Share on Facebook

Main News Page

ਰਾਮਦੇਵ ਦਾ ਅਨਸ਼ਨ, ਭ੍ਰਿਸ਼ਟਾਚਾਰ ਅਤੇ ਯੋਗਾ

(ਕੁਝ ਤਲਖ਼ ਸਚਾਈਆਂ)

ਪਿੱਛਲੇ ਦਿਨੀਂ ਯੋਗਾ ਦੇ ਅਵਤਾਰ ਕਹੇ ਜਾਂਦੇ ‘ਬਾਬੇ’ ਰਾਮਦੇਵ ਦਾ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤਾ ਅੰਦੋਲਨ ਸੁਰਖੀਆਂ ਵਿਚ ਰਿਹਾ। ਵੈਸੇ ਤਾਂ ਰਾਮਦੇਵ ਕਾਫੀ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ। ਪਰ ਇਸ ਅੰਦੋਲਨ ਦੀ ਠੋਸ ਸ਼ੁਰੂਆਤ ਰਾਮਲੀਲਾ ਗਰਾਉਂਡ ਦਿੱਲੀ ਵਿਖੇ ਇਕ ਯੋਗ ਸ਼ਿਵਰ ਦੀ ਮੰਨਜ਼ੂਰੀ ਨੂੰ ਚਲਾਕੀ ਨਾਲ ਵਰਤਦਿਆਂ ਆਪਣੇ ਸਮਰਥਕਾਂ ਦੀ ਭੀੜ ਵਿਚ ਅਨਸ਼ਨ ਕਰਨ ਦਾ ਦਾਅਵਾ ਕੀਤਾ ਗਿਆ। ਭਾਰਤੀ ਸਮਾਜ ਦੀਆਂ ਜੜ੍ਹਾਂ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਰਾਮਦੇਵ ਦੀ ਚਿੰਤਾ ਅਤੇ ਵਿਰੋਧ ਨਾਲ ਕੋਈ ਵੀ ਇਮਾਨਦਾਰ ਅਤੇ ਸੁਚੇਤ ਮਨੁੱਖ ਅਸਹਿਮਤ ਨਹੀਂ ਹੋ ਸਕਦਾ। ਹਰ ਇਮਾਨਦਾਰ ਅਤੇ ਸੁਚੇਤ ਮਨੁੱਖ ਇਸ ਭ੍ਰਿਸ਼ਟਾਚਾਰ ਤੋਂ ਨਿਜਾਤ ਚਾਹੁੰਦਾ ਹੈ। ਰਾਮਦੇਵ ਸਮੇਤ ਕਿਸੇ ਵਲੋਂ ਵੀ ਭ੍ਰਿਸ਼ਟਾਚਾਰ ਖਿਲਾਫ ਚੁੱਕੇ ਹਰ ਇਮਾਨਦਰਾਨਾ ਕਦਮ ਦਾ ਸੁਆਗਤ ਅਤੇ ਸਮਰਥਨ ਕਰਨਾ ਬਣਦਾ ਹੈ। ਇਸ ਵਿਸ਼ੇ ਵੱਲ ਜ਼ਿਆਦਾ ਨਾ ਜਾਂਦੇ ਹੋਏ, ਅੱਜ ਅਸੀਂ ਗੱਲ ਕਰਾਂਗੇ ਰਾਮਦੇਵ ਦੇ ਅਨਸ਼ਨ ਨਾਲ ਜੁੜੇ ਕੁਝ ਨੁਕਤਿਆਂ ਬਾਰੇ।

ਯੋਗਾ ਦੇ ਦਾਅਵੇ:

ਯੋਗਾ ਨਾਲ ਜੁੜੇ ਲੋਕਾਂ ਵਲੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪੁਰਾਤਨ ਬ੍ਰਾਹਮਣੀ ਗ੍ਰੰਥਾਂ ਵਿਚ ਐਸੇ ਅਨੇਕਾਂ ਅੰਸ਼ ਮਿਲਦੇ ਹਨ, ਜਿਸ ਵਿਚ ਯੋਗੀਆਂ ਵਲੋਂ ਪ੍ਰਾਨਾਯਾਮ ਆਦਿ ਦੀ ਸਾਧਨਾ ਨਾਲ ਵੱਡੇ-ਵੱਡੇ ਚਮਤਕਾਰਾਂ ਦਾ ਜ਼ਿਕਰ ਮਿਲਦਾ ਹੈ। ਇਹ ਦਾਅਵੇ ਉਮਰ ਵਧਾਉਣ ਤੋਂ ਲੈ ਕੇ ਵੱਡੀਆਂ-ਵੱਡੀਆਂ ਬੀਮਾਰੀਆਂ ਦੇ ਇਲਾਜ ਤੱਕ ਹਨ। ਨਾਲ ਹੀ ਯੋਗਾ ਸਹਾਰੇ ਵਿਸ਼ਵਾਸ ਤੋਂ ਪਰੇ ਵਾਲੇ ਚਮਤਕਾਰ ਕਰਨ ਦੇ ਵੀ ਦਾਅਵੇ ਵੀ ਕੀਤੇ ਜਾਂਦੇ ਹਨ, ਜਿਵੇਂ ਅਕਾਰ ਵਧਾ ਘਟਾ ਲੈਣਾ, ਹਵਾ ਵਿਚ ਉਡਨਾ ਆਦਿ। ਅੱਜ ਅਸੀਂ ਸਿਰਫ ਉਮਰ ਵਧਾਉਣ ਅਤੇ ਵੱਡੀਆਂ ਬੀਮਾਰੀਆਂ ਦੇ ਇਲਾਜ ਦੇ ਦਾਅਵਿਆਂ ਦੀ ਰੌਸ਼ਨੀ ਵਿਚ ਬਾਰੇ ਹੀ ਇਸ ਅਨਸ਼ਨ ਦੀ ਗੱਲ ਕਰਾਂਗੇ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਯੋਗੀ ਲੋਕ ਬਹੁਤ ਲੰਮੇ ਸਮੇਂ ਤੱਕ ਭੁੱਖੇ ਰਹਿ ਸਕਦੇ ਹਨ (ਭਾਵ ਹਵਾ ਖਾ ਕੇ ਗੁਜ਼ਾਰਾ ਕਰ ਸਕਦੇ ਹਨ)। ਰਾਮਦੇਵ ਮੌਜੂਦਾ ਸਮੇਂ ਵਿਚ ਯੋਗ ਦਾ ਸਭ ਤੋਂ ਵੱਡਾ ਪ੍ਰਚਾਰਕ ਅਤੇ ਮਾਹਿਰ ਸਮਝਿਆ ਜਾਂਦਾ ਹੈ। ਉਸ ਵਲੋਂ ਇਕ ਵਾਰ ਮੀਡੀਆ ਵਿਚ 200 ਸਾਲ ਤੱਕ ਜਿਉਂਦੇ ਰਹਿਣ ਦਾ ਦਾਅਵਾ ਵੀ ਕੀਤਾ ਗਿਆ ਸੀ। ਆਧਾਰ ਇਹ ਸੀ ਕਿ ਯੋਗਾ ਕਾਰਨ ਉਸ ਦਾ ਸ਼ਰੀਰ ਅਰੋਗ ਹੈ, ਸੋ ਉਹ 200 ਸਾਲ ਤੱਕ ਜੀ ਸਕਦਾ ਹੈ।

ਰਾਮਦੇਵ ਵਲੋਂ ਆਪਣਾ ਅਨਸ਼ਨ 4 ਜੂਨ ਨੂੰ ਸ਼ੁਰੂ ਕੀਤਾ ਗਿਆ। ਪਰ ਉਸ ਦਾ ਯੋਗਾ ਨਾਲ ਅਰੋਗ ਸ਼ਰੀਰ 5 ਕੁ ਦਿਨ ਵੀ ਭੁੱਖ ਨਹੀਂ ਸਹਾਰ ਸਕਿਆ। ਯੋਗ ਸਾਧਨਾ ਰਾਹੀਂ ਵੱਡੇ ਸਮੇਂ ਤੱਕ ਭੁੱਖੇ ਰਹਿ ਸਕਣ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋ ਗਏ, ਜਦੋਂ 3 ਕੁ ਦਿਨਾਂ ਦੀ ਭੁੱਖ ਨੇ ਹੀ ਰਾਮਦੇਵ ਨੂੰ ਬੇਹਾਲ ਅਤੇ ਨਿਢਾਲ ਕਰਨਾ ਸ਼ੁਰੂ ਕਰ ਦਿੱਤਾ। ਉਸ ਵਲੋਂ ਅਨਸ਼ਨ ਤੋੜੇ ਜਾਣ ਦੇ ਸਮੇਂ ਦੀਆਂ ਤਸਵੀਰਾਂ ਵਿਚ ਉਸ ਦੀ ਇਹ ਹਾਲਤ ਸਪਸ਼ਟ ਨਜ਼ਰ ਆਉਂਦੀ ਹੈ। ਬਾਵਜੂਦ ਇਸ ਦੇ ਕਿ ਉਸ ਨੂੰ ਹਸਪਤਾਲ ਵਿਚ ਗੁਲੋਕੋਜ਼ ਚੜਾਇਆ ਜਾਂਦਾ ਰਿਹਾ ਹੈ।

ਰਾਮਦੇਵ ਦੇ ਇਸ ਅਨਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੀ ਯੋਗਦਾਨ ਪਾਇਆ ਇਹ ਤਾਂ ਸਮਾਂ ਦੱਸੇਗਾ ਪਰ ਯੋਗਾ ਬਾਰੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਇਸ ਅਨਸ਼ਨ ਨੇ ਖੋਲ ਦਿੱਤੀ ਹੈ। ਪਹਿਲਾਂ ਵੀ ਕੁਝ ਸ਼ਖਸੀਅਤਾਂ ਵਲੋਂ ਲੰਮੇ ਸਮੇਂ ਤੱਕ ਭੁੱਖ ਹੜਤਾਲ ਕਰਨ ਦਾ ਜ਼ਿਕਰ ਮਿਲਦਾ ਹੈ, ਜਿਵੇਂ ਜਤਿਨ ਦਾਸ, ਦਰਸ਼ਨ ਸਿੰਘ ਫੇਰੂਮਾਨ (72 ਦਿਨ) ਪਰ ਕਿਸੇ ਨੇ ਇਹ ਦਾਅਵਾ ਨਹੀਂ ਕੀਤਾ ਸੀ ਕਿ ਇਤਨੇ ਲੰਮੇ ਸਮੇਂ ਤੱਕ ਭੁੱਖੇ ਰਹਿ ਸਕਣ ਪਿੱਛੇ ਯੋਗਾ ਦਾ ਚਮਤਕਾਰ ਹੈ।

ਬੀਮਾਰੀਆਂ ਦੇ ਇਲਾਜ ਸੰਬੰਧੀ ਦਾਅਵੇ:

ਪੁਜਾਰੀਵਾਦੀ ਪ੍ਰਚਾਰਕਾਂ ਵਲੋਂ ਵੱਖ-ਵੱਖ ਤਰੀਕੇ ਵੱਡੀਆਂ ਤੋਂ ਵੱਡੀਆਂ ਬੀਮਾਰੀਆਂ ਅਤੇ ਕਸ਼ਟਾਂ ਨੂੰ ਦੂਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਅਖਬਾਰ ਅਤੇ ਮੀਡੀਆ ਦੇ ਹੋਰ ਰੂਪ ਐਸੇ ਦਾਅਵਿਆਂ ਨਾਲ ਭਰੇ ਰਹਿੰਦੇ ਹਨ। ਅਖੌਤੀ ਕਰਾਮਾਤੀ ਮੰਤਰਾਂ ਨਾਲ ਬੀਮਾਰੀਆਂ ਤੇ ਹੋਰ ਕਸ਼ਟ ਦੂਰ ਕਰਨ ਦੇ ਦਾਅਵੇ ਅਕਸਰ ਹੀ ਪੜ੍ਹਣ-ਸੁਨਣ ਨੂੰ ਮਿਲਦੇ ਹਨ। ਰਾਮਦੇਵ ਦੀ ਸਰਪ੍ਰਸਤੀ ਹੇਠ ਚਲ ਰਹੇ ਪਤੰਜਲੀ ਟਰੱਸਟ ਵਲੋਂ ਵੀ ਯੋਗਾ ਅਤੇ ਆਯੁਰਵੇਦ ਦੇ ਆਧਾਰ ’ਤੇ ਐਸੇ ਦਾਅਵੇ ਕੀਤੇ ਜਾਂਦੇ ਰਹੇ ਹਨ। ਉਸ ਦੇ ਕੈਂਪਾਂ ਵਿਚ ਕੈਂਸਰ, ਏਡਜ਼ ਆਦਿ ਬੀਮਾਰੀਆਂ ਠੀਕ ਹੋਣ ਦੇ ਦਾਅਵੇ ਕਰਦੇ ਲੋਕ ਵੀ ਟੀ. ਵੀ. ’ਤੇ ਕਈਂ ਵਾਰ ਵੇਖੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਟੀ. ਵੀ. ’ਤੇ ‘ਸੋਅਨਾ ਬੈਲਟ’ ਆਦਿ ਦੀਆਂ ਉਹ ਮਸ਼ਹੂਰੀਆਂ ਚੇਤੇ ਆ ਜਾਂਦੀਆਂ ਹਨ, ਜਿਸ ਵਿਚ ਕਈ ਲੋਕਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪਹਿਲਾਂ ਤਾਂ ਮੈਂ ਬਹੁਤ ਮੋਟਾ ਹੁੰਦਾ/ਹੁੰਦੀ ਸੀ, ਪਰ ਇਸ ਬੈਲਟ ਨੂੰ ਵਰਤਨ ਤੋਂ ਬਾਅਦ ਤਾਂ ਮੇਰੀ ਜਿੰਦਗੀ ਬਿਲਕੁਲ ਬਦਲ ਗਈ। ਮੈਂ ਕੁਝ ਹੀ ਸਮੇਂ ਵਿਚ ਬਹੁਤ ਵਜ਼ਨ ਘਟਾ ਲਿਆ। ਅਖੌਤੀ ਮੰਤਰੇ ਹੋਏ ਜੰਤਰਾਂ (ਜਿਵੇਂ ਨਜ਼ਰ ਰਕਸ਼ਾ ਕਵਚ, ਰੁਦ੍ਰਾਕਸ਼ ਦੀ ਮਾਲਾ ਆਦਿ) ਬਾਰੇ ਵੀ ਐਸੇ ਥੋਥੇ ਅਤੇ ਝੂਠੇ ਦਾਅਵੇ ਕਰਦੀਆਂ ਮਸ਼ਹੂਰੀਆਂ ਆਮ ਇਸ਼ਤਿਹਾਰਾਂ ’ਤੇ ਵੇਖੀਆਂ ਜਾ ਸਕਦੀਆਂ ਹਨ। ਪਰ ਹਰ ਸੁਚੇਤ ਮਨੁੱਖ ਸਮਝਦਾ ਹੈ ਕਿ ਇਹ ਖੋਖਲੇ ਦਾਅਵੇ ਲੋਕਾਂ ਨੂੰ ਭਰਮਾ ਕੇ ਬੁਧੂ ਬਣਾਉਣ ਲਈ ਹੀ ਕੀਤੇ ਜਾਂਦੇ ਹਨ। ‘ਦਰਬਾਰ ਸਾਹਿਬ’ ਵਿਚਲੇ ਸਰੋਵਰ ਦੇ ਪਾਣੀ ਅਤੇ ਉੱਥੇ ਹੋ ਰਹੇ ਗੁਰਬਾਣੀ ਕੀਰਤਨ ਦੇ ਚਮਤਕਾਰੀ ਅਸਰ ਕਾਰਨ ਇਕ ਵਿਗਿਆਨਿਕ ਦੀ ਕੈਂਸਰ ਦੀ ਬੀਮਾਰੀ ਠੀਕ ਹੋਣ ਬਾਰੇ ਕਹਾਣੀ ਵੀ ਸਿੱਖਾਂ ਵਿਚ ਕਾਫੀ ਜ਼ੋਰ ਸ਼ੋਰ ਨਾਲ ਪ੍ਰਚਲਿਤ ਕੀਤੀ ਗਈ। ਇਸ ਘਟਨਾ ਦੇ ਪ੍ਰਚਾਰ ਪਿੱਛੇ ਪੰਥ ਵਿਰੋਧੀ ਉਨ੍ਹਾਂ ਸ਼ਕਤੀਆਂ ਦਾ ਹੱਥ ਸੀ, ਜੋ ਸਿੱਖੀ ਨੂੰ ਬ੍ਰਾਹਮਣਵਾਦ ਦੀ ਇਕ ਸ਼ਾਖ ਪ੍ਰਚਾਰਨਾ ਲੋਚਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕੈਂਸਰ ਦੀ ਬੀਮਾਰੀ ਠੀਕ ਹੋਣ ਦਾ ਦਾਅਵਾ ਕਰਨ ਵਾਲਾ ਉਹ ‘ਵਿਗਿਆਨੀ’ ਕੁਝ ਸਮੇਂ ਬਾਅਦ ਕੈਂਸਰ ਨਾਲ ਹੀ ਮਰ ਗਿਆ। ਉਸ ਦੇ ਕੈਂਸਰ ਠਕਿ ਹੋਣ ਦੀ ਖਬਰ ਤਾਂ ਵਧਾ-ਚੜਾ ਕੇ ਨਸ਼ਰ ਕੀਤੀ ਗਈ ਪਰ ਉਸ ਦੇ ਕੈਂਸਰ ਨਾਲ ਮਰਨ ਦੀ ਖਬਰ ਦਾ ਕਿਧਰੇ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਇਸ ਨਾਲ ਥੋਥੇ ਦਾਅਵਿਆਂ ਦੀ ਪੋਲ ਖੁੱਲ ਜਾਂਦੀ ਸੀ।

ਰਾਮਦੇਵ ਵਲੋਂ ਆਪਣੇ ਕੈਂਪਾਂ ਵਿਚ ਵੱਡੀਆਂ ਅਤੇ ਲਾਇਲਾਜ਼ ਬੀਮਾਰੀਆਂ ਠੀਕ ਕਰਨ ਦੇ ਦਾਅਵੇ ਵੀ ਉਪਰੋਕਤ ਤਰਜ਼ ਦੇ ਹੀ ਹਨ। ਅਨਸ਼ਨ ਤੋਂ ਬਾਅਦ ਆਯੁਰਵੇਦ ਰਾਹੀਂ ਹਰ ਬਿਮਾਰੀ ਦਾ ਇਲਾਜ ਕਰਨ ਵਾਲੇ ਰਾਮਦੇਵ ਨੂੰ ਇਕ ਅੰਗਰੇਜ਼ੀ ਹਸਪਤਾਲ ਵਿਚ ਦਾਖਿਲ ਕਰਵਾ ਕੇ ਐਲੋਪੈਥਿਕ ਢੰਗ ਤਰੀਕੇ ਨਾਲ ਉਸ ਦੀ ਸੰਭਾਲ ਕੀਤੀ ਗਈ, ਜਦਕਿ ਉਸ ਦੇ ਟਰੱਸਟ ਵਲੋਂ ਲਾਇਲਾਜ਼ ਬੀਮਾਰੀਆਂ ਦੇ ਇਲਾਜ਼ ਦਾ ਦਾਅਵਾ ਕਰਦੇ ਅਨੇਕਾਂ ਆਯੁਰਵੈਦਿਕ ਕਲੀਨਿਕ ਦੇਸ਼ ਵਿਚ ਚਲਾਏ ਜਾ ਰਹੇ ਹਨ। ਇਹ ਤਾਂ ਉਵੇਂ ਹੀ ਹੈ ਜਿਵੇਂ ਅਖੌਤੀ ਸੰਤ/ਬਾਬੇ, ਤਾਂਤਰਿਕ ਆਦਿ ਅਪਣੇ ਸ਼ਰਧਾਲੂਆਂ ਦੀਆਂ ਵੱਡੀਆਂ ਬੀਮਾਰੀਆਂ ਤਾਂ ਮੰਤਰਾਂ ਨਾਲ ਠੀਕ ਕਰਨ ਦਾ ਦਾਅਵਾ ਕਰਦੇ ਹਨ ਪਰ ਆਪ ਬੀਮਾਰ ਹੋਣ ਤੇ ਵੱਡੇ-ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾਉਂਦੇ ਹਨ।

ਰਾਮਦੇਵ ਦੇ ਅਨਸ਼ਨ ਨੇ ਆਯੁਰਵੈਦ ਦੇ ਨਾਂ ਤੇ ਕੀਤੇ ਜਾਂਦੇ ਵੱਡੇ ਦਾਅਵਿਆਂ ਦੀ ਵੀ ਪੋਲ ਖੋਲ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ, ਵਰਜਿਸ਼ ਦੇ ਹੋਰ ਢੰਗਾਂ ਵਾਂਗੂ ਯੋਗਾ ਵੀ ਕਈਂ ਥਾਂ ਸ਼ਰੀਰ ਲਈ ਲਾਭਦਾਇਕ ਹੈ, ਪਰ ਇਸ ਦੇ ਆਧਾਰ ’ਤੇ ਵੱਡੇ-ਵੱਡੇ ਦਾਅਵੇ ਖੋਖਲੇ ਹਨ।

ਸਵਾਮੀ ਨਿਗਮਾਨੰਦ ਅਤੇ ਮੀਡੀਆ:

ਸਵਾਮੀ ਨਿਗਮਾਨੰਦ ਵੀ ਇਕ ਸਮਾਜ ਸੇਵਕ ਸੀ। ਇਸ ਵਲੋਂ ਹਰਿਦੁਆਰ ਵਿਚ ਗੰਗਾ ਦੇ ਖੇਤਰ ਵਿਚ ਕੀਤੀ ਜਾ ਰਹੀ ਗੈਰ ਕਾਨੂੰਨੀ ਖੁਦਾਈ ਦੇ ਮੁੱਦੇ ਨੂੰ ਲੈ ਕੇ 19 ਫਰਵਰੀ 2011 ਤੋਂ ਮਰਨ ਵਰਤ ਰੱਖਿਆ ਗਿਆ। ਇਸ ਦਾ ਸੰਘਰਸ਼ ਵਾਤਾਵਰਨ ਲਈ, ਮਨੁੱਖਤਾ ਲਈ ਸੀ। ਲਗਭਗ 69 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਉਤਰਾਂਚਲ ਸਰਕਾਰ ਵਲੋਂ ਇਸ ਦੀ ਵਿਗੜਦੀ ਸਿਹਤ ਨੂੰ ਵੇਖਦੇ ਹੋਏ ਹਸਪਤਾਲ ਦਾਖਿਲ ਕੀਤਾ ਗਿਆ ਅਤੇ ‘ਫੋਰਸ ਫੀਡਿੰਗ' (ਜ਼ਬਰਦਸਤੀ ਖਾਣਾ ਖੁਆਉਣਾ) ਕੀਤੀ ਜਾਣ ਲਗ ਪਈ। ਪਰ ਇਸ ਸੁਆਮੀ ਦੀ ਨਿੱਕੀ ਜਿਹੀ ਮੰਗ ਮੰਨਣ ਲਈ ਪ੍ਰਦੇਸ਼ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ। 13 ਜੂਨ 2011 ਨੂੰ ਸਵਾਮੀ ਨਿਗਮਾਨੰਦ ਹਸਪਤਾਲ ਵਿਚ ਦੰਮ ਤੋੜ ਗਿਆ। ਦਿਲਚਸਪ ਗੱਲ ਇਹ ਹੈ ਕਿ ਜਿਸ ਹਸਪਤਾਲ ਵਿਚ ਨਿਗਮਾਨੰਦ ਦਾਖਿਲ ਸੀ, ਉਸੇ ਹਸਪਤਾਲ ਵਿਚ ਰਾਮਦੇਵ ਨੂੰ ਵੀ ਰੱਖਿਆ ਗਿਆ।

ਸਵਾਮੀ ਨਿਗਮਾਨੰਦ ਬਾਰੇ ਆਮ ਲੋਕਾਂ ਨੂੰ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਚਲਿਆ। ਇਸ ਤੋਂ ਪਹਿਲਾਂ ਉਸ ਬਾਰੇ ਮੀਡੀਆ ਵਲੋਂ ਬਹੁਤ ਹੀ ਘੱਟ ਖਬਰਾਂ ਆਈਆਂ ਸਨ। ਇਹ ਮੀਡੀਆ ਦੀ ਸਵਾਰਥਪ੍ਰਸਤੀ ਹੀ ਹੈ ਕਿ ਇਕ ਪਾਸੇ ਤਾਂ ਉਸ ਨੇ ਰਾਮਦੇਵ ਦੇ ਮਸਲੇ ਤੇ ਲਗਾਤਾਰ ਦਿਨ ਰਾਤ ਰਿਪੋਰਟਿੰਗ ਕਰਕੇ ਹਾਈਲਈਟ ਕੀਤਾ, ਉੱਥੇ ਨਿਗਮਾਨੰਦ ਦੇ ਮਸਲੇ ਬਾਰੇ ਮੀਡੀਆ ਦੀ ਰਿਪੋਰਟਿੰਗ ਨਾਂਹ ਦੇ ਬਰਾਬਰ ਰਹੀ। ਜੋ ਮੀਡੀਆ ਇਕ ਬੱਚੇ ਦੇ ਟਿਉਵੈਲ ਦੀ ਖੱਡ ਵਿਚ ਡਿੱਗ ਜਾਣ ਦੇ ਮਸਲੇ ਨੂੰ ਲੈ ਕੇ ਲਗਾਤਾਰ ਕਈ ਦਿਨ ਰਿਪੋਰਟਿੰਗ ਕਰਦਾ ਨਹੀਂ ਸੀ ਥਕਦਾ, ਉਸੇ ਮੀਡੀਏ ਵਲੋਂ ਸਮਾਜਿਕ ਸਰੋਕਾਰ ਦੇ ਇਸ ਗੰਭੀਰ ਮਸਲੇ ਤੇ ਲੋੜੀਂਦੀ ਰਿਪੋਰਟਿੰਗ ਨਾ ਹੋਣਾ ਇਕ ਗੁਨਾਹ ਤੋਂ ਘੱਟ ਨਹੀਂ। ਜੇ ਮੀਡੀਆ ਵਲੋਂ ਨਿਗਮਾਨੰਦ ਦੇ ਮਸਲੇ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਪੇਸ਼ ਕੀਤਾ ਜਾਂਦਾ ਤਾਂ ਜਿੱਥੇ ਵਾਤਾਵਰਨ ਨੂੰ ਖਰਾਬ ਹੋਣ ਤੋਂ ਰੋਕਣ ਦਾ ਇਕ ਜਤਨ ਕਾਮਯਾਬ ਹੋ ਜਾਣਾ ਸੀ, ਉਥੇ ਹੀ ਨਿਗਮਾਨੰਦ ਵਰਗੇ ਮਾਨਵ ਹਿਤੈਸ਼ੀ ਸਮਾਜ ਸੇਵਕ ਨੂੰ ਬਚਾਇਆ ਜਾ ਸਕਦਾ ਸੀ। ਪਰ ਮੀਡੀਆ ਨੂੰ ਸਮਾਜਿਕ ਸਰੋਕਾਰ ਦੀ ਨਹੀਂ ਅਪਣੀ ‘ਟੀ ਆਰ ਪੀ’ ਦੀ ਜ਼ਿਆਦਾ ਫਿਕਰ ਰਹਿੰਦੀ ਹੈ। ਰਾਮਦੇਵ ਇਕ ਮਸ਼ਹੂਰ ਹਸਤੀ ਹੈ, ਇਸ ਲਈ ਉਸ ਦੀ ਕਵਰੇਜ ਬਹੁਤ ਕੀਤੀ ਗਈ। ਨਿਗਮਾਨੰਦ ਜ਼ਿਆਦਾ ਮਸ਼ਹੂਰ ਨਹੀਂ ਸੀ, ਇਸ ਲਈ ਉਸ ਨੂੰ ਅਣਗੌਲਿਆਂ ਕਰਕੇ ਮਰਨ ਦਿੱਤਾ ਗਿਆ।

ਇਸ ਮਸਲੇ ਨੇ ਪਹਿਲਾਂ ਤੋਂ ਹੀ ਦੋਗਲੀ ਨੀਤੀ ਦੀ ਵਾਰਿਸ ਭਾਰਤੀ ਜਨਤਾ ਪਾਰਟੀ ਦੇ ਕਿਰਦਾਰ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ। ਜਿੱਥੇ ਰਾਮਦੇਵ ਵਲੋਂ ਉਠਾਏ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹ ਬਹੁਤ ਸਰਗਰਮ ਹੈ, ਉੱਥੇ ਹੀ ਉਸ ਦੇ ਸ਼ਾਸ਼ਨ ਹੇਠਲੇ ਰਾਜ ਵਿਚ ਸਵਾਮੀ ਨਿਗਮਾਨੰਦ ਦਾ ਵਾਤਾਵਰਨ ਲਈ ਸੰਘਰਸ਼ ਕਰਦੇ ਮਰ ਜਾਣਾ, ਉਸ ਲਈ ਸ਼ਰਮਨਾਕ ਹੈ। ਇਹ ਸਪਸ਼ਟ ਕਰਦਾ ਹੈ ਕਿ ਉਸ ਦੀ ਦਿਲਚਸਪੀ ਭ੍ਰਿਸ਼ਟਾਚਾਰ ਖਤਮ ਕਰਨ ਵਿਚ ਨਹੀਂ ਬਲਕਿ ਕਾਂਗਰਸ ਸਰਕਾਰ ਖਿਲਾਫ ਉਠਦੇ ਹਰ ਮੁੱਦੇ ਦਾ ਰਾਜਨੀਤਕ ਲਾਹਾ ਲੈਣ ਤੱਕ ਹੀ ਸੀਮਤ ਹੈ।

ਮਿਲੀਆਂ ਖਬਰਾਂ ਅਨੁਸਾਰ ਰਾਮਦੇਵ ਵਲੋਂ ਰਾਮਲੀਲਾ ਗਰਾਉਂਡ ਵਿਚ ਕੀਤੇ ‘ਅਨਸ਼ਨ ਸਮਾਰੋਹ’ ਦਾ ਬਿਲ 18 ਕਰੋੜ ਰੁਪਏ ਆਇਆ ਹੈ। ਉਸ ਦੇ ਮੁਕਾਬਲੇ ਅੰਨਾ ਹਜ਼ਾਰੇ ਵਲੋਂ ਕੀਤੇ ਅਨਸ਼ਨ ਤੇ ਆਇਆ ਖਰਚ ਨਿਗੁਣਾ ਸੀ। ਰਾਮਦੇਵ ਵਲੋਂ ਇਕ ਚੰਗੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਨੂੰ ਉਸ ਨੇ ਖੁਦ ਹੀ ਆਰ. ਐਸ. ਐਸ. ਅਤੇ ਭਾਰਤੀ ਜਨਤਾ ਪਾਰਟੀ ਵਰਗੇ ਫਿਰਕੂ ਸੰਗਠਨਾਂ ਦੇ ਪ੍ਰਭਾਵ ਹੇਠ ਆ ਕੇ ਕਮਜ਼ੋਰ ਕਰ ਲਿਆ ਅਤੇ ਨਾਲ ਹੀ ਇਸ ਅੰਦੋਲਨ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਧੋਖਾ ਵੀ ਕੀਤਾ ਗਿਆ। ਯੋਗਾ ਦੀ ਪੌੜੀ ਰਾਹੀਂ ਅਰਸ਼ ’ਤੇ ਪੁਜਿਆ ਰਾਮਦੇਵ ਆਪ ਤਾਂ ਮੂਧੇ ਮੂੰਹ ਫਰਸ਼ ’ਤੇ ਡਿਗਿਆ ਹੀ ਪਰ ਇਸ ਅਨਸ਼ਨ ਦੇ ਫਲਾਪ-ਸ਼ੋਅ ਰਾਹੀਂ ਯੋਗਾ ਬਾਰੇ ਆਪ ਹੀ ਕੀਤੇ ਖੋਖਲੇ ਦਾਅਵਿਆਂ ਦੀ ਵੀ ਫੂਕ ਵੀ ਕੱਢ ਗਿਆ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top