Share on Facebook

Main News Page

ਸਭ ਦੁਨੀਆਂ ਮਰਦੀ ਐ, ਸੰਤ ਨਹੀਂ ਮਰਦੇ....?

ਬਾਬਾ ਫੌਜਾ ਸਿੰਘ ਪਿਛਲਿਓਂ ਪਿਛਲੀ ਵਾਰੀ ਜਦ ਪੰਜਾਬ ਗਿਆ ਤਾਂ ਉਸ ਦੇ ਸਹੁਰੇ ਪਿੰਡੋਂ ਸਾਲੇ ਉਸ ਦੇ ਦਾ ਫੋਨ ਆਇਆ ਕਿ ਭਾਅਜੀ ਕੱਲ ਜਰੂਰ ਸਾਡੇ ਪਿੰਡ ਆਓ ਤੁਹਾਨੂੰ ਦੇਸੀ ਘਿਉ ਦੇ ਜਲੇਬਾਂ ਵਾਲਾ ਮੇਲਾ ਦਿਖਾਉਂਣਾ!

ਜਲੇਬਾਂ ਵਾਲਾ ਮੇਲਾ?

ਹਾਂਅ ਭਾਅਜੀ! ਹਰੇਕ ਸਾਲ ਹੁੰਦਾ ਬੜੀ ਰੌਣਕ ਲੱਗਦੀ ਤੁਹਾਡੇ ਦੇਖਣ ਵਾਲਾ ਹੈ।

ਦਰਅਸਲ ਪਿੰਡ ਖੁਰਮਨੀਆਂ ਦੇ ਇੱਕ ਨੰਗ ਜਿਹੇ ਸਾਧ ਦੀ ਬਰਸੀ ਹੁੰਦੀ ਹਰੇਕ ਸਾਲ, ਜਿਸ ਦੇ ਨਾਂ ਤੇ ਹੁਣ ਵਾਲੇ ਬਾਬੇ ਕੰਤੇ ਨੇ ਚੰਗਾ ਤਗੜਾ ਨਾਨਕਸਰ ਠਾਠ ਦੇ ਨਾਂ ਤੇ ਡੇਰਾ ਖੜਾ ਕਰ ਲਿਆ ਹੋਇਆ। ਲਾਲ ਸਿਓਂ ਨਾ ਦਾ ਇੱਕ ਆਮ ਜਿਹਾ ਸਿਧਾ ਸਾਦਾ ਗਰੰਥੀ ਭਾਈ ਹੁੰਦਾ ਸੀ, ਪਿੰਡੋਂ ਗਜਾ ਕਰਕੇ ਆਪਣਾ ਰੋਟੀ ਪਾਣੀ ਤੋਰਦਾ ਤੇ ਗੁਰਦੁਆਰੇ ਦੀ ਦੇਖ-ਭਾਲ ਕਰਦਾ ਸੀ, ਉਹ ਮਰ ਗਿਆ ਉਸ ਦੀ ਥਾਂ ਇੱਕ ਹੋਰ ਪਿਆਰਾ ਸਿੰਘ ਨਾਂ ਦਾ ਬੰਦਾ ਆ ਕੇ ਬੈਠ ਗਿਆ, ਉਹ ਥੋੜਾ ਚਲਾਕ ਚੁਸਤ ਸੀ, ਪੈਲੀ ਬੰਨਾ ਵੀ ਸੀ ਉਸ ਦਾ, ਉਸ ਗੁਰਦੁਆਰੇ ਵਿੱਚ ਚੋਖਾ ਵਾਧਾ ਕੀਤਾ। ਓਸ ਸਮੇ ਬਾਬਾ ਕੰਤਾ ਹਾਲੇ ਛੋਟਾ ਸੀ ਤੇ ਅਖੌਤੀ ਮਹਿਰਿਆਂ ਦਾ ਮੁੰਡਾ ਹੋਣ ਕਾਰਨ ਦਾਦੀ ਆਪਦੀ ਨਾਲ ਲੋਕਾਂ ਘਰ ਪਾਣੀ ਭਰਨ ਜਾਂਦਾ ਹੁੰਦਾ ਸੀ।

ਬਾਬਾ ਕੰਤਾ ਔਖਾ-ਸੌਖਾ 10 ਪੜ ਕੇ ਸ਼ਹਿਰ ਜਾ ਕੇ ਕਿਸੇ ਡਾਕਟਰ ਨਾਲ ਕੰਪਾਊਡਰ ਲੱਗ ਗਿਆ, ਪਰ ਥੋੜੇ ਚਿਰਾਂ ਬਾਅਦ ਜਦ ਉਹ ਪਿੰਡ ਮੁੜਿਆ ਤਾਂ ਉਹ ਡਾਕਟਰ ਬਣਿਆ ਹੋਇਆ ਸੀ। ਓਸ ਸਮੇਂ ਹਾਲੇ ਟੀਕਿਆਂ-ਕੈਪਸੂਲਾਂ ਦਾ ਜੋਰ ਨਹੀ ਸੀ ਇਸ ਲਈ ਬਾਬੇ ਦੀ ਡਾਕਟਰੀ ਬਾਹਲੀ ਚਲੀ ਨਹੀ।

ਉਧਰ ਖਾੜਕੂਵਾਦ ਦਾ ਦੌਰ ਆ ਗਿਆ ਬਾਬਾ ਸ਼ੈਤਾਨ ਸੀ ਉਸ ਪਿੰਡ ਦੀ ਮੁੰਡੀਰ ਲੈ ਕੇ ਪਹਿਲੇ ਭਾਈ ਨੂੰ ਕੱਢ ਕੇ ਗੁਰਦੁਆਰੇ ਤੇ ਕਬਜਾ ਕਰ ਲਿਆ ਅਤੇ ਲੁਟੇਰ ਪਾਰਟੀ ਦੀ ਧੌਂਸ ਨਾਲ ਪਿੰਡ ਦੀ ਫਿਰਨੀ ਦੀ ਥਾਂ ਵੀ ਗੁਰਦੁਆਰੇ ਵਿੱਚ ਵਲਣੀ ਸ਼ੁਰੂ ਕਰ ਦਿੱਤੀ। ਪਿੰਡ ਮਹੌਲ ਤੋਂ ਡਰਦਾ ਬੋਲਿਆ ਨਾ ਬਾਬੇ ਦਾ ਡੇਰਾ ਚਲ ਨਿਕਲਿਆ, ਉਸ ਨੇ ਗੁਰਦੁਆਰੇ ਦਾ ਨਾਂ ਬਦਲ ਕੇ ਨਾਨਕਸਰ ਠਾਠ ਰੱਖ ਦਿੱਤਾ ਤੇ ਜਗਾਰਾਓ ਵਾਲੇ ਵੱਡੇ ਠਾਠ ਵਾਲੇ ਵੱਡੇ ਸਾਧ ਬਾਬਾ ਕੁੰਦਨ ਸਿੰਘ ਦਾ ਜਾ ਥਾਪੜਾ ਲਿਆ ਤੇ ਦੋ ਗੱਜ ਕੱਪੜੇ ਵਿੱਚ ਮੋਰੀ ਕੱਢ ਚੋਲ਼ਾ ਗਲ ਲਮਕਾ ਗੋਰੀਆਂ-ਚਿੱਟੀਆਂ ਮੁਗਲਿਆਂ ਵਰਗੀਆਂ ਪਿੰਝਣੀਆਂ ਨੰਗੀਆਂ ਛੱਡ ਸੰਤ ਬਣ ਗਿਆ।

ਮੋਰੀ ਕੱਢੇ ਦੋ ਗੱਜ ਕਪੜੇ ਤੇ ਨੰਗੀਆਂ ਪਿੰਝਣੀਆਂ ਦੀ ਕਰਾਮਾਤ ਸਦਕਾ ਸ਼ਹਿਰੋਂ ਕਈ ਚੰਗੇ ਤਗੜੇ ਅਮੀਰ 2-4 ਉਸ ਦੇ ਚੇਲੇ ਬਣ ਗਏ ਖਾਸ ਕਰ ਅੰਮ੍ਰਤਿਸਰ ਦੀ ਇੱਕ ਅਮੀਰ ਸੁਨਿਆਰੀ ਉਸ ਦੀ ਭਗਤੀ ਤੇ ਕੁਝ ਜਿਆਦਾ ਰੀਝ ਗਈ। ਸਧਾਰਨ ਜਿਹਾ ਕੰਤਾ ਹੁਣ ਇਲਾਕੇ ਦਾ 108 ਸ੍ਰੀ ਮਾਨ ਸੰਤ ਬ੍ਰਹਮਗਿਆਨੀ ਬਾਬਾ ਕੁਲਵੰਤ ਸਿੰਘ ਜੀ ਹੈ ਹੱਥ ਉਸ ਦੇ ਸੋਨੇ ਦਾ ਸਿਮਰਨਾ ਘੁੱਕਦਾ ਹੁੰਦਾ ਹੈ ਹੇਠ ਉਸ ਦੇ ਸਮੇ ਦੀ ਹਰੇਕ ਮਹਿੰਗੀ ਗੱਡੀ ਹੁੰਦੀ, ਦਾਹੜੀ ਕੱਕੀ-ਬੂਰੀ ਤੇ ਰੰਗ ਗੋਰਾ ਹੋਣ ਕਾਰਨ ਉਹ ਦੇਸੀ ਸਾਧ ਘੱਟ ਤੇ ਅੰਗਰੇਜੀ ਸੰਤ ਜਿਆਦਾ ਜਾਪਦਾ। ਕੰਮੋ ਨਿਕੰਮੀ ਹੋਈ ਵਿਹਲੜਾ ਦੀ ਮੁਫਤੀਆਂ ਖੀਰਾਂ ਖਾਂਣੀ ਮੰਡੀਰ ਚੋਲੇ ਪਾ ਬੇਹੰਗਮਾਂ ਦੇ ਨਾਂ ਤੇ ਉਸ ਦੁਆਲੇ ਬਥੇਰੀ ਇੱਕਠੀ ਹੋ ਗਈ। ਹਰੇਕ ਸਾਲ ਉਹ ਪਹਿਲੇ ਮਰ ਚੁੱਕੇ ਲਾਲ ਸਿਓ ਦੀ ਬਰਸੀ ਵੇਲੇ ਭਾਰੀ ਇੱਕਠ ਕਰਕੇ ਦੇਸੀ ਘਿਓ ਦੇ ਜਲੇਬਾਂ ਦੇ ਲੰਗਰ ਲਾਉਂਦਾ ਹੈ ਜਿਸ ਦਾ ਨਾਂ ਹੀ ਦੇਸੀ ਘਿਓ ਦੇ ਜਲੇਬਾਂ ਵਾਲਾ ਮੇਲਾ ਪੈ ਗਿਆ ਹੈ।

ਸ਼ਾਮ ਜਿਹੀ ਦਾ ਘੁੱਸਮੁਸਾ ਜਿਹਾ ਹੋਣ ਵਾਲਾ ਸੀ ਜਦ ਬਾਬਾ ਫੌਜਾ ਸਿੰਘ ਤੇ ਨਾਲ ਦੋ ਚਾਰ ਸਰੀਰ ਹੋਰ ਗੁਰਦੁਆਰੇ ਗਏ। ਜਗਣ ਬੁੱਝਣ ਵਾਲੀਆਂ ਬੱਤੀਆਂ ਦੀਆਂ ਰੰਗੀਨੀਆਂ ਦੇਖ ਇੰਝ ਜਾਪਦਾ ਸੀ ਜਿਵੇਂ ਵੱਡੇ ਬਾਬੇ ਦੀ ਬਰਸੀ ਯਾਨੀ ਮਰਗ ਨਹੀਂ ਬਲਕਿ ਹੁਣ ਵਾਲੇ ਬਾਬੇ ਨੇ ਅਪਣਾ ਵਿਆਹ ਧਰਿਆ ਹੁੰਦਾ ਹੈ। ਮਾਅਰ ਮਹਿਕਾਂ ਆ ਰਹੀਆਂ ਸਨ ਸਾਰਾ ਦਿਨ ਦੇਸੀ ਘਿਓ ਦੇ ਜਲੇਬਾਂ ਨਾਲ ਲਿਹੜਨ ਵਾਲੀ ਜੰਤਾ ਬਾਬਿਆਂ ਦੀ ਮਹਿਮਾ ਦੇ ਗੁਣ ਗਾਨ ਕਰਦੀ ਜਾ ਰਹੀ ਸੀ ਜਿਹੜੇ ਆਪ ਘੱਟ ਤੇ ਉਨ੍ਹਾਂ ਵਿੱਚ ਬਾਬੇ ਕੰਤੇ ਦੇ ਦੇਸੀ ਘਿਓ ਦੇ ਜਲੇਬ ਜਿਆਦਾ ਬੋਲ ਰਹੇ ਸਨ।

ਜਦ ਬਾਬਾ ਫੌਜਾ ਸਿੰਘ ਹੁਰੀਂ ਦੀਵਾਨ ਵਿੱਚ ਗਏ ਤਾਂ ਢੋਲਕੀਆਂ ਚਿਮਟਿਆਂ ਦੀ ਬੁਰੀ ਹਾਲਤ ਕੀਤੀ ਪਈ ਸੀ। ਵਡਭਾਗੀਆਂ ਦੇ ਭੂਤਾਂ ਕੱਢਣ ਵਾਂਗ ਸਭ ਦੁਨੀਆਂ ਮਰਦੀ ਐ ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ ਦਾ ਸੰਘ ਪਾੜਵਾਂ ਸ਼ੋਰ ਸੁਣ ਕੇ ਮਾਈ ਦੇ ਕੱਟਾ ਰਿੰਗ ਰਿੰਗ ਮਰਨ ਵਾਲੀ ਕਹਾਣੀ ਯਾਦ ਆ ਰਹੀ ਸੀ, ਤੇ ਜਾਪਦਾ ਸੀ ਕਿ ਕਿਤੇ ਬਾਬੇ ਦੇ ਇਹ ਨਾ ਕੱਟਿਆਂ ਵਰਗੇ ਗਰੀਬ ਸਵੇਰ ਤੱਕ ਬਾਬੇ ਲਾਲ ਸਿਓ ਦੇ ਸਰ੍ਹਾਂਣੇ ਚਿਮਟੇ ਖੜਕਾਉਣ ਡਹੇ ਹੋਣ।

ਉਨ੍ਹਾਂ ਦੀ ਰਾਮ ਦੁਹਾਈ ਸੁਣਕੇ ਸੱਚਮੁਚ ਜਾਪਦਾ ਸੀ ਕਿ ਸੰਤ ਨਹੀਂ ਮਰਦੇ ਬਈ ਇਥੇ ਕਦੇ ਵੀ। ਸੰਤ ਤਾਂ ਕੀ ਅੱਜ ਤਾਂ ਸੰਤਾਂ ਦੀਆਂ ਜੁੱਤੀਆਂ ਵੀ ਕਮਾਈ ਕਰ ਰਹੀਆਂ ਹਨ। ਅਗਲਿਆਂ ਭੋਰਿਆਂ ਵਿੱਚ ਸ਼ੀਸ਼ਿਆਂ ਵਿੱਚ ਮੜ੍ਹ-ਮੜ੍ਹ ਕੇ ਰੱਖੀਆਂ ਹੋਈਆਂ ਹਨ ਤੇ ਸੱਚਖੰਡ ਦੇ ਦਰਸ਼ਨਾ ਦੇ ਨਾਂ ਤੇ ਲੁਕਾਈ ਨੂੰ ਜੁੱਤੀਆਂ ਅੱਗੇ ਹੀ ਸੁੱਟੀ ਤੁਰੇ ਜਾ ਰਹੇ ਹਨ।

ਇਹ ਕੀ ਏ!

ਨਾਨਕਸਰ ਵਿਖੇ ਨੰਦ ਸਿੰਘ ਦੀ ਸੰਗਤ ਨਾਲੋਂ ਥੱਲੇ ਬੈਠਣ ਦੀ ਜਗ੍ਹਾ 'ਤੇ ਵੀ ਮੱਥਾ ਟੇਕਿਆ ਜਾਂਦਾ ਹੈ

ਅਖੇ ਬਾਬਾ ਜੀ ਦੀ ਨਾਹੁਣ ਵਾਲੀ ਚੌਕੀਂ! ਟੇਕਤਾ ਮੱਥਾ?
ਇਹ ਕੀ ਏ? ਇਹ ਬਾਬਾ ਜੀ ਦੀ ਅੱਗ ਸੇਕਣ ਵਾਲੀ ਅੰਗੀਠੀ! ਚਲੋ ਇਥੇ ਵੀ ਟੇਕੋ ਮੱਥਾ।
ਇਹ ਕੀ ਏ? ਇਹ ਬਾਬਾ ਜੀ ਦੀਆਂ ਪਾਵਨ ਜੁੱਤੀਆਂ! ਲਾਓ ਮੱਥੇ ਨੂੰ।
ਇਹ ਬਾਬਾ ਜੀ ਦੀ ਟੱਟੀ ਬਹਿਣ ਵਾਲੀ ਟਾਇਲਟ ਹੈ ਤੇ ਅੰਨੀ ਲੁਕਾਈ ਰਾੜੇ ਵਾਲੇ ਦੀ ਟਾਇਲਟ ਨੂੰ ਵੀ ਮੱਥਾ ਟੇਕੀ ਤੁਰੀ ਜਾ ਰਹੀ ਹੈ। ਕੋਈ ਕੀਲੀ, ਚੋਲਾ, ਕਛਹਿਰਾ ਨਹੀਂ ਛੱਡਿਆ ਜਿਥੇ ਲੁਕਾਈ ਨੇ ਮੱਥਾ ਨਾ ਟੇਕਿਆ ਤੇ ਚਲੋ ਹੋਗੇ ਸੱਚਖੰਡ ਦੇ ਜਾਂ ਭੋਰਾ ਸਾਹਿਬ ਦੇ ਦਰਸ਼ਨ...?
ਚਲੋ ਹੁਣ ਬਾਹਰ ਵੀ ਦਰਸ਼ਨ ਕਰਦੇ ਚਲੋ ਮਤਾਂ ਕੋਈ ਪਾਪ ਲਹਿਣ ਵਾਲਾ ਰਹਿ ਜਾਏ।
ਇਹ ਗਲੀਚਿਆਂ ਨਾਲ ਸ਼ਿੰਗਾਰੀ ਹੋਈ ਜਗ੍ਹਾ ਕਿਹੜੀ ਹੈ ਬਈ?
ਇਥੇ ਬਾਬਾ ਜੀ ਟੋਆ ਪੁੱਟ ਕੇ ਬਹਿੰਦੇ ਸਨ!
ਕਾਹਦੇ ਲਈ?

ਅਖੇ ਇਸ ਨਾਲ ਨਿਮਰਤਾ ਆਉਂਦੀ ਸੀ, ਕਿ ਸੰਗਤ ਤੋਂ ਵੀ ਨੀਵਾਂ ਬੈਠਣਾ ਪਰ ਨਾਲ ਹੀ ਧੰਨ ਸ੍ਰੀ ਗੁਰੂ ਗਰੰਥ ਸਹਿਬ ਜੀ ਤੋਂ ਵੀ ਉਪਰ ਬਾਬੇ ਦੀ ਜੁੱਤੀਆਂ ਵਾਲੀ ਫੋਟੋ ਸਿੱਖਾਂ ਦਾ ਮੂੰਹ ਚਿੜਾ ਰਹੀ ਹੁੰਦੀ ਹੈ।

ਇਹ ਬਾਬਾ ਜੀ ਦਾ ਆਸਣ ਹੈ, ਇਥੇ ਬਾਬਾ ਜੀ ਅਰਾਮ ਕਰਦੇ ਸਨ, ਇਹ ਕੁਰਸੀ ਏ ਇਥੇ ਬੈਠ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਇਹ ਬਾਬਾ ਜੀ ਦੀ ਗੱਡੀ ਹੈ ਸੀਸ਼ਿਆਂ ਵਿੱਚ ਮੜ੍ਹੀ ਹੋਈ ਬਾਬਾ ਜੀ ਨੇ ਬੜਾ ਸਫਰ ਕੀਤਾ ਇਸ ਮਹਾਨ ਗੱਡੀ ਵਿੱਚ ਕਰੋ ਸੰਗਤੇ ਨਮਸ਼ਕਾਰ। ਤੇ ਲਓ ਇਹ ਪਵਿੱਤਰ ਨਕਲਾ ਕਿਉਂ ਰਹਿ ਗਿਆ? ਅਖੇ ਇਥੇ ਬਾਬਾ ਜੀ ਜੰਗਲ ਪਾਣੀ ਜਾ ਕੇ ਪਿੱਛਾ ਧੋਂਹਦੇ ਸਨ ਬੇਸ਼ਰਮਾਂ ਨਲਕਾ ਸ਼ਿੰਗਾਰ ਕੇ ਉਸ ਅੱਗੇ ਵੀ ਲੋਕ ਸੁੱਟ ਦਿੱਤੇ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਬੁਤ ਪੂਜ ਪੂਜ ਹਿੰਦੂ ਮੂਏ ਕਹਿਣ ਵਾਲੇ ਗੁਰੂ ਜੀ ਜੇ ਸਰੀਰਕ ਤੌਰ ਤੇ ਅੱਜ ਹੋਣ ਤਾਂ ਜੁੱਤੀਆਂ ਪੂਜ ਪੂਜ ਸਿੱਖ ਮੂਏ ਕਹਿਣ ਤੋਂ ਕਦੇ ਲਿਹਾਜ ਨਾ ਕਰਨ।

ਬਾਬਾ ਕੰਤਾ ਤਾਂ ਫਿਰ ਡਾਕਟਰ ਰਿਹਾ ਸੀ ਇਥੇ ਤਾਂ ਚਿੱਠੀਆਂ ਵੰਡਣ ਵਾਲਾ ਡਾਕੀਆ ਵੀ ਗਲ ਵਿੱਚ ਮੋਰੀ ਕੱਢ ਚੋਲਾ ਪਾ ਲਵੇ ਤਾਂ ਉਸ ਦੇ ਦੇਸੀ ਘਿਓ ਦੇ ਜਲੇਬਾਂ ਦੇ ਲੰਗਰ ਲਾਉਂਣ ਵਾਲੇ ਵੀਹ ਲੰਡਰ ਇਕੱਠੇ ਹੋ ਜਾਣਗੇ ਤੇ ਉਹ ਕਦੇ ਨਹੀ ਮਰੇਗਾ। ਹੁਣ ਕੀ ਬਾਬਾ ਕੰਤਾ ਮਰ ਜਾਏਗਾ? ਨਹੀ! ਬਾਬੇ ਕੰਤੇ ਦੀ ਬਰਸੀ ਇਦੋਂ ਵੀ ਧੂੜ-ਧੜੱਕੇ ਵਾਲੀ ਹੋਵੇਗੀ ਦੇਸੀ ਘਿਓ ਦੇ ਜਲੇਬ ਬਾਬਾ ਕੰਤਾ ਤਾਂ ਹੇਠਾਂ ਵਰਤਾਉਂਦਾ ਹੈ ਬਾਬੇ ਦੇ ਜਲੇਬ ਉਪਰੋਂ ਜਹਾਜ ਸੁੱਟਿਆ ਕਰੇਗਾ।

ਦੀਵਾਨ ਵਿੱਚ ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ, ਦਾ ਸ਼ੋਰ ਚਰਮ ਸੀਮਾਂ ਛੁਹ ਰਿਹਾ ਸੀ। ਢੋਲਕੀਆਂ ਦੁਹਾਈਆਂ ਪਾ ਰਹੀਆਂ ਸਨ ਕਿ ਬਾਬਿਓ ਨਹੀਂ ਮਰਦੇ ਸਹੀਂ ਪਰ ਸਾਡਾ ਸਿਰ ਕਿਉਂ ਪਾੜਨ ਡਹੇ ਹੋਏ ਓਂ, ਚਿਮਟੇ ਵੱਖ ਚਿੰਘਾੜਾਂ ਪਾ ਰਹੇ ਸਨ, ਛੈਣਿਆਂ ਦੀ ਸ਼ਾਮਤ ਆਈ ਪਈ ਸੀ, ਵਾਜਾ ਚੀਖਾਂ ਪਿਆ ਮਾਰਦਾ ਸੀ, ਕਿਸੇ ਸਿਵੇ ਚੋਂ ਭੂਤ ਜਗਾਉਂਣ ਵਰਗਾ ਮਹੌਲ ਦੇਖ ਬਾਬਾ ਸੋਚ ਰਿਹਾ ਸੀ ਕਿ ਵਾਕਿਆ ਹੀ ਇਹ ਸੰਤ ਨਹੀ ਮਰਦੇ। ਹਾਲੇ ਤੱਕ ਤਾਂ ਕੋਈ ਸੰਤ ਮਰਿਆ ਨਹੀ। ਜਿਹੜੇ ਮਰਜੀ ਗੁਰਦੁਆਰੇ ਚਲੇ ਜਾਓ ਕਿਸੇ ਨਾ ਕਿਸੇ ਸੰਤ ਦੀ ਬਰਸੀ ਦੇ ਧੂੜ-ਧੜੱਕੇ ਹੋਣ ਡਹੇ ਹੁੰਦੇ ਹਨ, ਡੇਰੇ ਚਲੇ ਜਾਓ ਬਾਬਿਆ ਦੀ ਹੀ ਮਹਿਮਾਂ ਦੇ ਗੁਣਗਾਨ ਹੋ ਰਹੇ ਹੁੰਦੇ ਹਨ, ਕਿਸੇ ਦੇ ਘਰੇ ਚਲੇ ਜਾਓ ਕਿਸੇ ਨਾ ਕਿਸੇ ਨਾਂਗੇ ਜਿਹੇ ਸਾਧ ਦੀਆਂ ਮੂਰਤੀਆਂ ਲਾ ਕੇ ਫੁੱਲਾਂ ਦੇ ਹਾਰ ਟੰਗੇ ਮਿਲ ਜਾਣਗੇ ਪੁੱਛਣ ਤੇ ਬੜੇ ਮਾਣ ਨਾਲ ਕਹਿਣਗੇ ਇਹ ਜੀ ਬਾਬਾ ਜੀ ਦਾ ਕਮਰਾ ਹੈ!!

ਟੋਰੰਟੋ ਦੀ ਗੱਲ ਹੈ ਬਾਬਾ ਫੌਜਾ ਸਿੰਘ ਇੱਕ ਦਿਨ ਇੱਕ ਗੁਰਦੁਆਰੇ ਗਿਆ ਗਰੰਥੀ ਸਿੰਘ ਨੂੰ ਪੁੱਛਣ ਲੱਗਾ ਕਿ ਜਸਵਿੰਦਰ ਸਿੰਘ ਕੋਈ ਸੁਣਾ ਨਵਾਂ ਤਜਰਬਾ।

ਉਹ ਕਹਿੰਦਾ ਲੈ ਤਾਜੀ ਸੁਣ ਲੈ ਬਾਬਾ। ਇੱਕ ਦਿਨ ਇਕ ਪਰਿਵਾਰ ਗੁਰਦੁਆਰੇ ਉਸ ਕੋਲੇ ਆਇਆ ਤੇ ਕਹਿਣ ਲਗੇ ਕਿ ਬਾਬਾ ਜੀ ਅਰਦਾਸ ਕਰਨੀ ਹੈ।

ਚਲੋ ਭਾਈ ਕਰ ਦਿੰਨੇ ਆਂ ਕਾਹਦੀ ਅਰਦਾਸ ਹੈ?

ਜੀ ਕਈ ਦਿਨ ਹੋ ਗਏ ਮੁੰਡਾ ਘਰ ਨਹੀਂ ਆਇਆ।

ਮੈਂ ਅਰਦਾਸ ਕੀਤੀ ਪਰਿਵਾਰ ਚਾਹ ਪਾਣੀ ਛੱਕ ਕੇ ਚਲਾ ਗਿਆ।

ਅਗਲੇ ਦਿਨ ਉਹ ਫਿਰ ਆ ਗਏ ਹੁਣ ਕਾਫੀ ਚਿੰਤਤ ਸਨ ਤੇ ਕਹਿਣ ਲੱਗੇ ਕਿ ਭਾਈ ਸਾਹਬ ਮੁੰਡਾ ਵਾਪਸ ਨਹੀ ਮੁੜਿਆ ਹਾਲੇ ਤਾਂਈ, ਸਹਿਜ ਪਾਠ ਰੱਖ ਦਿਓ।

ਅਸੀਂ ਪ੍ਰਸ਼ਾਦ ਕੀਤਾ, ਅਰਦਾਸ ਕੀਤੀ ਤੇ ਸਹਿਜ ਪਾਠ ਰੱਖ ਦਿੱਤਾ। ਪਾਠ ਰਖਾ ਕੇ ਉਹ ਮੁੜ ਨਹੀ ਆਏ ਕੁਝ ਦਿਨਾ ਬਾਅਦ ਜਦ ਆਏ ਤਾਂ ਗੁਆਚਿਆ ਹੋਇਆ ਮੁੰਡਾ ਉਨ੍ਹਾਂ ਨਾਲ ਸੀ। ਦੁੱਧ-ਆਟੇ ਤੇ ਹੋਰਸ ਸਮੱਗਰੀ ਦੇ ਬੈਗ ਉਨ੍ਹਾਂ ਚੁੱਕੇ ਹੋਏ ਸਨ। ਸਾਰਾ ਪਰਿਵਾਰ ਬੜਾ ਖੁਸ਼ ਸੀ। ਉਹ ਮੁੜ ਮੁੜ ਮੇਰਾ ਧੰਨਵਾਦ ਕਰ ਰਹੇ ਸਨ ਜਿਸ ਦੀ ਅਰਦਾਸ ਕਰਕੇ ਉਨ੍ਹਾਂ ਦਾ ਮੁੰਡਾ ਮੁੜ ਆਇਆ ਸੀ।

ਇਸ ਦਾ ਮੱਤਲਬ ਅਰਦਾਸ ਤੈਂ ਮਨ ਲਾ ਕੇ ਕੀਤੀ ਸੀ।

ਮਨ ਮੁਨ ਬਾਬਾ ਕਾਹਦਾ ਸਹਿਜ ਪਾਠ ਨੂੰ ਕਈ ਦਿਨ ਹੋ ਗਏ ਸਨ ਉਨੇ ਚਿਰ ਨੂੰ ਘਰੋਂ ਖੜੇ ਪੈਸੇ ਮੁੰਡੇ ਦੇ ਮੁੱਕ ਗਏ ਹੋਣੇ ਤੇ ਉਸ ਮੁੜਨਾ ਹੀ ਸੀ ਬਾਹਰ ਭੁੱਖੇ ਮਰਨਾ ਸੀ। ਜਿਹੜੇ ਪਾਠ ਰਖਾ ਕੇ ਸੁਣਨ ਹੀ ਨਹੀ ਸਨ ਕਦੇ ਆਏ ਅਰਦਾਸਾਂ ਕਾਹਦੀਆਂ ਲੱਗਦੀਆਂ ਹੁੰਦੀਆਂ ਐਵੇਂ ਲੋਗਨ ਰਾਮ ਖਿਲੌਨਾ ਜਾਨਾ ਹੋਇਆ। ਫਸੇ ਤੋਤੇ ਟੈਂ-ਟੈਂ ਕਰਦੇ ਜੇ ਹਾਲੇ ਵੀ ਮੁੰਡਾ ਨਾ ਆਉਂਦਾ ਕਿਸੇ ਸਾਧ ਕੋਲੇ ਜਾ ਵੜਨਾ ਸੀ। ਉਸ ਨੇ ਸਿਰੇ ਦੀ ਕਹਿ ਦਿੱਤੀ।

ਬਾਬਾ ਫੌਜਾ ਸਿੰਘ ਜਸਵਿੰਦਰ ਦੀ ਗੱਲ ਸੁਣ ਕੇ ਕਹਿਣ ਕਿ ਭਾਈ ਸਾਹਬ ਜਿੰਦਗੀ ਚ ਤੂੰ ਇੱਕ ਗਲਤੀ ਬੜੀ ਵੱਡੀ ਕਰ ਗਿਆ। ਆਹ ਕੁੜਤੇ ਵਿੱਚ ਖੁਲ਼੍ਹੀ ਜਿਹੀ ਮੋਰੀ ਕੱਢ ਕੇ ਜੇ ਤੂੰ ਇਸ ਦਾ ਚੋਲਾ ਕਰ ਲੈਂਦਾ ਤੇ ਪੰਜਾਮੀ ਲਾਹ ਕੇ ਪਿੰਝਣੀਆਂ ਦਿੱਸਦੀਆਂ ਕਰ ਲੈਂਦਾ ਤਾਂ ਤੇਰੀ ਇਹੀ ਅਰਦਾਸ ਹਜਾਰਾਂ ਚ ਵਿਕਣੀ ਸੀ। ਹੁਣ ਕੁਝ ਆਟੇ ਦੇ ਬੈਗਾਂ ਤੇ ਚੌਲਾਂ ਚ ਹੀ ਵਿੱਕੀ ਹੈ ਉਹ ਵੀ ਗੁਰਦੁਆਰੇ ਨੂੰ ਚਲੇ ਜਾਣੇ ਨੇ ਤੇਰੇ ਪੱਲੇ ਤਾਂ ਕੱਖ ਨਹੀ ਪਿਆ।

ਜਸਵਿੰਦਰ ਸਿੰਘ ਉਹੀ ਹੋਣਾ ਸੀ, ਦੇਹ ਵੀ ਉਸ ਦੀ ਉਹੀ ਹੋਣੀ ਸੀ, ਲੱਤਾਂ ਬਾਹਾਂ ਮੂੰਹ ਸਿਰ ਰੰਗ ਸਭ ਉਹੀ ਪਰ ਗਲ ਵਿਚ ਦੀ ਮੋਰੀ ਕੱਢ ਕੇ ਪਾਏ ਦੋ ਗੱਜ ਕੱਪੜੇ ਨੇ ਉਸ ਨੂੰ ਸੰਤ ਮਹਾਂਪੁਰਖ ਬਣਾ ਧਰਨਾ ਸੀ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜੇ ਪਿਹੋਵੇ ਵਾਲੇ ਨੇ ਪੰਜਾਮੀ ਕੁੜਤਾ ਪਾਇਆ ਹੁੰਦਾ ਤਾਂ ਲੋਕ ਮਰਸੀਡੀ ਗੱਡੀਆਂ ਉਸ ਨੂੰ ਚੜ੍ਹਾਉਂਦੇ? ਢੱਡਰੀ ਵਾਲੇ ਦੇ ਜੇ ਟੀ-ਸ਼ਰਟ ਪਿੰਟ ਪਾਈ ਹੁੰਦੀ ਤਾਂ ਇਸ ਦੀ ਲਿਆਕਤ ਦੇ ਹਿਸਾਬ ਇਸ ਨੂੰ ਕਿਸੇ ਸਕੂਲ ਦਾ ਚਪੜਾਸੀ ਵੀ ਨਹੀਂ ਸੀ ਰੱਖਣਾ। ਜਿੰਨਾ ਵੱਡਾ ਚੋਲਾ ਉਨ੍ਹਾਂ ਵੱਡਾ ਸੰਤ। ਬੰਦੇ ਦੀ ਕੋਈ ਕੀਮਤ ਨਹੀਂ ਬਲਕਿ ਉਸ ਦੇ ਅਡੰਬਰ ਦੀ ਕੀਮਤ ਹੈ।

ਚੰਡੀਗੜ ਬਾਬੇ ਦਾ ਇੱਕ ਪੁਰਾਣਾ ਮਿੱਤਰ ਹੈ ਉਹ ਮੰਦਰਾਂ ਵਿੱਚ ਜੈ-ਸੀਆ ਰਾਮ ਦਾ ਭਜਨ ਗਾਉਂਣ ਵਾਲੇ ਨਾਨਕਸਰੀਏ ਕਰਨਾਲ ਵਾਲੇ ਬਾਬਾ ਰਾਮ ਸਿਓਂ ਦਾ ਚੇਲਾ ਹੈ। ਹੁਣ ਉਹ ਬਾਬੇ ਨੂੰ ਖ਼ਬਰਾਂ ਸਗੋਂ ਸਾਧ ਦੀਆਂ ਦਿੰਦਾ ਰਹਿੰਦਾ ਹੈ ਯਾਨੀ ਨਾਸਤਿਕ ਹੋ ਗਿਆ ਹੈ। ਇੱਕ ਦਿਨ ਫੋਨ ਤੇ ਉਹ ਦੱਸ ਰਿਹਾ ਸੀ ਕਿ ਬਾਬਾ ਰਾਮ ਸਿਓਂ ਬੀਮਾਰ ਹੋ ਗਿਆ ਹੈ ਦਿੱਲੀ ਹਸਪਤਾਲ ਲਿਜਾਣਾ ਪਿਆ। ਕਾਰਨ ਪੁੱਛਿਆ ਤੇ ਉਸ ਦੱਸਿਆ ਕਿ ਉਸ ਸਵਾ ਮਹੀਨੇ ਦਾ ਸ਼ਿਲਾ ਰੱਖਿਆ ਸੀ ਅੰਦਰ ਭੋਰੇ ਵਿਚ ਰਹਿਦਾ ਸੀ ਖਾਂਦਾ ਘੱਟ ਸੀ ਦੇਹ ਹਾਥੀ ਵਰਗੀ ਪਈ ਸੀ। ਹੁਣ ਜਿਸ 18 ਕਿੱਲੋ ਰੋਜ ਘਾਹ ਚਰਨਾ ਉਹ ਹੱਠ ਕਰਕੇ ਮਰੇਗਾ ਹੀ ਤੇ ਬਾਹਰ ਨਿਕਲਿਆ ਤਾਂ ਭੁੱਖ ਨਾਲ ਆਨੇ ਨਿਕਲ ਆਏ।

ਬਾਹਰ ਦੁਨੀਆਂ ਤਾਂ ਦਰਸ਼ਨਾਂ ਨੂੰ ਖੜੀ ਸੀ ਕਿ ਬਾਬਾ ਜੀ ਪਤਾ ਨਹੀ ਅੰਦਰੋਂ ਕੀ ਛੁਣਛੁਣੇ ਲੈ ਕੇ ਨਿਕਲਣਗੇ ਪਰ ਬਾਬਿਆ ਦੀ ਅਪਣੀ ਹੀ ਦੇਹ ਨੇ ਜਦ ਅਪਣਾ ਭਾਰ ਨਾ ਚੁੱਕਿਆ ਤਾਂ ਲੁਕਾਈ ਦਾ ਖਾਕ ਚੁੱਕਣਾ ਸੀ ਪਰ ਅੰਨ੍ਹੀ ਲੁਕਾਈ ਐਬੂੰਲੈਂਸ ਦੇ ਟਾਇਰਾਂ ਨੂੰ ਹੀ ਮੱਥੇ ਘਸਾਈ ਜਾ ਰਹੀ ਸੀ ਕਿ ਸ਼ਾਇਦ ਬਾਬਾ ਜੀ ਦੀ ਅੰਦਰ ਰੱਖੀ ਹੋਈ ਭੁੱਖ-ਨੰਗ ਨਾਲ ਸਾਡੀਆਂ ਵੀ ਕੁਲਾਂ ਦਾ ਉਧਾਰ ਹੋ ਜਾਏ!!

ਰਾਤ ਕਾਫੀ ਲੰਘ ਗਈ ਸੀ ਸਾਰੀ ਰਾਤ ਮਰ ਚੁੱਕੇ ਸੰਤ ਦੀ ਮਹਿਮਾਂ ਦਾ ਗੁਣਗਾਨ ਹੁੰਦਾ ਰਿਹਾ। ਬਾਬੇ ਕੰਤੇ ਦੇ ਭਾੜੇ ਦੇ ਕੀਰਤਨੀਏ ਤੇ ਇੱਕ ਦੋ ਢਾਢੀ ਜਥੇ ਨੇ ਵੀ ਭੰਡਾਂ ਵਾਂਗ ਜਿਥੇ ਮਰ ਚੁੱਕੇ ਸਾਧ ਦੀ ਮਹਿਮਾਂ ਨੂੰ ਅਕੱਥ ਦੱਸਿਆ ਉਥੇ ਬਾਬੇ ਕੰਤੇ ਦੇ ਦਿੱਤੇ ਲਫਾਫਿਆਂ ਦਾ ਮੁੱਲ ਮੋੜਦਿਆਂ ਬਾਬੇ ਨੂੰ ਇਲਾਕੇ ਦਾ ਤਾਰਨਹਾਰਾ ਅਵਤਾਰ ਸਾਬਤ ਕਰਨ ਦੀ ਕੋਈ ਕਸਰ ਨਾ ਛੱਡੀ ਤੇ ਬਾਬਾ ਫੌਜਾ ਸਿੰਘ ਦੇ ਡੂੰਘੀ ਰਾਤ ਮੁੜਦਿਆਂ ਤੱਕ ਸੰਤ ਨਹੀ ਮਰਦੇ, ਸੰਤ ਨਹੀ ਮਰਦੇ ਕੰਨਾਂ ਵਿੱਚ ਗੂੰਜਦਾ ਰਿਹਾ ਤੇ ਬਾਬਾ ਸੋਚਦਾ ਸੋਚਦਾ ਸੌਂ ਗਿਆ ਕਿ ਸੱਚਮੁੱਚ ਭਾੜੇ ਦੇ ਭੰਡਾਂ ਦੇ ਹੁੰਦਿਆਂ ਸੰਤ ਕਦੇ ਨਹੀ ਮਰਦੇ ਬਸ਼ਰਤਿ ਕਿ ਸੰਤ ਨੂੰ ਦੋ ਗੱਜ ਕੱਪੜੇ ਵਿੱਚ ਮੋਰੀ ਕੱਢ ਕੇ ਲਮਕਾਉਂਣੀ ਆਉਂਦੀ ਹੋਵੇ ਤੇ ਅਡੰਬਰ ਕਰਨਾ ਆਉਂਦਾ ਹੋਵੇ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top