਰ ਵਾਂਗ ਸੁਟਣਾ ਹੈ। ਇਹ ਕੌਮ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਕੌਮ ਦੇ ਇਹ ਅਖੌਤੀ ਜਥੇਦਾਰ ਕੋਈ ਵੇਦਾਂਤ ਦਾ ਗਿਆਤਾ ਵੇਦਾਂਤੀ ਹੈ ਤੇ ਕੋਈ ਆਰ ਐਸ ਐਸ ਦਾ ਹੱਥਠੋਕਾ ਪੂਰਨ ਸਿੰਹੁ ਗੁਰਬਾਣੀ ਨਾਲ ਇਹਨਾਂ ਦਾ ਦੂਰ-ਦੂਰ ਦਾ ਕੋਈ ਵਾਸਤਾ ਨਹੀਂ। ਆਪਣੇ ਮਾਲਕਾਂ ਦੇ ਇਸ਼ਾਰੇ ਦੇ ਇਹ ਵੀ ਕਦੇ ਆਰ ਐੱਸ ਐੱਸ ਦੀ ਨਜ਼ਾਇਜ ਔਲਾਦ ਪੂਰਨ ਸਿੰਹੁ, ਕਦੇ ਇਕਬਾਲ ਸਿੰਹੁ ਦੇ ਰੂਪ ਵਿੱਚ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸਦੇ ਹਨ। ਵੇਦਾਂਤੀ, ਅਗਰ ਇਸ ਮਹਾਂਪੁਰਖ ਦੇ ਕਾਰਨਾਮੇ ਲਿਖਣੇ ਹੋਣ ਤਾਂ ਇੱਕ ਵੱਖਰੀ ਕਿਤਾਬ ਲਿਖਣੀ ਪਵੇਗੀ ਜੋ ਜੋ ਕੀਰਤੀਮਾਨ (ਗਦਾਰੀ ਦੇ) ਇਸ ਮਹਾਂਪੁਰਖ ਦੇ ਹਿੱਸੇ ਆਏ ਹਨ ਹੋਰ ਕਿਸੇ ਦੇ ਹਿੱਸੇ ਨਹੀਂ ਆਏ। ਹੁਣ ਬੇਇਜ਼ਤੀ ਕਰਵਾ ਕੇ ਕੁਰਸੀ ਖੁਹਾ ਕਿ ਇਸ ਨੂੰ ਵੀ ਸਿੱਖੀ ਦਰਦ ਕਦੇ-ਕਦੇ ਉਠਦਾ ਹੈ , ਬਸ ਇਹਨਾਂ ਦੀ ਤਾਰੀਫ ‘ਚ ਇਹੀ ਕਹਿ ਸਕਦਾ ਹਾਂ ਕਿ ਇਹ ਬੰਦਾ ਅਜ ਤੱਕ ਦਾ ਸਭ ਤੋਂ ਬੇਈਮਾਨ, ਰਿਸ਼ਵਤਖੋਰ (ਧਨਵੰਤ ਸਿੰਹੁ ਕੇਸ) ਤੇ ਸਿੱਖੀ ਨੂੰ ਕਲੰਕਤ ਕਰਨ ਵਾਲਾ ਜਥੇਦਾਰ ਰਿਹਾ ਹੈ। ਇਸ ਦੀ ਇਕ ਹੋਰ ਸਿਫਤ ਵੀ ਹੈ ਕਿ ਇਸ ਨੇ ਆਪਣੇ ਮਾਲਕਾਂ (ਬਾਦਲ ਤੇ ਆਰ ਐੱਸ ਐੱਸ) ਪ੍ਰਤੀ ਵਫਾਦਰੀ ਵਿੱਚ ਆਮ ਕਹਾਵਤਾਂ ‘ਚ ਆਉਦੇ ਵਿਚਾਰੇ ਡੱਬੂ ਨੂੰ ਵੀ ਪਿਛੇ ਛੱਡ ਦਿੱਤਾ।

ਹੁਣ ਉਸ ਨੂੰ ਛੱਡ ਵੇਦਾਂਤੀ ਜੀ ਦੀ ਵਫਾਦਾਰੀ ਦੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ। ਹੁਣ ਇਸ ਡੀਪਾਰਟਮੈਂਟ ਵਿੱਚ ਗੁਰਬਚਨ ਸਿੰਹੁ ਜੀ ਆਪਣੇ ਮਾਲਕਾਂ (ਬਾਦਲ ਤੇ ਆਰ ਐੱਸ ਐੱਸ) ਪ੍ਰਤੀ ਵਫਾਦਾਰੀ ਦੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਨੇ। ਹੋ ਸਕਦਾ ਹੈ ਇਹ ਵੇਦਾਂਤੀ ਜੀ ਨੂੰ ਪਿਛੇ ਛੱਡ ਜਾਣ ਤੇ ਇਹ ਇਸ ਮਹਾਨ ਕਾਰਜ ਨੂੰ ਸਿਰੇ ਚੜ੍ਹਾਉਨ ਲਈ ਸਿਰ ਧੜ ਦੀ ਬਾਜੀ (ਜੇ ਸਿਰ ਹੈ ਤਾਂ) ਲਾਈ ਬੈਠਾ ਹੈ। ਹਾਂ ਜੀ ਇੱਕ ਹੋਰ ਜੀਵ ਵੀ ਨੇ ਇਹਨਾਂ ਦੀ ਨਸਲ ਦੇ ਹੀ ਜੋ ਥੋੜਾ ਗਰਮ ਸੁਭਾ ਦੇ ਮੰਨੇ ਜਾਂਦੇ ਨੇ ਤੇ ਕਦੀ-2 ਆਪਣੇ ਮਾਲਕਾਂ ਨੂੰ ਵੀ ਫੁੰਕਾਰੇ ਮਾਰਨ ਦੀ ਜੁਅਰਤ ਜਿਹੀ ਕਰ ਲੈਂਦੇ ਹਨ। ਉਹ ਗੱਲ ਵੱਖਰੀ ਹੈ ਕਿ ਜਦੋਂ ਇਸ ਦੇ ਮਾਲਕ ਇਸ ਦੀ ਪੂਛ ਨੂੰ ਥੋੜਾ ਵੱਟ ਦੇਂਦੇ ਹਨ ਤਾਂ ਇਹ ਵੀ ਸੁਸਰੀ ਵਾਂਗ ਸੌ ਜਾਂਦਾ ਹੈ। ਕਦੀ-ਕਦੀ ਇਹ ਬਲਾਤਕਾਰੀ ਸੱਪ ਦਾ ਸਿਰ ਲੈ ਕੇ ਆਉਣ ਵਾਲੇ ਨੂੰ ਵੀ ਸੋਨੇ ‘ਚ ਤੋਲਣ ਦੀ ਡੀਂਗ ਜਿਹੀ ਵੀ ਮਾਰ ਲ਼ੈਦਾ ਹੈ। ਪਰ ਇਸ ਨੂੰ ਇਹ ਪੁੱਛਣਾ ਬਣਦਾ ਹੈ ਕਿ ਭਲਿਆ ਜਿਨ੍ਹਾਂ ਨੇ ਪਹਿਲਾਂ ਕੌਮ ਦੋਖੀਆਂ ਦੇ ਸਿਰ ਲਿਆਂਦੇ ਨੇ ਕੌਮ ਦੀ ਖਾਤਰ ਕਦੀ ਉਹਨਾਂ ਨੂੰ ਫੋਕੇ ਵੱਟਿਆਂ ਨਾਲ ਵੀ ਤੋਲਣ ਦਾ ਯਤਨ ਕੀਤਾ ਕਿ ਮੱਖਣਾਂ ਨਾਲ ਪਾਲੇ ਸ਼ੇਰਾਂ ਵਰਗੇ ਮਾਂਵਾਂ ਦੇ ਪੁੱਤਾਂ ਦਾ ਸੱਪ ਦਾ ਸਿਰ ਲਿਆਉਣ ਤੋ ਪਹਿਲਾਂ ਕਿਨ੍ਹਾਂ ਭਾਰ ਸੀ ਤੇ ਜੇਲ੍ਹ ਵਿੱਚ ਰੂੰ ਵਾਂਗ ਪਿੰਝੇ ਸਰੀਰ ਤੇ ਸਾਰੀ ਜਵਾਨੀ ਗਾਲਣ ਮਗਰੋਂ ਹੁਣ ਕਿੰਨਾ ਰਹਿ ਗਿਆ। ਭਲਿਆ, ਹੁਣ ਵਾਲਿਆਂ ਨੂੰ ਸੋਨੇ ਨਾਲ ਤੋਲਣ ਤੋਂ ਪਹਿਲਾਂ, ਪਹਿਲਾਂ ਵਾਲਿਆਂ ਦੇ ਭਾਰ ਤੋਲ ਫਿਰ ਕੋਈ ਟੀਂ-ਪੈਂ ਕਰੀਂ। ਪਰ ਇਹਨਾਂ ਤਾਂ ਦੂਸਰਿਆਂ ਦੇ ਪੁੱਤ ਮਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਕੀ ਇਹਨਾਂ ਦਾ ਕੋਈ ਆਪਣਾ ਪੁੱਤਰ ਏਨੀ ਹਿੰਮਤ ਕਰੇਗਾ, ਨਾਲੇ ਘਰ ਦਾ ਸੋਨਾ ਘਰੇ ਹੀ ਰਹਿ ਜਾਵੇਗਾ। ਇਹਨਾਂ ਸਾਰਿਆਂ ਸੱਪਾਂ ਲਈ ਵਰਮੀ ਦਾ ਕੰਮ “ਸ੍ਰੋਮਣੀ ਕਮੇਟੀ” ਕਰ ਰਹੀ ਹੈ। ਸਭ ਨਾਲੋ ਵੱਧ ਬੁੱਕਲ ਦੇ ਸੱਪ ਏਸੇ ਵਰਮੀ ‘ਚ ਹੀ ਰਹਿੰਦੇ ਹਨ। ਇਹਨਾਂ ਬੁੱਕਲ ਦੇ ਸੱਪਾਂ ਦੀਆਂ ਅਗਰ ਸਾਰੀਆਂ ਕਿਸਮਾਂ ਤੇ ਇਹਨਾਂ ਦੀਆਂ ਕਰਤੂਤਾਂ ਲਿਖਣੀਆਂ ਹੋਣ ਤਾਂ ਸ਼ਾਇਦ ਗ੍ਰੰਥ ਹੀ ਲਿਖਣੇ ਪੈਣ।

ਹੁਣ ਪੁੱਛਣਾ ਬਣਦਾ ਉਹਨਾਂ ਜਥੇਬੰਦੀਆਂ ਨੂੰ ਜੋ ਆਏ ਦਿਨ ਵਿਦਵਾਨਾਂ ਮਗਰ ਤਾਂ ਡਾਂਗਾਂ ਕੱਢੀ ਫਿਰਦੀਆਂ ਨੇ ਕਿ ਭਾਈ ਤੁਹਾਡੀ ਅਕਲ ਨਾਲ ਹੀ 7/51 ਕਿਉਂ ਹੈ??? ਤੁਸੀਂ ਇਹਨਾਂ ਬੁੱਕਲ ਦੇ ਸੱਪਾਂ ਦੀ ਸਿਰੀ ਕਦੋਂ ਨੱਪਣੀ ਹੈ ਕਿ ਜਾਂ ਫਿਰ ਇਹਨਾਂ ਸੱਪਾਂ ਕੋਲੋ ਲੀਡਰੀ ਚਮਕਾਉਣ ਲਈ ਤੁਹਾਨੂੰ ਵੀ ਚੋਗਾ ਮਿਲ ਜਾਂਦਾ ਹੈ। ਭਲਿਓ ਕੁਝ ਠੰਢੇ ਦਿਮਾਗ ਨਾਲ ਸੋਚੋ, ਜਿੰਨੇ ਪੰਜਾਬ ਵਿੱਚ ਡੇਰੇ ਨੇ ਉਸ ਤੋਂ 10 ਗੁਣਾਂ ਵੱਧ ਅਸੀਂ ਜਥੇਬੰਦੀਆਂ ਬਣਾ ਲਈਆਂ ਹਨ ਤੇ ਕਈਆਂ ਜਥੇਬੰਦੀਆਂ ‘ਚ ਤਾਂ ਬੰਦੇ ਵੀ ਗਿਣਤੀ ਦੇ 10 ਕੁ ਹੀ ਹਨ। ਜਾਨੀ 10 ਜਥੇਬੰਦੀਆਂ ਨੂੰ 1 ਡੇਰਾ ਆਉਂਦਾ ਹੋਓ। ਫਿਰ ਵੀ ਲੱਲੂ ਪੰਜੂ ਡੇਰੇਦਾਰ ਸਾਡੇ ਤੇ ਭਾਰੂ ਪੈ ਰਹੇ ਨੇ। ਸੋਚਣਾ ਬਣਦਾ ਕਮੀ ਕਿੱਥੇ ਹੈ???? ਕਿੱਤੇ ਅਸੀਂ ਜਥੇਬੰਦੀਆਂ ਨੂੰ “ਰੋਟੀਆਂ ਕਾਰਣ ਪੂਰੇ ਤਾਲ” ਦਾ ਸਾਧਨ ਤਾਂ ਨਹੀਂ ਬਣਾ ਲਿਆਂ ਕਿ ਅਖਬਾਰਾਂ ‘ਚ ਸ਼ੇਰ ਬਣ ਕੇ ਅਪਣੇ ਹੀ ਬਾਹਰ ਰਹਿੰਦੇ ਵੀਰਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਲੀਡਰੀ ਚਮਕਾ ਲਈ???? ਤੇ ਜਦੋ ਦਾਅ ਲੱਗਾ ਕਿਸੇ ਸਿਆਸਤਦਾਨ (ਜਿਸ ਨੂੰ ਪਹਿਲੇ ਪਾਣੀ ਪੀ-ਪੀ ਕੇ ਕੋਸਦੇ ਸੀ) ਦੇ ਕੁੱਛੜ ਚੜ ਗਏ। ਕੀ ਕਾਰਨ ਨੇ ਕਿ ਏਨੀਆਂ ਜਥੇਬੰਦੀਆਂ ਹੋਣ ਦੇ ਬਾਵਜੂਦ ਕੌਮ ਇਹਨਾਂ ਬੂਬਨੇ ਸਾਧਾਂ ਦੇ ਡੇਰਿਆਂ ਤੇ ਜਾਣੋਂ ਘੱਟ ਨਹੀਂ ਹੁੰਦੀ???? ਕੀ ਕਦੇ ਕਿਸੇ ਇਕ ਵੀ ਜਥੇਬੰਦੀ ਨੇ ਇਹਨਾਂ ਜ਼ਮੀਨੀ ਸਤਰ (Ground level) ਦੀ ਕੌੜੀਆਂ ਹਕੀਕਤਾਂ ਨੂੰ ਸਮਝਣ ਦੀ/ਇਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ ਕੀਤੀ ਹੈ???? ਕੀ ਕਾਰਨ ਹਨ ਕਿ ਏਨਾ ਮਹਾਨ ਫਲਸਫਾ ਹੋਣ ਦੇ ਬਾਵਜ਼ੂਦ ਵੀ ਅਸੀਂ ਰਸਾਤਲ ਵਲ ਕਿਉਂ ਜਾ ਰਹੇ ਹਾਂ???? ਕੀ ਕਾਰਨ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਪਵਿਤਰ ਸਮੁੰਦਰ ਦੇ ਹੁੰਦਿਆਂ ਅਜ ਕੌਮ ਇਹਨਾਂ ਛੱਪੜਾਂ, ਟੋਬਿਆਂ ‘ਚੋ ਆਪਣੀ ਆਤਮਿਕ ਪਿਆਸ ਬੁਝਾਉਣ ਲਈ ਮਜ਼ਬੂਰ ਹੋਈ ਪਈ ਹੈ????

ਇਹਨਾਂ ਉਪਰ ਦਿੱਤੇ ਤੇ ਇਹਨਾਂ ਵਰਗੇ ਹੋਰਨਾਂ ਪ੍ਰਸ਼ਨਾਂ ਦੇ ਉਤਰ ਲੱਭਿਆਂ ਤੋਂ ਬਿਨਾਂ ਤੇ ਇਹਨਾਂ ਕੌਮ-ਘਾਤੀ ਬੁੱਕਲ ਦੇ ਸੱਪਾਂ ਦੀ ਨਿਸ਼ਾਨਦੇਹੀ ਕੀਤੇ ਤੋਂ ਬਿਨਾਂ ਕੌਮ ਦੀ ਬੇੜੀ ਅਜੋਕੇ ਮਝਧਾਰ ‘ਚੋ ਬਾਹਰ ਨਹੀਂ ਨਿਕਲ ਸਕਦੀ। ਇਹ ਤਾਂ ਅਜੇ ਪੂਣੀ ‘ਚੋ ਤੰਦ ਕੱਤਣ ਦੇ ਬਰਾਬਰ ਵੀ ਨਹੀਂ ਸੀ। ਅਜੇ ਇਸ ਨਸਲ ਦੇ ਹੋਰ ਬਹੁਤ ਸੱਪ ਨੇ ਜਿੰਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਬਾਕੀ ਹੈ ਤੇ ਜੇਕਰ ਅਸੀਂ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਵਖਰੇਵੇ, ਹਉਮੇਂ, ਈਰਖਾ, ਸਾੜਾ ਤਿਆਗ ਕੇ ਇਸ ਕੌਮੀ ਕਾਰਜ਼ ਲਈ ਤੁਰ ਪਈਏ ਤਾਂ ਖਾਲਸੇ ਲਈ ਕੋਈ ਵੀ ਮੰਜ਼ਲ ਬਹੁਤੀ ਦੂਰ ਨਹੀਂ। ਆਉ ਸਾਰੇ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਬੇਨਤੀ ਕਰੀਏ ਕਿ ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ ਤੇ ਅਸੀਂ ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰ ਸਕੀਏ ਤਾਂ ਜੋ ਇਹ ਸਾਨੂੰ ਭਰਾ ਮਾਰੂ ਜੰਗ ਵਿੱਚ ਉਲਝਾ ਕੇ ਕੌਮ ਨੂੰ ਗੁਰੂ ਸਾਹਿਬ ਵੱਲੋਂ ਦੱਸੇ ਗਾਡੀ ਰਾਹ ਤੋਂ ਉਲਝਾ ਕੇ ਕੌਮ ਦੀ ਬੇੜੀ ਨੂੰ ਹੋਰ ਔਝੜੇ ਨਾ ਪਾ ਸਕਣ। ਆਸ ਕਰਦਾ ਹਾਂ ਕਿ ਅਸੀਂ ਤੇ ਸਾਡੇ ਆਪਣੇ ਜੋ ਘਰੋਂ (ਗੁਰੂ ਘਰੋਂ) ਦੂਰ ਜਾ ਚੁੱਕੇ ਹਨ ਵਾਪਿਸ ਅਪਣੇ ਘਰ ਨੂੰ ਮੋੜਾ ਪਾ ਸਕੀਏ ਤੇ “ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥4॥ (ਪੰਨਾ-292)” ਦੇ ਮਹਾਂਵਾਕ ਅਨੁਸਾਰ ਆਪਣਾ ਹਲਤ-ਪਲਤ ਸਵਾਰ ਲਈਏ। ਵਾਹਿਗੁਰੂ ਸਾਨੂੰ ਸਭ ਨੂੰ ਘਰ ਵਾਪਸੀ ਲਈ ਉਦਮ ਤੇ ਬਲ ਬਖਸ਼ੇ।

ਤੱਤ ਗੁਰਮਤਿ ਦੇ ਪਾਂਧੀਆਂ ਦੀ ਚਰਨ ਧੂੜ,

ਜਤਿੰਦਰ ਪਾਲ ਸਿੰਘ ਗੁਰਦਾਸਪੁਰ
9803141381


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top