Share on Facebook

Main News Page

ਊਹਾਂ ਖੈਰਿ ਸਦਾ ਮੇਰੇ ਭਾਈ

ਗੁਰਮਤਿ ਦੇ ਮਾਰਗ 'ਤੇ ਚੱਲਦਿਆਂ ਰੂਹਾਨੀ ਤੇ ਸੰਸਾਰੀ ਤਜਰਬਿਆਂ ਨਾਲ ਲਬਰੇਜ਼ ਹੋ ਕੇ ਮਨੁੱਖ ਅਕਾਲ ਪੁਰਖ ਦੀ ਸਾਜੀ ਹਰ ਸ਼ੈ, ਉਸਦਾ ਮੰਤਵ ਤੇ ਉਸਦੇ ਹਰ ਪੱਖ ਤੋਂ ਭਲੀ-ਭਾਂਤ ਜਾਣੂ ਹੋਣ ਲੱਗਦਾ ਹੈ। ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅਕਾਲ ਪੁਰਖ ਕੀ ਫੌਜ ਖ਼ਾਲਸਾ ਨੂੰ ਸੰਸਾਰ ਸਾਹਮਣੇ ਪਰਗਟ ਕੀਤਾ ਤਾਂ ਉਹਨਾਂ ਖ਼ਾਲਸੇ ਦਾ ਧਰਮ-ਨਾਸ਼, ਕਰਮ-ਨਾਸ਼, ਕੁਲ-ਨਾਸ਼ ਤੇ ਕਿਰਤ ਨਾਸ਼ ਕਰ ਦਿੱਤਾ ਤੇ ਕਿਹਾ ਕਿ ਖ਼ਾਲਸਾ ਸਿੱਧੇ ਰੂਪ ਵਿਚ ਅਕਾਲ ਪੁਰਖ ਦੇ ਅਨੁਸਾਰੀ ਹੋਵੇਗਾ ਤੇ ਅਕਾਲ ਪੁਰਖ ਵਲੋਂ ਸਾਜੀ ਖਲਕਤ ਨੂੰ ਨਾ ਸਿਰਫ ਸੱਚ ਦੇ ਮਾਰਗ ਬਾਰੇ ਦੱਸੇਗਾ ਸਗੋਂ ਉਸ ਤੋਂ ਪਹਿਲਾਂ ਉਸ ਮਾਰਗ ਉੱਤੇ ਆਪ ਚੱਲਣ ਦੀ ਜਿੰਮੇਵਾਰੀ ਆਇਦ ਕੀਤੀ। ਗੁਰੂ ਸਾਹਿਬ ਜਦੋਂ ਇਹ ਸਭ ਖ਼ਾਲਸੇ ਨੂੰ ਦਰਸਾ ਰਹੇ ਸਨ ਤਾਂ ਉਹ ਆਪ ਵੀ ਇਸ ਸੱਚ ਦੇ ਮਾਰਗ ਉੱਤੇ ਪਿਛਲੇ ਨੌ ਜਾਮਿਆਂ ਵਿਚ ਚੱਲਦੇ ਰਹੇ ਸਨ ਤੇ ਦਸਵੇਂ ਜਾਮੇ ਵਿਚ ਉਹਨਾਂ ਨੇ ਖ਼ਾਲਸਾ ਪਰਗਟ ਕਰਨ ਤੋਂ ਬਾਅਦ ਪੰਜਾਂ ਪਿਆਰਿਆਂ ਨੂੰ ਆਪ ਵੀ ਸੱਚ ਲਈ ਆਪਣੇ ਸਰਬੰਸ ਨੂੰ ਵਾਰਨ ਦਾ ਅਹਿਦ ਕੀਤਾ ਤੇ ਆਪਣੇ ਨਾਦੀ ਪੁੱਤਰ ਖ਼ਾਲਸੇ ਨੂੰ ਆਪਣੇ ਬਿੰਦੀ ਪੁੱਤਰਾਂ ਤੋਂ ਵੀ ਵੱਧ ਪਿਆਰ ਦਿੱਤਾ ਤੇ ਚਮਕੌਰ ਦੀ ਗੜ੍ਹੀ ਵਿਚ ਸਾਹਿਬਜਾਦਾ ਅਜੀਤ ਸਿੰਘ ਦੀ ਦੇਹ ਉਪਰ ਖੱਫਣ ਨਾ ਪਾ ਕੇ ਦਰਸਾ ਦਿੱਤਾ ਕਿ ਮੇਰੇ ਲਈ ਚਾਰ ਤੇ ਹਜ਼ਾਰ ਇਕ ਸਮਾਨ ਹਨ।

ਖ਼ਾਲਸੇ ਦਾ ਸਬੰਧ ਅਕਾਲ ਪੁਰਖ ਨਾਲ ਸਿੱਧਾ ਹੋਣ ਦੇ ਕਾਰਨ ਉਸਦਾ ਵੀ ਸਬੰਧ ਸਿੱਧੇ ਰੂਪ ਵਿਚ ਹਰ ਉਸ ਥਾਂ ਨਾਲ ਹੈ ਜਿੱਥੇ ਅਕਾਲ ਪੁਰਖ ਦੀ ਖਲਕਤ ਵਸਦੀ ਹੈ, ਖ਼ਾਲਸਾ ਕਿਸੇ ਖਾਸ ਥਾਂ, ਵਸੋਂ ਜਾਂ ਇਲਾਕੇ ਵਿਚ ਸੀਮਤ ਨਹੀਂ ਹੋ ਸਕਦਾ। ਖ਼ਾਲਸਾ ਅਕਾਲ ਪੁਰਖ ਦੀਆਂ ਡੂੰਘੀਆਂ ਰਮਜਾਂ ਦਾ ਸਭ ਤੋਂ ਨੇੜਲਾ ਗਵਾਹ ਹੈ, ਉਸਨੂੰ ਅਕਾਲ ਪੁਰਖ ਨੇ ਆਪ ਹੀ ਸੋਝੀ ਬਖਸ਼ੀ ਹੈ ਕਿਉਂਕਿ ਖ਼ਾਲਸਾ ਆਪਣੇ ਲਈ ਨਹੀਂ ਸਗੋਂ ਅਕਾਲ ਪੁਰਖ ਦੀ ਸਾਜੀ ਕਾਇਨਾਤ ਲਈ ਸਵਾਸ-ਸਵਾਸ ਬੰਦਗੀ ਕਰਦਾ ਹੈ। ਖ਼ਾਲਸਾ ਗਿਣਤੀਆਂ-ਮਿਣਤੀਆਂ ਦੇ ਪ੍ਰਭਾਵ ਤੋਂ ਵੀ ਮੁਕਤ ਹੈ ਕਿਉਂਕਿ ਗਿਣਤੀਆਂ-ਮਿਣਤੀਆਂ ਅਕਾਲ ਪੁਰਖ ਦੀ ਦੋਮ ਰਚਨਾ ਹੈ ਤੇ ਖ਼ਾਲਸਾ ਤਾਂ ਅੱਵਲ ਹੈ।

ਮਨੁੱਖ ਨੇ ਆਪਣੀ ਸਹੂਲਤ ਲਈ ਧਰਤੀ ਨੂੰ ਕਈ ਭਾਗਾਂ ਵਿਚ ਵੰਡ ਲਿਆ ਤੇ ਇਸ ਵਿਚ ਲਕੀਰਾਂ ਖਿੱਚ ਲਈਆਂ ਤੇ ਦਵੈਸ਼ ਦੇ ਅਧੀਨ ਹੋ ਕੇ ਆਪਸ ਵਿਚ ਲੜ੍ਹਨ ਲੱਗ ਪਿਆ। ਖ਼ਾਲਸੇ ਨੇ ਸਰਬਤ ਦੇ ਭਲੇ ਲਈ ਦੇਗ ਅਤੇ ਤੇਗ ਦੋਵਾਂ ਨੂੰ ਫਤਿਹ ਕੀਤਾ। ਖ਼ਾਲਸੇ ਦੀ ਤੇਗ ਵੀ ਦੇਗ ਵਾਂਗ ਸੇਵਾ ਲਈ ਹੀ ਚੱਲਦੀ ਹੈ।ਜ਼ਾਲਮ ਹਮੇਸ਼ਾ ਖ਼ਾਲਸੇ ਦੇ ਭੈਅ ਅਧੀਨ ਰਹਿੰਦਾ ਹੈ ਕਿਉਂਕਿ ਖ਼ਾਲਸਾ ਜਿੱਥੇ ਨਿਰਵੈਰ ਹੈ ਉੱਥੇ ਨਿਰਭਓ ਵੀ ਹੈ, ਖ਼ਾਲਸਾ ਨਾ ਕਿਸੇ ਨੂੰ ਭੈਅ ਦਿੰਦਾ ਹੈ ਅਤੇ ਨਾ ਹੀ ਕਿਸੇ ਹੋਰ ਦਾ ਭੈਅ ਮੰਨਕੇ ਡਰਦਾ ਹੈ, ਉਹ ਕੇਵਲ ਅਕਾਲ ਪੁਰਖ ਦੇ ਭੈਅ-ਭਾਓ ਵਿਚ ਹੀ ਹੈ ਕਿਉਂਕਿ ਅਕਾਲ ਪੁਰਖ ਆਨ ਨਹੀਂ ਹੈ ਉਹ ਤਾਂ ਆਪਣਾ ਹੈ, ਭਾਵ ਕਿ ਖ਼ਾਲਸਾ ਆਪਣੇ, ਜੋ ਅਕਾਲ ਪੁਰਖ ਦੇ ਹੋ ਗਏ ਹਨ, ਉਹ ਆਪਣੇ ਜੋ ਅਕਾਲ ਪੁਰਖ ਦੀ ਖਲਕਤ ਦੇ ਹੋ ਗਏ ਹਨ ਉਹਨਾਂ ਦਾ ਤੇ ਉਹਨਾਂ ਲਈ ਹੈ।

ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਦੇ ਮਾਰਗ ਦਰਸ਼ਕ ਹਨ, ਜਗਤ ਗੁਰੂ ਹਨ, ਇਸ ਵਿਚ ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਰ ਪੱਖ ਤੋਂ ਸੇਧ ਮਿਲਦੀ ਹੈ।ਖ਼ਾਲਸੇ ਵਾਂਗ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਰਵ-ਵਿਆਪਕ, ਸਰਵ-ਕਾਲੀ ਤੇ ਅਕਾਲ ਪੁਰਖ ਦੀ ਸਾਜੀ ਖਲਕਤ ਦੇ ਹਰੇਕ ਜੀਵ ਲਈ ਮਾਰਗ ਦਰਸ਼ਕ ਹੈ। ਗੁਰਬਾਣੀ ਨੂੰ ਕਿਸੇ ਖ਼ਾਸ ਖਿੱਤੇ, ਖਾਸ ਵਰਗ ਜਾਂ ਵਸੋਂ ਲਈ ਸੀਮਤ ਕਰਨਾ ਗੁਰਬਾਣੀ ਦੀ ਬੇਅਦਬੀ ਹੈ।

ਅਜੋਕੇ ਸਮੇਂ ਵਿਚ ਦੁਨੀਆਂ ਵਿਚ ਮੁੱਖ ਰੂਪ ਵਿਚ ਦੋ ਤਰ੍ਹਾਂ ਦਾ ਰਾਜ-ਪਰਬੰਧ ਚੱਲ ਰਿਹਾ ਹੈ। ਇਕ ਪਿਤਾ-ਪੁਰਖੀ ਤਾਨਾਸ਼ਾਹੀ, ਅਤੇ ਦੂਜਾ ਲੋਕਾਂ ਦੁਆਰਾ ਵੋਟਾਂ ਪਾਕੇ ਲੋਕਤੰਤਰ। ਕੀ ਤਾਨਾਸ਼ਾਹੀ ਰਾਜ-ਪਰਬੰਧ ਵਿਚ ਸਾਰੇ ਦੁਖੀ ਹਨ ਜਾਂ ਲੋਕਤੰਤਰ ਵਿਚ ਸਾਰੇ ਸੁਖੀ ਹਨ।ਦੇਖੋ ਅਰਬ ਮੁਲਕਾਂ ਵਿਚ ਤਾਨਾਸ਼ਾਹੀ ਰਾਜ-ਪਰਬੰਧ ਹੈ ਪਰ ਉੱਥੋਂ ਦੇ ਲੋਕ ਕਈ ਲੋਕਤੰਤਰੀ ਮੁਲਕਾਂ ਨਾਲੋਂ ਜਿਆਦਾ ਸੁਖੀ ਹਨ। ਭਾਰਤ ਵਰਗਾ ਲੋਕਤੰਤਰ ਜੋ ਕਿ ਅੰਗਰੇਜ਼ੀ ਰਾਜ-ਪਰਬੰਧ ਤੋਂ ਪਹਿਲਾਂ ਵੱਖ-ਵੱਖ ਰਿਆਸਤਾਂ ਵਿਚ ਵੰਡਿਆ ਹੋਇਅ ਸੀ, ਦੀ ਅਜੋਕੀ ਹਾਲਤ ਰਿਆਸਤੀ ਜਾਂ ਅੰਗਰੇਜ਼ੀ ਰਾਜ-ਪਰਬੰਧ ਨਾਲੋਂ ਨਿਘਰਦੀ ਜਾ ਰਹੀ ਹੈ।

ਆਓ! ਗੁਰਬਾਣੀ ਦੀ ਰੋਸ਼ਨੀ ਵਿਚ ੁਵਚਾਰਨ ਦਾ ਯਤਨ ਕਰੀਏ ਕਿ ਰਾਜ-ਪਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਲੋਕ ਸੁਖੀ ਵਸ ਸਕਣ।

ਗੁਰਬਾਣੀ ਦੇ ਮੁਤਾਬਕ ਅਜਿਹੇ ਰਾਜ ਦੀ ਕੋਈ ਲੋੜ ਨਹੀਂ ਜੋ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਮੁਕਾ ਨੇ ਤ੍ਰਿਪਤੀ ਨਹੀਂ ਬਖਸ਼ਦਾ। ਫੁਰਮਾਣ ਹੈ:

`(745)

ਅਸਲ ਵਿਚ ਗੁਰਬਾਣੀ ਸਾਨੂੰ ਜਿੰਦਗੀ ਦੇ ਹਰ ਪੱਖ ਤੋਂ ਸੇਧ ਬਖਸ਼ਦੀ ਹੈ ਅਤੇ ਰਾਜ ਪਰਬੰਧ ਬਾਰੇ ਤਾਂ ਬਹੁਤ ਹੀ ਸਪੱਸ਼ਟ ਹੈ ਕਿ ਰਾਜ ਪਰਬੰਧ ਐਸਾ ਹਲੇਮੀ ਵਾਲਾ ਹੋਣਾ ਚਾਹੀਦਾ ਹੈ ਕਿ ਸਭ ਪਾਸੇ ਸੁਖ ਵਰਤੇ:

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥  ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥(74)

ਜੋ ਰਾਜ ਲੋਭੀਆਂ ਵਲੋਂ ਮਾਇਆ ਤੇ ਹੋਰ ਐਸ਼-ਇਸ਼ਰਤ ਦੇ ਸਾਧਨਾਂ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਤਾਂ ਉਹ ਰਾਜ ਝੂਠਾ ਹੈ:

ਰਾਜ ਮਾਲੁ ਝੂਠੀ ਸਭ ਮਾਇਆ ॥ ਲੋਭੀ ਨਰ ਰਹੇ ਲਪਟਾਇ ॥(ਅੰਗ 1155)

ਰਾਜ, ਪ੍ਰਧਾਨਗੀਆਂ ਤੇ ਫੁਰਮਾਇਸਾਂ ਦੀ ਪੂਰਤੀ ਨਾਲ ਕਦੇ ਵੀ ਮਨ ਨੂੰ ਤਸੱਲੀ ਨਹੀਂ ਮਿਲਦੀ ਅਤੇ ਨਾ ਹੀ ਦੁਨਿਆਵੀਂ ਪਦਾਰਥਾਂ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ। ਫੁਰਮਾਣ ਹੈ:

ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥ ਮਨੁ ਨਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ ॥(ਅੰਗ 373)

ਗੁਰਬਾਣੀ ਦਾ ਫੁਰਮਾਣ ਹੈ ਕਿ ਰਾਜ ਪਰਬੰਧ ਵਿਚ ਅਨਰਥ ਢੰਗਾਂ ਨਾਲ ਪਰਾਪਤ ਕੀਤੀ ਮਾਇਆ ਜੋੜ-ਜੋੜ ਕੇ ਰੱਖਣ ਵਾਲਿਆਂ ਦੇ ਉਹ ਮਾਇਆ ਕੰਮ ਨਹੀਂ ਆਉਂਦੀ ਸਗੋਂ ਉਹ ਮਾਇਆ ਹੀ ਉਸੇ ਵਿਨਾਸ਼ ਦਾ ਕਾਰਨ ਬਣਦੀ ਜਾਂਦੀ ਹੈ ਅਤੇ ਅਕਾਲ ਪੁਰਖ ਉਹ ਮਾਇਆ ਹੋਰਾਂ ਨੂੰ ਦੇ ਦਿੰਦਾ ਹੈ। ਫੁਰਮਾਣ ਹੈ:

ਭੂਪਤਿ ਹੋਇ ਕੈ ਰਾਜੁ ਕਮਾਇਆ ॥ ਕਰਿ ਕਰਿ ਅਨਰਥ ਵਿਹਾਝੀ ਮਾਇਆ ॥ ਸੰਚਤ ਸੰਚਤ ਥੈਲੀ ਕੀਨੀ ॥ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ ॥ (ਅੰਗ 391-392)

ਇਤਹਾਸ ਗਵਾਹ ਹੈ ਕਿ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੇ ਸਰਹੰਦ ਦੇ ਨਵਾਬ ਕੋਲ ਅਤਾਹ ਮਾਇਆ ਸੀ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ-ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖਵਕਾਈ ਤਾਂ ਉਸ ਵਲੋਂ ਲੋਕਾਂ ਦਾ ਖੂਨ ਚੂਸ ਕੇ ਇਕੱਤਰ ਕੀਤੀ ਮਾਇਆ ਸਿੰਘਾਂ ਦੇ ਕੰਮ ਆਈ।

ਗੁਰਬਾਣੀ ਨੇ ਜਿੱਥੇ ਮਾਇਆ, ਕਾਮ-ਕਰੋਧ-ਲੋਭ-ਮੋਹ-ਹੰਕਾਰ ਵਿਕਾਰਾਂ ਦੀ ਪੂਰਤੀ, ਤੇ ਲੋਕ ਸੇਵਾ ਤੋਂ ਹੀਣੇ ਰਾਜ ਪਰਬੰਧ ਨੂੰ ਭੰਡਿਆ ਹੈ ਉੱਥੇ ਅਜਿਹੇ ਰਾਜ ਤੋਂ ਬਿਨਾਂ ਹੀ ਵਸਣ ਵਾਲੀ ਲੀਹ ਵੀ ਪਾਈ ਹੈ। ਫੁਰਮਾਣ ਹੈ:

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (ਅੰਗ 534)

ਗੁਰਮਤ ਵਿਚ ਰਾਜ ਕਰਨ ਨਾਲੋਂ ਸੇਵਾ ਨੂੰ ਮਹਾਨ ਕਿਹਾ ਹੈ ਜਿਸ ਨਾਲ ਤ੍ਰਿਸ਼ਨਾ ਤੋਂ ਮੁਕਤੀ, ਦੁਬਿਧਾਵਾਂ ਦਾ ਅੰਤ ਤੇ ਅਕਾਲ ਪੁਰਖ ਦੀ ਪਰਤੀਤੀ ਪ੍ਰਾਪਤ ਹੁੰਦੀ ਹੈ। ਗੁਰਮਤਿ ਵਿਚ ਅਜਿਹੇ ਰਾਜ ਨੂੰ ਅਗਨੀ ਵਿਚ ਸਾੜ ਦੇਣਾ ਚਾਹੀਦਾ ਹੈ ਜੋ ਮਨੁੱਖ ਨੂੰ ਨਿਹਾਲ ਹੋਣ ਦੀ ਅਵਸਥਾ ਵਿਚ ਨਹੀਂ ਪਹੁੰਚਣ ਦਿੰਦਾ। ਫੁਰਮਾਣ ਹੈ:

ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥(ਅੰਗ 811)

ਗੁਰਬਾਣੀ ਮੁਤਾਬਕ ਰਾਜ ਕਰਨਾ ਮਾੜਾ ਨਹੀਂ ਸਗੋਂ ਰਾਜ ਦਾ ਅਭਿਮਾਨ ਮਾੜਾ ਹੈ ਅਤੇ ਉਸ ਅਭਿਮਾਨ ਅਧੀਨ ਹੋ ਕੇ ਕੀਤੀਆਂ ਕਾਰਵਾਈਆਂ ਜਿੱਥੇ ਖਲਕਤ ਦੇ ਭਲੇ ਵਿਚ ਨਹੀਂ ਹੁੰਦੀਆਂ ਉੱਥੇ ਰਾਜ-ਅਭਿਮਾਨੀਆਂ ਕੁੱਤੇ ਦਾ ਦਰਜ਼ਾ ਦੇ ਕੇ ਨਰਕਾਂ ਦੇ ਰਾਹ ਤੋਰਦੀਆਂ ਹਨ। ਫੁਰਮਾਣ ਹੈ:

ਜਿਸ ਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥ (ਅੰਗ 278)

ਉਸੇ ਰਾਜ ਨੂੰ ਸਥਿਰ ਤੇ ਸੱਚਾ ਕਿਹਾ ਹੈ ਜੋ ਖਲਕਤ ਦੀ ਸੇਵਾ ਬਿਨਾਂ ਸੁਆਰਥ ਦੇ ਕਰਨ ਦਾ ਕਾਰਨ ਬਣੇ। ਫੁਰਮਾਣ ਹੈ:

ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥ (ਅੰਗ 70)

ਅਜਿਹੇ ਗੁਰਸਿੱਖਾਂ ਨੂੰ ਸੱਚੇ ਰਾਜੇ ਕਿਹਾ ਹੈ ਜੋ ਗੁਰਮਤ ਦੁਆਰਾ ਦਰਸਾਏ ਸਰਬਤ ਦੇ ਭਲੇ ਦੇ ਸਿਧਾਤਾਂ ਨੂੰ ਲਾਗੂ ਕਰਨ ਲਈ ਸੱਚ ਦੀ ਪਛਾਣ ਕਰ ਲਈ ਹੈ। ਫੁਰਮਾਣ ਹੈ:

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ (ਅੰਗ 1088)

ਸੱਚੇ ਰਾਜ ਦਾ ਤਸੱਵਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਨੇ ਦਰਸਾਇਆ ਹੈ ਜਿੱਥੇ ਕੋਈ ਧੱਕਾ, ਅਨਿਆਂ, ਤਕਲੀਫ, ਦੋਹਰੇ-ਮਾਪਢੰਡ ਨਹੀਂ ਸਗੋਂ ਇਕ ਅਕਾਲ ਪੁਰਖ ਦੀ ਸੱਤਾ ਅਧੀਨ ਸਭ ਸੁਖੀ ਵਸਦੇ ਹਨ। ਫੁਰਮਾਣ ਹੈ:

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ਖਉਫੁ ਨ ਖਤਾ ਨ ਤਰਸੁ ਜਵਾਲੁ ॥1 ॥ ਅਬ ਮੋਹਿ ਖੂਬ ਵਤਨ ਗਹ ਪਾਈ ॥ਊਹਾਂ ਖੈਰਿ ਸਦਾ ਮੇਰੇ ਭਾਈ ॥1 ॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ਊਹਾਂ ਗਨੀ ਬਸਹਿ ਮਾਮੂਰ ॥2 ॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ਜੋ ਹਮ ਸਹਰੀ ਸੁ ਮੀਤੁ ਹਮਾਰਾ ॥3 ॥ (ਅੰਗ 345)

ਤਾਂ ਆਓ ਫਿਰ ਆਪਾਂ ਗੁਰਬਾਣੀ ਦੇ ਇਹਨਾਂ ਫੁਰਮਾਣਾਂ ਦੀ ਰੋਸ਼ਨੀ ਵਿਚ ਵੀਚਾਰੀਏ ਕਿ ਜਿਸ ਰਾਜ-ਪਰਬੰਧ ਵਿਚ ਅਸੀਂ ਰਹਿ ਰਹੇ ਹਾਂ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਸਿਧਾਂਤਾਂ ਮੁਤਾਬਕ ਹੈ ਜਾਂ ਨਹੀਂ। ਕੀ ਇੱਥੇ ਸਭ ਨੂੰ ਨਿਆਂ ਮਿਲ ਰਿਹਾ ਹੈ ? ਕੀ ਖਲਕਤ ਸੁਖੀ ਵਸ ਰਹੀ ਹੈ? ਕੀ ਲਾਗੂ ਕੀਤੇ ਜਾਂਦੇ ਕਾਨੂੰਨ ਸਭ ਲਈ ਇਕ ਸਮਾਨ ਹਨ ? ਕੀ ਸਿੱਖਿਆ ਤੇ ਸਿਹਤ ਸਹੂਲਤਾਂ ਸਭ ਨੂੰ ਇਕਸਮਾਨ ਪਰਾਪਤ ਹੋ ਰਹੀਆਂ ਹਨ ? ਕੀ ਹੱਕਦਾਰ ਨੂੰ ਉਸਦਾ ਹੱਕ ਮਿਲ ਰਿਹਾ ਹੈ ? ਹਰੇਕ ਦਾਨਸ਼ਮੰਦ ਵਿਅਕਤੀ ਇਹਨਾਂ ਸਭ ਸਵਾਲਾਂ ਦਾ ਜੁਆਬ ਨਾਂਹ ਵਿਚ ਦੇਵੇਗਾ।ਤਾਂ ਫਿਰ ਆਪਾਂ ਅਜਿਹੇ ਰਾਜ-ਪਰਬੰਧ ਵਿਚ ਕਿਉਂ ਰਹਿ ਰਹੇ ਹਾਂ, ਇਸ ਖਿਲਾਫ ਜੇਕਰ ਵਿਦਰੋਹ ਨਹੀਂ ਕਰ ਸਕਦੇ ਤਾਂ ਤਾਂ ਘੱਟੋ-ਘੱਟ ਇਸ ਦਾ ਵਿਰੋਧ ਤਾਂ ਕਰੀਏ। ਅਤੇ ਜੇਕਰ ਅਸੀਂ ਅਕਾਲ ਪੁਰਖ ਦੀ ਸਰਵ-ਵਿਆਪੀ ਸੱਤਾ ਦੇ ਖਾਲਸੇ ਹਾਂ ਤਾਂ ਫਿਰ ਤਾਂ ਸਾਡਾ ਫਰਜ਼ ਬਣਦਾ ਹੈ ਕਿ ਗੁਰਮਤਿ ਸਿਧਾਂਤਾਂ ਮੁਤਾਬਕ ਹਲੇਮੀ ਰਾਜ ਦੀ ਸਥਾਪਤੀ ਲਈ ਲਾਮਬੱਧ ਹੋਈਏ ਤਾਂ ਜੋ ਸਥਾਪਤ ਕੂੜ ਪਰਬੰਧਾਂ ਵਿਚ ਤਪਦੀ ਲੋਕਾਈ ਨੂੰ ਠਾਰਿਆ ਜਾ ਸਕੇ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
0091-98554-01843
jsmanjhpur@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top