Share on Facebook

Main News Page

ਮੇਰਾ ਇਤਿਹਾਸ

ਸਕੂਲਾਂ ਚੋਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਨ, ਪਿਛਲੇ ਵੀਕਐਂਡ ਤੇ ਗਰਮੀ ਬਹੁਤ ਸੀ। ਬੱਚੇ ਘਰੇ ਸੋਫੇ ਤੋੜਦੇ ਦੇਖ ਵੱਡੇ ਨੂੰ ਬੇਟੇ ਨੂੰ ਮੈ ਕਿਹਾ ਜਿਹੜਾ ਕਰੀਬਨ 12 ਕੁ ਸਾਲ ਦਾ ਹੈ ਕਿ ਪੁੱਤਰ ਕਿਉਂ ਨਾ ਆਪਾਂ ਗੱਡੀ ਹੀ ਸਾਫ ਕਰ ਲਈਏ। ਉਹ ਵੈਕਇਉਮ ਲੈ ਕੇ ਬਾਹਰ ਗੱਡੀ ਕੀ ਸਾਫ ਕਰਨ ਚਲੇ ਗਿਆ ਮਾਂ ਉਸ ਦੀ ਨੂੰ ਪੈ ਭਾਜੜਾਂ ਗਈਆਂ। ਮੁੜ-ਮੁੜ ਉਹ ਬਾਹਰ ਨੂੰ ਜਾਵੇ ਕਿ ਅੰਦਰ ਆ ਜਾ ਗਰਮੀ ਬਹੁਤ, ਫਿਰ ਉਹ ਮੈਨੂੰ ਕਹੇ ਕਿ ਗਰਮੀ ਬਹੁਤ ਮੁੰਡਾ ਅੰਦਰ ਸੱਦੋ। ਮੈਂ ਬਥੇਰਾ ਕਿਹਾ ਇੰਨੇ ਪੋਲੜ ਨਹੀਂ ਬੱਚੇ ਕਰੀਦੇ ਉਂਝ ਵੀ ਉਸ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਪਰ ਮਾਂ...? ਉਸ ਨੂੰ ਉਨਾ ਚਿਰ ਚੈਨ ਨਹੀਂ ਆਇਆ ਜਿੰਨਾ ਚਿਰ ਉਸ ਮੁੰਡੇ ਨੂੰ ਅੰਦਰ ਨਹੀਂ ਲੈ ਆਂਦਾ ਹਾਲੇ ਕਿ ਇਨੀ ਵੀ ਕੀ ਗਰਮੀ ਸੀ।

ਅਪਣੇ ਬੱਚਿਆਂ ਦੀ ਮਾਂ ਦੀ ਇਸ ਵੇਦਨਾ ਵਿੱਚੋਂ ਮੈਨੂੰ ਦਿੱਲੀ ਕਤਲੇਆਮ ਦੀ ਇਕ ਦਰਦਨਾਕ ਕਹਾਣੀ ਚੇਤੇ ਆ ਰਹੀ ਸੀ ਜਿਹੜੀ ਵੈਨਕੁਵਰ ਤੋਂ 1984 ਦੇ ਦਰਦ ਨੂੰ ਸਾਝਾ ਕਰਨ ਆਈ ਟੀਮ ਨਾਲ ਡਾਕਟਰ ਬਰਜਿੰਦਰ ਹੋਰਾਂ ਦੱਸੀ। ਬੇਸ਼ਕ ਮੋਟੇ ਤੌਰ ਤੇ ਅਸੀਂ ਜਾਣਦੇ ਹਾਂ ਕਿ ਦਿੱਲੀ ਵਿਖੇ ਸਾਡਾ ਬਹੁਤ ਸਰਬਨਾਸ ਤੇ ਕਤਲੇਆਮ ਹੋਇਆ ਪਰ ਨੇੜਿਉਂ ਹੋ ਕੇ ਦੇਖੀਆਂ ਦਰਦਨਾਕ ਕਹਾਣੀਆਂ ਦਿੱਲ ਹਿਲਾ ਦੇਣ ਵਾਲੀਆਂ ਹਨ।

ਨੌਜਵਾਨ ਬੀਬੀ, ਉਸਨੇ ਪਤੀ ਅਪਣਾ ਬਾਂਦਰ ਸੈਨਾ ਤੋਂ ਬਚਾਉਂਣ ਲਈ ਟਰੰਕ ਵਿੱਚ ਬੰਦ ਕਰ ਦਿੱਤਾ ਪਰ ਉਨ੍ਹਾਂ ਲੱਭ ਕੇ ਉਸ ਦੇ ਸਾਹਵੇਂ ਅੱਗ ਲਾ ਕੇ ਉਸ ਨੂੰ ਫੂਕ ਦਿੱਤਾ। ਬੀਬੀ ਨੂੰ ਅਲਫ ਨੰਗੀ ਕਰਕੇ ੳਨ੍ਹਾਂ ਸੜਕ ਤੇ ਲੈ ਆਂਦਾ ਤੇ ਗਿਣਤੀ ਕੋਈ ਨਹੀਂ ਕਿੰਨੇ ਲੋਕਾਂ ਉਸ ਨਾਲ ਰੇਪ ਕੀਤਾ ਤੇ ਉਸ ਨੂੰ ਨੰਗੀ ਨੂੰ ਛੱਡ ਦਿੱਤਾ ਗਿਆ। ਬੱਚਾ ਉਸ ਦਾ ਕਿਸੇ ਤਰ੍ਹਾ ਬੱਚ ਗਿਆ ਤੇ ਉਸ ਨੇ ਨੰਗੀ ਨੇ ਹੀ ਬੱਚਾ ਅਪਣਾ ਹਿੱਕ ਨਾਲ ਲਾਇਆ ਹੋਰ ਨੰਗੀਆਂ ਕਰਕੇ ਬੈਠਾਈਆਂ ਬੀਬੀਆਂ ਦੇ ਕਾਫਲੇ ਵਿੱਚ ਬੱਚੇ ਨੂੰ ਹਿੱਕ ਨਾਲ ਲਾ ਕੇ ਬੈਠ ਗਈ। ਪਰ ਉਸ ਦੇ ਗੁਆਂਢੀ ਨੇ ਦੇਖ ਕੇ ਦੱਸ ਦਿੱਤਾ ਕਿ ਹਾਲੇ ਬੱਚਾ ਇਸ ਦਾ ਜੀਂਦਾ ਹੈ ਉਨ੍ਹਾਂ ਬੱਚਾ ਖੋਹਿਆ ਤੇ ਉਸ ਨੂੰ ਦਿਖਾ ਦਿਖਾ ਕੇ ਉਸ ਦੀਆਂ ਅੱਖਾਂ ਸਾਹਵੇਂ ਉਸ ਨੂੰ ਚੀਰ ਦਿੱਤਾ। ਬੱਚਾ ਅਪਣੀ ਮਾਂ ਨੂੰ ਪੁਕਾਰ ਰਿਹਾ ਸੀ ਪਰ ਅਲਫ ਨੰਗੀ ਬੈਠੀ ਮਾਰੀ ਸ਼ਰਮ ਦੀ ਮਾਂ ਸੋਚ ਰਹੀ ਸੀ ਕਿ ਕਾਸ਼ ਬੱਚਿਆ ਜੇ ਮੇਰੇ ਗੱਲ ਕੋਈ ਪਤਲੀ ਲੀਰ ਵੀ ਹੁੰਦੀ ਮੈਂ ਤੇਰੇ ਉਪਰ ਪੈ ਜਾਂਦੀ ਸ਼ਾਇਦ ਤੂੰ ਬੱਚ ਜਾਂਦਾ।

ਉਧਰ ਮੇਰੇ ਬੱਚਿਆਂ ਦੀ ਮਾਂ, ਜਿਹੜੀ ਥੋੜੀ ਜਿਹੀ ਗਰਮੀ ਵੀ ਅਪਣੇ ਬੱਚੇ ਲਈ ਬਰਦਾਸ਼ਤ ਨਹੀਂ ਕਰ ਰਹੀ ਵਲ ਜਦ ਦੇਖਦਾ ਹਾਂ ਤਾਂ ਉਨ੍ਹਾਂ ਮਾਵਾਂ ਬਾਰੇ ਸੋਚਦਾ ਹਾਂ ਜਿਹੜੀਆਂ ਕਿੰਨੀਆਂ ਮਾਵਾਂ ਨੇ ਅਪਣੇ ਜਵਾਨ ਪੁੱਤਰ ਅੱਖਾਂ ਸਾਹਵੇਂ ਮੱਚਦੇ ਭਾਬੜਾਂ ਵਿਚ ਝੁਲਸਦੇ ਵੇਖੇ ਪਰ ਕੁਝ ਨਾ ਕਰ ਸਕੀਆਂ ਤੇ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ ਤਾਂ ਕੀ ਦਿੱਲੀ ਨੇ ਹਾਅ ਦਾ ਨਾਹਰਾ ਤੱਕ ਵੀ ਨਹੀਂ ਮਾਰਿਆ ਉਪਰੋਂ ਹੋਰ ਹਨੇਰ ਗਰਦੀ ਇਹ ਕਿ ਕਾਤਲਾਂ ਨੂੰ ਕੁਰਸੀਆਂ, ਉਸ ਤੋਂ ਵੀ ਡੁੱਬ ਕੇ ਮਰਨ ਵਾਲੀ ਗੱਲ ਇਹ ਕਿ ਉਨ੍ਹਾਂ ਹੀ ਕਾਤਲਾਂ ਨੂੰ ਮਰਨ ਵਾਲਿਆਂ ਦੇ ਬੇਸ਼ਰਮ ਲੀਡਰਾਂ ਘਰੀਂ ਜਾ ਕੇ ਸਿਰੋਪੇ ਦਿੱਤੇ..? ਕੌਣ ਥਾਹ ਪਾ ਸਕਦਾ ਹੈ ਕਿ ਦਿੱਲਾਂ ਉਪਰ ਕਿੰਨੇ ਵੱਡੇ ਪੱਥਰ ਲੈ ਕੇ ਜਿਉ ਰਹੀਆਂ ਹਨ ਉਹ ਮਾਵਾਂ ਜਿਹੜੀਆਂ ਕੌਮ ਮੇਰੀ ਕਰੀਬਨ ਭੁੱਲ ਵੀ ਗਈ ਹੈ ਜਾਂ ਚਲੀ ਹੈ।

ਅਪਣੇ ਬੱਚਿਆਂ ਚੋਂ, ਅਪਣੇ ਘਰਾਂ ਚੋਂ, ਅਪਣੀਆਂ ਮੁਸ਼ਕਲਾਂ ਚੋਂ, ਅਪਣੀ ਤੜਫਣਾ ਦੇ ਝਰੋਖੇ ਵਿੱਚੋਂ ਦੇਖਦਿਆਂ ਜਦ ਅਸੀਂ ਇਤਿਹਾਸ ਨੂੰ ਮੁਖਾਤਬ ਹੁੰਦੇ ਹਾਂ ਤਾਂ ਇਤਿਹਾਸ ਕੋਈ ਪੜ੍ਹਕੇ, ਸੁਣਕੇ ਲੰਘ ਜਾਣ ਵਾਲੀ ਸ਼ੈਅ ਨਹੀਂ ਜਾਪਦੀ ਕਿ ਸੁਣਿਆ, ਦੋ ਪਲ ਕੰਨ ਰਸ ਲਿਆ ਤੇ ਗਏ। ਫਿਰ ਉਹ ਇਤਿਹਾਸ ਤੁਹਾਡੇ ਅੰਦਰ ਉਤਰਨ ਲੱਗਦਾ ਹੈ, ਤੁਸੀਂ ਉਸ ਨੂੰ ਜੀਣ ਲੱਗਦੇ ਹੋ, ਉਸ ਨੂੰ ਮਾਨਣ ਲੱਗਦੇ ਹੋ ਤੇ ਕਦੇ ਕਦੇ ਉਸੇ ਇਤਿਹਾਸ ਦੇ ਤੁਸੀਂ ਵੀ ਪੰਨੇ ਬਣ ਜਾਂਦੇ ਹੋ। ਇਤਿਹਾਸ ਜਿੰਨਾ ਚਿਰ ਮੇਰੇ ਘਰ ਨਹੀਂ ਆਉਂਦਾ, ਜਿੰਨਾ ਚਿਰ ਰੋਜ ਨਹੀਂ ਮੈ ਉਸ ਨੂੰ ਜਿਉਂਦਾ, ਅਪਣੀ ਨਿੱਜੀ ਜਿੰਦਗੀ ਵਿੱਚੋਂ ਮੈਂ ਉਸ ਨੂੰ ਨਹੀਂ ਦੇਖਣ ਲੱਗਦਾ ਉਨਾ ਚਿਰ ਇਤਿਹਾਸ ਕਿਤੇ ਦੂਰ ਜਿਹੇ ਵੱਜਦਾ ਢੋਲ ਜਿਹਾ ਜਾਪਦਾ ਹੈ ਜਿਹੜਾ ਕਿਸੇ ਗੁਰਦੁਆਰੇ ਜਾਂ ਸੀ.ਡੀ. ਪਲੇਅਰ ਤੇ ਸੁਣਿਆ ਫਿਲਮ ਜਿਹੀ ਦੇਖਣ ਵਾਗੂੰ ਦੋ ਪਲ ਭਾਵੁਕ ਜਿਹੇ ਹੋਏ ਤੇ ਫਿਰ ਉਹੀ ਹਾਲ।

ਮਸਲਨ ਅੱਜ ਸਾਨੂੰ ਰੌਲਾ ਪਾਉਂਣ ਦੀ ਲੋੜ ਹੀ ਨਹੀਂ ਸੀ ਕਿ ਅਸੀਂ 1984 ਨਹੀਂ ਭੁੱਲੇ। ਹਨੇਰੇ ਚ ਸੀਟੀਆਂ ਕੌਣ ਮਾਰਦਾ? ਡਰਿਆ ਹੋਇਆ! ਅਡੋਲ ਤਾਂ ਤੁਰਿਆ ਜਾ ਰਿਹੈ। ਮੇਰੀ ਚਾਲ ਤੋਂ ਅਗਲਾ ਪਛਾਣ ਰਿਹਾ ਹੈ ਕਿ ਮੈਂ ਅਡੋਲ ਜਾ ਰਿਹਾ ਜਾਂ ਅੰਦਰੋਂ ਥਿੜਿਕਿਆ ਹੋਇਆਂ। ਉਹ ਕੀ ਕਰਦੇ ਨੇ। ਸਾਲ ਕੁ ਬਾਅਦ ਇਕ ਲੰਡਰ ਜਿਹਾ ਲੀਡਰ ਉੱਠਦਾ ਹੈ ਬਿਆਨ ਦੇ ਦਿੰਦਾ ਹੈ ਕਿ ਸਿੱਖੋ 1984 ਭੁੱਲ ਜਾਓ ਤੇ ਖਾਲਸਾ ਜੀ ਉਭੜਵਾਹੇ ਉੱਠਦੇ ਹਨ ਕਿ ਭੁੱਲ ਜਾਈਏ?

ਫਿਰ ਦੇਹ ਬਿਆਨ ਤੇ ਬਿਆਨ, ਲੇਖ ਤੇ ਲੇਖ, ਰੌਲੇ ਤੇ ਰੌਲਾ ਤੇ ਥੋੜੇ ਚਿਰ ਬਾਅਦ ਚਲੋ ਚੁੱਪ ਚਾਪ। ਉਹ ਟੀਕਾ ਜਿਹਾ ਲਾ ਕੇ ਦੇਖਦੇ ਹਨ ਕਿ ਹਾਲੇ ਕਿੰਨਾ ਕੁ ਦੁੱਖਦਾ ਹੈ ਉਸ ਤੋਂ ਕੌਮ ਦੀ ਮਾਨਸਿਕਤਾ ਪੜ੍ਹ ਲੈਂਦੇ ਹਨ ਪਰ ਪਤਾ ਉਨ੍ਹਾ ਨੂੰ ਵੀ ਹੈ ਕਿ ਕੁਝ ਪਿੰਡਿਆਂ ਤੇ ਜਖਮ ਲਈ ਫਿਰਦੇ ਚੰਦ ਲੋਕਾਂ ਤੋਂ ਬਿਨਾ ਬਾਕੀ ਬਹੁਤੇ ਕਾਗਜੀ ਸ਼ੇਰ ਹੀ ਹਨ ਜਾਂ ਫੋਟੋਆਂ-ਫਾਟਾਆਂ ਵਾਲੇ ਹੀ। ਹਾਲੇ ਤਾਂ ਕਹਾਣੀਆਂ ਹੀ ਪੂਰੀਆਂ ਬਾਹਰ ਨਹੀਂ ਆਈਆਂ ਇਸ ਜੁਲਮੋ ਸਿਤਮ ਦੀਆਂ ਤੇ ਉਹ ਕਹਿੰਦੇ ਭੁੱਲ ਵੀ ਜਾਓ?

ਇੱਕ ਮਿੱਤਰ ਮੇਰਾ ਕਹਿ ਰਿਹਾ ਸੀ ਕਿ ਹੁਣ ਚੇਤੇ ਰੱਖਣ ਨਾਲ ਕੀ ਹੋਵੇਗਾ?

ਪਰ ਤੂੰ ਹਰੇਕ ਸਾਲ ਅਪਣੇ ਪਿਓ ਦਾ ਅਖੰਡ ਪਾਠ ਰੱਖ ਕੇ ਲੰਗਰ ਦੇ ਨਾਂ ਤੇ ਸਰਾਧ ਕਰਾਉਣਾ ਉਸ ਨਾਲ ਕੀ ਹੁੰਦਾ ਕੀ ਪ੍ਰਾਪਤੀ ਸੀ ਤੇਰੇ ਪਿਓ ਦੀ ਬਈ?

ਲੈ ਉਹ ਤੇ ਮੇਰਾ ਬਾਪ ਸੀੱ!

ਇਹੀ ਤਾਂ ਸ਼ਰਮ ਦੀ ਗੱਲ ਹੈ ਕਿ ਉਹ ਮੇਰਾ ਸੀ ਤੇ ਚੇਤੇ ਹੈ ਕੌਮ ਦਾ ਫਿਰ ਕੌਣ ਰਹਿ ਗਿਆ ਸਾਰੇ ਤਾਂ ਕਿਸੇ ਨਾ ਕਿਸੇ ਦੇ ਨੇ। ਫਿਰ ਗੁਰੂ ਵੀ ਤੇਰਾ ਕੁਝ ਨਹੀਂ ਲੱਗਦਾ ਉਹ ਕਿਹੜਾ ਤੇਰੇ ਪਰਿਵਾਰ ਦਾ ਸੀ ਤੇ ਉਸ ਦੇ ਬੱਚੇ? ਤਾਂ ਹੀ ਭੁੱਲ ਰਹੇ ਆਂ ਜਦ ਅਸੀਂ ਸਿਰਫ ਮੇਰੇ ਨੂੰ ਹੀ ਮੇਰਾ ਸਮਝਦੇ ਹਾਂ।

ਜਨਮੇਜਾ ਸਿੰਘ ਜੌਹਲ ਕਹਿ ਰਿਹਾ 1984 ਭੁੱਲ ਹੀ ਜਾਣੀ ਚਾਹੀਦੀ। ਪਰ ਕੋਈ ਪੁੱਛੇ ਕਮਲਿਆ ਤੇਰੀ ਅਪਣੀ ਜਵਾਨ ਧੀ ਦਾ ਅੱਖਾਂ ਸਾਹਵੇਂ ਇੰਝ ਰੇਪ ਹੋਇਆ ਹੁੰਦਾ ਤੂੰ ਭੁੱਲ ਜਾਂਦਾ? ਇਸ ਦਾ ਮੱਤਲਬ ਕੌਮ ਦੀਆਂ ਧੀਆਂ, ਕੌਮ ਦੇ ਬਾਪੂ, ਕੌਮ ਦੀਆਂ ਮਾਵਾਂ ਮੇਰੀਆਂ ਥੋੜੋਂ ਹੋਈਆਂ!

ਭੁੱਲਣ ਹੀ ਲੱਗ ਗਏ ਫਿਰ ਵਜੀਦਾ, ਜ਼ਕਰੀਆ, ਅਰੰਗਜੇਬ, ਮੰਨੂ, ਮੱਸਾ, ਅਬਦਾਲੀ ਸਭ ਭੁੱਲ ਜਾਓ। ਕੀ ਰੱਖਿਆ ਇਸ ਖੂਨ ਖਰਾਬੇ ਨੂੰ ਯਾਦ ਕਰਨ ਵਿੱਚ। ਇੰਝ ਹੀ ਇੰਦਰਾ, ਵੈਦਿਯਾ, ਸਜਣ ਕੁਮਾਰ, ਟਾਈਟਲਰ ਭੁੱਲੀ ਜਾਓ ਪਰ ਪੱਲੇ ਕੀ ਰਹਿ ਗਿਆ?

ਬੰਦਾ ਕਿਉਂ ਬੰਦਾ ਹੈ ਕਿਉਂਕਿ ਉਸ ਕੋਲੇ ਯਾਦਅਸ਼ਤ ਹੈ ਨਹੀਂ ਤਾਂ ਪਸ਼ੂ ਹੈ। ਹਾਲੇ ਕੱਲ ਬਘਿਆੜ ਨੇ ਉਸ ਦਾ ਬੱਚਾ ਪਾੜਿਆ ਹੁੰਦਾ ਅਗਲੇ ਦਿਨ ਦੂਜੇ ਨੂੰ ਨਾਲ ਲਈ ਫਿਰ ਉਸ ਦੇ ਨੇੜੇ ਨੇੜੇ ਘਾਹ ਚਰਨ ਡਿਹਾ ਹੁੰਦਾ ਯਾਨੀ ਇਕੇ ਦਿਨ ਵਿੱਚ ਹੀ ਭੁੱਲ ਗਿਆ? ਕੌਮਾਂ ਉਹੀ ਕੌਮਾਂ ਹਨ ਜਿਹੜੀਆਂ ਅਪਣੇ ਪਿੰਡਿਆਂ ਤੇ ਲੱਗੇ ਜਖਮਾਂ ਨੂੰ ਸਦੀਆਂ ਤੱਕ ਹਰਾ ਰੱਖਦੀਆਂ ਹਨ। ਜਿਸ ਕੌਮ ਅੰਦਰੋਂ ਚੀਸ ਹੀ ਖਤਮ ਹੋ ਗਈ ਤੁਸੀਂ ਉਸ ਨੂੰ ਕੌਮ ਸਮਝਦੇ ਹੋਂ? ਮਰ ਚੁੱਕੀ ਮਿੱਟੀ ਵਿਚ ਕੋਈ ਚੀਸ ਨਹੀਂ ਹੁੰਦੀ, ਕੋਈ ਪੀੜਾ ਨਹੀਂ ਹੁੰਦੀ, ਕੋਈ ਦਰਦ ਨਹੀਂ ਹੁੰਦਾ। ਕਦੇ ਕਬਰਾਂ ਵਿੱਚ ਡਾਕਟਰ ਜਾਂਦੇ ਹਨ? ਕਿਉਂ ਜਾਣ। ਉਥੇ ਦਰਦ ਹੀ ਕੋਈ ਨਹੀਂ, ਚੀਖ ਚਿਹਾੜਾ ਹੀ ਕੋਈ ਨਹੀਂ, ਮੌਤ ਨੂੰ ਕਾਹਦੀ ਪੀੜਾ? ਮੁਰਦਿਆਂ ਨੂੰ ਕਾਹਦਾ ਦਰਦ? ਭਵੇਂ ਨਾਲ ਵਾਲੀ ਕਬਰ ਵਿੱਚੋਂ ਕੱਢ ਕੇ ਉਸ ਦੀ ਧੀ ਨਾਲ ਕੋਈ ਬਲਾਤਕਾਰ ਕਰੀ ਜਾਏ ਮੁਰਦਾ ਕੀ ਬੋਲੇਗਾ? ਮੁਰਦੇ ਦੇ ਤੁਸੀਂ ਭਵੇਂ ਰੋਜ ਮੂੰਹ ਤੇ ਥੁੱਕੋ ਉਸ ਨੂੰ ਕੀ ਫਰਕ ਹੈ। ਹੈ ਕੋਈ ਫਰਕ?

ਤੁਹਾਡੇ ਬਾਦਲਾਂ, ਟੌਹੜਿਆਂ, ਸਰਨਿਆਂ, ਤਲਵੰਡੀਆਂ, ਲੌਗਵਾਲਾਂ ਦੇ ਸਦੀਆਂ ਤੋਂ ਮੂੰਹ ਤੇ ਥੁੱਕਦੀ ਰਹੀ ਦਿੱਲੀ, ਹੁਣ ਤੱਕ ਥੁੱਕ ਰਹੀ ਹੈ। ਦਸੋ ਕੀ ਫਰਕ ਪਿਆ? ਜਿਉਂਦੇ ਬੰਦੇ ਨੂੰ ਪਿਆ ਸੀ ਉਸ ਹਿੱਕ ਡਾਹ ਕੇ 84 ਵੇਲੇ ਗੋਲੀਆਂ ਖਾਧੀਆਂ ਸਨ। ਜਿਉਂਦੇ ਬੰਦੇ ਹੀ ਪੂਨੇ ਪਹੁੰਚ ਕੇ ਵੈਦਿਯਾ ਦੀ ਮੋਤ ਬਣੇ, ਜਿਉਂਦਿਆਂ ਹੀ ਇੰਦਰਾ ਨੂੰ ਸਜਾ ਦਿੱਤੀ ਮੁਰਦਾ ਤਾਂ ਭਵੇਂ ਤੁਸੀਂ ਹਜਾਰਾਂ ਸਾਲ ਕਬਰਾਂ ਵਿੱਚ ਦਬ ਛੱਡੋ।

ਆਹ ਤੁਹਾਡੇ ਬ੍ਰਹਗਿਆਨੀਆਂ ਦੇ ਭੋਰੇ ਕਬਰਾਂ ਨਹੀਂ? ਕਦੇ ਕੋਈ ਆਵਾਜ ਆਈ ਉਥੋਂ? ਮੁਰਦੇ ਪਾਲ ਰਹੀ ਕੌਮ ਮੇਰੀ ਮੁਰਦੇ ਤੇ ਉਹ ਅਗੋਂ ਬਾਕੀਆਂ ਨੂੰ ਵੀ ਮੁਰਦੇ ਕਰੀ ਜਾ ਰਹੇ ਹਨ। ਅਖੇ ਜੀ ਸਾਡੇ ਬਾਬਾ ਜੀ ਤਾਂ ਨਾਲ ਜਪਣ ਨੂੰ ਕਹਿ ਗਏ ਸਨ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ! ਜਿਸ ਗੁਰੂ ਦਾ ਨਾਮ ਜਪਣ ਦੀਆਂ ਤੁਸੀਂ ਦੁਹਾਈਆਂ ਦੇ ਰਹੇ ਹੋ, ਭੜੂਓ ਸੜਕਾਂ ਤੇ ਨੰਗੀਆਂ ਕਰ ਕਰ ਰੇਪ ਹੋਈਆਂ ਧੀਆਂ ਕੀ ਉਸੇ ਗੁਰੂ ਦੀਆਂ ਨਹੀਂ ਸਨ? ਗਲਾਂ ਵਿੱਚ ਟਾਇਰ ਪਾ ਪਾ ਫੂਕੇ ਕੀ ਉਹ ਗੁਰੂ ਦੇ ਸਿੱਖ ਨਹੀਂ ਸਨ? ਭੁੱਲਰ ਦੀ ਫਾਸੀਂ ਦਾ ਰੌਲਾ ਸਾਰੇ ਸੰਸਾਰ ਨੇ ਸੁਣਿਆ, ਸਾਰਾ ਸਿੱਖ ਜਗਤ ਕਲਪਿਆ ਦੱਸੋ ਕਿਸੇ ਭੋਰੇ ਚੋਂ ਚੂੰਅ ਵੀ ਨਿਕਲੀ? ਕਿਹੜਾ ਨਾਮ ਜਪ ਰਹੇ ਹਨ ਇਹ ਕਬਰਾਂ ਵਿੱਚ ਬੈਠੇ? ਅਸੀਂ ਕਬਰਾਂ ਵਿੱਚ ਜਾ ਕੇ ਇਨ੍ਹਾਂ ਮੁਰਦਿਆਂ ਦੀਆਂ ਜੁੱਤੀਆਂ ਨੂੰ ਮੱਥੇ ਟੇਕ ਟੇਕ ਅਪਣੇ ਗੁਰੂ ਦਾ ਦਿੱਤਾ ਹੋਇਆ ਬਲ ਹੀਣ ਕਰ ਲਿਆ ਹੈ। ਮੈ ਫਿਰ ਕਹਿੰਨਾ ਕੌਮ ਨੂੰ ਸਚਖੰਡਾਂ ਦੇ ਨਾਂ ਤੇ ਕਬਰਾਂ ਦੇ ਦਰਸ਼ਨ ਕਰਾਏ ਜਾ ਰਹੇ ਹਨ। ਜੇ ਸੱਚਖੰਡ ਹੈ ਤਾਂ ਸੱਚਖੰਡ ਵਿੱਚੋਂ ਸੱਚ ਦੀ ਅਵਾਜ ਕਿਉਂ ਨਹੀਂ ਨਿਕਲਦੀ?

ਇਤਿਹਾਸ ਮੇਰੇ ਕੇਵਲ ਪੜ੍ਹਨ ਦਾ ਹੀ ਵਿਸ਼ਾ ਨਹੀਂ ਇਹ ਮੇਰਾ ਜੀਵਨ ਹੈ, ਇਸ ਦੀ ਰਗ ਰਗ ਵਿੱਚ ਮੇਰੇ ਬੰਦ ਬੰਦ ਕਟਾਉਂਣ ਵਾਲੇ ਬਜ਼ੁਰਗ ਜਲਾਦਾਂ ਅਗੇ ਬੜੀਆਂ ਸ਼ਾਨਾ ਨਾਲ ਬੈਠੇ ਹਨ, ਇਸ ਵਿੱਚ ਮੇਰੇ 7-9 ਸਾਲ ਦੇ ਛੋਟੇ ਛੋਟੇ ਭਰਾ ਨੀਹਾਂ ਵਿਚ ਖੜੇ ਹੋਏ ਹਨ, ਇਸ ਵਿੱਚ ਮੇਰਾ ਬਾਪ ਮੇਰੇ ਸਕੇ ਭਰਾਵਾਂ ਦੀਆਂ ਲਾਸ਼ਾਂ ਲੰਘ ਜਾ ਰਿਹਾ ਦਿੱਸ ਰਿਹਾ ਹੈ, ਇਸ ਵਿੱਚ ਮੇਰੀਆਂ ਮਾਵਾਂ ਮਨੂੰ ਦੀਆਂ ਜਿਹਲਾਂ ਵਿੱਚ ਮੇਰੇ ਛੋਟੇ ਛੋਟੇ ਵੀਰਿਆਂ ਨੂੰ ਨੇਜਿਆਂ ਤੇ ਟੰਗਾਈ, ਟੁਕੜੇ ਟੁਕੜੇ ਕਰਾਈ ਝੋਲੀਆਂ ਚ ਪਵਾਈ ਬੈਠੀਆਂ ਹਨ ਇਸੇ ਤਰ੍ਹਾਂ 1984 ਵੇਲੇ ਦੀਆਂ ਸੜਕਾਂ ਤੇ ਰੇਪ ਹੋਈਆਂ ਮੇਰੀਆਂ ਅਪਣੀਆਂ ਭੈਣਾਂ ਸਨ, ਮੇਰੀਆਂ ਅਪਣੀਆਂ ਮਾਵਾਂ ਸਨ, ਟਾਇਰ ਪਾ ਪਾ ਫੂਕੇ ਗਏ ਮੇਰੇ ਅਪਣੇ ਭਰਾ ਸਨ ਤੇ ਤੁਸੀਂ ਕਹਿੰਨੇ ਭੁੱਲ ਜਾ? ਕੀ ਮੈਂ ਬੇਗੈਰਤ ਹਾਂ? ਇਹੀ ਮੇਰੇ ਸੋਚਣ ਦਾ ਵਿਸ਼ਾ ਹੈ ਤੇ ਮੇਰੀ ਕੌਮ ਨੂੰ ਦੱਸਣ ਵਾਲੀ ਗੱਲ ਹੈ ਜਿਹੜੀ ਹਾਲੇ ਘਰ ਘਰ ਦੱਸਣੀ ਬਣਦੀ ਹੈ ਹਰੇਕ ਜਾਗੁਰਕ ਸਿੱਖ ਲਈ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top