Share on Facebook

Main News Page

ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਨਵੰਬਰ ਵਿਚ ਕਿਉਂ?

ਦੂਜਿਆਂ ਦੀ ਅੰਨ੍ਹੀ ਨਕਲ ਕਰਨਾ ਕਿਥੋਂ ਦੀ ਸਮਝਦਾਰੀ?

ਸਪੋਕਸਮੈਨ ਟ੍ਰਸਟ ਸਿੱਖ ਸਮਾਜ ਦਾ ਇਕ ਜਾਣਿਆ ਪਛਾਣਿਆ ਨਾਂ ਹੈ। ਇਸ ਟ੍ਰਸਟ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੀ ਵੀ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਸਪੋਕਸਮੈਨ ਟ੍ਰਸਟ ਦੀ ਸ਼ੁਰੂਆਤ ਮਾਸਿਕ ਪੰਥਕ ਮੈਗਜ਼ੀਨ ‘ਸਪੋਕਸਮੈਨ’ ਨਾਲ ਹੋਈ। ਸੁਚੇਤ ਅਤੇ ਸੂਝਵਾਨ ਸਿੱਖਾਂ ਨੂੰ ਇਸ ਨੇ ਅਪਣੇ ਵੱਲ ਆਕਰਸ਼ਿਤ ਕੀਤਾ। ਮਾਸਿਕ ਸਪੋਕਸਮੈਨ ਤਰੱਕੀ ਕਰਦਾ ‘ਰੋਜ਼ਾਨਾ ਸਪੋਕਸਮੈਨ’ ਦਾ ਰੂਪ ਧਾਰ ਗਿਆ। ਇਸ ਟ੍ਰਸਟ ਦੀ ਸਰਪ੍ਰਸਤੀ ਹੇਠ ਕੁਝ ਹੋਰ ਪ੍ਰਾਜੈਕਟ ਜਿਵੇਂ ਤੱਤ ਗੁਰਮਤਿ ਲਹਿਰ, ਪੰਜਾਬ ਏਕਤਾ ਮੰਚ ਆਦਿ ਵੀ ਸ਼ੁਰੂ ਹੋਏ ਪਰ ਉਹ ਬਿਨਾਂ ਕੋਈ ਪ੍ਰਭਾਵ ਛੱਡੇ, ਗੁੰਮਨਾਮ ਹੋ ਗਏ। ਉਸ ਉਪਰੰਤ ਸਪੋਕਸਮੈਨ ਟ੍ਰਸਟ ਦੀ ਸਰਪ੍ਰਸਤੀ ਹੇਠ ਹੀ ‘ਏਕਸ ਕੇ ਬਾਰਿਕ’ ਸੰਸਥਾ ਦਾ ਗਠਨ ਕੀਤਾ ਗਿਆ। ਮੌਜੂਦਾ ਸਮੇਂ ਵਿਚ ਟ੍ਰਸਟ ਦਾ ਮੁੱਖ ਪ੍ਰਾਜੈਕਟ ‘ਉੱਚਾ ਦਰ ਬਾਬੇ ਨਾਨਕ ਦਾ’ ਪ੍ਰਚਾਰਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਵਾਸਤੇ ਜ਼ਮੀਨ ਵੀ ਲੈ ਲਈ ਗਈ ਹੈ ਅਤੇ ਉਸਾਰੀ ਵੀ ਸ਼ੁਰੂ ਹੋ ਗਈ ਦੱਸੀ ਜਾਂਦੀ ਹੈ। 15 ਮਈ 2011 ਨੂੰ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਖਰੀਦੀ ਜ਼ਮੀਨ ’ਤੇ ਸਪੋਕਸਮੈਨ ਵਲੋਂ ਆਪਣਾ ਸਾਲਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ ਸਪੋਕਸਮੈਨ ਟ੍ਰਸਟ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਨੇ ਇਸੇ ਜ਼ਮੀਨ ’ਤੇ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ‘ਧੂਮਧਾਮ’ ਨਾਲ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਖੁੱਲੀ ਜਾਣਕਾਰੀ ਉਨ੍ਹਾਂ ਨੇ ਆਪਣੇ ਦੋ ਸੰਪਾਦਕੀ ਲੇਖਾਂ (22 ਮਈ ਅਤੇ 12 ਜੂਨ) ਵਿਚ ਦਿੱਤੀ ਹੈ। ਇਨ੍ਹਾਂ ਲੇਖਾਂ ਅਨੁਸਾਰ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸਮਾਂ ਅਤੇ ਢੰਗ ਸੂਝਵਾਨ ਸਿੱਖਾਂ ਦੇ ਮਨ ਵਿਚ ਕਈਂ ਸਵਾਲ ਖੜੇ ਕਰਦਾ ਹੈ। ਆਉ, ਇਸ ਰੂਪ-ਰੇਖਾ ਦੀ ਪੜਚੋਲ ਕਰਨ ਦਾ ਸੁਹਿਰਦ ਯਤਨ ਕਰੀਏ।

ਪ੍ਰਕਾਸ਼ ਪੁਰਬ ਨਵੰਬਰ ਵਿਚ ਕਿਉਂ?

ਲਗਭਗ ਸਾਰਾ ਜਾਗਰੂਕ ਪੰਥ ਇਸ ਗੱਲ ਨਾਲ ਸਹਿਮਤ ਹੈ ਕਿ ਬਾਬਾ ਨਾਨਕ ਜੀ ਦਾ ਜਨਮ ਅਪ੍ਰੈਲ 1469 ਵਿਚ ਹੋਇਆ। 90% ਤੋਂ ਵੱਧ ਇਤਿਹਾਸਕਾਰ ਵੀ ਇਸ ਤੱਥ ਨਾਲ ਸਹਿਮਤ ਹਨ। ਜਾਗਰੂਕ ਪੰਥ ਇਹ ਵੀ ਮੰਨਦਾ ਹੈ ਕਿ ਪੰਥ ਵਿਰੋਧੀ ਤਾਕਤਾਂ ਵਲੋਂ ਕੌਮ ਨੂੰ ਭਟਕਾਉਣ ਦੇ ਯਤਨਾਂ ਵਿਚ ਇਕ ਯਤਨ ਇਹ ਵੀ ਸੀ ਕਿ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੈਸਾਖ ਦੀ ਥਾਂ ਕੱਤਕ ਵਿਚ ਮਨਾਉਣਾ ਸ਼ੁਰੂ ਕਰਵਾ ਦਿੱਤਾ। ਸ੍ਰ. ਕਰਮ ਸਿੰਘ ਜੀ ਹਿਸਟੋਰੀਅਨ ਦੀ ਪੁਸਤਕ ‘ਕਤਕ ਕਿ ਵੈਸਾਖ?’ ਇਸ ਮੁੱਦੇ ’ਤੇ ਲਿਖੀ ਸਭ ਤੋਂ ਸਟੀਕ ਪੁਸਤਕ ਹੈ। ਸਪੋਕਸਮੈਨ ਨੂੰ ਜਾਗਰੂਕ ਪੰਥ ਦਾ ਇਕ ਬੁਲਾਰਾ ਮੰਨਿਆ ਜਾਂਦਾ ਹੈ। ਮਾਸਿਕ ਅਤੇ ਰੋਜ਼ਾਨਾ ਸਪੋਕਸਮੈਨ ਵਿਚ ਇਸ ਵਿਸ਼ੇ ’ਤੇ ਸਮੇਂ-ਸਮੇਂ ਲਿਖਤਾਂ ਵੀ ਛਪਦੀਆਂ ਰਹੀਆਂ ਹਨ। ਪਿੱਛਲੇ ਸਮੇਂ ਕਰਮ ਸਿੰਘ ਹਿਸਟੋਰੀਅਨ ਨੂੰ ਆਧਾਰ ਬਣਾ ਕੇ ਇਕਵਾਕ ਸਿੰਘ ਜੀ ਪੱਟੀ ਦਾ ਇਕ ਲੇਖ ਵੀ ਇਸ ਵਿਸ਼ੇ ’ਤੇ ‘ਰੋਜ਼ਾਨਾ ਸਪੋਕਸਮੈਨ’ ਵਿਚ ਛਪਿਆ ਸੀ।

ਫੇਰ ਕੀ ਕਾਰਨ ਹੈ ਕਿ ਜਾਗਰੂਕਤਾ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਨ ਵਾਲਾ ਸਪੋਕਸਮੈਨ ਟ੍ਰਸਟ ਆਪ ਹੀ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਸੰਪਰਦਾਈਆਂ ਦੀ ਤਰਜ਼ ’ਤੇ, ਨਵੰਬਰ (ਕੱਤਕ) ਵਿਚ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਕੀ ਇਹ ਇਸ ਗੁਰਵਾਕ ਅਨੁਸਾਰ ਗਲਤ ਨਹੀਂ:

ਅਵਰ ਉਪਦੇਸੈ ਆਪਿ ਨ ਕਰੈ ॥ਆਵਤ ਜਾਵਤ ਜਨਮੈ ਮਰੈ ॥ (ਪੰਨਾ 269)

ਇਹ ਪਹਿਲੀ ਵਾਰ ਨਹੀਂ ਹੈ ਕਿ ਸਪੋਕਸਮੈਨ ਟ੍ਰਸਟ ਵਲੋਂ ਸੱਚ ਨੂੰ ਲਾਗੂ ਕਰਵਾਉਣ ਦੀ ਥਾਂ ਮੁੰਹ ਚਿੜਵਾਉਣ ਵਾਲੀ ਪਹੁੰਚ ਅਪਨਾਈ ਜਾ ਰਹੀ ਹੈ। ਰੋਜ਼ਾਨਾ ਸਪੋਕਸਮੈਨ ਦੀ ‘ਸਾਫਟ ਲਾਂਚਿੰਗ’ ਵੇਲੇ ਵੀ ਇਹੀ ਕੀਤਾ ਗਿਆ ਸੀ। ਰੋਜ਼ਾਨਾ ਸਪੋਕਸਮੈਨ ਦੀ ਸਾਫਟ ਲਾਂਚਿੰਗ ਵੀ 2005 ਵਿਚ ਗਲਤ ਪ੍ਰਚਲਿਤ ਨਾਨਕ ਪਾਤਸ਼ਾਹ ਜੀ ਦੇ ਕੱਤਕ ਵਿਚਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਕੀਤੀ ਗਈ ਸੀ। ਉਸ ਵੇਲੇ ਵੀ ਸੂਝਵਾਨ ਸਿੱਖਾਂ ਨੇ ਸਮਝਾਉਣ ਦਾ ਯਤਨ ਕੀਤਾ ਸੀ, ਪਰ ਸ਼ਾਇਦ ਚੰਗੀ ਸਲਾਹ ਮੰਨ ਲੈਣ ਦੀ ਗੁੜਤੀ ਸ. ਜੋਗਿੰਦਰ ਸਿੰਘ ਜੀ ਨੂੰ ਦਿੱਤੀ ਹੀ ਨਹੀਂ ਗਈ ਸੀ। ਸਪੋਕਸਮੈਨ ਟ੍ਰਸਟ ਵਲੋਂ ਗਲਤ ਪ੍ਰਚਲਿਤ ਰੀਤ ’ਤੇ ਮੋਹਰ ਲਗਾਉਣ ਦੇ ਇਹ ਯਤਨ ਉਸ ਦੀ ਜਾਗਰੂਕਤਾ ਲਹਿਰ ਪ੍ਰਤੀ ਸੁਹਿਰਦਤਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ।

ਪ੍ਰਕਾਸ਼ ਪੁਰਬ ਮਨਾਉਣ ਦਾ ਢੰਗ:

ਸ. ਜੋਗਿੰਦਰ ਸਿਘ ਜੀ ਸਪੋਕਸਮੈਨ ਦੀ ਇਹ ਸੋਚ ਠੀਕ ਹੈ ਕਿ ਗੁਰਦੁਆਰਿਆਂ ਵਿਚ ਰਵਾਇਤੀ ਢੰਗ ਨਾਲ ‘ਗੁਰਪੁਰਬ’ ਮਨਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ, ਬਲਕਿ ਕੌਮੀ ਧਨ ਦੀ ਬਰਬਾਦੀ ਹੋ ਰਹੀ ਹੈ। ਜਾਗਰੂਕ ਵਿਦਵਾਨਾਂ ਵਲੋਂ ਇਸ ਮੁੱਦੇ ਬਾਰੇ ਬਹੁਤ ਪਹਿਲਾਂ ਤੋਂ ਹੀ ਚਾਨਣਾ ਪਾਇਆ ਜਾ ਰਿਹਾ ਹੈ। ਸੰਪਾਦਕ ਸਪੋਕਸਮੈਨ ਵਲੋਂ ‘ਗੁਰਪੁਰਬ’ ਨੂੰ ਨਵੇਂ ਢੰਗ ਨਾਲ ਮਨਾਉਣ ਦੀ ਗੱਲ ਧਿਆਨ ਮੰਗਦੀ ਹੈ, ਪਰ ਉਨ੍ਹਾਂ ਵਲੋਂ ‘ਉੱਚਾ ਦਰ ਬਾਬੇ ਨਾਨਕ ਦਾ’ ਵਲੋਂ ਪੁਰਬ ਮਨਾਉਣ ਦਾ ਪ੍ਰਸਤਾਵਿਤ ਢੰਗ ਵੀ ਪੜਚੋਲ ਦੀ ਮੰਗ ਕਰਦਾ ਹੈ। ਪ੍ਰਸਤਾਵਿਤ ਸਮਾਗਮ ਵਿਚਲੇ ਮੁੱਖ ਨੁਕਤੇ ਹਨ:

  1. ਗੁਰਦੁਆਰਾ ਡਿਸਿਪਲਿਨ ਤੋਂ ਆਜ਼ਾਦੀ, ਕਿਉਂਕਿ ‘ਉੱਚਾ ਦਰ ਬਾਬੇ ਨਾਨਕ ਦਾ’ ਕੋਈ ਗੁਰਦੁਆਰਾ ਨਹੀਂ ਹੈ।
  2. ਕਵੀ ਦਰਬਾਰ
  3. ਸਾਹਿਤਕ ਸਮਾਗਮ (ਸਭਾ)
  4. ਭਾਂਤ-ਭਾਂਤ ਦੇ ਲੰਗਰ, ਮਿਠਾਈਆਂ ਦਾ ਵਿਤਰਨ
  5. ਲੋੜਵੰਦਾਂ ਦੀ ਸਹਾਇਤਾ
  6. ਆਤਿਸ਼ਬਾਜੀ

ਉਪਰੋਕਤ ਰੂਪਰੇਖਾ ਵਿਚੋਂ 2, 3 ਅਤੇ 5 ਨੰ. ਵਾਲੇ ਨੁਕਤੇ ਚੰਗੇ ਹਨ, ਜਿਸ ਨਾਲ ਗੁਰਮਤਿ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਸੁਖਾਲਾ ਹੋ ਜਾਵੇਗਾ, ਖਾਸਕਰ ਨੰ. 5 ਵਾਲੇ ਕਰਮ ਨਾਲ। ਪਰ ਬਾਕੀ ਨੁਕਤੇ ਪੜਚੋਲ ਮੰਗਦੇ ਹਨ।

1. ਗੁਰਦੁਆਰਾ ਡਿਸਿਪਲਿਨ ਤੋਂ ਆਜ਼ਾਦੀ: ਸ. ਜੋਗਿੰਦਰ ਸਿੰਘ ਜੀ ਦਾ ਇਹ ਮੰਨਣਾ ਠੀਕ ਨਹੀਂ ਹੈ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਇਕ ਗੁਰਦੁਆਰਾ ਨਹੀਂ ਹੈ। ਗੁਰਮਤਿ ਦੀ ਰੌਸ਼ਨੀ ਵਿਚ ਅਸਲ ਗੁਰਦੁਆਰਾ (ਧਰਮਸਾਲ) ਉਹੀ ਹੈ, ਜਿੱਥੇ ਮਨੁੱਖ ਨੂੰ ਗਿਆਨ ਅਤੇ ਲੋੜਵੰਦ ਨੂੰ ਯੋਗ ਸਹਾਇਤਾ ਦੀ ਪ੍ਰਾਪਤੀ ਹੋਵੇ। ‘ਗੁਰਦੁਆਰਾ’ ਦਾ ਅਸਲ ਮਤਲਬ ਹੀ ਹੈ ਗੁਰੂ (ਪ੍ਰਭੂ ਅਤੇ ਉਸ ਦਾ ਗਿਆਨ) ਦਾ ਦੁਆਰ। ਸ. ਜੋਗਿੰਦਰ ਸਿੰਘ ਜੀ ਵਲੋਂ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਜੋ ਰੂਪ-ਰੇਖਾ ਪ੍ਰਚਾਰੀ ਜਾ ਰਹੀ ਹੈ, ਉਸ ਅਨੁਸਾਰ ਤਾਂ ਉਹ ਸੱਚੇ ਗਿਆਨ ਦਾ ਦੁਆਰਾ ਹੋਵੇਗਾ। ਬਾਕੀ ਅੱਜ ਕਲ ਪ੍ਰਚਲਿਤ ‘ਗੁਰਦੁਆਰੇ’ ਅਸਲ ਮਾਇਨੇ ਵਿਚ ਗੁਰਦੁਆਰੇ ਨਹੀਂ ਹਨ (ਵਿਰਲਿਆਂ ਨੂੰ ਛੱਡ ਕੇ) ਬਲਕਿ ਬ੍ਰਾਹਮਣੀ ਕਰਮਕਾਂਡਾਂ ਵਾਲੇ ਮੰਦਰ ਬਣ ਚੁੱਕੇ ਹਨ।

ਦੂਜਾ ਅਨੁਸ਼ਾਸ਼ਨ ਤੋਂ ਆਜ਼ਾਦੀ ਦੀ ਗੱਲ ਵੀ ਕੋਈ ਚੰਗੀ ਨਹੀਂ ਲਗਦੀ। ਇਹ ਤਾਂ ਕੁਝ ਇਸ ਤਰ੍ਹਾਂ ਹੈ, ਜਿਵੇਂ ਲੋਕ ਕਹਿ ਦਿੰਦੇ ਹਨ ‘ਗੁਰਦੁਆਰੇ ਵਿਚ ਖੜੇ ਹੋ ਕੇ ਝੂਠ ਬੋਲਣਾ ਚੰਗਾ ਨਹੀਂ ਹੁੰਦਾ’ ਭਾਵ ਬਾਹਰ ਜੋ ਮਰਜ਼ੀ ਕਰੀ ਜਾਵੋ। ਪਰ ਗੁਰਮਤਿ ਇਸ ਨਜ਼ਰੀਏ ਨੂੰ ਸਹੀ ਨਹੀਂ ਮੰਨਦੀ। ਮਨੁੱਖ ਨੂੰ ਸਿਰਫ ‘ਗੁਰਦੁਆਰੇ’ (ਧਰਮ ਸਥਾਨ) ਵਿਚ ਹੀ ਨਹੀਂ, ਹਰ ਥਾਂ ਚੰਗੀ ਸੋਚ ਰੱਖਣੀ ਚਾਹੀਦੀ ਹੈ।

2. ਭਾਂਤ-ਭਾਂਤ ਦੇ ਲੰਗਰ ਅਤੇ ਮਿਠਾਈਆਂ ਦਾ ਵਿਤਰਨ:

ਡੇਰੇਦਾਰਾਂ ਵਲੋਂ ‘ਗੁਰਪੁਰਬ’ ਅਤੇ ‘ਬਰਸੀਆਂ’ ਮਨਾਉਣ ਵੇਲੇ ‘ਗੁਰਮਤਿ ਗਿਆਨ’ ਵੰਡਣ ਦੀ ਥਾਂ ਭਾਂਤ-ਭਾਂਤ ਦੇ ਲੰਗਰ ਨਾਲ ਸੰਗਤਾਂ ਨੂੰ ਭਰਮਾਇਆ ਜਾਂਦਾ ਹੈ। ਅਖੌਤੀ ਬਾਬਿਆਂ ਦਾ ‘ਜਲੇਬੀਆਂ ਦਾ ਲੰਗਰ’ ਤਾਂ ਸਿੱਖ ਸਮਾਜ ਵਿਚ ਪਹਿਲਾਂ ਹੀ ਬਹੁਤ ਮਸ਼ਹੂਰ ਹੈ। ਹੁਣ ਸ. ਜੋਗਿੰਦਰ ਸਿੰਘ ਜੀ ਸ਼ਾਇਦ ਉਨ੍ਹਾਂ ਦੀ ਤਰਜ਼ ’ਤੇ (ਜਾਂ ਉਨ੍ਹਾਂ ਦੇ ਮੁਕਾਬਲੇ ’ਤੇ) ‘ਪਿੰਨੀਆਂ ਦਾ ਲੰਗਰ’ ਸ਼ੁਰੂ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕਰਨਾ ਚਾਹੁੰਦੇ ਹਨ। ਸਿੱਖ ਸਮਾਜ ਵਿਚ ‘ਬੇਲੋੜੇ ਲੰਗਰਾਂ’ ਦੇ ਨਾਂ ’ਤੇ ਪਹਿਲਾਂ ਹੀ ਕੌਮੀ ਧਨ ਬਰਬਾਦ ਕੀਤਾ ਜਾ ਰਿਹਾ ਹੈ। ਐਸੀ ਬਰਬਾਦੀ ਦੇ ਹੱਕ ਵਿਚ ਦਲੀਲਾਂ ਵੀ ਬਹੁਤ ਬਚਕਾਨੀਆਂ ਹੁੰਦੀਆਂ ਹਨ। ਮਿਸਾਲ ਲਈ ਦਿਲੀ ਕਮੇਟੀ ਵਲੋਂ ‘ਸੋਨੇ ਦੀ ਪਾਲਕੀ’ ’ਤੇ ਪੈਸਾ ਬਰਬਾਦ ਕਰਨ ਦੇ ਹੱਕ ਵਿਚ ਦਲੀਲ ਇਹ ਦਿੱਤੀ ਗਈ ਸੀ ਕਿ ਇਹ ਪਾਲਕੀ ਗੋਲਕ ਵਿਚੋਂ ਨਹੀਂ ਬਣਾਈ ਗਈ, ਬਲਕਿ ਇਕ ਸਿੱਖ ਪਰਿਵਾਰ ਨੇ ਸ਼ਰਧਾ ਨਾਲ ਦਾਨ ਕੀਤੀ ਹੈ। “ਕੰਚਨ ਸਿਉ ਪਾਈਐ ਨਹੀ ਤੋਲਿ ॥(ਪੰਨਾ 327)” ਦੀ ਸੇਧ ਤਾਂ ਕਿਸੇ ਪ੍ਰਬੰਧਕ ਨੂੰ ਚੰਗੀ ਲਗਦੀ ਨਹੀਂ ਹੈ, ਉਹ ਲੋਕਾਂ ਨੂੰ ਕਿਉਂ ਸਮਝਾਉਣਗੇ। ਇਸੇ ਅਖੌਤੀ ਸ਼ਰਧਾ ਦੀ ਦਲੀਲ ਅਵਤਾਰ ਸਿੰਘ ਮੱਕੜ ਵਲੋਂ ਰੁਮਾਲੇ ਚੜਾਉਣ ਦੀ ਗਲਤ ਪ੍ਰੰਪਰਾ ਦੇ ਹੱਕ ਵਿਚ ਦਿੱਤੀ ਜਾ ਰਹੀ ਹੈ। ਸ. ਜੋਗਿੰਦਰ ਸਿੰਘ ਜੀ ਦੀ ਵੀ ‘ਪਿੰਨੀਆਂ ਦੇ ਲੰਗਰ’ ਦੇ ਹੱਕ ਵਿਚ ਇਹੀ ਦਲੀਲ ਹੈ ਕਿ ਇਹ ਟ੍ਰਸਟ ਦੇ ਪੈਸੇ ਵਿਚੋਂ ਨਹੀਂ ਬਲਕਿ ਇਕ-ਦੋ ‘ਸ਼ਰਧਾਲੂਆਂ’ ਵਲੋਂ ਕੀਤੀ ਜਾ ਰਹੀ ਸੇਵਾ ਹੀ ਹੋਵੇਗੀ। ਵੈਸੇ ਤਾਂ ਜੋਗਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਪੁਜਾਰੀ ਸ਼੍ਰੇਣੀ ਨੂੰ ਇਸ ਸਮਾਗਮ ਤੋਂ ਦੂਰ ਹੀ ਰੱਖਿਆ ਜਾਵੇਗਾ ਅਤੇ ਇਸ ਵਿਚ ਕਿਰਤੀ ਲੋਕ ਹੀ ਸ਼ਾਮਿਲ ਹੋਣਗੇ। ਪਰ ਪਿਛਲੇ ਦਿਨੀ ਕੀਤੇ ਸਪੋਕਸਮੈਨ ਦੇ ਸਾਲਾਨਾ ਸਮਾਗਮ ਦੀ ਖਬਰ ਵਿਚ ਸ. ਜੋਗਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਅਗਲੇ ਸਮਾਗਮਾਂ ਵਿਚ ‘ਲੰਗਰ ਦੀ ਸੇਵਾ’ ਲੈਣ ਦਾ ਵਾਅਦਾ ਇਕ ‘ਬਾਬਾ ਜੀ’ (ਡੇਰੇਦਾਰ) ਨੇ ਕੀਤਾ ਹੈ। ਸ਼ਾਇਦ ਇਹ ਸੇਵਾ ਉਸ ‘ਬਾਬਾ ਜੀ’ ਨੂੰ ਸੌਂਪ ਦਿੱਤੀ ਜਾਵੇ। ਗੁਰਮਤਿ ਦੀ ਰੌਸ਼ਨੀ ਵਿਚ ਲੰਗਰ ਸਾਫ, ਸ਼ੁੱਧ ਅਤੇ ਸਾਦਾ ਹੀ ਹੋਣਾ ਚਾਹੀਦਾ ਹੈ।

ਆਪਣੇ ਇਨ੍ਹਾਂ ਸੰਪਾਦਕੀਆਂ ਵਿਚ ਸ. ਜੋਗਿੰਦਰ ਸਿੰਘ ਜੀ ਨੇ ਆਪ ਪੁਰਬ ਮਨਾਉਣ ਲਈ ਸੇਧ ਹਿੰਦੂਆਂ (ਦਿਵਾਲੀ), ਈਸਾਈਆਂ (ਕ੍ਰਿਸਮਿਸ) ਅਤੇ ਮੁਸਲਿਮ (ਈਦ) ਤੋਂ ਲੈਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਫਿਰਕਿਆਂ ਦੇ ਇਹ ਤਿਉਹਾਰ ਆਮ ਕਰਕੇ ਮਿੱਥਾਂ ’ਤੇ ਆਧਾਰਿਤ ਹਨ। ਉਨ੍ਹਾਂ ਦੇ ਖੁਸ਼ੀ ਮਨਾਉਣ ਦੇ ਢੰਗ ਵੀ ਵੱਖ-ਵੱਖ ਹਨ। ਹਿੰਦੂਆਂ ਵਿਚ ਇਸ ਦਿਨ ਲੱਛਮੀ ਦੀ ਪੂਜਾ, ਜੂਆ ਖੇਡਣ ਦੀ ਵੀ ਪ੍ਰੰਪਰਾ ਹੈ। ਇਸ ਲਈ ਕਿਸੇ ਦੀ ਅੰਨ੍ਹੀ ਨਕਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਬਾਬਾ ਨਾਨਕ ਜੀ ਦੁਨੀਆਂ ਦੇ ਲਾਸਾਨੀ ਰਹਿਬਰ ਸੀ। ਉਨ੍ਹਾਂ ਦਾ ‘ਪ੍ਰਕਾਸ਼ ਪੁਰਬ’ ਮਨਾਉਣ ਦਾ ਢੰਗ ਉਨ੍ਹਾਂ ਦੀ ਦਿੱਤੀ ਸੇਧ ਹੇਠ ਹੀ ਸੋਚਣਾ ਬਣਦਾ ਹੈ ਨਾ ਕਿ ਦੂਜੇ ਫਿਰਕਿਆਂ ਦੀ ਨਕਲ ਕਰਕੇ। ਬਲਕਿ ਸਾਨੂੰ ਬਾਬਾ ਨਾਨਕ ਵਾਂਗੂ ਗੁਰਮਤਿ ਅਨੁਸਾਰੀ ਐਸੀਂ ਪ੍ਰੰਪਰਾ ਤੋਰਨੀ ਚਾਹੀਦੀ ਹੈ, ਜਿਸ ਤੋਂ ਦੂਸਰੇ ਫਿਰਕੇ ਵੀ ਸੇਧ ਲੈ ਸੱਕਣ।

3. ਆਤਿਸ਼ਬਾਜ਼ੀ :
ਦਿਵਾਲੀ ਨਾਲ ਸਿੱਖਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਕੌਮੀ ਅਣਗਹਿਲੀ ਕਾਰਨ ਦੀਵਾਲੀ ਦਾ ਬ੍ਰਾਹਮਣੀ ਤਿਉਹਾਰ ‘ਬੰਦੀ ਛੋੜ ਦਿਵਸ’ ਦੇ ਨਾਂ ’ਤੇ ਸਿੱਖ ਕੌਮ ਵਲੋਂ ਕੇਂਦਰੀ ਤੌਰ ’ਤੇ ਮਨਾਇਆ ਜਾ ਰਿਹਾ ਹੈ। ‘ਦਰਬਾਰ ਸਾਹਿਬ’ ਕੰਪਲੈਕਸ ਵਿਚ ਮਨਾਏ ਜਾਂਦੇ ‘ਪੁਰਬ’ ਦਾ ਚੰਗਾ ਪੱਖ ਤਾਂ ਸ਼ਾਇਦ ਹੀ ਕੋਈ ਹੇਵੇ, ਗਲਤ ਪੱਖ ਅਨੇਕਾਂ ਹਨ। ਐਸੇ ਗਲਤ ਪੱਖਾਂ ਵਿਚੋਂ ਇਕ ਪੱਖ ‘ਆਤਿਸ਼ਬਾਜ਼ੀ’ ਹੈ। ਆਮ ਸੁਚੇਤ ਮਨੁੱਖਾਂ ਵਲੋਂ ਵੀ ‘ਆਤਿਸ਼ਬਾਜ਼ੀ’ ਦਾ ਵਿਰੋਧ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ ਫੈਲਦਾ ਹੈ, ਨਾਲ ਹੀ ਪੈਸੇ ਦੀ ਬਰਬਾਦੀ ਹੁੰਦੀ ਹੈ। ਹੁਣ ਸਪੋਕਸਮੈਨ ਵੀ ਖੁਸ਼ੀ ਮਨਾਉਣ ਦੇ ਨਾਂ ’ਤੇ ‘ਆਤਿਸ਼ਬਾਜ਼ੀ’ ਦੀ ਗਲਤ ਪ੍ਰੰਪਰਾ ਨੂੰ ਇਕ ਨਵੇਂ ਰੂਪ ਵਿਚ ਚਾਲੂ ਰੱਖਣ ਦੀਆਂ ਘਾੜਤਾਂ ਘੜ ਰਿਹਾ ਹੈ।

ਉਪਰੋਕਤ ਪੜਚੋਲ ਉਪਰੰਤ ਸਪਸ਼ਟ ਹੈ ਕਿ ਸਿੱਖ ਸਮਾਜ ਨੂੰ ਪੁਰਬ ਮਨਾਉਣ ਦੇ ਆਪਣੇ ਰਵਾਇਤੀ ਢੰਗ ਵਿਚ ਸੁਧਾਰ ਕਰਕੇ ਐਸੇ ਢੰਗ ਅਪਨਾਉਣੇ ਚਾਹੀਦੇ ਹਨ, ਜਿਸ ਨਾਲ ਗੁਰਮਤਿ ਦੀ ਖੁਸ਼ਬੂ ਸਹੀ ਮਾਇਨੇ ਵਿਚ ਲੋਕਾਈ ਤੱਕ ਪਹੁੰਚ ਸਕੇ। ਪਰ ਉਨ੍ਹਾਂ ਢੰਗਾਂ ਦੀ ਰੂਪ ਰੇਖਾ ਸੰਜੀਦਾ ਵਿਚਾਰ ਉਪਰੰਤ ਤਿਆਰ ਕਰਨੀ ਚਾਹੀਦੀ ਹੈ, ਨਾ ਕਿ ਦੂਜੇ ਮਤਾਂ ਦੀ ਦੇਖਾ-ਦੇਖੀ ਅੰਨ੍ਹੀ ਨਕਲ ਕਰਕੇ। ਸਾਨੂੰ ਆਸ ਹੈ ਕਿ ਸਪੋਕਸਮੈਨ ਦੇ ਸੂਝਵਾਨ ਸਮਰਥਕ ਉਪਰੋਕਤ ਪੜਚੋਲ ਦੀ ਰੌਸ਼ਨੀ ਵਿਚ ਸ. ਜੋਗਿੰਦਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਨਗੇ ਕਿ ਉਹ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ‘ਕੱਤਕ’ ਵਿਚ ਮਨਾਉਣ ਦੀ ਗਲਤ ਪਿਰਤ ਦੀ ਪ੍ਰੋਢਤਾ ਕਰਨ ਦੀ ਥਾਂ ਉਸ ਨੂੰ ‘ਵੈਸਾਖ’ ਵਿਚ ਮਨਾਉਣ ਦੀ ਪਿਰਤ ਪਾਉਣ ਦੀ ਦੇ ਉਪਰਾਲਿਆਂ ਵਿਚ ਯੋਗਦਾਨ ਪਾਉਣ। ਪਿਛਲੇ ਸਾਲ ‘ਤੱਤ ਗੁਰਮਤਿ ਪਰਿਵਾਰ’ ਵਲੋਂ ਅਪ੍ਰੈਲ (ਵੈਸਾਖ) ਵਿਚ ਆਪਣਾ ਪਹਿਲਾ ‘ਤੱਤ ਗੁਰਮਤਿ ਸਮਾਗਮ’ ਬਾਬਾ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਮਨਾਉਂਦੇ ਹੋਏ, ਇਸ ਇਨਕਲਾਬੀ ਕਦਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਸਪੋਕਸਮੈਨ ਸਮੇਤ ਹੋਰ ਜਾਗਰੂਕ ਮੰਨੀਆਂ ਧਿਰਾਂ ਨੂੰ ਵੀ ਇਸ ਨੂੰ ਅੱਗੇ ਵਧਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਨਾਲ ਹੀ ‘ਪੁਰਬ’ ਮਨਾਉਣ ਦੇ ਢੰਗਾਂ ਦੀ ਵੀ ਉਪਰੋਕਤ ਵਿਚਾਰ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਨੀ ਚਾਹੀਦੀ ਹੈ ਖਾਸਕਰ ਆਤਿਸਬਾਜ਼ੀ ਬਾਰੇ। ਜੇ ਉਨ੍ਹਾਂ ਨੂੰ ‘ਖੁਸ਼ੀ’ ਮਨਾਉਣ ਲਈ ‘ਆਤਿਸ਼ਬਾਜ਼ੀ’ ਹੀ ਸਹੀ ਲਗਦੀ ਹੈ ਤਾਂ ਪ੍ਰਚਲਿਤ ਆਤਿਸ਼ਬਾਜ਼ੀ ਦੀ ਥਾਂ ‘ਬਿਜਲਈ ਆਤਿਸ਼ਬਾਜ਼ੀ’ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਬਾਬਾ ਨਾਨਕ ਜੀ ਦੇ ਪੁਰਬ ਦਾ ਸੰਬੰਧ ਪ੍ਰਦੂਸ਼ਣ ਵਧਾਉਣ ਦੇ ਕਰਮ ਨਾਲ ਨਾ ਜੁੜੇ, ਵੈਸੇ ਤਾਂ ਇਹ ਵੀ ਕੌਮੀ ਧਨ ਦੀ ਬਰਬਾਦੀ ਹੀ ਹੈ। ਅਕਲੋਂ ਵਿਹੂਣੇ ਸਿੱਖਾਂ ਵਲੋਂ ਪ੍ਰਭਾਤ ਫੇਰੀਆਂ ਅਤੇ ਗੁਰਪੁਰਬਾਂ ਦੀ ਰਾਤ ਵਿਚ ਪਹਿਲਾਂ ਹੀ ਪਟਾਕੇ (ਆਤਿਸ਼ਬਾਜੀ) ਫੂਕ ਕੇ ‘ਖੁਸ਼ੀ’ ਮਨਾਉਣ ਦਾ ਦੁਸ਼-ਕਰਮ ਬਹੁਤ ਕੀਤਾ ਜਾ ਰਿਹਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top